ਯਿਸੂ ਦੀ ਮੌਤ ਦੀ ਯਾਦਗਾਰ ਅਤੇ ਸਾਡੀ ਏਕਤਾ
“ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!”—ਜ਼ਬੂ. 133:1.
1, 2. ਸਾਲ 2018 ਵਿਚ ਕਿਸ ਖ਼ਾਸ ਮੌਕੇ ʼਤੇ ਲੋਕ ਸ਼ਾਨਦਾਰ ਤਰੀਕੇ ਨਾਲ ਇਕੱਠੇ ਹੋਣਗੇ? ਕਿਉਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
31 ਮਾਰਚ 2018 ਵਿਚ ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਇਕ ਖ਼ਾਸ ਮੌਕੇ ਲਈ ਇਕੱਠੇ ਹੋਣਗੇ। ਇਹ ਦਿਨ ਸਾਲ ਵਿਚ ਸਿਰਫ਼ ਇਕ ਵਾਰ ਮਨਾਇਆ ਜਾਂਦਾ ਹੈ। ਸੂਰਜ ਡੁੱਬਣ ਤੋਂ ਬਾਅਦ ਯਹੋਵਾਹ ਦੇ ਗਵਾਹਾਂ ਨਾਲ ਹੋਰ ਬਹੁਤ ਸਾਰੇ ਲੋਕ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਣਗੇ। ਦੁਨੀਆਂ ਦੇ ਕਿਸੇ ਵੀ ਮੇਲੇ ਜਾਂ ਤਿਉਹਾਰ ਨਾਲੋਂ ਯਿਸੂ ਦੀ ਮੌਤ ਦੀ ਯਾਦਗਾਰ ਇਕ ਸ਼ਾਨਦਾਰ ਤਰੀਕੇ ਨਾਲ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਦੀ ਹੈ।
2 ਯਹੋਵਾਹ ਅਤੇ ਯਿਸੂ ਨੂੰ ਇਹ ਗੱਲ ਦੇਖ ਕੇ ਬੇਹੱਦ ਖ਼ੁਸ਼ੀ ਹੁੰਦੀ ਹੈ ਕਿ ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਇਸ ਖ਼ਾਸ ਮੌਕੇ ਲਈ ਇਕੱਠੇ ਹੁੰਦੇ ਹਨ। ਬਾਈਬਲ ਕਹਿੰਦੀ ਹੈ: ‘ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਬੋਲੀਆਂ ਦੇ ਲੋਕਾਂ ਦੀ ਇਕ ਵੱਡੀ ਭੀੜ ਜਿਸ ਨੂੰ ਕੋਈ ਵੀ ਗਿਣ ਨਾ ਸਕੇਗਾ’ ਉੱਚੀ-ਉੱਚੀ ਕਹੇਗੀ “ਅਸੀਂ ਆਪਣੇ ਪਰਮੇਸ਼ੁਰ ਦੇ, ਜਿਹੜਾ ਸਿੰਘਾਸਣ ਉੱਤੇ ਬੈਠਾ ਹੈ, ਅਤੇ ਲੇਲੇ ਦੇ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਸਾਨੂੰ ਮੁਕਤੀ ਦਿੱਤੀ ਹੈ।” (ਪ੍ਰਕਾ. 7:9, 10) ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਹਰ ਸਾਲ ਲੱਖਾਂ ਹੀ ਲੋਕ ਇਸ ਮੌਕੇ ʼਤੇ ਇਕੱਠੇ ਹੁੰਦੇ ਹਨ ਤਾਂਕਿ ਉਹ ਯਹੋਵਾਹ ਅਤੇ ਯਿਸੂ ਵੱਲੋਂ ਕੀਤੀਆਂ ਕੁਰਬਾਨੀਆਂ ਲਈ ਸ਼ੁਕਰਗੁਜ਼ਾਰੀ ਦਿਖਾ ਸਕਣ।
3. ਇਸ ਲੇਖ ਵਿਚ ਕਿਹੜੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?
3 ਇਸ ਲੇਖ ਵਿਚ ਅਸੀਂ ਇਨ੍ਹਾਂ ਚਾਰ ਸਵਾਲਾਂ ʼਤੇ ਗੌਰ ਕਰਾਂਗੇ: (1) ਮੈਂ ਯਿਸੂ ਦੀ ਮੌਤ ਦੀ ਯਾਦਗਾਰ ਲਈ ਕਿਵੇਂ ਤਿਆਰੀ ਕਰ ਸਕਦਾ ਹਾਂ ਤਾਂਕਿ ਮੈਨੂੰ ਇਸ ਮੌਕੇ ਤੋਂ ਵੱਧ ਤੋਂ ਵੱਧ ਫ਼ਾਇਦਾ ਹੋਵੇ? (2) ਯਿਸੂ ਦੀ ਮੌਤ ਦੀ ਯਾਦਗਾਰ ਪਰਮੇਸ਼ੁਰ ਦੇ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਕਿਵੇਂ ਬੰਨ੍ਹਦੀ ਹੈ? (3) ਮੈਂ ਪਰਮੇਸ਼ੁਰ ਦੇ ਲੋਕਾਂ ਦੀ ਏਕਤਾ ਵਧਾਉਣ ਲਈ ਕੀ ਕਰ ਸਕਦਾ ਹਾਂ? (4) ਕੀ ਕਦੀ ਆਖ਼ਰੀ ਯਾਦਗਾਰ ਮਨਾਈ ਜਾਵੇਗੀ? ਜੇ ਹਾਂ, ਤਾਂ ਕਦੋਂ?
ਯਾਦਗਾਰ ਦੀ ਤਿਆਰੀ ਅਤੇ ਹਾਜ਼ਰ ਹੋਣ ਦੇ ਫ਼ਾਇਦੇ
4. ਸਾਡੇ ਲਈ ਯਾਦਗਾਰ ʼਤੇ ਹਾਜ਼ਰ ਹੋਣਾ ਇੰਨਾ ਜ਼ਰੂਰੀ ਕਿਉਂ ਹੈ?
4 ਸਾਡੇ ਲਈ ਯਿਸੂ ਦੀ ਮੌਤ ਦੀ ਯਾਦਗਾਰ ʼਤੇ ਹਾਜ਼ਰ ਹੋਣਾ ਇੰਨਾ ਜ਼ਰੂਰੀ ਕਿਉਂ ਹੈ? ਇਸ ਦਾ ਇਕ ਕਾਰਨ ਇਹ ਹੈ ਕਿ ਸਭਾਵਾਂ ਵਿਚ ਇਕੱਠੇ ਹੋ ਕੇ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ। ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਤੇ ਯਿਸੂ ਸਾਡੇ ਸਾਰਿਆਂ ਦੀਆਂ ਕੋਸ਼ਿਸ਼ਾਂ ਦੇਖਦੇ ਹਨ ਜੋ ਅਸੀਂ ਯਾਦਗਾਰ ʼਤੇ ਹਾਜ਼ਰ ਹੋਣ ਲਈ ਕਰਦੇ ਹਾਂ। ਸ਼ਾਇਦ ਸਿਹਤ ਜਾਂ ਹਾਲਾਤਾਂ ਕਰਕੇ ਸਾਡਾ ਯਾਦਗਾਰ ʼਤੇ ਹਾਜ਼ਰ ਹੋਣਾ ਬਿਲਕੁਲ ਹੀ ਨਾਮੁਮਕਿਨ ਹੋਵੇ। ਪਰ ਜੇ ਅਸੀਂ ਉੱਥੇ ਹਾਜ਼ਰ ਹੋ ਸਕਦੇ ਹਾਂ, ਤਾਂ ਕੀ ਅਸੀਂ ਨਹੀਂ ਚਾਹੁੰਦੇ ਕਿ ਯਹੋਵਾਹ ਤੇ ਯਿਸੂ ਸਾਨੂੰ ਯਾਦਗਾਰ ʼਤੇ ਦੇਖਣ? ਜਦੋਂ ਅਸੀਂ ਆਪਣੇ ਕੰਮਾਂ ਰਾਹੀਂ ਦਿਖਾਉਂਦੇ ਹਾਂ ਕਿ ਸਭਾਵਾਂ ਸਾਡੇ ਲਈ ਮਾਅਨੇ ਰੱਖਦੀਆਂ ਹਨ, ਤਾਂ ਯਹੋਵਾਹ ਕੋਲ ਸਾਡਾ ਨਾਂ “ਯਾਦਗੀਰੀ ਦੀ ਪੁਸਤਕ” ਵਿੱਚੋਂ ਨਾ ਮਿਟਾਉਣ ਦਾ ਇਕ ਹੋਰ ਕਾਰਨ ਹੁੰਦਾ ਹੈ। ਇਸ ਕਿਤਾਬ ਨੂੰ “ਜੀਵਨ ਦੀ ਕਿਤਾਬ” ਵੀ ਕਿਹਾ ਗਿਆ ਹੈ। ਇਸ ਕਿਤਾਬ ਵਿਚ ਉਨ੍ਹਾਂ ਸਾਰਿਆਂ ਦੇ ਨਾਂ ਲਿਖੇ ਗਏ ਹਨ ਜਿਨ੍ਹਾਂ ਨੂੰ ਯਹੋਵਾਹ ਹਮੇਸ਼ਾ ਦੀ ਜ਼ਿੰਦਗੀ ਦੇਣੀ ਚਾਹੁੰਦਾ ਹੈ।—ਮਲਾ. 3:16; ਪ੍ਰਕਾ. 20:15.
5. ਯਾਦਗਾਰ ਤੋਂ ਕੁਝ ਹਫ਼ਤੇ ਪਹਿਲਾਂ ਅਸੀਂ ‘ਆਪਣੇ ਆਪ ਨੂੰ ਕਿਵੇਂ ਪਰਖ’ ਸਕਦੇ ਹਾਂ?
5 ਯਾਦਗਾਰ ਤੋਂ ਕੁਝ ਹਫ਼ਤੇ ਪਹਿਲਾਂ, ਅਸੀਂ ਪ੍ਰਾਰਥਨਾ ਕਰਨ ਲਈ ਅਤੇ ਇਸ ਗੱਲ ʼਤੇ ਸੋਚ-ਵਿਚਾਰ ਕਰਨ ਲਈ ਹੋਰ ਵੀ ਸਮਾਂ ਕੱਢ ਸਕਦੇ ਹਾਂ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਕਿੰਨਾ ਕੁ ਗੂੜ੍ਹਾ ਹੈ। (2 ਕੁਰਿੰਥੀਆਂ 13:5 ਪੜ੍ਹੋ।) ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ: “ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ।” ਅਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ? ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ: ‘ਕੀ ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਇਹੀ ਇੱਕੋ-ਇਕ ਸੰਗਠਨ ਹੈ ਜਿਸ ਨੂੰ ਯਹੋਵਾਹ ਨੇ ਆਪਣੀ ਇੱਛਾ ਪੂਰੀ ਕਰਨ ਲਈ ਚੁਣਿਆ ਹੈ? ਕੀ ਮੈਂ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਸਿਖਾਉਣ ਲਈ ਪੂਰੀ ਵਾਹ ਲਾ ਰਿਹਾ ਹਾਂ? ਕੀ ਮੇਰੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਦੁਨੀਆਂ ਦੇ ਆਖ਼ਰੀ ਦਿਨ ਚੱਲ ਰਹੇ ਹਨ ਅਤੇ ਸ਼ੈਤਾਨ ਦੇ ਰਾਜ ਦਾ ਅੰਤ ਨੇੜੇ ਹੈ? ਕੀ ਯਹੋਵਾਹ ਅਤੇ ਯਿਸੂ ਉੱਤੇ ਮੇਰੀ ਨਿਹਚਾ ਹੁਣ ਵੀ ਉੱਨੀ ਮਜ਼ਬੂਤ ਹੈ ਜਿੰਨੀ ਸ਼ੁਰੂ ਵਿਚ ਸੀ? (ਮੱਤੀ 24:14; 2 ਤਿਮੋ. 3:1; ਇਬ. 3:14) ਇਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰਨ ਨਾਲ “ਆਪਣੀ ਜਾਂਚ” ਕਰਨ ਵਿਚ ਸਾਡੀ ਮਦਦ ਹੋਵੇਗੀ।
6. (ੳ) ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਇੱਕੋ-ਇਕ ਤਰੀਕਾ ਕਿਹੜਾ ਹੈ? (ਅ) ਹਰ ਸਾਲ ਇਕ ਬਜ਼ੁਰਗ ਯਾਦਗਾਰ ਦੀ ਤਿਆਰੀ ਕਿਵੇਂ ਕਰਦਾ ਹੈ? ਤੁਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹੋ?
6 ਯਿਸੂ ਦੀ ਮੌਤ ਦੀ ਯਾਦਗਾਰ ਦੀ ਤਿਆਰੀ ਕਰਨ ਲਈ ਉਹ ਲੇਖ ਪੜ੍ਹੋ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰੋ ਜਿਨ੍ਹਾਂ ਵਿਚ ਯਾਦਗਾਰੀ ਦੀ ਅਹਿਮੀਅਤ ਬਾਰੇ ਸਮਝਾਇਆ ਗਿਆ ਹੈ। (ਯੂਹੰਨਾ 3:16; 17:3 ਪੜ੍ਹੋ।) ਯਹੋਵਾਹ ਬਾਰੇ ਸਿੱਖ ਕੇ ਅਤੇ ਉਸ ਦੇ ਪੁੱਤਰ ਯਿਸੂ ʼਤੇ ਨਿਹਚਾ ਰੱਖ ਕੇ ਹੀ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ। ਯਾਦਗਾਰੀ ਦੀ ਤਿਆਰੀ ਕਰਨ ਲਈ ਅਸੀਂ ਉਨ੍ਹਾਂ ਲੇਖਾਂ ਦਾ ਅਧਿਐਨ ਕਰ ਸਕਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਯਹੋਵਾਹ ਅਤੇ ਯਿਸੂ ਲਈ ਸਾਡਾ ਪਿਆਰ ਹੋਰ ਵਧੇਗਾ। ਬਹੁਤ ਸਾਲਾਂ ਤੋਂ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਇਕ ਭਰਾ ਇੱਦਾਂ ਹੀ ਕਰਦਾ ਹੈ। ਬਹੁਤ ਸਾਲਾਂ ਤੋਂ ਉਹ ਪਹਿਰਾਬੁਰਜ ਵਿੱਚੋਂ ਲੇਖ ਇਕੱਠੇ ਕਰ ਰਿਹਾ ਹੈ ਜਿਨ੍ਹਾਂ ਵਿਚ ਯਾਦਗਾਰ ਅਤੇ ਸਾਡੇ ਲਈ ਯਹੋਵਾਹ ਤੇ ਯਿਸੂ ਦੇ ਪਿਆਰ ਬਾਰੇ ਸਮਝਾਇਆ ਗਿਆ ਹੈ। ਯਾਦਗਾਰ ਤੋਂ ਕੁਝ ਹਫ਼ਤੇ ਪਹਿਲਾਂ ਉਹ ਇਹ ਲੇਖ ਦੁਬਾਰਾ ਪੜ੍ਹ ਕੇ ਇਨ੍ਹਾਂ ʼਤੇ ਡੂੰਘਾਈ ਨਾਲ ਸੋਚਦਾ ਹੈ ਕਿ ਯਾਦਗਾਰ ਇੰਨੀ ਮਾਅਨੇ ਕਿਉਂ ਰੱਖਦੀ ਹੈ। ਸਮੇਂ-ਸਮੇਂ ʼਤੇ ਉਹ ਹੋਰ ਨਵੇਂ ਲੇਖ ਵੀ ਇਕੱਠੇ ਕਰਦਾ ਹੈ। ਨਾਲੇ ਉਹ ਮੈਮੋਰੀਅਲ ਬਾਈਬਲ ਰੀਡਿੰਗ ਵੀ ਕਰਦਾ ਹੈ ਅਤੇ ਉਸ ʼਤੇ ਡੂੰਘਾਈ ਨਾਲ ਸੋਚ-ਵਿਚਾਰ ਵੀ ਕਰਦਾ ਹੈ। ਭਰਾ ਕਹਿੰਦਾ ਹੈ ਕਿ ਇਹ ਸਭ ਕੁਝ ਕਰਨ ਨਾਲ ਉਹ ਹਰ ਸਾਲ ਨਵੀਆਂ-ਨਵੀਆਂ ਗੱਲਾਂ ਸਿੱਖਦਾ ਹੈ। ਪਰ ਸਭ ਤੋਂ ਵੱਡਾ ਫ਼ਾਇਦਾ ਉਸ ਨੂੰ ਇਹ ਹੋਇਆ ਹੈ ਕਿ ਯਹੋਵਾਹ ਅਤੇ ਯਿਸੂ ਲਈ ਉਸ ਦਾ ਪਿਆਰ ਹੋਰ ਵੀ ਗੂੜ੍ਹਾ ਹੋਇਆ ਹੈ। ਜੇ ਤੁਸੀਂ ਇਸ ਭਰਾ ਦੀ ਰੀਸ ਕਰੋਗੇ, ਤਾਂ ਯਹੋਵਾਹ ਅਤੇ ਯਿਸੂ ਲਈ ਤੁਹਾਡਾ ਪਿਆਰ ਵੀ ਵਧੇਗਾ। ਤੁਸੀਂ ਦਿਲੋਂ ਉਨ੍ਹਾਂ ਦੀ ਕੀਤੀ ਲਈ ਸ਼ੁਕਰਗੁਜ਼ਾਰ ਹੋਵੋਗੇ ਅਤੇ ਯਿਸੂ ਦੀ ਮੌਤ ਦੀ ਯਾਦਗਾਰ ਤੋਂ ਤੁਹਾਨੂੰ ਹੋਰ ਵੀ ਫ਼ਾਇਦਾ ਹੋਵੇਗਾ।
ਯਾਦਗਾਰ ਸਾਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਦੀ ਹੈ
7. (ੳ) ਜਿਸ ਰਾਤ ਯਿਸੂ ਨੇ ਪ੍ਰਭੂ ਭੋਜਨ ਦੀ ਰੀਤ ਸ਼ੁਰੂ ਕੀਤੀ, ਉਸ ਰਾਤ ਉਸ ਨੇ ਕਿਸ ਗੱਲ ਲਈ ਪ੍ਰਾਰਥਨਾ ਕੀਤੀ? (ਅ) ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਯਿਸੂ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਹੈ?
7 ਜਿਸ ਰਾਤ ਯਿਸੂ ਨੇ ਪ੍ਰਭੂ ਦੇ ਭੋਜਨ ਦੀ ਰੀਤ ਸ਼ੁਰੂ ਕੀਤੀ, ਉਸ ਰਾਤ ਉਸ ਨੇ ਇਕ ਖ਼ਾਸ ਪ੍ਰਾਰਥਨਾ ਕੀਤੀ ਸੀ। ਉਸ ਨੇ ਆਪਣੀ ਪ੍ਰਾਰਥਨਾ ਵਿਚ ਕਿਹਾ ਕਿ ਜਿਸ ਤਰ੍ਹਾਂ ਉਹ ਤੇ ਪਿਤਾ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਨ, ਉਸੇ ਤਰ੍ਹਾਂ ਉਸ ਦੇ ਚੇਲੇ ਵੀ ਏਕਤਾ ਦੇ ਬੰਧਨ ਵਿਚ ਬੱਝੇ ਰਹਿਣ। (ਯੂਹੰਨਾ 17:20, 21 ਪੜ੍ਹੋ।) ਜ਼ਾਹਰ ਹੈ ਕਿ ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ। ਕਿਸੇ ਹੋਰ ਸਭਾ ਨਾਲੋਂ ਯਾਦਗਾਰ ʼਤੇ ਪਰਮੇਸ਼ੁਰ ਦੇ ਲੋਕਾਂ ਦੀ ਏਕਤਾ ਬਾਰੇ ਜ਼ਿਆਦਾ ਪਤਾ ਲੱਗਦਾ ਹੈ। ਉਸ ਦਿਨ ਦੁਨੀਆਂ ਦੇ ਅਲੱਗ-ਅਲੱਗ ਦੇਸ਼ਾਂ ਅਤੇ ਵੱਖੋ-ਵੱਖਰੇ ਰੂਪ-ਰੰਗ ਦੇ ਲੋਕ ਇਕੱਠੇ ਹੁੰਦੇ ਹਨ। ਨਾਲੇ ਉਹ ਇਸ ਗੱਲ ʼਤੇ ਆਪਣੀ ਨਿਹਚਾ ਜ਼ਾਹਰ ਕਰਦੇ ਹਨ ਕਿ ਯਹੋਵਾਹ ਨੇ ਆਪਣੇ ਪੁੱਤਰ ਨੂੰ ਧਰਤੀ ʼਤੇ ਭੇਜਿਆ ਸੀ। ਕਈ ਥਾਵਾਂ ʼਤੇ ਅਜੀਬ ਮੰਨਿਆਂ ਜਾਂਦਾ ਹੈ ਕਿ ਅਲੱਗ-ਅਲੱਗ ਕੌਮਾਂ ਜਾਂ ਨਸਲਾਂ ਦੇ ਲੋਕ ਇਕੱਠੇ ਮਿਲ ਕੇ ਭਗਤੀ ਕਰਨ। ਜੇ ਲੋਕ ਇਕੱਠੇ ਭਗਤੀ ਕਰਦੇ ਵੀ ਹਨ, ਤਾਂ ਵੀ ਕਈ ਇਸ ਨੂੰ ਠੀਕ ਨਹੀਂ ਸਮਝਦੇ। ਪਰ ਯਹੋਵਾਹ ਅਤੇ ਯਿਸੂ ਇਸ ਤਰ੍ਹਾਂ ਨਹੀਂ ਸੋਚਦੇ। ਯਾਦਗਾਰ ʼਤੇ ਸਾਡੀ ਏਕਤਾ ਦੇਖ ਕੇ ਉਨ੍ਹਾਂ ਦਾ ਦਿਲ ਖ਼ੁਸ਼ੀ ਨਾਲ ਭਰ ਉੱਠਦਾ ਹੈ।
8. ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹੜਾ ਸੰਦੇਸ਼ ਦਿੱਤਾ ਸੀ?
8 ਯਹੋਵਾਹ ਦੇ ਲੋਕ ਹੋਣ ਕਰਕੇ ਸਾਨੂੰ ਆਪਣੀ ਏਕਤਾ ʼਤੇ ਹੈਰਾਨੀ ਨਹੀਂ ਹੁੰਦੀ। ਯਹੋਵਾਹ ਨੇ ਹਿਜ਼ਕੀਏਲ ਨੂੰ ਦੱਸਿਆ ਸੀ ਕਿ ਇਸ ਤਰ੍ਹਾਂ ਹੋਵੇਗਾ। ਉਸ ਨੇ ਹਿਜ਼ਕੀਏਲ ਨੂੰ ਦੋ ਲੱਕੜੀਆਂ ਲੈਣ ਲਈ ਕਿਹਾ, ਇਕ “ਯਹੂਦਾਹ” ਲਈ ਅਤੇ ਇਕ “ਯੂਸੁਫ਼ ਲਈ।” ਉਸ ਨੇ ਇਨ੍ਹਾਂ ਨੂੰ ਜੋੜਨਾ ਸੀ ਤਾਂਕਿ ਉਹ ਇਕ ਹੋ ਜਾਣ। (ਹਿਜ਼ਕੀਏਲ 37:15-17 ਪੜ੍ਹੋ।) ਜੁਲਾਈ 2016 ਦੇ ਪਹਿਰਾਬੁਰਜ ਦੇ “ਪਾਠਕਾਂ ਵੱਲੋਂ ਸਵਾਲ” ਵਿਚ ਸਮਝਾਇਆ ਗਿਆ ਸੀ: “ਯਹੋਵਾਹ ਨੇ ਹਿਜ਼ਕੀਏਲ ਰਾਹੀਂ ਭਵਿੱਖਬਾਣੀ ਕੀਤੀ ਸੀ ਕਿ ਵਾਅਦਾ ਕੀਤੇ ਹੋਏ ਦੇਸ਼ ਵਿਚ ਦੁਬਾਰਾ ਜਾਣ ਤੋਂ ਬਾਅਦ ਇਜ਼ਰਾਈਲ ਕੌਮ ਨੂੰ ਫਿਰ ਤੋਂ ਇਕ-ਜੁੱਟ ਕੀਤਾ ਜਾਵੇਗਾ। ਇਹ ਭਵਿੱਖਬਾਣੀ ਇਸ ਗੱਲ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਆਖ਼ਰੀ ਦਿਨਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਇਕ-ਜੁੱਟ ਕੀਤਾ ਜਾਵੇਗਾ।”
9. ਅਸੀਂ ਹਰ ਸਾਲ ਹਿਜ਼ਕੀਏਲ ਦੀ ਭਵਿੱਖਬਾਣੀ ਨੂੰ ਪੂਰੀ ਹੁੰਦੀ ਕਿਵੇਂ ਦੇਖਦੇ ਹਾਂ?
9 ਸਾਲ 1919 ਤੋਂ ਯਹੋਵਾਹ ਨੇ ਚੁਣੇ ਹੋਏ ਮਸੀਹੀਆਂ ਨੂੰ ਦੁਬਾਰਾ ਸੰਗਠਿਤ ਅਤੇ ਇਕ-ਜੁੱਟ ਕੀਤਾ। “ਯਹੂਦਾਹ” ਦੀ ਲੱਕੜੀ ਚੁਣੇ ਹੋਇਆਂ ਨੂੰ ਦਰਸਾਉਂਦੀ ਹੈ। ਬਾਅਦ ਵਿਚ ਇਨ੍ਹਾਂ ਨਾਲ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲੇ ਲੋਕ ਜੁੜ ਗਏ। ਇਹ ਲੋਕ “ਯੂਸੁਫ਼” ਦੀ ਲੱਕੜੀ ਨੂੰ ਦਰਸਾਉਂਦੇ ਹਨ। ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਹ ਆਪਣੇ ਹੱਥ ਵਿਚ ਦੋਨਾਂ ਲੱਕੜੀਆਂ ਨੂੰ ਇਕੱਠਾ ਕਰ ਕੇ “ਇੱਕੋ ਹੀ ਲੱਕੜੀ” ਬਣਾਵੇਗਾ। (ਹਿਜ਼. 37:19) ਉਸ ਨੇ ਚੁਣੇ ਹੋਇਆਂ ਨੂੰ ਅਤੇ “ਹੋਰ ਭੇਡਾਂ” ਨੂੰ “ਇੱਕੋ ਝੁੰਡ” ਵਿਚ ਇਕੱਠਾ ਕੀਤਾ ਹੈ। (ਯੂਹੰ. 10:16; ਜ਼ਕ. 8:23) ਅੱਜ ਦੋਨਾਂ ਸਮੂਹਾਂ ਵਿਚ ਏਕਤਾ ਹੈ ਅਤੇ ਉਹ ਮੋਢੇ ਨਾਲ ਮੋਢਾ ਜੋੜ ਕੇ ਯਹੋਵਾਹ ਦੀ ਸੇਵਾ ਕਰਦੇ ਹਨ। ਉਨ੍ਹਾਂ ਦਾ ਇੱਕੋ ਰਾਜਾ ਯਿਸੂ ਮਸੀਹ ਹੈ, ਜਿਸ ਨੂੰ ਹਿਜ਼ਕੀਏਲ ਦੀ ਭਵਿੱਖਬਾਣੀ ਵਿਚ “ਦਾਸ ਦਾਊਦ” ਕਿਹਾ ਗਿਆ ਹੈ। (ਹਿਜ਼. 37:24, 25) ਜਦੋਂ ਅਸੀਂ ਹਰ ਸਾਲ ਯਿਸੂ ਦੀ ਮੌਤ ਦੀ ਯਾਦਗਾਰ ʼਤੇ ਇਕੱਠੇ ਹੁੰਦੇ ਹਾਂ, ਤਾਂ ਅਸੀਂ ਹਿਜ਼ਕੀਏਲ ਦੁਆਰਾ ਦੱਸੇ ਦੋਨਾਂ ਸਮੂਹਾਂ ਦੀ ਏਕਤਾ ਨੂੰ ਆਪਣੀ ਅੱਖੀਂ ਦੇਖ ਸਕਦੇ ਹਾਂ। ਪਰ ਪਰਮੇਸ਼ੁਰ ਦੇ ਲੋਕਾਂ ਵਿਚ ਏਕਤਾ ਨੂੰ ਬਣਾਈ ਰੱਖਣ ਅਤੇ ਇਸ ਨੂੰ ਵਧਾਉਣ ਲਈ ਅਸੀਂ ਸਾਰੇ ਕਿਵੇਂ ਯੋਗਦਾਨ ਪਾ ਸਕਦੇ ਹਾਂ?
ਅਸੀਂ ਸਾਰੇ ਏਕਤਾ ਕਿਵੇਂ ਬਣਾਈ ਰੱਖ ਸਕਦੇ ਹਾਂ?
10. ਅਸੀਂ ਪਰਮੇਸ਼ੁਰ ਦੇ ਲੋਕਾਂ ਵਿਚ ਏਕਤਾ ਕਿਵੇਂ ਬਣਾਈ ਰੱਖ ਸਕਦੇ ਹਾਂ?
10 ਪਰਮੇਸ਼ੁਰ ਦੇ ਲੋਕਾਂ ਵਿਚ ਏਕਤਾ ਬਣਾਈ ਰੱਖਣ ਲਈ ਅਸੀਂ ਸਭ ਤੋਂ ਪਹਿਲਾਂ ਕੀ ਕਰ ਸਕਦੇ ਹਾਂ? ਅਸੀਂ ਨਿਮਰ ਬਣਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਧਰਤੀ ʼਤੇ ਹੁੰਦਿਆਂ ਯਿਸੂ ਨੇ ਆਪਣੇ ਚੇਲਿਆਂ ਨੂੰ ਨਿਮਰ ਬਣਨਾ ਲਈ ਕਿਹਾ ਸੀ। (ਮੱਤੀ 23:12) ਦੁਨਿਆਵੀ ਲੋਕ ਅਕਸਰ ਆਪਣੇ ਆਪ ਨੂੰ ਦੂਜਿਆਂ ਨਾਲੋਂ ਜ਼ਿਆਦਾ ਬਿਹਤਰ ਸਮਝਦੇ ਹਨ। ਪਰ ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਮੰਡਲੀ ਵਿਚ ਅਗਵਾਈ ਲੈਣ ਵਾਲੇ ਭਰਾਵਾਂ ਦੀ ਇੱਜ਼ਤ ਕਰਾਂਗੇ ਅਤੇ ਉਨ੍ਹਾਂ ਦਾ ਕਹਿਣਾ ਮੰਨਾਂਗੇ। ਇਸ ਤਰ੍ਹਾਂ ਮੰਡਲੀ ਵਿਚ ਏਕਤਾ ਬਣੀ ਰਹੇਗੀ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜੇ ਅਸੀਂ ਨਿਮਰ ਬਣੇ ਰਹਾਂਗੇ, ਤਾਂ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਾਂਗੇ “ਕਿਉਂਕਿ ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ, ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।”—1 ਪਤ. 5:5.
11. ਯਾਦਗਾਰ ʼਤੇ ਵਰਤੀ ਜਾਣ ਵਾਲੀ ਰੋਟੀ ਅਤੇ ਦਾਖਰਸ ʼਤੇ ਸੋਚ-ਵਿਚਾਰ ਕਰਕੇ ਸਾਡੀ ਏਕਤਾ ਕਿਉਂ ਵਧਦੀ ਹੈ?
11 ਏਕਤਾ ਨੂੰ ਵਧਾਉਣ ਦਾ ਦੂਸਰਾ ਤਰੀਕਾ ਕਿਹੜਾ ਹੈ? ਰੋਟੀ ਅਤੇ ਲਾਲ ਦਾਖਰਸ ਦੇ ਮਤਲਬ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰੋ। ਸਾਨੂੰ ਇਸ ਤਰ੍ਹਾਂ ਯਾਦਗਾਰ ਤੋਂ ਪਹਿਲਾਂ ਅਤੇ ਖ਼ਾਸਕਰ ਯਾਦਗਾਰ ਵਾਲੇ ਦਿਨ ਕਰਨਾ ਚਾਹੀਦਾ ਹੈ। (1 ਕੁਰਿੰ. 11:23-25) ਬੇਖਮੀਰੀ ਰੋਟੀ ਯਿਸੂ ਦੇ ਮੁਕੰਮਲ ਸਰੀਰ ਨੂੰ ਦਰਸਾਉਂਦੀ ਹੈ ਜੋ ਉਸ ਨੇ ਸਾਡੇ ਲਈ ਵਾਰਿਆ ਸੀ। ਲਾਲ ਦਾਖਰਸ ਯਿਸੂ ਦੇ ਖ਼ੂਨ ਨੂੰ ਦਰਸਾਉਂਦੀ ਹੈ। ਪਰ ਸਾਨੂੰ ਸਿਰਫ਼ ਇਨ੍ਹਾਂ ਬੁਨਿਆਦੀ ਗੱਲਾਂ ਬਾਰੇ ਜਾਣ ਕੇ ਹੀ ਨਹੀਂ ਬੈਠ ਜਾਣਾ ਚਾਹੀਦਾ। ਯਾਦ ਰੱਖੋ ਕਿ ਯਿਸੂ ਦੀ ਕੁਰਬਾਨੀ ਤੋਂ ਪਿਆਰ ਦੇ ਦੋ ਸਭ ਤੋਂ ਵੱਡੇ ਸਬੂਤ ਮਿਲਦੇ ਹਨ। ਉਹ ਕਿਹੜੇ ਹਨ? ਪਹਿਲਾ, ਯਹੋਵਾਹ ਨੇ ਸਾਡੀ ਖ਼ਾਤਰ ਆਪਣਾ ਪੁੱਤਰ ਨਿਛਾਵਰ ਕਰ ਦਿੱਤਾ ਅਤੇ ਦੂਜਾ, ਯਿਸੂ ਨੇ ਖ਼ੁਸ਼ੀ-ਖ਼ੁਸ਼ੀ ਸਾਡੇ ਲਈ ਆਪਣੀ ਜਾਨ ਵਾਰ ਦਿੱਤੀ। ਇਸ ਤੋਂ ਜ਼ਿਆਦਾ ਪਿਆਰ ਸਾਨੂੰ ਕਿਸੇ ਨੇ ਵੀ ਨਹੀਂ ਕੀਤਾ। ਜਦੋਂ ਅਸੀਂ ਉਨ੍ਹਾਂ ਦੇ ਅਸੀਮ ਪਿਆਰ ਬਾਰੇ ਸੋਚਦੇ ਹਾਂ, ਤਾਂ ਕੀ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਵੀ ਉਨ੍ਹਾਂ ਨੂੰ ਉੱਨਾ ਹੀ ਪਿਆਰ ਦਿਖਾਈਏ? ਇਸ ਦੇ ਨਾਲ-ਨਾਲ ਯਹੋਵਾਹ ਲਈ ਸਾਡਾ ਪਿਆਰ ਸਾਨੂੰ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਦਾ ਹੈ।
12. ਯਿਸੂ ਨੇ ਕਿਵੇਂ ਸਿਖਾਇਆ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਨੂੰ ਮਾਫ਼ ਕਰੀਏ?
12 ਏਕਤਾ ਵਧਾਉਣ ਦਾ ਤੀਸਰਾ ਤਰੀਕਾ ਕਿਹੜਾ ਹੈ? ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਪ੍ਰਤੀ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ ਕਿ ਉਹ ਯਿਸੂ ਦੇ ਬਲੀਦਾਨ ਰਾਹੀਂ ਸਾਡੇ ਪਾਪ ਮਾਫ਼ ਕਰਦਾ ਹੈ। ਮਾਫ਼ੀ ਦੀ ਅਹਿਮੀਅਤ ਸਮਝਾਉਣ ਲਈ ਯਿਸੂ ਨੇ ਇਕ ਰਾਜੇ ਅਤੇ ਉਸ ਦੇ ਨੌਕਰਾਂ ਦੀ ਕਹਾਣੀ ਸੁਣਾਈ। ਕਿਰਪਾ ਕਰ ਕੇ ਮੱਤੀ 18:23-34 ਪੜ੍ਹੋ ਅਤੇ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਦਿਲੋਂ ਯਿਸੂ ਦਾ ਕਹਿਣਾ ਮੰਨਦਾ ਹਾਂ? ਕੀ ਮੈਂ ਆਪਣੇ ਭੈਣਾਂ-ਭਰਾਵਾਂ ਨਾਲ ਧੀਰਜ ਰੱਖਦਾ ਹਾਂ ਅਤੇ ਉਨ੍ਹਾਂ ਨੂੰ ਸਮਝਦਾ ਹਾਂ? ਕੀ ਮੈਂ ਉਨ੍ਹਾਂ ਨੂੰ ਮਾਫ਼ ਕਰਨ ਲਈ ਤਿਆਰ ਹਾਂ ਜਿਨ੍ਹਾਂ ਨੇ ਮੇਰਾ ਦਿਲ ਦੁਖਾਇਆ ਹੈ?’ ਇਹ ਗੱਲ ਸੱਚ ਹੈ ਕਿ ਕੁਝ ਪਾਪ ਦੂਜਿਆਂ ਨਾਲੋਂ ਜ਼ਿਆਦਾ ਗੰਭੀਰ ਹੁੰਦੇ ਹਨ ਅਤੇ ਪਾਪੀ ਹੋਣ ਕਰਕੇ ਸਾਡੇ ਲਈ ਕੁਝ ਪਾਪ ਮਾਫ਼ ਕਰਨੇ ਬਹੁਤ ਔਖੇ ਹੁੰਦੇ ਹਨ। ਪਰ ਯਿਸੂ ਦੀ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ। (ਮੱਤੀ 18:35 ਪੜ੍ਹੋ।) ਯਿਸੂ ਦੀ ਕਹਾਣੀ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਜੇ ਮਾਫ਼ ਕਰਨ ਦੇ ਜਾਇਜ਼ ਕਾਰਨ ਹੋਣ ਤੇ ਵੀ ਅਸੀਂ ਦੂਜਿਆਂ ਨੂੰ ਮਾਫ਼ ਨਹੀਂ ਕਰਦੇ, ਤਾਂ ਯਹੋਵਾਹ ਵੀ ਸਾਨੂੰ ਮਾਫ਼ ਨਹੀਂ ਕਰੇਗਾ। ਵਾਕਈ, ਸਾਨੂੰ ਇਸ ਗੱਲ ʼਤੇ ਗੰਭੀਰਤਾ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਆਪਣੀ ਏਕਤਾ ਬਣਾਈ ਰੱਖਣ ਅਤੇ ਇਸ ਨੂੰ ਵਧਾਉਣ ਲਈ ਸਾਨੂੰ ਯਿਸੂ ਦੀ ਸਿੱਖਿਆ ਮੁਤਾਬਕ ਦੂਜਿਆਂ ਨੂੰ ਮਾਫ਼ ਕਰਨ ਦੀ ਲੋੜ ਹੈ।
13. ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਨਾਲ ਸਾਡੀ ਏਕਤਾ ਕਿਵੇਂ ਵਧਦੀ ਹੈ?
13 ਦੂਜਿਆਂ ਨੂੰ ਮਾਫ਼ ਕਰ ਕੇ ਅਸੀਂ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਦੇ ਹਾਂ। ਪੌਲੁਸ ਦੀ ਸਲਾਹ ਯਾਦ ਕਰੋ: “ਇਕ-ਦੂਜੇ ਨਾਲ ਬਣਾ ਕੇ ਰੱਖੋ ਅਤੇ ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।” (ਅਫ਼. 4:3) ਇਸ ਲਈ ਯਾਦਗਾਰ ਤੋਂ ਕੁਝ ਹਫ਼ਤੇ ਪਹਿਲਾਂ ਅਤੇ ਖ਼ਾਸ ਕਰਕੇ ਉਸ ਰਾਤ ਨੂੰ ਡੂੰਘਾਈ ਨਾਲ ਸੋਚੋ ਕਿ ਤੁਸੀਂ ਦੂਜਿਆਂ ਨਾਲ ਕਿਵੇਂ ਪੇਸ਼ ਆਉਂਦੇ ਹੋ। ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਕਰੀਬੀ ਮੈਨੂੰ ਇਸ ਗੱਲੋਂ ਜਾਣਦੇ ਹਨ ਕਿ ਮੈਂ ਦੂਜਿਆਂ ਨੂੰ ਛੇਤੀ ਮਾਫ਼ ਕਰ ਦਿੰਦਾ ਹਾਂ? ਕੀ ਲੋਕ ਦੇਖ ਸਕਦੇ ਹਨ ਕਿ ਮੈਂ ਸ਼ਾਂਤੀ ਤੇ ਏਕਤਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ?’ ਸਾਨੂੰ ਇਨ੍ਹਾਂ ਗੰਭੀਰ ਸਵਾਲਾਂ ʼਤੇ ਸੋਚ-ਵਿਚਾਰ ਕਰਨ ਦੀ ਲੋੜ ਹੈ।
14. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ “ਪਿਆਰ ਨਾਲ ਇਕ-ਦੂਜੇ ਦੀ ਸਹਿ” ਰਹੇ ਹਾਂ?
14 ਏਕਤਾ ਵਧਾਉਣ ਦਾ ਚੌਥਾ ਤਰੀਕਾ ਕਿਹੜਾ ਹੈ? ਦੂਜਿਆਂ ਨੂੰ ਯਹੋਵਾਹ ਵਾਂਗ ਪਿਆਰ ਕਰੋ। (1 ਯੂਹੰ. 4:8) ਇਸ ਤਰ੍ਹਾਂ ਕਦੀ ਨਾ ਕਹੋ: “ਭੈਣ-ਭਰਾ ਹੋਣ ਕਰਕੇ ਮੈਂ ਉਨ੍ਹਾਂ ਨੂੰ ਸਹਿ ਤਾਂ ਲੈਂਦਾ ਹਾਂ, ਪਰ ਮੈਂ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ।” ਜੇ ਅਸੀਂ ਇਸ ਤਰ੍ਹਾਂ ਸੋਚਦੇ ਹਾਂ, ਤਾਂ ਅਸੀਂ ਪੌਲੁਸ ਦੀ ਇਹ ਸਲਾਹ ਨਹੀਂ ਮੰਨ ਰਹੇ ਹਾਂ ਕਿ “ਪਿਆਰ ਨਾਲ ਇਕ-ਦੂਜੇ ਦੀ ਸਹਿ ਲਵੋ।” (ਅਫ਼. 4:2) ਧਿਆਨ ਦਿਓ ਕਿ ਪੌਲੁਸ ਨੇ ਸਿਰਫ਼ ਇਹੀ ਨਹੀਂ ਕਿਹਾ ਕਿ “ਇਕ-ਦੂਜੇ ਦੀ ਸਹਿ ਲਵੋ”, ਸਗੋਂ ਉਸ ਨੇ ਕਿਹਾ ਕਿ “ਪਿਆਰ ਨਾਲ” ਇਕ-ਦੂਜੇ ਦੀ ਸਹਿ ਲਵੋ। ਇਨ੍ਹਾਂ ਦੋਹਾਂ ਗੱਲਾਂ ਵਿਚ ਫ਼ਰਕ ਹੈ। ਸਾਡੀਆਂ ਮੰਡਲੀਆਂ ਵਿਚ ਅਲੱਗ-ਅਲੱਗ ਸੁਭਾਅ ਦੇ ਲੋਕ ਹਨ ਅਤੇ ਯਹੋਵਾਹ ਨੇ ਉਨ੍ਹਾਂ ਸਾਰਿਆਂ ਨੂੰ ਆਪਣੇ ਵੱਲ ਖਿੱਚਿਆ ਹੈ। (ਯੂਹੰ. 6:44) ਜੇ ਯਹੋਵਾਹ ਉਨ੍ਹਾਂ ਵਿਚ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੇਖ ਕੇ ਉਨ੍ਹਾਂ ਨੂੰ ਪਿਆਰ ਕਰਦਾ ਹੈ, ਤਾਂ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਉਹ ਸਾਡੇ ਪਿਆਰ ਦੇ ਲਾਇਕ ਨਹੀਂ ਹਨ? ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਉੱਦਾਂ ਹੀ ਪਿਆਰ ਕਰਨਾ ਚਾਹੀਦਾ ਹੈ ਜਿੱਦਾਂ ਯਹੋਵਾਹ ਚਾਹੁੰਦਾ ਹੈ।—1 ਯੂਹੰ. 4:20, 21.
ਆਖ਼ਰੀ ਯਾਦਗਾਰ ਕਦੋਂ ਮਨਾਈ ਜਾਵੇਗੀ?
15. ਅਸੀਂ ਕਿਵੇਂ ਜਾਣਦੇ ਹਾਂ ਇਕ ਦਿਨ ਅਸੀਂ ਆਖ਼ਰੀ ਯਾਦਗਾਰ ਮਨਾਵਾਂਗੇ?
15 ਇਕ ਦਿਨ ਅਸੀਂ ਆਖ਼ਰੀ ਵਾਰ ਯਾਦਗਾਰ ʼਤੇ ਜਾਵਾਂਗੇ। ਅਸੀਂ ਇਹ ਗੱਲ ਕਿਵੇਂ ਜਾਣਦੇ ਹਾਂ? ਕੁਰਿੰਥੀਆਂ ਦੇ ਚੁਣੇ ਹੋਏ ਮਸੀਹੀਆਂ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਪੌਲੁਸ ਨੇ ਹਰ ਸਾਲ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਬਾਰੇ ਕਿਹਾ ਕਿ ਉਹ “ਪ੍ਰਭੂ ਦੇ ਆਉਣ ਤਕ ਉਸ ਦੀ ਮੌਤ ਦਾ ਐਲਾਨ ਕਰਦੇ” ਰਹਿਣ। (1 ਕੁਰਿੰ. 11:26) ਇਸ ਆਇਤ ਵਿਚ ‘ਪ੍ਰਭੂ ਦਾ ਆਉਣਾ’ ਕਿਸ ਸਮੇਂ ਵੱਲ ਇਸ਼ਾਰਾ ਕਰ ਰਿਹਾ ਹੈ? ਇਹ ਉਹੀ ਸਮਾਂ ਹੈ ਜੋ ਯਿਸੂ ਨੇ ਅੰਤ ਦੀ ਭਵਿੱਖਬਾਣੀ ਕਰਦੇ ਹੋਏ ਆਪਣੇ ਆਉਣ ਬਾਰੇ ਦੱਸਿਆ ਸੀ। ਜਲਦੀ ਆਉਣ ਵਾਲੇ ਮਹਾਂਕਸ਼ਟ ਬਾਰੇ ਗੱਲ ਕਰਦਿਆਂ ਯਿਸੂ ਨੇ ਕਿਹਾ: “ਫਿਰ ਮਨੁੱਖ ਦੇ ਪੁੱਤਰ ਦੀ ਨਿਸ਼ਾਨੀ ਆਕਾਸ਼ ਵਿਚ ਦਿਖਾਈ ਦੇਵੇਗੀ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਆਪਣੀ ਛਾਤੀ ਪਿੱਟਣਗੀਆਂ, ਅਤੇ ਉਹ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿਚ ਸ਼ਕਤੀ ਅਤੇ ਵੱਡੀ ਮਹਿਮਾ ਨਾਲ ਆਉਂਦਾ ਦੇਖਣਗੀਆਂ। ਅਤੇ ਉਹ ਤੁਰ੍ਹੀ ਦੀ ਉੱਚੀ ਆਵਾਜ਼ ਨਾਲ ਆਪਣੇ ਦੂਤਾਂ ਨੂੰ ਘੱਲੇਗਾ ਅਤੇ ਦੂਤ ਆਕਾਸ਼ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ, ਚੌਹਾਂ ਪਾਸਿਆਂ ਤੋਂ ਉਸ ਦੇ ਚੁਣੇ ਹੋਏ ਲੋਕਾਂ ਨੂੰ ਇਕੱਠਾ ਕਰਨਗੇ।” (ਮੱਤੀ 24:29-31) ਚੁਣੇ ਹੋਏ ਮਸੀਹੀ ਉਦੋਂ ‘ਇਕੱਠੇ’ ਕੀਤੇ ਜਾਣਗੇ, ਜਦੋਂ ਯਿਸੂ ਧਰਤੀ ਉੱਤੇ ਬਚੇ ਚੁਣੇ ਹੋਇਆਂ ਨੂੰ ਸਵਰਗ ਲੈ ਜਾਵੇਗਾ। ਇਹ ਘਟਨਾ ਮਹਾਂਕਸ਼ਟ ਦੇ ਸ਼ੁਰੂ ਹੋਣ ਤੋਂ ਬਾਅਦ ਅਤੇ ਆਰਮਾਗੇਡਨ ਦੀ ਲੜਾਈ ਤੋਂ ਪਹਿਲਾਂ ਵਾਪਰੇਗੀ। ਇਸ ਲੜਾਈ ਵਿਚ ਯਿਸੂ ਅਤੇ 1,44,000 ਧਰਤੀ ਦੇ ਰਾਜਿਆਂ ਨਾਲ ਲੜਨਗੇ ਅਤੇ ਜਿੱਤ ਪ੍ਰਾਪਤ ਕਰਨਗੇ। (ਪ੍ਰਕਾ. 17:12-14) ਸੋ ਆਖ਼ਰੀ ਯਾਦਗਾਰ ਕਦੋਂ ਮਨਾਈ ਜਾਵੇਗੀ? ਆਖ਼ਰੀ ਯਾਦਗਾਰ ਉਹ ਵਾਲੀ ਹੋਵੇਗੀ ਜੋ ਬਾਕੀ ਚੁਣੇ ਹੋਏ ਮਸੀਹੀਆਂ ਨੂੰ ਇਕੱਠਾ ਕਰ ਕੇ ਸਵਰਗ ਲੈ ਜਾਏ ਜਾਣ ਤੋਂ ਪਹਿਲਾਂ ਮਨਾਈ ਜਾਵੇਗੀ।
16. ਤੁਸੀਂ ਇਸ ਸਾਲ ਦੀ ਯਾਦਗਾਰ ʼਤੇ ਹਾਜ਼ਰ ਕਿਉਂ ਹੋਣਾ ਚਾਹੁੰਦੇ ਹੋ?
16 ਦਿਨ 31 ਮਾਰਚ 2018 ਨੂੰ ਯਿਸੂ ਦੀ ਮੌਤ ਦੀ ਯਾਦਗਾਰ ʼਤੇ ਜ਼ਰੂਰ ਹਾਜ਼ਰ ਹੋਇਓ। ਯਹੋਵਾਹ ਨੂੰ ਪ੍ਰਾਰਥਨਾ ਵਿਚ ਮਦਦ ਮੰਗੋ ਤਾਂ ਜੋ ਤੁਸੀਂ ਪਰਮੇਸ਼ੁਰ ਦੇ ਲੋਕਾਂ ਦੀ ਏਕਤਾ ਨੂੰ ਵਧਾਉਣ ਵਿਚ ਯੋਗਦਾਨ ਪਾ ਸਕੋ। (ਜ਼ਬੂਰਾਂ ਦੀ ਪੋਥੀ 133:1 ਪੜ੍ਹੋ।) ਇਸ ਲਈ ਆਓ ਆਪਾਂ ਉਸ ਦਿਨ ਤਕ ਯਾਦਗਾਰ ʼਤੇ ਆਪਣੀ ਏਕਤਾ ਦੀ ਕਦਰ ਕਰਦੇ ਰਹੀਏ।