ਪਰਿਵਾਰਕ ਸਟੱਡੀ ਬਚਾਅ ਲਈ ਜ਼ਰੂਰੀ!
ਜ਼ਰਾ ਸੋਚੋ ਕਿ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦਾ ਜੁੱਧ’ ਕਿੰਨਾ ਭਿਆਨਕ ਤੇ ਖ਼ੌਫ਼ਨਾਕ ਹੋਵੇਗਾ! (ਪਰ. 16:14) ਮੀਕਾਹ ਨਬੀ ਨੇ ਉਸ ਦਿਨ ਦਾ ਜਿਵੇਂ ਵਰਣਨ ਕੀਤਾ ਹੈ, ਉਸ ਬਾਰੇ ਪੜ੍ਹ ਕੇ ਅਸੀਂ ਸੱਚ-ਮੁੱਚ ਘਾਬਰ ਜਾਂਦੇ ਹਾਂ: “ਪਹਾੜ . . . ਪੰਘਰ ਜਾਣਗੇ, ਖੱਡਾਂ ਚੀਰੀਆਂ ਜਾਣਗੀਆਂ, ਜਿਵੇਂ ਅੱਗ ਦੇ ਅੱਗੇ ਮੋਮ ਹੁੰਦਾ, ਜਿਵੇਂ ਘਾਟ ਉੱਤੋਂ ਪਾਣੀ ਵਗਦਾ।” (ਮੀਕਾ. 1:4) ਉਨ੍ਹਾਂ ਲੋਕਾਂ ਦਾ ਹਸ਼ਰ ਕੀ ਹੋਵੇਗਾ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੇ? ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਯਹੋਵਾਹ ਦੇ ਮਾਰੇ ਹੋਏ ਉਸ ਦਿਨ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੀਕ ਪਏ ਰਹਿਣਗੇ।”—ਯਿਰ. 25:33.
ਇਨ੍ਹਾਂ ਚੇਤਾਵਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਚੰਗਾ ਹੋਵੇਗਾ ਕਿ ਪਰਿਵਾਰ ਦੇ ਮੁਖੀ, ਜਿਨ੍ਹਾਂ ਵਿਚ ਇਕੱਲੇ ਮਾਪੇ ਵੀ ਹਨ, ਆਪਣੇ ਤੋਂ ਆਪਣੇ ਬੱਚਿਆਂ (ਜੋ ਥੋੜ੍ਹੇ ਵੱਡੇ ਹੋ ਚੁੱਕੇ ਹਨ) ਬਾਰੇ ਇਹ ਸਵਾਲ ਪੁੱਛਣ: ‘ਕੀ ਉਹ ਇਸ ਭਿਆਨਕ ਨਾਸ਼ ਵਿੱਚੋਂ ਬਚ ਨਿਕਲਣਗੇ?’ ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਇਸ ਨਾਸ਼ ਵਿੱਚੋਂ ਤੁਹਾਡੇ ਬੱਚੇ ਜ਼ਰੂਰ ਬਚ ਨਿਕਲਣਗੇ ਜੇ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਉਨ੍ਹਾਂ ਦਾ ਰਿਸ਼ਤਾ ਯਹੋਵਾਹ ਨਾਲ ਪੱਕਾ ਹੈ।—ਮੱਤੀ 24:21.
ਪਰਿਵਾਰਕ ਸਟੱਡੀ ਲਈ ਸਮਾਂ ਕੱਢਣਾ ਜ਼ਰੂਰੀ
ਮਾਪੇ ਹੋਣ ਦੇ ਨਾਤੇ, ਤੁਹਾਡੇ ਲਈ ਉਹ ਸਭ ਕੁਝ ਕਰਨਾ ਜ਼ਰੂਰੀ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਬੱਚਿਆਂ ਨੂੰ ‘ਯਹੋਵਾਹ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰ ਸਕਦੇ’ ਹੋ। (ਅਫ਼. 6:4) ਆਪਣੇ ਬੱਚਿਆਂ ਨਾਲ ਬਾਈਬਲ ਦੀ ਸਟੱਡੀ ਕਰਨੀ ਬਹੁਤ ਜ਼ਰੂਰੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਫ਼ਿਲਿੱਪੈ ਦੇ ਮਸੀਹੀਆਂ ਵਾਂਗ ਬਣਨ ਜਿਨ੍ਹਾਂ ਦੀ ਪੌਲੁਸ ਨੇ ਤਾਰੀਫ਼ ਕੀਤੀ ਸੀ ਕਿਉਂਕਿ ਉਹ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੇ ਹੁਕਮਾਂ ਨੂੰ ਮੰਨਦੇ ਸਨ। ਉਸ ਨੇ ਲਿਖਿਆ: “ਹੇ ਮੇਰੇ ਪਿਆਰਿਓ, ਜਿਵੇਂ ਤੁਸਾਂ ਸਦਾ ਆਗਿਆਕਾਰੀ ਕੀਤੀ ਨਿਰੇ ਮੇਰੇ ਹੁੰਦਿਆਂ ਨਹੀਂ ਸਗੋਂ ਹੁਣ ਬਹੁਤ ਵਧੀਕ ਮੇਰੇ ਪਰੋਖੇ ਹੁੰਦਿਆਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਨਿਬਾਹੋ।”—ਫ਼ਿਲਿ. 2:12.
ਕੀ ਤੁਹਾਡੇ ਬੱਚੇ ਤੁਹਾਡੀ ਗ਼ੈਰ-ਹਾਜ਼ਰੀ ਵਿਚ ਵੀ ਯਹੋਵਾਹ ਦੇ ਹੁਕਮਾਂ ਨੂੰ ਮੰਨਦੇ ਹਨ? ਉਦੋਂ ਕੀ ਜਦੋਂ ਉਹ ਸਕੂਲੇ ਹੁੰਦੇ ਹਨ? ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਯਕੀਨ ਦਿਵਾ ਸਕਦੇ ਹੋ ਕਿ ਯਹੋਵਾਹ ਦੇ ਕਾਨੂੰਨਾਂ ʼਤੇ ਚੱਲਣਾ ਹਮੇਸ਼ਾ ਅਕਲਮੰਦੀ ਦੀ ਗੱਲ ਹੈ, ਉਦੋਂ ਵੀ ਜਦੋਂ ਤੁਸੀਂ ਉਨ੍ਹਾਂ ਦੇ ਨਾਲ ਨਹੀਂ ਹੁੰਦੇ?
ਇਸ ਸੰਬੰਧੀ ਪਰਿਵਾਰਕ ਸਟੱਡੀ ਤੁਹਾਡੇ ਬੱਚੇ ਦੀ ਨਿਹਚਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਲਈ, ਆਓ ਆਪਾਂ ਤਿੰਨ ਗੱਲਾਂ ʼਤੇ ਚਰਚਾ ਕਰੀਏ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਪਰਿਵਾਰਕ ਸਟੱਡੀ ਨੂੰ ਸਫ਼ਲ ਬਣਾ ਸਕਦੇ ਹੋ।
ਸਟੱਡੀ ਬਾਕਾਇਦਾ ਕਰੋ
ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਦੇ ਪੁੱਤਰ ਮਿੱਥੇ ਗਏ ਸਮੇਂ ʼਤੇ ਪਰਮੇਸ਼ੁਰ ਦੀ ਹਜ਼ੂਰੀ ਵਿਚ ਆਉਂਦੇ ਸਨ। (ਅੱਯੂ. 1:6) ਤੁਸੀਂ ਵੀ ਆਪਣੇ ਬੱਚਿਆਂ ਨਾਲ ਇੱਦਾਂ ਕਰੋ। ਪਰਿਵਾਰਕ ਸਟੱਡੀ ਵਾਸਤੇ ਦਿਨ ਤੇ ਸਮਾਂ ਤੈ ਕਰੋ ਅਤੇ ਉਸ ਮੁਤਾਬਕ ਚੱਲੋ। ਪਰ ਜੇ ਕਿਸੇ ਕਾਰਨ ਕਰਕੇ ਤੁਸੀਂ ਮਿੱਥੇ ਦਿਨ ʼਤੇ ਪਰਿਵਾਰਕ ਸਟੱਡੀ ਨਹੀਂ ਕਰ ਸਕਦੇ, ਤਾਂ ਕਿਸੇ ਹੋਰ ਦਿਨ ਸਟੱਡੀ ਕਰੋ।
ਜਿਉਂ-ਜਿਉਂ ਮਹੀਨੇ ਲੰਘਦੇ ਹਨ, ਤਾਂ ਇੱਦਾਂ ਦਾ ਰਵੱਈਆ ਨਾ ਅਪਣਾਓ ਕਿ ਚਲੋ ਇਕ ਹਫ਼ਤਾ ਸਟੱਡੀ ਨਹੀਂ ਵੀ ਹੋਈ, ਤਾਂ ਕੋਈ ਵੱਡੀ ਗੱਲ ਨਹੀਂ। ਯਾਦ ਰੱਖੋ, ਤੁਹਾਡੇ ਬੱਚੇ ਤੁਹਾਡੇ ਖ਼ਾਸ ਬਾਈਬਲ ਵਿਦਿਆਰਥੀ ਹਨ। ਸ਼ਤਾਨ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ। (1 ਪਤ. 5:8) ਜੇ ਤੁਸੀਂ ਸ਼ਾਮ ਨੂੰ ਪਰਿਵਾਰਕ ਸਟੱਡੀ ਦੀ ਜਗ੍ਹਾ ਟੈਲੀਵਿਯਨ ਦੇਖਣ ਜਾਂ ਫਿਰ ਕੁਝ ਹੋਰ ਕਰਨ ਲੱਗ ਪਓ, ਤਾਂ ਇਹ ਸ਼ਤਾਨ ਦੀ ਜਿੱਤ ਹੋਵੇਗੀ।—ਅਫ਼. 5:15, 16; 6:12; ਫ਼ਿਲਿ. 1:10.
ਸਟੱਡੀ ਨੂੰ ਪ੍ਰੈਕਟੀਕਲ ਬਣਾਓ
ਪਰਿਵਾਰਕ ਸਟੱਡੀ ਦੀ ਸ਼ਾਮ ਸਿਰਫ਼ ਗਿਆਨ ਲੈਣ ਜਾਂ ਸਵਾਲ-ਜਵਾਬ ਕਰਨ ਦਾ ਹੀ ਸਮਾਂ ਨਹੀਂ ਹੈ। ਸਟੱਡੀ ਨੂੰ ਪ੍ਰੈਕਟੀਕਲ ਬਣਾਉਣ ਦੀ ਕੋਸ਼ਿਸ਼ ਕਰੋ। ਕਿੱਦਾਂ? ਕਦੇ-ਕਦੇ ਤੁਸੀਂ ਅਜਿਹੇ ਵਿਸ਼ੇ ਚੁਣ ਸਕਦੇ ਹੋ ਜੋ ਭਵਿੱਖ ਵਿਚ ਆਉਣ ਵਾਲੇ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਤੁਹਾਡੇ ਬੱਚੇ ਦੀ ਮਦਦ ਕਰਨਗੇ। ਮਿਸਾਲ ਲਈ, ਉਸ ਸ਼ਾਮ ਕਿਉਂ ਨਾ ਆਪਣੇ ਬੱਚੇ ਨਾਲ ਰੀਹਰਸਲ ਕਰੋ ਕਿ ਉਹ ਪ੍ਰਚਾਰ ਕਰਦਿਆਂ ਕਿਵੇਂ ਗੱਲਬਾਤ ਕਰੇਗਾ? ਬੱਚਿਆਂ ਨੂੰ ਉਹ ਕੰਮ ਕਰਨ ਵਿਚ ਬੜਾ ਮਜ਼ਾ ਆਉਂਦਾ ਹੈ ਜਿਹੜਾ ਉਹ ਚੰਗੀ ਤਰ੍ਹਾਂ ਕਰਨਾ ਜਾਣਦੇ ਹਨ। ਜੇ ਤੁਸੀਂ ਪੇਸ਼ਕਾਰੀਆਂ ਦੀ ਰੀਹਰਸਲ ਕਰਨ ਦੇ ਨਾਲ-ਨਾਲ ਇਹ ਵੀ ਸਿਖਾਓ ਕਿ ਇਤਰਾਜ਼ ਕਰਨ ਵਾਲੇ ਲੋਕਾਂ ਨਾਲ ਕਿਵੇਂ ਗੱਲ ਕਰਨੀ ਹੈ, ਤਾਂ ਤੁਹਾਡੇ ਬੱਚਿਆਂ ਦਾ ਭਰੋਸਾ ਹੋਰ ਵੀ ਵਧੇਗਾ ਜਿਉਂ-ਜਿਉਂ ਉਹ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰਚਾਰ ਕਰਨਗੇ।—2 ਤਿਮੋ. 2:15.
ਆਪਣੇ ਬੱਚਿਆਂ ਦੀ ਮਦਦ ਕਰਨ ਲਈ ਤੁਸੀਂ ਉਨ੍ਹਾਂ ਨਾਲ ਪ੍ਰੈਕਟਿਸ ਕਰ ਸਕਦੇ ਹੋ ਕਿ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿੱਦਾਂ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਤੁਸੀਂ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 2 (ਅੰਗ੍ਰੇਜ਼ੀ) ਕਿਤਾਬ ਦੇ 15ਵੇਂ ਅਧਿਆਇ ਵਿਚ ਦਿੱਤੀ ਜਾਣਕਾਰੀ ʼਤੇ ਆਧਾਰਿਤ ਗੱਲਬਾਤ ਕਰ ਸਕਦੇ ਹੋ। ਸਫ਼ੇ 132 ਅਤੇ 133 ਉੱਤੇ “ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਲਈ ਸੁਝਾਅ” (Peer-Pressure Planner) ਦਿੱਤੇ ਗਏ ਹਨ ਅਤੇ ਅਜਿਹੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਹਨ ਜੋ ਤੁਹਾਡਾ ਬੱਚਾ ਦਬਾਅ ਆਉਣ ਤੇ ਵਰਤ ਸਕਦਾ ਹੈ। ਸਫ਼ਾ 133 ਉੱਤੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ: “ਆਪਣੇ ਮਾਪਿਆਂ ਜਾਂ ਸਮਝਦਾਰ ਦੋਸਤ ਨਾਲ ਪ੍ਰੈਕਟਿਸ ਕਰੋ ਕਿ ਤੁਸੀਂ ਕੀ ਜਵਾਬ ਦਿਓਗੇ।” ਤਾਂ ਫਿਰ ਕਿਉਂ ਨਾ ਕਦੇ-ਕਦੇ ਆਪਣੀ ਪਰਿਵਾਰਕ ਸਟੱਡੀ ਦੌਰਾਨ ਪ੍ਰੈਕਟਿਸ ਕਰੋ ਕਿ ਬੱਚੇ ਹਾਣੀਆਂ ਨੂੰ ਕੀ ਜਵਾਬ ਦੇ ਸਕਦੇ ਹਨ?
ਪਰਿਵਾਰਕ ਸਟੱਡੀ ਦੌਰਾਨ ਮਾਪੇ ਇਸ ਗੱਲ ʼਤੇ ਵੀ ਜ਼ੋਰ ਦੇ ਸਕਦੇ ਹਨ ਕਿ ਬੱਚਿਆਂ ਲਈ ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚੇ ਰੱਖਣੇ ਕਿਉਂ ਫ਼ਾਇਦੇਮੰਦ ਹਨ। ਇਸ ਸੰਬੰਧੀ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 2 ਦੇ 38ਵੇਂ ਅਧਿਆਇ ਵਿਚ ਵਧੀਆ ਜਾਣਕਾਰੀ ਦਿੱਤੀ ਗਈ ਹੈ ਜਿਸ ਦਾ ਵਿਸ਼ਾ ਹੈ “ਮੈਂ ਜ਼ਿੰਦਗੀ ਵਿਚ ਕੀ ਕਰਾਂ?” ਇਸ ਅਧਿਆਇ ਉੱਤੇ ਚਰਚਾ ਕਰਦਿਆਂ, ਆਪਣੇ ਬੱਚੇ ਦੀ ਇਹ ਗੱਲ ਸਮਝਣ ਵਿਚ ਮਦਦ ਕਰੋ ਕਿ ਯਹੋਵਾਹ ਦੀ ਸੇਵਾ ਕਰਨੀ ਹੀ ਜ਼ਿੰਦਗੀ ਵਿਚ ਸਭ ਤੋਂ ਵਧੀਆ ਗੱਲ ਹੈ। ਆਪਣੇ ਬੱਚੇ ਵਿਚ ਪਾਇਨੀਅਰਿੰਗ ਕਰਨ, ਬੈਥਲ ਵਿਚ ਸੇਵਾ ਕਰਨ, ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਜਾਣ ਜਾਂ ਫਿਰ ਹੋਰ ਫੁੱਲ-ਟਾਈਮ ਸੇਵਾ ਕਰਨ ਦੀ ਇੱਛਾ ਪੈਦਾ ਕਰੋ।
ਪਰ ਇਕ ਗੱਲ ਧਿਆਨ ਵਿਚ ਰੱਖੋ ਜੋ ਕਿ ਮਾਪਿਆਂ ਲਈ ਫੰਦਾ ਬਣ ਸਕਦੀ ਹੈ। ਕੁਝ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਹੀ ਕੁਝ ਕਰਨ ਜਾਂ ਬਣਨ ਜੋ ਉਹ ਚਾਹੁੰਦੇ ਹਨ। ਪਰ ਮਾਪੇ ਬੱਚਿਆਂ ਦੀ ਉਨ੍ਹਾਂ ਗੱਲਾਂ ਲਈ ਤਾਰੀਫ਼ ਨਹੀਂ ਕਰਦੇ ਜੋ ਉਹ ਹੁਣ ਕਰ ਰਹੇ ਹਨ। ਆਪਣੇ ਬੱਚਿਆਂ ਨੂੰ ਬੈਥਲ ਸੇਵਾ ਕਰਨ ਅਤੇ ਮਿਸ਼ਨਰੀ ਬਣਨ ਦੀ ਹੱਲਾਸ਼ੇਰੀ ਦੇਣੀ ਚੰਗੀ ਗੱਲ ਹੈ, ਪਰ ਇੱਦਾਂ ਕਰਦਿਆਂ ਉਨ੍ਹਾਂ ਤੋਂ ਜ਼ਿਆਦਾ ਉਮੀਦਾਂ ਵੀ ਨਾ ਰੱਖੋ ਜਿਹੜੀਆਂ ਉਹ ਪੂਰੀਆਂ ਨਹੀਂ ਕਰ ਸਕਦੇ ਕਿਉਂਕਿ ਇਸ ਤਰ੍ਹਾਂ ਉਹ ਨਿਰਾਸ਼ ਹੋ ਜਾਣਗੇ। (ਕੁਲੁ. 3:21) ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਬੇਟੇ ਜਾਂ ਬੇਟੀ ਨੇ ‘ਆਪਣੇ ਦਿਲ’ ਨਾਲ ਯਹੋਵਾਹ ਨੂੰ ਪਿਆਰ ਕਰਨਾ ਹੈ ਨਾ ਕਿ ਤੁਹਾਡੇ ਦਿਲ ਨਾਲ। (ਮੱਤੀ 22:37) ਸੋ ਜਿਨ੍ਹਾਂ ਗੱਲਾਂ ਵਿਚ ਤੁਹਾਡਾ ਬੱਚਾ ਹੁਸ਼ਿਆਰ ਹੈ, ਉਨ੍ਹਾਂ ਗੱਲਾਂ ਲਈ ਉਸ ਦੀ ਤਾਰੀਫ਼ ਕਰੋ ਅਤੇ ਜਿਹੜੀਆਂ ਗੱਲਾਂ ਵਿਚ ਕਮਜ਼ੋਰ ਹੈ, ਉਨ੍ਹਾਂ ਕਰਕੇ ਉਸ ਦੀ ਨੁਕਤਾਚੀਨੀ ਨਾ ਕਰੋ। ਉਸ ਸਭ ਪ੍ਰਤਿ ਉਸ ਦੀ ਕਦਰ ਵਧਾਓ ਜੋ ਕੁਝ ਯਹੋਵਾਹ ਨੇ ਇਨਸਾਨਾਂ ਵਾਸਤੇ ਕੀਤਾ ਹੈ। ਫਿਰ ਤੁਹਾਡਾ ਬੱਚਾ ਦੇਖ ਪਾਏਗਾ ਕਿ ਯਹੋਵਾਹ ਕਿੰਨਾ ਭਲਾ ਹੈ!
ਸਟੱਡੀ ਨੂੰ ਮਜ਼ੇਦਾਰ ਬਣਾਓ
ਤੀਜੀ ਗੱਲ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਪਰਿਵਾਰਕ ਸਟੱਡੀ ਦੀ ਸ਼ਾਮ ਫ਼ਾਇਦੇਮੰਦ ਹੋਵੇ, ਤਾਂ ਜ਼ਰੂਰੀ ਹੈ ਕਿ ਸਟੱਡੀ ਨੂੰ ਮਜ਼ੇਦਾਰ ਬਣਾਈਏ। ਕਿੱਦਾਂ? ਕਦੇ-ਕਦੇ ਤੁਸੀਂ ਆਡੀਓ ਡਰਾਮੇ ਦੀਆਂ ਕੈਸਟਾਂ ਸੁਣ ਸਕਦੇ ਹੋ ਜਾਂ ਯਹੋਵਾਹ ਦੇ ਗਵਾਹਾਂ ਵੱਲੋਂ ਤਿਆਰ ਕੀਤੇ ਗਏ ਵਿਡਿਓ ਦੇਖ ਸਕਦੇ ਹੋ ਅਤੇ ਇਨ੍ਹਾਂ ਉੱਤੇ ਚਰਚਾ ਕਰ ਸਕਦੇ ਹੋ। ਜਾਂ ਫਿਰ ਤੁਸੀਂ ਇਕੱਠੇ ਮਿਲ ਕੇ ਬਾਈਬਲ ਦਾ ਕੋਈ ਹਿੱਸਾ ਪੜ੍ਹ ਸਕਦੇ ਹੋ। ਇਸ ਹਿੱਸੇ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਪਰਿਵਾਰ ਦਾ ਹਰ ਮੈਂਬਰ ਪੜ੍ਹ ਸਕਦਾ ਹੈ।
ਪਹਿਰਾਬੁਰਜ ਤੇ ਜਾਗਰੂਕ ਬਣੋ! ਵਿਚ ਵਧੀਆ ਲੇਖ ਹਨ ਜਿਨ੍ਹਾਂ ʼਤੇ ਸਾਰਾ ਪਰਿਵਾਰ ਮਿਲ ਕੇ ਚਰਚਾ ਕਰ ਸਕਦਾ ਹੈ। ਮਿਸਾਲ ਲਈ, ਤੁਸੀਂ ਸ਼ਾਇਦ ਜਾਗਰੂਕ ਬਣੋ! ਰਸਾਲੇ ਦੇ 31ਵੇਂ ਸਫ਼ੇ ਉੱਤੇ ਦਿੱਤਾ ਗਿਆ ਲੇਖ ਇਸਤੇਮਾਲ ਕਰਨਾ ਚਾਹੋ ਜਿਸ ਦਾ ਵਿਸ਼ਾ ਹੈ, “ਤੁਸੀਂ ਕੀ ਜਵਾਬ ਦਿਓਗੇ?” ਪਹਿਰਾਬੁਰਜ ਦੇ ਪਬਲਿਕ ਐਡੀਸ਼ਨ ਵਿਚ ਕਦੇ-ਕਦੇ “ਨੌਜਵਾਨਾਂ ਲਈ” ਨਾਂ ਦਾ ਸਟੱਡੀ ਪ੍ਰਾਜੈਕਟ ਆਉਂਦਾ ਹੈ ਅਤੇ ਕਦੇ-ਕਦੇ “ਆਪਣੇ ਬੱਚਿਆਂ ਨੂੰ ਸਿਖਾਓ” ਲੇਖ ਵੀ ਆਉਂਦਾ ਹੈ।
ਜਾਗਰੂਕ ਬਣੋ! ਵਿਚ “ਨੌਜਵਾਨ ਪੁੱਛਦੇ ਹਨ” ਲੇਖ ਵੀ ਆਉਂਦੇ ਹਨ ਜੋ ਖ਼ਾਸ ਕਰਕੇ ਨੌਜਵਾਨਾਂ ਲਈ ਤਿਆਰ ਕੀਤੇ ਗਏ ਹਨ। ਨਾਲੇ ਨੌਜਵਾਨਾਂ ਨੂੰ ਕਿਤਾਬ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 2 ਕਾਫ਼ੀ ਦਿਲਚਸਪ ਲੱਗੇਗੀ। ਇਹ ਕਿਤਾਬ ਵਰਤਦਿਆਂ ਤੁਸੀਂ ਹਰੇਕ ਅਧਿਆਇ ਦੇ ਅਖ਼ੀਰ ਵਿਚ ਦਿੱਤੀ ਡੱਬੀ “ਤੁਹਾਡਾ ਕੀ ਖ਼ਿਆਲ ਹੈ?” ਵਰਤਣੀ ਨਾ ਭੁੱਲਿਓ। ਇਹ ਡੱਬੀ ਸਿਰਫ਼ ਜਾਣਕਾਰੀ ਉੱਤੇ ਮੁੜ-ਵਿਚਾਰ ਕਰਨ ਲਈ ਹੀ ਨਹੀਂ ਦਿੱਤੀ ਗਈ ਹੈ। ਇਸ ਡੱਬੀ ਵਿਚ ਦਿੱਤੇ ਸਵਾਲਾਂ ਦੀ ਮਦਦ ਨਾਲ ਸਾਰੇ ਪਰਿਵਾਰ ਨਾਲ ਚਰਚਾ ਕੀਤੀ ਜਾ ਸਕਦੀ ਹੈ।
ਪਰ ਇਸ ਗੱਲ ਦਾ ਧਿਆਨ ਰੱਖੋ ਕਿ ਪਰਿਵਾਰਕ ਸਟੱਡੀ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਬੱਚਿਆਂ ਤੋਂ ਬਸ ਸਵਾਲ ਹੀ ਪੁੱਛੀ ਜਾਓ। ਮਿਸਾਲ ਲਈ, ਜੇ ਤੁਹਾਡੇ ਬੱਚੇ ਨੇ ਕਿਤਾਬ ਵਿਚ “ਮੇਰੀ ਡਾਇਰੀ” (My Journal) ਨਾਂ ਦੇ ਸਫ਼ੇ ਉੱਤੇ ਜਾਂ ਕਿਤਾਬ ਦੇ ਹੋਰ ਸਫ਼ਿਆਂ ਉੱਤੇ ਆਪਣੇ ਵਿਚਾਰ ਲਿਖੇ ਹਨ, ਤਾਂ ਉਸ ਨੂੰ ਸਾਰਿਆਂ ਦੇ ਸਾਮ੍ਹਣੇ ਇਹ ਵਿਚਾਰ ਪੜ੍ਹਨ ਲਈ ਮਜਬੂਰ ਨਾ ਕਰੋ। ਇਸ ਕਿਤਾਬ ਦੇ ਸਫ਼ਾ 3 ਉੱਤੇ “ਮਾਪਿਆਂ ਲਈ ਨੋਟ” (A Note to Parents) ਵਿਚ ਲਿਖਿਆ ਹੈ: “ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਬੇਝਿਜਕ ਹੋ ਕੇ ਕਿਤਾਬ ਵਿਚ ਆਪਣੇ ਵਿਚਾਰ ਲਿਖਣ, ਤਾਂ ਉਨ੍ਹਾਂ ਨੂੰ ਇਕੱਲਿਆਂ ਨੂੰ ਲਿਖਣ ਦਿਓ। ਬਾਅਦ ਵਿਚ ਸ਼ਾਇਦ ਉਹ ਤੁਹਾਡੇ ਨਾਲ ਉਨ੍ਹਾਂ ਵਿਚਾਰਾਂ ਬਾਰੇ ਖੁੱਲ੍ਹ ਕੇ ਗੱਲ ਕਰ ਸਕਣਗੇ ਜੋ ਉਨ੍ਹਾਂ ਨੇ ਕਿਤਾਬ ਵਿਚ ਲਿਖੇ ਹਨ।”
ਜੇ ਤੁਸੀਂ ਆਪਣੀ ਪਰਿਵਾਰਕ ਸਟੱਡੀ ਬਾਕਾਇਦਾ ਕਰੋਗੇ, ਇਸ ਨੂੰ ਪ੍ਰੈਕਟੀਕਲ ਅਤੇ ਮਜ਼ੇਦਾਰ ਬਣਾਓਗੇ, ਤਾਂ ਯਹੋਵਾਹ ਤੁਹਾਡੇ ਜਤਨਾਂ ʼਤੇ ਬਰਕਤ ਪਾਵੇਗਾ। ਜੇ ਸਾਰਾ ਪਰਿਵਾਰ ਮਿਲ ਕੇ ਸਟੱਡੀ ਲਈ ਰੱਖੇ ਇਸ ਸਮੇਂ ਦਾ ਲਾਭ ਉਠਾਵੇਗਾ, ਤਾਂ ਸਾਰਿਆਂ ਦੀ ਨਿਹਚਾ ਤਕੜੀ ਹੋਵੇਗੀ ਅਤੇ ਸਾਰੇ ਜਣੇ ਸੱਚਾਈ ਵਿਚ ਜੋਸ਼ੀਲੇ ਬਣਨਗੇ।
[ਸਫ਼ਾ 31 ਉੱਤੇ ਡੱਬੀ]
ਸਟੱਡੀ ਕਰਦਿਆਂ ਕੁਝ ਵੱਖਰਾ ਕਰੋ
“ਪਰਿਵਾਰਕ ਸਟੱਡੀ ਦੌਰਾਨ ਮੀਟਿੰਗਾਂ ਦੀ ਤਿਆਰੀ ਕਰਨ ਲਈ ਮੈਂ ਅਤੇ ਮੇਰਾ ਪਤੀ ਆਪਣੀਆਂ ਧੀਆਂ ਨਾਲ ਉਸ ਜਾਣਕਾਰੀ ਉੱਤੇ ਚਰਚਾ ਕਰਦੇ ਸਾਂ ਜੋ ਮੀਟਿੰਗਾਂ ਵਿਚ ਪੇਸ਼ ਕੀਤੀ ਜਾਣੀ ਹੁੰਦੀ ਸੀ। ਫਿਰ ਅਸੀਂ ਉਨ੍ਹਾਂ ਨੂੰ ਤਸਵੀਰ ਦੇ ਰਾਹੀਂ ਸੰਖੇਪ ਵਿਚ ਇਹ ਜਾਣਕਾਰੀ ਦਰਸਾਉਣ ਲਈ ਕਹਿੰਦੇ ਸਾਂ। ਕਦੇ-ਕਦੇ ਅਸੀਂ ਬਾਈਬਲ ਵਿਚ ਦੱਸੇ ਪਾਤਰਾਂ ਦਾ ਰੋਲ ਅਦਾ ਕਰ ਕੇ ਨਾਟਕ ਖੇਡਦੇ ਸਾਂ ਜਾਂ ਪ੍ਰਚਾਰ ਵਾਸਤੇ ਪੇਸ਼ਕਾਰੀਆਂ ਦੀ ਰੀਹਰਸਲ ਕਰਦੇ ਸਾਂ। ਅਸੀਂ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਸਟੱਡੀ ਕਰਦੇ ਹੁੰਦੇ ਸਾਂ ਅਤੇ ਸਟੱਡੀ ਨੂੰ ਦਿਲਚਸਪ, ਉਤਸ਼ਾਹਜਨਕ ਅਤੇ ਮਜ਼ੇਦਾਰ ਬਣਾਉਂਦੇ ਸਾਂ।”—ਜੇ. ਐਮ., ਅਮਰੀਕਾ।
“ਮੈਂ ਆਪਣੇ ਬਾਈਬਲ ਵਿਦਿਆਰਥੀ ਦੇ ਪੁੱਤਰ ਨੂੰ ਸਮਝਾਇਆ ਕਿ ਪੁਰਾਣੇ ਜ਼ਮਾਨੇ ਵਿਚ ਲਪੇਟਵੀਂ ਪੱਤਰੀ ਨੂੰ ਕਿੱਦਾਂ ਵਰਤਿਆ ਜਾਂਦਾ ਸੀ। ਅਸੀਂ ਯਸਾਯਾਹ ਦੀ ਪੋਥੀ ਦੇ ਸਾਰੇ ਅਧਿਆਵਾਂ ਤੇ ਆਇਤਾਂ ਦੇ ਨੰਬਰ ਮਿਟਾ ਕੇ ਇਸ ਨੂੰ ਪ੍ਰਿੰਟ ਕੀਤਾ। ਫਿਰ ਅਸੀਂ ਇਕੱਲੇ-ਇਕੱਲੇ ਸਫ਼ੇ ਨੂੰ ਜੋੜਿਆ ਅਤੇ ਇਸ ਲੰਬੀ ਸਾਰੀ ਪੋਥੀ ਦੇ ਦੋਹਾਂ ਸਿਰਿਆਂ ਤੇ ਇਕ-ਇਕ ਟਿਊਬ ਜੋੜ ਦਿੱਤੀ। ਫਿਰ ਮੁੰਡੇ ਨੇ ਉਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਯਿਸੂ ਨੇ ਨਾਸਰਤ ਦੇ ਸਭਾ-ਘਰ ਵਿਚ ਕੀਤਾ ਸੀ। ਲੂਕਾ 4:16-21 ਦੇ ਬਿਰਤਾਂਤ ਵਿਚ ਦੱਸਿਆ ਹੈ ਕਿ ਯਿਸੂ ਨੇ “[ਯਸਾਯਾਹ ਦੀ] ਪੋਥੀ ਖੋਲ੍ਹ ਕੇ ਉਹ ਥਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ।” (ਯਸਾ. 61:1, 2) ਪਰ ਜਦੋਂ ਮੁੰਡੇ ਨੇ ਯਿਸੂ ਵਾਂਗ ਪੋਥੀ ਖੋਲ੍ਹ ਕੇ ਪੜ੍ਹਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੂੰ ਲੰਬੀ ਪੱਤਰੀ ਵਿਚ ਯਸਾਯਾਹ 61 ਨਹੀਂ ਮਿਲਿਆ ਕਿਉਂਕਿ ਉਸ ਵਿਚ ਅਧਿਆਇ ਤੇ ਆਇਤਾਂ ਦੇ ਨੰਬਰ ਨਹੀਂ ਸਨ। ਜਦੋਂ ਮੁੰਡੇ ਨੂੰ ਅਹਿਸਾਸ ਹੋਇਆ ਕਿ ਯਿਸੂ ਲਪੇਟਵੀਂ ਪੱਤਰੀ ਨੂੰ ਵਰਤਣ ਵਿਚ ਮਾਹਰ ਸੀ, ਤਾਂ ਉਸ ਨੇ ਕਿਹਾ: ‘ਯਿਸੂ ਲਾਜਵਾਬ ਸੀ।’”—ਵਾਈ. ਟੀ., ਜਪਾਨ।
[ਸਫ਼ਾ 30 ਉੱਤੇ ਤਸਵੀਰ]
ਆਪਣੇ ਬੱਚਿਆਂ ਨਾਲ ਪ੍ਰੈਕਟਿਸ ਕਰੋ ਕਿ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿੱਦਾਂ ਕੀਤਾ ਜਾ ਸਕਦਾ ਹੈ
[ਸਫ਼ਾ 31 ਉੱਤੇ ਤਸਵੀਰ]
ਪਰਿਵਾਰਕ ਸਟੱਡੀ ਨੂੰ ਮਜ਼ੇਦਾਰ ਬਣਾਉਣ ਦੀ ਕੋਸ਼ਿਸ਼ ਕਰੋ