ਕੀ ਰੱਬ ਦਖ਼ਲ ਦੇ ਕੇ ਸਾਡੇ ਲਈ ਕੁਝ ਕਰੇਗਾ?
ਅੱਠਵੀਂ ਸਦੀ ਸਾ.ਯੁ.ਪੂ. ਵਿਚ ਯਹੂਦਾਹ ਦੇ 39 ਸਾਲ ਦੇ ਬਾਦਸ਼ਾਹ ਹਿਜ਼ਕੀਯਾਹ ਨੂੰ ਪਤਾ ਚੱਲਿਆ ਕਿ ਉਸ ਨੂੰ ਅਜਿਹੀ ਬੀਮਾਰੀ ਲੱਗੀ ਸੀ ਜਿਸ ਕਾਰਨ ਉਸ ਦੇ ਬਚਣ ਦੀ ਕੋਈ ਆਸ ਨਹੀਂ ਸੀ। ਖ਼ਬਰ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਹ ਠੀਕ ਹੋਣ ਲਈ ਰੱਬ ਅੱਗੇ ਅਰਦਾਸ ਕਰਨ ਲੱਗਾ। ਪਰਮੇਸ਼ੁਰ ਨੇ ਆਪਣੇ ਨਬੀ ਰਾਹੀਂ ਉਸ ਨੂੰ ਕਿਹਾ: “ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅੱਥਰੂ ਵੇਖੇ ਹਨ। ਵੇਖ, ਮੈਂ ਤੇਰੀ ਉਮਰ ਵਿੱਚ ਪੰਦਰਾਂ ਵਰਹੇ ਹੋਰ ਵਧਾਵਾਂਗਾ।”—ਯਸਾਯਾਹ 38:1-5.
ਇਸ ਮੌਕੇ ਤੇ ਰੱਬ ਨੇ ਦਖ਼ਲ ਕਿਉਂ ਦਿੱਤਾ ਸੀ? ਕਿਉਂਕਿ ਹਿਜ਼ਕੀਯਾਹ ਦਾਊਦ ਦੀ ਵੰਸ਼ਾਵਲੀ ਵਿੱਚੋਂ ਸੀ ਅਤੇ ਕਈ ਸਦੀਆਂ ਪਹਿਲਾਂ ਪਰਮੇਸ਼ੁਰ ਨੇ ਦਾਊਦ ਬਾਦਸ਼ਾਹ ਨਾਲ ਵਾਅਦਾ ਕੀਤਾ ਸੀ: “ਤੇਰਾ ਟੱਬਰ ਅਤੇ ਤੇਰਾ ਰਾਜ ਸਦੀਪਕ ਤੋੜੀ ਤੇਰੇ ਅੱਗੇ ਪੱਕਾ ਰਹੇਗਾ। ਤੇਰੀ ਰਾਜ ਗੱਦੀ ਸਦਾ ਅਟੱਲ ਰਹੇਗੀ।” ਪਰਮੇਸ਼ੁਰ ਨੇ ਇਹ ਵੀ ਦਿਖਾਇਆ ਸੀ ਕਿ ਮਸੀਹਾ ਦਾਊਦ ਦੀ ਵੰਸ਼ਾਵਲੀ ਵਿੱਚੋਂ ਆਵੇਗਾ। (2 ਸਮੂਏਲ 7:16; ਜ਼ਬੂਰਾਂ ਦੀ ਪੋਥੀ 89:20, 26-29; ਯਸਾਯਾਹ 11:1) ਜਦੋਂ ਹਿਜ਼ਕੀਯਾਹ ਬੀਮਾਰ ਪੈ ਗਿਆ, ਤਾਂ ਉਸ ਦੇ ਘਰ ਅਜੇ ਕੋਈ ਪੁੱਤਰ ਪੈਦਾ ਨਹੀਂ ਹੋਇਆ ਸੀ। ਜੇ ਰੱਬ ਕੁਝ ਨਾ ਕਰਦਾ, ਤਾਂ ਦਾਊਦ ਦੀ ਵੰਸ਼ਾਵਲੀ ਮਿਟ ਜਾਣੀ ਸੀ ਤੇ ਪਰਮੇਸ਼ੁਰ ਦਾ ਵਾਅਦਾ ਪੂਰਾ ਨਹੀਂ ਹੋਣਾ ਸੀ। ਤਾਂ ਫਿਰ ਹਿਜ਼ਕੀਯਾਹ ਦੇ ਮਾਮਲੇ ਵਿਚ ਪਰਮੇਸ਼ੁਰ ਨੇ ਦਖ਼ਲ ਦਿੱਤਾ। ਜੀ ਹਾਂ, ਉਸ ਨੇ ਆਪਣਾ ਮਕਸਦ ਪੂਰਾ ਕਰਨ ਲਈ ਮਸੀਹਾ ਦੇ ਆਉਣ ਲਈ ਦਾਊਦ ਦੀ ਵੰਸ਼ਾਵਲੀ ਨੂੰ ਮਿਟਣ ਤੋਂ ਬਚਾਇਆ।
ਆਪਣੇ ਵਾਅਦੇ ਨਿਭਾਉਣ ਲਈ ਯਹੋਵਾਹ ਨੇ ਕਈ ਵਾਰ ਯਿਸੂ ਦੇ ਸਮੇਂ ਤੋਂ ਪਹਿਲਾਂ ਆਪਣੇ ਲੋਕਾਂ ਦੇ ਮਾਮਲਿਆਂ ਵਿਚ ਦਖ਼ਲ ਦੇ ਕੇ ਉਨ੍ਹਾਂ ਦੀ ਮਦਦ ਕੀਤੀ। ਮਿਸਰ ਦੀ ਗ਼ੁਲਾਮੀ ਤੋਂ ਇਸਰਾਏਲ ਦੇ ਛੁਟਕਾਰੇ ਦੇ ਸੰਬੰਧ ਵਿਚ ਮੂਸਾ ਨੇ ਕਿਹਾ: “ਯਹੋਵਾਹ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਉਸ ਨੇ ਉਸ ਸੌਂਹ ਦੀ ਪਾਲਨਾ ਕੀਤੀ ਜਿਹੜੀ ਉਸ ਨੇ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ ਤਾਂ ਯਹੋਵਾਹ ਤੁਹਾਨੂੰ ਬਲਵੰਤ ਹੱਥ ਨਾਲ ਕੱਢ ਕੇ ਬਾਹਰ ਲੈ ਆਇਆ।”—ਬਿਵਸਥਾ ਸਾਰ 7:8.
ਇਸੇ ਤਰ੍ਹਾਂ ਪਹਿਲੀ ਸਦੀ ਵਿਚ ਵੀ ਪਰਮੇਸ਼ੁਰ ਨੇ ਆਪਣੇ ਮਕਸਦ ਪੂਰੇ ਕਰਨ ਲਈ ਕਦਮ ਚੁੱਕੇ ਸਨ। ਮਿਸਾਲ ਲਈ, ਜਦ ਸੌਲੁਸ ਨਾਂ ਦਾ ਯਹੂਦੀ ਦੰਮਿਸਕ ਨੂੰ ਜਾ ਰਿਹਾ ਸੀ ਕਿ ਉੱਥੇ ਉਹ ਯਿਸੂ ਦੇ ਚੇਲਿਆਂ ਨੂੰ ਸਤਾਏ, ਤਾਂ ਰਾਹ ਵਿਚ ਉਸ ਨੂੰ ਦਰਸ਼ਣ ਵਿਚ ਇਸ ਤਰ੍ਹਾਂ ਕਰਨ ਤੋਂ ਰੋਕਿਆ ਗਿਆ। ਉਸ ਸਮੇਂ ਤੋਂ ਸੌਲੁਸ ਮਸੀਹੀ ਬਣ ਗਿਆ ਤੇ ਬਾਅਦ ਵਿਚ ਪੌਲੁਸ ਰਸੂਲ ਵਜੋਂ ਜਾਣਿਆ ਜਾਣ ਲੱਗਾ। ਇਸ ਰਸੂਲ ਨੇ ਦੂਰ-ਦੂਰ ਜਾ ਕੇ ਕੌਮਾਂ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਵੱਡਾ ਹਿੱਸਾ ਲਿਆ ਸੀ।—ਰਸੂਲਾਂ ਦੇ ਕਰਤੱਬ 9:1-16; ਰੋਮੀਆਂ 11:13.
ਕਦੇ-ਕਦੇ ਜਾਂ ਹਮੇਸ਼ਾ?
ਕੀ ਰੱਬ ਨੇ ਦਖ਼ਲ ਦੇ ਕੇ ਆਪਣੇ ਸੇਵਕਾਂ ਦੀ ਮਦਦ ਹਮੇਸ਼ਾ ਕੀਤੀ ਸੀ ਜਾਂ ਕਦੇ-ਕਦੇ? ਬਾਈਬਲ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਸ ਨੇ ਹਮੇਸ਼ਾ ਨਹੀਂ ਪਰ ਕਦੇ-ਕਦੇ ਮਦਦ ਕੀਤੀ ਸੀ। ਉਦਾਹਰਣ ਲਈ, ਭਾਵੇਂ ਉਸ ਨੇ ਤਿੰਨ ਇਬਰਾਨੀ ਨੌਜਵਾਨਾਂ ਨੂੰ ਬਲ਼ਦੀ ਭੱਠੀ ਵਿੱਚੋਂ ਅਤੇ ਦਾਨੀਏਲ ਨਬੀ ਨੂੰ ਸ਼ੇਰਾਂ ਦੇ ਘੁਰੇ ਵਿੱਚੋਂ ਬਚਾਇਆ ਸੀ, ਪਰ ਉਸ ਨੇ ਹੋਰਨਾਂ ਨਬੀਆਂ ਨੂੰ ਕਤਲ ਹੋਣ ਤੋਂ ਨਹੀਂ ਬਚਾਇਆ ਸੀ। (2 ਇਤਹਾਸ 24:20, 21; ਦਾਨੀਏਲ 3:21-27; 6:16-22; ਇਬਰਾਨੀਆਂ 11:37) ਪਤਰਸ ਨੂੰ ਹੇਰੋਦੇਸ ਅਗ੍ਰਿੱਪਾ ਪਹਿਲੇ ਦੇ ਕੈਦਖ਼ਾਨੇ ਵਿੱਚੋਂ ਕਰਾਮਾਤੀ ਢੰਗ ਨਾਲ ਬਚਾਇਆ ਗਿਆ ਸੀ। ਪਰ ਇਸੇ ਰਾਜੇ ਨੇ ਯਾਕੂਬ ਰਸੂਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਰੱਬ ਨੇ ਇਸ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਸੀ। (ਰਸੂਲਾਂ ਦੇ ਕਰਤੱਬ 12:1-11) ਭਾਵੇਂ ਪਰਮੇਸ਼ੁਰ ਨੇ ਰਸੂਲਾਂ ਨੂੰ ਰੋਗੀਆਂ ਨੂੰ ਚੰਗਾ ਕਰਨ ਦੀ ਅਤੇ ਮੁਰਦਿਆਂ ਨੂੰ ਜ਼ਿੰਦਾ ਕਰਨ ਦੀ ਸ਼ਕਤੀ ਦਿੱਤੀ ਸੀ, ਪਰ ਫਿਰ ਵੀ ਉਹ ਪੌਲੁਸ ਰਸੂਲ ਦੇ ‘ਸਰੀਰ ਵਿੱਚੋਂ ਇੱਕ ਕੰਡਾ’ ਕੱਢੇ ਜਾਣ ਲਈ ਰਾਜ਼ੀ ਨਹੀਂ ਹੋਇਆ ਸੀ। ਇਹ ਕੰਡਾ ਸ਼ਾਇਦ ਕੋਈ ਰੋਗ ਸੀ।—2 ਕੁਰਿੰਥੀਆਂ 12:7-9; ਰਸੂਲਾਂ ਦੇ ਕਰਤੱਬ 9:32-41; 1 ਕੁਰਿੰਥੀਆਂ 12:28.
ਰੋਮੀ ਬਾਦਸ਼ਾਹ ਨੀਰੋ ਨੇ ਜਦ ਯਿਸੂ ਦੇ ਚੇਲਿਆਂ ਨੂੰ ਦੁੱਖ ਦੇਣੇ ਸ਼ੁਰੂ ਕੀਤੇ, ਤਾਂ ਪਰਮੇਸ਼ੁਰ ਨੇ ਉਸ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਸੀ। ਮਸੀਹੀਆਂ ਨੂੰ ਤਸੀਹੇ ਦਿੱਤੇ ਗਏ, ਜੀਉਂਦੇ ਜੀ ਉਨ੍ਹਾਂ ਨੂੰ ਸਾੜ ਦਿੱਤਾ ਗਿਆ ਅਤੇ ਉਹ ਜੰਗਲੀ ਜਾਨਵਰਾਂ ਸਾਮ੍ਹਣੇ ਸੁੱਟੇ ਗਏ ਸਨ। ਪਰ ਇਨ੍ਹਾਂ ਅਤਿਆਚਾਰਾਂ ਕਰਕੇ ਮਸੀਹੀ ਹੈਰਾਨ ਨਹੀਂ ਹੋਏ ਸਨ ਅਤੇ ਨਾ ਹੀ ਇਸ ਕਰਕੇ ਉਨ੍ਹਾਂ ਨੇ ਪਰਮੇਸ਼ੁਰ ਵਿਚ ਵਿਸ਼ਵਾਸ ਕਰਨਾ ਛੱਡਿਆ ਸੀ। ਕਿਉਂ ਨਹੀਂ? ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਨ੍ਹਾਂ ਨੂੰ ਕਚਹਿਰੀਆਂ ਵਿਚ ਲਿਜਾਇਆ ਜਾਵੇਗਾ ਤੇ ਉਨ੍ਹਾਂ ਨੂੰ ਦੁੱਖ ਝੱਲਣ ਅਤੇ ਸ਼ਹੀਦ ਹੋਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।—ਮੱਤੀ 10:17-22.
ਜਿਵੇਂ ਯਹੋਵਾਹ ਨੇ ਪਿਛਲਿਆਂ ਸਮਿਆਂ ਵਿਚ ਆਪਣੇ ਸੇਵਕਾਂ ਨੂੰ ਬਚਾਇਆ ਸੀ, ਉਸੇ ਤਰ੍ਹਾਂ ਉਹ ਅੱਜ ਵੀ ਉਨ੍ਹਾਂ ਨੂੰ ਖ਼ਤਰਨਾਕ ਹਾਲਤਾਂ ਵਿੱਚੋਂ ਬਚਾ ਸਕਦਾ ਹੈ ਅਤੇ ਜੋ ਮਹਿਸੂਸ ਕਰਦੇ ਹਨ ਕਿ ਪਰਮੇਸ਼ੁਰ ਨੇ ਉਨ੍ਹਾਂ ਦੀ ਰਾਖੀ ਕੀਤੀ ਹੈ, ਤਾਂ ਸਾਨੂੰ ਉਨ੍ਹਾਂ ਦੀ ਆਲੋਚਨਾ ਕਰਨ ਦੀ ਕੋਈ ਲੋੜ ਨਹੀਂ ਹੈ। ਪਰ ਕੋਈ ਵੀ ਪੂਰੀ ਤਰ੍ਹਾਂ ਇਹ ਨਹੀਂ ਕਹਿ ਸਕਦਾ ਕਿ ਇਨ੍ਹਾਂ ਮਾਮਲਿਆਂ ਵਿਚ ਰੱਬ ਨੇ ਕੁਝ ਕੀਤਾ ਸੀ ਜਾਂ ਨਹੀਂ। ਉਦਾਹਰਣ ਲਈ, ਫਰਾਂਸ ਦੇ ਟੂਲੂਸ ਸ਼ਹਿਰ ਵਿਚ ਹੋਏ ਇਕ ਵੱਡੇ ਧਮਾਕੇ ਕਾਰਨ ਯਹੋਵਾਹ ਦੇ ਕਈ ਗਵਾਹ ਜ਼ਖ਼ਮੀ ਹੋ ਗਏ ਸਨ। ਨਾਜ਼ੀ ਅਤੇ ਕਮਿਊਨਿਸਟ ਕੈਂਪਾਂ ਵਿਚ ਜਾਂ ਹੋਰ ਦੁਖਦਾਈ ਹਾਲਤਾਂ ਵਿਚ ਪਰਮੇਸ਼ੁਰ ਦੇ ਹਜ਼ਾਰਾਂ ਵਫ਼ਾਦਾਰ ਸੇਵਕਾਂ ਨੇ ਦਮ ਤੋੜਿਆ ਹੈ, ਪਰ ਰੱਬ ਨੇ ਇਸ ਨੂੰ ਰੋਕਣ ਲਈ ਕੁਝ ਨਹੀਂ ਕੀਤਾ। ਯਹੋਵਾਹ ਆਪਣੇ ਸੇਵਕਾਂ ਨੂੰ ਕਦੇ-ਕਦੇ ਕਿਉਂ ਬਚਾਉਂਦਾ ਹੈ ਅਤੇ ਹਮੇਸ਼ਾ ਕਿਉਂ ਨਹੀਂ ਬਚਾਉਂਦਾ?—ਦਾਨੀਏਲ 3:17, 18.
“ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ”
ਜਦ ਕੋਈ ਤਬਾਹੀ ਆਉਂਦੀ ਹੈ, ਤਾਂ ਇਸ ਦਾ ਅਸਰ ਕਿਸੇ ਤੇ ਵੀ ਹੋ ਸਕਦਾ ਹੈ, ਭਾਵੇਂ ਉਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਹੋਵੇ ਜਾਂ ਨਾ। ਫਰਾਂਸ ਦੇ ਟੂਲੂਸ ਸ਼ਹਿਰ ਵਿਚ ਹੋਏ ਧਮਾਕੇ ਵਿੱਚੋਂ ਅਲਾਂ ਤੇ ਲਿਲਿਅਨ ਬਚ ਨਿਕਲੇ, ਪਰ ਉਸ ਵਿਚ 30 ਲੋਕ ਮਾਰੇ ਗਏ ਅਤੇ ਸੈਂਕੜੇ ਹੋਰ ਫੱਟੜ ਹੋਏ ਸਨ। ਇਸ ਵਿਚ ਭਾਵੇਂ ਉਨ੍ਹਾਂ ਦੀ ਕੋਈ ਗ਼ਲਤੀ ਨਹੀਂ ਸੀ, ਫਿਰ ਵੀ ਇਸ ਘਟਨਾ ਦਾ ਅਸਰ ਉਨ੍ਹਾਂ ਤੇ ਪਿਆ। ਇਸ ਤੋਂ ਵੀ ਵੱਡੇ ਪੈਮਾਨੇ ਤੇ ਅਸੀਂ ਦੇਖਦੇ ਹਾਂ ਕਿ ਲੱਖਾਂ ਲੋਕ ਅਪਰਾਧੀਆਂ, ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲਿਆਂ ਜਾਂ ਜੰਗਾਂ ਦੇ ਸ਼ਿਕਾਰ ਬਣ ਜਾਂਦੇ ਹਨ। ਇਨ੍ਹਾਂ ਸਾਰੀਆਂ ਦੁਰਘਟਨਾਵਾਂ ਲਈ ਪਰਮੇਸ਼ੁਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਬਾਈਬਲ ਵਿਚ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।”—ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਇਸ ਤੋਂ ਇਲਾਵਾ, ਇਨਸਾਨ ਤੇ ਬੀਮਾਰੀ, ਬੁਢਾਪਾ ਅਤੇ ਮੌਤ ਆਉਂਦੇ ਹਨ। ਜਿਹੜੇ ਲੋਕ ਮੰਨਦੇ ਵੀ ਹਨ ਕਿ ਰੱਬ ਨੇ ਚਮਤਕਾਰੀ ਢੰਗ ਨਾਲ ਉਨ੍ਹਾਂ ਦੀ ਜਾਨ ਬਚਾਈ ਹੈ ਜਾਂ ਉਨ੍ਹਾਂ ਨੂੰ ਕਿਸੇ ਰੋਗ ਤੋਂ ਚੰਗਾ ਕੀਤਾ ਹੈ, ਉਹ ਵੀ ਆਖ਼ਰਕਾਰ ਦਮ ਤੋੜ ਜਾਂਦੇ ਹਨ। ਉਹ ਸਮਾਂ ਭਵਿੱਖ ਵਿਚ ਆਉਣ ਵਾਲਾ ਹੈ ਜਦੋਂ ਰੋਗ ਅਤੇ ਮੌਤ ਨਹੀਂ ਹੋਣਗੇ ਅਤੇ ਇਨਸਾਨਾਂ ਦੀਆਂ ਅੱਖਾਂ ਤੋਂ ‘ਹਰੇਕ ਅੰਝੂ ਪੂੰਝਿਆ ਜਾਵੇਗਾ।’—ਪਰਕਾਸ਼ ਦੀ ਪੋਥੀ 21:1-4.
ਇਨ੍ਹਾਂ ਹਾਲਤਾਂ ਨੂੰ ਲਿਆਉਣ ਲਈ ਸਾਨੂੰ ਮਾੜੀ-ਮੋਟੀ ਮਦਦ ਦੀ ਨਹੀਂ, ਸਗੋਂ ਕਿਸੇ ਵੱਡੀ ਤਬਦੀਲੀ ਦੀ ਲੋੜ ਹੈ। ਬਾਈਬਲ ਵਿਚ ਇਸ ਤਬਦੀਲੀ ਨੂੰ “ਯਹੋਵਾਹ ਦਾ ਮਹਾਨ ਦਿਨ” ਕਿਹਾ ਗਿਆ ਹੈ। (ਸਫ਼ਨਯਾਹ 1:14) ਇਸ ਦੌਰਾਨ ਪਰਮੇਸ਼ੁਰ ਸਾਰੀ ਬੁਰਾਈ ਦੂਰ ਕਰ ਦੇਵੇਗਾ ਅਤੇ ਇਨਸਾਨਜਾਤ ਨੂੰ ਫਿਰਦੌਸ ਵਿਚ ਹਮੇਸ਼ਾ ਲਈ ਜ਼ਿੰਦਾ ਰਹਿਣ ਦਾ ਮੌਕਾ ਦੇਵੇਗਾ। ਉਸ ਸਮੇਂ “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” (ਯਸਾਯਾਹ 65:17) ਇਨਸਾਨਾਂ ਲਈ ਮੌਤ ਸਭ ਤੋਂ ਦੁਖਦਾਈ ਘਟਨਾ ਹੈ, ਪਰ ਜੋ ਲੋਕ ਆਪਣੀ ਜਾਨ ਗੁਆ ਵੀ ਬੈਠੇ ਹਨ, ਉਹ ਉਸ ਸਮੇਂ ਦੁਬਾਰਾ ਜ਼ਿੰਦਾ ਕੀਤੇ ਜਾਣਗੇ। (ਯੂਹੰਨਾ 5:28, 29) ਫਿਰ ਅਸੀਂ ਰੱਬ ਦੇ ਪਿਆਰ ਅਤੇ ਉਸ ਦੀ ਭਲਾਈ ਨੂੰ ਸਾਫ਼ ਦੇਖ ਸਕਾਂਗੇ ਜਦੋਂ ਉਹ ਲੋਕਾਂ ਦੇ ਹਰ ਮਸਲੇ ਦਾ ਹਮੇਸ਼ਾ ਲਈ ਹੱਲ ਕਰ ਦੇਵੇਗਾ।
ਰੱਬ ਅੱਜ ਕੀ ਕਰ ਰਿਹਾ ਹੈ?
ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਉਹ ਸਮਾਂ ਆਉਣ ਤਕ ਪਰਮੇਸ਼ੁਰ ਚੁੱਪ ਕਰ ਕੇ ਲੋਕਾਂ ਨੂੰ ਦੁੱਖ ਸਹਿੰਦੇ ਦੇਖਦਾ ਰਹੇਗਾ? ਨਹੀਂ, ਉਹ ਸਾਰੇ ਲੋਕਾਂ ਨੂੰ ਮੌਕਾ ਦੇ ਰਿਹਾ ਹੈ ਕਿ ਉਹ ਉਸ ਨੂੰ ਚੰਗੀ ਤਰ੍ਹਾਂ ਜਾਣ ਸਕਣ ਅਤੇ ਉਸ ਨਾਲ ਨਿੱਜੀ ਰਿਸ਼ਤਾ ਕਾਇਮ ਕਰ ਸਕਣ, ਭਾਵੇਂ ਉਹ ਕਿਸੇ ਵੀ ਜਾਤ ਜਾਂ ਪਿਛੋਕੜ ਦੇ ਕਿਉਂ ਨਾ ਹੋਣ। (1 ਤਿਮੋਥਿਉਸ 2:3, 4) ਲੋਕਾਂ ਦੇ ਇਸ ਤਰ੍ਹਾਂ ਕਰਨ ਬਾਰੇ ਯਿਸੂ ਨੇ ਕਿਹਾ ਸੀ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰਨਾ 6:44) ਪਰਮੇਸ਼ੁਰ ਆਪਣੇ ਸੇਵਕਾਂ ਦੇ ਜ਼ਰੀਏ ਰਾਜ ਦਾ ਸੰਦੇਸ਼ ਸੁਣਾ ਕੇ ਨੇਕ ਦਿਲ ਇਨਸਾਨਾਂ ਨੂੰ ਖਿੱਚਦਾ ਹੈ।
ਇਸ ਤੋਂ ਇਲਾਵਾ, ਜੋ ਲੋਕ ਪਰਮੇਸ਼ੁਰ ਦੀ ਸੇਧ ਵਿਚ ਚੱਲਣਾ ਚਾਹੁੰਦੇ ਹਨ, ਰੱਬ ਉਨ੍ਹਾਂ ਨੂੰ ਸਹੀ ਰਾਹ ਪਾਉਂਦਾ ਹੈ। ਆਪਣੀ ਪਵਿੱਤਰ ਆਤਮਾ ਦੁਆਰਾ ਪਰਮੇਸ਼ੁਰ ਉਨ੍ਹਾਂ ਦੇ ‘ਮਨਾਂ ਨੂੰ ਖੋਲ੍ਹ’ ਰਿਹਾ ਹੈ ਤਾਂਕਿ ਉਹ ਉਸ ਦੀ ਮਰਜ਼ੀ ਜਾਣ ਸਕਣ ਤੇ ਉਸ ਉੱਤੇ ਅਮਲ ਕਰ ਸਕਣ। (ਰਸੂਲਾਂ ਦੇ ਕਰਤੱਬ 16:14) ਜੀ ਹਾਂ, ਪਰਮੇਸ਼ੁਰ ਸਾਨੂੰ ਮੌਕਾ ਦਿੰਦਾ ਹੈ ਕਿ ਅਸੀਂ ਉਸ ਨੂੰ, ਉਸ ਦੇ ਬਚਨ ਨੂੰ ਅਤੇ ਉਸ ਦੇ ਮਕਸਦਾਂ ਨੂੰ ਜਾਣੀਏ। ਇਹ ਇਸ ਗੱਲ ਦਾ ਸਬੂਤ ਹੈ ਕਿ ਉਸ ਨੂੰ ਸਾਡੇ ਸਾਰਿਆਂ ਵਿਚ ਦਿਲਚਸਪੀ ਹੈ।—ਯੂਹੰਨਾ 17:3.
ਅਖ਼ੀਰ ਵਿਚ ਇਕ ਹੋਰ ਤਰੀਕਾ ਵੀ ਹੈ ਜਿਸ ਨਾਲ ਪਰਮੇਸ਼ੁਰ ਅੱਜ ਆਪਣੇ ਸੇਵਕਾਂ ਦੀ ਮਦਦ ਕਰਦਾ ਹੈ। ਉਹ ਸਾਨੂੰ ਕਰਾਮਾਤੀ ਢੰਗ ਨਾਲ ਬਚਾਉਣ ਦੀ ਬਜਾਇ ਸਾਨੂੰ ਆਪਣੀ ਪਵਿੱਤਰ ਆਤਮਾ ਅਤੇ “ਮਹਾ-ਸ਼ਕਤੀ” ਦਿੰਦਾ ਹੈ, ਤਾਂਕਿ ਅਸੀਂ ਹਰ ਆਫ਼ਤ ਦਾ ਕਾਮਯਾਬੀ ਨਾਲ ਸਾਮ੍ਹਣਾ ਕਰ ਸਕੀਏ। (2 ਕੁਰਿੰਥੀਆਂ 4:7, ਨਵਾਂ ਅਨੁਵਾਦ) ਪੌਲੁਸ ਰਸੂਲ ਨੇ ਲਿਖਿਆ ਸੀ: “[ਯਹੋਵਾਹ ਪਰਮੇਸ਼ੁਰ] ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿੱਪੀਆਂ 4:13.
ਹੁਣ ਦੀ ਜ਼ਿੰਦਗੀ ਲਈ ਅਤੇ ਭਵਿੱਖ ਵਿਚ ਦੁੱਖਾਂ ਤੋਂ ਬਿਨਾਂ ਹਮੇਸ਼ਾ ਜੀਉਣ ਦੀ ਆਸ ਲਈ ਪਰਮੇਸ਼ੁਰ ਦਾ ਧੰਨਵਾਦ ਕਰਨ ਲਈ ਸਾਡੇ ਕੋਲ ਹਰ ਕਾਰਨ ਹੈ। ਜ਼ਬੂਰਾਂ ਦੇ ਲਿਖਾਰੀ ਨੇ ਪੁੱਛਿਆ: “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ?” ਫਿਰ ਉਸ ਨੇ ਕਿਹਾ: “ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ, ਅਤੇ ਯਹੋਵਾਹ ਦੇ ਨਾਮ ਉੱਤੇ ਪੁਕਾਰਾਂਗਾ।” (ਜ਼ਬੂਰਾਂ ਦੀ ਪੋਥੀ 116:12, 13) ਪਹਿਰਾਬੁਰਜ ਰਸਾਲਿਆਂ ਨੂੰ ਬਾਕਾਇਦਾ ਪੜ੍ਹਨ ਨਾਲ ਤੁਸੀਂ ਸਮਝ ਸਕੋਗੇ ਕਿ ਪਰਮੇਸ਼ੁਰ ਨੇ ਕੀ ਕੀਤਾ ਹੈ, ਉਹ ਕੀ ਕਰ ਰਿਹਾ ਹੈ ਅਤੇ ਉਹ ਅਜੇ ਕੀ ਕਰੇਗਾ ਜਿਸ ਤੋਂ ਤੁਹਾਨੂੰ ਹੁਣ ਖ਼ੁਸ਼ੀ ਮਿਲ ਸਕਦੀ ਹੈ ਅਤੇ ਤੁਹਾਡਾ ਭਵਿੱਖ ਸੁਖੀ ਤੇ ਸੁਨਹਿਰਾ ਹੋ ਸਕਦਾ ਹੈ।—1 ਤਿਮੋਥਿਉਸ 4:8.
[ਸਫ਼ੇ 6 ਉੱਤੇ ਸੁਰਖੀ]
“ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।”—ਯਸਾਯਾਹ 65:17
[ਸਫ਼ੇ 5 ਉੱਤੇ ਤਸਵੀਰ]
ਬਾਈਬਲ ਦੇ ਜ਼ਮਾਨੇ ਵਿਚ ਯਹੋਵਾਹ ਨੇ ਉਦੋਂ ਦਖ਼ਲ ਨਹੀਂ ਦਿੱਤਾ ਸੀ ਜਦੋਂ ਜ਼ਕਰਯਾਹ ਨਬੀ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਗਿਆ ਸੀ
ਨਾ ਹੀ ਉਸ ਨੇ ਨਿਰਦੋਸ਼ਾਂ ਨੂੰ ਹੇਰੋਦੇਸ ਦੇ ਹੱਥੋਂ ਕਤਲ ਹੋਣੋ ਬਚਾਇਆ ਸੀ
[ਸਫ਼ੇ 7 ਉੱਤੇ ਤਸਵੀਰ]
ਉਹ ਸਮਾਂ ਹੁਣ ਨੇੜੇ ਹੈ ਜਦ ਦੁੱਖ-ਤਕਲੀਫ਼ ਮਿਟਾਈ ਜਾਵੇਗੀ ਅਤੇ ਮੁਰਦੇ ਫਿਰ ਤੋਂ ਜ਼ਿੰਦਾ ਕੀਤੇ ਜਾਣਗੇ