ਅਧਿਆਇ 18
“ਮੇਰੇ ਪਿੱਛੇ-ਪਿੱਛੇ ਚੱਲਦਾ ਰਹਿ”
1-3. (ੳ) ਯਿਸੂ ਆਪਣੇ ਰਸੂਲਾਂ ਨੂੰ ਛੱਡ ਕੇ ਸਵਰਗ ਵਾਪਸ ਕਿਵੇਂ ਗਿਆ ਸੀ ਅਤੇ ਇਹ ਖ਼ੁਸ਼ੀ ਦਾ ਮੌਕਾ ਕਿਉਂ ਸੀ? (ਅ) ਸਾਨੂੰ ਇਹ ਜਾਣਨ ਦੀ ਕਿਉਂ ਲੋੜ ਹੈ ਕਿ ਯਿਸੂ ਸਵਰਗ ਵਿਚ ਹੁਣ ਕੀ ਕਰ ਰਿਹਾ ਹੈ?
ਯਿਸੂ ਆਪਣੇ 11 ਰਸੂਲਾਂ ਨੂੰ ਆਖ਼ਰੀ ਵਾਰ ਜ਼ੈਤੂਨ ਪਹਾੜ ʼਤੇ ਮਿਲਣ ਜਾਂਦਾ ਹੈ। ਭਾਵੇਂ ਕਿ ਯਿਸੂ ਉਨ੍ਹਾਂ ਸਾਮ੍ਹਣੇ ਇਕ ਇਨਸਾਨ ਦੇ ਰੂਪ ਵਿਚ ਖੜ੍ਹਾ ਹੈ, ਪਰ ਅਸਲ ਵਿਚ ਯਹੋਵਾਹ ਨੇ ਉਸ ਨੂੰ ਸਭ ਤੋਂ ਸ਼ਕਤੀਸ਼ਾਲੀ ਦੂਤ ਵਜੋਂ ਦੁਬਾਰਾ ਜੀਉਂਦਾ ਕੀਤਾ ਹੈ। ਉਸ ਦੇ ਰਸੂਲਾਂ ਦੇ ਚਿਹਰਿਆਂ ਤੋਂ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਦੇ ਦਿਲਾਂ ਵਿਚ ਯਿਸੂ ਲਈ ਬਹੁਤ ਪਿਆਰ ਤੇ ਆਦਰ ਹੈ।
2 ਜ਼ੈਤੂਨ ਪਹਾੜ ਕਿਦਰੋਨ ਘਾਟੀ ਤੋਂ ਪਾਰ ਯਰੂਸ਼ਲਮ ਦੇ ਪੂਰਬ ਵੱਲ ਹੈ। ਇਸ ਜਗ੍ਹਾ ਨਾਲ ਯਿਸੂ ਦੀਆਂ ਕਈ ਯਾਦਾਂ ਜੁੜੀਆਂ ਹਨ। ਇਸੇ ਪਹਾੜ ʼਤੇ ਵੱਸੇ ਬੈਥਨੀਆ ਪਿੰਡ ਵਿਚ ਉਸ ਨੇ ਲਾਜ਼ਰ ਨੂੰ ਜੀਉਂਦਾ ਕੀਤਾ ਸੀ। ਕੁਝ ਹੀ ਹਫ਼ਤੇ ਪਹਿਲਾਂ ਯਿਸੂ ਬੈਤਫ਼ਗਾ ਤੋਂ ਗਧੀ ਦੇ ਬੱਚੇ ਤੇ ਸਵਾਰ ਹੋ ਕੇ ਯਰੂਸ਼ਲਮ ਆਇਆ ਸੀ। ਸ਼ਾਇਦ ਗਥਸਮਨੀ ਬਾਗ਼ ਵੀ ਇਸੇ ਪਹਾੜ ʼਤੇ ਹੈ ਜਿੱਥੇ ਉਸ ਨੇ ਆਪਣੀ ਗਿਰਫ਼ਤਾਰੀ ਤੋਂ ਪਹਿਲਾਂ ਔਖੀਆਂ ਘੜੀਆਂ ਗੁਜ਼ਾਰੀਆਂ ਸਨ। ਹੁਣ ਉਹ ਸਵਰਗ ਜਾਣ ਤੋਂ ਪਹਿਲਾਂ ਇਸੇ ਪਹਾੜ ʼਤੇ ਆਪਣੇ ਕਰੀਬੀ ਦੋਸਤਾਂ ਅਤੇ ਚੇਲਿਆਂ ਦਾ ਹੌਸਲਾ ਵਧਾਉਣ ਤੇ ਉਨ੍ਹਾਂ ਨੂੰ ਅਲਵਿਦਾ ਕਹਿਣ ਆਇਆ ਹੈ। ਫਿਰ ਰਸੂਲਾਂ ਦੇ ਦੇਖਦੇ-ਦੇਖਦੇ ਉਸ ਨੂੰ ਉੱਪਰ ਸਵਰਗ ਨੂੰ ਉਠਾ ਲਿਆ ਜਾਂਦਾ ਹੈ। ਆਖ਼ਰ ਇਕ ਬੱਦਲ ਉਸ ਨੂੰ ਢਕ ਲੈਂਦਾ ਹੈ ਅਤੇ ਉਹ ਉਨ੍ਹਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਜਾਂਦਾ ਹੈ।—ਰਸੂਲਾਂ ਦੇ ਕੰਮ 1:6-12.
3 ਇਹ ਪੜ੍ਹ ਕੇ ਸ਼ਾਇਦ ਤੁਹਾਨੂੰ ਲੱਗੇ ਕਿ ਯਿਸੂ ਦੇ ਸਵਰਗ ਜਾਣ ʼਤੇ ਉਸ ਦੇ ਚੇਲਿਆਂ ਨੂੰ ਖ਼ੁਸ਼ੀ ਤਾਂ ਹੋਈ ਹੋਣੀ, ਪਰ ਉਨ੍ਹਾਂ ਨੂੰ ਉਸ ਦੀ ਜੁਦਾਈ ਦਾ ਗਮ ਵੀ ਹੋਇਆ ਹੋਣਾ। ਅਚਾਨਕ ਚੇਲਿਆਂ ਦੇ ਸਾਮ੍ਹਣੇ ਦੋ ਫ਼ਰਿਸ਼ਤੇ ਆਏ ਅਤੇ ਉਨ੍ਹਾਂ ਨੂੰ ਤਸੱਲੀ ਦਿੰਦੇ ਹੋਏ ਕਹਿਣ ਲੱਗੇ ਕਿ ਯਿਸੂ ਦੀ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੋਈ। (ਰਸੂਲਾਂ ਦੇ ਕੰਮ 1:10, 11) ਜੇ ਦੇਖਿਆ ਜਾਵੇ, ਤਾਂ ਸਵਰਗ ਜਾ ਕੇ ਉਸ ਦਾ ਕੰਮ ਅਜੇ ਸ਼ੁਰੂ ਹੀ ਹੋਇਆ ਸੀ। ਪਰਮੇਸ਼ੁਰ ਦਾ ਬਚਨ ਸਾਨੂੰ ਦੱਸਦਾ ਹੈ ਕਿ ਸਵਰਗ ਵਾਪਸ ਜਾ ਕੇ ਯਿਸੂ ਕੀ ਕਰਦਾ ਹੈ ਅਤੇ ਇਹ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਕਿਉਂ? ਯਾਦ ਕਰੋ ਕਿ ਯਿਸੂ ਨੇ ਪਤਰਸ ਨੂੰ ਕੀ ਕਿਹਾ ਸੀ: “ਮੇਰੇ ਪਿੱਛੇ-ਪਿੱਛੇ ਚੱਲਦਾ ਰਹਿ।” (ਯੂਹੰਨਾ 21:19, 22) ਸਾਨੂੰ ਸਾਰਿਆਂ ਨੂੰ ਇਸ ਹੁਕਮ ʼਤੇ ਹਮੇਸ਼ਾ-ਹਮੇਸ਼ਾ ਚੱਲਦੇ ਰਹਿਣ ਦੀ ਲੋੜ ਹੈ। ਇੱਦਾਂ ਕਰਨ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਸਾਡਾ ਪ੍ਰਭੂ ਹੁਣ ਕੀ ਕਰ ਰਿਹਾ ਹੈ ਅਤੇ ਸਵਰਗ ਵਿਚ ਉਸ ਨੂੰ ਕਿਹੜੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ।
ਯਿਸੂ ਸਵਰਗ ਵਾਪਸ ਜਾਂਦਾ ਹੈ
4. ਬਾਈਬਲ ਵਿਚ ਪਹਿਲਾਂ ਹੀ ਕਿਵੇਂ ਦੱਸਿਆ ਗਿਆ ਸੀ ਕਿ ਯਿਸੂ ਨੇ ਸਵਰਗ ਵਾਪਸ ਜਾ ਕੇ ਕੀ ਕਰਨਾ ਸੀ?
4 ਯਿਸੂ ਦੇ ਸਵਰਗ ਵਾਪਸ ਜਾਣ ਤੇ ਪਿਤਾ-ਪੁੱਤਰ ਦੋਵੇਂ ਇਕ-ਦੂਜੇ ਨੂੰ ਮਿਲ ਕੇ ਬਹੁਤ ਖ਼ੁਸ਼ ਹੋਏ ਹੋਣੇ। ਬਾਈਬਲ ਇਹ ਨਹੀਂ ਦੱਸਦੀ ਕਿ ਯਿਸੂ ਦਾ ਸਵਰਗ ਵਿਚ ਸੁਆਗਤ ਕਿਵੇਂ ਕੀਤਾ ਗਿਆ, ਪਰ ਇੰਨਾ ਜ਼ਰੂਰ ਦੱਸਦੀ ਹੈ ਕਿ ਉਸ ਦੇ ਵਾਪਸ ਜਾਣ ਤੋਂ ਥੋੜ੍ਹੀ ਦੇਰ ਬਾਅਦ ਕੀ ਹੋਣਾ ਸੀ। ਮੂਸਾ ਦੇ ਸਮੇਂ ਤੋਂ ਲੈ ਕੇ ਪਹਿਲੀ ਸਦੀ ਤਕ ਯਹੂਦੀ ਲੋਕ ਇਕ ਪਵਿੱਤਰ ਰਸਮ ਮਨਾਉਂਦੇ ਆਏ ਸਨ। ਇਸ ਰਸਮ ਮੁਤਾਬਕ ਸਾਲ ਵਿਚ ਇਕ ਵਾਰ ਮਹਾਂ ਪੁਜਾਰੀ ਮੰਦਰ ਦੇ ਅੱਤ ਪਵਿੱਤਰ ਕਮਰੇ ਵਿਚ ਜਾਂਦਾ ਸੀ। ਉੱਥੇ ਉਹ ਇਕਰਾਰ ਦੇ ਸੰਦੂਕ ਸਾਮ੍ਹਣੇ ਬਲ਼ੀਆਂ ਦਾ ਲਹੂ ਛਿੜਕਦਾ ਸੀ। ਇਸ ਦਿਨ ਨੂੰ ਪ੍ਰਾਸਚਿਤ ਦਾ ਦਿਨ ਕਿਹਾ ਜਾਂਦਾ ਸੀ ਕਿਉਂਕਿ ਇਸ ਰਸਮ ਰਾਹੀਂ ਲੋਕਾਂ ਨੂੰ ਪਾਪਾਂ ਦੀ ਮਾਫ਼ੀ ਮਿਲਦੀ ਸੀ। ਮਹਾਂ ਪੁਜਾਰੀ ਵਾਅਦਾ ਕੀਤੇ ਗਏ ਮਸੀਹ ਨੂੰ ਦਰਸਾਉਂਦਾ ਸੀ। ਇਕ ਤਰ੍ਹਾਂ ਨਾਲ ਯਿਸੂ ਮਸੀਹ ਨੇ ਸਵਰਗ ਵਾਪਸ ਜਾ ਕੇ ਇਹੀ ਰਸਮ ਪੂਰੀ ਕੀਤੀ। ਉਸ ਨੇ ਅੱਤ ਪਵਿੱਤਰ ਜਗ੍ਹਾ ਯਾਨੀ ਯਹੋਵਾਹ ਦੇ ਸ਼ਾਨਦਾਰ ਸਿੰਘਾਸਣ ਸਾਮ੍ਹਣੇ ਇੱਕੋ ਵਾਰ ਅਤੇ ਹਮੇਸ਼ਾ ਲਈ ਰਿਹਾਈ ਦੀ ਕੀਮਤ ਪੇਸ਼ ਕੀਤੀ। (ਇਬਰਾਨੀਆਂ 9:11, 12, 24) ਕੀ ਯਹੋਵਾਹ ਨੇ ਇਸ ਨੂੰ ਕਬੂਲ ਕੀਤਾ?
5, 6. (ੳ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਮਸੀਹ ਦੀ ਕੁਰਬਾਨੀ ਨੂੰ ਕਬੂਲ ਕਰ ਲਿਆ ਸੀ? (ਅ) ਮਸੀਹ ਦੀ ਕੁਰਬਾਨੀ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ ਅਤੇ ਕਿਵੇਂ?
5 ਇਸ ਸਵਾਲ ਦਾ ਜਵਾਬ ਜਾਣਨ ਲਈ ਆਓ ਅਸੀਂ ਦੇਖੀਏ ਕਿ ਯਿਸੂ ਦੇ ਸਵਰਗ ਵਾਪਸ ਜਾਣ ਤੋਂ ਕੁਝ ਦਿਨ ਬਾਅਦ ਕੀ ਹੋਇਆ। ਯਰੂਸ਼ਲਮ ਵਿਚ ਯਿਸੂ ਦੇ ਤਕਰੀਬਨ 120 ਚੇਲੇ ਇਕ ਚੁਬਾਰੇ ਵਿਚ ਇਕੱਠੇ ਹੋਏ ਅਤੇ ਅਚਾਨਕ ਉਨ੍ਹਾਂ ਨੂੰ ਇਕ ਤੇਜ਼ ਹਨੇਰੀ ਵਰਗੀ ਆਵਾਜ਼ ਸੁਣਾਈ ਦਿੱਤੀ ਜਿਸ ਨਾਲ ਸਾਰਾ ਘਰ ਗੂੰਜ ਉੱਠਿਆ। ਫਿਰ ਉਨ੍ਹਾਂ ਨੂੰ ਅੱਗ ਦੀਆਂ ਲਾਟਾਂ ਵਰਗੀਆਂ ਜੀਭਾਂ ਦਿਖਾਈ ਦਿੱਤੀਆਂ ਅਤੇ ਇਕ-ਇਕ ਲਾਟ ਹਰ ਇਕ ਉੱਤੇ ਠਹਿਰ ਗਈ। ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ ਅਤੇ ਵੱਖੋ-ਵੱਖਰੀਆਂ ਬੋਲੀਆਂ ਬੋਲਣ ਲੱਗ ਪਏ। (ਰਸੂਲਾਂ ਦੇ ਕੰਮ 2:1-4) ਇਸ ਮੌਕੇ ਤੇ ਇਕ ਨਵੀਂ ਕੌਮ ਪੈਦਾ ਹੋਈ ਯਾਨੀ ਪਰਮੇਸ਼ੁਰ ਦਾ ਇਜ਼ਰਾਈਲ ਜਿਸ ਨੂੰ “ਚੁਣਿਆ ਹੋਇਆ ਵੰਸ” ਅਤੇ “ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ” ਵੀ ਕਿਹਾ ਜਾਂਦਾ ਹੈ। (1 ਪਤਰਸ 2:9) ਇਸ ਨਵੀਂ ਕੌਮ ਨੂੰ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਚੁਣਿਆ ਗਿਆ ਸੀ। ਇਸ ਘਟਨਾ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਮਸੀਹ ਦੀ ਕੁਰਬਾਨੀ ਨੂੰ ਕਬੂਲ ਕਰ ਲਿਆ ਸੀ। ਇਹ ਅਸੀਂ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਯਿਸੂ ਦੀ ਕੁਰਬਾਨੀ ਸਦਕਾ ਹੀ ਚੇਲਿਆਂ ਨੂੰ ਪਵਿੱਤਰ ਸ਼ਕਤੀ ਦੀ ਬਰਕਤ ਮਿਲੀ ਸੀ।
6 ਉਦੋਂ ਤੋਂ ਹੀ ਮਸੀਹ ਦੀ ਕੁਰਬਾਨੀ ਦਾ ਫ਼ਾਇਦਾ ਦੁਨੀਆਂ ਭਰ ਵਿਚ ਉਸ ਦੇ ਸਾਰੇ ਚੇਲਿਆਂ ਨੂੰ ਮਿਲ ਰਿਹਾ ਹੈ। ਹਾਂ, ਸਾਨੂੰ ਸਾਰਿਆਂ ਨੂੰ ਫ਼ਾਇਦਾ ਹੋ ਰਿਹਾ ਹੈ, ਭਾਵੇਂ ਅਸੀਂ “ਛੋਟੇ ਝੁੰਡ” ਦੇ ਮੈਂਬਰ ਹਾਂ ਜਿਨ੍ਹਾਂ ਦੀ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਦੀ ਉਮੀਦ ਹੈ ਜਾਂ ਅਸੀਂ “ਹੋਰ ਭੇਡਾਂ” ਦੇ ਮੈਂਬਰ ਹਾਂ ਜਿਨ੍ਹਾਂ ਦੀ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਹੈ। (ਲੂਕਾ 12:32; ਯੂਹੰਨਾ 10:16) ਉਸ ਦੀ ਕੁਰਬਾਨੀ ʼਤੇ ਨਿਹਚਾ ਕਰਨ ਨਾਲ ਹੀ ਸਾਨੂੰ ਪਾਪਾਂ ਦੀ ਮਾਫ਼ੀ ਅਤੇ ਉਮੀਦ ਮਿਲਦੀ ਹੈ। ਜੇ ਅਸੀਂ ਰੋਜ਼ ਯਿਸੂ ਦੇ ਪਿੱਛੇ-ਪਿੱਛੇ ਚੱਲ ਕੇ ਉਸ ʼਤੇ ਆਪਣੀ “ਨਿਹਚਾ ਦਾ ਸਬੂਤ” ਦਿੰਦੇ ਹਾਂ, ਤਾਂ ਸਾਡੀ ਜ਼ਮੀਰ ਸ਼ੁੱਧ ਰਹੇਗੀ ਅਤੇ ਭਵਿੱਖ ਵਿਚ ਸਾਨੂੰ ਸ਼ਾਨਦਾਰ ਬਰਕਤਾਂ ਮਿਲਣਗੀਆਂ।—ਯੂਹੰਨਾ 3:16.
7. ਸਵਰਗ ਵਾਪਸ ਜਾਣ ਤੋਂ ਬਾਅਦ ਯਿਸੂ ਨੂੰ ਕਿਹੜਾ ਅਧਿਕਾਰ ਦਿੱਤਾ ਗਿਆ ਸੀ ਅਤੇ ਤੁਸੀਂ ਉਸ ਦੇ ਪਿੱਛੇ-ਪਿੱਛੇ ਚੱਲਣ ਦਾ ਸਬੂਤ ਕਿਵੇਂ ਦੇ ਸਕਦੇ ਹੋ?
7 ਸਵਰਗ ਵਾਪਸ ਜਾਣ ਤੋਂ ਬਾਅਦ ਯਿਸੂ ਨੂੰ ਵੱਡਾ ਅਧਿਕਾਰ ਦਿੱਤਾ ਗਿਆ। (ਮੱਤੀ 28:18) ਯਹੋਵਾਹ ਨੇ ਯਿਸੂ ਨੂੰ ਮਸੀਹੀ ਮੰਡਲੀ ਉੱਤੇ ਰਾਜ ਕਰਨ ਦੀ ਜ਼ਿੰਮੇਵਾਰੀ ਸੌਂਪੀ ਅਤੇ ਉਹ ਇਹ ਕੰਮ ਪਿਆਰ ਅਤੇ ਸਹੀ ਤਰੀਕੇ ਨਾਲ ਕਰਦਾ ਆਇਆ ਹੈ। (ਕੁਲੁੱਸੀਆਂ 1:13) ਭਵਿੱਖਬਾਣੀ ਮੁਤਾਬਕ ਯਿਸੂ ਨੇ ਕਾਬਲ ਭਰਾਵਾਂ ਨੂੰ ਮੰਡਲੀ ਦੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। (ਅਫ਼ਸੀਆਂ 4:8) ਮਿਸਾਲ ਲਈ, ਉਸ ਨੇ ਪੌਲੁਸ ਨੂੰ ਇਕ ਰਸੂਲ ਵਜੋਂ ਗ਼ੈਰ-ਯਹੂਦੀ ਕੌਮਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਘੱਲਿਆ। (ਰੋਮੀਆਂ 11:13; 1 ਤਿਮੋਥਿਉਸ 2:7) ਨਾਲੇ ਪਹਿਲੀ ਸਦੀ ਦੇ ਅਖ਼ੀਰ ਵਿਚ ਯਿਸੂ ਨੇ ਰੋਮੀ ਸੂਬੇ ਦੇ ਏਸ਼ੀਆ ਜ਼ਿਲ੍ਹੇ ਦੀਆਂ ਸੱਤ ਮੰਡਲੀਆਂ ਨੂੰ ਚਿੱਠੀਆਂ ਘੱਲੀਆਂ। ਉਸ ਨੇ ਇਨ੍ਹਾਂ ਚਿੱਠੀਆਂ ਵਿਚ ਮੰਡਲੀਆਂ ਦੀ ਤਾਰੀਫ਼ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਲਾਹ ਅਤੇ ਤਾੜਨਾ ਵੀ ਦਿੱਤੀ। (ਪ੍ਰਕਾਸ਼ ਦੀ ਕਿਤਾਬ, ਅਧਿਆਇ 2 ਅਤੇ 3) ਕੀ ਤੁਸੀਂ ਯਿਸੂ ਨੂੰ ਮਸੀਹੀ ਮੰਡਲੀ ਦਾ ਸਿਰ ਮੰਨਦੇ ਹੋ? (ਅਫ਼ਸੀਆਂ 5:23) ਯਿਸੂ ਦੇ ਪਿੱਛੇ-ਪਿੱਛੇ ਚੱਲਣ ਦਾ ਮਤਲਬ ਹੈ ਕਿ ਅਸੀਂ ਮੰਡਲੀ ਵਿਚ ਚੰਗਾ ਮਾਹੌਲ ਪੈਦਾ ਕਰੀਏ ਤਾਂਕਿ ਭੈਣ-ਭਰਾ ਬਜ਼ੁਰਗਾਂ ਦੀ ਗੱਲ ਮੰਨਣ ਅਤੇ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨ।
8, 9. ਯਿਸੂ ਨੂੰ 1914 ਵਿਚ ਕਿਹੜਾ ਅਧਿਕਾਰ ਦਿੱਤਾ ਗਿਆ ਸੀ ਅਤੇ ਇਸ ਦਾ ਸਾਡੇ ਫ਼ੈਸਲਿਆਂ ʼਤੇ ਕੀ ਅਸਰ ਹੋਣਾ ਚਾਹੀਦਾ ਹੈ?
8 ਯਿਸੂ ਨੂੰ 1914 ਵਿਚ ਹੋਰ ਵੀ ਅਧਿਕਾਰ ਦਿੱਤਾ ਗਿਆ ਸੀ। ਉਸ ਸਾਲ ਯਹੋਵਾਹ ਨੇ ਉਸ ਨੂੰ ਆਪਣੇ ਰਾਜ ਦਾ ਰਾਜਾ ਬਣਾਇਆ। ਯਿਸੂ ਦਾ ਰਾਜ ਸ਼ੁਰੂ ਹੁੰਦਿਆਂ ਹੀ “ਸਵਰਗ ਵਿਚ ਲੜਾਈ ਹੋਈ।” ਇਸ ਦਾ ਨਤੀਜਾ ਕੀ ਹੋਇਆ? ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਧਰਤੀ ʼਤੇ ਸੁੱਟਿਆ ਗਿਆ ਜਿਸ ਕਰਕੇ ਸਾਡੇ ਲਈ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਗਿਆ। ਅੱਜ ਦੁਨੀਆਂ ਵਿਚ ਥਾਂ-ਥਾਂ ਲੜਾਈਆਂ, ਅਪਰਾਧ, ਖ਼ੌਫ਼ ਦਾ ਮਾਹੌਲ, ਬੀਮਾਰੀਆਂ, ਭੁਚਾਲ਼ ਅਤੇ ਕਾਲ਼ ਪੈ ਰਹੇ ਹਨ। ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਸਵਰਗ ਵਿਚ ਰਾਜ ਕਰ ਰਿਹਾ ਹੈ, ਜਦ ਕਿ ਸ਼ੈਤਾਨ ਇਸ ‘ਦੁਨੀਆਂ ਦਾ ਹਾਕਮ’ ਹੈ ਅਤੇ ਉਸ ਕੋਲ “ਥੋੜ੍ਹਾ ਹੀ ਸਮਾਂ” ਰਹਿੰਦਾ ਹੈ। (ਪ੍ਰਕਾਸ਼ ਦੀ ਕਿਤਾਬ 12:7-12; ਯੂਹੰਨਾ 12:31; ਮੱਤੀ 24:3-7; ਲੂਕਾ 21:11) ਪਰ ਯਿਸੂ ਦੁਨੀਆਂ ਭਰ ਵਿਚ ਲੋਕਾਂ ਨੂੰ ਆਪਣਾ ਰਾਜ ਕਬੂਲ ਕਰਨ ਦਾ ਮੌਕਾ ਦੇ ਰਿਹਾ ਹੈ।
9 ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਯਿਸੂ ਦੇ ਰਾਜ ਦਾ ਪੱਖ ਲਈਏ। ਸਾਡੀ ਜ਼ਿੰਦਗੀ ਦੇ ਸਾਰੇ ਫ਼ੈਸਲੇ ਯਿਸੂ ਦੀ ਮਰਜ਼ੀ ਮੁਤਾਬਕ ਹੋਣੇ ਚਾਹੀਦੇ ਹਨ, ਨਾ ਕਿ ਇਸ ਦੁਸ਼ਟ ਦੁਨੀਆਂ ਦੀ ਸੋਚ ਮੁਤਾਬਕ। ਜਦ “ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ” ਯਿਸੂ ਇਨਸਾਨਾਂ ਵੱਲ ਧਿਆਨ ਦਿੰਦਾ ਹੈ, ਤਾਂ ਇਕ ਪਾਸੇ ਉਸ ਦਾ ਦਿਲ ਗੁੱਸੇ ਨਾਲ ਭੜਕ ਉੱਠਦਾ ਹੈ ਅਤੇ ਦੂਜੇ ਪਾਸੇ ਉਸ ਨੂੰ ਖ਼ੁਸ਼ੀ ਹੁੰਦੀ ਹੈ। (ਪ੍ਰਕਾਸ਼ ਦੀ ਕਿਤਾਬ 19:16) ਆਓ ਆਪਾਂ ਦੇਖੀਏ ਕਿਉਂ।
ਯਿਸੂ ਦੇ ਗੁੱਸੇ ਤੇ ਖ਼ੁਸ਼ ਹੋਣ ਦੇ ਕਾਰਨ
10. ਯਿਸੂ ਦਾ ਸੁਭਾਅ ਕਿਹੋ ਜਿਹਾ ਹੈ ਅਤੇ ਉਸ ਨੂੰ ਗੁੱਸਾ ਕਿਉਂ ਆਉਂਦਾ ਹੈ?
10 ਯਿਸੂ ਆਪਣੇ ਪਿਤਾ ਵਾਂਗ ਖ਼ੁਸ਼ਦਿਲ ਹੈ। (1 ਤਿਮੋਥਿਉਸ 1:11) ਜਦੋਂ ਉਹ ਧਰਤੀ ਉੱਤੇ ਸੀ, ਤਾਂ ਉਸ ਨੇ ਲੋਕਾਂ ਵਿਚ ਨਾ ਹੀ ਨੁਕਸ ਕੱਢੇ ਤੇ ਨਾ ਹੀ ਉਨ੍ਹਾਂ ਤੋਂ ਹੱਦੋਂ ਵੱਧ ਉਮੀਦਾਂ ਰੱਖੀਆਂ। ਪਰ ਅੱਜ-ਕੱਲ੍ਹ ਦੁਨੀਆਂ ਵਿਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਦੇਖ ਕੇ ਯਿਸੂ ਨੂੰ ਬਹੁਤ ਗੁੱਸਾ ਆਉਂਦਾ ਹੈ। ਉਸ ਨੂੰ ਉਨ੍ਹਾਂ ਸਾਰੀਆਂ ਧਾਰਮਿਕ ਸੰਸਥਾਵਾਂ ਤੋਂ ਗੁੱਸਾ ਚੜ੍ਹਦਾ ਹੈ ਜੋ ਉਸ ਦੇ ਚੇਲੇ ਹੋਣ ਦਾ ਝੂਠਾ ਦਾਅਵਾ ਕਰਦੀਆਂ ਹਨ। ਉਸ ਨੇ ਕਿਹਾ: “ਹਰ ਕੋਈ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿਚ ਨਹੀਂ ਜਾਵੇਗਾ, ਸਗੋਂ ਉਹੀ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ। ਉਸ ਦਿਨ ਬਹੁਤ ਸਾਰੇ ਲੋਕ ਮੈਨੂੰ ਕਹਿਣਗੇ: ‘ਪ੍ਰਭੂ, ਪ੍ਰਭੂ, ਕੀ ਅਸੀਂ . . . ਤੇਰਾ ਨਾਂ ਲੈ ਕੇ ਕਈ ਕਰਾਮਾਤਾਂ ਨਹੀਂ ਕੀਤੀਆਂ?’ ਪਰ ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਕਹਾਂਗਾ: ਮੈਂ ਤੁਹਾਨੂੰ ਨਹੀਂ ਜਾਣਦਾ! ਓਏ ਬੁਰੇ ਕੰਮ ਕਰਨ ਵਾਲਿਓ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ!”—ਮੱਤੀ 7:21-23.
11-13. ਕੁਝ ਲੋਕ ਸ਼ਾਇਦ ਇਸ ਗੱਲੋਂ ਹੈਰਾਨ ਕਿਉਂ ਹੋਣ ਕਿ ਯਿਸੂ ਨੇ ਉਸ ਦੇ ਨਾਂ ʼਤੇ “ਕਰਾਮਾਤਾਂ” ਕਰਨ ਵਾਲਿਆਂ ਦੀ ਨਿੰਦਿਆ ਕੀਤੀ? ਮਿਸਾਲ ਦੇ ਕੇ ਸਮਝਾਓ ਕਿ ਯਿਸੂ ਦਾ ਗੁੱਸਾ ਜਾਇਜ਼ ਕਿਉਂ ਹੈ।
11 ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਸ਼ਾਇਦ ਹੈਰਾਨ ਹੋ ਕੇ ਪੁੱਛਣ ਕਿ ਯਿਸੂ ਨੇ ਉਨ੍ਹਾਂ ਦੀ ਨਿੰਦਿਆ ਕਿਉਂ ਕੀਤੀ ਜਿਨ੍ਹਾਂ ਨੇ ਉਸ ਦੇ ਨਾਂ ʼਤੇ “ਕਈ ਕਰਾਮਾਤਾਂ” ਕੀਤੀਆਂ?’ ਇਹ ਸੱਚ ਹੈ ਕਿ ਚਰਚਾਂ ਨੇ ਗ਼ਰੀਬ ਲੋਕਾਂ ਦੀ ਕਾਫ਼ੀ ਮਦਦ ਕੀਤੀ ਹੈ। ਮਿਸਾਲ ਲਈ, ਉਨ੍ਹਾਂ ਨੇ ਕਈ ਸਕੂਲ ਅਤੇ ਹਸਪਤਾਲ ਖੋਲ੍ਹੇ ਹਨ। ਪਰ ਫਿਰ ਵੀ ਯਿਸੂ ਉਨ੍ਹਾਂ ਤੋਂ ਬਹੁਤ ਗੁੱਸੇ ਹੈ। ਆਓ ਇਸ ਗੱਲ ਨੂੰ ਸਮਝਣ ਲਈ ਇਕ ਉਦਾਹਰਣ ʼਤੇ ਗੌਰ ਕਰੀਏ।
12 ਫ਼ਰਜ਼ ਕਰੋ ਕਿ ਇਕ ਮਾਤਾ-ਪਿਤਾ ਕੁਝ ਦਿਨਾਂ ਲਈ ਕਿਤੇ ਬਾਹਰ ਜਾਂਦੇ ਹਨ। ਉਹ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਕਿਸੇ ਤੀਵੀਂ ਨੂੰ ਸੌਂਪ ਕੇ ਜਾਂਦੇ ਹਨ। ਉਹ ਉਸ ਨੂੰ ਕਹਿੰਦੇ ਹਨ: “ਸਾਡੇ ਬੱਚਿਆਂ ਦਾ ਖ਼ਿਆਲ ਰੱਖੀਂ। ਉਨ੍ਹਾਂ ਨੂੰ ਵੇਲੇ ਸਿਰ ਖਾਣਾ ਖਿਲਾਈਂ, ਨਹਾਈਂ-ਧੁਆਈਂ ਅਤੇ ਦੇਖੀਂ ਕਿ ਕਿਤੇ ਉਨ੍ਹਾਂ ਦੇ ਸੱਟ ਨਾ ਲੱਗੇ।” ਪਰ ਜਦੋਂ ਮਾਪੇ ਵਾਪਸ ਆਉਂਦੇ ਹਨ, ਤਾਂ ਉਹ ਆਪਣੇ ਬੱਚਿਆਂ ਦੀ ਹਾਲਤ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਬੀਮਾਰ ਤੇ ਭੁੱਖੇ-ਪਿਆਸੇ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਪਰ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲੀ ਤੀਵੀਂ ਉਨ੍ਹਾਂ ਵੱਲ ਧਿਆਨ ਦੇਣ ਦੀ ਬਜਾਇ ਖਿੜਕੀਆਂ ਸਾਫ਼ ਕਰਨ ਵਿਚ ਲੱਗੀ ਹੋਈ ਹੈ। ਗੁੱਸੇ ਵਿਚ ਆ ਕੇ ਮਾਤਾ-ਪਿਤਾ ਉਸ ਨੂੰ ਇਸ ਦੀ ਵਜ੍ਹਾ ਪੁੱਛਦੇ ਹਨ। ਉਹ ਕਹਿੰਦੀ ਹੈ: “ਦੇਖੋ ਤਾਂ ਸਹੀ ਮੈਂ ਕਿੰਨਾ ਕੰਮ ਕੀਤਾ ਹੈ। ਮੈਂ ਖਿੜਕੀਆਂ ਸਾਫ਼ ਕੀਤੀਆਂ ਅਤੇ ਬਾਕੀ ਸਾਰਾ ਘਰ ਵੀ ਸੁਆਰਿਆ ਹੈ!” ਕੀ ਤੁਹਾਨੂੰ ਲੱਗਦਾ ਹੈ ਕਿ ਮਾਂ-ਬਾਪ ਇਹ ਸੁਣ ਕੇ ਖ਼ੁਸ਼ ਹੋਣਗੇ? ਬਿਲਕੁਲ ਨਹੀਂ। ਉਨ੍ਹਾਂ ਨੇ ਉਸ ਨੂੰ ਇਹ ਕੰਮ ਕਰਨ ਲਈ ਨਹੀਂ ਕਿਹਾ ਸੀ, ਉਹ ਤਾਂ ਸਿਰਫ਼ ਇਹੀ ਚਾਹੁੰਦੇ ਸਨ ਕਿ ਉਹ ਬੱਚਿਆਂ ਦੀ ਦੇਖ-ਭਾਲ ਕਰੇ। ਤਾਂ ਫਿਰ ਤੁਸੀਂ ਸਹਿਮਤ ਹੋਵੋਗੇ ਕਿ ਉਨ੍ਹਾਂ ਦਾ ਗੁੱਸਾ ਕਰਨਾ ਜਾਇਜ਼ ਹੈ।
13 ਚਰਚਾਂ ਨੇ ਵੀ ਕੁਝ ਅਜਿਹਾ ਹੀ ਕੀਤਾ ਹੈ। ਯਿਸੂ ਆਪਣੇ ਚੇਲਿਆਂ ਨੂੰ ਇਹ ਹਿਦਾਇਤਾਂ ਦੇ ਕੇ ਗਿਆ ਸੀ ਕਿ ਉਹ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਸਿਖਾਉਣ ਅਤੇ ਆਪਣੀ ਭਗਤੀ ਸ਼ੁੱਧ ਰੱਖਣ ਵਿਚ ਉਨ੍ਹਾਂ ਦੀ ਮਦਦ ਕਰਨ। (ਯੂਹੰਨਾ 21:15-17) ਪਰ ਅਫ਼ਸੋਸ ਦੀ ਗੱਲ ਹੈ ਕਿ ਚਰਚਾਂ ਨੇ ਉਸ ਦਾ ਕਹਿਣਾ ਬਿਲਕੁਲ ਨਹੀਂ ਮੰਨਿਆ। ਉਨ੍ਹਾਂ ਨੇ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਦੀ ਬਜਾਇ ਝੂਠੀਆਂ ਗੱਲਾਂ ਸਿਖਾ ਕੇ ਉਨ੍ਹਾਂ ਨੂੰ ਕੁਰਾਹੇ ਪਾਇਆ ਹੈ ਜਿਸ ਕਰਕੇ ਉਹ ਬਾਈਬਲ ਦੀਆਂ ਸੱਚਾਈਆਂ ਤੋਂ ਅਣਜਾਣ ਹਨ। (ਯਸਾਯਾਹ 65:13; ਆਮੋਸ 8:11) ਇਸ ਲਈ ਭਾਵੇਂ ਚਰਚ ਵਾਲੇ ਦੁਨੀਆਂ ਨੂੰ ਸੁਧਾਰਨ ਦੀਆਂ ਲੱਖ ਕੋਸ਼ਿਸ਼ਾਂ ਕਰ ਲੈਣ, ਪਰ ਯਿਸੂ ਦੀਆਂ ਨਜ਼ਰਾਂ ਵਿਚ ਇਹ ਗੱਲ ਕੋਈ ਮਾਅਨੇ ਨਹੀਂ ਰੱਖਦੀ ਕਿਉਂਕਿ ਉਨ੍ਹਾਂ ਨੇ ਜਾਣ-ਬੁੱਝ ਕੇ ਉਸ ਦਾ ਕਹਿਣਾ ਨਹੀਂ ਮੰਨਿਆ। ਇਹ ਦੁਸ਼ਟ ਦੁਨੀਆਂ ਅਜਿਹੇ ਘਰ ਵਰਗੀ ਹੈ ਜਿਸ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਇਸ ਦਾ ਢਾਹਿਆ ਜਾਣਾ ਹੀ ਚੰਗਾ ਹੈ। ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਦੱਸਦਾ ਹੈ ਕਿ ਸ਼ੈਤਾਨ ਦੀ ਦੁਨੀਆਂ ਦਾ ਖ਼ਾਤਮਾ ਬਹੁਤ ਜਲਦ ਹੋਣ ਵਾਲਾ ਹੈ।—1 ਯੂਹੰਨਾ 2:15-17.
14. ਯਿਸੂ ਕਿਸ ਕੰਮ ਨੂੰ ਦੇਖ ਕੇ ਖ਼ੁਸ਼ ਹੁੰਦਾ ਹੈ ਅਤੇ ਕਿਉਂ?
14 ਦੂਜੇ ਪਾਸੇ, ਯਿਸੂ ਸਵਰਗੋਂ ਇਹ ਦੇਖ ਕੇ ਬਹੁਤ ਖ਼ੁਸ਼ ਹੁੰਦਾ ਹੈ ਕਿ ਲੱਖਾਂ ਹੀ ਲੋਕ ਚੇਲੇ ਬਣਾਉਣ ਦਾ ਕੰਮ ਕਰ ਰਹੇ ਹਨ। ਇਹ ਕੰਮ ਉਸ ਨੇ ਆਪਣੇ ਚੇਲਿਆਂ ਨੂੰ ਸਵਰਗ ਵਾਪਸ ਜਾਣ ਤੋਂ ਪਹਿਲਾਂ ਦਿੱਤਾ ਸੀ। (ਮੱਤੀ 28:19, 20) ਸਾਡੇ ਲਈ ਇਹ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਆਪਣੇ ਰਾਜੇ ਦੇ ਦਿਲ ਨੂੰ ਖ਼ੁਸ਼ ਕਰ ਸਕਦੇ ਹਾਂ! ਆਓ ਅਸੀਂ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦਾ ਹਮੇਸ਼ਾ ਸਾਥ ਦਿੰਦੇ ਰਹੀਏ। (ਮੱਤੀ 24:45) ਚਰਚ ਦੇ ਪਾਦਰੀਆਂ ਤੋਂ ਉਲਟ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀਆਂ ਦਾ ਇਹ ਛੋਟਾ ਜਿਹਾ ਗਰੁੱਪ ਵਫ਼ਾਦਾਰੀ ਨਾਲ ਪ੍ਰਚਾਰ ਵਿਚ ਅਗਵਾਈ ਕਰਨ ਦੇ ਨਾਲ-ਨਾਲ ਯਿਸੂ ਦੇ ਚੇਲਿਆਂ ਨੂੰ ਪਰਮੇਸ਼ੁਰ ਦਾ ਗਿਆਨ ਵੀ ਦਿੰਦਾ ਆਇਆ ਹੈ।
15, 16. (ੳ) ਅੱਜ ਲੋਕਾਂ ਵਿਚ ਪਿਆਰ ਦੀ ਘਾਟ ਦੇਖ ਕੇ ਯਿਸੂ ਨੂੰ ਕਿੱਦਾਂ ਲੱਗਦਾ ਹੈ ਅਤੇ ਅਸੀਂ ਇਹ ਕਿਵੇਂ ਜਾਣਦੇ ਹਾਂ? (ਅ) ਚਰਚ ਵਾਲੇ ਯਿਸੂ ਦੇ ਗੁੱਸੇ ਦੇ ਲਾਇਕ ਕਿਉਂ ਹਨ?
15 ਜਦੋਂ ਯਿਸੂ ਦੇਖਦਾ ਹੈ ਕਿ ਦੁਨੀਆਂ ਵਿਚ ਲੋਕ ਇਕ-ਦੂਜੇ ਨੂੰ ਪਿਆਰ ਨਹੀਂ ਕਰਦੇ, ਤਾਂ ਉਸ ਨੂੰ ਜ਼ਰੂਰ ਗੁੱਸਾ ਆਉਂਦਾ ਹੋਣਾ। ਯਾਦ ਕਰੋ ਕਿ ਜਦੋਂ ਉਸ ਨੇ ਸਬਤ ਦੇ ਦਿਨ ਚਮਤਕਾਰ ਕੀਤੇ ਸਨ, ਤਾਂ ਫ਼ਰੀਸੀਆਂ ਨੇ ਉਸ ਦੀ ਨੁਕਤਾਚੀਨੀ ਕੀਤੀ ਸੀ। ਉਸ ਦੇ ਚਮਤਕਾਰਾਂ ਨਾਲ ਲੋਕਾਂ ਨੂੰ ਬਹੁਤ ਖ਼ੁਸ਼ੀ ਤੇ ਰਾਹਤ ਮਿਲਦੀ ਸੀ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੁੰਦੀ ਸੀ। ਪਰ ਇਹ ਗੱਲਾਂ ਪੱਥਰ-ਦਿਲ ਤੇ ਜ਼ਿੱਦੀ ਫ਼ਰੀਸੀਆਂ ਲਈ ਕੋਈ ਮਾਅਨੇ ਨਹੀਂ ਰੱਖਦੀਆਂ ਸਨ। ਉਹ ਸੋਚਦੇ ਸਨ ਕਿ ਮੂਸਾ ਦੇ ਕਾਨੂੰਨ ਬਾਰੇ ਅਤੇ ਯਹੂਦੀ ਗੁਰੂਆਂ ਦੀ ਜ਼ਬਾਨੀ ਦਿੱਤੀ ਗਈ ਸਿੱਖਿਆ ਬਾਰੇ ਸਿਰਫ਼ ਉਨ੍ਹਾਂ ਦੀ ਸਮਝ ਸਹੀ ਸੀ। ਯਿਸੂ ਫ਼ਰੀਸੀਆਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ? ਇਕ ਵਾਰ ਉਸ ਨੇ “ਉਨ੍ਹਾਂ ਵੱਲ ਗੁੱਸੇ ਨਾਲ ਦੇਖਿਆ ਅਤੇ ਉਨ੍ਹਾਂ ਦੇ ਕਠੋਰ ਦਿਲਾਂ ਕਾਰਨ ਉਹ ਬਹੁਤ ਦੁਖੀ ਹੋਇਆ।”—ਮਰਕੁਸ 3:5.
16 ਅੱਜ ਚਰਚ ਦੇ ਪਾਦਰੀਆਂ ਨੂੰ ਇਨਸਾਨਾਂ ਦੀਆਂ ਰੀਤਾਂ-ਰਿਵਾਜਾਂ ਅਤੇ ਸਿੱਖਿਆਵਾਂ ਨਾਲ ਬਹੁਤ ਲਗਾਅ ਹੈ, ਪਰ ਅਕਸਰ ਇਹ ਸਿੱਖਿਆਵਾਂ ਬਾਈਬਲ ਦੇ ਖ਼ਿਲਾਫ਼ ਹੁੰਦੀਆਂ ਹਨ। ਨਾਲੇ ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੁੰਦਾ ਦੇਖ ਕੇ ਜਲ਼-ਬਲ਼ ਉੱਠਦੇ ਹਨ। ਦੁਨੀਆਂ ਦੇ ਕਈ ਦੇਸ਼ਾਂ ਵਿਚ ਪਾਦਰੀਆਂ ਨੇ ਲੋਕਾਂ ਨੂੰ ਮਸੀਹੀਆਂ ਦਾ ਸਖ਼ਤ ਵਿਰੋਧ ਕਰਨ ਲਈ ਭੜਕਾਇਆ ਹੈ ਜੋ ਯਿਸੂ ਦੇ ਸੰਦੇਸ਼ ਦਾ ਪੂਰੀ ਵਾਹ ਲਾ ਕੇ ਪ੍ਰਚਾਰ ਕਰਦੇ ਹਨ। (ਯੂਹੰਨਾ 16:2; ਪ੍ਰਕਾਸ਼ ਦੀ ਕਿਤਾਬ 18:4, 24) ਇਨ੍ਹਾਂ ਪਾਦਰੀਆਂ ਨੇ ਆਪਣੇ ਚੇਲਿਆਂ ਨੂੰ ਲੜਾਈਆਂ ਵਿਚ ਲੋਕਾਂ ਦੀਆਂ ਜਾਨਾਂ ਲੈਣ ਲਈ ਉਕਸਾਇਆ ਹੈ। ਉਹ ਸੋਚਦੇ ਹਨ ਕਿ ਇਸ ਨਾਲ ਯਿਸੂ ਮਸੀਹ ਖ਼ੁਸ਼ ਹੋਵੇਗਾ, ਪਰ ਅਸਲ ਵਿਚ ਉਹ ਇਹ ਸਭ ਦੇਖ ਕੇ ਬਹੁਤ ਦੁਖੀ ਹੁੰਦਾ ਹੈ।
17. ਯਿਸੂ ਦੇ ਸੱਚੇ ਚੇਲੇ ਉਸ ਦਾ ਦਿਲ ਕਿਵੇਂ ਖ਼ੁਸ਼ ਕਰਦੇ ਹਨ?
17 ਚਰਚਾਂ ਤੋਂ ਉਲਟ ਯਿਸੂ ਦੇ ਸੱਚੇ ਚੇਲੇ ਲੋਕਾਂ ਨੂੰ ਪਿਆਰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਵਿਰੋਧ ਦੇ ਬਾਵਜੂਦ ਉਹ ਯਿਸੂ ਵਾਂਗ ‘ਹਰ ਤਰ੍ਹਾਂ ਦੇ ਲੋਕਾਂ’ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਨ। (1 ਤਿਮੋਥਿਉਸ 2:4) ਨਾਲੇ ਉਨ੍ਹਾਂ ਦਾ ਆਪਸੀ ਪਿਆਰ ਵੀ ਉਨ੍ਹਾਂ ਦੀ ਪਛਾਣ ਹੈ। (ਯੂਹੰਨਾ 13:34, 35) ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਪਿਆਰ ਅਤੇ ਇੱਜ਼ਤ ਨਾਲ ਪੇਸ਼ ਆ ਕੇ ਦਿਖਾਉਂਦੇ ਹਨ ਕਿ ਉਹ ਯਿਸੂ ਦੇ ਪਿੱਛੇ-ਪਿੱਛੇ ਚੱਲ ਰਹੇ ਹਨ। ਇਹ ਦੇਖ ਕੇ ਸਾਡੇ ਰਾਜੇ ਦਾ ਦਿਲ ਬੇਹੱਦ ਖ਼ੁਸ਼ ਹੁੰਦਾ ਹੈ!
18. ਸਾਡਾ ਪ੍ਰਭੂ ਦੁਖੀ ਕਿਉਂ ਹੁੰਦਾ ਹੈ ਅਤੇ ਅਸੀਂ ਉਸ ਨੂੰ ਖ਼ੁਸ਼ ਕਿਵੇਂ ਕਰ ਸਕਦੇ ਹਾਂ?
18 ਇਹ ਵੀ ਯਾਦ ਰੱਖੋ ਕਿ ਸਾਡਾ ਪ੍ਰਭੂ ਇਹ ਦੇਖ ਕੇ ਦੁਖੀ ਹੁੰਦਾ ਹੈ ਜਦ ਉਸ ਦੇ ਚੇਲੇ ਯਹੋਵਾਹ ਨੂੰ ਪਿਆਰ ਕਰਨਾ ਅਤੇ ਉਸ ਦੀ ਸੇਵਾ ਕਰਨੀ ਛੱਡ ਦਿੰਦੇ ਹਨ। (ਪ੍ਰਕਾਸ਼ ਦੀ ਕਿਤਾਬ 2:4, 5) ਪਰ ਯਿਸੂ ਉਨ੍ਹਾਂ ਨਾਲ ਖ਼ੁਸ਼ ਹੁੰਦਾ ਹੈ ਜੋ ਅੰਤ ਤਕ ਵਫ਼ਾਦਾਰ ਰਹਿੰਦੇ ਹਨ। (ਮੱਤੀ 24:13) ਤਾਂ ਫਿਰ ਆਓ ਆਪਾਂ ਯਿਸੂ ਦਾ ਇਹ ਹੁਕਮ ਹਮੇਸ਼ਾ ਮੰਨਦੇ ਰਹੀਏ: “ਮੇਰੇ ਪਿੱਛੇ-ਪਿੱਛੇ ਚੱਲਦਾ ਰਹਿ।” (ਯੂਹੰਨਾ 21:19) ਹੁਣ ਅਸੀਂ ਉਨ੍ਹਾਂ ਬਰਕਤਾਂ ਬਾਰੇ ਗੱਲ ਕਰਾਂਗੇ ਜੋ ਯਿਸੂ ਆਪਣੇ ਵਫ਼ਾਦਾਰ ਚੇਲਿਆਂ ਨੂੰ ਆਪਣੇ ਰਾਜ ਦੌਰਾਨ ਦੇਵੇਗਾ।
ਵਫ਼ਾਦਾਰ ਸੇਵਕਾਂ ਲਈ ਬੇਸ਼ੁਮਾਰ ਬਰਕਤਾਂ
19, 20. (ੳ) ਯਿਸੂ ਦੇ ਪਿੱਛੇ-ਪਿੱਛੇ ਚੱਲਣ ਨਾਲ ਸਾਨੂੰ ਹੁਣ ਕਿਹੜੀਆਂ ਬਰਕਤਾਂ ਮਿਲਦੀਆਂ ਹਨ? (ਅ) ਯਹੋਵਾਹ ਨੇ ਯਿਸੂ ਨੂੰ ਸਾਡਾ “ਅਨਾਦੀ ਪਿਤਾ” ਕਿਉਂ ਬਣਾਇਆ ਹੈ?
19 ਯਿਸੂ ਨੂੰ ਆਪਣਾ ਪ੍ਰਭੂ ਮੰਨ ਕੇ ਤੇ ਉਸ ਦੀ ਅਗਵਾਈ ਅਤੇ ਮਿਸਾਲ ʼਤੇ ਚੱਲ ਕੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਦੁਨੀਆਂ ਦੇ ਲੋਕ ਇਨ੍ਹਾਂ ਬਰਕਤਾਂ ਦੀ ਤਲਾਸ਼ ਵਿਚ ਹਨ। ਯਿਸੂ ਦੇ ਪਿੱਛੇ-ਪਿੱਛੇ ਚੱਲ ਕੇ ਸਾਡੀ ਜ਼ਿੰਦਗੀ ਮਕਸਦ ਭਰੀ ਬਣਦੀ ਹੈ, ਭੈਣਾਂ-ਭਰਾਵਾਂ ਨਾਲ ਪਿਆਰ ਤੇ ਏਕਤਾ ਦਾ ਬੰਧਨ ਬੱਝਦਾ ਹੈ ਅਤੇ ਸਾਨੂੰ ਸ਼ੁੱਧ ਜ਼ਮੀਰ ਤੇ ਮਨ ਦੀ ਸ਼ਾਂਤੀ ਮਿਲਦੀ ਹੈ। ਹਾਂ, ਸਾਡੀ ਜ਼ਿੰਦਗੀ ਅੱਜ ਵੀ ਸੁਖੀ ਅਤੇ ਖ਼ੁਸ਼ਹਾਲ ਬਣ ਸਕਦੀ ਹੈ ਅਤੇ ਭਵਿੱਖ ਵਿਚ ਸਾਨੂੰ ਹੋਰ ਬਰਕਤਾਂ ਦਾ ਆਨੰਦ ਮਾਣਨ ਦਾ ਮੌਕਾ ਮਿਲੇਗਾ।
20 ਸਾਡਾ ਪਹਿਲਾ ਪਿਤਾ ਆਦਮ ਆਪਣੀ ਸਾਰੀ ਔਲਾਦ ਲਈ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਗੁਆ ਬੈਠਾ ਸੀ। ਇਸ ਲਈ ਯਹੋਵਾਹ ਨੇ ਆਦਮ ਦੀ ਜਗ੍ਹਾ ਯਿਸੂ ਨੂੰ ਸਾਡਾ “ਅਨਾਦੀ ਪਿਤਾ” ਬਣਾਇਆ ਤਾਂਕਿ ਉਸ ਰਾਹੀਂ ਸਾਨੂੰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਮਿਲ ਸਕੇ। (ਯਸਾਯਾਹ 9:6, 7) ਅਸੀਂ ਉਮੀਦ ਰੱਖ ਸਕਦੇ ਹਾਂ ਕਿ ਯਿਸੂ ਨੂੰ ਆਪਣੇ “ਅਨਾਦੀ ਪਿਤਾ” ਵਜੋਂ ਕਬੂਲ ਕਰ ਕੇ ਅਤੇ ਉਸ ʼਤੇ ਨਿਹਚਾ ਕਰ ਕੇ ਸਾਨੂੰ ਇਹ ਜ਼ਿੰਦਗੀ ਮਿਲੇਗੀ। ਇਸ ਦੇ ਨਾਲ-ਨਾਲ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਹੈ ਅਤੇ ਉਹ ਸਾਨੂੰ ਹੁਕਮ ਦਿੰਦਾ ਹੈ ਕਿ ਅਸੀਂ ਉਸ ਦੀ ਰੀਸ ਕਰੀਏ। (ਅਫ਼ਸੀਆਂ 5:1) ਜਿਵੇਂ ਅਸੀਂ ਸਿੱਖਿਆ ਹੈ, ਇਸ ਹੁਕਮ ਨੂੰ ਮੰਨਣ ਦਾ ਸਭ ਤੋਂ ਵਧੀਆ ਤਰੀਕਾ ਹੈ ਰੋਜ਼ ਯਿਸੂ ਦੇ ਪਿੱਛੇ-ਪਿੱਛੇ ਚੱਲਣਾ।
21. ਇਸ ਹਨੇਰੀ ਦੁਨੀਆਂ ਵਿਚ ਯਿਸੂ ਦੇ ਚੇਲੇ ਚਾਨਣ ਵਾਂਗ ਕਿਵੇਂ ਚਮਕਦੇ ਹਨ?
21 ਸ਼ੈਤਾਨ ਦੀ ਦੁਨੀਆਂ ਵਿਚ ਹਰ ਪਾਸੇ ਹਨੇਰਾ ਛਾਇਆ ਹੋਇਆ ਹੈ। ਉਸ ਨੇ ਲੱਖਾਂ-ਕਰੋੜਾਂ ਲੋਕਾਂ ਨੂੰ ਕੁਰਾਹੇ ਪਾ ਕੇ ਆਪਣੇ ਮਗਰ ਲਾਇਆ ਹੋਇਆ ਹੈ। ਪਰ ਸਾਡੇ ਲਈ ਇਹ ਕਿੰਨੇ ਮਾਣ ਵਾਲੀ ਗੱਲ ਹੈ ਕਿ ਅਸੀਂ ਯਿਸੂ ਅਤੇ ਯਹੋਵਾਹ ਦੀ ਰੀਸ ਕਰ ਕੇ ਦੁਨੀਆਂ ਵਿਚ ਚਾਨਣ ਵਾਂਗ ਚਮਕਦੇ ਹਾਂ। ਕਿਵੇਂ? ਅਸੀਂ ਪਰਮੇਸ਼ੁਰ ਦੇ ਬਚਨ ਦਾ ਗਿਆਨ ਦੇ ਕੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਰੌਸ਼ਨੀ ਲਿਆਉਂਦੇ ਹਾਂ ਅਤੇ ਖ਼ੁਸ਼ੀ, ਸ਼ਾਂਤੀ ਤੇ ਪਿਆਰ ਵਰਗੇ ਗੁਣ ਪੈਦਾ ਕਰ ਕੇ ਚਾਨਣ ਵਾਂਗ ਚਮਕਦੇ ਹਾਂ। ਇਸ ਦੇ ਨਾਲ-ਨਾਲ ਯਹੋਵਾਹ ਦੇ ਹੋਰ ਕਰੀਬ ਆਉਣ ਦੀ ਸਾਡੀ ਦਿਲੀ ਤਮੰਨਾ ਵੀ ਪੂਰੀ ਹੁੰਦੀ ਹੈ।
22, 23. (ੳ) ਵਫ਼ਾਦਾਰੀ ਨਾਲ ਯਿਸੂ ਦੇ ਪਿੱਛੇ-ਪਿੱਛੇ ਚੱਲਣ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? (ਅ) ਸਾਨੂੰ ਕਿਹੜਾ ਪੱਕਾ ਇਰਾਦਾ ਕਰ ਲੈਣਾ ਚਾਹੀਦਾ ਹੈ?
22 ਜ਼ਰਾ ਸੋਚੋ ਕਿ ਭਵਿੱਖ ਵਿਚ ਯਹੋਵਾਹ ਤੁਹਾਨੂੰ ਯਿਸੂ ਰਾਹੀਂ ਕਿਹੜੀਆਂ ਬਰਕਤਾਂ ਦੇਣੀਆਂ ਚਾਹੁੰਦਾ ਹੈ। ਯਿਸੂ ਜਲਦ ਹੀ ਸ਼ੈਤਾਨ ਦੀ ਦੁਸ਼ਟ ਦੁਨੀਆਂ ਖ਼ਿਲਾਫ਼ ਲੜਾਈ ਕਰੇਗਾ ਅਤੇ ਯਕੀਨਨ ਜਿੱਤ ਉਸੇ ਦੀ ਹੋਵੇਗੀ। (ਪ੍ਰਕਾਸ਼ ਦੀ ਕਿਤਾਬ 19:11-15) ਇਸ ਤੋਂ ਬਾਅਦ ਯਿਸੂ ਮਸੀਹ ਸਵਰਗ ਤੋਂ ਧਰਤੀ ਉੱਤੇ ਹਜ਼ਾਰ ਸਾਲਾਂ ਲਈ ਰਾਜ ਕਰੇਗਾ। ਯਿਸੂ ਦੀ ਸਰਕਾਰ ਅਧੀਨ ਹਰ ਵਫ਼ਾਦਾਰ ਇਨਸਾਨ ਨੂੰ ਉਸ ਦੀ ਕੁਰਬਾਨੀ ਦੇ ਫ਼ਾਇਦੇ ਮਿਲਣਗੇ ਅਤੇ ਹੌਲੀ-ਹੌਲੀ ਪਾਪ ਦੇ ਅਸਰ ਮਿਟਾਏ ਜਾਣਗੇ। ਤੁਸੀਂ ਦਿਨੋ-ਦਿਨ ਤੰਦਰੁਸਤ, ਜਵਾਨ ਅਤੇ ਤਕੜੇ ਹੁੰਦੇ ਜਾਓਗੇ। ਸਾਰੇ ਇਨਸਾਨ ਇਕ ਪਰਿਵਾਰ ਵਾਂਗ ਮਿਲ ਕੇ ਖ਼ੁਸ਼ੀ ਨਾਲ ਇਸ ਧਰਤੀ ਨੂੰ ਖ਼ੂਬਸੂਰਤ ਬਣਾਉਣਗੇ। ਹਜ਼ਾਰ ਸਾਲ ਦੇ ਖ਼ਤਮ ਹੋਣ ਤੋਂ ਬਾਅਦ ਯਿਸੂ ਆਪਣੇ ਪਿਤਾ ਨੂੰ ਰਾਜ ਵਾਪਸ ਸੌਂਪ ਦੇਵੇਗਾ। (1 ਕੁਰਿੰਥੀਆਂ 15:24) ਜੇ ਤੁਸੀਂ ਵਫ਼ਾਦਾਰੀ ਨਾਲ ਯਿਸੂ ਦੇ ਪਿੱਛੇ-ਪਿੱਛੇ ਚੱਲਦੇ ਰਹੋਗੇ, ਤਾਂ ਤੁਹਾਨੂੰ ਅਜਿਹੀ ਬਰਕਤ ਮਿਲੇਗੀ ਜਿਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਹਾਂ, ਤੁਹਾਨੂੰ “ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ” ਮਿਲੇਗੀ। (ਰੋਮੀਆਂ 8:21) ਸਾਨੂੰ ਉਹ ਸਾਰੀਆਂ ਬਰਕਤਾਂ ਮਿਲਣਗੀਆਂ ਜਿਨ੍ਹਾਂ ਤੋਂ ਆਦਮ ਤੇ ਹੱਵਾਹ ਹੱਥ ਧੋ ਬੈਠੇ ਸਨ। ਯਹੋਵਾਹ ਦੇ ਪੁੱਤਰ-ਧੀਆਂ ਵਜੋਂ ਆਦਮ ਦੇ ਪਾਪ ਦਾ ਦਾਗ਼ ਸਾਡੇ ਮੱਥੇ ਤੋਂ ਹਮੇਸ਼ਾ ਲਈ ਮਿਟਾ ਦਿੱਤਾ ਜਾਵੇਗਾ। ਫਿਰ “ਕੋਈ ਨਹੀਂ ਮਰੇਗਾ।”—ਪ੍ਰਕਾਸ਼ ਦੀ ਕਿਤਾਬ 21:4.
23 ਉਸ ਅਮੀਰ ਨੌਜਵਾਨ ਨੂੰ ਯਾਦ ਕਰੋ ਜਿਸ ਬਾਰੇ ਅਸੀਂ ਪਹਿਲੇ ਅਧਿਆਇ ਵਿਚ ਪੜ੍ਹਿਆ ਸੀ। ਯਿਸੂ ਨੇ ਉਸ ਨੂੰ ਕਿਹਾ: “ਆ ਕੇ ਮੇਰਾ ਚੇਲਾ ਬਣ ਜਾ।” ਪਰ ਉਸ ਨੇ ਇਹ ਸੱਦਾ ਠੁਕਰਾ ਦਿੱਤਾ। (ਮਰਕੁਸ 10:17-22) ਤੁਸੀਂ ਇਹ ਗ਼ਲਤੀ ਕਦੇ ਨਾ ਕਰੋ, ਸਗੋਂ ਤੁਸੀਂ ਖ਼ੁਸ਼ੀ ਤੇ ਜੋਸ਼ ਨਾਲ ਯਿਸੂ ਦਾ ਸੱਦਾ ਕਬੂਲ ਕਰੋ। ਸਾਨੂੰ ਉਮੀਦ ਹੈ ਕਿ ਤੁਸੀਂ ਵਫ਼ਾਦਾਰੀ ਨਾਲ ਵਧੀਆ ਚਰਵਾਹੇ ਦੇ ਪਿੱਛੇ-ਪਿੱਛੇ ਹਮੇਸ਼ਾ ਚੱਲਦੇ ਰਹੋਗੇ। ਫਿਰ ਤੁਸੀਂ ਆਪਣੀ ਅੱਖੀਂ ਯਹੋਵਾਹ ਦੇ ਸਾਰੇ ਸ਼ਾਨਦਾਰ ਮਕਸਦ ਪੂਰੇ ਹੁੰਦੇ ਦੇਖੋਗੇ!