ਯਹੋਵਾਹ ਦਾ ਬਚਨ ਜੀਉਂਦਾ ਹੈ
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
ਸਾਲ 613 ਈ.ਪੂ. ਵਿਚ ਯਿਰਮਿਯਾਹ ਨਬੀ ਯਹੂਦਾਹ ਵਿਚ ਸੀ। ਉਸ ਨੇ ਜੋਸ਼ ਤੇ ਨਿਡਰਤਾ ਨਾਲ ਯਹੂਦਾਹ ਅਤੇ ਯਰੂਸ਼ਲਮ ਉੱਤੇ ਆਉਣ ਵਾਲੀ ਤਬਾਹੀ ਦਾ ਐਲਾਨ ਕੀਤਾ। ਬਾਬਲ ਦਾ ਰਾਜਾ ਨਬੂਕਦਨੱਸਰ ਬਹੁਤ ਸਾਰੇ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਲੈ ਗਿਆ ਸੀ। ਇਨ੍ਹਾਂ ਗ਼ੁਲਾਮਾਂ ਵਿਚ ਦਾਨੀਏਲ ਤੇ ਉਸ ਦੇ ਤਿੰਨ ਸਾਥੀ ਵੀ ਸਨ ਜੋ ਕਸਦੀਆਂ ਦੇ ਦਰਬਾਰ ਵਿਚ ਸੇਵਾ ਕਰ ਰਹੇ ਸਨ। ਜ਼ਿਆਦਾਤਰ ਗ਼ੁਲਾਮ ਯਹੂਦੀ “ਕਸਦੀਆਂ ਦੇ ਦੇਸ ਵਿੱਚ” ਕਬਾਰ ਨਹਿਰ ਦੇ ਕੰਢੇ ਰਹਿੰਦੇ ਸਨ। (ਹਿਜ਼ਕੀਏਲ 1:1-3) ਇਨ੍ਹਾਂ ਹਲਾਤਾਂ ਦੇ ਬਾਵਜੂਦ ਵੀ ਯਹੋਵਾਹ ਆਪਣੇ ਲੋਕਾਂ ਕੋਲ ਨਬੀਆਂ ਰਾਹੀਂ ਸੰਦੇਸ਼ ਭੇਜਦਾ ਰਿਹਾ। ਇਨ੍ਹਾਂ ਵਿੱਚੋਂ ਇਕ ਨਬੀ 30 ਸਾਲਾਂ ਦਾ ਹਿਜ਼ਕੀਏਲ ਸੀ।
ਹਿਜ਼ਕੀਏਲ ਦੀ ਪੋਥੀ 591 ਈ.ਪੂ. ਵਿਚ ਪੂਰੀ ਹੋਈ ਸੀ। ਇਸ ਵਿਚ 22 ਸਾਲਾਂ ਦਾ ਇਤਿਹਾਸ ਦਰਜ ਹੈ। ਹਿਜ਼ਕੀਏਲ ਨੇ ਭਵਿੱਖਬਾਣੀਆਂ ਲਿਖਦੇ ਸਮੇਂ ਇਸ ਗੱਲ ਵੱਲ ਧਿਆਨ ਦਿੱਤਾ ਕਿ ਭਵਿੱਖਬਾਣੀਆਂ ਦੀਆਂ ਤਾਰੀਖ਼ਾਂ ਤੇ ਹੋਰ ਜਾਣਕਾਰੀ ਸਹੀ-ਸਹੀ ਬਿਆਨ ਕੀਤੀ ਜਾਵੇ। ਹਿਜ਼ਕੀਏਲ ਦੀ ਪੋਥੀ ਦੇ ਪਹਿਲੇ ਹਿੱਸੇ ਵਿਚ ਯਰੂਸ਼ਲਮ ਦੀ ਤਬਾਹੀ ਬਾਰੇ ਦੱਸਿਆ ਗਿਆ ਹੈ। ਫਿਰ ਦੂਜੇ ਹਿੱਸੇ ਵਿਚ ਆਲੇ-ਦੁਆਲੇ ਦੀਆਂ ਕੌਮਾਂ ਨੂੰ ਮਿਲਣ ਵਾਲੀ ਸਜ਼ਾ ਬਾਰੇ ਦੱਸਿਆ ਗਿਆ ਹੈ। ਅਖ਼ੀਰਲੇ ਹਿੱਸੇ ਵਿਚ ਸੱਚੀ ਭਗਤੀ ਨੂੰ ਦੁਬਾਰਾ ਸਥਾਪਿਤ ਕਰਨ ਦਾ ਜ਼ਿਕਰ ਆਉਂਦਾ ਹੈ। ਇਸ ਲੇਖ ਵਿਚ ਜਿਨ੍ਹਾਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕੀਤੀ ਜਾਵੇਗੀ ਉਹ ਹਿਜ਼ਕੀਏਲ 1:1–24:27 ਵਿੱਚੋਂ ਲਈਆਂ ਗਈਆਂ ਹਨ। ਇਨ੍ਹਾਂ ਵਿੱਚੋਂ ਕੁਝ ਗੱਲਾਂ ਹਨ: ਹਿਜ਼ਕੀਏਲ ਨੂੰ ਮਿਲੇ ਦਰਸ਼ਣ, ਭਵਿੱਖਬਾਣੀਆਂ, ਯਰੂਸ਼ਲਮ ਦੀ ਘੇਰਾਬੰਦੀ ਤੇ ਉਸ ਦੇ ਨਾਸ਼ ਦੇ ਸੰਬੰਧ ਵਿਚ ਹਿਜ਼ਕੀਏਲ ਦੁਆਰਾ ਕੀਤੇ ਨਾਟਕ।
‘ਮੈਂ ਤੈਨੂੰ ਰਾਖਾ ਬਣਾਇਆ ਹੈ’
ਯਹੋਵਾਹ ਨੇ ਹਿਜ਼ਕੀਏਲ ਨੂੰ ਪਹਿਲਾਂ ਆਪਣੇ ਸਿੰਘਾਸਣ ਦਾ ਸ਼ਾਨਦਾਰ ਦਰਸ਼ਣ ਦਿੱਤਾ ਤੇ ਫਿਰ ਉਸ ਨੂੰ ਨਬੀ ਦਾ ਕੰਮ ਸੌਂਪਿਆ। ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: “ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖਾ ਬਣਾਇਆ ਹੈ ਸੋ ਤੂੰ ਮੇਰੇ ਮੂੰਹ ਦਾ ਬਚਨ ਸੁਣ ਅਤੇ ਮੇਰੀ ਵੱਲੋਂ ਉਨ੍ਹਾਂ ਨੂੰ ਚਿਤਾਉਨੀ ਦੇਹ।” (ਹਿਜ਼ਕੀਏਲ 3:17) ਯਰੂਸ਼ਲਮ ਦੀ ਘੇਰਾਬੰਦੀ ਅਤੇ ਉਸ ਦੇ ਨਤੀਜੇ ਬਾਰੇ ਭਵਿੱਖਬਾਣੀ ਕਰਦੇ ਹੋਏ ਹਿਜ਼ਕੀਏਲ ਨੇ ਦੋ ਨਾਟਕ ਰਚੇ। ਹਿਜ਼ਕੀਏਲ ਰਾਹੀਂ ਯਹੋਵਾਹ ਨੇ ਯਹੂਦਾਹ ਬਾਰੇ ਕਿਹਾ: “ਵੇਖੋ, ਮੈਂ, ਹਾਂ, ਮੈਂ ਹੀ ਤੁਹਾਡੇ ਉੱਤੇ ਤਲਵਾਰ ਚਲਾਵਾਂਗਾ ਅਤੇ ਤੁਹਾਡੇ ਉੱਚੇ ਅਸਥਾਨਾਂ ਨੂੰ ਮੈਂ ਨਾਸ ਕਰਾਂਗਾ।” (ਹਿਜ਼ਕੀਏਲ 6:3) ਅੱਗੇ ਉਸ ਨੇ ਯਹੂਦਾਹ ਦੇ ਨਿਵਾਸੀਆਂ ਨੂੰ ਕਿਹਾ: “ਜੋ ਇਸ ਧਰਤੀ ਉਤੇ ਰਹਿ ਰਹੇ ਹੋ, ਉਹਨਾਂ ਦਾ ਅੰਤ ਆ ਰਿਹਾ ਹੈ।”—ਹਿਜ਼ਕੀਏਲ 7:7, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਹਿਜ਼ਕੀਏਲ ਨੂੰ 612 ਈ.ਪੂ. ਵਿਚ ਯਰੂਸ਼ਲਮ ਦਾ ਦਰਸ਼ਣ ਦਿੱਤਾ ਗਿਆ। ਯਰੂਸ਼ਲਮ ਦੀ ਹੈਕਲ ਵਿਚ ਉਸ ਨੇ ਯਹੋਵਾਹ ਦੀ ਭਗਤੀ ਤੋਂ ਬੇਮੁੱਖ ਹੋ ਚੁੱਕੇ ਲੋਕਾਂ ਨੂੰ ਬਹੁਤ ਘਿਣਾਉਣੇ ਕੰਮ ਕਰਦੇ ਦੇਖਿਆ। ਉਨ੍ਹਾਂ ਲੋਕਾਂ ਤੇ ਯਹੋਵਾਹ ਦਾ ਗੁੱਸਾ ਭੜਕਿਆ ਤੇ ਉਸ ਨੇ ਉਨ੍ਹਾਂ ਨੂੰ ਸਜ਼ਾ ਦੇਣ ਲਈ ਆਪਣੇ ਸਵਰਗੀ ਦੂਤ ਘੱਲੇ ਜੋ ‘ਛੇ ਮਨੁੱਖਾਂ’ ਦੁਆਰਾ ਦਰਸਾਏ ਗਏ ਸਨ। ਸਜ਼ਾ ਤੋਂ ਸਿਰਫ਼ ਉਹ ਲੋਕ ਬਚ ਸਕਦੇ ਸਨ ਜਿਨ੍ਹਾਂ ਦੇ ‘ਮੱਥੇ ਉੱਤੇ ਨਿਸ਼ਾਨ ਲੱਗਾ’ ਹੋਇਆ ਸੀ। (ਹਿਜ਼ਕੀਏਲ 9:2-6) ਇਹ ਸਭ ਕੁਝ ਹੋਣ ਤੋਂ ਪਹਿਲਾਂ “ਅੱਗ ਦੇ ਅੰਗਿਆਰੇ” ਯਰੂਸ਼ਲਮ ਸ਼ਹਿਰ ਉੱਤੇ ਖਿਲਾਰੇ ਗਏ ਮਤਲਬ ਕਿ ਲੋਕਾਂ ਨੂੰ ਪਰਮੇਸ਼ੁਰ ਵੱਲੋਂ ਮਿਲਣ ਵਾਲੀ ਸਜ਼ਾ ਸੁਣਾਈ ਗਈ। (ਹਿਜ਼ਕੀਏਲ 10:2) ਹਾਲਾਂਕਿ ‘ਯਹੋਵਾਹ ਦੁਸ਼ਟ ਲੋਕਾਂ ਦੀ ਕਰਨੀ ਉਨ੍ਹਾਂ ਦੇ ਸਿਰ ਪਾਵੇਗਾ,’ ਫਿਰ ਵੀ ਉਸ ਨੇ ਆਪਣੇ ਲੋਕਾਂ ਨੂੰ ਆਪਣੇ ਵਤਨ ਵਾਪਸ ਲਿਆਉਣ ਦਾ ਵਾਅਦਾ ਕੀਤਾ।—ਹਿਜ਼ਕੀਏਲ 11:17-21.
ਦਰਸ਼ਣ ਵਿਚ ਪਰਮੇਸ਼ੁਰ ਦੀ ਆਤਮਾ ਨੇ ਹਿਜ਼ਕੀਏਲ ਨੂੰ ਕਸਦੀਆਂ ਦੇ ਦੇਸ਼ ਵਿਚ ਵਾਪਸ ਲਿਆਂਦਾ। ਹਿਜ਼ਕੀਏਲ ਨੇ ਨਾਟਕ ਵਿਚ ਰਾਜਾ ਸਿਦਕੀਯਾਹ ਅਤੇ ਉਸ ਦੇ ਲੋਕਾਂ ਨੂੰ ਸ਼ਹਿਰ ਛੱਡ ਕੇ ਭੱਜਦੇ ਦਿਖਾਇਆ। ਨਬੀ ਹੋਣ ਦਾ ਢੌਂਗ ਕਰਨ ਵਾਲੇ ਆਦਮੀਆਂ ਅਤੇ ਔਰਤਾਂ ਤੇ ਲਾਅਨਤਾਂ ਪਾਈਆਂ ਗਈਆਂ ਤੇ ਦੇਵੀ-ਦੇਵਤਿਆਂ ਅੱਗੇ ਮੱਥਾ ਟੇਕਣ ਵਾਲਿਆਂ ਨੂੰ ਰੱਦ ਕੀਤਾ ਗਿਆ। ਯਹੂਦਾਹ ਦੀ ਤੁਲਨਾ ਇਕ ਨਿਕੰਮੀ ਅੰਗੂਰੀ ਵੇਲ ਨਾਲ ਕੀਤੀ ਗਈ। ਉਕਾਬ ਅਤੇ ਅੰਗੂਰੀ ਵੇਲ ਦੀ ਬੁਝਾਰਤ ਤੋਂ ਜ਼ਾਹਰ ਹੁੰਦਾ ਹੈ ਕਿ ਮਿਸਰੀਆਂ ਤੋਂ ਮਦਦ ਮੰਗਣ ਲਈ ਇਸਰਾਏਲੀਆਂ ਨੂੰ ਬੁਰੇ ਨਤੀਜੇ ਭੁਗਤਣੇ ਪੈਣੇ ਸਨ। ਬੁਝਾਰਤ ਦੇ ਅਖ਼ੀਰ ਵਿਚ ਹਿਜ਼ਕੀਏਲ ਨੇ ਯਹੋਵਾਹ ਦੇ ਵਾਅਦੇ ਬਾਰੇ ਦੱਸਿਆ: ‘ਯਹੋਵਾਹ ਨਰਮ ਟਹਿਣੀਆਂ ਵਿੱਚੋਂ ਇੱਕ ਨੂੰ ਉੱਚੇ ਪਰਬਤ ਦੀ ਚੋਟੀ ਤੇ ਲਾਵੇਗਾ।’ (ਹਿਜ਼ਕੀਏਲ 17:22) ਪਰ ਯਹੂਦਾਹ ਤੋਂ “ਦੁਬਾਰਾ ਰਾਜ ਦੰਡ ਨਹੀਂ ਬਣਨਗੇ।”—ਹਿਜ਼ਕੀਏਲ 19:14, ਨਵਾਂ ਅਨੁਵਾਦ।
ਕੁਝ ਸਵਾਲਾਂ ਦੇ ਜਵਾਬ:
1:4-28—ਸਵਰਗੀ ਰਥ ਕਿਸ ਚੀਜ਼ ਨੂੰ ਦਰਸਾਉਂਦਾ ਹੈ? ਇਹ ਰਥ ਯਹੋਵਾਹ ਦੇ ਸਵਰਗੀ ਸੰਗਠਨ ਨੂੰ ਦਰਸਾਉਂਦਾ ਹੈ ਜੋ ਉਸ ਦੇ ਵਫ਼ਾਦਾਰ ਦੂਤਾਂ ਦਾ ਬਣਿਆ ਹੋਇਆ ਹੈ। ਯਹੋਵਾਹ ਦੀ ਪਵਿੱਤਰ ਆਤਮਾ ਨਾਲ ਇਹ ਰਥ ਚੱਲਦਾ ਹੈ। ਰਥ ਨੂੰ ਚਲਾਉਣ ਵਾਲਾ ਯਹੋਵਾਹ ਨੂੰ ਦਰਸਾਉਂਦਾ ਹੈ ਤੇ ਉਸ ਦੀ ਮਹਿਮਾ ਲਾਜਵਾਬ ਹੈ। ਯਹੋਵਾਹ ਦੀ ਸ਼ਾਂਤੀ ਸਤਰੰਗੀ ਪੀਂਘ ਦੁਆਰਾ ਦਰਸਾਈ ਗਈ ਹੈ।
1:5-11—ਚਾਰ ਜੰਤੂ ਕੌਣ ਹਨ? ਰਥ ਦੇ ਦੂਜੇ ਦਰਸ਼ਣ ਵਿਚ ਹਿਜ਼ਕੀਏਲ ਨੇ ਦੱਸਿਆ ਕਿ ਚਾਰ ਜੰਤੂ ਕਰੂਬੀ ਹਨ। (ਹਿਜ਼ਕੀਏਲ 10:1-11; 11:22) ਬਾਅਦ ਵਿਚ ਉਸ ਨੇ ਬਲਦ ਦੇ ਚਿਹਰੇ ਨੂੰ “ਕਰੂਬੀ ਦਾ ਚਿਹਰਾ” ਕਿਹਾ। (ਹਿਜ਼ਕੀਏਲ 10:14) ਇੱਦਾਂ ਕਹਿਣਾ ਢੁਕਵਾਂ ਹੈ ਕਿਉਂਕਿ ਬਲਦ ਤਾਕਤ ਤੇ ਸ਼ਕਤੀ ਨੂੰ ਦਰਸਾਉਂਦਾ ਹੈ ਅਤੇ ਕਰੂਬੀ ਸ਼ਕਤੀਸ਼ਾਲੀ ਦੂਤ ਹਨ।
2:6—ਯਹੋਵਾਹ ਨੇ ਹਿਜ਼ਕੀਏਲ ਨੂੰ ਵਾਰ-ਵਾਰ ‘ਆਦਮੀ ਦਾ ਪੁੱਤ੍ਰ’ ਕਹਿ ਕੇ ਕਿਉਂ ਬੁਲਾਇਆ? ਇੱਦਾਂ ਯਹੋਵਾਹ ਹਿਜ਼ਕੀਏਲ ਨੂੰ ਯਾਦ ਕਰਵਾ ਰਿਹਾ ਸੀ ਕਿ ਨਬੀ ਹੋਣ ਦੇ ਬਾਵਜੂਦ ਉਹ ਸਿਰਫ਼ ਮਾਸ ਤੇ ਲਹੂ ਦਾ ਬਣਿਆ ਹੋਇਆ ਮਾਮੂਲੀ ਇਨਸਾਨ ਹੀ ਸੀ। ਜਦ ਕਿ ਦੂਜੇ ਪਾਸੇ ਯਹੋਵਾਹ ਵਿਸ਼ਵ ਦਾ ਸਿਰਜਣਹਾਰ ਹੈ। ਇੰਜੀਲਾਂ ਵਿਚ ਯਿਸੂ ਨੂੰ ਵੀ ਤਕਰੀਬਨ 80 ਵਾਰ “ਆਦਮੀ ਦਾ ਪੁੱਤ੍ਰ” ਕਿਹਾ ਗਿਆ ਹੈ। ਇਸ ਤੋਂ ਇਹ ਗੱਲ ਸਾਫ਼ ਜ਼ਾਹਰ ਹੁੰਦੀ ਹੈ ਕਿ ਪਰਮੇਸ਼ੁਰ ਦੇ ਪੁੱਤਰ ਨੇ ਇਕ ਇਨਸਾਨ ਦੇ ਰੂਪ ਵਿਚ ਧਰਤੀ ਤੇ ਜਨਮ ਲਿਆ ਸੀ। ਉਹ ਦੇਹਧਾਰੀ ਦੂਤ ਨਹੀਂ ਸੀ।
2:9–3:3—ਵੈਣ ਤੇ ਸੋਗ ਦੀ ਲਪੇਟਵੀਂ-ਪੱਤ੍ਰੀ ਹਿਜ਼ਕੀਏਲ ਨੂੰ ਸ਼ਹਿਦ ਵਾਂਗ ਮਿੱਠੀ ਕਿਉਂ ਲੱਗੀ? ਹਿਜ਼ਕੀਏਲ ਨੂੰ ਲਪੇਟਵੀਂ-ਪੱਤ੍ਰੀ ਸ਼ਹਿਦ ਵਾਂਗ ਮਿੱਠੀ ਲੱਗਣ ਦਾ ਮਤਲਬ ਸੀ ਕਿ ਉਸ ਨੇ ਖਿੜੇ ਮੱਥੇ ਯਹੋਵਾਹ ਵੱਲੋਂ ਮਿਲਿਆ ਕੰਮ ਸਵੀਕਾਰ ਕੀਤਾ ਸੀ। ਉਸ ਨੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਵੱਲੋਂ ਨਬੀ ਬਣਨ ਦਾ ਕੰਮ ਕਬੂਲ ਕੀਤਾ।
4:1-17—ਯਰੂਸ਼ਲਮ ਦੀ ਘੇਰਾਬੰਦੀ ਦੇ ਸੰਬੰਧ ਵਿਚ ਕੀ ਹਿਜ਼ਕੀਏਲ ਨੇ ਸੱਚ-ਮੁੱਚ ਉਹ ਸਭ ਕੁਝ ਕੀਤਾ ਜੋ ਇਨ੍ਹਾਂ ਆਇਤਾਂ ਵਿਚ ਲਿਖਿਆ ਹੈ? ਹਿਜ਼ਕੀਏਲ ਨੇ ਯਹੋਵਾਹ ਤੋਂ ਰੋਟੀ ਪਕਾਉਣ ਲਈ ਹੋਰ ਬਾਲਣ ਦੀ ਮੰਗ ਕੀਤੀ ਸੀ ਅਤੇ ਯਹੋਵਾਹ ਨੇ ਉਸ ਦੀ ਇਹ ਮੰਗ ਪੂਰੀ ਕੀਤੀ। ਇਸ ਤੋਂ ਪਤਾ ਚੱਲਦਾ ਹੈ ਕਿ ਹਿਜ਼ਕੀਏਲ ਨੇ ਸੱਚ-ਮੁੱਚ ਉਹ ਸਭ ਕੁਝ ਕੀਤਾ ਸੀ ਜੋ ਇਨ੍ਹਾਂ ਆਇਤਾਂ ਵਿਚ ਦੱਸਿਆ ਗਿਆ ਹੈ। ਹਿਜ਼ਕੀਏਲ ਦੇ ਖੱਬੇ ਪਾਸੇ ਲੇਟਣਾ ਦਸ-ਗੋਤੀ ਰਾਜ ਦੇ 390 ਸਾਲਾਂ ਦੇ ਅਪਰਾਧ ਨੂੰ ਦਰਸਾਉਂਦਾ ਸੀ। ਇਹ ਰਾਜ 997 ਈ.ਪੂ. ਤੋਂ ਲੈ ਕੇ 607 ਈ.ਪੂ. ਯਰੂਸ਼ਲਮ ਦੀ ਤਬਾਹੀ ਤਕ ਪਾਪ ਕਰਦਾ ਰਿਹਾ। ਹਿਜ਼ਕੀਏਲ ਯਹੂਦਾਹ ਦੇ 40 ਸਾਲਾਂ ਦੇ ਅਪਰਾਧ ਲਈ ਆਪਣੇ ਸੱਜੇ ਪਾਸੇ ਲੇਟਿਆ ਰਿਹਾ। ਇਹ ਸਮਾਂ 647 ਈ.ਪੂ. ਵਿਚ ਯਿਰਮਿਯਾਹ ਦੇ ਨਬੀ ਬਣਨ ਤੋਂ ਲੈ ਕੇ 607 ਈ.ਪੂ. ਤਕ ਸੀ। 430 ਦਿਨਾਂ ਲਈ ਹਿਜ਼ਕੀਏਲ ਥੋੜ੍ਹੇ ਜਿਹੇ ਭੋਜਨ ਤੇ ਪਾਣੀ ਤੇ ਜ਼ਿੰਦਾ ਰਿਹਾ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਘੇਰਾਬੰਦੀ ਦੇ ਸਮੇਂ ਦੌਰਾਨ ਯਰੂਸ਼ਲਮ ਵਿਚ ਕਾਲ ਪੈਣਾ ਸੀ।
5:1-3—ਇਸ ਦਾ ਕੀ ਮਤਲਬ ਹੈ ਕਿ ਹਿਜ਼ਕੀਏਲ ਨੇ ਉਨ੍ਹਾਂ ਵਾਲਾਂ ਵਿੱਚੋਂ ਜੋ ਉਸ ਨੇ ਹਵਾ ਵਿਚ ਖਿਲਾਰੇ ਸਨ ਕੁਝ ਵਾਲ ਲੈ ਕੇ ਆਪਣੇ ਪੱਲੇ ਵਿਚ ਬੰਨ੍ਹੇ? ਇਸ ਦਾ ਇਹ ਮਤਲਬ ਸੀ ਕਿ 70 ਸਾਲ ਦੀ ਗ਼ੁਲਾਮੀ ਵਿੱਚੋਂ ਆਜ਼ਾਦ ਹੋ ਕੇ ਇਸਰਾਏਲੀਆਂ ਨੇ ਯਹੂਦਾਹ ਨੂੰ ਮੁੜ ਆਉਣਾ ਸੀ ਅਤੇ ਸੱਚੇ ਪਰਮੇਸ਼ੁਰ ਦੀ ਭਗਤੀ ਫਿਰ ਤੋਂ ਕਰਨੀ ਸੀ।—ਹਿਜ਼ਕੀਏਲ 11:17-20.
17:1-24—ਦੋ ਵੱਡੇ ਉਕਾਬ ਕੌਣ ਸਨ, ਦਿਆਰ ਦੇ ਰੁੱਖ ਦੀਆਂ ਟਹਿਣੀਆਂ ਕਿਵੇਂ ਤੋੜੀਆਂ ਗਈਆਂ ਅਤੇ ‘ਨਰਮ ਟਹਿਣੀ’ ਜੋ ਯਹੋਵਾਹ ਨੇ ਲਾਈ ਉਹ ਕੌਣ ਸੀ? ਦੋ ਉਕਾਬ ਬਾਬਲ ਤੇ ਮਿਸਰ ਦੇ ਰਾਜਿਆਂ ਨੂੰ ਦਰਸਾਉਂਦੇ ਹਨ। ਪਹਿਲਾ ਉਕਾਬ ਦਿਆਰ ਦੇ ਦਰਖ਼ਤ ਦੀ ਟੀਸੀ ਮਤਲਬ ਕਿ ਦਾਊਦ ਦੇ ਸ਼ਾਹੀ ਘਰਾਣੇ ਵਿੱਚੋਂ ਰਾਜ ਕਰ ਰਹੇ ਰਾਜੇ ਕੋਲ ਆਇਆ। ਫਿਰ ਉਸ ਨੇ ਸਭ ਤੋਂ ਉੱਚੀ ਟਹਿਣੀ ਤੋੜੀ ਯਾਨੀ ਕਿ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਰਾਜ ਗੱਦੀ ਤੋਂ ਲਾਹ ਕੇ ਉਸ ਦੀ ਜਗ੍ਹਾ ਰਾਜਾ ਸਿਦਕੀਯਾਹ ਨੂੰ ਬਿਠਾਇਆ। ਵਫ਼ਾਦਾਰੀ ਦੀ ਸਹੁੰ ਚੁੱਕਣ ਦੇ ਬਾਵਜੂਦ ਵੀ ਸਿਦਕੀਯਾਹ ਨੇ ਦੂਜੇ ਉਕਾਬ ਯਾਨੀ ਮਿਸਰੀ ਰਾਜੇ ਕੋਲੋਂ ਮਦਦ ਮੰਗੀ। ਪਰ ਅਫ਼ਸੋਸ ਇਸ ਮਦਦ ਦਾ ਉਸ ਨੂੰ ਕੋਈ ਫ਼ਾਇਦਾ ਨਾ ਹੋਇਆ। ਉਸ ਨੂੰ ਬੰਦੀ ਬਣਾ ਕੇ ਬਾਬਲ ਲਿਆਂਦਾ ਗਿਆ ਜਿੱਥੇ ਉਸ ਨੂੰ ਮਰਨ ਲਈ ਛੱਡ ਦਿੱਤਾ ਗਿਆ। ਯਹੋਵਾਹ ਨੇ ਵੀ ਇਕ ‘ਨਰਮ ਟਹਿਣੀ’ ਤੋੜੀ ਜੋ ਰਾਜੇ ਯਿਸੂ ਮਸੀਹ ਨੂੰ ਦਰਸਾਉਂਦੀ ਸੀ। ਇਸ ਟਹਿਣੀ ਨੂੰ “ਉੱਚੇ ਪਰਬਤ ਦੀ ਚੋੱਟੀ” ਯਾਨੀ ਸੀਯੋਨ ਦੇ ਪਹਾੜ ਤੇ ਲਾਇਆ ਗਿਆ ਜਿੱਥੇ ਉਸ ਨੇ “ਵਧੀਆ ਦਿਆਰ” ਦਾ ਦਰਖ਼ਤ ਬਣ ਜਾਣਾ ਸੀ ਅਤੇ ਉਸ ਤੋਂ ਸਾਰੀ ਧਰਤੀ ਨੂੰ ਬਰਕਤਾਂ ਮਿਲਣੀਆਂ ਸਨ।—ਪਰਕਾਸ਼ ਦੀ ਪੋਥੀ 14:1.
ਸਾਡੇ ਲਈ ਸਬਕ:
2:6-8; 3:8, 9, 18-21. ਸਾਨੂੰ ਦੁਸ਼ਟ ਲੋਕਾਂ ਤੋਂ ਨਾ ਡਰਨਾ ਚਾਹੀਦਾ ਹੈ ਤੇ ਨਾ ਹੀ ਉਨ੍ਹਾਂ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾਉਣ ਤੋਂ ਪਿੱਛੇ ਹਟਣਾ ਚਾਹੀਦਾ ਹੈ। ਇਹ ਸੰਦੇਸ਼ ਉਨ੍ਹਾਂ ਲਈ ਇਕ ਤਰ੍ਹਾਂ ਦੀ ਚੇਤਾਵਨੀ ਹੈ। ਪ੍ਰਚਾਰ ਵਿਚ ਜੇ ਕੋਈ ਸਾਡੀ ਗੱਲ ਨਹੀਂ ਸੁਣਦਾ ਜਾਂ ਸਾਨੂੰ ਸਤਾਉਂਦਾ ਹੈ, ਤਾਂ ਸਾਨੂੰ ਹੌਸਲਾ ਹਾਰਨ ਦੀ ਬਜਾਇ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਚਾਹੀਦਾ ਹੈ। ਪਰ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਕਿੱਤੇ ਅਸੀਂ ਲੋਕਾਂ ਪ੍ਰਤੀ ਪੱਥਰ-ਦਿਲ ਅਤੇ ਨਿਰਦਈ ਨਾ ਬਣ ਜਾਈਏ। ਯਿਸੂ ਨੂੰ ਉਨ੍ਹਾਂ ਲੋਕਾਂ ਤੇ ਤਰਸ ਆਉਂਦਾ ਸੀ ਜਿਨ੍ਹਾਂ ਨੂੰ ਉਹ ਪ੍ਰਚਾਰ ਕਰਦਾ ਸੀ। ਸਾਨੂੰ ਵੀ ਪ੍ਰਚਾਰ ਕਰਦੇ ਹੋਏ ਲੋਕਾਂ ਬਾਰੇ ਇੰਜ ਹੀ ਮਹਿਸੂਸ ਕਰਨਾ ਚਾਹੀਦਾ ਹੈ।—ਮੱਤੀ 9:36.
3:15. ਨਬੀ ਬਣਨ ਤੋਂ ਬਾਅਦ ਹਿਜ਼ਕੀਏਲ ਤੇਲ-ਆਬੀਬ ਵਿਚ ਵੱਸਣ ਲੱਗਾ ਤੇ ‘ਸੱਤ ਦਿਨਾਂ ਲਈ ਚੁੱਪ ਚਾਪ ਬੈਠਾ ਰਿਹਾ।’ ਕਿਉਂ? ਕਿਉਂਕਿ ਜਿਸ ਸੰਦੇਸ਼ ਦਾ ਉਸ ਨੇ ਐਲਾਨ ਕਰਨਾ ਸੀ, ਉਹ ਉਸ ਉੱਤੇ ਮਨਨ ਕਰਨਾ ਚਾਹੁੰਦਾ ਸੀ। ਸਾਨੂੰ ਵੀ ਬਾਈਬਲ ਦੀਆਂ ਡੂੰਘੀਆਂ ਗੱਲਾਂ ਸਮਝਣ ਲਈ ਲਗਨ ਨਾਲ ਸਟੱਡੀ ਤੇ ਮਨਨ ਕਰਨ ਵਾਸਤੇ ਸਮਾਂ ਕੱਢਣਾ ਚਾਹੀਦਾ ਹੈ।
4:1–5:4. ਯਰੂਸ਼ਲਮ ਦੇ ਘੇਰੇ ਜਾਣ ਅਤੇ ਵਾਲ ਮੁੰਨਣ ਦੇ ਨਾਟਕ ਕਰਨ ਲਈ ਹਿਜ਼ਕੀਏਲ ਨੂੰ ਨਿਮਰ ਤੇ ਬਹਾਦਰ ਬਣਨ ਦੀ ਲੋੜ ਸੀ। ਸਾਨੂੰ ਵੀ ਯਹੋਵਾਹ ਵੱਲੋਂ ਮਿਲਿਆ ਕੋਈ ਵੀ ਕੰਮ ਕਰਨ ਲਈ ਨਿਮਰ ਤੇ ਬਹਾਦਰ ਬਣਨ ਦੀ ਲੋੜ ਹੈ।
7:4, 9; 8:18; 9:5, 10. ਸਾਨੂੰ ਉਨ੍ਹਾਂ ਲੋਕਾਂ ਤੇ ਤਰਸ ਨਹੀਂ ਖਾਣਾ ਚਾਹੀਦਾ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਜ਼ਾ ਦਿੱਤੀ ਹੈ।
7:19. ਜਦੋਂ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰੇਗਾ, ਤਾਂ ਉਨ੍ਹਾਂ ਦੀ ਧੰਨ-ਦੌਲਤ ਕਿਸੇ ਕੰਮ ਨਹੀਂ ਆਵੇਗੀ।
8:5-18. ਸੱਚਾਈ ਤੋਂ ਮੂੰਹ ਮੋੜਨ ਨਾਲ ਸਾਡਾ ਯਹੋਵਾਹ ਨਾਲੋਂ ਰਿਸ਼ਤਾ ਟੁੱਟ ਜਾਵੇਗਾ। ਬਾਈਬਲ ਕਹਿੰਦੀ ਹੈ: “ਬੇਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ ਕਰਦਾ ਹੈ।” (ਕਹਾਉਤਾਂ 11:9) ਧਰਮ-ਤਿਆਗੀਆਂ ਤੋਂ ਦੂਰ ਰਹਿਣ ਵਿਚ ਹੀ ਅਕਲਮੰਦੀ ਹੈ।
9:3-6. ਆਉਣ ਵਾਲੇ ‘ਵੱਡੇ ਕਸ਼ਟ’ ਵਿੱਚੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਤੇ ਨਿਸ਼ਾਨ ਲਵਾਈਏ। (ਮੱਤੀ 24:21) ਇਹ ਨਿਸ਼ਾਨ ਅਸੀਂ ਤਾਂ ਹੀ ਲਵਾ ਸਕਦੇ ਹਾਂ ਜੇ ਅਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਕੇ ਬਪਤਿਸਮਾ ਲਈਏ ਅਤੇ ਮਸੀਹ ਵਰਗੇ ਬਣੀਏ। ਮਸਹ ਕੀਤੇ ਹੋਏ ਮਸੀਹੀ ਨਿਸ਼ਾਨ ਲਾਉਣ ਯਾਨੀ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਅਗਵਾਈ ਕਰਦੇ ਹਨ। ਜੇ ਅਸੀਂ ਆਪਣੇ ਤੇ ਇਹ ਨਿਸ਼ਾਨ ਲਾਈ ਰੱਖਣਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਜੋਸ਼ ਨਾਲ ਉਨ੍ਹਾਂ ਦੀ ਪ੍ਰਚਾਰ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ।
12:26-28. ਜੋ ਲੋਕ ਹਿਜ਼ਕੀਏਲ ਦਾ ਸੰਦੇਸ਼ ਸੁਣ ਕੇ ਉਸ ਦਾ ਮਖੌਲ ਉਡਾਉਂਦੇ ਸਨ, ਉਨ੍ਹਾਂ ਨੂੰ ਵੀ ਉਸ ਨੇ ਕਿਹਾ: “ਅੱਗੇ ਲਈ [ਯਹੋਵਾਹ ਦੀ] ਕਿਸੇ ਗੱਲ ਦੇ ਪੂਰੇ ਹੋਣ ਵਿੱਚ ਢਿੱਲ ਨਾ ਪਵੇਗੀ।” ਇਸ ਤੋਂ ਪਹਿਲਾਂ ਕਿ ਯਹੋਵਾਹ ਇਸ ਬੁਰੇ ਸੰਸਾਰ ਦਾ ਖ਼ਾਤਮਾ ਕਰੇ, ਸਾਨੂੰ ਪੂਰੀ ਵਾਹ ਲਾ ਕੇ ਯਹੋਵਾਹ ਬਾਰੇ ਸਿੱਖਣ ਤੇ ਉਸ ਤੇ ਭਰੋਸਾ ਰੱਖਣ ਵਿਚ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ।
14:12-23. ਮੁਕਤੀ ਦੇ ਰਾਹ ਤੇ ਚੱਲਣ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੈ। ਕੋਈ ਹੋਰ ਸਾਡੇ ਲਈ ਇਹ ਜ਼ਿੰਮੇਵਾਰੀ ਨਹੀਂ ਚੁੱਕ ਸਕਦਾ।—ਰੋਮੀਆਂ 14:12.
18:1-29. ਹਰੇਕ ਨੂੰ ਆਪੋ-ਆਪਣੀ ਕਰਨੀ ਦੇ ਨਤੀਜੇ ਭੁਗਤਣੇ ਪੈਣਗੇ।
“ਬਰਬਾਦੀ, ਬਰਬਾਦੀ, ਮੈਂ ਹੀ ਉਹ ਨੂੰ ਬਰਬਾਦੀ ਬਣਾਵਾਂਗਾ”
ਇਸਰਾਏਲੀਆਂ ਦੀ ਗ਼ੁਲਾਮੀ ਦੇ ਸੱਤਵਾਂ ਸਾਲ ਯਾਨੀ 611 ਈ.ਪੂ. ਵਿਚ ਇਸਰਾਏਲ ਦੇ ਕੁਝ ਬਜ਼ੁਰਗ ਹਿਜ਼ਕੀਏਲ ਕੋਲ ਆਏ। ਉਹ ‘ਯਹੋਵਾਹ ਤੋਂ ਕੁਝ ਪੁੱਛਣਾ’ ਚਾਹੁੰਦੇ ਸਨ। ਹਿਜ਼ਕੀਏਲ ਨੇ ਉਨ੍ਹਾਂ ਨੂੰ ਬਹੁਤ ਸਾਲਾਂ ਤੋਂ ਹੋ ਰਹੀ ਪਰਮੇਸ਼ੁਰ ਖ਼ਿਲਾਫ਼ ਇਸਰਾਏਲ ਦੀ ਬਗਾਵਤ ਦਾ ਕਿੱਸਾ ਸੁਣਾਇਆ। ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ‘ਯਹੋਵਾਹ ਆਪਣੀ ਤਲਵਾਰ’ ਨਾਲ ਉਨ੍ਹਾਂ ਨੂੰ ਮਾਰ ਸੁੱਟੇਗਾ। (ਹਿਜ਼ਕੀਏਲ 20:1; 21:3) ਯਹੋਵਾਹ ਨੇ ਇਸਰਾਏਲ ਦੇ ਸਰਦਾਰ ਸਿਦਕੀਯਾਹ ਨੂੰ ਕਿਹਾ: “ਅਮਾਮਾ ਉਤਾਰ ਅਤੇ ਤਾਜ ਲਾਹ ਦੇਹ। ਇਹ ਏਦਾਂ ਨਹੀਂ ਰਹੇਗਾ। ਨੀਵੇਂ ਨੂੰ ਉੱਚਾ ਕਰ ਅਤੇ ਉੱਚੇ ਨੂੰ ਨੀਵਾਂ ਕਰ। ਬਰਬਾਦੀ, ਬਰਬਾਦੀ, ਮੈਂ ਹੀ ਉਹ ਨੂੰ ਬਰਬਾਦੀ ਬਣਾਵਾਂਗਾ! ਪਰ ਏਹ ਵੀ ਨਹੀਂ ਰਹੇਗਾ ਜਦ ਤੀਕ ਉਹ ਆਵੇਗਾ ਜਿਸ ਦਾ ਹੱਕ ਹੈ [ਯਿਸੂ ਮਸੀਹ], ਤਾਂ ਮੈਂ ਉਹ ਨੂੰ ਦਿਆਂਗਾ।”—ਹਿਜ਼ਕੀਏਲ 21:26, 27.
ਯਰੂਸ਼ਲਮ ਉੱਤੇ ਗ਼ਲਤ ਕੰਮਾਂ ਦਾ ਦੋਸ਼ ਲਾਇਆ ਗਿਆ। ਆਹਾਲਾਹ (ਇਸਰਾਏਲ) ਤੇ ਆਹਾਲੀਬਾਹ (ਯਹੂਦਾਹ) ਦੇ ਗ਼ਲਤ ਕੰਮਾਂ ਦਾ ਪੋਲ ਖੋਲ੍ਹਿਆ ਗਿਆ। ਯਹੋਵਾਹ ਨੇ ਆਹਾਲਾਹ ਨੂੰ “ਉਸ ਦੇ ਯਾਰਾਂ ਦੇ ਹੱਥ ਵਿੱਚ ਅਰਥਾਤ ਅੱਸ਼ੂਰੀਆਂ ਦੇ ਹੱਥ ਵਿੱਚ ਸੌਂਪ ਦਿੱਤਾ ਜਿਨ੍ਹਾਂ ਉੱਤੇ ਉਹ ਮੋਹਤ ਸੀ।” (ਹਿਜ਼ਕੀਏਲ 23:9) ਆਹਾਲੀਬਾਹ ਦੀ ਤਬਾਹੀ ਵੀ ਬਹੁਤ ਜਲਦ ਹੋਣ ਵਾਲੀ ਸੀ। ਬਾਬਲੀ ਫ਼ੌਜਾਂ ਨੇ 609 ਈ.ਪੂ. ਵਿਚ ਯਰੂਸ਼ਲਮ ਨੂੰ ਘੇਰਾ ਪਾ ਲਿਆ ਅਤੇ ਇਹ ਘੇਰਾਬੰਦੀ 18 ਮਹੀਨੇ ਰਹੀ। ਜਦ ਯਰੂਸ਼ਲਮ ਬਾਬਲੀਆਂ ਦੇ ਕਬਜ਼ੇ ਹੇਠ ਆ ਗਿਆ, ਤਾਂ ਯਹੂਦੀਆਂ ਕੋਲੋਂ ਆਪਣੇ ਦੁੱਖ ਦਾ ਰੋਣਾ ਰੋਣ ਲਈ ਸ਼ਬਦ ਵੀ ਨਹੀਂ ਸਨ। ਹਿਜ਼ਕੀਏਲ ਨੇ ਬਾਬਲ ਵਿਚ ਕੈਦ ਲੋਕਾਂ ਨੂੰ ਤਦ ਤਕ ਯਹੋਵਾਹ ਦਾ ਸੰਦੇਸ਼ ਨਹੀਂ ਸੁਣਾਇਆ ਜਦ ਤਕ ਉਸ ਨੂੰ ਯਰੂਸ਼ਲਮ ਦੀ ਤਬਾਹੀ ਬਾਰੇ ਉਨ੍ਹਾਂ ਲੋਕਾਂ ਤੋਂ ਖ਼ਬਰ ਨਾ ਮਿਲੀ ਜੋ ਤਬਾਹੀ ਵਿੱਚੋਂ ਬਚ ਨਿਕਲੇ ਸਨ।—ਹਿਜ਼ਕੀਏਲ 24:26, 27.
ਕੁਝ ਸਵਾਲਾਂ ਦੇ ਜਵਾਬ:
21:3—ਉਹ “ਤਲਵਾਰ” ਕੀ ਸੀ ਜੋ ਯਹੋਵਾਹ ਨੇ ਮਿਆਨ ਵਿੱਚੋਂ ਕੱਢੀ ਸੀ? ਜੋ “ਤਲਵਾਰ” ਯਹੋਵਾਹ ਨੇ ਯਰੂਸ਼ਲਮ ਤੇ ਯਹੂਦਾਹ ਨੂੰ ਸਜ਼ਾ ਦੇਣ ਲਈ ਕੱਢੀ ਸੀ ਉਹ ਬਾਬਲ ਦਾ ਰਾਜਾ ਨਬੂਕਦਨੱਸਰ ਤੇ ਉਸ ਦੀ ਫ਼ੌਜ ਸੀ। ਇਹ ਸ਼ਕਤੀਸ਼ਾਲੀ ਦੂਤ ਵੀ ਹੋ ਸਕਦੇ ਸਨ।
24:6-14—ਦੇਗ ਵਿਚ ਲੱਗਾ ਜੰਗਾਲ ਕਿਸ ਨੂੰ ਦਰਸਾਉਂਦਾ ਹੈ? ਯਰੂਸ਼ਲਮ ਦੀ ਘੇਰਾਬੰਦੀ ਦੀ ਤੁਲਨਾ ਦੇਗ ਨਾਲ ਕੀਤੀ ਗਈ ਸੀ। ਜੰਗਾਲ ਸ਼ਹਿਰ ਦੇ ਘਿਣਾਉਣੇ ਕੰਮਾਂ ਨੂੰ ਅਤੇ ਖ਼ੂਨ-ਖ਼ਰਾਬੇ ਨੂੰ ਦਰਸਾਉਂਦਾ ਸੀ। ਜਿਵੇਂ ਖਾਲੀ ਦੇਗ ਨੂੰ ਚੁੱਲੇ ਤੇ ਰੱਖਣ ਤੇ ਜਿੰਨਾ ਮਰਜ਼ੀ ਸੇਕ ਵਧਾਉਣ ਨਾਲ ਉਸ ਦਾ ਜੰਗਾਲ ਨਾ ਜਾਵੇ ਉਸੇ ਤਰ੍ਹਾਂ ਇਸ ਸ਼ਹਿਰ ਦੇ ਪਾਪ ਸਨ ਜੋ ਧੋਤਿਆਂ ਨਹੀਂ ਧੋਤੇ ਜਾਣੇ ਸਨ।
ਸਾਡੇ ਲਈ ਸਬਕ:
20:1, 49. ਇਸਰਾਏਲ ਦੇ ਕੁਝ ਬਜ਼ੁਰਗਾਂ ਦੇ ਜਵਾਬ ਤੋਂ ਪੱਤਾ ਲੱਗਦਾ ਹੈ ਕਿ ਉਨ੍ਹਾਂ ਨੇ ਹਿਜ਼ਕੀਏਲ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਸੀ। ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਯਹੋਵਾਹ ਦੀਆਂ ਕਹੀਆਂ ਗੱਲਾਂ ਤੇ ਸ਼ੱਕ ਨਾ ਕਰੀਏ।
21:18-22. ਨਬੂਕਦਨੱਸਰ ਨੇ ਜਾਦੂਗਰੀ ਵਰਤ ਕੇ ਪਤਾ ਲਗਾਇਆ ਕਿ ਉਸ ਨੂੰ ਪਹਿਲਾਂ ਕਿਸ ਤੇ ਹਮਲਾ ਕਰਨਾ ਚਾਹੀਦਾ ਸੀ। ਲੇਕਿਨ ਯਹੋਵਾਹ ਨੇ ਪੱਕਾ ਕੀਤਾ ਕਿ ਉਹੀ ਯਰੂਸ਼ਲਮ ਦੇ ਵਿਰੁੱਧ ਚੜ੍ਹਾਈ ਕਰੇਗਾ। ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਬੁਰੇ ਦੂਤ ਵੀ ਯਹੋਵਾਹ ਦੇ ਮਕਸਦ ਨੂੰ ਪੂਰਾ ਹੋਣ ਤੋਂ ਨਹੀਂ ਰੋਕ ਸਕਦੇ।
22:6-16. ਯਹੋਵਾਹ ਨੂੰ ਤੁਹਮਤ ਲਾਉਣ, ਲੁੱਚਪੁਣਾ ਕਰਨ, ਜ਼ੁਲਮ ਕਰਨ ਅਤੇ ਰਿਸ਼ਵਤ ਲੈਣ ਵਾਲਿਆਂ ਤੋਂ ਸਖ਼ਤ ਨਫ਼ਰਤ ਹੈ। ਸਾਡਾ ਇਰਾਦਾ ਪੱਕਾ ਹੋਣਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਬੁਰੇ ਕੰਮਾਂ ਤੋਂ ਦੂਰ ਰਹਾਂਗੇ।
23:5-49. ਦੂਸਰੀਆਂ ਕੌਮਾਂ ਨਾਲ ਮਿੱਤਰਤਾ ਪਾਉਣ ਕਰਕੇ ਇਸਰਾਏਲ ਤੇ ਯਹੂਦਾਹ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਦੇ ਫੰਦੇ ਵਿਚ ਫਸ ਗਏ ਸਨ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇਸ ਦੁਨੀਆਂ ਨਾਲ ਕੋਈ ਮਿੱਤਰਤਾ ਨਾ ਪਾਈਏ ਕਿਉਂਕਿ ਅਸੀਂ ਆਪਣੀ ਨਿਹਚਾ ਤੋਂ ਹੱਥ ਨਹੀਂ ਧੋਣਾ ਚਾਹੁੰਦੇ।—ਯਾਕੂਬ 4:4.
ਸੰਦੇਸ਼ ਜੋ ਸਾਡੀ ਜ਼ਿੰਦਗੀ ਤੇ ਅਸਰ ਪਾਉਂਦਾ ਹੈ
ਅਸੀਂ ਹਿਜ਼ਕੀਏਲ ਦੀ ਪੋਥੀ ਦੇ ਪਹਿਲੇ 24 ਅਧਿਆਵਾਂ ਤੋਂ ਕਿੰਨੇ ਸੋਹਣੇ ਸਬਕ ਸਿੱਖਦੇ ਹਾਂ! ਇਨ੍ਹਾਂ ਅਧਿਆਵਾਂ ਵਿਚ ਜੋ ਗੱਲਾਂ ਲਿਖੀਆਂ ਗਈਆਂ ਹਨ, ਇਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਹੜੀਆਂ ਚੀਜ਼ਾਂ ਯਹੋਵਾਹ ਨੂੰ ਨਾਰਾਜ਼ ਕਰਦੀਆਂ ਹਨ, ਅਸੀਂ ਕਿਵੇਂ ਉਸ ਦੀ ਕਿਰਪਾ ਪਾ ਸਕਦੇ ਹਾਂ ਅਤੇ ਸਾਨੂੰ ਕਿਉਂ ਦੁਸ਼ਟ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ। ਯਰੂਸ਼ਲਮ ਦੀ ਤਬਾਹੀ ਦੀ ਭਵਿੱਖਬਾਣੀ ਤੋਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਪਰਮੇਸ਼ੁਰ ‘ਆਪਣੇ ਲੋਕਾਂ ਨੂੰ ਨਵੀਂਆਂ ਗੱਲਾਂ ਦੱਸਦਾ ਤੇ ਓਹਨਾਂ ਦੇ ਪਰਕਾਸ਼ ਹੋਣ ਤੋਂ ਪਹਿਲਾਂ ਸੁਣਾਉਂਦਾ ਹੈ।’—ਯਸਾਯਾਹ 42:9.
ਹਿਜ਼ਕੀਏਲ 17:22-24 ਅਤੇ 21:26,27 ਵਿਚ ਦਰਜ ਭਵਿੱਖਬਾਣੀਆਂ ਤੋਂ ਅਸੀਂ ਦੇਖ ਸਕਦਾ ਹਾਂ ਕਿ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਸਥਾਪਿਤ ਹੋ ਚੁੱਕਾ ਹੈ। ਜਲਦ ਹੀ ਇਸ ਰਾਜ ਰਾਹੀਂ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕੀਤੀ ਜਾਵੇਗੀ। (ਮੱਤੀ 6:9, 10) ਅਸੀਂ ਪੂਰੇ ਭਰੋਸੇ ਅਤੇ ਪੱਕੇ ਵਿਸ਼ਵਾਸ ਨਾਲ ਉਸ ਸਮੇਂ ਦੀ ਉਡੀਕ ਵਿਚ ਹਾਂ ਜਦ ਪਰਮੇਸ਼ੁਰ ਦਾ ਰਾਜ ਸਾਰਿਆਂ ਲਈ ਬਰਕਤਾਂ ਲਿਆਵੇਗਾ। ਜੀ ਹਾਂ, “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ” ਹੈ।—ਇਬਰਾਨੀਆਂ 4:12.
[ਸਫ਼ਾ 12 ਉੱਤੇ ਤਸਵੀਰ]
ਸਵਰਗੀ ਰਥ ਕਿਸ ਚੀਜ਼ ਨੂੰ ਦਰਸਾਉਂਦਾ ਹੈ?
[ਸਫ਼ਾ 14 ਉੱਤੇ ਤਸਵੀਰ]
ਪ੍ਰਚਾਰ ਦੇ ਕੰਮ ਵਿਚ ਜ਼ੋਰਾਂ-ਸ਼ੋਰਾਂ ਨਾਲ ਹਿੱਸਾ ਲੈਣ ਨਾਲ ਸਾਡਾ “ਨਿਸ਼ਾਨ” ਬਰਕਰਾਰ ਰਹਿੰਦਾ ਹੈ