ਸਫ਼ਲ ਵਿਆਹੁਤਾ ਜੀਵਨ ਲਈ ਕੀ ਜ਼ਰੂਰੀ ਹੈ?
ਕੀ ਤੁਸੀਂ ਤੈਰਨਾ ਸਿੱਖੇ ਬਿਨਾਂ ਦਰਿਆ ਵਿਚ ਚੁੱਭੀ ਮਾਰੋਗੇ? ਅਜਿਹਾ ਮੂਰਖਤਾ ਭਰਿਆ ਕੰਮ ਹਾਨੀਕਾਰਕ ਹੋ ਸਕਦਾ ਹੈ, ਇੱਥੋਂ ਤਕ ਕਿ ਜਾਨ ਵੀ ਲੈ ਸਕਦਾ ਹੈ। ਪਰ ਸੋਚੋ ਕਿ ਕਿੰਨੇ ਹੀ ਲੋਕ ਇਸ ਗੱਲ ਨੂੰ ਜਾਣੇ ਬਿਨਾਂ ਵਿਆਹ ਕਰਾ ਲੈਂਦੇ ਹਨ ਕਿ ਇਸ ਨਾਲ ਆਉਣ ਵਾਲੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਸੰਭਾਲਣਾ ਹੈ।
ਯਿਸੂ ਨੇ ਕਿਹਾ: “ਤੁਹਾਡੇ ਵਿੱਚੋਂ ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ ਭਈ ਮੇਰੇ ਕੋਲ ਉਹ ਦੇ ਪੂਰਾ ਕਰਨ ਜੋਗਾ ਹੈ ਕਿ ਨਹੀਂ?” (ਲੂਕਾ 14:28) ਵਿਆਹ ਕਰਾਉਣਾ ਇਕ ਬੁਰਜ ਬਣਾਉਣ ਦੇ ਬਰਾਬਰ ਹੈ। ਜਿਹੜੇ ਲੋਕ ਵਿਆਹ ਕਰਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਧਿਆਨ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਇਸ ਦੀਆਂ ਮੰਗਾਂ ਨੂੰ ਪੂਰਾ ਕਰ ਸਕਦੇ ਹਨ ਜਾਂ ਨਹੀਂ।
ਵਿਆਹੁਤਾ ਜੀਵਨ ਉੱਤੇ ਇਕ ਨਜ਼ਰ
ਜ਼ਿੰਦਗੀ ਦੇ ਸੁੱਖਾਂ-ਦੁੱਖਾਂ ਨੂੰ ਸਾਂਝਾ ਕਰਨ ਲਈ ਇਕ ਜੀਵਨ-ਸਾਥੀ ਦਾ ਹੋਣਾ ਸੱਚ-ਮੁੱਚ ਇਕ ਅਸੀਸ ਹੈ। ਵਿਆਹ ਇਕੱਲੇਪਨ ਜਾਂ ਨਿਰਾਸ਼ਾ ਕਾਰਨ ਪਏ ਸੁੰਨੇਪਨ ਨੂੰ ਦੂਰ ਕਰ ਸਕਦਾ ਹੈ। ਇਹ ਪਿਆਰ, ਸਾਥ, ਅਤੇ ਨਜ਼ਦੀਕੀ ਸੰਬੰਧ ਕਾਇਮ ਕਰਨ ਦੀ ਸਾਡੀ ਜਮਾਂਦਰੂ ਲਾਲਸਾ ਨੂੰ ਪੂਰਾ ਕਰ ਸਕਦਾ ਹੈ। ਇਸੇ ਕਰਕੇ ਹੀ, ਪਰਮੇਸ਼ੁਰ ਨੇ ਆਦਮ ਨੂੰ ਸ੍ਰਿਸ਼ਟ ਕਰਨ ਤੋਂ ਬਾਅਦ ਕਿਹਾ ਸੀ: “ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।”—ਉਤਪਤ 2:18; 24:67; 1 ਕੁਰਿੰਥੀਆਂ 7:9.
ਜੀ ਹਾਂ, ਵਿਆਹ ਕਰਾਉਣ ਨਾਲ ਕੁਝ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਪਰ ਇਸ ਨਾਲ ਨਵੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਕਿਉਂ? ਕਿਉਂਕਿ, ਵਿਆਹ ਦੋ ਵਿਅਕਤੀਆਂ ਦਾ ਮੇਲ ਹੈ ਜਿਨ੍ਹਾਂ ਦੀਆਂ ਸਖ਼ਸ਼ੀਅਤਾਂ ਸ਼ਾਇਦ ਕੁਝ-ਕੁਝ ਮਿਲਦੀਆਂ-ਜੁਲਦੀਆਂ ਹੋਣ, ਪਰ ਬਿਲਕੁਲ ਇੱਕੋ ਜਿਹੀਆਂ ਨਹੀਂ ਹੁੰਦੀਆਂ। ਇਸ ਲਈ ਚੰਗੇ ਜੋੜੇ ਵੀ ਕਦੀ-ਕਦਾਈਂ ਆਪਸ ਵਿਚ ਲੜ ਪੈਂਦੇ ਹਨ। ਮਸੀਹੀ ਰਸੂਲ ਪੌਲੁਸ ਨੇ ਲਿਖਿਆ ਕਿ ਵਿਆਹ ਕਰਾਉਣ ਵਾਲੇ “ਸਰੀਰ ਵਿੱਚ ਦੁਖ ਭੋਗਣਗੇ”—ਜਾਂ ਜਿਵੇਂ ਦ ਨਿਊ ਇੰਗਲਿਸ਼ ਬਾਈਬਲ ਇਸ ਦਾ ਅਨੁਵਾਦ ਕਰਦੀ ਹੈ, “ਇਸ ਸਰੀਰਕ ਜੀਵਨ ਵਿਚ ਦੁੱਖ ਅਤੇ ਕਸ਼ਟ” ਭੋਗਣਗੇ।—1 ਕੁਰਿੰਥੀਆਂ 7:28.
ਕੀ ਪੌਲੁਸ ਨਿਰਾਸ਼ਾਵਾਦੀ ਸੀ? ਬਿਲਕੁਲ ਨਹੀਂ! ਉਹ ਸਿਰਫ਼ ਵਿਆਹ ਕਰਾਉਣ ਬਾਰੇ ਸੋਚਣ ਵਾਲਿਆਂ ਨੂੰ ਸੱਚਾਈ ਦਾ ਸਾਮ੍ਹਣਾ ਕਰਨ ਲਈ ਪ੍ਰੇਰਿਤ ਕਰ ਰਿਹਾ ਸੀ। ਕਿਸੇ ਵੱਲ ਆਕਰਸ਼ਿਤ ਹੋਣ ਦਾ ਨਸ਼ਾ ਇਕ ਸਹੀ ਪੈਮਾਨਾ ਨਹੀਂ ਹੈ, ਜਿਸ ਨਾਲ ਇਹ ਪਤਾ ਲਗਾਇਆ ਜਾ ਸਕੇ ਕਿ ਵਿਆਹ ਦੇ ਦਿਨ ਤੋਂ ਬਾਅਦ ਆਉਣ ਵਾਲੇ ਮਹੀਨਿਆਂ ਤੇ ਸਾਲਾਂ ਦੌਰਾਨ ਵਿਆਹੁਤਾ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ। ਹਰੇਕ ਵਿਆਹੁਤਾ ਜੀਵਨ ਦੀਆਂ ਆਪਣੀਆਂ-ਆਪਣੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਹੁੰਦੀਆਂ ਹਨ। ਸਵਾਲ ਇਹ ਨਹੀਂ ਹੈ ਕਿ ਸਮੱਸਿਆਵਾਂ ਪੈਦਾ ਹੋਣਗੀਆਂ ਜਾਂ ਨਹੀਂ, ਬਲਕਿ ਇਹ ਹੈ ਕਿ ਜਦੋਂ ਸਮੱਸਿਆਵਾਂ ਪੈਦਾ ਹੋਣਗੀਆਂ, ਤਾਂ ਉਨ੍ਹਾਂ ਨੂੰ ਕਿਵੇਂ ਹੱਲ ਕਰਨਾ ਹੈ।
ਸਮੱਸਿਆਵਾਂ ਪਤੀ-ਪਤਨੀ ਨੂੰ ਇਹ ਦਿਖਾਉਣ ਦਾ ਮੌਕਾ ਦਿੰਦੀਆਂ ਹਨ ਕਿ ਉਨ੍ਹਾਂ ਦਾ ਪਿਆਰ ਕਿੰਨਾ ਸੱਚਾ ਹੈ। ਉਦਾਹਰਣ ਲਈ, ਘਾਟ ਤੇ ਖੜ੍ਹਾ ਸਮੁੰਦਰੀ ਜਹਾਜ਼ ਸ਼ਾਇਦ ਸ਼ਾਨਦਾਰ ਦਿੱਸੇ। ਪਰ ਇਸ ਦੀ ਅਸਲੀ ਮਜ਼ਬੂਤੀ ਸਮੁੰਦਰ ਵਿਚ ਸਾਬਤ ਹੁੰਦੀ ਹੈ—ਸ਼ਾਇਦ ਤੂਫ਼ਾਨ ਦੀਆਂ ਲਹਿਰਾਂ ਦੇ ਥਪੇੜਿਆਂ ਵਿਚ। ਇਸੇ ਤਰ੍ਹਾਂ, ਵਿਆਹ ਦੇ ਬੰਧਨ ਦੀ ਮਜ਼ਬੂਤੀ ਸਿਰਫ਼ ਸ਼ਾਂਤਮਈ ਅਤੇ ਰੁਮਾਂਟਿਕ ਪਲਾਂ ਦੌਰਾਨ ਸਾਬਤ ਨਹੀਂ ਹੁੰਦੀ ਹੈ। ਕਦੀ-ਕਦਾਈਂ, ਇਹ ਮੁਸ਼ਕਲ ਹਾਲਾਤਾਂ ਵਿਚ ਸਾਬਤ ਹੁੰਦੀ ਹੈ ਜਿਨ੍ਹਾਂ ਵਿਚ ਜੋੜਾ ਬਿਪਤਾ ਦੇ ਤੂਫ਼ਾਨ ਦਾ ਸਾਮ੍ਹਣਾ ਕਰਦਾ ਹੈ।
ਇਸ ਤਰ੍ਹਾਂ ਕਰਨ ਲਈ, ਵਿਆਹੁਤਾ ਜੋੜੇ ਨੂੰ ਜੀਵਨ ਭਰ ਇਕ ਦੂਸਰੇ ਦਾ ਸਾਥ ਦੇਣ ਦੀ ਲੋੜ ਹੈ, ਕਿਉਂਕਿ ਪਰਮੇਸ਼ੁਰ ਦਾ ਮਕਸਦ ਸੀ ਕਿ ਆਦਮੀ “ਆਪਣੀ ਤੀਵੀਂ ਨਾਲ ਮਿਲਿਆ ਰਹੇਗਾ” ਅਤੇ ਉਹ ਦੋਵੇਂ “ਇੱਕ ਸਰੀਰ ਹੋਣਗੇ।” (ਉਤਪਤ 2:24) ਪਰ ਇੱਕੋ ਸਾਥੀ ਨਾਲ ਆਪਣਾ ਪੂਰਾ ਜੀਵਨ ਗੁਜ਼ਾਰਨ ਦਾ ਵਿਚਾਰ ਅੱਜ ਬਹੁਤ ਸਾਰੇ ਲੋਕਾਂ ਨੂੰ ਡਰਾਉਂਦਾ ਹੈ। ਫਿਰ ਵੀ, ਇਹ ਸੁਭਾਵਕ ਹੈ ਕਿ ਇਕ ਦੂਸਰੇ ਨੂੰ ਸੱਚਾ ਪਿਆਰ ਕਰਨ ਵਾਲੇ ਦੋ ਇਨਸਾਨ ਜੀਵਨ ਭਰ ਸਾਥ ਦੇਣ ਦਾ ਵਾਅਦਾ ਕਰਨਾ ਚਾਹੁਣਗੇ। ਅਜਿਹੀ ਵਫ਼ਾਦਾਰੀ ਵਿਆਹ ਨੂੰ ਮਾਣ ਦਿੰਦੀ ਹੈ। ਇਹ ਭਰੋਸਾ ਪੈਦਾ ਕਰਦੀ ਹੈ ਕਿ, ਭਾਵੇਂ ਜੋ ਵੀ ਹੋ ਜਾਵੇ, ਪਤੀ-ਪਤਨੀ ਇਕ ਦੂਸਰੇ ਨੂੰ ਸਹਾਰਾ ਦੇਣਗੇ।a ਜੇ ਤੁਸੀਂ ਜੀਵਨ ਭਰ ਇਕ ਦੂਸਰੇ ਦਾ ਸਾਥ ਦੇਣ ਲਈ ਤਿਆਰ ਨਹੀਂ ਹੋ, ਤਾਂ ਤੁਸੀਂ ਅਸਲ ਵਿਚ ਵਿਆਹ ਲਈ ਵੀ ਤਿਆਰ ਨਹੀਂ ਹੋ। (ਉਪਦੇਸ਼ਕ ਦੀ ਪੋਥੀ 5:4, 5 ਦੀ ਤੁਲਨਾ ਕਰੋ।) ਜਿਹੜੇ ਪਹਿਲਾਂ ਹੀ ਵਿਆਹੇ ਹੋਏ ਹਨ, ਉਨ੍ਹਾਂ ਨੂੰ ਵੀ ਇਸ ਗੱਲ ਪ੍ਰਤੀ ਆਪਣੀ ਕਦਰ ਵਧਾਉਣ ਦੀ ਲੋੜ ਹੈ ਕਿ ਵਿਆਹੁਤਾ ਜੀਵਨ ਨੂੰ ਸਥਾਈ ਬਣਾਉਣ ਲਈ ਵਫ਼ਾਦਾਰੀ ਬਹੁਤ ਜ਼ਰੂਰੀ ਹੈ।
ਆਪਣੇ ਉੱਤੇ ਇਕ ਨਜ਼ਰ
ਨਿਰਸੰਦੇਹ ਤੁਸੀਂ ਉਨ੍ਹਾਂ ਗੁਣਾਂ ਦੀ ਸੂਚੀ ਬਣਾ ਸਕਦੇ ਹੋ, ਜਿਹੜੇ ਤੁਸੀਂ ਆਪਣੇ ਸਾਥੀ ਵਿਚ ਚਾਹੁੰਦੇ ਹੋ। ਪਰ, ਆਪਣੇ ਉੱਤੇ ਨਜ਼ਰ ਮਾਰ ਕੇ ਇਹ ਨਿਸ਼ਚਿਤ ਕਰਨਾ ਜ਼ਿਆਦਾ ਮੁਸ਼ਕਲ ਹੈ ਕਿ ਵਿਆਹੁਤਾ ਜੀਵਨ ਨੂੰ ਸਫ਼ਲ ਬਣਾਉਣ ਲਈ ਤੁਹਾਡੇ ਵਿਚ ਕਿਹੜੇ ਗੁਣ ਹਨ। ਵਿਆਹ ਦੀ ਸਹੁੰ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਆਪਣੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ। ਉਦਾਹਰਣ ਲਈ, ਤੁਸੀਂ ਹੇਠ ਦਿੱਤੇ ਸਵਾਲ ਆਪਣੇ ਆਪ ਤੋਂ ਪੁੱਛੋ।
• ਕੀ ਮੈਂ ਆਪਣੇ ਸਾਥੀ ਦਾ ਜੀਵਨ ਭਰ ਸਾਥ ਦੇਣ ਲਈ ਤਿਆਰ ਹਾਂ?—ਮੱਤੀ 19:6.
ਨਬੀ ਮਲਾਕੀ ਦੇ ਦਿਨਾਂ ਵਿਚ, ਬਹੁਤ ਸਾਰੇ ਪਤੀਆਂ ਨੇ ਆਪਣੀਆਂ ਪਤਨੀਆਂ ਨੂੰ ਛੱਡ ਦਿੱਤਾ ਸੀ, ਸ਼ਾਇਦ ਜਵਾਨ ਕੁੜੀਆਂ ਨਾਲ ਵਿਆਹ ਕਰਾਉਣ ਲਈ। ਯਹੋਵਾਹ ਨੇ ਕਿਹਾ ਕਿ ਉਸ ਦੀ ਜਗਵੇਦੀ ਛੁੱਟੜ ਪਤਨੀਆਂ ਦੇ ਅੰਝੂਆਂ ਨਾਲ ਭਰ ਗਈ ਸੀ, ਅਤੇ ਉਸ ਨੇ ਉਨ੍ਹਾਂ ਆਦਮੀਆਂ ਨੂੰ ਝਿੜਕਿਆ ਜਿਨ੍ਹਾਂ ਨੇ ਆਪਣੀਆਂ ਪਤਨੀਆਂ ਨਾਲ “ਬੇਪਰਤੀਤੀ ਕੀਤੀ” ਸੀ।—ਮਲਾਕੀ 2:13-16.
• ਜੇਕਰ ਮੈਂ ਵਿਆਹ ਕਰਾਉਣ ਬਾਰੇ ਸੋਚ ਰਿਹਾ ਹਾਂ, ਤਾਂ ਕੀ ਮੈਂ ਜਵਾਨੀ ਦੀ ਉਮਰ ਵਿੱਚੋਂ ਨਿਕਲ ਆਇਆ ਹਾਂ ਜਦੋਂ ਕਾਮ ਪ੍ਰਵਿਰਤੀ ਬਹੁਤ ਪ੍ਰਬਲ ਹੁੰਦੀ ਹੈ ਅਤੇ ਸਹੀ ਫ਼ੈਸਲੇ ਕਰਨ ਵਿਚ ਰੁਕਾਵਟ ਪਾਉਂਦੀ ਹੈ?—1 ਕੁਰਿੰਥੀਆਂ 7:36.
“ਛੋਟੀ ਉਮਰ ਵਿਚ ਵਿਆਹ ਕਰਾਉਣਾ ਬਹੁਤ ਖ਼ਤਰਨਾਕ ਹੈ,” ਨਿਕੀ ਕਹਿੰਦੀ ਹੈ, ਜਿਸ ਨੇ 22 ਸਾਲ ਦੀ ਉਮਰ ਵਿਚ ਵਿਆਹ ਕਰਵਾਇਆ ਸੀ। ਉਹ ਖ਼ਬਰਦਾਰ ਕਰਦੀ ਹੈ: “ਤੁਹਾਡੀਆਂ ਭਾਵਨਾਵਾਂ, ਟੀਚੇ, ਅਤੇ ਪਸੰਦ-ਨਾਪਸੰਦ ਅਠਾਰਾਂ-ਉੱਨੀ ਸਾਲ ਦੀ ਉਮਰ ਤੋਂ ਲੈ ਕੇ ਪੱਚੀਆਂ-ਤੀਹਾਂ ਸਾਲਾਂ ਦੀ ਉਮਰ ਤਕ ਲਗਾਤਾਰ ਬਦਲਦੀਆਂ ਰਹਿੰਦੀਆਂ ਹਨ।” ਨਿਰਸੰਦੇਹ, ਵਿਆਹ ਲਈ ਤਿਆਰੀ ਸਿਰਫ਼ ਉਮਰ ਨਾਲ ਹੀ ਨਹੀਂ ਮਾਪੀ ਜਾ ਸਕਦੀ। ਫਿਰ ਵੀ, ਜਵਾਨੀ ਦੀ ਉਮਰ ਵਿਚ ਕਾਮ ਭਾਵਨਾਵਾਂ ਨਵੀਆਂ-ਨਵੀਆਂ ਪੈਦਾ ਹੁੰਦੀਆਂ ਹਨ ਅਤੇ ਖ਼ਾਸ ਕਰਕੇ ਪ੍ਰਬਲ ਹੁੰਦੀਆਂ ਹਨ, ਅਤੇ ਇਸ ਉਮਰ ਵਿਚ ਵਿਆਹ ਕਰਾਉਣ ਨਾਲ ਇਕ ਵਿਅਕਤੀ ਗ਼ਲਤ ਫ਼ੈਸਲੇ ਕਰ ਸਕਦਾ ਹੈ, ਅਤੇ ਸੰਭਾਵੀ ਸਮੱਸਿਆਵਾਂ ਤੋਂ ਅੱਖਾਂ ਬੰਦ ਕਰ ਸਕਦਾ ਹੈ।
• ਮੇਰੇ ਵਿਚ ਕਿਹੜੇ ਗੁਣ ਹਨ ਜਿਨ੍ਹਾਂ ਨਾਲ ਮੈਂ ਆਪਣੇ ਵਿਆਹੁਤਾ ਜੀਵਨ ਨੂੰ ਸਫ਼ਲ ਬਣਾਉਣ ਵਿਚ ਯੋਗਦਾਨ ਪਾ ਸਕਦਾ ਹਾਂ?—ਗਲਾਤੀਆਂ 5:22, 23.
ਪੌਲੁਸ ਰਸੂਲ ਨੇ ਕੁਲੁੱਸੀਆਂ ਨੂੰ ਲਿਖਿਆ: “ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ।” (ਕੁਲੁੱਸੀਆਂ 3:12) ਇਹ ਸਲਾਹ ਉਨ੍ਹਾਂ ਵਿਅਕਤੀਆਂ ਲਈ ਢੁਕਵੀਂ ਹੈ ਜਿਹੜੇ ਵਿਆਹ ਕਰਾਉਣ ਬਾਰੇ ਸੋਚ ਰਹੇ ਹਨ, ਅਤੇ ਉਨ੍ਹਾਂ ਲਈ ਵੀ ਜਿਨ੍ਹਾਂ ਨੇ ਵਿਆਹ ਕਰਾ ਲਿਆ ਹੈ।
• ਕੀ ਮੈਂ ਇੰਨਾ ਸਿਆਣਾ ਹਾਂ ਕਿ ਮੈਂ ਮੁਸ਼ਕਲ ਸਮਿਆਂ ਵਿਚ ਆਪਣੇ ਸਾਥੀ ਨੂੰ ਸਹਾਰਾ ਦੇ ਸਕਾਂ?—ਗਲਾਤੀਆਂ 6:2.
ਇਕ ਡਾਕਟਰ ਕਹਿੰਦਾ ਹੈ: “ਜਦੋਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਤਾਂ ਪਤੀ-ਪਤਨੀ ਅਕਸਰ ਇਕ ਦੂਸਰੇ ਉੱਤੇ ਦੋਸ਼ ਲਾਉਂਦੇ ਹਨ। ਇਹ ਜ਼ਿਆਦਾ ਜ਼ਰੂਰੀ ਨਹੀਂ ਹੈ ਕਿ ਦੋਸ਼ ਕਿਸ ਦਾ ਹੈ। ਇਸ ਦੀ ਬਜਾਇ, ਜ਼ਰੂਰੀ ਇਹ ਹੈ ਕਿ ਦੋਵੇਂ ਪਤੀ-ਪਤਨੀ ਆਪਣੇ ਵਿਆਹੁਤਾ ਰਿਸ਼ਤੇ ਨੂੰ ਸੁਧਾਰਨ ਲਈ ਕਿਸ ਤਰ੍ਹਾਂ ਇਕ ਦੂਸਰੇ ਨੂੰ ਸਹਿਯੋਗ ਦੇ ਸਕਦੇ ਹਨ।” ਬੁੱਧੀਮਾਨ ਰਾਜਾ ਸੁਲੇਮਾਨ ਦੇ ਸ਼ਬਦ ਵਿਆਹੁਤਾ ਜੋੜਿਆਂ ਉੱਤੇ ਲਾਗੂ ਹੁੰਦੇ ਹਨ। ਉਸ ਨੇ ਲਿਖਿਆ: “ਇੱਕ ਨਾਲੋਂ ਦੋ ਚੰਗੇ ਹਨ . . . ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ ਪਰ ਹਾਏ ਉਹ ਦੇ ਉੱਤੇ ਜਿਹੜਾ ਇੱਕਲਾ ਡਿੱਗਦਾ ਹੈ ਕਿਉਂ ਜੋ ਉਸ ਦਾ ਦੂਜਾ ਕੋਈ ਨਹੀਂ ਜੋ ਉਹ ਨੂੰ ਚੁੱਕ ਖੜਾ ਕਰੇ!”—ਉਪਦੇਸ਼ਕ ਦੀ ਪੋਥੀ 4:9, 10.
• ਕੀ ਮੈਂ ਆਮ ਤੌਰ ਤੇ ਖ਼ੁਸ਼ ਅਤੇ ਆਸ਼ਾਵਾਦੀ ਰਹਿੰਦਾ ਹਾਂ, ਜਾਂ ਮੈਂ ਅਕਸਰ ਗ਼ਮਗੀਨ ਅਤੇ ਨਿਰਾਸ਼ਾਵਾਦੀ ਰਹਿੰਦਾ ਹੈ?—ਕਹਾਉਤਾਂ 15:15.
ਨਿਰਾਸ਼ਾਵਾਦੀ ਵਿਅਕਤੀ ਹਰ ਦਿਨ ਨੂੰ ਬੁਰਾ ਸਮਝਦਾ ਹੈ। ਵਿਆਹ ਚਮਤਕਾਰ ਕਰ ਕੇ ਅਜਿਹੇ ਰਵੱਈਏ ਨੂੰ ਨਹੀਂ ਬਦਲਦਾ! ਇਕ ਕੁਆਰਾ ਵਿਅਕਤੀ—ਆਦਮੀ ਜਾਂ ਔਰਤ—ਜੋ ਆਲੋਚਨਾ ਕਰਨ ਵਾਲਾ ਅਤੇ ਨਿਰਾਸ਼ਾਵਾਦੀ ਹੈ, ਵਿਆਹ ਕਰਾ ਕੇ ਵੀ ਆਲੋਚਨਾ ਕਰਨ ਵਾਲਾ ਅਤੇ ਨਿਰਾਸ਼ਾਵਾਦੀ ਹੀ ਰਹੇਗਾ। ਅਜਿਹਾ ਨਿਰਾਸ਼ਾਵਾਦੀ ਨਜ਼ਰੀਆ ਵਿਆਹੁਤਾ ਜੀਵਨ ਵਿਚ ਬਹੁਤ ਜ਼ਿਆਦਾ ਤਣਾਅ ਪੈਦਾ ਕਰ ਸਕਦਾ ਹੈ।—ਕਹਾਉਤਾਂ 21:9 ਦੀ ਤੁਲਨਾ ਕਰੋ।
• ਕੀ ਮੈਂ ਦਬਾਅ ਅਧੀਨ ਸ਼ਾਂਤ ਰਹਿੰਦਾ ਹਾਂ, ਜਾਂ ਮੈਂ ਗੁੱਸੇ ਵਿਚ ਪਾਗਲ ਹੋ ਜਾਂਦਾ ਹਾਂ?—ਗਲਾਤੀਆਂ 5:19, 20.
ਮਸੀਹੀਆਂ ਨੂੰ ‘ਕ੍ਰੋਧ ਵਿੱਚ ਵੀ ਧੀਰੇ ਹੋਣ’ ਦਾ ਹੁਕਮ ਦਿੱਤਾ ਗਿਆ ਹੈ। (ਯਾਕੂਬ 1:19) ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿਚ, ਆਦਮੀ ਜਾਂ ਔਰਤ ਨੂੰ ਇਸ ਸਲਾਹ ਅਨੁਸਾਰ ਜੀਉਣ ਦੀ ਯੋਗਤਾ ਪੈਦਾ ਕਰਨੀ ਚਾਹੀਦੀ ਹੈ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ।”—ਅਫ਼ਸੀਆਂ 4:26.
ਆਪਣੇ ਸੰਭਾਵੀ ਜੀਵਨ-ਸਾਥੀ ਉੱਤੇ ਇਕ ਨਜ਼ਰ
ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਸਿਆਣਾ ਵੇਖ ਭਾਲ ਕੇ ਚੱਲਦਾ ਹੈ।” (ਕਹਾਉਤਾਂ 14:15) ਇਹ ਕਹਾਵਤ ਜੀਵਨ-ਸਾਥੀ ਨੂੰ ਚੁਣਦੇ ਸਮੇਂ ਬਿਲਕੁਲ ਸੱਚੀ ਸਾਬਤ ਹੁੰਦੀ ਹੈ। ਜੀਵਨ-ਸਾਥੀ ਦੀ ਚੋਣ ਕਰਨੀ ਇਕ ਆਦਮੀ ਜਾਂ ਔਰਤ ਦੇ ਜੀਵਨ ਦਾ ਇਕ ਅਹਿਮ ਫ਼ੈਸਲਾ ਹੈ। ਫਿਰ ਵੀ, ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਇਹ ਫ਼ੈਸਲਾ ਕਰਨ ਵਿਚ ਬਹੁਤ ਘੱਟ ਸਮਾਂ ਬਿਤਾਉਂਦੇ ਹਨ ਕਿ ਉਹ ਕਿਸ ਵਿਅਕਤੀ ਨਾਲ ਵਿਆਹ ਕਰਾਉਣ। ਇਸ ਤੋਂ ਜ਼ਿਆਦਾ ਸਮਾਂ ਤਾਂ ਉਹ ਇਹ ਫ਼ੈਸਲਾ ਕਰਨ ਵਿਚ ਬਿਤਾਉਂਦੇ ਹਨ ਕਿ ਕਿਹੜੀ ਕਾਰ ਖ਼ਰੀਦਣੀ ਹੈ ਜਾਂ ਕਿਹੜੇ ਸਕੂਲ ਵਿਚ ਪੜ੍ਹਨਾ ਹੈ।
ਮਸੀਹੀ ਕਲੀਸਿਯਾ ਵਿਚ, ਭਰਾਵਾਂ ਨੂੰ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ‘ਪਰਤਾਇਆ’ ਜਾਂਦਾ ਹੈ ਕਿ ਉਹ ਜ਼ਿੰਮੇਵਾਰੀ ਦੇ ਯੋਗ ਹਨ ਕਿ ਨਹੀਂ। (1 ਤਿਮੋਥਿਉਸ 3:10) ਜੇ ਤੁਸੀਂ ਵਿਆਹ ਕਰਾਉਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਆਪਣੇ ਸੰਭਾਵੀ ਜੀਵਨ-ਸਾਥੀ ਦੀ ਯੋਗਤਾ ਬਾਰੇ ਯਕੀਨੀ ਹੋਣਾ ਚਾਹੋਗੇ। ਉਦਾਹਰਣ ਲਈ, ਅੱਗੇ ਪੁੱਛੇ ਗਏ ਸਵਾਲਾਂ ਉੱਤੇ ਗੌਰ ਕਰੋ। ਭਾਵੇਂ ਕਿ ਇਹ ਇਕ ਔਰਤ ਦੇ ਨਜ਼ਰੀਏ ਤੋਂ ਪੁੱਛੇ ਗਏ ਹਨ, ਪਰ ਬਹੁਤ ਸਾਰੇ ਸਿਧਾਂਤ ਆਦਮੀ ਉੱਤੇ ਵੀ ਲਾਗੂ ਹੁੰਦੇ ਹਨ। ਅਤੇ ਜਿਹੜੇ ਵਿਆਹੇ ਹੋਏ ਹਨ ਉਹ ਵੀ ਇਨ੍ਹਾਂ ਮੁੱਦਿਆਂ ਉੱਤੇ ਗੌਰ ਕਰ ਕੇ ਲਾਭ ਪ੍ਰਾਪਤ ਕਰ ਸਕਦੇ ਹਨ।
• ਉਹ ਲੋਕਾਂ ਵਿਚ ਕਿਸ ਤਰ੍ਹਾਂ ਜਾਣਿਆ ਜਾਂਦਾ ਹੈ?—ਫ਼ਿਲਿੱਪੀਆਂ 2:19-22.
ਕਹਾਉਤਾਂ 31:23 ਇਕ ਅਜਿਹੇ ਪਤੀ ਦਾ ਵਰਣਨ ਕਰਦਾ ਹੈ ਜਿਹੜਾ “ਫ਼ਾਟਕ ਵਿੱਚ ਮੰਨਿਆ ਦੰਨਿਆ ਹੈ, ਜਦ ਉਹ ਦੇਸ ਦਿਆਂ ਬਜ਼ੁਰਗਾਂ ਵਿੱਚ ਬਹਿੰਦਾ ਹੈ।” ਸ਼ਹਿਰ ਦੇ ਬਜ਼ੁਰਗ ਨਿਆਂ ਕਰਨ ਲਈ ਸ਼ਹਿਰ ਦੇ ਫਾਟਕ ਉੱਤੇ ਬੈਠਦੇ ਸਨ। ਇਸ ਲਈ, ਇਹ ਸਪੱਸ਼ਟ ਹੈ ਕਿ ਲੋਕ ਉਸ ਉੱਤੇ ਭਰੋਸਾ ਕਰਦੇ ਸਨ। ਦੂਸਰੇ ਲੋਕ, ਇਕ ਆਦਮੀ ਬਾਰੇ ਕੀ ਸੋਚਦੇ ਹਨ ਇਹ ਉਸ ਦੇ ਨਾਂ-ਕੁਨਾਂ ਬਾਰੇ ਥੋੜ੍ਹਾ-ਬਹੁਤ ਦੱਸਦਾ ਹੈ। ਜੇ ਹੋ ਸਕੇ, ਤਾਂ ਇਸ ਉੱਤੇ ਵੀ ਵਿਚਾਰ ਕਰੋ ਕਿ ਉਸ ਦੇ ਅਧੀਨ ਕੰਮ ਕਰਨ ਵਾਲੇ ਲੋਕ ਉਸ ਨੂੰ ਕਿਸ ਨਜ਼ਰ ਨਾਲ ਦੇਖਦੇ ਹਨ। ਇਹ ਗੱਲ ਸੰਕੇਤ ਕਰ ਸਕਦੀ ਹੈ ਕਿ ਤੁਸੀਂ, ਉਸ ਦੀ ਪਤਨੀ ਹੋਣ ਦੇ ਨਾਤੇ, ਸਮੇਂ ਦੇ ਬੀਤਣ ਨਾਲ ਉਸ ਨੂੰ ਕਿਸ ਨਜ਼ਰ ਨਾਲ ਦੇਖੋਗੇ।—1 ਸਮੂਏਲ 25:3, 23-25 ਦੀ ਤੁਲਨਾ ਕਰੋ।
• ਉਸ ਦਾ ਚਾਲ-ਚਲਣ ਕਿਸ ਤਰ੍ਹਾਂ ਦਾ ਹੈ?
ਈਸ਼ਵਰੀ ਬੁੱਧੀ “ਪਹਿਲਾਂ ਪਵਿੱਤਰ” ਹੈ। (ਯਾਕੂਬ 3:17) ਕੀ ਤੁਹਾਡਾ ਸੰਭਾਵੀ ਜੀਵਨ-ਸਾਥੀ ਪਰਮੇਸ਼ੁਰ ਸਾਮ੍ਹਣੇ ਆਪਣੀ ਅਤੇ ਤੁਹਾਡੀ ਧਾਰਮਿਕ ਸਥਿਤੀ ਦੀ ਬਜਾਇ ਆਪਣੀ ਕਾਮ-ਵਾਸਨਾ ਨੂੰ ਪੂਰਾ ਕਰਨ ਵਿਚ ਦਿਲਚਸਪੀ ਰੱਖਦਾ ਹੈ? ਜੇ ਹੁਣ ਉਹ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਅਨੁਸਾਰ ਜੀਉਣ ਦੀ ਕੋਸ਼ਿਸ਼ ਨਹੀਂ ਕਰਦਾ ਹੈ, ਤਾਂ ਫਿਰ ਇਹ ਭਰੋਸਾ ਕਰਨ ਦਾ ਕੀ ਆਧਾਰ ਹੈ ਕਿ ਉਹ ਵਿਆਹ ਤੋਂ ਬਾਅਦ ਇਸ ਤਰ੍ਹਾਂ ਕਰੇਗਾ?—ਉਤਪਤ 39:7-12.
• ਉਹ ਮੇਰੇ ਨਾਲ ਕਿਸ ਤਰ੍ਹਾਂ ਪੇਸ਼ ਆਉਂਦਾ ਹੈ?—ਅਫ਼ਸੀਆਂ 5:28, 29.
ਬਾਈਬਲ ਦੀ ਕਹਾਉਤਾਂ ਦੀ ਪੋਥੀ ਇਕ ਪਤੀ ਬਾਰੇ ਦੱਸਦੀ ਹੈ ਜਿਹੜਾ ਆਪਣੀ ਪਤਨੀ ਵਿਚ “ਭਰੋਸਾ ਰੱਖਦਾ ਹੈ।” ਇਸ ਤੋਂ ਇਲਾਵਾ, “ਉਹ ਉਹ ਦੀ ਸਲਾਹੁਤ ਕਰਦਾ ਹੈ।” (ਕਹਾਉਤਾਂ 31:11, 28) ਉਹ ਨਾ ਹੀ ਬਹੁਤ ਜ਼ਿਆਦਾ ਈਰਖਾਲੂ ਹੈ, ਅਤੇ ਨਾ ਹੀ ਹੱਦੋਂ ਵੱਧ ਆਸਾਂ ਲਾਉਂਦਾ ਹੈ। ਯਾਕੂਬ ਨੇ ਲਿਖਿਆ ਕਿ ਜਿਹੜੀ ਬੁੱਧ ਉੱਪਰੋਂ ਹੈ ਉਹ ‘ਮਿਲਣਸਾਰ, ਸ਼ੀਲ ਸੁਭਾਉ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ ਹੈ।’—ਯਾਕੂਬ 3:17.
• ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕਿਵੇਂ ਪੇਸ਼ ਆਉਂਦਾ ਹੈ?—ਕੂਚ 20:12.
ਮਾਪਿਆਂ ਦਾ ਆਦਰ ਕਰਨਾ ਸਿਰਫ਼ ਬੱਚਿਆਂ ਲਈ ਇਕ ਮੰਗ ਨਹੀਂ ਹੈ। ਬਾਈਬਲ ਕਹਿੰਦੀ ਹੈ: “ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।” (ਕਹਾਉਤਾਂ 23:22) ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਡਾ. ਡਬਲਯੂ. ਹੀਊ. ਮਿਸਲਡੀਨ ਨੇ ਲਿਖਿਆ: “ਵਿਆਹੁਤਾ ਜੀਵਨ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ—ਜਾਂ ਇਨ੍ਹਾਂ ਨੂੰ ਪਹਿਲਾਂ ਤੋਂ ਹੀ ਜਾਣਿਆ ਜਾ ਸਕਦਾ ਹੈ—ਜੇ ਸੰਭਾਵੀ ਲਾੜਾ ਤੇ ਲਾੜੀ ਕਦੀ-ਕਦਾਈਂ ਇਕ ਦੂਸਰੇ ਦੇ ਘਰ ਜਾਣ ਅਤੇ ਆਪਣੇ ਮੰਗੇਤਰ ਅਤੇ ਉਸ ਦੇ ਮਾਪਿਆਂ ਵਿਚਕਾਰ ਰਿਸ਼ਤੇ ਨੂੰ ਦੇਖਣ। ਜਿਸ ਨਜ਼ਰ ਨਾਲ ਉਹ ਆਪਣੇ ਮਾਪਿਆਂ ਨੂੰ ਦੇਖਦਾ ਹੈ, ਉਸ ਨਜ਼ਰ ਨਾਲ ਉਹ ਆਪਣੀ ਪਤਨੀ ਨੂੰ ਵੀ ਦੇਖੇਗਾ। ਇਕ ਔਰਤ ਆਪਣੇ ਆਪ ਤੋਂ ਪੁੱਛ ਸਕਦੀ ਹੈ: ‘ਕੀ ਮੈਂ ਚਾਹੁੰਦੀ ਹਾਂ ਕਿ ਉਹ ਮੇਰੇ ਨਾਲ ਉਸੇ ਤਰ੍ਹਾਂ ਪੇਸ਼ ਆਵੇ ਜਿਸ ਤਰ੍ਹਾਂ ਉਹ ਆਪਣੇ ਮਾਪਿਆਂ ਨਾਲ ਆਉਂਦਾ ਹੈ?’ ਅਤੇ ਜਿਸ ਤਰੀਕੇ ਨਾਲ ਉਸ ਦੇ ਮਾਪੇ ਉਸ ਨਾਲ ਪੇਸ਼ ਆਉਂਦੇ ਹਨ, ਉਸ ਨਾਲ ਵਧੀਆ ਸੰਕੇਤ ਮਿਲੇਗਾ ਕਿ ਉਹ—ਹਨੀਮੂਨ ਤੋਂ ਬਾਅਦ—ਆਪਣੇ ਆਪ ਨਾਲ ਕਿਸ ਤਰ੍ਹਾਂ ਪੇਸ਼ ਆਵੇਗਾ ਅਤੇ ਤੁਹਾਡੇ ਤੋਂ ਕੀ ਆਸ ਰੱਖੇਗਾ ਕਿ ਤੁਸੀਂ ਉਸ ਨਾਲ ਕਿਸ ਤਰ੍ਹਾਂ ਪੇਸ਼ ਆਵੋ।”
• ਕੀ ਉਹ ਅਕਸਰ ਗੁੱਸੇ ਵਿਚ ਆਪੇ ਤੋਂ ਬਾਹਰ ਹੋ ਜਾਂਦਾ ਹੈ ਜਾਂ ਗਾਲਾਂ ਕੱਢਦਾ ਹੈ?
ਬਾਈਬਲ ਸਲਾਹ ਦਿੰਦੀ ਹੈ: “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।” (ਅਫ਼ਸੀਆਂ 4:31) ਪੌਲੁਸ ਨੇ ਤਿਮੋਥਿਉਸ ਨੂੰ ਕੁਝ ਮਸੀਹੀਆਂ ਤੋਂ ਖ਼ਬਰਦਾਰ ਕੀਤਾ ਜਿਨ੍ਹਾਂ ਨੂੰ “ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਲੱਗੀ” ਹੋਵੇਗੀ ਅਤੇ ਜਿਨ੍ਹਾਂ ਵਿਚ “ਖਾਰ, ਝਗੜਾ, ਕੁਫ਼ਰ, ਬਦਗੁਮਾਨੀਆਂ, ਅਤੇ ਟੰਟੇ” ਪਾਏ ਜਾਣਗੇ।—1 ਤਿਮੋਥਿਉਸ 6:4, 5.
ਇਸ ਦੇ ਨਾਲ ਹੀ, ਪੌਲੁਸ ਨੇ ਲਿਖਿਆ ਕਿ ਉਹੀ ਭਰਾ ਕਲੀਸਿਯਾ ਵਿਚ ਵਿਸ਼ੇਸ਼-ਸਨਮਾਨਾਂ ਦੇ ਯੋਗ ਬਣਦਾ ਹੈ, ਜਿਹੜਾ ਕਿ “ਮੁੱਕੇਬਾਜ਼” ਨਹੀਂ ਹੈ—ਮੂਲ ਯੂਨਾਨੀ ਸ਼ਬਦ ਦੇ ਅਨੁਸਾਰ, “ਮੁੱਕੇ ਮਾਰਨ ਵਾਲਾ ਨਹੀਂ” ਹੈ। (1 ਤਿਮੋਥਿਉਸ 3:3) ਲੋਕਾਂ ਨੂੰ ਕੁੱਟਣ ਮਾਰਨ ਵਾਲਾ ਜਾਂ ਧਮਕੀਆਂ ਦੇਣ ਵਾਲਾ ਵਿਅਕਤੀ ਯੋਗ ਨਹੀਂ ਹੋਵੇਗਾ। ਜਿਹੜਾ ਆਦਮੀ ਗੁੱਸੇ ਵਿਚ ਆ ਕੇ ਹਿੰਸਕ ਬਣ ਜਾਂਦਾ ਹੈ, ਉਹ ਸਹੀ ਵਿਆਹੁਤਾ ਜੀਵਨ-ਸਾਥੀ ਨਹੀਂ ਹੈ।
• ਉਸ ਦੇ ਟੀਚੇ ਕੀ ਹਨ?
ਕੁਝ ਲੋਕ ਪੈਸੇ ਦੇ ਪਿੱਛੇ ਭੱਜਦੇ ਹਨ ਅਤੇ ਇਸ ਦੇ ਨਤੀਜਿਆਂ ਨੂੰ ਭੁਗਤਦੇ ਹਨ। (1 ਤਿਮੋਥਿਉਸ 6:9, 10) ਦੂਸਰੇ ਬਿਨਾਂ ਕਿਸੇ ਟੀਚੇ ਦੇ ਬੱਸ ਐਵੇਂ ਹੀ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ। (ਕਹਾਉਤਾਂ 6:6-11) ਪਰ, ਪਰਮੇਸ਼ੁਰ ਨੂੰ ਮੰਨਣ ਵਾਲਾ ਆਦਮੀ ਯਹੋਸ਼ੁਆ ਵਾਂਗ ਹੀ ਦ੍ਰਿੜ੍ਹ ਇਰਾਦਾ ਕਰੇਗਾ, ਜਿਸ ਨੇ ਕਿਹਾ: “ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।”—ਯਹੋਸ਼ੁਆ 24:15.
ਲਾਭ ਅਤੇ ਜ਼ਿੰਮੇਵਾਰੀਆਂ
ਵਿਆਹ ਇਕ ਈਸ਼ਵਰੀ ਪ੍ਰਬੰਧ ਹੈ। ਇਸ ਨੂੰ ਯਹੋਵਾਹ ਪਰਮੇਸ਼ੁਰ ਨੇ ਕਾਇਮ ਕੀਤਾ ਅਤੇ ਸ਼ੁਰੂ ਕੀਤਾ ਸੀ। (ਉਤਪਤ 2:22-24) ਉਸ ਨੇ ਆਦਮੀ ਅਤੇ ਔਰਤ ਵਿਚ ਸਦੀਵੀ ਬੰਧਨ ਕਾਇਮ ਕਰਨ ਲਈ ਵਿਆਹ ਦਾ ਪ੍ਰਬੰਧ ਕੀਤਾ ਤਾਂਕਿ ਉਹ ਇਕ ਦੂਸਰੇ ਦੀ ਮਦਦ ਕਰਨ। ਜਦੋਂ ਬਾਈਬਲ ਦੇ ਸਿਧਾਂਤ ਲਾਗੂ ਕੀਤੇ ਜਾਂਦੇ ਹਨ, ਉਦੋਂ ਪਤੀ ਤੇ ਪਤਨੀ ਆਪਣੀ ਜ਼ਿੰਦਗੀ ਵਿਚ ਭਰਪੂਰ ਆਨੰਦ ਪ੍ਰਾਪਤ ਕਰਨ ਦੀ ਆਸ ਰੱਖ ਸਕਦੇ ਹਨ।—ਉਪਦੇਸ਼ਕ ਦੀ ਪੋਥੀ 9:7-9.
ਪਰ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ “ਭੈੜੇ ਸਮੇਂ” ਵਿਚ ਰਹਿੰਦੇ ਹਾਂ। ਬਾਈਬਲ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਸ ਸਮੇਂ ਦੌਰਾਨ, ਲੋਕ ‘ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਨਿਮਕ ਹਰਾਮ, ਕਾਹਲੇ, ਅਤੇ ਘਮੰਡੀ ਹੋਣਗੇ।’ (2 ਤਿਮੋਥਿਉਸ 3:1-4) ਇਹ ਔਗੁਣ ਇਕ ਵਿਅਕਤੀ ਦੇ ਵਿਆਹੁਤਾ ਜੀਵਨ ਉੱਤੇ ਜ਼ਬਰਦਸਤ ਪ੍ਰਭਾਵ ਪਾ ਸਕਦੇ ਹਨ। ਇਸ ਲਈ, ਜਿਹੜੇ ਵਿਆਹ ਕਰਾਉਣ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਵਿਆਹ ਦੇ ਨਾਲ ਆਉਣ ਵਾਲੀਆਂ ਜ਼ਿੰਮੇਵਾਰੀਆਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਅਤੇ ਜਿਹੜੇ ਵਿਅਕਤੀ ਵਿਆਹੇ ਹੋਏ ਹਨ, ਉਨ੍ਹਾਂ ਨੂੰ ਬਾਈਬਲ ਵਿਚ ਪਾਏ ਜਾਂਦੇ ਈਸ਼ਵਰੀ ਮਾਰਗ-ਦਰਸ਼ਣ ਬਾਰੇ ਸਿੱਖਣ ਅਤੇ ਉਸ ਅਨੁਸਾਰ ਚੱਲਣ ਦੁਆਰਾ ਆਪਣੇ ਰਿਸ਼ਤੇ ਨੂੰ ਸੁਧਾਰਨ ਦੀ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਜੀ ਹਾਂ, ਜਿਹੜੇ ਵਿਅਕਤੀ ਵਿਆਹ ਕਰਾਉਣ ਬਾਰੇ ਸੋਚ ਰਹੇ ਹਨ ਉਨ੍ਹਾਂ ਨੂੰ ਸਿਰਫ਼ ਵਿਆਹ ਵਾਲੇ ਦਿਨ ਨੂੰ ਹੀ ਧਿਆਨ ਵਿਚ ਨਹੀਂ ਰੱਖਣਾ ਚਾਹੀਦਾ ਹੈ। ਅਤੇ ਸਾਰਿਆਂ ਨੂੰ ਸਿਰਫ਼ ਵਿਆਹ ਕਰਾਉਣ ਬਾਰੇ ਹੀ ਨਹੀਂ ਸੋਚਣਾ ਚਾਹੀਦਾ ਹੈ, ਬਲਕਿ ਵਿਆਹੁਤਾ ਜੀਵਨ ਬਾਰੇ ਵੀ ਸੋਚਣਾ ਚਾਹੀਦਾ ਹੈ। ਯਹੋਵਾਹ ਤੋਂ ਅਗਵਾਈ ਭਾਲੋ ਤਾਂਕਿ ਤੁਸੀਂ ਰੁਮਾਂਟਿਕ ਭਾਵਨਾਵਾਂ ਵਿਚ ਵਹਿ ਜਾਣ ਦੀ ਬਜਾਇ ਸੋਚ-ਸਮਝ ਕੇ ਕਦਮ ਚੁੱਕੋ। ਇਸ ਤਰ੍ਹਾਂ ਕਰਨ ਨਾਲ, ਤੁਸੀਂ ਇਕ ਸਫ਼ਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਸਕੋਗੇ।
[ਫੁਟਨੋਟ]
a ਬਾਈਬਲ ਤਲਾਕ ਅਤੇ ਦੁਬਾਰਾ ਵਿਆਹ ਕਰਾਉਣ ਲਈ ਸਿਰਫ਼ ਇਕ ਕਾਰਨ ਦਿੰਦੀ ਹੈ, ਅਤੇ ਉਹ ਹੈ “ਹਰਾਮਕਾਰੀ”—ਵਿਆਹ ਤੋਂ ਬਾਹਰ ਨਾਜਾਇਜ਼ ਸੰਬੰਧ।—ਮੱਤੀ 19:9.
[ਸਫ਼ੇ 5 ਉੱਤੇ ਡੱਬੀ]
“ਪਿਆਰ ਦੀ ਉੱਤਮ ਪਰਿਭਾਸ਼ਾ”
“ਤੁਹਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਤੁਹਾਨੂੰ ਸੱਚ-ਮੁੱਚ ਪਿਆਰ ਹੋ ਗਿਆ ਹੈ?” ਡਾ. ਕੈਵਿਨ ਲੀਮਨ ਲਿਖਦਾ ਹੈ। “ਇਕ ਪ੍ਰਾਚੀਨ ਕਿਤਾਬ ਹੈ ਜਿਸ ਵਿਚ ਪਿਆਰ ਦੀ ਪਰਿਭਾਸ਼ਾ ਪਾਈ ਜਾਂਦੀ ਹੈ। ਇਹ ਕਿਤਾਬ ਲਗਭਗ ਦੋ ਹਜ਼ਾਰ ਸਾਲ ਪੁਰਾਣੀ ਹੈ, ਪਰ ਇਹ ਅਜੇ ਵੀ ਪਿਆਰ ਦੀ ਉੱਤਮ ਪਰਿਭਾਸ਼ਾ ਦਿੰਦੀ ਹੈ।”
ਡਾ. ਲੀਮਨ ਬਾਈਬਲ ਵਿਚ 1 ਕੁਰਿੰਥੀਆਂ 13:4-8 ਵਿਚ ਪਾਏ ਜਾਂਦੇ ਮਸੀਹੀ ਰਸੂਲ ਪੌਲੁਸ ਦੇ ਸ਼ਬਦਾਂ ਦਾ ਜ਼ਿਕਰ ਕਰ ਰਿਹਾ ਸੀ:
“ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ। ਪ੍ਰੇਮ ਖੁਣਸ ਨਹੀਂ ਕਰਦਾ। ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂੰ ਫੂੰ ਨਹੀਂ ਕਰਦਾ, ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ, ਚਿੜ੍ਹਦਾ ਨਹੀਂ, ਬੁਰਾ ਨਹੀਂ ਮੰਨਦਾ। ਉਹ ਕੁਧਰਮ ਤੋਂ ਅਨੰਦ ਨਹੀਂ ਹੁੰਦਾ ਸਗੋਂ ਸਚਿਆਈ ਨਾਲ ਅਨੰਦ ਹੁੰਦਾ ਹੈ। ਸਭ ਕੁਝ ਝੱਲ ਲੈਂਦਾ, ਸਭਨਾਂ ਗੱਲਾਂ ਦੀ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ।”
[ਸਫ਼ੇ 8 ਉੱਤੇ ਡੱਬੀ]
ਰੁਮਾਂਟਿਕ ਭਾਵਨਾਵਾਂ ਧੋਖਾ ਦੇ ਸਕਦੀਆਂ ਹਨ
ਬਾਈਬਲ ਸਮੇਂ ਦੀ ਸ਼ੂਲੰਮੀਥ ਕੁੜੀ ਰੁਮਾਂਟਿਕ ਭਾਵਨਾਵਾਂ ਦੀ ਧੋਖਾ ਦੇਣ ਵਾਲੀ ਸ਼ਕਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ। ਜਦੋਂ ਸ਼ਕਤੀਸ਼ਾਲੀ ਰਾਜਾ ਸੁਲੇਮਾਨ ਨੇ ਉਸ ਦੇ ਦਿਲ ਵਿਚ ਆਪਣੇ ਲਈ ਪਿਆਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ ਕਿ ਉਹ ‘ਪ੍ਰੀਤ ਨੂੰ ਨਾ ਉਕਸਾਣ, ਨਾ ਜਗਾਣ, ਜਦ ਤੀਕ ਉਹ ਨੂੰ ਨਾ ਭਾਵੇ।’ (ਸਰੇਸ਼ਟ ਗੀਤ 2:7) ਉਸ ਸਮਝਦਾਰ ਜਵਾਨ ਕੁੜੀ ਨੇ ਨਹੀਂ ਚਾਹਿਆ ਕਿ ਉਸ ਦੀਆਂ ਸਹੇਲੀਆਂ ਉਸ ਵਿਚ ਪਿਆਰ ਦੀਆਂ ਭਾਵਨਾਵਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕਰਨ। ਇਹ ਉਨ੍ਹਾਂ ਲੋਕਾਂ ਲਈ ਵੀ ਸਹਾਈ ਹੈ ਜੋ ਵਿਆਹ ਕਰਾਉਣ ਬਾਰੇ ਸੋਚ ਰਹੇ ਹਨ। ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖੋ। ਜੇ ਤੁਸੀਂ ਵਿਆਹ ਕਰਾਉਂਦੇ ਹੋ, ਤਾਂ ਤੁਹਾਨੂੰ ਵਿਆਹ ਕਰਨ ਦੀ ਖਾਤਰ ਨਹੀਂ, ਬਲਕਿ ਇਸ ਕਰਕੇ ਵਿਆਹ ਕਰਾਉਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਉਸ ਵਿਅਕਤੀ ਨਾਲ ਪਿਆਰ ਹੋ ਗਿਆ ਹੈ।
[ਸਫ਼ੇ 6 ਉੱਤੇ ਤਸਵੀਰ]
ਕਾਫ਼ੀ ਸਮੇਂ ਤੋਂ ਵਿਆਹੇ ਹੋਏ ਲੋਕ ਵੀ ਆਪਣੇ ਵਿਆਹ ਨੂੰ ਮਜ਼ਬੂਤ ਕਰ ਸਕਦੇ ਹਨ
[ਸਫ਼ੇ 7 ਉੱਤੇ ਤਸਵੀਰ]
ਉਹ ਆਪਣੇ ਮਾਪਿਆਂ ਨਾਲ ਕਿਵੇਂ ਪੇਸ਼ ਆਉਂਦਾ ਹੈ?