ਪਿਆਰ ਦਿਖਾਓ ਜਿਸ ਤੋਂ ਹੱਲਾਸ਼ੇਰੀ ਮਿਲਦੀ ਹੈ
“ਪਿਆਰ ਹੱਲਾਸ਼ੇਰੀ ਦਿੰਦਾ ਹੈ।”—1 ਕੁਰਿੰ. 8:1.
1. ਧਰਤੀ ਉੱਤੇ ਆਪਣੀ ਆਖ਼ਰੀ ਰਾਤ ʼਤੇ ਯਿਸੂ ਨੇ ਆਪਣੇ ਚੇਲਿਆਂ ਨਾਲ ਕਿਸ ਖ਼ਾਸ ਵਿਸ਼ੇ ʼਤੇ ਗੱਲ ਕੀਤੀ?
ਧਰਤੀ ਉੱਤੇ ਆਪਣੀ ਆਖ਼ਰੀ ਰਾਤ ʼਤੇ ਯਿਸੂ ਨੇ ਆਪਣੇ ਚੇਲਿਆਂ ਨਾਲ ਗੱਲ ਕਰਦਿਆਂ ਲਗਭਗ ਤੀਹ ਵਾਰ ਪਿਆਰ ਦਾ ਜ਼ਿਕਰ ਕੀਤਾ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਨ੍ਹਾਂ ਨੂੰ “ਇਕ-ਦੂਜੇ ਨਾਲ ਪਿਆਰ” ਕਰਨਾ ਚਾਹੀਦਾ ਹੈ। (ਯੂਹੰ. 15:12, 17) ਉਨ੍ਹਾਂ ਵਿਚ ਇੰਨਾ ਪਿਆਰ ਹੋਣਾ ਚਾਹੀਦਾ ਸੀ ਜੋ ਦੂਜਿਆਂ ਨੂੰ ਸਾਫ਼-ਸਾਫ਼ ਦਿਖਾਈ ਦਿੰਦਾ ਤੇ ਉਨ੍ਹਾਂ ਨੂੰ ਪਤਾ ਲੱਗਦਾ ਕਿ ਉਹ ਮਸੀਹ ਦੇ ਸੱਚੇ ਚੇਲੇ ਸਨ। (ਯੂਹੰ. 13:34, 35) ਯਿਸੂ ਨੇ ਜਿਸ ਪਿਆਰ ਦੀ ਗੱਲ ਕੀਤੀ ਉਹ ਸਿਰਫ਼ ਇਕ ਭਾਵਨਾ ਹੀ ਨਹੀਂ, ਸਗੋਂ ਇਹ ਇਕ ਸ਼ਾਨਦਾਰ ਗੁਣ ਹੈ ਜੋ ਕੰਮਾਂ ਰਾਹੀਂ ਦਿਖਾਇਆ ਜਾਂਦਾ ਹੈ। ਯਿਸੂ ਨੇ ਕਿਹਾ: “ਇਸ ਤੋਂ ਵੱਡਾ ਪਿਆਰ ਹੋਰ ਕੀ ਹੋ ਸਕਦਾ ਹੈ ਕਿ ਕੋਈ ਆਪਣੇ ਦੋਸਤਾਂ ਦੀ ਖ਼ਾਤਰ ਆਪਣੀ ਜਾਨ ਦੇਵੇ। ਤੁਸੀਂ ਤਾਂ ਹੀ ਮੇਰੇ ਦੋਸਤ ਹੋ ਜੇ ਤੁਸੀਂ ਮੇਰੇ ਹੁਕਮਾਂ ਨੂੰ ਮੰਨਦੇ ਹੋ।”—ਯੂਹੰ. 15:13, 14.
2. (ੳ) ਅੱਜ ਯਹੋਵਾਹ ਦੇ ਸੇਵਕ ਕਿਸ ਗੱਲ ਲਈ ਜਾਣੇ ਜਾਂਦੇ ਹਨ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?
2 ਅੱਜ ਯਹੋਵਾਹ ਦੇ ਲੋਕ ਸੱਚੇ ਤੇ ਨਿਰਸੁਆਰਥ ਪਿਆਰ ਅਤੇ ਏਕਤਾ ਲਈ ਜਾਣੇ ਜਾਂਦੇ ਹਨ। (1 ਯੂਹੰ. 3:10, 11) ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਅਸੀਂ ਕਿਸ ਦੇਸ਼ ਜਾਂ ਕੌਮ ਦੇ ਹਾਂ, ਕਿਹੜੀ ਬੋਲੀ ਬੋਲਦੇ ਹਾਂ ਜਾਂ ਸਾਡੀ ਪਰਵਰਿਸ਼ ਕਿੱਦਾਂ ਦੇ ਮਾਹੌਲ ਵਿਚ ਹੋਈ ਹੈ। ਪੂਰੀ ਦੁਨੀਆਂ ਵਿਚ ਯਹੋਵਾਹ ਦੇ ਸੇਵਕ ਇਕ-ਦੂਜੇ ਨਾਲ ਦਿਲੋਂ ਪਿਆਰ ਕਰਦੇ ਹਨ। ਅੱਜ ਪਿਆਰ ਦਿਖਾਉਣਾ ਇੰਨਾ ਜ਼ਰੂਰੀ ਕਿਉਂ ਹੈ? ਯਹੋਵਾਹ ਅਤੇ ਯਿਸੂ ਪਿਆਰ ਨਾਲ ਸਾਨੂੰ ਹੱਲਾਸ਼ੇਰੀ ਕਿਵੇਂ ਦਿੰਦੇ ਹਨ? ਅਸੀਂ ਪਿਆਰ ਰਾਹੀਂ ਦੂਜਿਆਂ ਨੂੰ ਹੌਸਲਾ ਤੇ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਾਂ?—1 ਕੁਰਿੰ. 8:1.
ਅੱਜ ਪਿਆਰ ਦਿਖਾਉਣਾ ਇੰਨਾ ਜ਼ਰੂਰੀ ਕਿਉਂ ਹੈ?
3. ਇਨ੍ਹਾਂ “ਮੁਸੀਬਤਾਂ ਨਾਲ ਭਰੇ” ਸਮਿਆਂ ਦਾ ਲੋਕਾਂ ʼਤੇ ਕੀ ਅਸਰ ਪੈਂਦਾ ਹੈ?
3 ਅਸੀਂ “ਮੁਸੀਬਤਾਂ ਨਾਲ ਭਰੇ” ਸਮਿਆਂ ਵਿਚ ਰਹਿ ਰਹੇ ਹਾਂ ਜਿਸ ਕਰਕੇ ਜ਼ਿੰਦਗੀ “ਕਸ਼ਟ ਅਤੇ ਸੋਗ” ਨਾਲ ਭਰੀ ਹੋਈ ਹੈ। (2 ਤਿਮੋ. 3:1-5; ਜ਼ਬੂ. 90:10) ਬਹੁਤ ਸਾਰੇ ਲੋਕ ਇੰਨੇ ਜ਼ਿਆਦਾ ਦੁੱਖ-ਤਕਲੀਫ਼ਾਂ ਦਾ ਸਾਮ੍ਹਣਾ ਕਰ ਰਹੇ ਹਨ ਕਿ ਉਨ੍ਹਾਂ ਵਿਚ ਜੀਉਣ ਦੀ ਇੱਛਾ ਹੀ ਨਹੀਂ ਰਹਿੰਦੀ। ਹਰ ਸਾਲ ਅੱਠ ਲੱਖ ਤੋਂ ਵੀ ਜ਼ਿਆਦਾ ਲੋਕ ਆਤਮ-ਹੱਤਿਆ ਕਰਦੇ ਹਨ ਯਾਨੀ ਚਾਲੀ ਸਕਿੰਟਾਂ ਵਿਚ ਇਕ ਜਣਾ ਆਤਮ-ਹੱਤਿਆ ਕਰਦਾ ਹੈ। ਦੁੱਖ ਦੀ ਗੱਲ ਹੈ ਕਿ ਸਾਡੇ ਕੁਝ ਭੈਣਾਂ-ਭਰਾਵਾਂ ਦੇ ਮਨ ਵਿਚ ਵੀ ਇੱਦਾਂ ਦੀਆਂ ਭਾਵਨਾਵਾਂ ਆਈਆਂ ਅਤੇ ਉਨ੍ਹਾਂ ਨੇ ਆਪਣੀ ਜਾਨ ਲੈ ਲਈ।
4. ਬਾਈਬਲ ਵਿਚ ਦੱਸੇ ਕਿਹੜੇ ਸੇਵਕਾਂ ਨੇ ਮਰਨ ਦੀ ਇੱਛਾ ਜ਼ਾਹਰ ਕੀਤੀ?
4 ਬਾਈਬਲ ਦੇ ਜ਼ਮਾਨੇ ਵਿਚ, ਪਰਮੇਸ਼ੁਰ ਦੇ ਕੁਝ ਵਫ਼ਾਦਾਰ ਸੇਵਕ ਆਪਣੀਆਂ ਮੁਸ਼ਕਲਾਂ ਕਰਕੇ ਇੰਨੇ ਦੁਖੀ ਹੋਏ ਕਿ ਉਹ ਮਰਨਾ ਚਾਹੁੰਦੇ ਸਨ। ਮਿਸਾਲ ਲਈ, ਅੱਯੂਬ ਇੰਨਾ ਦੁਖੀ ਸੀ ਕਿ ਉਸ ਨੇ ਕਿਹਾ: “ਮੈਂ ਤੁੱਛ ਹਾਂ, ਮੈਂ ਸਦਾ ਤੀਕ ਜੀਉਂਦਾ ਨਾ ਰਹਾਂਗਾ।” (ਅੱਯੂ. 7:16; 14:13) ਯੂਨਾਹ ਇੰਨਾ ਜ਼ਿਆਦਾ ਨਿਰਾਸ਼ ਹੋਇਆ ਕਿ ਉਸ ਨੇ ਕਿਹਾ: “ਸੋ ਹੁਣ ਹੇ ਯਹੋਵਾਹ, ਮੇਰੀ ਜਾਨ ਮੇਰੇ ਵਿੱਚੋਂ ਲੈ ਲੈ ਕਿਉਂ ਜੋ ਮੇਰਾ ਮਰਨਾ ਮੇਰੇ ਜੀਉਣੇ ਨਾਲੋਂ ਚੰਗਾ ਹੈ!” (ਯੂਨਾ. 4:3) ਏਲੀਯਾਹ ਨਬੀ ਨੂੰ ਉਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆਈ ਜਿਸ ਕਰਕੇ ਉਸ ਨੇ ਕਿਹਾ: “ਹੇ ਯਹੋਵਾਹ, ਹੁਣ ਇੰਨਾ ਹੀ ਬਹੁਤ ਹੈ ਮੇਰੀ ਜਾਨ ਕੱਢ ਲੈ।” (1 ਰਾਜ. 19:4) ਪਰ ਯਹੋਵਾਹ ਇਨ੍ਹਾਂ ਵਫ਼ਾਦਾਰ ਸੇਵਕਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਚਾਹੁੰਦਾ ਸੀ ਕਿ ਉਹ ਜੀਉਂਦੇ ਰਹਿਣ। ਉਸ ਨੇ ਉਨ੍ਹਾਂ ਦੀਆਂ ਭਾਵਨਾਵਾਂ ਕਰਕੇ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਵਿਚ ਜੀਉਣ ਦੀ ਇੱਛਾ ਦੁਬਾਰਾ ਪੈਦਾ ਕੀਤੀ ਤਾਂਕਿ ਉਹ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿ ਸਕਣ।
5. ਅੱਜ ਸਾਡੇ ਭੈਣਾਂ-ਭਰਾਵਾਂ ਨੂੰ ਸਾਡੇ ਪਿਆਰ ਦੀ ਲੋੜ ਕਿਉਂ ਹੈ?
5 ਅੱਜ ਸਾਡੇ ਬਹੁਤ ਸਾਰੇ ਭੈਣ-ਭਰਾ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਾਡੇ ਪਿਆਰ ਦੀ ਲੋੜ ਹੈ। ਕੁਝ ਜਣਿਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਜਾਂ ਸਤਾਇਆ ਜਾਂਦਾ ਹੈ। ਕਈਆਂ ਦੀ ਕੰਮ ਦੀ ਥਾਂ ʼਤੇ ਨੁਕਤਾਚੀਨੀ ਕੀਤੀ ਜਾਂਦੀ ਹੈ ਜਾਂ ਚੁਗ਼ਲੀਆਂ ਕੀਤੀਆਂ ਜਾਂਦੀਆ ਹਨ। ਕੁਝ ਜਣੇ ਘੰਟਿਆਂ-ਬੱਧੀ ਕੰਮ ਕਰਨ ਕਰਕੇ ਜਾਂ ਕੰਮ ਦਾ ਬਹੁਤ ਦਬਾਅ ਹੋਣ ਕਰਕੇ ਥੱਕੇ-ਟੁੱਟੇ ਮਹਿਸੂਸ ਕਰਦੇ ਹਨ। ਕਈਆਂ ਨੂੰ ਪਰਿਵਾਰ ਵਿਚ ਗੰਭੀਰ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਸ਼ਾਇਦ ਉਨ੍ਹਾਂ ਦਾ ਜੀਵਨ ਸਾਥੀ ਯਹੋਵਾਹ ਦੀ ਸੇਵਾ ਨਹੀਂ ਕਰਦਾ ਅਤੇ ਹਮੇਸ਼ਾ ਉਨ੍ਹਾਂ ਦੀ ਨੁਕਤਾਚੀਨੀ ਕਰਦਾ ਰਹਿੰਦਾ ਹੈ। ਇਨ੍ਹਾਂ ਅਤੇ ਹੋਰ ਮੁਸ਼ਕਲਾਂ ਕਰਕੇ ਕਈਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਵਿਚ ਹੋਰ ਤਾਕਤ ਨਹੀਂ ਬਚੀ ਅਤੇ ਸ਼ਾਇਦ ਉਹ ਆਪਣੇ ਆਪ ਬਾਰੇ ਘਟੀਆ ਮਹਿਸੂਸ ਕਰਨ ਲੱਗ ਪੈਣ। ਕੌਣ ਉਨ੍ਹਾਂ ਦੀ ਮਦਦ ਕਰ ਸਕਦਾ ਹੈ?
ਯਹੋਵਾਹ ਦਾ ਪਿਆਰ ਸਾਨੂੰ ਹੱਲਾਸ਼ੇਰੀ ਦਿੰਦਾ ਹੈ
6. ਯਹੋਵਾਹ ਦੇ ਪਿਆਰ ਤੋਂ ਉਸ ਦੇ ਸੇਵਕਾਂ ਨੂੰ ਹੱਲਾਸ਼ੇਰੀ ਕਿਵੇਂ ਮਿਲਦੀ ਹੈ?
6 ਯਹੋਵਾਹ ਆਪਣੇ ਸੇਵਕਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਹਮੇਸ਼ਾ ਕਰਦਾ ਰਹੇਗਾ। ਸੋਚੋ ਕਿ ਇਜ਼ਰਾਈਲ ਕੌਮ ਨੂੰ ਉਦੋਂ ਕਿਵੇਂ ਲੱਗਾ ਹੋਣਾ ਜਦੋਂ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਮੇਰੀ ਨਿਗਾਹ ਵਿੱਚ ਬਹੁ ਮੁੱਲਾ ਅਤੇ ਆਦਰਮਾਨ ਹੈਂ, ਅਤੇ ਮੈਂ ਤੈਨੂੰ ਪਿਆਰ ਕੀਤਾ,” ਅਤੇ “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ।” (ਯਸਾ. 43:4, 5) ਯਹੋਵਾਹ ਦੇ ਸੇਵਕ ਹੋਣ ਦੇ ਨਾਤੇ, ਤੁਸੀਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਮੁੱਲੇ ਹੋ।a ਬਾਈਬਲ ਵਾਅਦਾ ਕਰਦੀ ਹੈ: “ਉਹ ਸਮਰੱਥੀ ਬਚਾਉਣ ਵਾਲਾ ਹੈ। ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ੀ ਕਰੇਗਾ।”—ਸਫ਼. 3:16, 17.
7. ਯਹੋਵਾਹ ਦਾ ਪਿਆਰ ਦੁੱਧ ਚੁੰਘਾਉਣ ਵਾਲੀ ਮਾਂ ਵਰਗਾ ਕਿਵੇਂ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
7 ਯਹੋਵਾਹ ਆਪਣੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਵਿਚ ਤਾਕਤ ਅਤੇ ਦਿਲਾਸਾ ਦੇਣ ਦਾ ਵਾਅਦਾ ਕਰਦਾ ਹੈ। ਉਹ ਵਾਅਦਾ ਕਰਦਾ ਹੈ: “ਤੁਸੀਂ ਚੁੰਘੋਗੇ, ਤੁਸੀਂ ਕੁੱਛੜ ਚੁੱਕੇ ਜਾਓਗੇ ਅਤੇ ਗੋਡਿਆਂ ਉੱਤੇ ਕੁਦਾਏ ਜਾਓਗੇ ਉਸ ਵਾਂਙੁ ਜਿਹ ਨੂੰ ਉਸ ਦੀ ਮਾਤਾ ਦਿਲਾਸਾ ਦਿੰਦੀ ਹੈ, ਸੋ ਮੈਂ ਤੁਹਾਨੂੰ ਦਿਲਾਸਾ ਦਿਆਂਗਾ।” (ਯਸਾ. 66:12, 13) ਜ਼ਰਾ ਸੋਚੋ, ਇਕ ਛੋਟਾ ਬੱਚਾ ਉਦੋਂ ਕਿੰਨਾ ਸੁਰੱਖਿਅਤ ਮਹਿਸੂਸ ਕਰਦਾ ਹੈ ਜਦੋਂ ਉਸ ਦੀ ਮਾਂ ਉਸ ਨੂੰ ਕੁੱਛੜ ਚੁੱਕਦੀ ਜਾਂ ਗੋਡਿਆਂ ʼਤੇ ਬਿਠਾ ਕੇ ਖਿਡਾਉਂਦੀ ਹੈ! ਯਹੋਵਾਹ ਤੁਹਾਨੂੰ ਦਿਲੋਂ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਤੁਸੀਂ ਸੁਰੱਖਿਅਤ ਮਹਿਸੂਸ ਕਰੋ। ਇਸ ਗੱਲ ʼਤੇ ਕਦੇ ਵੀ ਸ਼ੱਕ ਨਾ ਕਰੋ ਕਿ ਤੁਸੀਂ ਯਹੋਵਾਹ ਲਈ ਬਹੁਤ ਅਨਮੋਲ ਹੋ।—ਯਿਰ. 31:3.
8, 9. ਯਿਸੂ ਦੇ ਪਿਆਰ ਤੋਂ ਸਾਨੂੰ ਤਾਕਤ ਕਿਵੇਂ ਮਿਲਦੀ ਹੈ?
8 ਇਕ ਹੋਰ ਕਾਰਨ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ: “ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।” (ਯੂਹੰ. 3:16) ਯਿਸੂ ਦੀ ਕੁਰਬਾਨੀ ਤੋਂ ਸਬੂਤ ਮਿਲਦਾ ਹੈ ਕਿ ਉਹ ਵੀ ਸਾਨੂੰ ਪਿਆਰ ਕਰਦਾ ਹੈ ਅਤੇ ਇਸ ਪਿਆਰ ਤੋਂ ਸਾਨੂੰ ਹੱਲਾਸ਼ੇਰੀ ਮਿਲਦੀ ਹੈ। ਬਾਈਬਲ ਕਹਿੰਦੀ ਹੈ ਕਿ ਚਾਹੇ ਸਾਡੇ ʼਤੇ ਜਿੰਨੀਆਂ ਮਰਜ਼ੀ “ਮੁਸੀਬਤਾਂ ਜਾਂ ਕਸ਼ਟ” ਆਉਣ, ਤਾਂ ਵੀ ਇਹ ਚੀਜ਼ਾਂ “ਮਸੀਹ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ” ਨਹੀਂ ਸਕਦੀਆਂ।—ਰੋਮੀ. 8:35, 38, 39.
9 ਕਈ ਵਾਰ ਮੁਸ਼ਕਲਾਂ ਕਰਕੇ ਅਸੀਂ ਸਰੀਰਕ ਜਾਂ ਭਾਵਾਤਮਕ ਤੌਰ ʼਤੇ ਕਮਜ਼ੋਰ ਹੋ ਜਾਂਦੇ ਹਾਂ ਜਾਂ ਸਾਨੂੰ ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ ਨਹੀਂ ਮਿਲਦੀ। ਪਰ ਜੇ ਅਸੀਂ ਯਾਦ ਰੱਖੀਏ ਕਿ ਮਸੀਹ ਸਾਨੂੰ ਕਿੰਨਾ ਪਿਆਰ ਕਰਦਾ ਹੈ, ਤਾਂ ਸਾਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਮਿਲ ਸਕਦੀ ਹੈ। (2 ਕੁਰਿੰਥੀਆਂ 5:14, 15 ਪੜ੍ਹੋ।) ਮਸੀਹ ਦਾ ਪਿਆਰ ਸਾਨੂੰ ਜੀਉਂਦੇ ਰਹਿਣ ਅਤੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਤਾਕਤ ਦਿੰਦਾ ਹੈ। ਕੁਦਰਤੀ ਆਫ਼ਤਾਂ, ਸਤਾਹਟਾਂ, ਨਿਰਾਸ਼ਾ ਅਤੇ ਚਿੰਤਾਵਾਂ ਦੇ ਬਾਵਜੂਦ ਵੀ ਯਿਸੂ ਦਾ ਪਿਆਰ ਸਾਨੂੰ ਹਾਰ ਨਾ ਮੰਨਣ ਦੀ ਤਾਕਤ ਦਿੰਦਾ ਹੈ।
ਭੈਣਾਂ-ਭਰਾਵਾਂ ਨੂੰ ਸਾਡੇ ਪਿਆਰ ਦੀ ਲੋੜ ਹੈ
10, 11. ਨਿਰਾਸ਼ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦੇਣ ਦੀ ਜ਼ਿੰਮੇਵਾਰੀ ਕਿਨ੍ਹਾਂ ਦੀ ਹੈ? ਸਮਝਾਓ।
10 ਯਹੋਵਾਹ ਆਪਣੇ ਪਿਆਰ ਨਾਲ ਸਾਨੂੰ ਹੱਲਾਸ਼ੇਰੀ ਦੇਣ ਲਈ ਮੰਡਲੀ ਨੂੰ ਵੀ ਵਰਤਦਾ ਹੈ। ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰ ਕੇ ਅਸੀਂ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ। ਅਸੀਂ ਪੂਰੀ ਵਾਹ ਲਾ ਕੇ ਭੈਣਾਂ-ਭਰਾਵਾਂ ਦੀ ਇਹ ਜਾਣਨ ਵਿਚ ਮਦਦ ਕਰ ਸਕਦੇ ਹਾਂ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਕੀਮਤੀ ਹਨ ਅਤੇ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ। (1 ਯੂਹੰ. 4:19-21) ਪੌਲੁਸ ਰਸੂਲ ਨੇ ਕਿਹਾ: “ਇਸ ਲਈ ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ, ਜਿਵੇਂ ਕਿ ਤੁਸੀਂ ਕਰ ਰਹੇ ਹੋ।” (1 ਥੱਸ. 5:11) ਇਹ ਸਿਰਫ਼ ਬਜ਼ੁਰਗਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਅਸੀਂ ਸਾਰੇ ਜਣੇ ਆਪਣੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇ ਕੇ ਯਹੋਵਾਹ ਅਤੇ ਯਿਸੂ ਦੀ ਰੀਸ ਕਰ ਸਕਦੇ ਹਾਂ।—ਰੋਮੀਆਂ 15:1, 2 ਪੜ੍ਹੋ।
11 ਮੰਡਲੀ ਵਿਚ ਕੁਝ ਭੈਣਾਂ-ਭਰਾਵਾਂ ਨੂੰ ਗੰਭੀਰ ਡਿਪਰੈਸ਼ਨ ਹੈ। ਇਸ ਲਈ ਸ਼ਾਇਦ ਉਨ੍ਹਾਂ ਨੂੰ ਡਾਕਟਰੀ ਇਲਾਜ ਜਾਂ ਦਵਾਈ ਦੀ ਲੋੜ ਹੋਵੇ। (ਲੂਕਾ 5:31) ਮੰਡਲੀ ਦੇ ਬਜ਼ੁਰਗ ਅਤੇ ਹੋਰ ਭੈਣ-ਭਰਾ ਜਾਣਦੇ ਹਨ ਕਿ ਉਹ ਖ਼ੁਦ ਡਾਕਟਰ ਨਹੀਂ ਹਨ, ਪਰ ਉਨ੍ਹਾਂ ਵੱਲੋਂ ਕੀਤੀ ਮਦਦ ਅਤੇ ਦਿੱਤਾ ਦਿਲਾਸਾ ਬਹੁਤ ਮਾਅਨੇ ਰੱਖਦਾ ਹੈ। ਮੰਡਲੀ ਵਿਚ ਹਰੇਕ ਜਣਾ ‘ਨਿਰਾਸ਼ ਲੋਕਾਂ ਨੂੰ ਦਿਲਾਸਾ, ਕਮਜ਼ੋਰਾਂ ਨੂੰ ਸਹਾਰਾ ਅਤੇ ਸਾਰਿਆਂ ਨਾਲ ਧੀਰਜ ਨਾਲ ਪੇਸ਼ ਆ’ ਸਕਦਾ ਹੈ। (1 ਥੱਸ. 5:14) ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਭੈਣ-ਭਰਾ ਕਿੱਦਾਂ ਮਹਿਸੂਸ ਕਰਦੇ ਹਨ। ਜਦੋਂ ਉਹ ਨਿਰਾਸ਼ ਹੁੰਦੇ ਹਨ, ਤਾਂ ਸਾਨੂੰ ਧੀਰਜ ਨਾਲ ਪੇਸ਼ ਆਉਣਾ ਚਾਹੀਦਾ ਅਤੇ ਇਸ ਤਰ੍ਹਾਂ ਗੱਲ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਦਿਲਾਸਾ ਮਿਲੇ। ਕੀ ਤੁਸੀਂ ਦੂਜਿਆਂ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕਰਦੇ ਹੋ? ਤੁਸੀਂ ਦੂਜਿਆਂ ਨੂੰ ਹੋਰ ਜ਼ਿਆਦਾ ਦਿਲਾਸਾ ਅਤੇ ਹੌਸਲਾ ਦੇਣ ਲਈ ਕੀ ਕਰ ਸਕਦੇ ਹੋ?
12. ਇਕ ਭੈਣ ਦੀ ਮਿਸਾਲ ਦਿਓ ਜਿਸ ਨੂੰ ਭੈਣਾਂ-ਭਰਾਵਾਂ ਦੇ ਪਿਆਰ ਤੋਂ ਹੱਲਾਸ਼ੇਰੀ ਮਿਲੀ?
12 ਯੂਰਪ ਵਿਚ ਰਹਿਣ ਵਾਲੀ ਇਕ ਭੈਣ ਕਹਿੰਦੀ ਹੈ: “ਕਈ ਵਾਰ ਮੇਰੇ ਮਨ ਵਿਚ ਵੀ ਆਤਮ-ਹੱਤਿਆ ਕਰਨ ਦਾ ਖ਼ਿਆਲ ਆਉਂਦਾ ਹੈ। ਪਰ ਮੈਨੂੰ ਦੂਜਿਆਂ ਤੋਂ ਬਹੁਤ ਸਹਾਰਾ ਮਿਲਦਾ ਹੈ। ਮੇਰੀ ਮੰਡਲੀ ਦੇ ਭੈਣਾਂ-ਭਰਾਵਾਂ ਨੇ ਮੇਰੀ ਜਾਨ ਬਚਾ ਲਈ। ਭੈਣ-ਭਰਾ ਹਮੇਸ਼ਾ ਮੈਨੂੰ ਹੱਲਾਸ਼ੇਰੀ ਦਿੰਦੇ ਹਨ ਅਤੇ ਮੈਨੂੰ ਬਹੁਤ ਪਿਆਰ ਕਰਦੇ ਹਨ। ਭਾਵੇਂ ਸਾਰੇ ਭੈਣ-ਭਰਾ ਨਹੀਂ ਜਾਣਦੇ ਕਿ ਮੈਨੂੰ ਡਿਪਰੈਸ਼ਨ ਹੈ, ਪਰ ਫਿਰ ਵੀ ਮੰਡਲੀ ਦੇ ਭੈਣ-ਭਰਾ ਹਮੇਸ਼ਾ ਮੇਰੀ ਮਦਦ ਕਰਦੇ ਹਨ। ਇਕ ਮਸੀਹੀ ਜੋੜਾ ਮੇਰੇ ਮਾਂ-ਬਾਪ ਵਾਂਗ ਹੈ। ਉਹ ਮੇਰਾ ਬਹੁਤ ਖ਼ਿਆਲ ਰੱਖਦੇ ਹਨ ਅਤੇ ਹਰ ਵੇਲੇ ਮੇਰੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ।” ਬਿਨਾਂ ਸ਼ੱਕ, ਕਈ ਜਣੇ ਹੋਰ ਭੈਣਾਂ-ਭਰਾਵਾਂ ਵਾਂਗ ਮਦਦ ਨਹੀਂ ਕਰ ਸਕਦੇ। ਪਰ ਅਸੀਂ ਆਪਣੇ ਵੱਲੋਂ ਮਦਦ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕਰ ਸਕਦੇ ਹਾਂ।b
ਦੂਜਿਆਂ ਨੂੰ ਪਿਆਰ ਨਾਲ ਹੱਲਾਸ਼ੇਰੀ ਕਿਵੇਂ ਦੇਈਏ?
13. ਦੂਜਿਆਂ ਨੂੰ ਦਿਲਾਸਾ ਦੇਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
13 ਧਿਆਨ ਨਾਲ ਸੁਣੋ। (ਯਾਕੂ. 1:19) ਪਿਆਰ ਦਿਖਾਉਣ ਦਾ ਇਕ ਤਰੀਕਾ ਹੈ, ਹਮਦਰਦੀ ਨਾਲ ਕਿਸੇ ਨਿਰਾਸ਼ ਭੈਣ-ਭਰਾ ਦੀ ਗੱਲ ਸੁਣਨੀ। ਸਮਝਣ ਦੀ ਕੋਸ਼ਿਸ਼ ਕਰੋ ਕਿ ਜੇ ਤੁਸੀਂ ਉਸ ਦੀ ਥਾਂ ਹੁੰਦੇ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ। ਇਸ ਤਰ੍ਹਾਂ ਦੇ ਸਵਾਲ ਪੁੱਛੋ ਜਿਨ੍ਹਾਂ ਨਾਲ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਆਪਣੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਦਿਖਾਓ ਕਿ ਤੁਹਾਨੂੰ ਉਸ ਦੀ ਪਰਵਾਹ ਹੈ। ਜਦੋਂ ਉਹ ਗੱਲ ਕਰ ਰਿਹਾ ਹੁੰਦਾ ਹੈ, ਤਾਂ ਧੀਰਜ ਰੱਖੋ ਅਤੇ ਉਸ ਨੂੰ ਵਿੱਚੇ ਹੀ ਨਾ ਟੋਕੋ। ਧਿਆਨ ਨਾਲ ਗੱਲ ਸੁਣ ਕੇ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਉਹ ਕਿਵੇਂ ਮਹਿਸੂਸ ਕਰ ਰਿਹਾ ਹੈ। ਨਾਲੇ ਉਹ ਤੁਹਾਡੇ ਉੱਤੇ ਭਰੋਸਾ ਕਰ ਸਕੇਗਾ। ਫਿਰ ਉਸ ਲਈ ਤੁਹਾਡੀ ਗੱਲ ਸੁਣਨੀ ਆਸਾਨ ਹੋਵੇਗੀ। ਜਦੋਂ ਦੂਜਿਆਂ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਦਿਲੋਂ ਉਨ੍ਹਾਂ ਦੀ ਪਰਵਾਹ ਕਰਦੇ ਹੋ, ਤਾਂ ਉਨ੍ਹਾਂ ਨੂੰ ਦਿਲਾਸਾ ਮਿਲ ਸਕਦਾ ਹੈ।
14. ਸਾਨੂੰ ਦੂਜਿਆਂ ਦੀ ਨੁਕਤਾਚੀਨੀ ਕਿਉਂ ਨਹੀਂ ਕਰਨੀ ਚਾਹੀਦੀ?
14 ਨੁਕਤਾਚੀਨੀ ਨਾ ਕਰੋ। ਜੇ ਤੁਸੀਂ ਨਿਰਾਸ਼ ਵਿਅਕਤੀ ਦੀ ਨੁਕਤਾਚੀਨੀ ਕਰੋਗੇ, ਤਾਂ ਉਹ ਹੋਰ ਵੀ ਜ਼ਿਆਦਾ ਨਿਰਾਸ਼ ਹੋ ਜਾਵੇਗਾ। ਫਿਰ ਤੁਹਾਡੇ ਲਈ ਉਸ ਦੀ ਮਦਦ ਕਰਨੀ ਬਹੁਤ ਔਖੀ ਹੋ ਸਕਦੀ ਹੈ। “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾ. 12:18) ਭਾਵੇਂ ਅਸੀਂ ਕਦੇ ਵੀ ਜਾਣ-ਬੁੱਝ ਕੇ ਆਪਣੀਆਂ ਗੱਲਾਂ ਨਾਲ ਨਿਰਾਸ਼ ਵਿਅਕਤੀ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੇ, ਫਿਰ ਵੀ ਬਿਨਾਂ ਸੋਚੇ-ਸਮਝੇ ਕੁਝ ਵੀ ਕਹਿਣ ਨਾਲ ਅਸੀਂ ਉਸ ਨੂੰ ਦੁੱਖ ਪਹੁੰਚਾ ਸਕਦੇ ਹਾਂ। ਆਪਣੇ ਭੈਣ-ਭਰਾ ਨੂੰ ਹੌਸਲਾ ਦੇਣ ਲਈ ਤੁਹਾਨੂੰ ਉਸ ਨੂੰ ਯਕੀਨ ਦਿਵਾਉਣਾ ਚਾਹੀਦਾ ਹੈ ਕਿ ਤੁਸੀਂ ਉਸ ਦੇ ਹਾਲਾਤਾਂ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ।—ਮੱਤੀ 7:12.
15. ਦੂਜਿਆਂ ਨੂੰ ਦਿਲਾਸਾ ਦੇਣ ਲਈ ਅਸੀਂ ਕਿਹੜਾ ਵਧੀਆ ਔਜ਼ਾਰ ਵਰਤ ਸਕਦੇ ਹਾਂ?
15 ਪਰਮੇਸ਼ੁਰ ਦੇ ਬਚਨ ਤੋਂ ਦੂਜਿਆਂ ਨੂੰ ਦਿਲਾਸਾ ਦਿਓ। (ਰੋਮੀਆਂ 15:4, 5 ਪੜ੍ਹੋ।) ਬਾਈਬਲ ‘ਦਿਲਾਸਾ ਅਤੇ ਮੁਸ਼ਕਲਾਂ ਸਹਿਣ ਦੀ ਤਾਕਤ ਦੇਣ ਵਾਲੇ ਪਰਮੇਸ਼ੁਰ’ ਵੱਲੋਂ ਹੈ। ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਸਾਨੂੰ ਉਸ ਦੇ ਬਚਨ ਤੋਂ ਦਿਲਾਸਾ ਮਿਲ ਸਕਦਾ ਹੈ। ਸਾਡੇ ਕੋਲ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਅਤੇ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵੀ ਹਨ। ਇਨ੍ਹਾਂ ਔਜ਼ਾਰਾਂ ਦੀ ਮਦਦ ਨਾਲ ਅਸੀਂ ਆਇਤਾਂ ਜਾਂ ਪ੍ਰਕਾਸ਼ਨ ਲੱਭ ਸਕਦੇ ਹਾਂ ਜਿਨ੍ਹਾਂ ਰਾਹੀਂ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਦਿਲਾਸਾ ਅਤੇ ਹੱਲਾਸ਼ੇਰੀ ਦੇ ਸਕਦੇ ਹਾਂ।
16. ਕਿਸੇ ਨਿਰਾਸ਼ ਭੈਣ-ਭਰਾ ਨੂੰ ਹੱਲਾਸ਼ੇਰੀ ਦੇਣ ਵਿਚ ਕਿਹੜੇ ਗੁਣ ਸਾਡੀ ਮਦਦ ਕਰਨਗੇ?
16 ਦਇਆ ਅਤੇ ਪਿਆਰ ਦਿਖਾਓ। ਯਹੋਵਾਹ “ਦਇਆ ਕਰਨ ਵਾਲਾ ਪਿਤਾ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ” ਅਤੇ ਉਹ ਆਪਣੇ ਸੇਵਕਾਂ ʼਤੇ “ਦਇਆ” ਕਰਦਾ ਹੈ। (2 ਕੁਰਿੰਥੀਆਂ 1:3-6 ਪੜ੍ਹੋ; ਲੂਕਾ 1:78; ਰੋਮੀ. 15:13) ਯਹੋਵਾਹ ਦੀ ਰੀਸ ਕਰਨ ਕਰਕੇ ਪੌਲੁਸ ਰਸੂਲ ਨੇ ਇਸ ਮਾਮਲੇ ਵਿਚ ਵਧੀਆ ਮਿਸਾਲ ਕਾਇਮ ਕੀਤੀ। ਇਸ ਕਰਕੇ ਉਹ ਕਹਿ ਸਕਿਆ: “ਅਸੀਂ ਪਿਆਰ ਨਾਲ ਤੁਹਾਡੇ ਨਾਲ ਪੇਸ਼ ਆਏ ਜਿਵੇਂ ਮਾਂ ਆਪਣੇ ਦੁੱਧ ਚੁੰਘਦੇ ਬੱਚਿਆਂ ਦੀ ਪਿਆਰ ਨਾਲ ਦੇਖ-ਭਾਲ ਕਰਦੀ ਹੈ। ਇਸ ਲਈ ਤੁਹਾਡੇ ਨਾਲ ਬਹੁਤ ਪਿਆਰ ਹੋਣ ਕਰਕੇ ਅਸੀਂ ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਹੀ ਨਹੀਂ, ਸਗੋਂ ਆਪਣੀਆਂ ਜਾਨਾਂ ਵੀ ਤੁਹਾਡੇ ਲਈ ਖ਼ੁਸ਼ੀ-ਖ਼ੁਸ਼ੀ ਵਾਰਨ ਲਈ ਤਿਆਰ ਸੀ।” (1 ਥੱਸ. 2:7, 8) ਯਹੋਵਾਹ ਵਾਂਗ ਦਇਆ ਅਤੇ ਪਿਆਰ ਦਿਖਾ ਕੇ ਅਸੀਂ ਕਿਸੇ ਨਿਰਾਸ਼ ਭੈਣ-ਭਰਾ ਨੂੰ ਦਿਲਾਸਾ ਦੇ ਸਕਦੇ ਹਾਂ ਜਿਸ ਬਾਰੇ ਉਹ ਪ੍ਰਾਰਥਨਾ ਕਰ ਰਿਹਾ ਸੀ।
17. ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦੇਣ ਵਿਚ ਕਿੱਦਾਂ ਦਾ ਨਜ਼ਰੀਆ ਸਾਡੀ ਮਦਦ ਕਰੇਗਾ?
17 ਆਪਣੇ ਭੈਣਾਂ-ਭਰਾਵਾਂ ਤੋਂ ਮੁਕੰਮਲਤਾ ਦੀ ਉਮੀਦ ਨਾ ਰੱਖੋ। ਆਪਣੇ ਭੈਣਾਂ-ਭਰਾਵਾਂ ਬਾਰੇ ਸਹੀ ਨਜ਼ਰੀਆ ਰੱਖੋ। ਜੇ ਤੁਸੀਂ ਇਹ ਉਮੀਦ ਰੱਖਦੇ ਹੋ ਕਿ ਭੈਣ-ਭਰਾ ਕੋਈ ਗ਼ਲਤੀ ਨਹੀਂ ਕਰਨਗੇ, ਤਾਂ ਤੁਹਾਡੇ ਹੱਥ ਨਿਰਾਸ਼ਾ ਹੀ ਲੱਗੇਗੀ। (ਉਪ. 7:21, 22) ਅਸੀਂ ਯਹੋਵਾਹ ਦੀ ਰੀਸ ਕਰਨੀ ਚਾਹੁੰਦੇ ਹਾਂ ਜੋ ਸਾਡੇ ਤੋਂ ਹੱਦੋਂ ਵੱਧ ਦੀ ਉਮੀਦ ਨਹੀਂ ਰੱਖਦਾ। ਇਸ ਲਈ ਸਾਨੂੰ ਇਕ-ਦੂਜੇ ਨਾਲ ਧੀਰਜ ਰੱਖਣ ਦੀ ਲੋੜ ਹੈ। (ਅਫ਼. 4:2, 32) ਅਸੀਂ ਕਦੇ ਵੀ ਆਪਣੇ ਭੈਣਾਂ-ਭਰਾਵਾਂ ਨੂੰ ਇਹ ਅਹਿਸਾਸ ਨਹੀਂ ਕਰਵਾਉਣਾ ਚਾਹੁੰਦੇ ਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ ਘੱਟ ਕੰਮ ਕਰ ਰਹੇ ਹਨ ਤੇ ਨਾ ਹੀ ਉਨ੍ਹਾਂ ਦੀ ਤੁਲਨਾ ਦੂਜਿਆਂ ਨਾਲ ਕਰਨੀ ਚਾਹੁੰਦੇ ਹਾਂ। ਇਸ ਦੀ ਬਜਾਇ, ਅਸੀਂ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਚਾਹੁੰਦੇ ਹਾਂ ਅਤੇ ਉਨ੍ਹਾਂ ਦੇ ਚੰਗੇ ਕੰਮਾਂ ਦੀ ਤਾਰੀਫ਼ ਕਰਨੀ ਚਾਹੁੰਦੇ ਹਾਂ। ਇਹ ਗੱਲਾਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ।—ਗਲਾ. 6:4.
18. ਅਸੀਂ ਦੂਜਿਆਂ ਨੂੰ ਉਹ ਪਿਆਰ ਕਿਉਂ ਦਿਖਾਉਣਾ ਚਾਹੁੰਦੇ ਹਾਂ ਜਿਸ ਤੋਂ ਹੱਲਾਸ਼ੇਰੀ ਮਿਲਦੀ ਹੈ?
18 ਯਹੋਵਾਹ ਦਾ ਹਰ ਸੇਵਕ ਉਸ ਲਈ ਅਤੇ ਯਿਸੂ ਲਈ ਅਨਮੋਲ ਹੈ। (ਗਲਾ. 2:20) ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਦਿਲੋਂ ਪਿਆਰ ਕਰਦੇ ਹਾਂ। ਇਸ ਲਈ ਸਾਨੂੰ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਆਓ ਆਪਾਂ “ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਅਤੇ ਇਕ-ਦੂਜੇ ਨੂੰ ਹੌਸਲਾ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ।” (ਰੋਮੀ. 14:19) ਅਸੀਂ ਸਾਰੇ ਬੇਸਬਰੀ ਨਾਲ ਨਵੀਂ ਦੁਨੀਆਂ ਦੀ ਉਡੀਕ ਕਰ ਰਹੇ ਹਾਂ ਜਿੱਥੇ ਕੋਈ ਵੀ ਨਿਰਾਸ਼ ਨਹੀਂ ਹੋਵੇਗਾ। ਉੱਥੇ ਕੋਈ ਬੀਮਾਰੀ ਅਤੇ ਯੁੱਧ ਨਹੀਂ ਹੋਵੇਗਾ। ਵਿਰਾਸਤ ਵਿਚ ਮਿਲੇ ਪਾਪ ਕਰਕੇ ਲੋਕ ਕਦੀ ਵੀ ਨਹੀਂ ਮਰਨਗੇ। ਨਾਲੇ ਉੱਥੇ ਕਿਸੇ ਨੂੰ ਵੀ ਸਤਾਇਆ ਨਹੀਂ ਜਾਵੇਗਾ, ਪਰਿਵਾਰਕ ਮੁਸ਼ਕਲਾਂ ਨਹੀਂ ਹੋਣਗੀਆਂ ਜਾਂ ਕਦੇ ਨਿਰਾਸ਼ਾ ਨਹੀਂ ਹੋਵੇਗੀ। ਹਜ਼ਾਰ ਸਾਲ ਦੇ ਅਖ਼ੀਰ ਵਿਚ ਸਾਰੇ ਮੁਕੰਮਲ ਹੋ ਜਾਣਗੇ। ਆਖ਼ਰੀ ਪਰੀਖਿਆ ਦੌਰਾਨ ਵਫ਼ਾਦਾਰ ਰਹਿਣ ਵਾਲਿਆਂ ਨੂੰ ਯਹੋਵਾਹ ਆਪਣੇ ਧੀਆਂ-ਪੁੱਤਰਾਂ ਵਜੋਂ ਕਬੂਲ ਕਰੇਗਾ ਜੋ “ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ” ਪਾਉਣਗੇ। (ਰੋਮੀ. 8:21) ਆਓ ਆਪਾਂ ਸਾਰਿਆਂ ਨੂੰ ਉਹ ਪਿਆਰ ਦਿਖਾਈਏ ਜਿਸ ਨਾਲ ਹੱਲਾਸ਼ੇਰੀ ਮਿਲਦੀ ਹੈ ਅਤੇ ਪਰਮੇਸ਼ੁਰ ਦੀ ਸ਼ਾਨਦਾਰ ਨਵੀਂ ਦੁਨੀਆਂ ਵਿਚ ਜਾਣ ਲਈ ਇਕ-ਦੂਜੇ ਦੀ ਮਦਦ ਕਰੀਏ।
b ਆਤਮ-ਹੱਤਿਆ ਦੇ ਖ਼ਿਆਲ ਆਉਣ ਵਾਲਿਆਂ ਦੀ ਮਦਦ ਕਰਨ ਲਈ ਜਾਗਰੂਕ ਬਣੋ! ਵਿੱਚੋਂ “ਜੀਉਣ ਦਾ ਕੀ ਫ਼ਾਇਦਾ? ਜੀਉਂਦੇ ਰਹਿਣ ਦੇ ਤਿੰਨ ਕਾਰਨਾਂ ʼਤੇ ਗੌਰ ਕਰੋ” (ਮਈ-ਜੂਨ 2014); “ਜਦੋਂ ਤੁਸੀਂ ਜ਼ਿੰਦਗੀ ਤੋਂ ਹਾਰ ਜਾਂਦੇ ਹੋ” (ਅਪ੍ਰੈਲ-ਜੂਨ 2012) ਅਤੇ “ਜੀਉਣ ਦਾ ਫ਼ਾਇਦਾ ਹੈ” (22 ਅਕਤੂਬਰ 2001, ਅੰਗ੍ਰੇਜ਼ੀ) ਨਾਂ ਦੇ ਲੇਖ ਦੇਖੋ।