ਯਹੋਵਾਹ ਦਾ ਬਚਨ ਜੀਉਂਦਾ ਹੈ
ਅਸਤਰ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਯਹੂਦੀਆਂ ਦੇ ਦੁਸ਼ਮਣ ਹਾਮਾਨ ਨੇ ਯਹੂਦੀਆਂ ਦਾ ਸਫ਼ਾਇਆ ਕਰਨ ਦੀ ਸਾਜ਼ਸ਼ ਘੜੀ। ਇਕ ਮਿੱਥੇ ਦਿਨ ਤੇ ਹਿੰਦ ਤੋਂ ਕੂਸ਼ ਤਕ ਫੈਲੇ ਮਾਦੀ-ਫ਼ਾਰਸੀ ਸਾਮਰਾਜ ਵਿਚ ਰਹਿੰਦੇ ਸਾਰੇ ਯਹੂਦੀਆਂ ਦਾ ਖੁਰਾ-ਖੋਜ ਮਿੱਟ ਜਾਵੇਗਾ। ਉਸ ਨੂੰ ਲੱਗਦਾ ਸੀ ਕਿ ਉਸ ਦੀ ਸਾਜ਼ਸ਼ ਕਦੇ ਨਾਕਾਮਯਾਬ ਨਹੀਂ ਹੋਵੇਗੀ। ਪਰ ਉਹ ਇਕ ਜ਼ਰੂਰੀ ਗੱਲ ਭੁੱਲ ਗਿਆ ਕਿ ਸਵਰਗ ਦਾ ਪਰਮੇਸ਼ੁਰ ਆਪਣੇ ਲੋਕਾਂ ਨੂੰ ਹਰ ਖ਼ਤਰੇ ਤੋਂ ਬਚਾਉਣ ਦੀ ਤਾਕਤ ਰੱਖਦਾ ਹੈ। ਬਾਈਬਲ ਵਿਚ ਅਸਤਰ ਦੀ ਪੋਥੀ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਉਸ ਵੇਲੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ ਸੀ।
ਅਸਤਰ ਦੀ ਪੋਥੀ ਇਕ ਯਹੂਦੀ ਬਜ਼ੁਰਗ ਮਾਰਦਕਈ ਨੇ ਲਿਖੀ ਸੀ ਤੇ ਇਸ ਵਿਚ ਫ਼ਾਰਸੀ ਪਾਤਸ਼ਾਹ ਅਹਸ਼ਵੇਰੋਸ਼ ਉਰਫ਼ ਜ਼ਰਕਸੀਜ਼ ਪਹਿਲੇ ਦੇ ਰਾਜ ਦੇ ਲਗਭਗ 18 ਸਾਲ ਦੌਰਾਨ ਹੋਈਆਂ ਘਟਨਾਵਾਂ ਦਾ ਵੇਰਵਾ ਦਿੱਤਾ ਗਿਆ ਹੈ। ਇਹ ਕਹਾਣੀ ਦਿਖਾਉਂਦੀ ਹੈ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਦੁਸ਼ਮਣਾਂ ਦੀਆਂ ਦੁਸ਼ਟ ਚਾਲਾਂ ਤੋਂ ਕਿਵੇਂ ਬਚਾਇਆ, ਭਾਵੇਂ ਉਸ ਦੇ ਸੇਵਕ ਵਿਸ਼ਾਲ ਫ਼ਾਰਸੀ ਸਾਮਰਾਜ ਵਿਚ ਦੂਰ-ਦੂਰ ਤਕ ਫੈਲੇ ਹੋਏ ਸਨ। ਇਹ ਸਾਰੀਆਂ ਗੱਲਾਂ ਪੜ੍ਹ ਕੇ ਅੱਜ ਯਹੋਵਾਹ ਦੇ ਲੋਕਾਂ ਦਾ ਹੌਸਲਾ ਮਜ਼ਬੂਤ ਹੁੰਦਾ ਹੈ ਜੋ 235 ਦੇਸ਼ਾਂ ਵਿਚ ਉਸ ਦੀ ਭਗਤੀ ਕਰਦੇ ਹਨ। ਇਸ ਤੋਂ ਇਲਾਵਾ, ਅਸਤਰ ਦੀ ਪੋਥੀ ਵਿਚ ਕੁਝ ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦੀ ਸਾਨੂੰ ਨਕਲ ਕਰਨੀ ਚਾਹੀਦੀ ਹੈ ਤੇ ਕੁਝ ਅਜਿਹੇ ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਵਰਗੇ ਅਸੀਂ ਨਹੀਂ ਬਣਨਾ ਹੈ। ਸੱਚ-ਮੁੱਚ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ” ਹੈ।—ਇਬਰਾਨੀਆਂ 4:12.
ਮਲਕਾ ਦੀ ਅਰਜੋਈ
ਪਾਤਸ਼ਾਹ ਅਹਸ਼ਵੇਰੋਸ਼ ਨੇ ਆਪਣੇ ਰਾਜ ਦੇ ਤੀਸਰੇ ਵਰ੍ਹੇ (493 ਈ. ਪੂ.) ਵਿਚ ਆਪਣੇ ਸਾਰੇ ਮੰਤਰੀਆਂ ਨੂੰ ਦਾਅਵਤ ਦਿੱਤੀ। ਦਾਅਵਤ ਦੌਰਾਨ ਚੰਨ ਤੋਂ ਵੀ ਸੋਹਣੀ ਮਲਕਾ ਵਸ਼ਤੀ ਨੇ ਪਾਤਸ਼ਾਹ ਦੀ ਗੱਲ ਨਾ ਮੰਨ ਕੇ ਉਸ ਨੂੰ ਨਾਰਾਜ਼ ਕਰ ਦਿੱਤਾ। ਪਾਤਸ਼ਾਹ ਨੇ ਉਸ ਨੂੰ ਮਲਕਾ ਨਹੀਂ ਰਹਿਣ ਦਿੱਤਾ। ਉਸ ਦੀ ਜਗ੍ਹਾ ਲੈਣ ਲਈ ਪੂਰੇ ਸਾਮਰਾਜ ਦੀਆਂ ਸੋਹਣੀਆਂ ਤੋਂ ਸੋਹਣੀਆਂ ਕੁਆਰੀਆਂ ਨੂੰ ਪਾਤਸ਼ਾਹ ਸਾਮ੍ਹਣੇ ਪੇਸ਼ ਕੀਤਾ ਗਿਆ। ਆਖ਼ਰ ਹਦੱਸਾਹ ਨਾਮੀ ਯਹੂਦਣ ਦੇ ਸਿਰ ਤੇ ਮਲਕਾ ਦਾ ਤਾਜ ਰੱਖਿਆ ਗਿਆ। ਆਪਣੇ ਤਾਏ ਦੇ ਮੁੰਡੇ ਮਾਰਦਕਈ ਦੇ ਕਹਿਣ ਤੇ ਉਸ ਨੇ ਇਹ ਗੱਲ ਲੁਕਾਈ ਰੱਖੀ ਕਿ ਉਹ ਯਹੂਦਣ ਸੀ ਤੇ ਆਪਣਾ ਫ਼ਾਰਸੀ ਨਾਂ ਅਸਤਰ ਵਰਤਿਆ।
ਇਸ ਦੌਰਾਨ ਹਾਮਾਨ ਨਾਂ ਦੇ ਘਮੰਡੀ ਬੰਦੇ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਹਾਮਾਨ ਨੂੰ ਇਸ ਗੱਲ ਦਾ ਕ੍ਰੋਧ ਸੀ ਕਿ ਮਾਰਦਕਈ ਉਸ ਅੱਗੇ “ਨਾ ਹੀ ਗੋਡੇ ਨਿਵਾਉਂਦਾ ਨਾ ਮੱਥਾ ਟੇਕਦਾ ਸੀ।” (ਅਸਤਰ 3:2) ਇਸ ਲਈ ਉਸ ਨੇ ਫ਼ਾਰਸੀ ਸਾਮਰਾਜ ਵਿੱਚੋਂ ਸਾਰੇ ਯਹੂਦੀਆਂ ਦਾ ਖੁਰਾ-ਖੋਜ ਮਿਟਾਉਣ ਦੀ ਸਾਜ਼ਸ਼ ਘੜੀ। ਹਾਮਾਨ ਨੇ ਇਸ ਗੱਲ ਲਈ ਪਾਤਸ਼ਾਹ ਅਹਸ਼ਵੇਰੋਸ਼ ਨੂੰ ਮਨਾ ਲਿਆ ਤੇ ਉਸ ਤੋਂ ਇਹ ਖ਼ੂਨੀ ਕਾਂਡ ਕਰਾਉਣ ਦਾ ਫ਼ਤਵਾ ਵੀ ਜਾਰੀ ਕਰਵਾ ਲਿਆ। ਇਹ ਸੁਣ ਕੇ ਮਾਰਦਕਈ ਨੇ “ਤੱਪੜ ਗਲ ਪਾ ਕੇ ਸੁਆਹ ਪਾ ਲਈ।” (ਅਸਤਰ 4:1) ਹੁਣ ਯਹੂਦੀਆਂ ਦਾ ਛੁਟਕਾਰਾ ਅਸਤਰ ਦੇ ਹੱਥਾਂ ਵਿਚ ਸੀ। ਉਸ ਨੇ ਪਾਤਸ਼ਾਹ ਤੇ ਪ੍ਰਧਾਨ ਮੰਤਰੀ ਨੂੰ ਖਾਣੇ ਤੇ ਬੁਲਾਇਆ। ਜਦੋਂ ਉਨ੍ਹਾਂ ਨੇ ਖਾਣੇ ਦਾ ਆਨੰਦ ਮਾਣਿਆ, ਤਾਂ ਅਸਤਰ ਨੇ ਉਨ੍ਹਾਂ ਨੂੰ ਅਗਲੇ ਦਿਨ ਦੁਬਾਰਾ ਖਾਣੇ ਤੇ ਆਉਣ ਦੀ ਬੇਨਤੀ ਕੀਤੀ। ਹਾਮਾਨ ਤਾਂ ਇਸ ਕਰਕੇ ਫੁੱਲਿਆ ਨਹੀਂ ਸਮਾ ਰਿਹਾ ਸੀ ਕਿ ਉਸ ਨੂੰ ਮਲਕਾ ਨੇ ਦੋ ਵਾਰ ਖਾਣੇ ਤੇ ਸੱਦਿਆ ਸੀ। ਪਰ ਉਸ ਨੂੰ ਮਾਰਦਕਈ ਤੇ ਬਹੁਤ ਗੁੱਸਾ ਸੀ ਕਿ ਉਹ ਉਸ ਦੇ ਸਾਮ੍ਹਣੇ ਝੁਕਦਾ ਨਹੀਂ ਸੀ। ਇਸ ਲਈ ਹਾਮਾਨ ਨੇ ਅਗਲੇ ਦਿਨ ਖਾਣੇ ਤੋਂ ਪਹਿਲਾਂ-ਪਹਿਲਾਂ ਮਾਰਦਕਈ ਦਾ ਕੰਢਾ ਕੱਢਣ ਦੀ ਸਕੀਮ ਬਣਾਈ।
ਕੁਝ ਸਵਾਲਾਂ ਦੇ ਜਵਾਬ:
1:3-5—ਕੀ ਦਾਅਵਤ 180 ਦਿਨ ਚੱਲੀ ਸੀ? ਬਾਈਬਲ ਨਹੀਂ ਦੱਸਦੀ ਕਿ ਦਾਅਵਤ ਇੰਨੀ ਲੰਬੀ ਚੱਲੀ ਸੀ, ਪਰ 180 ਦਿਨਾਂ ਤਕ ਪਾਤਸ਼ਾਹ ਆਪਣੇ ਮੰਤਰੀਆਂ ਨੂੰ ਆਪਣੇ ਸਾਮਰਾਜ ਦੀ ਧਨ-ਦੌਲਤ ਤੇ ਸ਼ਾਨੋ-ਸ਼ੌਕਤ ਦਿਖਾਉਂਦਾ ਰਿਹਾ। ਪਾਤਸ਼ਾਹ ਨੇ ਆਪਣੇ ਮੰਤਰੀਆਂ ਨੂੰ ਸਾਮਰਾਜ ਦੀ ਸ਼ਾਨੋ-ਸ਼ੌਕਤ ਦਿਖਾ ਕੇ ਸ਼ਾਇਦ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੋਣੀ ਕਿ ਉਸ ਵਿਚ ਯੂਨਾਨ ਨੂੰ ਜਿੱਤਣ ਦੀ ਤਾਕਤ ਸੀ। ਜੇ ਇੱਦਾਂ ਹੀ ਹੋਇਆ ਸੀ, ਤਾਂ ਇਸ ਦਾ ਮਤਲਬ ਹੋਵੇਗਾ ਕਿ ਤੀਜੀ ਤੇ ਪੰਜਵੀਂ ਆਇਤ ਵਿਚ ਉਸ ਸੱਤਾਂ ਦਿਨਾਂ ਦੀ ਦਾਅਵਤ ਦਾ ਜ਼ਿਕਰ ਕੀਤਾ ਗਿਆ ਹੈ ਜੋ 180 ਦਿਨਾਂ ਦੇ ਅਖ਼ੀਰ ਵਿਚ ਦਿੱਤੀ ਗਈ ਸੀ।
1:8—ਕਿਸ ਅਰਥ ਵਿਚ ‘ਮੈ ਪੀਣ ਦੇ ਦਸਤੂਰ ਦੇ ਅਨੁਸਾਰ ਕੋਈ ਕਿਸੇ ਨੂੰ ਬਦੋ ਬਦੀ ਨਹੀਂ ਪਿਆ ਸੱਕਦਾ ਸੀ’? ਫ਼ਾਰਸੀ ਦਸਤੂਰ ਮੁਤਾਬਕ ਲੋਕ ਇਕ ਦੂਜੇ ਨੂੰ ਦਾਅਵਤਾਂ ਵਿਚ ਹੱਦੋਂ ਵੱਧ ਸ਼ਰਾਬ ਪੀਣ ਦੀ ਹੱਲਾਸ਼ੇਰੀ ਦਿੰਦੇ ਸਨ। ਪਰ ਇਸ ਮੌਕੇ ਤੇ ਪਾਤਸ਼ਾਹ ਅਹਸ਼ਵੇਰੋਸ਼ ਨੇ ਇਸ ਦਾਅਵਤ ਵਿਚ ਛੂਟ ਦਿੱਤੀ ਸੀ ਕਿ ਜੋ ਜਿੰਨੀ ਚਾਹੇ ਪੀਵੇ, ਕੋਈ ਕਿਸੇ ਨੂੰ ਮਜਬੂਰ ਨਾ ਕਰੇ। ਇਕ ਕਿਤਾਬ ਦੱਸਦੀ ਹੈ: “ਉਹ ਥੋੜ੍ਹੀ ਜਾਂ ਬਹੁਤੀ ਜਿੰਨੀ ਚਾਹੇ ਪੀ ਸਕਦੇ ਸਨ।”
1:10-12—ਮਲਕਾ ਵਸ਼ਤੀ ਨੇ ਪਾਤਸ਼ਾਹ ਦੇ ਹੁਕਮ ਤੇ ਦਾਅਵਤ ਵਿਚ ਆਉਣ ਤੋਂ ਕਿਉਂ ਇਨਕਾਰ ਕੀਤਾ ਸੀ? ਕੁਝ ਵਿਦਵਾਨ ਕਹਿੰਦੇ ਹਨ ਕਿ ਮਲਕਾ ਨੇ ਪਾਤਸ਼ਾਹ ਦੇ ਸ਼ਰਾਬੀ ਹੋਏ ਮਹਿਮਾਨਾਂ ਸਾਮ੍ਹਣੇ ਆਉਣਾ ਆਪਣੀ ਹੱਤਕ ਸਮਝੀ, ਇਸ ਕਰਕੇ ਉਸ ਨੇ ਪਾਤਸ਼ਾਹ ਦਾ ਹੁਕਮ ਨਹੀਂ ਮੰਨਿਆ। ਜਾਂ ਫਿਰ ਇਹ ਖੂਬਸੂਰਤ ਮਲਕਾ ਆਪਣੇ ਪਤੀ ਦੀ ਤਾਬਿਆਦਾਰ ਨਹੀਂ ਸੀ। ਬਾਈਬਲ ਵਿਚ ਉਸ ਦੇ ਨਾ ਆਉਣ ਦਾ ਕਾਰਨ ਨਹੀਂ ਦੱਸਿਆ ਹੈ, ਪਰ ਉਸ ਸਮੇਂ ਦੇ ਸਿਆਣੇ ਬਜ਼ੁਰਗਾਂ ਨੇ ਸੋਚਿਆ ਕਿ ਪਤੀ ਦੀ ਗੱਲ ਮੰਨਣੀ ਪਤਨੀ ਲਈ ਜ਼ਰੂਰੀ ਸੀ ਤੇ ਵਸ਼ਤੀ ਦੀ ਇਸ ਗੁਸਤਾਖ਼ੀ ਦਾ ਫ਼ਾਰਸੀ ਸਾਮਰਾਜ ਦੀਆਂ ਸਾਰੀਆਂ ਤੀਵੀਆਂ ਤੇ ਵੀ ਬੁਰਾ ਅਸਰ ਪੈਣਾ ਸੀ।
2:14-17—ਕੀ ਅਸਤਰ ਨੇ ਪਾਤਸ਼ਾਹ ਨਾਲ ਨਾਜਾਇਜ਼ ਸਰੀਰਕ ਸੰਬੰਧ ਬਣਾਏ ਸਨ? ਨਹੀਂ। ਬਿਰਤਾਂਤ ਵਿਚ ਦੱਸਿਆ ਹੈ ਕਿ ਪਾਤਸ਼ਾਹ ਕੋਲ ਲਿਆਂਦੀਆਂ ਗਈਆਂ ਤੀਵੀਆਂ ਨੂੰ ਸਵੇਰੇ ‘ਸੁਰੀਤਾਂ ਦੇ ਰਾਖੇ’ ਭਾਵ ਪਾਤਸ਼ਾਹ ਦੇ ਖੁਸਰੇ ਦੀ ਨਿਗਰਾਨੀ ਅਧੀਨ ਦੂਸਰੇ ਘਰ ਵਿਚ ਲੈ ਜਾਇਆ ਜਾਂਦਾ ਸੀ। ਪਾਤਸ਼ਾਹ ਨਾਲ ਰਾਤ ਬਿਤਾਉਣ ਵਾਲੀਆਂ ਤੀਵੀਆਂ ਉਸ ਦੀਆਂ ਰਖੇਲਾਂ ਜਾਂ ਦੂਜੇ ਦਰਜੇ ਦੀਆਂ ਪਤਨੀਆਂ ਬਣ ਜਾਂਦੀਆਂ ਸਨ। ਪਰ ਅਸਤਰ ਨੂੰ ਰਖੇਲਾਂ ਦੇ ਘਰ ਵਿਚ ਨਹੀਂ ਲੈ ਜਾਇਆ ਗਿਆ ਸੀ। ਜਦੋਂ ਅਸਤਰ ਨੂੰ ਅਹਸ਼ਵੇਰੋਸ਼ ਕੋਲ ਲਿਆਂਦਾ ਗਿਆ, ਤਾਂ “ਪਾਤਸ਼ਾਹ ਨੇ ਸਾਰੀਆਂ ਇਸਤ੍ਰੀਆਂ ਨਾਲੋਂ ਅਸਤਰ ਨੂੰ ਵੱਧ ਪਿਆਰ ਕੀਤਾ ਅਤੇ ਉਹ ਨੇ ਸਾਰੀਆਂ ਕੁਆਰੀਆਂ ਨਾਲੋਂ ਪਾਤਸ਼ਾਹ ਦਾ ਪਖ ਅਤੇ ਦਯਾ ਪਰਾਪਤ ਕੀਤੀ।” (ਅਸਤਰ 2:17) ਅਸਤਰ ਨੂੰ ਅਹਸ਼ਵੇਰੋਸ਼ ਦਾ “ਪਖ ਅਤੇ ਦਯਾ” ਕਿਵੇਂ ਪ੍ਰਾਪਤ ਹੋਈ? ਉਸੇ ਤਰ੍ਹਾਂ ਜਿਸ ਤਰ੍ਹਾਂ ਉਸ ਨੇ ਦੂਸਰਿਆਂ ਦੇ ਦਿਲਾਂ ਨੂੰ ਜਿੱਤਿਆ ਸੀ। ‘ਉਹ ਛੋਕਰੀ ਹੇਗਈ ਦੀ ਨਿਗਾਹ ਵਿੱਚ ਭਾ ਗਈ ਅਤੇ ਉਸ ਦੇ ਅੱਗੇ ਉਹ ਦਯਾ ਦੀ ਭਾਗੀ ਹੋਈ।’ (ਅਸਤਰ 2:8, 9) ਹੇਗਈ ਅਸਤਰ ਨੂੰ ਉਸ ਦੀ ਖ਼ੂਬਸੂਰਤੀ ਅਤੇ ਗੁਣਾਂ ਕਰਕੇ ਪਸੰਦ ਕਰਦਾ ਸੀ। ਅਸਲ ਵਿਚ “ਅਸਤਰ ਸਭ ਦੇ ਵੇਖਣ ਵਿੱਚ ਮਨਮੋਹਣੀ ਸੀ।” (ਅਸਤਰ 2:15) ਇਸੇ ਤਰ੍ਹਾਂ, ਪਾਤਸ਼ਾਹ ਨੇ ਅਸਤਰ ਵਿਚ ਜੋ ਦੇਖਿਆ, ਉਸ ਕਰਕੇ ਉਹ ਉਸ ਉੱਤੇ ਮੋਹਿਤ ਹੋ ਗਿਆ।
3:2; 5:9—ਮਾਰਦਕਈ ਨੇ ਹਾਮਾਨ ਅੱਗੇ ਝੁਕਣ ਤੋਂ ਕਿਉਂ ਇਨਕਾਰ ਕੀਤਾ? ਇਸਰਾਏਲੀਆਂ ਲਈ ਕਿਸੇ ਉੱਚੀ ਪਦਵੀ ਵਾਲੇ ਇਨਸਾਨ ਨੂੰ ਝੁੱਕ ਕੇ ਸਲਾਮ ਕਰਨਾ ਗ਼ਲਤ ਨਹੀਂ ਸੀ। ਪਰ ਹਾਮਾਨ ਦੇ ਮਾਮਲੇ ਵਿਚ ਗੱਲ ਵੱਖਰੀ ਸੀ। ਹਾਮਾਨ ਅਗਾਗੀ ਸੀ ਤੇ ਸ਼ਾਇਦ ਅਮਾਲੇਕੀਆਂ ਦੀ ਕੌਮ ਵਿੱਚੋਂ ਸੀ। ਯਹੋਵਾਹ ਨੇ ਅਮਾਲੇਕੀਆਂ ਦਾ ਸਫ਼ਾਇਆ ਕਰਨ ਦਾ ਹੁਕਮ ਦਿੱਤਾ ਸੀ। (ਬਿਵਸਥਾ ਸਾਰ 25:19) ਮਾਰਦਕਈ ਲਈ ਹਾਮਾਨ ਅੱਗੇ ਝੁੱਕਣਾ ਯਹੋਵਾਹ ਨਾਲ ਬੇਵਫ਼ਾਈ ਕਰਨ ਦੇ ਬਰਾਬਰ ਸੀ। ਉਸ ਨੇ ਇਹ ਕਹਿ ਕੇ ਝੁਕਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਯਹੂਦੀ ਸੀ।—ਅਸਤਰ 3:3, 4.
ਸਾਡੇ ਲਈ ਸਬਕ:
2:10, 20; 4:12-16. ਅਸਤਰ ਨੇ ਯਹੋਵਾਹ ਦੇ ਸਮਝਦਾਰ ਭਗਤ ਦੀ ਸਲਾਹ ਮੰਨੀ। ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ‘ਆਪਣੇ ਆਗੂਆਂ ਦੀ ਆਗਿਆਕਾਰੀ ਕਰੀਏ ਅਤੇ ਓਹਨਾਂ ਦੇ ਅਧੀਨ ਰਹੀਏ।’—ਇਬਰਾਨੀਆਂ 13:17.
2:11; 4:5. ‘ਸਾਡੇ ਵਿੱਚੋਂ ਹਰੇਕ ਜਣੇ ਨੂੰ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰਨੀ’ ਚਾਹੀਦੀ ਹੈ।—ਫ਼ਿਲਿੱਪੀਆਂ 2:4.
2:15. ਹਗਈ ਨੇ ਜੋ ਗਹਿਣੇ ਤੇ ਕੱਪੜੇ ਅਸਤਰ ਨੂੰ ਦਿੱਤੇ ਸਨ, ਉਸ ਤੋਂ ਹੋਰ ਜ਼ਿਆਦਾ ਨਾ ਮੰਗ ਕੇ ਅਸਤਰ ਨੇ ਨਿਮਰਤਾ ਤੇ ਸੰਜਮ ਦਿਖਾਇਆ। ਉਸ ਨੇ ‘ਮਨ ਦੀ ਗੁਪਤ ਇਨਸਾਨੀਅਤ ਨਾਲ ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ’ ਰਾਜੇ ਦੇ ਦਿਲ ਨੂੰ ਜਿੱਤ ਲਿਆ।—1 ਪਤਰਸ 3:4.
2:21-23. ਅਸਤਰ ਅਤੇ ਮਾਰਦਕਈ ਨੇ “ਹਕੂਮਤਾਂ ਦੇ ਅਧੀਨ” ਰਹਿ ਕੇ ਵਧੀਆ ਮਿਸਾਲ ਕਾਇਮ ਕੀਤੀ।—ਰੋਮੀਆਂ 13:1.
3:4. ਕਈ ਵਾਰ ਆਪਣੀ ਪਛਾਣ ਲੁਕਾਉਣੀ ਅਕਲਮੰਦੀ ਹੁੰਦੀ ਹੈ ਜਿਵੇਂ ਅਸਤਰ ਨੇ ਲੁਕਾਈ ਸੀ। ਪਰ ਜਦੋਂ ਯਹੋਵਾਹ ਦੀ ਹਕੂਮਤ ਅਤੇ ਸਾਡੀ ਵਫ਼ਾਦਾਰੀ ਦਾ ਮਾਮਲਾ ਹੁੰਦਾ ਹੈ, ਤਾਂ ਸਾਨੂੰ ਯਹੋਵਾਹ ਦੇ ਗਵਾਹਾਂ ਵਜੋਂ ਆਪਣੀ ਪਛਾਣ ਕਰਾਉਣ ਤੋਂ ਡਰਨਾ ਨਹੀਂ ਚਾਹੀਦਾ।
4:3. ਨਿਹਚਾ ਨੂੰ ਪਰਖਣ ਵਾਲੀਆਂ ਅਜ਼ਮਾਇਸ਼ਾਂ ਨੂੰ ਪਾਰ ਕਰਨ ਲਈ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਤਾਕਤ ਅਤੇ ਸਮਝ ਮੰਗ ਸਕਦੇ ਹਾਂ।
4:6-8. ਮਾਰਦਕਈ ਨੇ ਹਾਮਾਨ ਦੀ ਸਾਜ਼ਸ਼ ਨੂੰ ਨਾਕਾਮ ਬਣਾਉਣ ਲਈ ਕਾਨੂੰਨ ਦਾ ਸਹਾਰਾ ਲਿਆ।—ਫ਼ਿਲਿੱਪੀਆਂ 1:7.
4:14. ਯਹੋਵਾਹ ਉੱਤੇ ਮਾਰਦਕਈ ਦਾ ਪੱਕਾ ਭਰੋਸਾ ਸਾਡੇ ਲਈ ਇਕ ਮਿਸਾਲ ਹੈ।
4:16. ਯਹੋਵਾਹ ਤੇ ਪੂਰਾ ਭਰੋਸਾ ਰੱਖ ਕੇ ਅਸਤਰ ਨੇ ਅਜਿਹੀ ਸਥਿਤੀ ਦਾ ਸਾਮ੍ਹਣਾ ਕਰਨ ਦੀ ਦਲੇਰੀ ਕੀਤੀ ਜਿਸ ਵਿਚ ਉਸ ਦੀ ਜਾਨ ਵੀ ਜਾ ਸਕਦੀ ਸੀ। ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਤੇ ਭਰੋਸਾ ਰੱਖਣਾ ਸਿੱਖੀਏ, ਨਾ ਕਿ ਆਪਣੇ ਉੱਤੇ।
5:6-8. ਅਹਸ਼ਵੇਰੋਸ਼ ਦਾ ਦਿਲ ਜਿੱਤਣ ਲਈ ਅਸਤਰ ਨੇ ਉਸ ਨੂੰ ਦੋ ਵਾਰ ਖਾਣੇ ਤੇ ਬੁਲਾਇਆ। ਉਸ ਨੇ ਸਮਝਦਾਰੀ ਤੋਂ ਕੰਮ ਲਿਆ। ਸਾਨੂੰ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ।—ਕਹਾਉਤਾਂ 14:15.
ਪਾਸੇ ਪਲਟ ਗਏ
ਹਾਮਾਨ ਨੂੰ ਉਸੇ ਸੂਲੀ ਤੇ ਟੰਗ ਦਿੱਤਾ ਗਿਆ ਜੋ ਉਸ ਨੇ ਮਾਰਦਕਈ ਲਈ ਬਣਾਈ ਸੀ। ਇਸ ਤੋਂ ਬਾਅਦ ਮਾਰਦਕਈ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਂਦਾ ਹੈ। ਯਹੂਦੀ ਕੌਮ ਦਾ ਸਫ਼ਾਇਆ ਕਰਨ ਦੀ ਸਾਜ਼ਸ਼ ਦਾ ਕੀ ਹੋਇਆ? ਇਹ ਸਾਜ਼ਸ਼ ਵੀ ਨਾਕਾਮ ਹੋ ਗਈ।
ਵਫ਼ਾਦਾਰ ਅਸਤਰ ਇਕ ਵਾਰ ਫਿਰ ਬਚਾਅ ਲਈ ਅੱਗੇ ਆਈ। ਅਸਤਰ ਆਪਣੀ ਜਾਨ ਨੂੰ ਤਲੀ ਤੇ ਧਰ ਕੇ ਪਾਤਸ਼ਾਹ ਨੂੰ ਬੇਨਤੀ ਕਰਨ ਗਈ ਕਿ ਉਹ ਹਾਮਾਨ ਦੀ ਸਾਜ਼ਸ਼ ਨੂੰ ਸਿਰੇ ਨਾ ਚੜ੍ਹਨ ਦੇਣ ਦਾ ਕੋਈ ਉਪਾਅ ਲੱਭੇ। ਅਹਸ਼ਵੇਰੋਸ਼ ਨੂੰ ਪਤਾ ਸੀ ਕਿ ਉਸ ਨੂੰ ਕੀ ਕਰਨ ਦੀ ਲੋੜ ਸੀ। ਇਸ ਲਈ ਜਦੋਂ ਕਤਲਾਮ ਦਾ ਦਿਨ ਆਇਆ, ਤਾਂ ਯਹੂਦੀ ਨਹੀਂ, ਸਗੋਂ ਉਹ ਲੋਕ ਮਾਰੇ ਗਏ ਜੋ ਯਹੂਦੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਮਾਰਦਕਈ ਨੇ ਹੁਕਮ ਜਾਰੀ ਕੀਤਾ ਕਿ ਇਸ ਛੁਟਕਾਰੇ ਦੀ ਯਾਦ ਵਿਚ ਹਰ ਸਾਲ ਪੂਰੀਮ ਦਾ ਤਿਉਹਾਰ ਮਨਾਇਆ ਜਾਵੇ। ਪ੍ਰਧਾਨ ਮੰਤਰੀ ਹੋਣ ਕਰਕੇ ਮਾਰਦਕਈ ਨੇ ‘ਆਪਣੇ ਲੋਕਾਂ ਦਾ ਭਲਾ ਚਾਹਿਆ ਤੇ ਆਪਣੀ ਸਾਰੀ ਨਸਲ ਨਾਲ ਸ਼ਾਂਤੀ ਦੇ ਬਚਨ ਬੋਲਿਆ।’—ਅਸਤਰ 10:3.
ਕੁਝ ਸਵਾਲਾਂ ਦੇ ਜਵਾਬ:
7:4—ਯਹੂਦੀਆਂ ਦਾ ਖ਼ਾਤਮਾ ਹੋਣ ਤੇ ‘ਪਾਤਸ਼ਾਹ ਨੂੰ ਘਾਟਾ’ ਕਿਵੇਂ ਪੈਣਾ ਸੀ? ਬਹੁਤ ਸਮਝਦਾਰੀ ਨਾਲ ਅਸਤਰ ਨੇ ਇਸ ਸੰਭਾਵਨਾ ਦੀ ਗੱਲ ਕੀਤੀ ਕਿ ਯਹੂਦੀਆਂ ਨੂੰ ਗ਼ੁਲਾਮਾਂ ਦੇ ਤੌਰ ਤੇ ਵੇਚੇ ਜਾਣ ਤੇ ਪਾਤਸ਼ਾਹ ਨੂੰ ਜ਼ਿਆਦਾ ਫ਼ਾਇਦਾ ਹੋਣਾ ਸੀ। ਪਰ ਉਨ੍ਹਾਂ ਦੇ ਖ਼ਤਮ ਹੋਣ ਨਾਲ ਪਾਤਸ਼ਾਹ ਨੂੰ ਘਾਟਾ ਝੱਲਣਾ ਪੈਣਾ ਸੀ। ਹਾਮਾਨ ਨੇ ਪਾਤਸ਼ਾਹ ਦੇ ਸ਼ਾਹੀ ਖ਼ਜ਼ਾਨੇ ਵਿਚ ਜੋ 10,000 ਚਾਂਦੀ ਦੇ ਸਿੱਕੇ ਦੇਣ ਦਾ ਵਾਅਦਾ ਕੀਤਾ ਸੀ, ਉਹ ਉਸ ਕੀਮਤ ਤੋਂ ਬਹੁਤ ਘੱਟ ਸਨ ਜੋ ਯਹੂਦੀਆਂ ਨੂੰ ਗ਼ੁਲਾਮਾਂ ਦੇ ਤੌਰ ਤੇ ਵੇਚਣ ਤੇ ਮਿਲਣੀ ਸੀ। ਇਸ ਤੋਂ ਇਲਾਵਾ, ਇਸ ਸਾਜ਼ਸ਼ ਅਧੀਨ ਮਲਕਾ ਨੇ ਵੀ ਮਾਰੀ ਜਾਣਾ ਸੀ।
7:8—ਹਾਮਾਨ ਦਾ ਮੂੰਹ ਕਿਉਂ ਢਕਿਆ ਗਿਆ ਸੀ? ਹਾਮਾਨ ਨੇ ਆਪ ਆਪਣਾ ਮੂੰਹ ਸ਼ਰਮ ਦੇ ਮਾਰੇ ਜਾਂ ਪਛਤਾਵਾ ਕਰਨ ਲਈ ਨਹੀਂ ਢਕਿਆ ਸੀ। ਸਪੱਸ਼ਟ ਹੈ ਕਿ ਰਾਜੇ ਦੇ ਟਹਿਲੂਆਂ ਨੇ ਉਸ ਦਾ ਮੂੰਹ ਢਕਿਆ ਸੀ, ਇਹ ਦਿਖਾਉਣ ਲਈ ਕਿ ਉਸ ਨੇ ਸਜ਼ਾ ਦੇ ਲਾਇਕ ਸ਼ਰਮਨਾਕ ਕੰਮ ਕੀਤਾ ਸੀ। ਇਹ ਸ਼ਾਇਦ ਮੌਤ ਦੀ ਸਜ਼ਾ ਦੇਣ ਦਾ ਪਹਿਲਾ ਕਦਮ ਸੀ।
8:17—ਕਿਵੇਂ “ਉਸ ਦੇਸ ਦੇ ਬਹੁਤ ਸਾਰੇ ਲੋਕ ਯਹੂਦੀ ਬਣ ਬੈਠੇ”? ਫ਼ਾਰਸੀਆਂ ਨੇ ਜਦੋਂ ਦੇਖਿਆ ਕਿ ਯਹੂਦੀਆਂ ਦੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਬਾਹੀ ਤੋਂ ਬਚਾ ਲਿਆ ਸੀ, ਤਾਂ ਬਹੁਤ ਸਾਰੇ ਫ਼ਾਰਸੀ ਲੋਕਾਂ ਨੇ ਯਹੂਦੀ ਧਰਮ ਅਪਣਾ ਲਿਆ। ਇਹੀ ਗੱਲ ਜ਼ਕਰਯਾਹ ਦੀ ਪੋਥੀ ਵਿਚ ਦਰਜ ਇਕ ਭਵਿੱਖਬਾਣੀ ਵਿਚ ਦੱਸੀ ਗਈ ਹੈ। ਇਸ ਵਿਚ ਲਿਖਿਆ ਹੈ: “ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!”—ਜ਼ਕਰਯਾਹ 8:23.
9:10, 15, 16—ਭਾਵੇਂ ਕਿ ਯਹੂਦੀਆਂ ਨੂੰ ਆਪਣੇ ਦੁਸ਼ਮਣਾਂ ਨੂੰ ਲੁੱਟਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਯਹੂਦੀਆਂ ਨੇ ਇਸ ਤਰ੍ਹਾਂ ਕਿਉਂ ਨਹੀਂ ਕੀਤਾ? ਆਪਣੇ ਦੁਸ਼ਮਣਾਂ ਨੂੰ ਨਾ ਲੁੱਟ ਕੇ ਉਨ੍ਹਾਂ ਨੇ ਦਿਖਾਇਆ ਕਿ ਉਹ ਸਿਰਫ਼ ਆਪਣੀ ਰੱਖਿਆ ਕਰਨ ਲਈ ਲੜ ਰਹੇ ਸਨ, ਨਾ ਕਿ ਆਪਣੇ ਆਪ ਨੂੰ ਅਮੀਰ ਬਣਾਉਣ ਲਈ।
ਸਾਡੇ ਲਈ ਸਬਕ:
6:6-10. “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।”—ਕਹਾਉਤਾਂ 16:18.
7:3, 4. ਕੀ ਅਸੀਂ ਦਲੇਰੀ ਨਾਲ ਆਪਣੀ ਪਛਾਣ ਯਹੋਵਾਹ ਦੇ ਗਵਾਹਾਂ ਵਜੋਂ ਕਰਾਉਂਦੇ ਹਨ, ਭਾਵੇਂ ਕਿ ਇਸ ਤਰ੍ਹਾਂ ਕਰਨ ਤੇ ਸਾਨੂੰ ਤਸੀਹੇ ਸਹਿਣੇ ਪੈਣ?
8:3-6. ਆਪਣੇ ਦੁਸ਼ਮਣਾਂ ਤੋਂ ਬਚਾਅ ਲਈ ਅਸੀਂ ਸਰਕਾਰੀ ਅਧਿਕਾਰੀਆਂ ਤੇ ਅਦਾਲਤਾਂ ਦਾ ਸਹਾਰਾ ਲੈ ਸਕਦੇ ਹਾਂ ਤੇ ਸਾਨੂੰ ਲੈਣਾ ਵੀ ਚਾਹੀਦਾ ਹੈ।
8:5. ਯਹੂਦੀਆਂ ਨੂੰ ਖ਼ਤਮ ਕਰਨ ਦੀ ਸਾਜ਼ਸ਼ ਵਿਚ ਪਾਤਸ਼ਾਹ ਦਾ ਹੱਥ ਹੋਣ ਦਾ ਜ਼ਿਕਰ ਨਾ ਕਰ ਕੇ ਅਸਤਰ ਨੇ ਸਮਝਦਾਰੀ ਵਰਤੀ। ਇਸੇ ਤਰ੍ਹਾਂ ਸਾਨੂੰ ਵੀ ਸਰਕਾਰੀ ਅਫ਼ਸਰਾਂ ਨੂੰ ਗਵਾਹੀ ਦਿੰਦੇ ਵੇਲੇ ਸਮਝਦਾਰੀ ਵਰਤਣੀ ਚਾਹੀਦੀ ਹੈ।
9:22. ਸਾਨੂੰ ਆਪਣੇ ਗ਼ਰੀਬ ਭੈਣ-ਭਰਾਵਾਂ ਨੂੰ ਨਹੀਂ ਭੁੱਲਣਾ ਚਾਹੀਦਾ।—ਗਲਾਤੀਆਂ 2:10.
ਯਹੋਵਾਹ “ਰਿਹਾਈ ਅਰ ਛੁਟਕਾਰਾ” ਦੇਵੇਗਾ
ਮਾਰਦਕਈ ਨੇ ਇਸ ਗੱਲ ਵੱਲ ਧਿਆਨ ਖਿੱਚਿਆ ਕਿ ਅਸਤਰ ਦਾ ਮਲਕਾ ਬਣਨਾ ਪਰਮੇਸ਼ੁਰ ਦਾ ਮਕਸਦ ਸੀ। ਜਾਨ ਖ਼ਤਰੇ ਵਿਚ ਹੋਣ ਤੇ ਯਹੂਦੀਆਂ ਨੇ ਵਰਤ ਰੱਖਿਆ ਤੇ ਮਦਦ ਲਈ ਪ੍ਰਾਰਥਨਾ ਕੀਤੀ। ਮਲਕਾ ਅਸਤਰ ਬਿਨਾਂ ਸੱਦੇ ਪਾਤਸ਼ਾਹ ਸਾਮ੍ਹਣੇ ਗਈ ਤੇ ਹਰ ਵਾਰ ਪਾਤਸ਼ਾਹ ਉਸ ਤੇ ਮਿਹਰਬਾਨ ਹੋਇਆ। ਇਕ ਰਾਤ ਪਾਤਸ਼ਾਹ ਸੌਂ ਨਹੀਂ ਪਾਇਆ। ਸੱਚ-ਮੁੱਚ ਅਸਤਰ ਦੀ ਪੋਥੀ ਪੜ੍ਹ ਕੇ ਸਾਨੂੰ ਹੌਸਲਾ ਮਿਲਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣ ਲਈ ਹਾਲਾਤਾਂ ਨੂੰ ਬਦਲ ਸਕਦਾ ਹੈ।
ਅਸਤਰ ਦੀ ਕਹਾਣੀ ਤੋਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਕਿਉਂਕਿ ਅਸੀਂ “ਓੜਕ ਦੇ ਸਮੇਂ” ਵਿਚ ਰਹਿੰਦੇ ਹਾਂ। (ਦਾਨੀਏਲ 12:4) “ਅਖੀਰੀ ਦਿਹਾੜਿਆਂ ਵਿੱਚ” ਮਾਗੋਗ ਦਾ ਗੋਗ ਯਾਨੀ ਸ਼ਤਾਨ ਯਹੋਵਾਹ ਦੇ ਲੋਕਾਂ ਉੱਤੇ ਪੂਰਾ ਜ਼ੋਰ ਲਾ ਕੇ ਆਖ਼ਰੀ ਹਮਲਾ ਕਰੇਗਾ। ਉਹ ਤਾਂ ਬਸ ਸੱਚੇ ਭਗਤਾਂ ਦਾ ਸਫ਼ਾਇਆ ਕਰਨ ਦੀ ਧੁੰਨ ਵਿਚ ਹੋਵੇਗਾ। ਪਰ ਜਿਵੇਂ ਅਸਤਰ ਦੇ ਦਿਨਾਂ ਵਿਚ ਯਹੋਵਾਹ ਨੇ ਕੀਤਾ ਸੀ, ਯਹੋਵਾਹ ਉਦੋਂ ਵੀ ਆਪਣੇ ਭਗਤਾਂ ਨੂੰ “ਰਿਹਾਈ ਅਰ ਛੁਟਕਾਰਾ” ਦੇਵੇਗਾ।—ਹਿਜ਼ਕੀਏਲ 38:16-23; ਅਸਤਰ 4:14.
[ਸਫ਼ਾ 10 ਉੱਤੇ ਤਸਵੀਰ]
ਪਾਤਸ਼ਾਹ ਅਹਸ਼ਵੇਰੋਸ਼ ਦੇ ਸਾਮ੍ਹਣੇ ਅਸਤਰ ਤੇ ਮਾਰਦਕਈ