ਕੀ ਕੋਈ ਫ਼ਰਕ ਪੈਂਦਾ ਹੈ ਕਿ ਤੁਹਾਡੇ ਕੰਮ ਨੂੰ ਕੌਣ ਦੇਖਦਾ ਹੈ?
ਬਸਲਏਲ ਤੇ ਆਹਾਲੀਆਬ ਨੇ ਪਹਿਲਾਂ ਵੀ ਉਸਾਰੀ ਦਾ ਕੰਮ ਕੀਤਾ ਸੀ। ਉਹ ਉਨ੍ਹਾਂ ਦਿਨਾਂ ਨੂੰ ਭੁੱਲਣਾ ਚਾਹੁੰਦੇ ਸਨ ਜਦੋਂ ਉਹ ਮਿਸਰ ਵਿਚ ਗ਼ੁਲਾਮ ਹੁੰਦਿਆਂ ਇੱਟਾਂ ਬਣਾਉਣ ਲਈ ਸਖ਼ਤ ਮਿਹਨਤ ਕਰਦੇ ਸਨ। ਇਸ ਗੱਲ ਨੂੰ ਹੁਣ ਕਈ ਸਾਲ ਹੋ ਚੁੱਕੇ ਸਨ। ਪਰ ਹੁਣ ਉਨ੍ਹਾਂ ਨੇ ਤੰਬੂ ਬਣਾਉਣ ਦੇ ਕੰਮ ਦੀ ਅਗਵਾਈ ਕਰਨੀ ਸੀ ਜੋ ਇੱਟਾਂ ਬਣਾਉਣ ਦੇ ਕੰਮ ਤੋਂ ਕਿਤੇ ਹੀ ਜ਼ਿਆਦਾ ਅਹਿਮ ਸੀ। (ਕੂਚ 31:1-11) ਬਹੁਤ ਹੀ ਘੱਟ ਲੋਕਾਂ ਨੇ ਇਨ੍ਹਾਂ ਦੇ ਹੱਥਾਂ ਦਾ ਕਮਾਲ ਦੇਖਣਾ ਸੀ। ਕੀ ਉਹ ਇਸ ਗੱਲ ਕਰਕੇ ਨਿਰਾਸ਼ ਹੋ ਗਏ ਸਨ? ਕੀ ਉਨ੍ਹਾਂ ਨੂੰ ਕੋਈ ਫ਼ਰਕ ਪੈਂਦਾ ਸੀ ਕਿ ਉਨ੍ਹਾਂ ਦੇ ਕੰਮ ਨੂੰ ਕਿਸ ਨੇ ਦੇਖਣਾ ਸੀ? ਕੀ ਤੁਹਾਨੂੰ ਕੋਈ ਫ਼ਰਕ ਪੈਂਦਾ ਹੈ ਕਿ ਤੁਹਾਡੇ ਕੰਮ ਨੂੰ ਕੌਣ ਦੇਖਦਾ ਹੈ?
ਹੱਥਾਂ ਦਾ ਕਮਾਲ ਥੋੜ੍ਹਿਆਂ ਨੇ ਦੇਖਿਆ
ਤੰਬੂ ਵਿਚ ਕੁਝ ਚੀਜ਼ਾਂ ਬੇਮਿਸਾਲ ਕਾਰੀਗਰੀ ਦਾ ਨਮੂਨਾ ਸਨ। ਮਿਸਾਲ ਲਈ, ਗੌਰ ਕਰੋ ਕਿ ਇਕਰਾਰ ਦੇ ਸੰਦੂਕ ਉੱਤੇ ਸੋਨੇ ਦੇ ਕਰੂਬੀ ਸਨ। ਪੌਲੁਸ ਰਸੂਲ ਨੇ ਇਨ੍ਹਾਂ ਨੂੰ “ਸ਼ਾਨਦਾਰ” ਕਿਹਾ। (ਇਬ. 9:5) ਇਨ੍ਹਾਂ ਬਣਾਏ ਗਏ ਸੋਨੇ ਦੇ ਸ਼ਾਨਦਾਰ ਕਰੂਬੀਆਂ ਦੀ ਕਲਪਨਾ ਕਰੋ!—ਕੂਚ 37:7-9.
ਜੇ ਅੱਜ ਬਸਲਏਲ ਤੇ ਆਹਾਲੀਆਬ ਵੱਲੋਂ ਬਣਾਈਆਂ ਚੀਜ਼ਾਂ ਮਿਲ ਜਾਣ, ਤਾਂ ਇਹ ਦੁਨੀਆਂ ਦੇ ਸਭ ਤੋਂ ਵਧੀਆ ਮਿਊਜ਼ੀਅਮਾਂ ਵਿਚ ਰੱਖੀਆਂ ਜਾਣ ਦੇ ਲਾਇਕ ਹੋਣਗੀਆਂ ਤੇ ਲੋਕ ਇਨ੍ਹਾਂ ਨੂੰ ਦੇਖ ਕੇ ਇਨ੍ਹਾਂ ਦੀ ਪ੍ਰਸ਼ੰਸਾ ਕਰ ਸਕਣਗੇ। ਪਰ ਜਦੋਂ ਇਨ੍ਹਾਂ ਨੂੰ ਬਣਾਇਆ ਗਿਆ ਸੀ, ਤਾਂ ਕਿੰਨੇ ਲੋਕਾਂ ਨੇ ਇਨ੍ਹਾਂ ਸ਼ਾਨਦਾਰ ਕਾਰੀਗਰੀਆਂ ਨੂੰ ਦੇਖਿਆ ਹੋਣਾ? ਕਰੂਬੀ ਅੱਤ ਪਵਿੱਤਰ ਕਮਰੇ ਵਿਚ ਰੱਖੇ ਗਏ ਸਨ, ਉਨ੍ਹਾਂ ਨੂੰ ਸਿਰਫ਼ ਮਹਾਂ ਪੁਜਾਰੀ ਦੇਖਦਾ ਸੀ ਜਦੋਂ ਉਹ ਸਾਲ ਵਿਚ ਇਕ ਵਾਰ ਪ੍ਰਾਸਚਿਤ ਦੇ ਦਿਨ ਅੱਤ ਪਵਿੱਤਰ ਕਮਰੇ ਵਿਚ ਜਾਂਦਾ ਹੁੰਦਾ ਸੀ। (ਇਬ. 9:6, 7) ਇਸ ਕਰਕੇ ਬਹੁਤ ਹੀ ਘੱਟ ਲੋਕਾਂ ਨੇ ਇਨ੍ਹਾਂ ਨੂੰ ਦੇਖਿਆ ਸੀ।
ਤਾਰੀਫ਼ ਪਾਏ ਬਿਨਾਂ ਹੀ ਖ਼ੁਸ਼
ਜੇ ਤੁਹਾਨੂੰ ਬਸਲਏਲ ਜਾਂ ਆਹਾਲੀਆਬ ਦੀ ਜਗ੍ਹਾ ਵਧੀਆ ਕਾਰੀਗਰੀ ਕਰਨ ਵਿਚ ਮਿਹਨਤ ਕਰਨੀ ਪੈਂਦੀ, ਤਾਂ ਤੁਹਾਨੂੰ ਇਹ ਜਾਣ ਕੇ ਕਿਵੇਂ ਲੱਗਦਾ ਕਿ ਥੋੜ੍ਹੇ ਜਣਿਆਂ ਨੇ ਹੀ ਤੁਹਾਡੇ ਕੰਮ ਨੂੰ ਦੇਖਣਾ ਸੀ? ਅੱਜ ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਆਪਣੇ ਕੰਮ ਤੋਂ ਉਦੋਂ ਖ਼ੁਸ਼ੀ ਮਿਲਦੀ ਹੈ ਜਦੋਂ ਉਨ੍ਹਾਂ ਦੇ ਦੋਸਤ ਉਨ੍ਹਾਂ ਦੀ ਵਾਹ-ਵਾਹ ਕਰਦੇ ਹਨ। ਪਰ ਯਹੋਵਾਹ ਦੇ ਲੋਕ ਇੱਦਾਂ ਨਹੀਂ ਸੋਚਦੇ। ਬਸਲਏਲ ਤੇ ਆਹਾਲੀਆਬ ਦੀ ਤਰ੍ਹਾਂ ਅਸੀਂ ਯਹੋਵਾਹ ਦੀ ਸੇਵਾ ਕਰ ਕੇ ਤੇ ਉਸ ਦੀ ਬਰਕਤ ਪਾ ਕੇ ਖ਼ੁਸ਼ੀ ਪਾਉਂਦੇ ਹਾਂ।
ਯਿਸੂ ਦੇ ਦਿਨਾਂ ਵਿਚ ਧਾਰਮਿਕ ਆਗੂਆਂ ਲਈ ਇਹ ਆਮ ਗੱਲ ਸੀ ਕਿ ਉਹ ਦੂਜਿਆਂ ਤੋਂ ਵਾਹ-ਵਾਹ ਕਰਾਉਣ ਲਈ ਪ੍ਰਾਰਥਨਾਵਾਂ ਕਰਦੇ ਸਨ। ਪਰ ਯਿਸੂ ਨੇ ਹੋਰ ਤਰੀਕੇ ਨਾਲ ਪ੍ਰਾਰਥਨਾ ਕਰਨ ਲਈ ਕਿਹਾ ਸੀ: ਦਿਲੋਂ ਪ੍ਰਾਰਥਨਾ ਕਰੋ ਅਤੇ ਦੂਜਿਆਂ ਤੋਂ ਵਾਹ-ਵਾਹ ਕਰਵਾਉਣ ਦੀ ਇੱਛਾ ਨਾ ਰੱਖੋ। ਇਸ ਦਾ ਨਤੀਜਾ? “ਤੇਰਾ ਪਿਤਾ ਜੋ ਸਭ ਕੁਝ ਦੇਖਦਾ ਹੈ ਤੈਨੂੰ ਫਲ ਦੇਵੇਗਾ।” (ਮੱਤੀ 6:5, 6) ਸੋ ਇਹ ਗੱਲ ਜ਼ਰੂਰੀ ਨਹੀਂ ਹੈ ਕਿ ਦੂਜੇ ਸਾਡੀਆਂ ਪ੍ਰਾਰਥਨਾਵਾਂ ਬਾਰੇ ਕੀ ਸੋਚਦੇ ਹਨ, ਪਰ ਇਹ ਗੱਲ ਜ਼ਿਆਦਾ ਮਾਅਨੇ ਰੱਖਦੀ ਹੈ ਕਿ ਯਹੋਵਾਹ ਕੀ ਸੋਚਦਾ ਹੈ। ਅਸੀਂ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰਦੇ ਹਾਂ, ਉਸ ਬਾਰੇ ਵੀ ਇਹ ਗੱਲ ਸੱਚ ਹੈ। ਅਸੀਂ ਆਪਣੇ ਕੰਮਾਂ ਨੂੰ ਇਸ ਲਈ ਅਹਿਮ ਨਹੀਂ ਮੰਨਦੇ ਕਿਉਂਕਿ ਲੋਕ ਸਾਡੀ ਤਾਰੀਫ਼ ਕਰਦੇ ਹਨ, ਸਗੋਂ ਇਹ ਯਹੋਵਾਹ ਨੂੰ ਖ਼ੁਸ਼ ਕਰਦੇ ਹਨ “ਜੋ ਸਭ ਕੁਝ ਦੇਖਦਾ ਹੈ।”
ਜਦੋਂ ਤੰਬੂ ਬਣਾਉਣ ਦਾ ਕੰਮ ਪੂਰਾ ਹੋਇਆ, ਤਾਂ ਬੱਦਲ “ਮੰਡਲੀ ਦੇ ਤੰਬੂ ਉੱਤੇ ਛਾ ਗਿਆ ਅਤੇ ਯਹੋਵਾਹ ਦੇ ਪਰਤਾਪ ਨੇ ਡੇਹਰੇ ਨੂੰ ਭਰ ਦਿੱਤਾ।” (ਕੂਚ 40:34) ਇਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਯਹੋਵਾਹ ਕਿੰਨਾ ਖ਼ੁਸ਼ ਸੀ! ਤੁਹਾਡੇ ਖ਼ਿਆਲ ਵਿਚ ਬਸਲਏਲ ਤੇ ਆਹਾਲੀਆਬ ਨੇ ਉਸ ਵਕਤ ਕਿਵੇਂ ਮਹਿਸੂਸ ਕੀਤਾ ਹੋਣਾ? ਭਾਵੇਂ ਕਿ ਉਨ੍ਹਾਂ ਦੇ ਨਾਂ ਉਨ੍ਹਾਂ ਵੱਲੋਂ ਬਣਾਈਆਂ ਦਸਤਕਾਰੀਆਂ ʼਤੇ ਨਹੀਂ ਖੁਦਵਾਏ ਗਏ ਸਨ, ਪਰ ਉਨ੍ਹਾਂ ਨੂੰ ਇਹ ਜਾਣ ਕੇ ਜ਼ਰੂਰ ਖ਼ੁਸ਼ੀ ਹੋਈ ਹੋਣੀ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਕੰਮਾਂ ʼਤੇ ਬਰਕਤ ਪਾਈ। (ਕਹਾ. 10:22) ਯਕੀਨਨ ਉਨ੍ਹਾਂ ਦੇ ਦਿਲ ਖ਼ੁਸ਼ੀ ਨਾਲ ਭਰ ਗਏ ਹੋਣੇ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਵੱਲੋਂ ਬਣਾਈਆਂ ਚੀਜ਼ਾਂ ਨੂੰ ਸਾਲਾਂ ਦੌਰਾਨ ਯਹੋਵਾਹ ਦੀ ਸੇਵਾ ਵਿਚ ਵਰਤਿਆ ਜਾ ਰਿਹਾ ਸੀ। ਜਦੋਂ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜੀਉਂਦਾ ਕੀਤਾ ਜਾਵੇਗਾ, ਤਾਂ ਬਿਨਾਂ ਸ਼ੱਕ ਬਸਲਏਲ ਤੇ ਆਹਾਲੀਆਬ ਇਹ ਜਾਣ ਕੇ ਕਿੰਨੇ ਹੀ ਖ਼ੁਸ਼ ਹੋਣਗੇ ਕਿ ਸੱਚੀ ਭਗਤੀ ਲਈ ਤੰਬੂ ਨੂੰ ਲਗਭਗ 500 ਸਾਲਾਂ ਤਕ ਵਰਤਿਆ ਗਿਆ।
ਅੱਜ ਯਹੋਵਾਹ ਦੇ ਸੰਗਠਨ ਵਿਚ ਕਿਸੇ ਨੂੰ ਨਹੀਂ ਪਤਾ ਕਿ ਕਾਰਟੂਨ ਬਣਾਉਣ ਵਾਲੇ, ਚਿੱਤਰਕਾਰ, ਸੰਗੀਤਕਾਰ, ਫੋਟੋਗ੍ਰਾਫਰ, ਅਨੁਵਾਦਕ ਤੇ ਲੇਖ ਲਿਖਣ ਵਾਲੇ ਕੌਣ ਹਨ। ਇਹ ਗੱਲ ਦੁਨੀਆਂ ਭਰ ਦੀਆਂ 1,10,000 ਤੋਂ ਜ਼ਿਆਦਾ ਮੰਡਲੀਆਂ ਵਿਚ ਕੀਤੇ ਜਾਂਦੇ ਕੰਮਾਂ ਬਾਰੇ ਵੀ ਕਹੀ ਜਾ ਸਕਦੀ ਹੈ। ਕੌਣ ਦੇਖਦਾ ਹੈ ਕਿ ਮਹੀਨੇ ਦੇ ਅਖ਼ੀਰ ਵਿਚ ਮੰਡਲੀ ਦੇ ਪੈਸਿਆਂ ਦਾ ਹਿਸਾਬ ਰੱਖਣ ਵਾਲਾ ਭਰਾ ਕਿਹੜੇ ਜ਼ਰੂਰੀ ਕਾਗਜ਼ਾਤ ਭਰਦਾ ਹੈ? ਕੌਣ ਦੇਖਦਾ ਹੈ ਜਦੋਂ ਸੈਕਟਰੀ ਮੰਡਲੀ ਦੀ ਪ੍ਰਚਾਰ ਦੀ ਰਿਪੋਰਟ ਭਰਦਾ ਹੈ? ਕੌਣ ਉਸ ਭੈਣ ਜਾਂ ਭਰਾ ਨੂੰ ਦੇਖਦਾ ਹੈ ਜੋ ਕਿੰਗਡਮ ਹਾਲ ਵਿਚ ਮੁਰੰਮਤ ਦਾ ਕੰਮ ਕਰਦਾ ਹੈ?
ਆਪਣੀ ਜ਼ਿੰਦਗੀ ਦੇ ਅਖ਼ੀਰ ਵਿਚ ਬਸਲਏਲ ਤੇ ਆਹਾਲੀਆਬ ਨੂੰ ਆਪਣੇ ਕਮਾਲ ਦੀਆਂ ਬਣਾਈਆਂ ਚੀਜ਼ਾਂ ਲਈ ਨਾ ਕੋਈ ਟ੍ਰਾਫੀ, ਮੈਡਲ ਜਾਂ ਤਮਗਾ ਮਿਲਿਆ ਜਿਸ ʼਤੇ ਉਹ ਸ਼ੇਖ਼ੀ ਮਾਰ ਸਕਦੇ। ਪਰ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਕਿਤੇ ਜ਼ਿਆਦਾ ਅਨਮੋਲ ਚੀਜ਼ ਮਿਲੀ, ਉਹ ਸੀ ਯਹੋਵਾਹ ਦੀ ਮਿਹਰ। ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਨੇ ਉਨ੍ਹਾਂ ਦੇ ਕੰਮਾਂ ਨੂੰ ਦੇਖਿਆ ਸੀ। ਆਓ ਆਪਾਂ ਉਨ੍ਹਾਂ ਦੀ ਨਿਮਰਤਾ ਅਤੇ ਦਿਲੋਂ ਕੀਤੀ ਸੇਵਾ ਦੀ ਮਿਸਾਲ ਦੀ ਰੀਸ ਕਰੀਏ।