ਧੀਰਜ—ਉਮੀਦ ਕਰਕੇ ਸਹਿਣਾ
“ਆਖ਼ਰੀ ਦਿਨ” ਹੋਣ ਕਰਕੇ ਯਹੋਵਾਹ ਦੇ ਲੋਕਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਧੀਰਜ ਰੱਖਣ ਦੀ ਲੋੜ ਹੈ। (2 ਤਿਮੋ. 3:1-5) ਅਸੀਂ ਇਹੋ ਜਿਹੀ ਦੁਨੀਆਂ ਵਿਚ ਰਹਿ ਰਹੇ ਹਾਂ ਜਿੱਥੇ ਲੋਕ ਸੁਆਰਥੀ, ਕਿਸੇ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ ਅਤੇ ਅਸੰਜਮੀ ਹਨ। ਇੱਦਾਂ ਦੇ ਲੋਕਾਂ ਵਿਚ ਆਮ ਤੌਰ ਤੇ ਬਿਲਕੁਲ ਵੀ ਧੀਰਜ ਨਹੀਂ ਹੁੰਦਾ। ਇਸ ਲਈ ਹਰੇਕ ਮਸੀਹੀ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੇਰੇ ʼਤੇ ਇਸ ਦੁਨੀਆਂ ਦਾ ਅਸਰ ਤਾਂ ਨਹੀਂ ਪਿਆ? ਧੀਰਜ ਰੱਖਣ ਦਾ ਕੀ ਮਤਲਬ ਹੈ? ਮੈਂ ਇਸ ਵਧੀਆ ਗੁਣ ਨੂੰ ਆਪਣੇ ਸੁਭਾਅ ਦਾ ਹਿੱਸਾ ਕਿਵੇਂ ਬਣਾ ਸਕਦਾ ਹਾਂ?’
ਧੀਰਜ ਰੱਖਣ ਦਾ ਕੀ ਮਤਲਬ ਹੈ?
ਬਾਈਬਲ ਵਿਚ “ਧੀਰਜ” ਰੱਖਣ ਦਾ ਮਤਲਬ ਸਿਰਫ਼ ਮੁਸ਼ਕਲਾਂ ਸਹਿਣਾ ਹੀ ਨਹੀਂ ਹੈ। ਧੀਰਜਵਾਨ ਵਿਅਕਤੀ ਉਮੀਦ ਰੱਖਦਾ ਹੈ ਕਿ ਹਾਲਾਤ ਸੁਧਰ ਜਾਣਗੇ। ਉਹ ਸਿਰਫ਼ ਆਪਣੇ ਬਾਰੇ ਹੀ ਨਹੀਂ, ਸਗੋਂ ਦੂਜਿਆਂ ਦੇ ਭਲੇ ਬਾਰੇ ਵੀ ਸੋਚਦਾ ਹੈ, ਉਨ੍ਹਾਂ ਦੇ ਭਲੇ ਬਾਰੇ ਵੀ ਜਿਨ੍ਹਾਂ ਨੇ ਸ਼ਾਇਦ ਉਸ ਨੂੰ ਗੁੱਸਾ ਚੜ੍ਹਾਇਆ ਹੋਵੇ ਜਾਂ ਉਸ ਨਾਲ ਬੁਰਾ ਸਲੂਕ ਕੀਤਾ ਹੋਵੇ। ਉਹ ਹਮੇਸ਼ਾ ਉਮੀਦ ਰੱਖਦਾ ਹੈ ਕਿ ਕਦੇ-ਨਾ-ਕਦੇ ਉਨ੍ਹਾਂ ਦੇ ਰਿਸ਼ਤਿਆਂ ਵਿਚ ਪਈ ਦਰਾੜ ਭਰ ਜਾਵੇਗੀ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਬਾਈਬਲ ਦੱਸਦੀ ਹੈ ਕਿ ਪਿਆਰ ਕਰਕੇ ਹੀ ਇਕ ਵਿਅਕਤੀ ਧੀਰਜਵਾਨ ਬਣਦਾ ਹੈ।a (1 ਕੁਰਿੰ. 13:4) ਨਾਲੇ ਧੀਰਜ ਦਾ ਗੁਣ ‘ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਪੈਦਾ ਹੁੰਦਾ ਹੈ।’ (ਗਲਾ. 5:22, 23) ਇਹ ਗੁਣ ਪੈਦਾ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
ਧੀਰਜ ਕਿਵੇਂ ਪੈਦਾ ਕਰੀਏ?
ਧੀਰਜ ਪੈਦਾ ਕਰਨ ਲਈ ਸਾਨੂੰ ਪ੍ਰਾਰਥਨਾ ਵਿਚ ਯਹੋਵਾਹ ਕੋਲੋਂ ਪਵਿੱਤਰ ਸ਼ਕਤੀ ਮੰਗਣੀ ਚਾਹੀਦੀ ਹੈ। ਉਹ ਉਨ੍ਹਾਂ ਸਾਰਿਆਂ ਨੂੰ ਪਵਿੱਤਰ ਸ਼ਕਤੀ ਦਿੰਦਾ ਹੈ ਜੋ ਉਸ ʼਤੇ ਭਰੋਸਾ ਰੱਖਦੇ ਹਨ। (ਲੂਕਾ 11:13) ਭਾਵੇਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਬਹੁਤ ਹੀ ਤਾਕਤਵਰ ਹੈ, ਪਰ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕਦਮ ਵੀ ਚੁੱਕਣੇ ਚਾਹੀਦੇ ਹਨ। (ਜ਼ਬੂ. 86:10, 11) ਇਸ ਲਈ ਸਾਨੂੰ ਹਰ ਰੋਜ਼ ਧੀਰਜ ਰੱਖਣ ਵਿਚ ਪੂਰੀ ਵਾਹ ਲਾਉਣੀ ਚਾਹੀਦੀ ਹੈ ਤਾਂਕਿ ਇਹ ਗੁਣ ਸਾਡੇ ਸੁਭਾਅ ਦਾ ਹਿੱਸਾ ਬਣ ਜਾਵੇ। ਹੋਰ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
ਸਾਨੂੰ ਯਿਸੂ ਬਾਰੇ ਪੜ੍ਹਨ ਅਤੇ ਉਸ ਦੀ ਮਿਸਾਲ ਦੀ ਰੀਸ ਕਰਨ ਦੀ ਲੋੜ ਹੈ। ਪੌਲੁਸ ਰਸੂਲ ਨੇ “ਨਵੇਂ ਸੁਭਾਅ” ਬਾਰੇ ਗੱਲ ਕੀਤੀ ਜਿਸ ਵਿਚ ਧੀਰਜ ਦਾ ਗੁਣ ਵੀ ਸ਼ਾਮਲ ਹੈ। ਇਸ ਬਾਰੇ ਗੱਲ ਕਰਨ ਤੋਂ ਬਾਅਦ ਉਸ ਨੇ ਸਾਨੂੰ ਹੱਲਾਸ਼ੇਰੀ ਦਿੱਤੀ: “ਮਸੀਹ ਦੀ ਸ਼ਾਂਤੀ [ਸਾਡੇ] ਦਿਲਾਂ ਉੱਤੇ ਰਾਜ ਕਰੇ।” (ਕੁਲੁ. 3:10, 12, 15) ਜੇ ਅਸੀਂ ਚਾਹੁੰਦੇ ਹਾਂ ਕਿ ਇਹ ਸ਼ਾਂਤੀ ਸਾਡੇ ਦਿਲਾਂ ʼਤੇ ਰਾਜ ਕਰੇ, ਤਾਂ ਸਾਨੂੰ ਯਿਸੂ ਦੀ ਰੀਸ ਕਰਨੀ ਅਤੇ ਪਰਮੇਸ਼ੁਰ ʼਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਉਨ੍ਹਾਂ ਮਾਮਲਿਆਂ ਨੂੰ ਆਪਣੇ ਸਹੀ ਸਮੇਂ ʼਤੇ ਠੀਕ ਕਰੇਗਾ ਜਿਨ੍ਹਾਂ ਬਾਰੇ ਅਸੀਂ ਫ਼ਿਕਰ ਕਰਦੇ ਹਾਂ। ਇਹ ਭਰੋਸਾ ਰੱਖਣ ਕਰਕੇ ਅਸੀਂ ਧੀਰਜ ਰੱਖਾਂਗੇ ਚਾਹੇ ਸਾਡੇ ਆਲੇ-ਦੁਆਲੇ ਜੋ ਮਰਜ਼ੀ ਹੁੰਦਾ ਰਹੇ।—ਯੂਹੰ. 14:27; 16:33.
ਅਸੀਂ ਸਾਰੇ ਪਰਮੇਸ਼ੁਰ ਵੱਲੋਂ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਦੇਖਣ ਲਈ ਬਹੁਤ ਉਤਾਵਲੇ ਹਾਂ। ਪਰ ਅਸੀਂ ਯਹੋਵਾਹ ਦੇ ਧੀਰਜ ʼਤੇ ਸੋਚ-ਵਿਚਾਰ ਕਰ ਕੇ ਹੋਰ ਵੀ ਜ਼ਿਆਦਾ ਧੀਰਜਵਾਨ ਬਣ ਸਕਦੇ ਹਾਂ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “ਯਹੋਵਾਹ ਆਪਣਾ ਵਾਅਦਾ ਪੂਰਾ ਕਰਨ ਵਿਚ ਢਿੱਲ-ਮੱਠ ਨਹੀਂ ਕਰ ਰਿਹਾ, ਜਿਵੇਂ ਕਿ ਕੁਝ ਲੋਕ ਸੋਚਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤ. 3:9) ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਸਾਡੇ ਨਾਲ ਕਿੰਨਾ ਧੀਰਜ ਰੱਖਦਾ ਹੈ, ਤਾਂ ਅਸੀਂ ਵੀ ਦੂਜਿਆਂ ਨਾਲ ਹੋਰ ਜ਼ਿਆਦਾ ਧੀਰਜ ਰੱਖਾਂਗੇ। (ਰੋਮੀ. 2:4) ਕਿਨ੍ਹਾਂ ਕੁਝ ਹਾਲਾਤਾਂ ਵਿਚ ਸਾਨੂੰ ਧੀਰਜ ਰੱਖਣ ਦੀ ਲੋੜ ਹੈ?
ਕਿਨ੍ਹਾਂ ਹਾਲਾਤਾਂ ਵਿਚ ਸਾਨੂੰ ਧੀਰਜ ਰੱਖਣ ਦੀ ਲੋੜ ਹੈ?
ਹਰ ਰੋਜ਼ ਬਹੁਤ ਸਾਰੇ ਹਾਲਾਤਾਂ ਵਿਚ ਸਾਨੂੰ ਧੀਰਜ ਰੱਖਣ ਦੀ ਲੋੜ ਪੈਂਦੀ ਹੈ। ਮਿਸਾਲ ਲਈ, ਜੇ ਸਾਨੂੰ ਲੱਗਦਾ ਹੈ ਕਿ ਅਸੀਂ ਕੋਈ ਜ਼ਰੂਰੀ ਗੱਲ ਦੱਸਣੀ ਹੈ, ਤਾਂ ਸ਼ਾਇਦ ਸਾਨੂੰ ਧੀਰਜ ਰੱਖਣ ਦੀ ਲੋੜ ਪਵੇ ਤਾਂਕਿ ਅਸੀਂ ਦੂਜਿਆਂ ਨੂੰ ਵਿੱਚੇ ਹੀ ਨਾ ਟੋਕੀਏ। (ਯਾਕੂ. 1:19) ਸ਼ਾਇਦ ਸਾਨੂੰ ਉਦੋਂ ਵੀ ਧੀਰਜ ਰੱਖਣ ਦੀ ਲੋੜ ਹੋਵੇ ਜਦੋਂ ਕੋਈ ਸਾਨੂੰ ਖਿੱਝ ਚੜ੍ਹਾਉਂਦਾ ਹੈ। ਇਹੋ ਜਿਹੀਆਂ ਗੱਲਾਂ ਕਰਕੇ ਛੇਤੀ ਗੁੱਸਾ ਕਰਨ ਦੀ ਬਜਾਇ, ਇਸ ਗੱਲ ʼਤੇ ਸੋਚ-ਵਿਚਾਰ ਕਰੋ ਕਿ ਯਹੋਵਾਹ ਅਤੇ ਯਿਸੂ ਸਾਡੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਸਾਡੇ ਨਾਲ ਕਿਵੇਂ ਪੇਸ਼ ਆਉਂਦੇ ਹਨ। ਉਹ ਸਾਡੀਆਂ ਛੋਟੀਆਂ-ਮੋਟੀਆਂ ਗ਼ਲਤੀਆਂ ʼਤੇ ਧਿਆਨ ਲਾਉਣ ਦੀ ਬਜਾਇ ਸਾਡੇ ਚੰਗੇ ਗੁਣ ਦੇਖਦੇ ਹਨ। ਨਾਲੇ ਧੀਰਜ ਰੱਖਦੇ ਹੋਏ ਉਹ ਸਾਨੂੰ ਆਪਣੇ ਵਿਚ ਸੁਧਾਰ ਕਰਨ ਲਈ ਸਮਾਂ ਦਿੰਦੇ ਹਨ।—1 ਤਿਮੋ. 1:16; 1 ਪਤ. 3:12.
ਜਦੋਂ ਕੋਈ ਸਾਨੂੰ ਕਹਿੰਦਾ ਹੈ ਕਿ ਅਸੀਂ ਜੋ ਕਿਹਾ ਜਾਂ ਕੀਤਾ ਉਹ ਗ਼ਲਤ ਹੈ, ਤਾਂ ਉਸ ਵੇਲੇ ਵੀ ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਸ਼ਾਇਦ ਇਸ ਹਾਲਾਤ ਵਿਚ ਅਸੀਂ ਛੇਤੀ ਗੁੱਸਾ ਕਰ ਲਈਏ ਅਤੇ ਆਪਣੇ ਆਪ ਨੂੰ ਸਹੀ ਠਹਿਰਾਈਏ। ਪਰ ਪਰਮੇਸ਼ੁਰ ਦਾ ਬਚਨ ਸਾਨੂੰ ਸਲਾਹ ਦਿੰਦਾ ਹੈ: “ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ। ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ, ਕਿਉਂ ਜੋ ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ।” (ਉਪ. 7:8, 9) ਸੋ ਭਾਵੇਂ ਸਾਡੇ ʼਤੇ ਲੱਗਾ ਦੋਸ਼ ਬਿਲਕੁਲ ਹੀ ਗ਼ਲਤ ਕਿਉਂ ਨਾ ਹੋਵੇ, ਪਰ ਸਾਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਯਿਸੂ ਨੇ ਬਿਲਕੁਲ ਇੱਦਾਂ ਹੀ ਕੀਤਾ ਜਦੋਂ ਦੂਜਿਆਂ ਨੇ ਉਸ ʼਤੇ ਝੂਠੇ ਦੋਸ਼ ਲਾਏ ਸਨ।—ਮੱਤੀ 11:19.
ਮਾਪਿਆਂ ਨੂੰ ਖ਼ਾਸ ਕਰਕੇ ਉਦੋਂ ਧੀਰਜ ਰੱਖਣ ਦੀ ਲੋੜ ਹੁੰਦੀ ਹੈ, ਜਦੋਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਗ਼ਲਤ ਰਵੱਈਏ ਵਿਚ ਸੁਧਾਰ ਕਰਨ ਅਤੇ ਗ਼ਲਤ ਇੱਛਾਵਾਂ ਤੋਂ ਬਚਣ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਲੋੜ ਹੁੰਦੀ ਹੈ। ਮੱਤੇਆਸ ਦੀ ਮਿਸਾਲ ʼਤੇ ਗੌਰ ਕਰੋ ਜੋ ਸਕੈਂਡੇਨੇਵੀਆ ਦੇ ਬੈਥਲ ਵਿਚ ਸੇਵਾ ਕਰਦਾ ਹੈ। ਅੱਲੜ੍ਹ ਉਮਰ ਵਿਚ ਮੱਤੇਆਸ ਦਾ ਆਪਣੇ ਵਿਸ਼ਵਾਸਾਂ ਕਰਕੇ ਸਕੂਲ ਵਿਚ ਬਹੁਤ ਮਜ਼ਾਕ ਉਡਾਇਆ ਜਾਂਦਾ ਸੀ। ਪਹਿਲਾਂ-ਪਹਿਲ ਉਸ ਦੇ ਮਾਪਿਆਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਪਰ ਫਿਰ ਉਨ੍ਹਾਂ ਨੇ ਦੇਖਿਆ ਕਿ ਉਹ ਆਪਣੇ ਵਿਸ਼ਵਾਸਾਂ ʼਤੇ ਸ਼ੱਕ ਕਰਨ ਲੱਗ ਪਿਆ ਸੀ। ਮੱਤੇਆਸ ਦਾ ਪਿਤਾ ਜ਼ਿਲਸ ਦੱਸਦਾ ਹੈ ਕਿ ਉਸ ਨੂੰ ਤੇ ਉਸ ਦੀ ਪਤਨੀ ਨੂੰ ਇਸ ਹਾਲਾਤ ਵਿਚ ਬਹੁਤ ਧੀਰਜ ਰੱਖਣ ਦੀ ਲੋੜ ਪਈ। ਮੱਤੇਆਸ ਪੁੱਛਦਾ ਸੀ: “ਪਰਮੇਸ਼ੁਰ ਕੌਣ ਹੈ? ਕੀ ਬਾਈਬਲ ਵਾਕਈ ਪਰਮੇਸ਼ੁਰ ਦਾ ਬਚਨ ਹੈ? ਅਸੀਂ ਇਹ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਹੀ ਸਾਡੇ ਤੋਂ ਇਹ ਸਭ ਕੁਝ ਚਾਹੁੰਦਾ ਹੈ?” ਉਹ ਆਪਣੇ ਪਿਤਾ ਤੋਂ ਇਹ ਵੀ ਪੁੱਛਦਾ ਸੀ: “ਜੇ ਮੈਂ ਤੁਹਾਡੇ ਵਿਸ਼ਵਾਸਾਂ ਨਾਲ ਸਹਿਮਤ ਨਹੀਂ ਹਾਂ, ਤਾਂ ਤੁਸੀਂ ਮੈਨੂੰ ਸਹੀ ਜਾਂ ਗ਼ਲਤ ਕਿਉਂ ਠਹਿਰਾਉਂਦੇ ਹੋ?”
ਜ਼ਿਲਸ ਕਹਿੰਦਾ ਹੈ: “ਕਈ ਵਾਰ ਸਾਡਾ ਮੁੰਡਾ ਸਾਡੇ ਤੋਂ ਗੁੱਸੇ ਨਾਲ ਸਵਾਲ ਪੁੱਛਦਾ ਸੀ। ਉਹ ਮੇਰੇ ਜਾਂ ਆਪਣੀ ਮੰਮੀ ਕਰਕੇ ਗੁੱਸੇ ਵਿਚ ਨਹੀਂ ਸੀ, ਸਗੋਂ ਸੱਚਾਈ ਕਰਕੇ ਸੀ। ਉਸ ਨੂੰ ਲੱਗਦਾ ਸੀ ਕਿ ਸੱਚਾਈ ਕਰਕੇ ਉਸ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰ ਗਈ ਸੀ।” ਜ਼ਿਲਸ ਨੇ ਆਪਣੇ ਮੁੰਡੇ ਦੀ ਕਿਵੇਂ ਮਦਦ ਕੀਤੀ? “ਮੈਂ ਤੇ ਮੇਰਾ ਮੁੰਡਾ ਘੰਟਿਆਂ-ਬੱਧੀ ਬੈਠ ਕੇ ਗੱਲਾਂ ਕਰਦੇ ਸੀ।” ਜ਼ਿਲਸ ਅਕਸਰ ਆਪਣੇ ਮੁੰਡੇ ਦੀਆਂ ਹੀ ਗੱਲਾਂ ਸੁਣਦਾ ਸੀ ਅਤੇ ਉਸ ਦੀਆਂ ਭਾਵਨਾਵਾਂ ਤੇ ਵਿਚਾਰਾਂ ਨੂੰ ਸਮਝਣ ਲਈ ਉਸ ਤੋਂ ਸਵਾਲ ਪੁੱਛਦਾ ਸੀ। ਕਈ ਵਾਰ ਜ਼ਿਲਸ ਆਪਣੇ ਮੁੰਡੇ ਨੂੰ ਕੁਝ ਸਮਝਾਉਂਦਾ ਸੀ ਅਤੇ ਦੁਬਾਰਾ ਗੱਲਬਾਤ ਕਰਨ ਤੋਂ ਪਹਿਲਾਂ ਆਪਣੇ ਮੁੰਡੇ ਨੂੰ ਉਨ੍ਹਾਂ ਗੱਲਾਂ ʼਤੇ ਇਕ ਜਾਂ ਕੁਝ ਦਿਨ ਸੋਚ-ਵਿਚਾਰ ਕਰਨ ਲਈ ਕਹਿੰਦਾ ਸੀ। ਕਈ ਵਾਰ ਜ਼ਿਲਸ ਆਪਣੇ ਮੁੰਡੇ ਨੂੰ ਕਹਿੰਦਾ ਸੀ ਕਿ ਉਸ ਨੂੰ ਸੋਚ-ਵਿਚਾਰ ਕਰਨ ਲਈ ਕੁਝ ਦਿਨ ਚਾਹੀਦੇ ਹਨ। ਹਮੇਸ਼ਾ ਇਸ ਤਰ੍ਹਾਂ ਗੱਲਬਾਤ ਕਰਨ ਕਰਕੇ ਮੱਤੇਆਸ ਰਿਹਾਈ ਦੀ ਕੀਮਤ, ਪਰਮੇਸ਼ੁਰ ਦੀ ਸਰਬਸੱਤਾ ਅਤੇ ਯਹੋਵਾਹ ਦੇ ਪਿਆਰ ਵਰਗੀਆਂ ਸਿੱਖਿਆਵਾਂ ਨੂੰ ਸਮਝਣ ਲੱਗ ਪਿਆ। ਮੱਤੇਆਸ ਦਾ ਪਿਤਾ ਕਹਿੰਦਾ ਹੈ: “ਇਸ ਵਿਚ ਸਮਾਂ ਲੱਗਾ ਅਤੇ ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਸੀ, ਪਰ ਹੌਲੀ-ਹੌਲੀ ਮੱਤੇਆਸ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਹੋਰ ਵੀ ਜ਼ਿਆਦਾ ਵਧ ਗਿਆ। ਮੈਂ ਅਤੇ ਮੇਰੀ ਪਤਨੀ ਬਹੁਤ ਖ਼ੁਸ਼ ਹਾਂ ਕਿ ਅਸੀਂ ਆਪਣੇ ਅੱਲੜ੍ਹ ਉਮਰ ਦੇ ਮੁੰਡੇ ਦੀ ਧੀਰਜ ਨਾਲ ਮਦਦ ਕੀਤੀ ਜਿਸ ਦਾ ਸਾਨੂੰ ਇਨਾਮ ਮਿਲਿਆ ਅਤੇ ਅਸੀਂ ਆਪਣੇ ਮੁੰਡੇ ਦੇ ਦਿਲ ਤਕ ਪਹੁੰਚ ਸਕੇ।”
ਜ਼ਿਲਸ ਅਤੇ ਉਸ ਦੀ ਪਤਨੀ ਨੇ ਆਪਣੇ ਮੁੰਡੇ ਦੀ ਧੀਰਜ ਨਾਲ ਮਦਦ ਕਰਦਿਆਂ ਯਹੋਵਾਹ ʼਤੇ ਪੂਰਾ ਭਰੋਸਾ ਰੱਖਿਆ। ਜ਼ਿਲਸ ਕਹਿੰਦਾ ਹੈ: “ਮੈਂ ਹਮੇਸ਼ਾ ਮੱਤੇਆਸ ਨੂੰ ਦੱਸਦਾ ਸੀ ਕਿ ਉਸ ਪ੍ਰਤੀ ਗਹਿਰੇ ਪਿਆਰ ਕਰਕੇ ਮੈਂ ਅਤੇ ਉਸ ਦੀ ਮੰਮੀ ਦਿਲੋਂ ਪ੍ਰਾਰਥਨਾ ਕਰਦੇ ਸੀ ਕਿ ਯਹੋਵਾਹ ਸਮਝ ਹਾਸਲ ਕਰਨ ਲਈ ਉਸ ਦੀ ਮਦਦ ਕਰੇ।” ਇਹ ਮਾਪੇ ਕਿੰਨੇ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਨੇ ਧੀਰਜ ਰੱਖਿਆ ਅਤੇ ਹਾਰ ਨਹੀਂ ਮੰਨੀ!
ਸੱਚੇ ਮਸੀਹੀਆਂ ਨੂੰ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਦੀ ਬੀਮਾਰੀ ਵੇਲੇ ਦੇਖ-ਭਾਲ ਕਰਦਿਆਂ ਵੀ ਧੀਰਜ ਰੱਖਣ ਦੀ ਲੋੜ ਹੁੰਦੀ ਹੈ। ਸਕੈਂਡੇਨੇਵੀਆ ਵਿਚ ਰਹਿਣ ਵਾਲੀ ਐਲਨb ਦੀ ਮਿਸਾਲ ʼਤੇ ਗੌਰ ਕਰੋ।
ਲਗਭਗ ਅੱਠ ਸਾਲ ਪਹਿਲਾਂ ਇਕ ਬੀਮਾਰੀ ਕਰਕੇ ਐਲਨ ਦੇ ਪਤੀ ਦੇ ਦਿਮਾਗ਼ ʼਤੇ ਅਸਰ ਪਿਆ। ਹੁਣ ਉਹ ਹਮਦਰਦੀ, ਖ਼ੁਸ਼ੀ ਜਾਂ ਉਦਾਸੀ ਵਰਗੀਆਂ ਭਾਵਨਾਵਾਂ ਮਹਿਸੂਸ ਨਹੀਂ ਕਰ ਸਕਦਾ। ਐਲਨ ਲਈ ਇਸ ਹਾਲਾਤ ਦਾ ਸਾਮ੍ਹਣਾ ਕਰਨਾ ਸੌਖਾ ਨਹੀਂ ਹੈ। ਉਹ ਕਹਿੰਦੀ ਹੈ: “ਮੈਨੂੰ ਬਹੁਤ ਧੀਰਜ ਰੱਖਣ ਅਤੇ ਜ਼ਿਆਦਾ ਪ੍ਰਾਰਥਨਾ ਕਰਨ ਦੀ ਲੋੜ ਹੈ। ਮੇਰੀ ਮਨਪਸੰਦ ਆਇਤ ਫ਼ਿਲਿੱਪੀਆਂ 4:13 ਤੋਂ ਮੈਨੂੰ ਬਹੁਤ ਹੌਸਲਾ ਮਿਲਦਾ ਹੈ ਜਿੱਥੇ ਲਿਖਿਆ ਹੈ: ‘ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।’” ਯਹੋਵਾਹ ਦੀ ਤਾਕਤ ਤੇ ਮਦਦ ਕਰਕੇ ਉਹ ਧੀਰਜ ਨਾਲ ਇਸ ਹਾਲਾਤ ਦਾ ਸਾਮ੍ਹਣਾ ਕਰਦੀ ਹੈ।—ਜ਼ਬੂ. 62:5, 6.
ਯਹੋਵਾਹ ਦੇ ਧੀਰਜ ਦੀ ਰੀਸ ਕਰੋ
ਬਿਨਾਂ ਸ਼ੱਕ, ਯਹੋਵਾਹ ਧੀਰਜ ਦੀ ਸਭ ਤੋਂ ਵਧੀਆ ਮਿਸਾਲ ਹੈ। (2 ਪਤ. 3:15) ਬਾਈਬਲ ਵਿਚ ਅਸੀਂ ਅਕਸਰ ਯਹੋਵਾਹ ਦੇ ਧੀਰਜ ਬਾਰੇ ਪੜ੍ਹਦੇ ਹਾਂ। (ਨਹ. 9:30; ਯਸਾ. 30:18) ਮਿਸਾਲ ਲਈ, ਯਹੋਵਾਹ ਨੇ ਉਦੋਂ ਕੀ ਕੀਤਾ ਜਦੋਂ ਅਬਰਾਹਾਮ ਨੇ ਸਦੂਮ ਨੂੰ ਨਾਸ਼ ਕਰਨ ਬਾਰੇ ਸਵਾਲ ਪੁੱਛੇ? ਯਹੋਵਾਹ ਨੇ ਅਬਰਾਹਾਮ ਨੂੰ ਵਿੱਚੇ ਹੀ ਨਹੀਂ ਟੋਕਿਆ। ਇਸ ਦੀ ਬਜਾਇ, ਯਹੋਵਾਹ ਨੇ ਧੀਰਜ ਨਾਲ ਅਬਰਾਹਾਮ ਦੇ ਸਵਾਲਾਂ ਅਤੇ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ। ਫਿਰ ਯਹੋਵਾਹ ਨੇ ਅਬਰਾਹਾਮ ਦੀਆਂ ਚਿੰਤਾਵਾਂ ਨੂੰ ਦੁਹਰਾਇਆ ਤੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਸਦੂਮ ਦਾ ਨਾਸ਼ ਨਹੀਂ ਕਰੇਗਾ ਜੇ ਸਦੂਮ ਵਿਚ ਸਿਰਫ਼ ਦਸ ਧਰਮੀ ਹੀ ਲੱਭਣ। (ਉਤ. 18:22-33) ਯਹੋਵਾਹ ਹਮੇਸ਼ਾ ਧੀਰਜ ਨਾਲ ਗੱਲ ਸੁਣਦਾ ਹੈ ਅਤੇ ਗੁੱਸੇ ਨਾਲ ਪੇਸ਼ ਨਹੀਂ ਆਉਂਦਾ।
ਧੀਰਜ ਨਵੇਂ ਸੁਭਾਅ ਦਾ ਬਹੁਤ ਜ਼ਰੂਰੀ ਹਿੱਸਾ ਹੈ ਜਿਸ ਨੂੰ ਹਰ ਮਸੀਹੀ ਨੂੰ ਕੱਪੜਿਆਂ ਵਾਂਗ ਪਹਿਨਣਾ ਚਾਹੀਦਾ ਹੈ। ਜੇ ਅਸੀਂ ਧੀਰਜ ਰੱਖਣ ਵਿਚ ਆਪਣੀ ਪੂਰੀ ਵਾਹ ਲਾਵਾਂਗੇ, ਤਾਂ ਅਸੀਂ ਆਪਣੇ ਪਿਆਰੇ ਅਤੇ ਧੀਰਜਵਾਨ ਸਵਰਗੀ ਪਿਤਾ ਦੀ ਵਡਿਆਈ ਕਰਾਂਗੇ। ਨਾਲੇ ਅਸੀਂ ਉਨ੍ਹਾਂ ਲੋਕਾਂ ਵਿਚ ਗਿਣੇ ਜਾਵਾਂਗੇ “ਜਿਹੜੇ ਨਿਹਚਾ ਤੇ ਧੀਰਜ ਦੇ ਰਾਹੀਂ ਪਰਮੇਸ਼ੁਰ ਦੁਆਰਾ ਵਾਅਦਾ ਕੀਤੀਆਂ ਚੀਜ਼ਾਂ ਹਾਸਲ ਕਰਦੇ ਹਨ।”—ਇਬ. 6:10-12.
a ਪਵਿੱਤਰ ਸ਼ਕਤੀ ਦੇ ਗੁਣਾਂ ਦੀ ਨੌਂ ਭਾਗਾਂ ਵਾਲੀ ਲੜੀ ਦੇ ਪਹਿਲੇ ਭਾਗ ਵਿਚ ਪਿਆਰ ਦੇ ਗੁਣ ਬਾਰੇ ਚਰਚਾ ਕੀਤੀ ਗਈ ਸੀ।
b ਨਾਂ ਬਦਲੇ ਗਏ ਹਨ।