ਯਹੋਵਾਹ ਦੇ ਪ੍ਰਬੰਧਾਂ ਤੋਂ ਪੂਰਾ-ਪੂਰਾ ਫ਼ਾਇਦਾ ਲਓ
“ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ।”—ਯਸਾ. 48:17.
1, 2. (ੳ) ਯਹੋਵਾਹ ਦੇ ਗਵਾਹ ਬਾਈਬਲ ਬਾਰੇ ਕਿਵੇਂ ਮਹਿਸੂਸ ਕਰਦੇ ਹਨ? (ਅ) ਤੁਹਾਨੂੰ ਬਾਈਬਲ ਦਾ ਕਿਹੜਾ ਹਿੱਸਾ ਪੜ੍ਹਨਾ ਪਸੰਦ ਹੈ?
ਯਹੋਵਾਹ ਦੇ ਗਵਾਹਾਂ ਨੂੰ ਬਾਈਬਲ ਪੜ੍ਹਨੀ ਬਹੁਤ ਹੀ ਚੰਗੀ ਲੱਗਦੀ ਹੈ। ਇਸ ਤੋਂ ਸਾਨੂੰ ਭਰੋਸੇਯੋਗ ਸਲਾਹ ਮਿਲਣ ਦੇ ਨਾਲ-ਨਾਲ ਦਿਲਾਸਾ ਅਤੇ ਉਮੀਦ ਵੀ ਮਿਲਦੀ ਹੈ। (ਰੋਮੀ. 15:4) ਅਸੀਂ ਇਹ ਨਹੀਂ ਮੰਨਦੇ ਕਿ ਬਾਈਬਲ ਇਨਸਾਨਾਂ ਤੋਂ ਹੈ, ਸਗੋਂ ਅਸੀਂ ਇਸ ਨੂੰ ‘ਪਰਮੇਸ਼ੁਰ ਦਾ ਬਚਨ ਸਮਝ ਕੇ ਕਬੂਲ ਕਰਦੇ ਹਾਂ, ਜੋ ਕਿ ਇਹ ਸੱਚ-ਮੁੱਚ ਹੈ।’—1 ਥੱਸ. 2:13.
2 ਬਿਨਾਂ ਸ਼ੱਕ ਸਾਨੂੰ ਸਾਰਿਆਂ ਨੂੰ ਬਾਈਬਲ ਦੇ ਕੁਝ ਹਿੱਸੇ ਬਹੁਤ ਹੀ ਪਸੰਦ ਹਨ। ਕਈਆਂ ਨੂੰ ਖ਼ਾਸ ਕਰਕੇ ਇੰਜੀਲ ਦੀਆਂ ਕਿਤਾਬਾਂ ਪੜ੍ਹਨ ਵਿਚ ਮਜ਼ਾ ਆਉਂਦਾ ਹੈ। ਇਨ੍ਹਾਂ ਵਿਚ ਯਿਸੂ ਦੀ ਜ਼ਿੰਦਗੀ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਤੋਂ ਅਸੀਂ ਯਹੋਵਾਹ ਦੇ ਸੁਭਾਅ ਬਾਰੇ ਕਾਫ਼ੀ ਕੁਝ ਜਾਣ ਸਕਦੇ ਹਾਂ। (ਯੂਹੰ. 14:9) ਕਈਆਂ ਨੂੰ ਭਵਿੱਖਬਾਣੀਆਂ ਵਾਲੇ ਹਿੱਸੇ ਪਸੰਦ ਹਨ, ਜਿਵੇਂ ਸ਼ਾਇਦ ਪ੍ਰਕਾਸ਼ ਦੀ ਕਿਤਾਬ। ਇਸ ਵਿਚ ਦੱਸਿਆ ਗਿਆ ਹੈ ਕਿ “ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ।” (ਪ੍ਰਕਾ. 1:1) ਨਾਲੇ ਸਾਡੇ ਵਿੱਚੋਂ ਕੌਣ ਹੈ ਜਿਸ ਨੂੰ ਜ਼ਬੂਰਾਂ ਦੀ ਪੋਥੀ ਤੋਂ ਦਿਲਾਸਾ ਨਹੀਂ ਮਿਲਿਆ ਅਤੇ ਕਹਾਉਤਾਂ ਤੋਂ ਵਧੀਆ ਸਲਾਹ ਨਹੀਂ ਮਿਲੀ? ਵਾਕਈ, ਬਾਈਬਲ ਸਾਰਿਆਂ ਲਈ ਹੈ।
3, 4. (ੳ) ਅਸੀਂ ਆਪਣੇ ਪ੍ਰਕਾਸ਼ਨਾਂ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ? (ਅ) ਅਲੱਗ-ਅਲੱਗ ਉਮਰ ਅਤੇ ਵਰਗ ਦੇ ਲੋਕਾਂ ਲਈ ਕਿਹੜੇ ਪ੍ਰਕਾਸ਼ਨ ਤਿਆਰ ਕੀਤੇ ਜਾਂਦੇ ਹਨ?
3 ਬਾਈਬਲ ਪੜ੍ਹਨੀ ਪਸੰਦ ਹੋਣ ਕਰਕੇ ਸਾਨੂੰ ਆਪਣੇ ਬਾਈਬਲ-ਆਧਾਰਿਤ ਪ੍ਰਕਾਸ਼ਨ ਵੀ ਪੜ੍ਹਨੇ ਪਸੰਦ ਹਨ। ਮਿਸਾਲ ਲਈ, ਅਸੀਂ ਉਨ੍ਹਾਂ ਕਿਤਾਬਾਂ, ਬਰੋਸ਼ਰਾਂ, ਰਸਾਲਿਆਂ ਅਤੇ ਹੋਰ ਪ੍ਰਕਾਸ਼ਨਾਂ ਦੀ ਬਹੁਤ ਕਦਰ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਯਹੋਵਾਹ ਬਾਰੇ ਗਿਆਨ ਮਿਲਦਾ ਹੈ। ਅਸੀਂ ਜਾਣਦੇ ਹਾਂ ਕਿ ਯਹੋਵਾਹ ਨੇ ਇਨ੍ਹਾਂ ਪ੍ਰਕਾਸ਼ਨਾਂ ਦਾ ਪ੍ਰਬੰਧ ਕੀਤਾ ਹੈ ਜਿਨ੍ਹਾਂ ਰਾਹੀਂ ਅਸੀਂ ਯਹੋਵਾਹ ਦੇ ਨੇੜੇ ਰਹਿ ਸਕਦੇ ਹਾਂ ਅਤੇ ਆਪਣੀ ‘ਨਿਹਚਾ ਮਜ਼ਬੂਤ’ ਰੱਖ ਸਕਦੇ ਹਾਂ।—ਤੀਤੁ. 2:2.
4 ਜ਼ਿਆਦਾਤਰ ਪ੍ਰਕਾਸ਼ਨ ਸਾਰੇ ਯਹੋਵਾਹ ਦੇ ਗਵਾਹਾਂ ਲਈ ਤਿਆਰ ਕੀਤੇ ਜਾਂਦੇ ਹਨ। ਪਰ ਕੁਝ ਅਜਿਹੇ ਪ੍ਰਕਾਸ਼ਨਾਂ ਹਨ ਜੋ ਅਲੱਗ-ਅਲੱਗ ਉਮਰ ਅਤੇ ਵਰਗ ਦੇ ਗਵਾਹਾਂ ਲਈ ਤਿਆਰ ਕੀਤੇ ਜਾਂਦੇ ਹਨ। ਮਿਸਾਲ ਲਈ, ਕੁਝ ਪ੍ਰਕਾਸ਼ਨ ਨੌਜਵਾਨਾਂ ਦੀ ਮਦਦ ਲਈ ਅਤੇ ਕੁਝ ਮਾਪਿਆਂ ਦੀ ਮਦਦ ਲਈ। ਜ਼ਿਆਦਾਤਰ ਛਾਪੇ ਗਏ ਪ੍ਰਕਾਸ਼ਨ ਜਾਂ ਵੈੱਬਸਾਈਟ ਉੱਤੇ ਪਾਈ ਜਾਣਕਾਰੀ ਆਮ ਲੋਕਾਂ ਲਈ ਹੁੰਦੀ ਹੈ। ਇੰਨੀ ਮਾਤਰਾ ਵਿਚ ਮਿਲਦੀ ਜਾਣਕਾਰੀ ਤੋਂ ਸਾਨੂੰ ਯਾਦ ਆਉਂਦਾ ਹੈ ਕਿ ਯਹੋਵਾਹ ਆਪਣਾ ਇਹ ਵਾਅਦਾ ਪੂਰਾ ਕਰ ਰਿਹਾ ਹੈ ਕਿ ਉਹ “ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ।”—ਯਸਾ. 25:6.
5. ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?
5 ਸ਼ਾਇਦ ਸਾਡੇ ਵਿੱਚੋਂ ਜ਼ਿਆਦਾਤਰ ਚਾਹੁੰਦੇ ਹੋਣ ਕਿ ਸਾਡੇ ਕੋਲ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨ ਦਾ ਹੋਰ ਵੀ ਜ਼ਿਆਦਾ ਸਮਾਂ ਹੋਵੇ। ਅਸੀਂ ਇਸ ਗੱਲ ਦਾ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਜਦੋਂ ਵੀ ਅਸੀਂ ਬਾਈਬਲ ਪੜ੍ਹਨ ਜਾਂ ਆਪਣੀ ਸਟੱਡੀ ਕਰਨ ਲਈ ‘ਸਮੇਂ ਦੀ ਚੰਗੀ ਤਰ੍ਹਾਂ ਵਰਤੋਂ’ ਕਰਦੇ ਹਾਂ, ਤਾਂ ਯਹੋਵਾਹ ਇਸ ਦੀ ਬਹੁਤ ਕਦਰ ਕਰਦਾ ਹੈ। (ਅਫ਼. 5:15, 16) ਇਹ ਸੱਚ ਹੈ ਕਿ ਅਸੀਂ ਸ਼ਾਇਦ ਹਰ ਪ੍ਰਕਾਸ਼ਨ ਪੜ੍ਹਨ ਲਈ ਇੱਕੋ ਜਿਹਾ ਸਮਾਂ ਨਾ ਲਾਈਏ। ਪਰ ਸਾਨੂੰ ਇਕ ਖ਼ਤਰੇ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਉਹ ਕੀ ਹੈ?
6. ਕਿਹੜੀ ਸੋਚ ਰੱਖਣ ਕਰਕੇ ਅਸੀਂ ਪਰਮੇਸ਼ੁਰ ਦੇ ਕੁਝ ਗਿਆਨ ਤੋਂ ਵਾਂਝੇ ਰਹਿ ਸਕਦੇ ਹਾਂ?
6 ਸਾਡੇ ਲਈ ਇਹ ਸੋਚ ਰੱਖਣੀ ਖ਼ਤਰਨਾਕ ਹੋ ਸਕਦੀ ਹੈ ਕਿ ਕੁਝ ਪ੍ਰਕਾਸ਼ਨ ਸਾਡੇ ਲਈ ਨਹੀਂ ਲਿਖੇ ਗਏ। ਇਸ ਸੋਚ ਕਰਕੇ ਅਸੀਂ ਪਰਮੇਸ਼ੁਰ ਦੇ ਕੁਝ ਗਿਆਨ ਤੋਂ ਵਾਂਝੇ ਰਹਿ ਸਕਦੇ ਹਾਂ। ਮਿਸਾਲ ਲਈ, ਉਦੋਂ ਕੀ, ਜੇ ਸਾਨੂੰ ਲੱਗੇ ਕਿ ਬਾਈਬਲ ਦਾ ਕੋਈ ਹਿੱਸਾ ਸਾਡੀ ਜ਼ਿੰਦਗੀ ਨਾਲ ਤਅੱਲਕ ਨਹੀਂ ਰੱਖਦਾ? ਜਾਂ ਉਦੋਂ ਕੀ, ਜੇ ਸਾਨੂੰ ਲੱਗੇ ਕਿ ਕੋਈ ਪ੍ਰਕਾਸ਼ਨ ਕਿਸੇ ਹੋਰ ਉਮਰ ਜਾਂ ਕਿਸੇ ਖ਼ਾਸ ਵਰਗ ਦੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ? ਕੀ ਅਸੀਂ ਇੱਦਾਂ ਦੇ ਪ੍ਰਕਾਸ਼ਨ ਸਿਰਫ਼ ਉੱਪਰੋਂ-ਉੱਪਰੋਂ ਪੜ੍ਹਦੇ ਹਾਂ ਜਾਂ ਇੱਥੋਂ ਤਕ ਕਿ ਬਿਲਕੁਲ ਵੀ ਨਹੀਂ ਪੜ੍ਹਦੇ? ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਸ਼ਾਇਦ ਅਸੀਂ ਉਸ ਗਿਆਨ ਤੋਂ ਵਾਂਝੇ ਰਹਿ ਜਾਈਏ ਜੋ ਸਾਡੇ ਫ਼ਾਇਦੇ ਲਈ ਹੈ। ਅਸੀਂ ਇਸ ਖ਼ਤਰੇ ਤੋਂ ਕਿਵੇਂ ਬਚ ਸਕਦੇ ਹਾਂ? ਸਾਨੂੰ ਸਾਰਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਹੀ ਸਾਨੂੰ ਗਿਆਨ ਦੇਣ ਦਾ ਪ੍ਰਬੰਧ ਕਰਦਾ ਹੈ। ਯਹੋਵਾਹ ਨੇ ਯਸਾਯਾਹ ਨਬੀ ਦੁਆਰਾ ਕਿਹਾ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ।” (ਯਸਾ. 48:17) ਇਸ ਲੇਖ ਵਿਚ ਅਸੀਂ ਤਿੰਨ ਸੁਝਾਵਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਬਾਈਬਲ ਦੇ ਹਰੇਕ ਹਿੱਸੇ ਅਤੇ ਹਰ ਪ੍ਰਕਾਸ਼ਨ ਤੋਂ ਫ਼ਾਇਦਾ ਲੈ ਸਕਾਂਗੇ।
ਆਪਣੀ ਬਾਈਬਲ ਪੜ੍ਹਾਈ ਤੋਂ ਫ਼ਾਇਦਾ ਲਓ
7. ਸਾਨੂੰ ਧਿਆਨ ਨਾਲ ਬਾਈਬਲ ਕਿਉਂ ਪੜ੍ਹਨੀ ਚਾਹੀਦੀ ਹੈ?
7 ਧਿਆਨ ਨਾਲ ਪੜ੍ਹੋ। ਬਾਈਬਲ ਵਿਚ ਸਾਫ਼-ਸਾਫ਼ ਲਿਖਿਆ ਹੈ ਕਿ ‘ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ ਫ਼ਾਇਦੇਮੰਦ ਹੈ।’ (2 ਤਿਮੋ. 3:16) ਹਾਂ, ਇਹ ਗੱਲ ਸੱਚ ਹੈ ਕਿ ਬਾਈਬਲ ਦੇ ਕੁਝ ਹਿੱਸੇ ਕਿਸੇ ਇਕ ਵਿਅਕਤੀ ਜਾਂ ਇਕ ਸਮੂਹ ਲਈ ਲਿਖੇ ਗਏ ਸਨ। ਪਰ ਫਿਰ ਵੀ ਸਾਨੂੰ ਧਿਆਨ ਨਾਲ ਬਾਈਬਲ ਪੜ੍ਹਨ ਦੀ ਲੋੜ ਹੈ। ਇਕ ਭਰਾ ਕਹਿੰਦਾ ਹੈ: “ਜਦੋਂ ਮੈਂ ਬਾਈਬਲ ਪੜ੍ਹਦਾ ਹਾਂ, ਤਾਂ ਮੈਂ ਇਹ ਗੱਲ ਯਾਦ ਰੱਖਦਾ ਹਾਂ ਕਿ ਮੈਂ ਪੜ੍ਹੀਆਂ ਆਇਤਾਂ ਤੋਂ ਕਾਫ਼ੀ ਕੁਝ ਸਿੱਖ ਸਕਦਾ ਹਾਂ। ਇਹ ਗੱਲ ਯਾਦ ਰੱਖ ਕੇ ਮੈਂ ਡੂੰਘੀਆਂ ਗੱਲਾਂ ਸਮਝਣ ਦੀ ਕੋਸ਼ਿਸ਼ ਕਰਦਾ ਹੈ।” ਬਾਈਬਲ ਪੜ੍ਹਨ ਤੋਂ ਪਹਿਲਾਂ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਸਾਡੀ ਧਿਆਨ ਨਾਲ ਬਾਈਬਲ ਪੜ੍ਹਨ ਵਿਚ ਮਦਦ ਕਰੇ। ਨਾਲੇ ਉਹ ਸਾਨੂੰ ਬੁੱਧੀ ਦੇਵੇ ਤਾਂਕਿ ਅਸੀਂ ਉਹ ਗੱਲਾਂ ਸਮਝ ਸਕੀਏ ਜੋ ਯਹੋਵਾਹ ਸਾਨੂੰ ਸਿਖਾਉਣੀਆਂ ਚਾਹੁੰਦਾ ਹੈ।—ਅਜ਼. 7:10; ਯਾਕੂਬ 1:5 ਪੜ੍ਹੋ।
8, 9. (ੳ) ਬਾਈਬਲ ਪੜ੍ਹਦਿਆਂ ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ? (ਅ) ਬਾਈਬਲ ਵਿਚ ਬਜ਼ੁਰਗਾਂ ਲਈ ਦਿੱਤੀਆਂ ਮੰਗਾਂ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
8 ਸਵਾਲ ਪੁੱਛੋ। ਬਾਈਬਲ ਪੜ੍ਹਦਿਆਂ ਥੋੜ੍ਹਾ ਰੁਕ ਕੇ ਆਪਣੇ ਆਪ ਤੋਂ ਇੱਦਾਂ ਦੇ ਸਵਾਲ ਪੁੱਛੋ: ‘ਇਨ੍ਹਾਂ ਆਇਤਾਂ ਤੋਂ ਮੈਂ ਯਹੋਵਾਹ ਬਾਰੇ ਕੀ ਸਿੱਖਦਾ ਹਾਂ? ਮੈਂ ਇਹ ਜਾਣਕਾਰੀ ਕਿਵੇਂ ਲਾਗੂ ਕਰ ਸਕਦਾ ਹਾਂ? ਮੈਂ ਇਸ ਜਾਣਕਾਰੀ ਨਾਲ ਦੂਜਿਆਂ ਦੀ ਕਿਵੇਂ ਮਦਦ ਕਰ ਸਕਦਾ ਹਾਂ?’ ਜਦੋਂ ਅਸੀਂ ਇੱਦਾਂ ਦੇ ਸਵਾਲਾਂ ʼਤੇ ਗੌਰ ਕਰਾਂਗੇ, ਤਾਂ ਯਕੀਨਨ ਸਾਨੂੰ ਬਾਈਬਲ ਪੜ੍ਹਨ ਦਾ ਹੋਰ ਵੀ ਜ਼ਿਆਦਾ ਫ਼ਾਇਦਾ ਹੋਵੇਗਾ। ਮਿਸਾਲ ਲਈ, ਬਾਈਬਲ ਵਿਚ ਦੱਸੀਆਂ ਉਨ੍ਹਾਂ ਮੰਗਾਂ ਬਾਰੇ ਸੋਚੋ ਜੋ ਬਜ਼ੁਰਗ ਵਜੋਂ ਸੇਵਾ ਕਰਨ ਲਈ ਲਾਜ਼ਮੀ ਹਨ। (1 ਤਿਮੋਥਿਉਸ 3:2-7 ਪੜ੍ਹੋ।) ਅਸੀਂ ਜ਼ਿਆਦਾ ਜਣੇ ਬਜ਼ੁਰਗਾਂ ਵਜੋਂ ਸੇਵਾ ਨਹੀਂ ਕਰਦੇ। ਇਸ ਲਈ ਜਦੋਂ ਵੀ ਅਸੀਂ ਇਹ ਆਇਤਾਂ ਪੜ੍ਹਦੇ ਹਾਂ, ਤਾਂ ਅਸੀਂ ਸ਼ਾਇਦ ਸੋਚੀਏ ਕਿ ਇਹ ਸਾਡੇ ਲਈ ਨਹੀਂ ਹਨ। ਪਰ ਜੇ ਅਸੀਂ ਉੱਪਰ ਦਿੱਤੇ ਸਵਾਲਾਂ ਦੇ ਜਵਾਬਾਂ ਵੱਲ ਧਿਆਨ ਦੇਵਾਂਗੇ, ਤਾਂ ਸਾਨੂੰ ਪਤਾ ਲੱਗੇਗਾ ਕਿ ਇਨ੍ਹਾਂ ਮੰਗਾਂ ਤੋਂ ਸਾਡੀ ਸਾਰਿਆਂ ਦੀ ਕਈ ਤਰੀਕਿਆਂ ਨਾਲ ਮਦਦ ਹੋ ਸਕਦੀ ਹੈ।
9 ਇਨ੍ਹਾਂ ਆਇਤਾਂ ਤੋਂ ਮੈਂ ਯਹੋਵਾਹ ਬਾਰੇ ਕੀ ਸਿੱਖਦਾ ਹਾਂ? ਬਾਈਬਲ ਵਿਚ ਯਹੋਵਾਹ ਨੇ ਇਹ ਮੰਗਾਂ ਦੇ ਕੇ ਦਿਖਾਇਆ ਹੈ ਕਿ ਉਹ ਉਨ੍ਹਾਂ ਭਰਾਵਾਂ ਨੂੰ ਬਜ਼ੁਰਗ ਬਣਨ ਦਾ ਸਨਮਾਨ ਬਖ਼ਸ਼ਦਾ ਹੈ ਜੋ ਉਸ ਦੇ ਉੱਚੇ ਮਿਆਰਾਂ ʼਤੇ ਖਰੇ ਉਤਰਦੇ ਹਨ। ਯਹੋਵਾਹ ਬਜ਼ੁਰਗਾਂ ਤੋਂ ਉਮੀਦ ਰੱਖਦਾ ਹੈ ਕਿ ਉਹ ਸਾਰਿਆਂ ਲਈ ਵਧੀਆ ਮਿਸਾਲ ਬਣਨ। ਨਾਲੇ ਯਹੋਵਾਹ ਬਜ਼ੁਰਗਾਂ ਤੋਂ ਲੇਖਾ ਲੈਂਦਾ ਹੈ ਕਿ ਉਹ ਮੰਡਲੀ ਦੀ ਦੇਖ-ਭਾਲ ਕਿਵੇਂ ਕਰਦੇ ਹਨ “ਜਿਸ ਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਲਹੂ ਨਾਲ ਖ਼ਰੀਦਿਆ ਹੈ।” (ਰਸੂ. 20:28) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਬਜ਼ੁਰਗਾਂ ਦੀ ਛਤਰ-ਛਾਇਆ ਹੇਠ ਸੁਰੱਖਿਅਤ ਮਹਿਸੂਸ ਕਰੀਏ। (ਯਸਾ. 32:1, 2) ਸੋ ਬਜ਼ੁਰਗਾਂ ਲਈ ਰੱਖੀਆਂ ਮੰਗਾਂ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੀ ਕਿੰਨੀ ਫ਼ਿਕਰ ਕਰਦਾ ਹੈ।
10, 11. (ੳ) ਅਸੀਂ ਬਜ਼ੁਰਗਾਂ ਲਈ ਰੱਖੀਆਂ ਮੰਗਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ? (ਅ) ਅਸੀਂ ਇਸ ਜਾਣਕਾਰੀ ਨਾਲ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
10 ਮੈਂ ਇਹ ਜਾਣਕਾਰੀ ਕਿਵੇਂ ਲਾਗੂ ਕਰ ਸਕਦਾ ਹਾਂ? ਇਕ ਬਜ਼ੁਰਗ ਨੂੰ ਸਮੇਂ-ਸਮੇਂ ʼਤੇ ਇਨ੍ਹਾਂ ਮੰਗਾਂ ਦੇ ਆਧਾਰ ʼਤੇ ਆਪਣੀ ਜਾਂਚ ਕਰਦਿਆਂ ਦੇਖਣਾ ਚਾਹੀਦਾ ਹੈ ਕਿ ਉਹ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰ ਸਕਦਾ ਹੈ। “ਨਿਗਾਹਬਾਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼” ਕਰ ਰਹੇ ਇਕ ਭਰਾ ਨੂੰ ਆਪਣੀ ਕਾਬਲੀਅਤ ਅਨੁਸਾਰ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (1 ਤਿਮੋ 3:1) ਦਰਅਸਲ, ਇਨ੍ਹਾਂ ਆਇਤਾਂ ਵਿਚ ਦਿੱਤੀਆਂ ਮੰਗਾਂ ਤੋਂ ਹਰ ਮਸੀਹੀ ਸਿੱਖ ਸਕਦਾ ਹੈ। ਕਿਉਂ? ਕਿਉਂਕਿ ਇਨ੍ਹਾਂ ਵਿਚ ਦਿੱਤੀਆਂ ਜ਼ਿਆਦਾਤਰ ਮੰਗਾਂ ਸਾਰੇ ਮਸੀਹੀਆਂ ਉੱਤੇ ਢੁਕਦੀਆਂ ਹਨ। ਮਿਸਾਲ ਲਈ, ਸਾਰੇ ਮਸੀਹੀਆਂ ਨੂੰ ਸਮਝਦਾਰ ਬਣਨਾ ਚਾਹੀਦਾ ਹੈ ਅਤੇ ਅੜਬ ਨਹੀਂ ਹੋਣਾ ਚਾਹੀਦਾ। (ਫ਼ਿਲਿ. 4:5; 1 ਪਤ. 4:7) ਸੋ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਨ੍ਹਾਂ ਮੰਗਾਂ ਨੂੰ ਪੂਰਾ ਕਰੀਏ। ਜਦੋਂ ਬਜ਼ੁਰਗ “ਭੇਡਾਂ ਲਈ ਮਿਸਾਲ” ਬਣਦੇ ਹਨ, ਤਾਂ ਅਸੀਂ ਉਨ੍ਹਾਂ ਤੋਂ ਸਿੱਖ ਸਕਦੇ ਹਾਂ ਅਤੇ “ਉਨ੍ਹਾਂ ਦੀ ਨਿਹਚਾ ਦੀ ਮਿਸਾਲ” ਉੱਤੇ ਚੱਲ ਸਕਦੇ ਹਾਂ।—1 ਪਤ. 5:3; ਇਬ. 13:7.
11 ਮੈਂ ਇਸ ਜਾਣਕਾਰੀ ਨਾਲ ਦੂਜਿਆਂ ਦੀ ਕਿਵੇਂ ਮਦਦ ਕਰ ਸਕਦਾ ਹਾਂ? ਅਸੀਂ ਬਾਈਬਲ ਵਿਦਿਆਰਥੀਆਂ ਜਾਂ ਦਿਲਚਸਪੀ ਰੱਖਣ ਵਾਲਿਆਂ ਨੂੰ ਇਨ੍ਹਾਂ ਮੰਗਾਂ ਤੋਂ ਇਹ ਸਮਝਾ ਸਕਦੇ ਹਾਂ ਕਿ ਪਾਦਰੀਆਂ ਅਤੇ ਯਹੋਵਾਹ ਦੇ ਗਵਾਹਾਂ ਦੇ ਬਜ਼ੁਰਗਾਂ ਵਿਚ ਕੀ ਫ਼ਰਕ ਹੈ। ਨਾਲੇ ਅਸੀਂ ਉਨ੍ਹਾਂ ਨੂੰ ਇਹ ਵੀ ਦੱਸ ਸਕਦੇ ਹਾਂ ਕਿ ਸਾਡੀ ਮੰਡਲੀ ਦੇ ਬਜ਼ੁਰਗ ਸਾਡੇ ਲਈ ਕਿੰਨੀ ਮਿਹਨਤ ਕਰਦੇ ਹਨ। ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਉਹ ਸਾਡੇ ਲਈ ਕਿੰਨੀ “ਸਖ਼ਤ ਮਿਹਨਤ” ਕਰਦੇ ਹਨ, ਤਾਂ ਅਸੀਂ ਉਨ੍ਹਾਂ ਦਾ ਹੋਰ ਵੀ ਜ਼ਿਆਦਾ “ਆਦਰ” ਕਰਦੇ ਹਾਂ। (1 ਥੱਸ. 5:12) ਨਾਲੇ ਅਸੀਂ ਜਿੰਨੀ ਜ਼ਿਆਦਾ ਇਨ੍ਹਾਂ ਮਿਹਨਤੀ ਭਰਾਵਾਂ ਦੀ ਕਦਰ ਕਰਦੇ ਹਾਂ, ਉੱਨੀ ਜ਼ਿਆਦਾ ਉਨ੍ਹਾਂ ਦੀ ਖ਼ੁਸ਼ੀ ਵਧਦੀ ਹੈ।—ਇਬ. 13:17.
12, 13. (ੳ) ਅਸੀਂ ਵੱਖੋ-ਵੱਖਰੇ ਔਜ਼ਾਰਾਂ ਦੀ ਮਦਦ ਨਾਲ ਕਿਹੜੀਆਂ ਅਲੱਗ-ਅਲੱਗ ਗੱਲਾਂ ਬਾਰੇ ਖੋਜਬੀਨ ਕਰ ਸਕਦੇ ਹਾਂ? (ਅ) ਮਿਸਾਲ ਦਿਓ ਕਿ ਅਸੀਂ ਖੋਜਬੀਨ ਕਰ ਕੇ ਬਾਈਬਲ ਦੀਆਂ ਡੂੰਘੀਆਂ ਗੱਲਾਂ ਕਿਵੇਂ ਸਿੱਖ ਸਕਦੇ ਹਾਂ।
12 ਖੋਜਬੀਨ ਕਰੋ। ਅਸੀਂ ਵੱਖੋ-ਵੱਖਰੇ ਔਜ਼ਾਰਾਂ ਦੀ ਮਦਦ ਨਾਲ ਅਲੱਗ-ਅਲੱਗ ਗੱਲਾਂ ਬਾਰੇ ਖੋਜਬੀਨ ਕਰ ਸਕਦੇ ਹਾਂ, ਜਿਵੇਂ ਕਿ:
ਇਹ ਆਇਤਾਂ ਕਿਸ ਨੇ ਲਿਖੀਆਂ ਸਨ?
ਇਹ ਕਦੋਂ ਅਤੇ ਕਿੱਥੇ ਲਿਖੀਆਂ ਗਈਆਂ ਸਨ?
ਜਦੋਂ ਬਾਈਬਲ ਦੀ ਕੋਈ ਕਿਤਾਬ ਲਿਖੀ ਗਈ ਸੀ, ਤਾਂ ਕਿਹੜੀਆਂ ਅਹਿਮ ਘਟਨਾਵਾਂ ਹੋਈਆਂ ਸਨ?
ਅਸੀਂ ਇਸ ਤਰ੍ਹਾਂ ਦੀ ਜਾਣਕਾਰੀ ਨਾਲ ਬਾਈਬਲ ਦੀਆਂ ਡੂੰਘੀਆਂ ਗੱਲਾਂ ਸਿੱਖ ਸਕਦੇ ਹਾਂ।
13 ਮਿਸਾਲ ਲਈ, ਹਿਜ਼ਕੀਏਲ 14:13, 14 ʼਤੇ ਗੌਰ ਕਰੋ ਜਿਸ ਵਿਚ ਲਿਖਿਆ ਹੈ: “ਹੇ ਆਦਮੀ ਦੇ ਪੁੱਤ੍ਰ, ਜਦੋਂ ਕੋਈ ਦੇਸ ਭਾਰੀ ਪਾਪ ਕਰ ਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ ਅਤੇ ਉਸ ਦੀ ਰੋਟੀ ਦਾ ਉਪਰਾਲਾ ਭੰਨ ਸੁੱਟਾਂ ਅਤੇ ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁੱਟਾਂ। ਤਾਂ ਭਾਵੇਂ ਉਸ ਵਿੱਚ ਨੂਹ, ਦਾਨੀਏਲ ਅਤੇ ਅੱਯੂਬ ਤਿੰਨੇ ਮਨੁੱਖ ਹੋਣ, ਪ੍ਰਭੁ ਯਹੋਵਾਹ ਦਾ ਵਾਕ ਹੈ, ਓਹ ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਛੁਡਾਉਣਗੇ।” ਖੋਜਬੀਨ ਕਰ ਕੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਆਇਤਾਂ ਲਗਭਗ 612 ਈ. ਪੂ. ਵਿਚ ਲਿਖੀਆਂ ਗਈਆਂ ਸਨ। ਉਸ ਸਮੇਂ ਨੂਹ ਅਤੇ ਅੱਯੂਬ ਨੂੰ ਮਰਿਆਂ ਸਦੀਆਂ ਹੋ ਚੁੱਕੀਆਂ ਸਨ, ਪਰ ਯਹੋਵਾਹ ਉਨ੍ਹਾਂ ਦੀ ਵਫ਼ਾਦਾਰੀ ਭੁੱਲਿਆ ਨਹੀਂ ਸੀ। ਪਰ ਦਾਨੀਏਲ ਅਜੇ ਜੀਉਂਦਾ ਸੀ। ਦਰਅਸਲ, ਉਹ ਸ਼ਾਇਦ 20 ਕੁ ਸਾਲਾਂ ਦਾ ਸੀ ਜਦੋਂ ਯਹੋਵਾਹ ਨੇ ਕਿਹਾ ਕਿ ਉਹ ਨੂਹ ਤੇ ਅੱਯੂਬ ਵਾਂਗ ਧਰਮੀ ਸੀ। ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਦੀ ਖਰਿਆਈ ਨੂੰ ਦੇਖਦਾ ਹੈ ਅਤੇ ਉਨ੍ਹਾਂ ਦੀ ਕਦਰ ਕਰਦਾ ਹੈ ਭਾਵੇਂ ਉਹ ਨੌਜਵਾਨ ਹੀ ਕਿਉਂ ਨਾ ਹੋਣ।—ਜ਼ਬੂ. 148:12-14.
ਅਲੱਗ-ਅਲੱਗ ਪ੍ਰਕਾਸ਼ਨਾਂ ਤੋਂ ਫ਼ਾਇਦਾ ਲਓ
14. ਨੌਜਵਾਨ ਉਨ੍ਹਾਂ ਪ੍ਰਕਾਸ਼ਨਾਂ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਨ ਜੋ ਉਨ੍ਹਾਂ ਲਈ ਤਿਆਰ ਕੀਤੇ ਜਾਂਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਪ੍ਰਕਾਸ਼ਨਾਂ ਤੋਂ ਕੀ ਫ਼ਾਇਦਾ ਹੋ ਸਕਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
14 ਜਿੱਦਾਂ ਬਾਈਬਲ ਦੇ ਹਰ ਹਿੱਸੇ ਦੀ ਸਟੱਡੀ ਕਰ ਕੇ ਸਾਨੂੰ ਫ਼ਾਇਦਾ ਹੁੰਦਾ ਹੈ, ਉੱਦਾਂ ਹੀ ਅਸੀਂ ਅਲੱਗ-ਅਲੱਗ ਪ੍ਰਕਾਸ਼ਨਾਂ ਤੋਂ ਵੀ ਫ਼ਾਇਦਾ ਲੈ ਸਕਦੇ ਹਾਂ। ਕੁਝ ਮਿਸਾਲਾਂ ʼਤੇ ਗੌਰ ਕਰੋ। ਨੌਜਵਾਨਾਂ ਲਈ ਪ੍ਰਕਾਸ਼ਨ। ਹਾਲ ਹੀ ਦੇ ਸਾਲਾਂ ਵਿਚ ਸਾਡੇ ਜ਼ਿਆਦਾਤਰ ਪ੍ਰਕਾਸ਼ਨ ਨੌਜਵਾਨਾਂ ਲਈ ਤਿਆਰ ਕੀਤੇ ਗਏ ਹਨ। [1] ਇਨ੍ਹਾਂ ਵਿੱਚੋਂ ਕੁਝ ਪ੍ਰਕਾਸ਼ਨ ਨੌਜਵਾਨਾਂ ਨੂੰ ਸਕੂਲ ਵਿਚ ਆਉਂਦੀਆਂ ਚੁਣੌਤੀਆਂ ਅਤੇ ਜਵਾਨੀ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਕੀਤੇ ਗਏ ਹਨ। ਅਸੀਂ ਸਾਰੇ ਜਣੇ ਇਨ੍ਹਾਂ ਪ੍ਰਕਾਸ਼ਨਾਂ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ? ਜਦੋਂ ਅਸੀਂ ਇਨ੍ਹਾਂ ਪ੍ਰਕਾਸ਼ਨਾਂ ਨੂੰ ਪੜ੍ਹਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਵਫ਼ਾਦਾਰ ਨੌਜਵਾਨ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਨਤੀਜੇ ਵਜੋਂ, ਅਸੀਂ ਹੋਰ ਵੀ ਚੰਗੇ ਤਰੀਕੇ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਹੌਸਲਾ ਦੇ ਸਕਦੇ ਹਾਂ।
15. ਸਾਨੂੰ ਸਾਰਿਆਂ ਨੂੰ ਨੌਜਵਾਨਾਂ ਲਈ ਤਿਆਰ ਕੀਤੇ ਗਏ ਪ੍ਰਕਾਸ਼ਨ ਕਿਉਂ ਪੜ੍ਹਨੇ ਚਾਹੀਦੇ ਹਨ?
15 ਨੌਜਵਾਨਾਂ ਲਈ ਤਿਆਰ ਕੀਤੇ ਜਾਂਦੇ ਪ੍ਰਕਾਸ਼ਨਾਂ ਵਿਚ ਜਿਹੜੀਆਂ ਮੁਸ਼ਕਲਾਂ ਬਾਰੇ ਦੱਸਿਆ ਜਾਂਦਾ ਹੈ, ਉਨ੍ਹਾਂ ਦਾ ਸਾਮ੍ਹਣਾ ਸਿਰਫ਼ ਨੌਜਵਾਨਾਂ ਨੂੰ ਹੀ ਨਹੀਂ, ਸਗੋਂ ਸਾਰਿਆਂ ਨੂੰ ਕਰਨਾ ਪੈਂਦਾ ਹੈ। ਸਾਨੂੰ ਸਾਰਿਆਂ ਨੂੰ ਆਪਣੇ ਵਿਸ਼ਵਾਸ ਬਾਰੇ ਗਵਾਹੀ ਦੇਣ ਲਈ ਤਿਆਰ ਰਹਿਣਾ, ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾਉਣਾ ਅਤੇ ਦੂਜਿਆਂ ਦੇ ਦਬਾਅ ਹੇਠ ਆਉਣ ਤੋਂ ਬਚਣਾ ਚਾਹੀਦਾ ਹੈ। ਨਾਲੇ ਸਾਨੂੰ ਮਾੜੀ ਸੰਗਤ ਅਤੇ ਮਨੋਰੰਜਨ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਇਨ੍ਹਾਂ ਅਤੇ ਹੋਰ ਵਿਸ਼ਿਆਂ ਬਾਰੇ ਉਨ੍ਹਾਂ ਪ੍ਰਕਾਸ਼ਨਾਂ ਵਿਚ ਸਮਝਾਇਆ ਜਾਂਦਾ ਹੈ ਜੋ ਖ਼ਾਸ ਕਰਕੇ ਨੌਜਵਾਨਾਂ ਲਈ ਤਿਆਰ ਕੀਤੇ ਜਾਂਦੇ ਹਨ। ਜੇ ਅਸੀਂ ਨੌਜਵਾਨ ਨਹੀਂ ਹਾਂ, ਤਾਂ ਕੀ ਸਾਨੂੰ ਇੱਦਾਂ ਸੋਚਣਾ ਚਾਹੀਦਾ ਹੈ ਕਿ ਇਹ ਪ੍ਰਕਾਸ਼ਨ ਸਾਡੇ ਲਈ ਨਹੀਂ ਹਨ? ਬਿਲਕੁਲ ਨਹੀਂ! ਭਾਵੇਂ ਕਿ ਇਹ ਪ੍ਰਕਾਸ਼ਨ ਖ਼ਾਸ ਕਰਕੇ ਨੌਜਵਾਨਾਂ ਲਈ ਤਿਆਰ ਕੀਤੇ ਜਾਂਦੇ ਹਨ, ਪਰ ਇਨ੍ਹਾਂ ਨੂੰ ਬਾਈਬਲ ਦੇ ਅਸੂਲਾਂ ਦੇ ਆਧਾਰ ʼਤੇ ਤਿਆਰ ਕੀਤਾ ਜਾਂਦਾ ਹੈ। ਸੋ ਅਸੀਂ ਸਾਰੇ ਜਣੇ ਯਹੋਵਾਹ ਵੱਲੋਂ ਕੀਤੇ ਇਨ੍ਹਾਂ ਪ੍ਰਬੰਧਾਂ ਦਾ ਫ਼ਾਇਦਾ ਲੈ ਸਕਦੇ ਹਾਂ।
16. ਸਾਡੇ ਪ੍ਰਕਾਸ਼ਨ ਨੌਜਵਾਨਾਂ ਦੀ ਹੋਰ ਕਿਵੇਂ ਮਦਦ ਕਰਦੇ ਹਨ?
16 ਸਾਡੇ ਪ੍ਰਕਾਸ਼ਨ ਨਾ ਸਿਰਫ਼ ਨੌਜਵਾਨਾਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰਦੇ ਹਨ, ਸਗੋਂ ਇਨ੍ਹਾਂ ਦੀ ਮਦਦ ਨਾਲ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦੇ ਹਨ। (ਉਪਦੇਸ਼ਕ ਦੀ ਪੋਥੀ 12:1, 13 ਪੜ੍ਹੋ।) ਇਨ੍ਹਾਂ ਪ੍ਰਕਾਸ਼ਨਾਂ ਰਾਹੀਂ ਅਸੀਂ ਸਾਰੇ ਹੀ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦੇ ਹਾਂ। ਮਿਸਾਲ ਲਈ, ਜੁਲਾਈ 2009 ਦੇ ਜਾਗਰੂਕ ਬਣੋ! ਵਿਚ “ਨੌਜਵਾਨ ਪੁੱਛਦੇ ਹਨ . . . ਮੈਂ ਬਾਈਬਲ ਰੀਡਿੰਗ ਦਾ ਆਨੰਦ ਮਾਣਨ ਲਈ ਕੀ ਕਰ ਸਕਦਾ ਹਾਂ?” ਨਾਂ ਦਾ ਲੇਖ ਸੀ। ਇਸ ਲੇਖ ਵਿਚ ਕਈ ਸੁਝਾਅ ਦਿੱਤੇ ਗਏ ਸਨ ਅਤੇ ਇਸ ਵਿਚ ਡੱਬੀ ਵੀ ਸੀ ਜਿਸ ਨੂੰ ਕੱਟ ਕੇ ਬਾਈਬਲ ਵਿਚ ਸਾਂਭ ਕੇ ਰੱਖਣ ਲਈ ਕਿਹਾ ਗਿਆ ਸੀ। ਕੀ ਇਸ ਲੇਖ ਤੋਂ ਸਿਰਫ਼ ਨੌਜਵਾਨਾਂ ਨੂੰ ਹੀ ਫ਼ਾਇਦਾ ਹੋਇਆ? ਇਕ ਮਾਂ ਨੇ ਦੱਸਿਆ: “ਮੈਨੂੰ ਬਾਈਬਲ ਪੜ੍ਹਨੀ ਹਮੇਸ਼ਾ ਔਖੀ ਲੱਗਦੀ ਸੀ। ਪਰ ਮੈਂ ਇਸ ਲੇਖ ਵਿਚ ਦਿੱਤੇ ਸੁਝਾਵਾਂ ਨੂੰ ਲਾਗੂ ਕੀਤਾ ਅਤੇ ਉਸ ਵਿਚ ਦਿੱਤੀ ਡੱਬੀ ਨੂੰ ਵੀ ਸਾਂਭ ਕੇ ਰੱਖਿਆ। ਹੁਣ ਮੈਨੂੰ ਬਾਈਬਲ ਪੜ੍ਹਨੀ ਬੋਝ ਨਹੀਂ ਲੱਗਦੀ, ਸਗੋਂ ਇਸ ਨੂੰ ਪੜ੍ਹ ਕੇ ਮੈਨੂੰ ਖ਼ੁਸ਼ੀ ਮਿਲਦੀ ਹੈ।” ਉਹ ਭੈਣ ਹੁਣ ਦੇਖ ਸਕਦੀ ਹੈ ਕਿ ਬਾਈਬਲ ਦੀ ਹਰੇਕ ਕਿਤਾਬ ਆਪਸ ਵਿਚ ਕਿਵੇਂ ਮੇਲ ਖਾਂਦੀ ਹੈ। ਉਹ ਅੱਗੇ ਦੱਸਦੀ ਹੈ: “ਮੈਨੂੰ ਬਾਈਬਲ ਪੜ੍ਹ ਕੇ ਇੰਨਾ ਮਜ਼ਾ ਕਦੇ ਵੀ ਨਹੀਂ ਆਇਆ।”
17, 18. ਆਮ ਲੋਕਾਂ ਲਈ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਤੋਂ ਅਸੀਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ? ਮਿਸਾਲ ਦਿਓ।
17 ਆਮ ਲੋਕਾਂ ਲਈ ਪ੍ਰਕਾਸ਼ਨ। ਅਸੀਂ 2008 ਤੋਂ ਪਹਿਰਾਬੁਰਜ ਦੇ ਸਟੱਡੀ ਐਡੀਸ਼ਨ ਦਾ ਮਜ਼ਾ ਲੈ ਰਹੇ ਹਾਂ ਜੋ ਖ਼ਾਸ ਕਰਕੇ ਯਹੋਵਾਹ ਦੇ ਗਵਾਹਾਂ ਲਈ ਤਿਆਰ ਕੀਤਾ ਜਾਂਦਾ ਹੈ। ਪਰ ਆਮ ਲੋਕਾਂ ਲਈ ਤਿਆਰ ਕੀਤੇ ਜਾਂਦੇ ਰਸਾਲਿਆਂ ਬਾਰੇ ਕੀ? ਕੀ ਅਸੀਂ ਉਨ੍ਹਾਂ ਨੂੰ ਵੀ ਪੜ੍ਹ ਕੇ ਫ਼ਾਇਦਾ ਲੈ ਸਕਦੇ ਹਾਂ? ਇਕ ਉਦਾਹਰਣ ʼਤੇ ਗੌਰ ਕਰੋ। ਕਲਪਨਾ ਕਰੋ ਕਿ ਮੀਟਿੰਗ ਤੋਂ ਪਹਿਲਾਂ ਤੁਸੀਂ ਦੇਖਦੇ ਹੋ ਕਿ ਉਹ ਵਿਅਕਤੀ ਮੀਟਿੰਗ ʼਤੇ ਆਇਆ ਜਿਸ ਨੂੰ ਤੁਸੀਂ ਬੁਲਾਇਆ ਸੀ। ਬਿਨਾਂ ਸ਼ੱਕ ਤੁਸੀਂ ਉਸ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹੋ। ਭਾਸ਼ਣ ਦੌਰਾਨ ਤੁਸੀਂ ਉਸ ਵਿਅਕਤੀ ਬਾਰੇ ਸੋਚਦੇ ਹੋ ਕਿ ਉਸ ਨੂੰ ਭਾਸ਼ਣ ਕਿੱਦਾਂ ਦਾ ਲੱਗ ਰਿਹਾ ਹੈ ਅਤੇ ਇਸ ਜਾਣਕਾਰੀ ਨਾਲ ਉਸ ਦੀ ਜ਼ਿੰਦਗੀ ਕਿੱਦਾਂ ਬਦਲ ਸਕਦੀ ਹੈ। ਨਤੀਜੇ ਵਜੋਂ, ਭਾਸ਼ਣ ਦੇ ਵਿਸ਼ੇ ਬਾਰੇ ਤੁਹਾਡੀ ਕਦਰ ਹੋਰ ਵਧਦੀ ਹੈ।
18 ਆਮ ਲੋਕਾਂ ਲਈ ਤਿਆਰ ਕੀਤੇ ਗਏ ਪ੍ਰਕਾਸ਼ਨ ਪੜ੍ਹ ਕੇ ਵੀ ਸਾਡੇ ਨਾਲ ਇੱਦਾਂ ਹੋ ਸਕਦਾ ਹੈ। ਮਿਸਾਲ ਲਈ, ਇਨ੍ਹਾਂ ਰਸਾਲਿਆਂ ਵਿਚ ਬਾਈਬਲ ਦੀਆਂ ਗੱਲਾਂ ਨੂੰ ਸੌਖੇ ਢੰਗ ਨਾਲ ਸਮਝਾਇਆ ਜਾਂਦਾ ਹੈ ਤਾਂਕਿ ਆਮ ਲੋਕ ਇਨ੍ਹਾਂ ਗੱਲਾਂ ਨੂੰ ਸਮਝ ਸਕਣ। ਇਹ ਗੱਲ ਉਨ੍ਹਾਂ ਲੇਖਾਂ ਬਾਰੇ ਵੀ ਸੱਚ ਹੈ ਜੋ jw.org ʼਤੇ ਪਾਏ ਜਾਂਦੇ ਹਨ, ਜਿਵੇਂ ਕਿ “ਆਮ ਪੁੱਛੇ ਜਾਂਦੇ ਸਵਾਲ।” ਜਦੋਂ ਅਸੀਂ ਇਨ੍ਹਾਂ ਲੇਖਾਂ ਨੂੰ ਪੜ੍ਹਦੇ ਹਾਂ, ਤਾਂ ਸਾਡੀ ਉਨ੍ਹਾਂ ਸੱਚਾਈਆਂ ਪ੍ਰਤੀ ਕਦਰ ਹੋਰ ਵਧਦੀ ਹੈ ਜਿਨ੍ਹਾਂ ਬਾਰੇ ਸਾਨੂੰ ਚੰਗੀ ਤਰ੍ਹਾਂ ਪਤਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਪ੍ਰਕਾਸ਼ਨਾਂ ਨੂੰ ਪੜ੍ਹ ਕੇ ਅਸੀਂ ਪ੍ਰਚਾਰ ਕਰਨ ਦੇ ਨਵੇਂ ਤਰੀਕੇ ਸਿੱਖਦੇ ਹਾਂ। ਇਸੇ ਤਰ੍ਹਾਂ, ਜਾਗਰੂਕ ਬਣੋ! ਸਾਡਾ ਵਿਸ਼ਵਾਸ ਪੱਕਾ ਕਰਦਾ ਹੈ ਕਿ ਸੱਚ-ਮੁੱਚ ਸ੍ਰਿਸ਼ਟੀਕਰਤਾ ਹੈ। ਨਾਲੇ ਇਹ ਸਾਡੀ ਮਦਦ ਕਰਦਾ ਹੈ ਕਿ ਅਸੀਂ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਕਿਵੇਂ ਸਮਝਾ ਸਕਦੇ ਹਾਂ।—1 ਪਤਰਸ 3:15 ਪੜ੍ਹੋ।
19. ਅਸੀਂ ਯਹੋਵਾਹ ਦੇ ਪ੍ਰਬੰਧਾਂ ਲਈ ਆਪਣੀ ਕਦਰਦਾਨੀ ਕਿਵੇਂ ਦਿਖਾ ਸਕਦੇ ਹਾਂ?
19 ਇਸ ਲੇਖ ਤੋਂ ਸਾਨੂੰ ਪਤਾ ਲੱਗਾ ਹੈ ਕਿ ਯਹੋਵਾਹ ਨੇ ਸਾਡੇ ਫ਼ਾਇਦੇ ਲਈ ਬਹੁਤਾਤ ਵਿਚ ਪ੍ਰਬੰਧ ਕੀਤੇ ਹਨ। (ਮੱਤੀ 5:3) ਆਓ ਆਪਾਂ ਲਗਾਤਾਰ ਇਨ੍ਹਾਂ ਪ੍ਰਬੰਧਾਂ ਦਾ ਫ਼ਾਇਦਾ ਲੈਂਦੇ ਰਹੀਏ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਲਈ ਆਪਣੀ ਕਦਰਦਾਨੀ ਦਿਖਾਵਾਂਗੇ ਜੋ ਸਾਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹੈ।—ਯਸਾ. 48:17.
^ [1] (ਪੈਰਾ 14) ਮਿਸਾਲ ਲਈ, ਨੌਜਵਾਨਾਂ ਲਈ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਵਿਚ ਇਹ ਵੀ ਸ਼ਾਮਲ ਹੈ, ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ ਭਾਗ 1 ਅਤੇ 2 (ਅੰਗ੍ਰੇਜ਼ੀ)। ਨਾਲੇ “ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਜੋ ਹੁਣ ਸਿਰਫ਼ ਸਾਡੀ ਵੈੱਬਸਾਈਟ (ਅੰਗ੍ਰੇਜ਼ੀ) ʼਤੇ ਉਪਲਬਧ ਹੈ।