ਪਤੀ-ਪਤਨੀਆਂ ਲਈ
1 ਸਾਥ ਨਿਭਾਓ
ਇਸ ਦਾ ਕੀ ਮਤਲਬ ਹੈ?
ਜਿਹੜੇ ਪਤੀ-ਪਤਨੀ ਇਕ-ਦੂਜੇ ਦਾ ਸਾਥ ਨਿਭਾਉਣਾ ਚਾਹੁੰਦੇ ਹਨ, ਉਹ ਵਿਆਹ ਦੇ ਬੰਧਨ ਨੂੰ ਉਮਰ ਭਰ ਦਾ ਬੰਧਨ ਸਮਝਦੇ ਹਨ। ਇਸ ਕਰਕੇ ਉਨ੍ਹਾਂ ਨੂੰ ਕੋਈ ਡਰ ਜਾਂ ਸ਼ੱਕ ਨਹੀਂ ਹੁੰਦਾ, ਸਗੋਂ ਦੋਨਾਂ ਨੂੰ ਭਰੋਸਾ ਹੁੰਦਾ ਹੈ ਕਿ ਉਨ੍ਹਾਂ ਦਾ ਸਾਥੀ ਮੁਸ਼ਕਲਾਂ ਭਰੇ ਸਮੇਂ ਵਿਚ ਵੀ ਰਿਸ਼ਤਾ ਨਹੀਂ ਤੋੜੇਗਾ।
ਕੁਝ ਜੋੜੇ ਸਮਾਜ ਜਾਂ ਪਰਿਵਾਰਕ ਦਬਾਅ ਕਰਕੇ ਹੀ ਇਕੱਠੇ ਰਹਿੰਦੇ ਹਨ। ਪਰ ਬਿਹਤਰ ਹੋਵੇਗਾ ਕਿ ਉਹ ਪਿਆਰ ਅਤੇ ਆਦਰ ਕਰਕੇ ਇਕ-ਦੂਜੇ ਦਾ ਸਾਥ ਨਿਭਾਉਣ।
ਬਾਈਬਲ ਦਾ ਅਸੂਲ: “ਪਤੀ . . . ਆਪਣੀ ਪਤਨੀ ਨੂੰ ਨਾ ਛੱਡੇ।”—1 ਕੁਰਿੰਥੀਆਂ 7:11.
“ਜੇ ਤੁਸੀਂ ਸਾਥ ਨਿਭਾਉਣ ਦਾ ਇਰਾਦਾ ਕੀਤਾ ਹੋਇਆ ਹੈ, ਤਾਂ ਤੁਸੀਂ ਛੇਤੀ ਗੁੱਸੇ ਨਹੀਂ ਹੋਵੋਗੇ। ਤੁਸੀਂ ਜਲਦੀ ਇਕ-ਦੂਜੇ ਨੂੰ ਮਾਫ਼ ਕਰੋਗੇ ਅਤੇ ਇਕ-ਦੂਜੇ ਤੋਂ ਮਾਫ਼ੀ ਮੰਗੋਗੇ। ਤੁਸੀਂ ਵਿਆਹ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਛੋਟੀਆਂ-ਛੋਟੀਆਂ ਰੁਕਾਵਟਾਂ ਸਮਝੋਗੇ, ਨਾ ਕਿ ਤਲਾਕ ਲੈਣ ਦਾ ਬਹਾਨਾ।”—ਮਾਈਕਾ।
ਇਹ ਜ਼ਰੂਰੀ ਕਿਉਂ ਹੈ?
ਜਿਨ੍ਹਾਂ ਜੋੜਿਆਂ ਦਾ ਸਾਥ ਨਿਭਾਉਣ ਦਾ ਇਰਾਦਾ ਨਹੀਂ ਹੁੰਦਾ, ਉਹ ਮੁਸ਼ਕਲਾਂ ਆਉਣ ʼਤੇ ਕਹਿੰਦੇ ਹਨ, ‘ਅਸੀਂ ਇਕ-ਦੂਜੇ ਲਈ ਬਣੇ ਹੀ ਨਹੀਂ’ ਅਤੇ ਉਹ ਇਕ-ਦੂਜੇ ਨੂੰ ਛੱਡਣ ਦੇ ਬਹਾਨੇ ਲੱਭਦੇ ਹਨ।
“ਬਹੁਤ ਸਾਰੇ ਲੋਕ ਵਿਆਹ ਕਰਾਉਣ ਵੇਲੇ ਇਹ ਸੋਚ ਰੱਖਦੇ ਹਨ ਕਿ ਜੇ ਉਨ੍ਹਾਂ ਦੀ ਨਾ ਨਿਭੀ, ਤਾਂ ਉਹ ਤਲਾਕ ਤਾਂ ਲੈ ਹੀ ਸਕਦੇ ਹਨ। ਜਦੋਂ ਲੋਕ ਇਹੋ ਜਿਹੀ ਸੋਚ ਰੱਖ ਕੇ ਵਿਆਹ ਕਰਾਉਂਦੇ ਹਨ, ਤਾਂ ਉਨ੍ਹਾਂ ਦਾ ਹਮੇਸ਼ਾ ਲਈ ਸਾਥ ਨਿਭਾਉਣ ਦਾ ਇਰਾਦਾ ਪਹਿਲਾਂ ਤੋਂ ਹੀ ਕਮਜ਼ੋਰ ਹੁੰਦਾ ਹੈ।”—ਜੀਨ।
ਤੁਸੀਂ ਕੀ ਕਰ ਸਕਦੇ ਹੋ?
ਆਪਣੀ ਜਾਂਚ ਕਰੋ
ਜਦੋਂ ਝਗੜਾ ਹੋ ਰਿਹਾ ਹੁੰਦਾ, ਤਾਂ . . .
ਕੀ ਮੈਂ ਇਹ ਸੋਚਦਾ ਕਿ ਕਾਸ਼ ਮੈਂ ਇਸ ਨਾਲ ਵਿਆਹ ਹੀ ਨਾ ਕੀਤਾ ਹੁੰਦਾ?
ਕੀ ਮੈਂ ਆਪਣੇ ਸਾਥੀ ਦੇ ਬਜਾਇ ਕਿਸੇ ਹੋਰ ਦੇ ਸੁਪਨੇ ਦੇਖਦਾ ਹਾਂ?
ਕੀ ਮੈਂ ਆਪਣੇ ਸਾਥੀ ਨੂੰ ਇਹ ਕਹਿੰਦਾ: “ਮੈਂ ਤੈਨੂੰ ਛੱਡ ਕੇ ਚੱਲਾਂ” ਜਾਂ “ਮੈਂ ਕਿਸੇ ਹੋਰ ਨੂੰ ਲੱਭਾਂਗਾ ਜੋ ਮੇਰੀ ਕਦਰ ਕਰੇਗਾ”?
ਜੇ ਤੁਹਾਡੇ ਇਕ ਜਾਂ ਜ਼ਿਆਦਾ ਜਵਾਬ “ਹਾਂ” ਵਿਚ ਹਨ, ਤਾਂ ਤੁਹਾਨੂੰ ਸਾਥ ਨਿਭਾਉਣ ਦੇ ਆਪਣੇ ਇਰਾਦੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
ਆਪਣੇ ਸਾਥੀ ਨਾਲ ਮਿਲ ਕੇ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ
ਕੀ ਸਾਥ ਨਿਭਾਉਣ ਦਾ ਸਾਡਾ ਇਰਾਦਾ ਪਹਿਲਾਂ ਨਾਲੋਂ ਕਮਜ਼ੋਰ ਪੈ ਗਿਆ ਹੈ? ਜੇ ਹਾਂ, ਤਾਂ ਕਿਉਂ?
ਅਸੀਂ ਆਪਣੇ ਇਰਾਦੇ ਨੂੰ ਮਜ਼ਬੂਤ ਕਰਨ ਲਈ ਕਿਹੜੇ ਕਦਮ ਚੁੱਕ ਸਕਦੇ ਹਾਂ?
ਸੁਝਾਅ
ਕਦੇ-ਕਦੇ ਆਪਣੇ ਸਾਥੀ ਨੂੰ ਲਿਖ ਕੇ ਦੱਸੋ ਕਿ ਤੁਸੀਂ ਉਸ ਨਾਲ ਪਿਆਰ ਕਰਦੇ ਹੋ
ਕੰਮ ਦੀ ਥਾਂ ʼਤੇ ਆਪਣੇ ਜੀਵਨ ਸਾਥੀ ਦੀ ਫੋਟੋ ਰੱਖੋ
ਕੰਮ ਤੇ ਹੁੰਦਿਆਂ ਜਾਂ ਜਦੋਂ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਨਹੀਂ ਹੁੰਦੇ, ਤਾਂ ਉਸ ਨੂੰ ਫ਼ੋਨ ਕਰੋ
ਬਾਈਬਲ ਦਾ ਅਸੂਲ: “ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।”—ਮੱਤੀ 19:6.