ਜਾਗਦੇ ਰਹਿਣ ਦਾ ਇਕ ਸਮਾਂ
“ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਏ। . . . ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।”—ਮਰਕੁਸ 13:10, 13.
1. ਸਾਨੂੰ ਕਿਉਂ ਸਹਿਨ ਕਰਨਾ ਅਤੇ ਹੌਸਲਾ ਰੱਖਣਾ ਚਾਹੀਦਾ ਹੈ?
ਸਹਿਨ ਕਰਨਾ ਹੈ ਸਾਨੂੰ—ਇਕ ਬੇਪਰਤੀਤ ਅਤੇ ਅੜਬ ਪੀੜ੍ਹੀ ਦੇ ਦਰਮਿਆਨ ਰਹਿੰਦੇ ਹੋਏ! ਸੰਨ 1914 ਤੋਂ ਲੋਕਾਂ ਦੀ ਇਕ ਪੀੜ੍ਹੀ ਭ੍ਰਿਸ਼ਟ ਹੋ ਗਈ ਹੈ, ਠੀਕ ਜਿਵੇਂ ਯਿਸੂ ਦੇ ਦਿਨਾਂ ਵਿਚ ਸੀ। ਅਤੇ ਅੱਜ ਭ੍ਰਿਸ਼ਟਤਾ ਇਕ ਵਿਸ਼ਵ-ਵਿਆਪੀ ਪੈਮਾਨੇ ਤੇ ਹੈ। ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ, ਰਸੂਲ ਪੌਲੁਸ ਦੁਆਰਾ ਵਰਣਿਤ “ਭੈੜੇ ਸਮੇਂ,” ਮਨੁੱਖਜਾਤੀ ਨੂੰ ਦੁਖੀ ਕਰ ਰਹੇ ਹਨ। ‘ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਂਦੇ ਹਨ।’ ਸਪੱਸ਼ਟ ਤੌਰ ਤੇ, “ਸਾਰਾ ਸੰਸਾਰ ਉਸ ਦੁਸ਼ਟ,” ਸ਼ਤਾਨ ਅਰਥਾਤ ਇਬਲੀਸ “ਦੇ ਵੱਸ ਵਿੱਚ ਪਿਆ ਹੋਇਆ ਹੈ,” ਜੋ ਹੁਣ ਧਰਤੀ ਨੂੰ ਵਿਗਾੜਨ ਦਾ ਆਪਣਾ ਆਖ਼ਰੀ ਜਤਨ ਕਰ ਰਿਹਾ ਹੈ। ਪਰੰਤੂ ਹੌਸਲਾ ਰੱਖੋ! ਇਕ ਅਜਿਹੀ “ਵੱਡੀ ਬਿਪਤਾ” ਆ ਰਹੀ ਹੈ, ਜੋ ਉਨ੍ਹਾਂ ਸਾਰਿਆਂ ਲਈ ਸਥਾਈ ਰਾਹਤ ਲਿਆਵੇਗੀ ਜਿਹੜੇ ਧਾਰਮਿਕਤਾ ਨਾਲ ਪ੍ਰੇਮ ਕਰਦੇ ਹਨ।—2 ਤਿਮੋਥਿਉਸ 3:1-5, 13; 1 ਯੂਹੰਨਾ 5:19; ਪਰਕਾਸ਼ ਦੀ ਪੋਥੀ 7:14.
2. ਸੰਨ 1914 ਵਿਚ ਭਵਿੱਖਬਾਣੀ ਕਿਵੇਂ ਪੂਰੀ ਹੋਈ?
2 ਖ਼ੁਸ਼ੀ ਦੀ ਗੱਲ ਹੈ, ਯਹੋਵਾਹ ਨੇ ਮਨੁੱਖਜਾਤੀ ਦੇ ਦਮਨਕਾਰੀ ਦੁਸ਼ਮਣਾਂ ਨੂੰ ਹਟਾਉਣ ਦੀ ਤਿਆਰੀ ਵਿਚ, ਹੁਣ ਸਵਰਗ ਵਿਚ ਪ੍ਰਭੂ ਯਿਸੂ ਮਸੀਹ ਨੂੰ ਸਿੰਘਾਸਣ ਉੱਤੇ ਬਿਠਾ ਦਿੱਤਾ ਹੈ। (ਪਰਕਾਸ਼ ਦੀ ਪੋਥੀ 11:15) ਜਿਵੇਂ ਕਿ ਮਸੀਹਾ ਦੇ ਪਹਿਲੇ ਆਗਮਨ ਤੇ ਹੋਇਆ, ਉਵੇਂ ਹੀ ਇਸ ਸਦੀ ਵਿਚ ਵੀ ਦਾਨੀਏਲ ਦੁਆਰਾ ਲਿਖੀ ਗਈ ਇਕ ਅਦਭੁਤ ਭਵਿੱਖਬਾਣੀ ਪੂਰੀ ਹੋਈ ਹੈ। ਦਾਨੀਏਲ 4:16, 17, 32 ਵਿਚ, ਸਾਨੂੰ ਧਰਤੀ ਉੱਤੇ ਜਾਇਜ਼ ਰਾਜਤਵ ਨੂੰ “ਸੱਤ ਸਮੇ” ਦੀ ਅਵਧੀ ਲਈ ਮੁਅੱਤਲ ਕਰਨ ਬਾਰੇ ਦੱਸਿਆ ਜਾਂਦਾ ਹੈ। ਆਪਣੀ ਮੁੱਖ ਪੂਰਤੀ ਵਿਚ, ਇਹ ਸੱਤ ਸਮੇਂ 360 ‘ਦਿਨਾਂ’ ਦੇ ਸੱਤ ਬਾਈਬਲੀ ਸਾਲ, ਜਾਂ ਕੁੱਲ ਮਿਲਾ ਕੇ 2,520 ਸਾਲ ਬਣਦੇ ਹਨ।a ਇਹ 607 ਸਾ.ਯੁ.ਪੂ. ਤੋਂ ਸ਼ੁਰੂ ਹੋ ਕੇ, ਜਦੋਂ ਬਾਬੁਲ ਨੇ ਇਸਰਾਏਲ ਦੇ ਰਾਜ ਨੂੰ ਪੈਰਾਂ ਹੇਠ ਲਤਾੜਨਾ ਸ਼ੁਰੂ ਕੀਤਾ, 1914 ਸਾ.ਯੁ. ਤਕ ਜਾਰੀ ਰਹੇ, ਜਿਸ ਸਾਲ ਯਿਸੂ ਨੂੰ ਮਨੁੱਖਜਾਤੀ ਦੇ ਹੱਕੀ ਰਾਜਾ ਦੇ ਤੌਰ ਤੇ ਸਵਰਗ ਵਿਚ ਸਿੰਘਾਸਣ ਉੱਤੇ ਬਿਠਾਇਆ ਗਿਆ। ਉਦੋਂ “ਪਰਾਈਆਂ ਕੌਮਾਂ ਦੇ ਸਮੇਂ” ਦਾ ਅੰਤ ਹੋਇਆ। (ਲੂਕਾ 21:24) ਪਰੰਤੂ ਕੌਮਾਂ ਨੇ ਆਉਣ ਵਾਲੇ ਮਸੀਹਾਈ ਰਾਜ ਦੇ ਅਧੀਨ ਹੋਣ ਤੋਂ ਇਨਕਾਰ ਕੀਤਾ ਹੈ।—ਜ਼ਬੂਰ 2:1-6, 10-12; 110:1, 2.
3, 4. (ੳ) ਪਹਿਲੀ-ਸਦੀ ਦੀਆਂ ਘਟਨਾਵਾਂ ਦੀ ਸਾਡੇ ਸਮੇਂ ਨਾਲ ਕੀ ਤੁਲਨਾ ਕੀਤੀ ਜਾ ਸਕਦੀ ਹੈ? (ਅ) ਕਿਹੜੇ ਉਚਿਤ ਸਵਾਲ ਪੁੱਛੇ ਜਾ ਸਕਦੇ ਹਨ?
3 ਜਿਉਂ ਹੀ ਵਰ੍ਹਿਆਂ ਦਾ 70ਵਾਂ ਸਾਤਾ (29-36 ਸਾ.ਯੁ.) ਨੇੜੇ ਆਇਆ, ਅਤੇ ਫਿਰ ਜਿਉਂ ਹੀ ਸਾਲ 1914 ਅੱਪੜਿਆ, ਪਰਮੇਸ਼ੁਰ ਦਾ ਭੈ ਰੱਖਣ ਵਾਲੇ ਲੋਕ ਮਸੀਹਾ ਦੇ ਆਗਮਨ ਦੀ ਆਸ ਲਗਾਏ ਬੈਠੇ ਸਨ। ਅਤੇ ਆਇਆ ਉਹ ਜ਼ਰੂਰ! ਪਰੰਤੂ, ਦੋਵੇਂ ਹੀ ਮੌਕਿਆਂ ਤੇ, ਉਸ ਦੇ ਪ੍ਰਗਟ ਹੋਣ ਦਾ ਤਰੀਕਾ ਆਸ ਨਾਲੋਂ ਫ਼ਰਕ ਸੀ। ਨਾਲ ਹੀ, ਦੋਵੇਂ ਹੀ ਮੌਕਿਆਂ ਤੇ, ਇਕ ਤੁਲਨਾਤਮਕ ਤੌਰ ਤੇ ਛੋਟੀ ਸਮੇਂ ਅਵਧੀ ਮਗਰੋਂ, ਇਕ ਦੁਸ਼ਟ “ਪੀਹੜੀ” ਆਖ਼ਰਕਾਰ ਈਸ਼ਵਰੀ ਹੁਕਮ ਦੇ ਅਨੁਸਾਰ ਦੰਡ ਦੀ ਪੂਰਤੀ ਭੋਗਦੀ ਹੈ।—ਮੱਤੀ 24:34.
4 ਸਾਡੇ ਪਿਛਲੇ ਲੇਖ ਵਿਚ, ਅਸੀਂ ਦੇਖਿਆ ਕਿ ਯਿਸੂ ਦੇ ਲਹੂ ਦੀ ਮੰਗ ਕਰਨ ਵਾਲੀ ਬੁਰੀ ਯਹੂਦੀ ਪੀੜ੍ਹੀ ਦਾ ਕਿਵੇਂ ਅੰਤ ਹੋਇਆ। ਤਾਂ ਫਿਰ, ਮਨੁੱਖਜਾਤੀ ਦੀ ਉਸ ਵਿਨਾਸ਼ਕ ਪੀੜ੍ਹੀ ਦਾ ਕੀ, ਜੋ ਹੁਣ ਵੀ ਉਸ ਦਾ ਵਿਰੋਧ ਕਰਦੀ ਜਾਂ ਉਸ ਨੂੰ ਅਣਡਿੱਠ ਕਰਦੀ ਹੈ? ਇਸ ਬੇਪਰਤੀਤ ਪੀੜ੍ਹੀ ਉੱਤੇ ਨਿਆਉਂ ਕਦੋਂ ਪੂਰਾ ਕੀਤਾ ਜਾਵੇਗਾ?
“ਜਾਗਦੇ ਰਹੋ!”
5. (ੳ) ਕਿਹੜੇ ਚੰਗੇ ਕਾਰਨ ਲਈ ਸਾਨੂੰ ਯਹੋਵਾਹ ਦੇ “ਦਿਨ ਅਤੇ ਘੜੀ” ਦੇ ਸਮੇਂ ਨੂੰ ਜਾਣਨ ਦੀ ਲੋੜ ਨਹੀਂ ਹੈ? (ਅ) ਮਰਕੁਸ ਦੇ ਅਨੁਸਾਰ, ਯਿਸੂ ਨੇ ਕਿਹੜੀ ਠੋਸ ਸਲਾਹ ਨਾਲ ਆਪਣੀ ਭਵਿੱਖਬਾਣੀ ਸਮਾਪਤ ਕੀਤੀ?
5 ਇਕ ‘ਵੱਡੇ ਕਸ਼ਟ’ ਦੇ ਸਮੇਂ ਤਕ ਲੈ ਜਾਣ ਵਾਲੀਆਂ ਘਟਨਾਵਾਂ ਦੀ ਭਵਿੱਖਬਾਣੀ ਕਰਨ ਮਗਰੋਂ, ਯਿਸੂ ਨੇ ਅੱਗੇ ਕਿਹਾ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ।” (ਮੱਤੀ 24:3-36; ਮਰਕੁਸ 13:3-32) ਸਾਨੂੰ ਘਟਨਾਵਾਂ ਦੇ ਠੀਕ ਸਮੇਂ ਬਾਰੇ ਜਾਣਨ ਦੀ ਲੋੜ ਨਹੀਂ ਹੈ। ਇਸ ਦੀ ਬਜਾਇ, ਸਾਡਾ ਧਿਆਨ ਜਾਗਦੇ ਰਹਿਣ, ਦ੍ਰਿੜ੍ਹ ਨਿਹਚਾ ਵਿਕਸਿਤ ਕਰਨ, ਅਤੇ ਯਹੋਵਾਹ ਦੀ ਸੇਵਾ ਵਿਚ ਵਿਅਸਤ ਰਹਿਣ ਉੱਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ—ਨਾ ਕਿ ਇਕ ਤਾਰੀਖ਼ ਦਾ ਅਨੁਮਾਨ ਲਗਾਉਣ ਉੱਤੇ। ਯਿਸੂ ਨੇ ਆਪਣੀ ਮਹਾਨ ਭਵਿੱਖਬਾਣੀ ਨੂੰ ਇਹ ਕਹਿੰਦੇ ਹੋਏ ਸਮਾਪਤ ਕੀਤਾ: “ਖਬਰਦਾਰ, ਜਾਗਦੇ ਰਹੋ . . . ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਵੇਲਾ ਕਦ ਹੋਵੇਗਾ। . . . ਜਾਗਦੇ ਰਹੋ . . . ਜੋ ਮੈਂ ਤੁਹਾਨੂੰ ਆਖਦਾ ਹਾਂ ਸੋ ਸਾਰਿਆਂ ਨੂੰ ਆਖਦਾ ਹਾਂ ਭਈ ਜਾਗਦੇ ਰਹੋ!” (ਮਰਕੁਸ 13:33-37) ਅੱਜਕਲ੍ਹ ਦੀ ਦੁਨੀਆਂ ਦੇ ਅੰਧਕਾਰ ਵਿਚ ਖ਼ਤਰਾ ਲੁਕਿਆ ਰਹਿੰਦਾ ਹੈ। ਸਾਨੂੰ ਜਾਗਦੇ ਰਹਿਣਾ ਜ਼ਰੂਰੀ ਹੈ!—ਰੋਮੀਆਂ 13:11-13.
6. (ੳ) ਸਾਨੂੰ ਆਪਣੀ ਨਿਹਚਾ ਦਾ ਲੰਗਰ ਕਿਸ ਚੀਜ਼ ਉੱਤੇ ਬੰਨ੍ਹਣਾ ਚਾਹੀਦਾ ਹੈ? (ਅ) ਅਸੀਂ ਕਿਵੇਂ ‘ਆਪਣੇ ਦਿਨ ਗਿਣ’ ਸਕਦੇ ਹਾਂ? (ੲ) ਬੁਨਿਆਦੀ ਤੌਰ ਤੇ, “ਪੀਹੜੀ” ਤੋਂ ਯਿਸੂ ਦਾ ਕੀ ਅਰਥ ਹੈ?
6 ਸਾਨੂੰ ਨਾ ਕੇਵਲ ਇਕ ਦੁਸ਼ਟ ਵਿਵਸਥਾ ਦੇ ਇਨ੍ਹਾਂ ਅੰਤਿਮ ਦਿਨਾਂ ਨਾਲ ਸੰਬੰਧਿਤ ਪ੍ਰੇਰਿਤ ਭਵਿੱਖਬਾਣੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ, ਬਲਕਿ ਸਾਨੂੰ ਪ੍ਰਾਰਥਮਿਕ ਤੌਰ ਤੇ ਮਸੀਹ ਯਿਸੂ ਦੇ ਬਹੁਮੁੱਲੇ ਬਲੀਦਾਨ ਅਤੇ ਉਸ ਉੱਤੇ ਆਧਾਰਿਤ ਪਰਮੇਸ਼ੁਰ ਦੇ ਅਦਭੁਤ ਵਾਅਦਿਆਂ ਉੱਤੇ ਆਪਣੀ ਨਿਹਚਾ ਦਾ ਲੰਗਰ ਬੰਨ੍ਹਣਾ ਚਾਹੀਦਾ ਹੈ। (ਇਬਰਾਨੀਆਂ 6:17-19; 9:14; 1 ਪਤਰਸ 1:18, 19; 2 ਪਤਰਸ 1:16-19) ਇਸ ਦੁਸ਼ਟ ਵਿਵਸਥਾ ਦਾ ਅੰਤ ਦੇਖਣ ਦੀ ਉਤਸੁਕਤਾ ਵਿਚ, ਯਹੋਵਾਹ ਦੇ ਲੋਕਾਂ ਨੇ ਸਮੇਂ-ਸਮੇਂ ਤੇ ‘ਵੱਡੇ ਕਸ਼ਟ’ ਦੇ ਸ਼ੁਰੂ ਹੋਣ ਦੇ ਸਮੇਂ ਬਾਰੇ ਅੰਦਾਜ਼ਾ ਲਗਾਇਆ ਹੈ, ਇੱਥੋਂ ਤਕ ਕਿ ਇਸ ਨੂੰ ਉਨ੍ਹਾਂ ਅਨੁਮਾਨਾਂ ਨਾਲ ਜੋੜਿਆ ਹੈ ਕਿ 1914 ਤੋਂ ਇਕ ਪੀੜ੍ਹੀ ਦਾ ਜੀਵਨ-ਕਾਲ ਕਿੰਨਾ ਹੈ। ਪਰੰਤੂ, ਅਸੀਂ ਇਕ “ਹਿਕਮਤ ਵਾਲਾ ਮਨ ਪਰਾਪਤ” ਕਰਦੇ ਹਾਂ, ਜੇਕਰ ਇਸ ਬਾਰੇ ਅੰਦਾਜ਼ਾ ਲਗਾਉਣ ਦੀ ਬਜਾਇ ਕਿ ਕਿੰਨੇ ਸਾਲ ਜਾਂ ਦਿਨ ਇਕ ਪੀੜ੍ਹੀ ਬਣਾਉਂਦੇ ਹਨ, ਅਸੀਂ ਇਸ ਉੱਤੇ ਵਿਚਾਰ ਕਰੀਏ ਕਿ ਅਸੀਂ ਯਹੋਵਾਹ ਦੀ ਆਨੰਦਮਈ ਪ੍ਰਸ਼ੰਸਾ ਕਰਨ ਵਿਚ ਕਿਵੇਂ ‘ਆਪਣੇ ਦਿਨ ਗਿਣਦੇ’ ਹਾਂ। (ਜ਼ਬੂਰ 90:12) ਸਮੇਂ ਨੂੰ ਮਾਪਣ ਲਈ ਇਕ ਅਸੂਲ ਪ੍ਰਦਾਨ ਕਰਨ ਦੀ ਬਜਾਇ, ਇਹ ਅਭਿਵਿਅਕਤੀ “ਪੀਹੜੀ,” ਜਿਵੇਂ ਯਿਸੂ ਨੇ ਇਸਤੇਮਾਲ ਕੀਤਾ, ਮੁੱਖ ਤੌਰ ਤੇ ਇਕ ਖ਼ਾਸ ਇਤਿਹਾਸਕ ਅਵਧੀ ਦੇ ਸਮਕਾਲੀਨ ਲੋਕਾਂ ਨੂੰ ਉਨ੍ਹਾਂ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਸਹਿਤ ਸੰਕੇਤ ਕਰਦਾ ਹੈ।b
7. ਇਤਿਹਾਸ ਦਾ ਇਕ ਪ੍ਰੋਫੈਸਰ “1914 ਦੀ ਪੀੜ੍ਹੀ” ਬਾਰੇ ਕੀ ਲਿਖਦਾ ਹੈ, ਅਤੇ ਇਹ ਕਿਵੇਂ ਯਿਸੂ ਦੀ ਭਵਿੱਖਬਾਣੀ ਨਾਲ ਮੇਲ ਖਾਂਦਾ ਹੈ?
7 ਉਪਰੋਕਤ ਕਹੀ ਗਈ ਗੱਲ ਦੀ ਅਨੁਕੂਲਤਾ ਵਿਚ, ਇਤਿਹਾਸ ਦੇ ਪ੍ਰੋਫੈਸਰ ਰੌਬਰਟ ਵੋਲ ਨੇ ਆਪਣੀ ਪੁਸਤਕ 1914 ਦੀ ਪੀੜ੍ਹੀ (ਅੰਗ੍ਰੇਜ਼ੀ) ਵਿਚ ਲਿਖਿਆ: “ਇਕ ਇਤਿਹਾਸਕ ਪੀੜ੍ਹੀ ਆਪਣੀ ਕਾਲਕ੍ਰਮਿਕ ਸੀਮਾਵਾਂ ਦੁਆਰਾ ਨਿਸ਼ਚਿਤ ਨਹੀਂ ਕੀਤੀ ਜਾਂਦੀ ਹੈ . . .। ਇਹ ਇਕ ਮਿਤੀ ਖੇਤਰ ਨਹੀਂ ਹੈ।” ਪਰ ਉਸ ਨੇ ਧਿਆਨ ਦਿਵਾਇਆ ਕਿ ਵਿਸ਼ਵ ਯੁੱਧ I ਨੇ “ਅਤੀਤ ਨਾਲ ਦਰਾੜ ਦੀ ਇਕ ਪ੍ਰਬਲ ਭਾਵਨਾ” ਉਤਪੰਨ ਕੀਤੀ, ਅਤੇ ਉਸ ਨੇ ਅੱਗੇ ਕਿਹਾ: “ਜਿਹੜੇ ਲੋਕ ਉਸ ਯੁੱਧ ਵਿੱਚੋਂ ਬਚ ਨਿਕਲੇ, ਉਹ ਕਦੇ ਵੀ ਇਸ ਭਾਵਨਾ ਤੋਂ ਮੁਕਤ ਨਹੀਂ ਹੋ ਸਕੇ ਕਿ ਅਗਸਤ 1914 ਵਿਚ ਇਕ ਸੰਸਾਰ ਦਾ ਅੰਤ ਹੋਇਆ ਅਤੇ ਦੂਸਰੇ ਦਾ ਆਰੰਭ ਹੋਇਆ ਸੀ।” ਇਹ ਕਿੰਨਾ ਸੱਚ ਹੈ! ਇਹ ਮਾਮਲੇ ਦੀ ਮੂਲ ਸਮੱਸਿਆ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ। ਸੰਨ 1914 ਤੋਂ ਮਨੁੱਖਜਾਤੀ ਦੀ ‘ਇਸ ਪੀਹੜੀ’ ਨੇ ਭਿਆਨਕ ਤਬਦੀਲੀਆਂ ਦਾ ਅਨੁਭਵ ਕੀਤਾ ਹੈ। ਇਸ ਨੇ ਧਰਤੀ ਨੂੰ ਕਰੋੜਾਂ ਦੇ ਲਹੂ ਨਾਲ ਲਹੂ-ਲੂਹਾਣ ਹੁੰਦਿਆਂ ਦੇਖਿਆ ਹੈ। ਯੁੱਧ, ਕੁਲ-ਨਾਸ਼, ਆਤੰਕਵਾਦ, ਅਪਰਾਧ, ਅਤੇ ਅਰਾਜਕਤਾ ਵਿਸ਼ਵ ਭਰ ਵਿਚ ਭੜਕ ਉੱਠੇ ਹਨ। ਸਾਡੀ ਧਰਤੀ ਕਾਲ, ਬੀਮਾਰੀ, ਅਤੇ ਅਨੈਤਿਕਤਾ ਦਾ ਸ਼ਿਕਾਰ ਬਣੀ ਹੋਈ ਹੈ। ਯਿਸੂ ਨੇ ਭਵਿੱਖਬਾਣੀ ਕੀਤੀ: “ਜਾਂ ਤੁਸੀਂ [ਉਸ ਦੇ ਚੇਲੇ] ਵੇਖੋ ਭਈ ਏਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ੁਰ ਦਾ ਰਾਜ ਨੇੜੇ ਹੈ। ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੋੜੀ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।”—ਲੂਕਾ 21:31, 32.
8. ਯਹੋਵਾਹ ਦੇ ਨਬੀ ਕਿਵੇਂ ਜਾਗਦੇ ਰਹਿਣ ਦੀ ਜ਼ਰੂਰਤ ਉੱਤੇ ਜ਼ੋਰ ਦਿੰਦੇ ਹਨ?
8 ਜੀ ਹਾਂ, ਮਸੀਹਾਈ ਰਾਜ ਦੀ ਪੂਰਣ ਜਿੱਤ ਨਿਕਟ ਹੈ! ਤਾਂ ਫਿਰ, ਕੀ ਤਾਰੀਖ਼ ਦੀ ਭਾਲ ਕਰਨ ਜਾਂ ਇਕ “ਪੀਹੜੀ” ਦੇ ਸ਼ਾਬਦਿਕ ਜੀਵਨ-ਕਾਲ ਬਾਰੇ ਅੰਦਾਜ਼ਾ ਲਗਾਉਣ ਦੁਆਰਾ ਕੁਝ ਲਾਭ ਮਿਲੇਗਾ? ਬਿਲਕੁਲ ਨਹੀਂ! ਹਬੱਕੂਕ 2:3 ਸਪੱਸ਼ਟ ਰੂਪ ਵਿਚ ਬਿਆਨ ਕਰਦਾ ਹੈ: “ਏਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ ਅਜੇ ਪੂਰੀ ਹੋਣ ਵਾਲੀ ਹੈ, ਉਹ ਅੰਤ ਵੱਲ ਕਾਹਲੀ ਕਰਦੀ ਹੈ, ਉਹ ਝੂਠੀ ਨਹੀਂ, ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।” ਯਹੋਵਾਹ ਦਾ ਲੇਖਾ ਲੈਣ ਦਾ ਦਿਨ ਕਾਹਲੀ ਨਾਲ ਨੇੜੇ ਆਉਂਦਾ ਜਾਂਦਾ ਹੈ।—ਯਿਰਮਿਯਾਹ 25:31-33; ਮਲਾਕੀ 4:1.
9. ਸੰਨ 1914 ਤੋਂ ਕਿਹੜੀਆਂ ਘਟਨਾਵਾਂ ਦਿਖਾਉਂਦੀਆਂ ਹਨ ਕਿ ਸਮਾਂ ਥੋੜ੍ਹਾ ਹੈ?
9 ਜਦੋਂ ਮਸੀਹ ਦਾ ਰਾਜ ਸ਼ਾਸਨ 1914 ਵਿਚ ਆਰੰਭ ਹੋਇਆ, ਉਦੋਂ ਸ਼ਤਾਨ ਧਰਤੀ ਉੱਤੇ ਸੁੱਟ ਦਿੱਤਾ ਗਿਆ। ਇਸ ਦੇ ਨਤੀਜੇ ਵਜੋਂ “ਧਰਤੀ . . . ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” (ਟੇਢੇ ਟਾਈਪ ਸਾਡੇ।) (ਪਰਕਾਸ਼ ਦੀ ਪੋਥੀ 12:12) ਸ਼ਤਾਨ ਦੇ ਰਾਜਤਵ ਦੇ ਹਜ਼ਾਰਾਂ ਸਾਲਾਂ ਦੀ ਤੁਲਨਾ ਵਿਚ ਉਹ ਸਮਾਂ, ਨਿਸ਼ਚੇ ਹੀ, ਥੋੜ੍ਹਾ ਹੈ। ਰਾਜ ਹੁਣ ਨੇੜੇ ਹੈ, ਅਤੇ ਨਾਲ ਹੀ ਯਹੋਵਾਹ ਦਾ ਉਹ ਦਿਨ ਅਤੇ ਘੜੀ ਨਿਕਟ ਹਨ ਜਦੋਂ ਉਹ ਇਸ ਬੁਰੀ ਪੀੜ੍ਹੀ ਉੱਤੇ ਨਿਆਉਂ ਪੂਰਾ ਕਰੇਗਾ!—ਕਹਾਉਤਾਂ 3:25; 10:24, 25.
ਉਹ “ਪੀਹੜੀ” ਜੋ ਬੀਤ ਜਾਂਦੀ ਹੈ
10. “ਇਹ ਪੀਹੜੀ” ਕਿਵੇਂ ਨੂਹ ਦੇ ਦਿਨਾਂ ਵਰਗੀ ਹੈ?
10 ਆਓ ਅਸੀਂ ਮੱਤੀ 24:34, 35 ਵਿਚ ਯਿਸੂ ਦੇ ਬਿਆਨ ਨੂੰ ਹੋਰ ਨਜ਼ਦੀਕੀ ਨਾਲ ਪਰਖੀਏ: “ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ। ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ।” (ਟੇਢੇ ਟਾਈਪ ਸਾਡੇ।) ਯਿਸੂ ਦੇ ਅਗਲੇ ਸ਼ਬਦ ਦਿਖਾਉਂਦੇ ਹਨ ਕਿ “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ।” ਉਹ ਦਿਖਾਉਂਦਾ ਹੈ ਕਿ ਇਸ ਤੋਂ ਕਿਤੇ ਹੀ ਜ਼ਿਆਦਾ ਜ਼ਰੂਰੀ ਸਾਨੂੰ ਇਸ ਪੀੜ੍ਹੀ ਵਿਚ ਆਪਣੇ ਆਲੇ-ਦੁਆਲੇ ਦੇ ਫੰਦਿਆਂ ਤੋਂ ਬਚਣਾ ਚਾਹੀਦਾ ਹੈ। ਇਸ ਲਈ, ਯਿਸੂ ਅੱਗੇ ਕਹਿੰਦਾ ਹੈ: “ਪਰ ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ। ਕਿਉਂਕਿ ਜਿਸ ਤਰਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ। ਅਤੇ ਓਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ।” (ਮੱਤੀ 24:36-39) ਇੱਥੇ ਯਿਸੂ ਨੇ ਆਪਣੇ ਦਿਨਾਂ ਦੀ ਪੀੜ੍ਹੀ ਦੀ ਤੁਲਨਾ ਨੂਹ ਦੇ ਦਿਨਾਂ ਦੀ ਪੀੜ੍ਹੀ ਨਾਲ ਕੀਤੀ।—ਉਤਪਤ 6:5, 9.
11. ਜਿਵੇਂ ਕਿ ਮੱਤੀ ਅਤੇ ਲੂਕਾ ਦੁਆਰਾ ਦੱਸਿਆ ਜਾਂਦਾ ਹੈ, ਯਿਸੂ ਨੇ ‘ਪੀਹੜੀਆਂ’ ਦੀ ਕਿਹੜੀ ਤੁਲਨਾ ਕੀਤੀ?
11 ਇਹ ਪਹਿਲੀ ਵਾਰੀ ਨਹੀਂ ਸੀ ਕਿ ਰਸੂਲਾਂ ਨੇ ਯਿਸੂ ਨੂੰ ‘ਪੀਹੜੀਆਂ’ ਦੀ ਤੁਲਨਾ ਕਰਦੇ ਹੋਏ ਸੁਣਿਆ, ਕਿਉਂਕਿ ਕੁਝ ਹੀ ਦਿਨ ਪਹਿਲਾਂ ਉਸ ਨੇ ਖ਼ੁਦ ਦੇ ਵਿਸ਼ੇ ਵਿਚ ਬਿਆਨ ਕੀਤਾ ਸੀ: ‘ਮਨੁੱਖ ਦਾ ਪੁੱਤ੍ਰ ਬਹੁਤ ਕਸ਼ਟ ਭੋਗੇਗਾ ਅਤੇ ਇਸ ਪੀਹੜੀ ਦੇ ਲੋਕਾਂ ਥੀਂ ਰੱਦਿਆ ਜਾਵੇਗਾ। ਅਰ ਜਿਸ ਤਰਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਓਸੇ ਤਰਾਂ ਮਨੁੱਖ ਦੇ ਪੁੱਤ੍ਰ ਦੇ ਦਿਨਾਂ ਵਿੱਚ ਵੀ ਹੋਵੇਗਾ।’ (ਲੂਕਾ 17:24-26) ਇਸ ਤਰ੍ਹਾਂ, ਮੱਤੀ ਅਧਿਆਇ 24 ਅਤੇ ਲੂਕਾ ਅਧਿਆਇ 17 ਸਮਾਨ ਤੁਲਨਾ ਕਰਦੇ ਹਨ। ਨੂਹ ਦੇ ਦਿਨਾਂ ਵਿਚ, ‘ਸਾਰੇ ਸਰੀਰ [ਜਿਨ੍ਹਾਂ] ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ’ ਅਤੇ ਜੋ ਜਲ-ਪਰਲੋ ਦੇ ਸਮੇਂ ਨਾਸ਼ ਹੋਏ ਸਨ, ਉਹ ‘ਇਹ ਪੀਹੜੀ’ ਸੀ। ਯਿਸੂ ਦੇ ਦਿਨਾਂ ਵਿਚ ਧਰਮ-ਤਿਆਗੀ ਯਹੂਦੀ ਲੋਕੀ ਜੋ ਯਿਸੂ ਨੂੰ ਰੱਦ ਕਰ ਰਹੇ ਸਨ, ਉਹ ‘ਇਹ ਪੀਹੜੀ’ ਸੀ।—ਉਤਪਤ 6:11, 12; 7:1.
12, 13. (ੳ) ਅੱਜ “ਇਹ ਪੀਹੜੀ” ਕੀ ਹੈ ਜਿਸ ਦਾ ਬੀਤ ਜਾਣਾ ਜ਼ਰੂਰੀ ਹੈ? (ਅ) ਯਹੋਵਾਹ ਦੇ ਲੋਕ ਹੁਣ ਇਸ “ਵਿੰਗੀ ਟੇਢੀ ਪੀੜ੍ਹੀ” ਨਾਲ ਕਿਵੇਂ ਨਿਭ ਰਹੇ ਹਨ?
12 ਇਸ ਲਈ, ਯਿਸੂ ਦੀ ਭਵਿੱਖਬਾਣੀ ਦੀ ਅੱਜ ਅੰਤਿਮ ਪੂਰਤੀ ਵਿਚ, “ਇਹ ਪੀਹੜੀ” ਜ਼ਾਹਰਾ ਤੌਰ ਤੇ ਧਰਤੀ ਦੇ ਉਨ੍ਹਾਂ ਲੋਕਾਂ ਨੂੰ ਸੰਕੇਤ ਕਰਦੀ ਹੈ, ਜੋ ਮਸੀਹ ਦੀ ਮੌਜੂਦਗੀ ਦਾ ਲੱਛਣ ਦੇਖਦੇ ਹਨ ਪਰ ਆਪਣੇ ਰਾਹਾਂ ਨੂੰ ਨਹੀਂ ਸੁਧਾਰਦੇ ਹਨ। ਇਸ ਦੇ ਉਲਟ, ਅਸੀਂ ਯਿਸੂ ਦੇ ਚੇਲਿਆਂ ਵਜੋਂ, ‘ਇਸ ਪੀਹੜੀ’ ਦੇ ਜੀਵਨ-ਢੰਗ ਵਿਚ ਢਾਲੇ ਜਾਣ ਤੋਂ ਇਨਕਾਰ ਕਰਦੇ ਹਾਂ। ਸੰਸਾਰ ਵਿਚ ਹੁੰਦੇ ਹੋਏ ਵੀ, ਸਾਨੂੰ ਇਸ ਦਾ ਕੋਈ ਭਾਗ ਨਹੀਂ ਬਣਨਾ ਚਾਹੀਦਾ ਹੈ, “ਕਿਉਂਕਿ ਮਿਥਿਆ ਹੋਇਆ ਸਮਾਂ ਲਾਗੇ ਹੀ ਹੈ।” (ਪਰਕਾਸ਼ ਦੀ ਪੋਥੀ 1:3, ਪੰਜਾਬੀ ਬਾਈਬਲ ਨਵਾਂ ਅਨੁਵਾਦ; ਯੂਹੰਨਾ 17:16) ਰਸੂਲ ਪੌਲੁਸ ਸਾਨੂੰ ਤਾੜਨਾ ਦਿੰਦਾ ਹੈ: “ਤੁਸੀਂ ਸੱਭੇ ਕੰਮ ਬੁੜ ਬੁੜ ਅਤੇ ਝਗੜੇ ਕਰਨ ਤੋਂ ਬਿਨਾ ਕਰੋ। ਭਈ ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਧੇ ਹੋ ਕੇ ਵਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ੁਰ ਦੇ ਨਿਰਮਲ ਬਾਲਕ ਬਣੇ ਰਹੋ ਜਿਨ੍ਹਾਂ ਦੇ ਵਿੱਚ ਤੁਸੀਂ ਜਗਤ ਉੱਤੇ ਜੋਤਾਂ ਵਾਂਙੁ ਦਿੱਸਦੇ ਹੋ।”—ਫ਼ਿਲਿੱਪੀਆਂ 2:14, 15; ਕੁਲੁੱਸੀਆਂ 3:5-10; 1 ਯੂਹੰਨਾ 2:15-17.
13 ਸਾਡਾ ‘ਜੋਤਾਂ ਵਾਂਙੁ ਦਿੱਸਣ’ ਵਿਚ ਨਾ ਕੇਵਲ ਇਕ ਸ਼ੁੱਧ ਮਸੀਹੀ ਵਿਅਕਤਿੱਤਵ ਪ੍ਰਗਟ ਕਰਨਾ ਪਰੰਤੂ, ਸਭ ਤੋਂ ਮਹੱਤਵਪੂਰਣ, ਯਿਸੂ ਦੀ ਇਸ ਭਵਿੱਖ-ਸੂਚਕ ਕਾਰਜ-ਨਿਯੁਕਤੀ ਨੂੰ ਪੂਰਾ ਕਰਨਾ ਸ਼ਾਮਲ ਹੈ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਕੋਈ ਵੀ ਮਾਨਵ ਕਹਿ ਨਹੀਂ ਸਕਦਾ ਹੈ ਕਿ ਉਹ ਅੰਤ ਕਦੋਂ ਹੋਵੇਗਾ, ਪਰ ਅਸੀਂ ਜਾਣਦੇ ਹਾਂ ਕਿ ਦੁਸ਼ਟ ਲੋਕਾਂ ਦੀ ‘ਇਸ ਪੀਹੜੀ’ ਦਾ ਅੰਤ ਉਦੋਂ ਆ ਜਾਵੇਗਾ ਜਦੋਂ “ਧਰਤੀ ਦੇ ਬੰਨੇ ਤੀਕੁਰ” ਪਰਮੇਸ਼ੁਰ ਦੀ ਸੰਤੁਸ਼ਟੀ ਅਨੁਸਾਰ ਗਵਾਹੀ ਦਿੱਤੀ ਜਾ ਚੁੱਕੀ ਹੋਵੇਗੀ।—ਰਸੂਲਾਂ 1:8.
‘ਉਹ ਦਿਨ ਅਤੇ ਘੜੀ’
14. ਯਿਸੂ ਅਤੇ ਪੌਲੁਸ ਦੋਹਾਂ ਨੇ “ਸਮਿਆਂ ਅਤੇ ਵੇਲਿਆਂ” ਦੇ ਵਿਸ਼ੇ ਵਿਚ ਕਿਹੜੀ ਤਾੜਨਾ ਦਿੱਤੀ, ਅਤੇ ਸਾਨੂੰ ਕਿਵੇਂ ਪ੍ਰਤਿਕ੍ਰਿਆ ਦਿਖਾਉਣੀ ਚਾਹੀਦੀ ਹੈ?
14 ਜਦੋਂ ਵਿਸ਼ਵ-ਵਿਆਪੀ ਗਵਾਹੀ ਉਸ ਹੱਦ ਤਕ ਸੰਪੰਨ ਕੀਤੀ ਜਾਵੇਗੀ, ਜਿੰਨੀ ਕਿ ਯਹੋਵਾਹ ਦਾ ਉਦੇਸ਼ ਹੈ, ਉਦੋਂ ਇਸ ਸੰਸਾਰ ਦੀ ਵਿਵਸਥਾ ਨੂੰ ਹਟਾਉਣ ਦਾ ਉਸ ਦਾ “ਦਿਨ ਅਤੇ ਘੜੀ” ਹੋਵੇਗੀ। ਸਾਨੂੰ ਪਹਿਲਾਂ ਤੋਂ ਤਾਰੀਖ਼ ਜਾਣਨ ਦੀ ਲੋੜ ਨਹੀਂ ਹੈ। ਇਸ ਤਰ੍ਹਾਂ, ਯਿਸੂ ਦੇ ਉਦਾਹਰਣ ਦੀ ਪੈਰਵੀ ਕਰਦੇ ਹੋਏ, ਰਸੂਲ ਪੌਲੁਸ ਨੇ ਤਾੜਨਾ ਦਿੱਤੀ: “ਹੇ ਭਰਾਵੋ, ਤੁਹਾਨੂੰ ਕੋਈ ਲੋੜ ਨਹੀਂ ਜੋ ਤੁਹਾਡੀ ਵੱਲ ਸਮਿਆਂ ਅਤੇ ਵੇਲਿਆਂ ਲਈ ਕੁਝ ਲਿਖਿਆ ਜਾਵੇ। ਕਿਉਂ ਜੋ ਤੁਸੀਂ ਆਪ ਠੀਕ ਤਰਾਂ ਜਾਣਦੇ ਹੋ ਭਈ ਪ੍ਰਭੁ ਦਾ ਦਿਨ ਇਸ ਤਰਾਂ ਆਵੇਗਾ ਜਿਸ ਤਰਾਂ ਰਾਤ ਨੂੰ ਚੋਰ। ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ ਜਿਵੇਂ ਗਰਭਵੰਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ ਅਤੇ ਓਹ ਕਦੀ ਨਾ ਬਚਣਗੇ।” ਪੌਲੁਸ ਦੀ ਮੁੱਖ ਗੱਲ ਉੱਤੇ ਗੌਰ ਕਰੋ: “ਜਦ ਲੋਕ ਆਖਦੇ ਹੋਣਗੇ।” ਜੀ ਹਾਂ, ਜਦੋਂ “ਅਮਨ ਚੈਨ ਅਤੇ ਸੁਖ ਸਾਂਦ” ਦੀ ਚਰਚਾ ਹੁੰਦੀ ਹੋਵੇਗੀ, ਜਦੋਂ ਇਸ ਦੀ ਸਭ ਤੋਂ ਘੱਟ ਆਸ ਹੋਵੇਗੀ, ਉਦੋਂ ਪਰਮੇਸ਼ੁਰ ਦਾ ਨਿਆਉਂ ਅਚਾਨਕ ਹੀ ਪੂਰਾ ਕੀਤਾ ਜਾਵੇਗਾ। ਪੌਲੁਸ ਦੀ ਸਲਾਹ ਕਿੰਨੀ ਉਚਿਤ ਹੈ: “ਸੋ ਇਸ ਲਈ ਅਸੀਂ ਹੋਰਨਾਂ ਵਾਂਙੁ ਨਾ ਸਵੀਏਂ ਸਗੋਂ ਜਾਗਦੇ ਰਹੀਏ ਅਰ ਸੁਚੇਤ ਰਹੀਏ”!—1 ਥੱਸਲੁਨੀਕੀਆਂ 5:1-3, 6; ਨਾਲੇ ਦੇਖੋ ਆਇਤਾਂ 7-11; ਰਸੂਲਾਂ ਦੇ ਕਰਤੱਬ 1:7.
15, 16. (ੳ) ਸਾਨੂੰ ਕਿਉਂ ਨਹੀਂ ਸੋਚਣਾ ਚਾਹੀਦਾ ਹੈ ਕਿ ਸ਼ਾਇਦ ਜਿੰਨਾ ਸਾਡਾ ਵਿਸ਼ਵਾਸ ਸੀ, ਆਰਮਾਗੇਡਨ ਉਸ ਤੋਂ ਜ਼ਿਆਦਾ ਦੂਰ ਹੈ? (ਅ) ਯਹੋਵਾਹ ਦੀ ਸਰਬਸੱਤਾ ਦੀ ਮਹਿਮਾ ਨੇੜੇ ਭਵਿੱਖ ਵਿਚ ਕਿਵੇਂ ਕੀਤੀ ਜਾਵੇਗੀ?
15 ਕੀ ‘ਇਸ ਪੀਹੜੀ’ ਉੱਤੇ ਸਾਡਾ ਹੋਰ ਸੁਨਿਸ਼ਚਿਤ ਦ੍ਰਿਸ਼ਟੀਕੋਣ ਦਾ ਇਹ ਅਰਥ ਹੈ ਕਿ ਆਰਮਾਗੇਡਨ ਉਸ ਤੋਂ ਜ਼ਿਆਦਾ ਦੂਰ ਹੈ ਜਿੰਨਾ ਅਸੀਂ ਸੋਚਿਆ ਸੀ? ਨਹੀਂ, ਬਿਲਕੁਲ ਨਹੀਂ! ਭਾਵੇਂ ਕਿ ਅਸੀਂ ਕਦੇ ਵੀ ਉਹ “ਦਿਨ ਅਤੇ ਘੜੀ” ਨਹੀਂ ਜਾਣਿਆ, ਯਹੋਵਾਹ ਪਰਮੇਸ਼ੁਰ ਨੇ ਇਸ ਨੂੰ ਹਮੇਸ਼ਾ ਤੋਂ ਜਾਣਿਆ ਹੈ, ਅਤੇ ਉਹ ਬਦਲਦਾ ਨਹੀਂ ਹੈ। (ਮਲਾਕੀ 3:6) ਸਪੱਸ਼ਟ ਤੌਰ ਤੇ, ਇਹ ਸੰਸਾਰ ਅੰਤਿਮ ਤਬਾਹੀ ਵੱਲ ਡੁੱਬਦਾ ਹੀ ਚਲਾ ਜਾ ਰਿਹਾ ਹੈ। ਜਾਗਦੇ ਰਹਿਣ ਦੀ ਹੁਣ ਅੱਗੇ ਨਾਲੋਂ ਕਿਤੇ ਹੀ ਜ਼ਿਆਦਾ ਜ਼ਰੂਰਤ ਹੈ। ਯਹੋਵਾਹ ਨੇ ਸਾਨੂੰ “ਓਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ,” ਪ੍ਰਗਟ ਕੀਤੀਆਂ ਹਨ, ਅਤੇ ਸਾਨੂੰ ਪੂਰਵ ਤੀਬਰਤਾ ਦੀ ਭਾਵਨਾ ਨਾਲ ਪ੍ਰਤਿਕ੍ਰਿਆ ਦਿਖਾਉਣੀ ਚਾਹੀਦੀ ਹੈ।—ਪਰਕਾਸ਼ ਦੀ ਪੋਥੀ 1:1; 11:18; 16:14, 16.
16 ਜਿਉਂ ਹੀ ਸਮਾਂ ਨੇੜੇ ਅੱਪੜਦਾ ਹੈ, ਜਾਗਦੇ ਰਹੋ, ਕਿਉਂਕਿ ਯਹੋਵਾਹ ਸ਼ਤਾਨ ਦੀ ਪੂਰੀ ਵਿਵਸਥਾ ਉੱਤੇ ਤਬਾਹੀ ਲਿਆਉਣ ਜਾ ਰਿਹਾ ਹੈ! (ਯਿਰਮਿਯਾਹ 25:29-31) ਯਹੋਵਾਹ ਕਹਿੰਦਾ ਹੈ: “[ਮੈਂ] ਆਪਣੀ ਮਹਿਮਾ ਅਤੇ ਆਪਣੀ ਪਵਿੱਤ੍ਰਤਾ ਕਰਾਵਾਂਗਾ ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਜਾਣਿਆ ਜਾਵਾਂਗਾ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!” (ਹਿਜ਼ਕੀਏਲ 38:23) ਉਹ ਫ਼ੈਸਲਾਕੁਨ “ਯਹੋਵਾਹ ਦਾ ਦਿਨ” ਨਿਕਟ ਆਉਂਦਾ ਹੈ!—ਯੋਏਲ 1:15; 2:1, 2; ਆਮੋਸ 5:18-20; ਸਫ਼ਨਯਾਹ 2:2, 3.
ਧਾਰਮਿਕ “ਨਵੇਂ ਅਕਾਸ਼ ਅਤੇ ਨਵੀਂ ਧਰਤੀ”
17, 18. (ੳ) ਯਿਸੂ ਅਤੇ ਪਤਰਸ ਦੇ ਅਨੁਸਾਰ, “ਇਹ ਪੀਹੜੀ” ਕਿਵੇਂ ਬੀਤ ਜਾਂਦੀ ਹੈ? (ਅ) ਸਾਨੂੰ ਚਾਲ-ਚਲਣ ਅਤੇ ਭਗਤੀ ਦਿਆਂ ਕੰਮਾਂ ਦੇ ਸੰਬੰਧ ਵਿਚ ਕਿਉਂ ਜਾਗਦੇ ਰਹਿਣਾ ਚਾਹੀਦਾ ਹੈ?
17 ‘ਇਨ੍ਹਾਂ ਸਭ ਗੱਲਾਂ ਜਿਹੜੀਆਂ ਹੋਣੀਆਂ ਹਨ,’ ਦੇ ਵਿਸ਼ੇ ਵਿਚ ਯਿਸੂ ਨੇ ਕਿਹਾ: “ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ।” (ਮੱਤੀ 24:34, 35) ਯਿਸੂ ਸੰਭਵ ਤੌਰ ਤੇ ‘ਇਸ ਪੀਹੜੀ’ ਦੇ “ਅਕਾਸ਼ ਅਤੇ ਧਰਤੀ”—ਸ਼ਾਸਕਾਂ ਅਤੇ ਪਰਜਾ—ਬਾਰੇ ਸੋਚ ਰਿਹਾ ਸੀ। ਰਸੂਲ ਪਤਰਸ ਨੇ ਸਮਾਨ ਸ਼ਬਦਾਂ ਦੀ ਵਰਤੋਂ ਕੀਤੀ, ਜਦੋਂ ਉਸ ਨੇ “ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ” ਦਾ ਜ਼ਿਕਰ ਕੀਤਾ, ਜਿਹੜੇ ਕਿ “ਸਾੜੇ ਜਾਣ ਲਈ . . . ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ।” ਉਹ ਫਿਰ ਅੱਗੇ ਵਰਣਨ ਕਰਦਾ ਹੈ ਕਿ ਕਿਵੇਂ “ਪ੍ਰਭੁ ਦਾ ਦਿਨ ਚੋਰ ਵਾਂਙੁ ਆਵੇਗਾ ਜਿਹ ਦੇ ਵਿੱਚ [ਸਰਕਾਰੀ] ਅਕਾਸ਼ . . . ਜਾਂਦੇ ਰਹਿਣਗੇ,” ਅਤੇ ਨਾਲ ਹੀ ਇਕ ਭ੍ਰਿਸ਼ਟ ਮਾਨਵੀ ਸਮਾਜ, ਜਾਂ “ਧਰਤੀ,” ਅਤੇ ਉਸ ਦੇ ਪਾਪਪੂਰਣ ਕੰਮ ਵੀ ਜਾਂਦੇ ਰਹਿਣਗੇ। ਫਿਰ ਰਸੂਲ ਸਾਨੂੰ “ਪਵਿੱਤਰ ਚਲਣ ਅਤੇ ਭਗਤੀ [“ਦਿਆਂ ਕੰਮਾਂ,” ਨਿ ਵ]” ਲਈ ਉਭਾਰਦਾ ਹੈ, ਜਿਉਂ ਹੀ ਅਸੀਂ ‘ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਹਾਂ ਜਿਹ ਦੇ ਕਾਰਨ ਅਕਾਸ਼ ਬਲ ਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪੱਘਰ ਜਾਣਗੀਆਂ।’ ਇਸ ਮਗਰੋਂ ਕੀ ਹੋਵੇਗਾ? ਪਤਰਸ ਸਾਡਾ ਧਿਆਨ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਵੱਲ ਖਿੱਚਦਾ ਹੈ, ‘ਜਿਨ੍ਹਾਂ ਵਿੱਚ ਧਰਮ ਵੱਸੇਗਾ।’—2 ਪਤਰਸ 3:7, 10-13.c
18 ਉਹ “ਨਵੇਂ ਅਕਾਸ਼,” ਅਥਵਾ ਮਸੀਹ ਯਿਸੂ ਅਤੇ ਉਸ ਦੇ ਸੰਗੀ ਰਾਜਿਆਂ ਦੇ ਦੁਆਰਾ ਰਾਜ ਸ਼ਾਸਨ, ਮਨੁੱਖਜਾਤੀ ਦੀ ਧਾਰਮਿਕ “ਨਵੀਂ ਧਰਤੀ” ਸਮਾਜ ਉੱਤੇ ਬਰਕਤਾਂ ਬਰਸਾਏਗਾ। ਕੀ ਤੁਸੀਂ ਉਸ ਸਮਾਜ ਦੇ ਇਕ ਭਾਵੀ ਸਦੱਸ ਹੋ? ਜੇਕਰ ਹੋ, ਤਾਂ ਤੁਹਾਡੇ ਕੋਲ ਅੱਗੇ ਰੱਖੇ ਹੋਏ ਮਹਾਨ ਭਵਿੱਖ ਉੱਤੇ ਖ਼ੁਸ਼ ਹੋਣ ਦਾ ਕਾਰਨ ਹੈ!—ਯਸਾਯਾਹ 65:17-19; ਪਰਕਾਸ਼ ਦੀ ਪੋਥੀ 21:1-5.
19. ਅਸੀਂ ਹੁਣ ਕਿਹੜੇ ਮਹਾਨ ਵਿਸ਼ੇਸ਼-ਸਨਮਾਨ ਦਾ ਆਨੰਦ ਮਾਣ ਸਕਦੇ ਹਾਂ?
19 ਜੀ ਹਾਂ, ਹੁਣ ਵੀ ਮਨੁੱਖਜਾਤੀ ਦੀ ਇਕ ਧਾਰਮਿਕ “ਪੀਹੜੀ” ਇਕੱਠੀ ਕੀਤੀ ਜਾ ਰਹੀ ਹੈ। ਅੱਜ ਮਸਹ ਕੀਤਾ ਹੋਇਆ “ਮਾਤਬਰ ਅਤੇ ਬੁੱਧਵਾਨ ਨੌਕਰ” ਜ਼ਬੂਰ 78:1, 4 ਦੇ ਸ਼ਬਦਾਂ ਦੇ ਅਨੁਸਾਰ ਈਸ਼ਵਰੀ ਸਿੱਖਿਆ ਮੁਹੱਈਆ ਕਰ ਰਿਹਾ ਹੈ: ‘ਹੇ ਮੇਰੀ ਪਰਜਾ, ਮੇਰੀ ਬਿਵਸਥਾ ਉੱਤੇ ਆਪਣਾ ਕੰਨ ਧਰੋ, ਆਪਣੇ ਕੰਨ ਮੇਰੇ ਮੁਖ-ਵਾਕਾਂ ਉੱਤੇ ਲਾਓ, ਸਗੋਂ ਆਉਣ ਵਾਲੀ ਪੀੜ੍ਹੀ ਨੂੰ ਯਹੋਵਾਹ ਦੀ ਉਸਤਤ, ਉਸ ਦੀ ਸ਼ਕਤੀ ਅਤੇ ਅਚਰਜ ਕੰਮ ਜੋ ਉਸ ਨੇ ਕੀਤੇ ਦੱਸੋ।’ (ਮੱਤੀ 24:45-47) ਇਸ ਸਾਲ ਦੇ ਅਪ੍ਰੈਲ 14 ਨੂੰ, 75,500 ਤੋਂ ਅਧਿਕ ਕਲੀਸਿਯਾਵਾਂ ਵਿਚ ਅਤੇ ਕੁਝ 230 ਦੇਸ਼ਾਂ ਵਿਚ, ਪੂਰੀ ਧਰਤੀ ਉੱਤੇ 1,20,00,000 ਤੋਂ ਵਧ ਵਿਅਕਤੀ ਮਸੀਹ ਦੀ ਮੌਤ ਦੇ ਸਮਾਰਕ ਵਿਚ ਹਾਜ਼ਰ ਹੋਏ। ਕੀ ਤੁਸੀਂ ਉਨ੍ਹਾਂ ਵਿਚ ਸ਼ਾਮਲ ਸੀ? ਇੰਜ ਹੋਵੇ ਕਿ ਤੁਸੀਂ ਮਸੀਹ ਯਿਸੂ ਉੱਤੇ ਆਪਣੀ ਨਿਹਚਾ ਰੱਖੋ ਅਤੇ ‘ਬਚਾਉ ਲਈ ਯਹੋਵਾਹ ਦਾ ਨਾਮ ਲਵੋ।’—ਰੋਮੀਆਂ 10:11-13, ਨਿ ਵ.
20. ਜਦ ਕਿ “ਸਮਾ ਘਟਾਇਆ ਗਿਆ ਹੈ,” ਸਾਨੂੰ ਕਿਵੇਂ ਜਾਗਦੇ ਰਹਿਣਾ ਚਾਹੀਦਾ ਹੈ, ਅਤੇ ਕਿਹੜੀ ਉਮੀਦ ਨੂੰ ਨਜ਼ਰ ਵਿਚ ਰੱਖਦੇ ਹੋਏ?
20 “ਸਮਾ ਘਟਾਇਆ ਗਿਆ ਹੈ,” ਰਸੂਲ ਪੌਲੁਸ ਨੇ ਕਿਹਾ। ਤਾਂ ਫਿਰ, ਹੁਣ ਹਰ ਵੇਲੇ ਜਾਗਦੇ ਰਹਿਣ ਅਤੇ ਯਹੋਵਾਹ ਦੇ ਕਾਰਜ ਵਿਚ ਵਿਅਸਤ ਰਹਿਣ ਦਾ ਸਮਾਂ ਹੈ, ਜਿਉਂ ਹੀ ਅਸੀਂ ਮਨੁੱਖਜਾਤੀ ਦੀ ਇਕ ਬੁਰੀ ਪੀੜ੍ਹੀ ਦੁਆਰਾ ਲਿਆਂਦੀਆਂ ਗਈਆਂ ਅਜ਼ਮਾਇਸ਼ਾਂ ਅਤੇ ਨਫ਼ਰਤਾਂ ਨੂੰ ਸਹਿਨ ਕਰਦੇ ਹਾਂ। (1 ਕੁਰਿੰਥੀਆਂ 7:29; ਮੱਤੀ 10:22; 24:13, 14) ਆਓ ਅਸੀਂ ਜਾਗਦੇ ਰਹੀਏ, ਉਨ੍ਹਾਂ ਸਾਰੀਆਂ ਗੱਲਾਂ ਉੱਤੇ ਨਜ਼ਰ ਰੱਖਦੇ ਹੋਏ ਜੋ ਬਾਈਬਲ ਦੀ ਪੂਰਵ-ਸੂਚਨਾ ਅਨੁਸਾਰ ‘ਇਸ ਪੀਹੜੀ’ ਉੱਤੇ ਵਾਪਰਨਗੀਆਂ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚਣ ਅਤੇ ਮਨੁੱਖ ਦੇ ਪੁੱਤਰ ਦੇ ਸਾਮ੍ਹਣੇ ਈਸ਼ਵਰੀ ਪ੍ਰਵਾਨਗੀ ਨਾਲ ਖੜ੍ਹੇ ਰਹਿਣ ਦੁਆਰਾ, ਅਸੀਂ ਆਖ਼ਰਕਾਰ ਸਦੀਪਕ ਜੀਵਨ ਦਾ ਇਨਾਮ ਹਾਸਲ ਕਰ ਸਕਾਂਗੇ। (w95 11/1)
[ਫੁਟਨੋਟ]
a “ਸੱਤ ਸਮੇ” ਉੱਤੇ ਵੇਰਵੇ ਸਹਿਤ ਜਾਣਕਾਰੀ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ “ਤੇਰਾ ਰਾਜ ਆਵੇ” (ਅੰਗ੍ਰੇਜ਼ੀ) ਪੁਸਤਕ ਦੇ ਸਫ਼ੇ 127-39, 186-9 ਦੇਖੋ।
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਦਾ ਖੰਡ 1, ਸਫ਼ਾ 918 ਦੇਖੋ।
c ਨਾਲ ਹੀ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਸਾਡੀ ਆਉਣ ਵਾਲੀ ਵਿਸ਼ਵ ਸਰਕਾਰ—ਪਰਮੇਸ਼ੁਰ ਦਾ ਰਾਜ (ਅੰਗ੍ਰੇਜ਼ੀ) ਦੇ ਸਫ਼ੇ 152-6 ਅਤੇ 180-1 ਦੇਖੋ।
ਪੁਨਰ-ਵਿਚਾਰ ਵਿਚ ਸਵਾਲ:
◻ ਦਾਨੀਏਲ 4:32 ਦੀ ਪੂਰਤੀ ਦੇਖਣ ਮਗਰੋਂ, ਸਾਨੂੰ ਹੁਣ ਕਿਵੇਂ ‘ਜਾਗਦੇ ਰਹਿਣਾ’ ਚਾਹੀਦਾ ਹੈ?
◻ ਮੱਤੀ ਅਤੇ ਲੂਕਾ ਦੀਆਂ ਇੰਜੀਲਾਂ ‘ਇਸ ਪੀਹੜੀ’ ਦੀ ਕਿਵੇਂ ਪਛਾਣ ਕਰਵਾਉਂਦੀਆਂ ਹਨ?
◻ ਜਿਉਂ ਹੀ ਅਸੀਂ “ਉਸ ਦਿਨ ਅਤੇ ਘੜੀ” ਨੂੰ ਉਡੀਕਦੇ ਹਾਂ, ਅਸੀਂ ਕੀ ਦੇਖਦੇ ਹਾਂ, ਅਤੇ ਸਾਨੂੰ ਕਿਵੇਂ ਪ੍ਰਤਿਕ੍ਰਿਆ ਦਿਖਾਉਣੀ ਚਾਹੀਦੀ ਹੈ?
◻ ਧਾਰਮਿਕ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਦੀ ਉਮੀਦ ਨੂੰ ਸਾਨੂੰ ਕੀ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ?
[ਸਫ਼ੇ 15 ਉੱਤੇ ਤਸਵੀਰਾਂ]
ਦੁੱਖ ਭੋਗ ਰਹੀ ਮਨੁੱਖਜਾਤੀ ਰਾਹਤ ਪਾਵੇਗੀ ਜਦੋਂ ਇਹ ਹਿੰਸਕ, ਬੁਰੀ ਪੀੜ੍ਹੀ ਬੀਤ ਜਾਵੇਗੀ
[ਕ੍ਰੈਡਿਟ ਲਾਈਨ]
Alexandra Boulat/Sipa Press
[ਕ੍ਰੈਡਿਟ ਲਾਈਨ]
ਖੱਬੇ ਅਤੇ ਹੇਠਾਂ: Luc Delahaye/Sipa Press
[ਸਫ਼ੇ 16 ਉੱਤੇ ਤਸਵੀਰ]
ਮਨੁੱਖਜਾਤੀ ਦੀਆਂ ਸਾਰੀਆਂ ਨਸਲਾਂ ਲਈ ਥੋੜ੍ਹਾ ਹੀ ਅਗਾਹਾਂ ਸ਼ਾਨਦਾਰ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਹਨ