ਯਹੋਵਾਹ ਦਾ ਬਚਨ ਜੀਉਂਦਾ ਹੈ
ਜ਼ਬੂਰਾਂ ਦੀ ਪੋਥੀ ਦੇ ਪਹਿਲੇ ਭਾਗ ਦੇ ਕੁਝ ਖ਼ਾਸ ਨੁਕਤੇ
ਉ ਸ ਪੋਥੀ ਦਾ ਨਾਂ ਕੀ ਹੋ ਸਕਦਾ ਜਿਸ ਵਿਚ ਸਾਡੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਦੇ ਜਸ ਗਾਏ ਗਏ ਹੋਣ? ਉਸ ਦਾ ਸਭ ਤੋਂ ਢੁਕਵਾਂ ਨਾਂ ਜ਼ਬੂਰਾਂ ਦੀ ਪੋਥੀ ਜਾਂ ਭਜਨਾਵਲੀ ਹੈ। ਬਾਈਬਲ ਦੀ ਇਹ ਪੋਥੀ ਬਾਕੀ ਸਾਰੀਆਂ ਨਾਲੋਂ ਲੰਬੀ ਹੈ। ਇਨ੍ਹਾਂ ਭਜਨਾਂ ਵਿਚ ਪਰਮੇਸ਼ੁਰ ਦੇ ਸ਼ਾਨਦਾਰ ਗੁਣਾਂ, ਕਮਾਲ ਦੇ ਕੰਮਾਂ ਅਤੇ ਅਨੇਕਾਂ ਭਵਿੱਖਬਾਣੀਆਂ ਬਾਰੇ ਬੜੇ ਹੀ ਸੋਹਣੇ ਤਰੀਕੇ ਨਾਲ ਦੱਸਿਆ ਗਿਆ ਹੈ। ਕਈਆਂ ਗੀਤਾਂ ਵਿਚ ਲਿਖਾਰੀਆਂ ਨੇ ਆਪਣੇ ਦੁੱਖਾਂ ਨੂੰ ਸ਼ਬਦਾਂ ਵਿਚ ਬਿਆਨ ਕੀਤਾ ਹੈ। ਜ਼ਬੂਰਾਂ ਦੀ ਪੋਥੀ ਮੂਸਾ ਨਬੀ ਦੇ ਸਮੇਂ ਤੋਂ ਲੈ ਕੇ ਬਾਬਲ ਤੋਂ ਯਹੂਦੀਆਂ ਦੇ ਵਾਪਸ ਮੁੜਨ ਦੇ ਸਮੇਂ ਤਕ ਇਕ ਹਜ਼ਾਰ ਸਾਲ ਦੌਰਾਨ ਲਿਖੀ ਗਈ ਸੀ। ਇਸ ਨੂੰ ਮੂਸਾ, ਦਾਊਦ ਬਾਦਸ਼ਾਹ ਅਤੇ ਹੋਰਨਾਂ ਨੇ ਲਿਖਿਆ ਸੀ। ਮੰਨਿਆ ਜਾਂਦਾ ਹੈ ਕਿ ਅਜ਼ਰਾ ਜਾਜਕ ਨੇ ਸਾਰੇ ਜ਼ਬੂਰਾਂ ਨੂੰ ਇਕ ਪੋਥੀ ਵਿਚ ਇਕੱਠਿਆਂ ਕੀਤਾ ਸੀ।
ਪੁਰਾਣੇ ਜ਼ਮਾਨੇ ਤੋਂ ਹੀ ਜ਼ਬੂਰਾਂ ਦੀ ਪੋਥੀ ਪੰਜ ਭਾਗਾਂ ਵਿਚ ਵੰਡੀ ਗਈ ਸੀ: (1) ਜ਼ਬੂਰ 1-41; (2) ਜ਼ਬੂਰ 42-72; (3) ਜ਼ਬੂਰ 73-89; (4) ਜ਼ਬੂਰ 90-106; ਅਤੇ (5) ਜ਼ਬੂਰ 107-150. ਇਸ ਲੇਖ ਵਿਚ ਅਸੀਂ ਪਹਿਲੇ ਭਾਗ ਤੇ ਗੌਰ ਕਰਾਂਗੇ। ਇਸ ਭਾਗ ਵਿਚ ਤਿੰਨ ਜ਼ਬੂਰਾਂ ਨੂੰ ਛੱਡ ਕੇ ਬਾਕੀ ਸਾਰੇ ਜ਼ਬੂਰ ਦਾਊਦ ਬਾਦਸ਼ਾਹ ਨੇ ਲਿਖੇ ਸਨ। ਇਹ ਨਹੀਂ ਦੱਸਿਆ ਗਿਆ ਹੈ ਕਿ ਜ਼ਬੂਰ 1, 10 ਅਤੇ 33 ਕਿਸ ਨੇ ਲਿਖੇ ਸਨ।
“ਮੇਰਾ ਪਰਮੇਸ਼ੁਰ, ਮੇਰਾ ਟਿੱਲਾ”
ਪਹਿਲੇ ਜ਼ਬੂਰ ਵਿਚ ਯਹੋਵਾਹ ਦੇ ਬਚਨ ਵਿਚ ਮਗਨ ਰਹਿਣ ਵਾਲੇ ਨੂੰ ਮੁਬਾਰਕ ਆਖਣ ਤੋਂ ਬਾਅਦ ਦੂਜੇ ਜ਼ਬੂਰ ਵਿਚ ਪਰਮੇਸ਼ੁਰ ਦੇ ਰਾਜ ਦੀ ਗੱਲ ਕੀਤੀ ਗਈ ਹੈ।a ਜ਼ਬੂਰਾਂ ਦੀ ਪੋਥੀ ਦੇ ਇਸ ਭਾਗ ਵਿਚ ਜ਼ਿਆਦਾਤਰ ਪਰਮੇਸ਼ੁਰ ਅੱਗੇ ਬੇਨਤੀਆਂ ਹੀ ਹਨ। ਮਿਸਾਲ ਲਈ ਜ਼ਬੂਰ 3-5, 7, 12, 13 ਅਤੇ 17 ਵਿਚ ਦੁਸ਼ਮਣਾਂ ਤੋਂ ਬਚਣ ਲਈ ਬੇਨਤੀਆਂ ਹਨ। ਜ਼ਬੂਰ 8 ਵਿਚ ਇਨਸਾਨ ਦੇ ਛੋਟੇਪਨ ਦੀ ਤੁਲਨਾ ਯਹੋਵਾਹ ਦੀ ਮਹਾਨਤਾ ਨਾਲ ਕੀਤੀ ਗਈ ਹੈ।
ਯਹੋਵਾਹ ਆਪਣੇ ਲੋਕਾਂ ਦਾ ਰੱਖਿਅਕ ਹੈ, ਇਸ ਲਈ ਦਾਊਦ ਨੇ ਕਿਹਾ: “ਮੇਰਾ ਪਰਮੇਸ਼ੁਰ, ਮੇਰਾ ਟਿੱਲਾ, ਜਿਹ ਦੀ ਸ਼ਰਨੀ ਮੈਂ ਆਇਆ ਹਾਂ।” (ਜ਼ਬੂਰਾਂ ਦੀ ਪੋਥੀ 18:2) ਜ਼ਬੂਰ 19 ਵਿਚ ਯਹੋਵਾਹ ਨੂੰ ਸਿਰਜਣਹਾਰ ਤੇ ਕਾਨੂੰਨਸਾਜ਼, ਜ਼ਬੂਰ 20 ਵਿਚ ਮੁਕਤੀਦਾਤਾ ਅਤੇ ਜ਼ਬੂਰ 21 ਵਿਚ ਆਪਣੇ ਚੁਣੇ ਹੋਏ ਬਾਦਸ਼ਾਹ ਦਾ ਰੱਖਿਅਕ ਕਿਹਾ ਗਿਆ ਹੈ। ਜ਼ਬੂਰ 23 ਵਿਚ ਯਹੋਵਾਹ ਨੂੰ ਅਯਾਲੀ ਤੇ 24ਵੇਂ ਜ਼ਬੂਰ ਵਿਚ ਉਸ ਨੂੰ ਮਹਿਮਾਵਾਨ ਰਾਜਾ ਕਿਹਾ ਗਿਆ ਹੈ।
ਕੁਝ ਸਵਾਲਾਂ ਦੇ ਜਵਾਬ:
2:1, 2—ਕੌਮਾਂ ਕਿਹੜੀਆਂ “ਵਿਅਰਥ ਸੋਚਾਂ” ਸੋਚਦੀਆਂ ਹਨ? ਸਰਕਾਰਾਂ “ਵਿਅਰਥ ਸੋਚਾਂ” ਵਿਚ ਪਈਆਂ ਹੋਈਆਂ ਹਨ ਕਿ ਉਹ ਆਪਣੀ ਸੱਤਾ ਨੂੰ ਕਾਇਮ ਕਿਵੇਂ ਰੱਖਣ। ਇਸ ਤਰ੍ਹਾਂ ਕਰਨਾ ਵਿਅਰਥ ਹੈ ਕਿਉਂਕਿ ਉਨ੍ਹਾਂ ਦਾ ਇਹ ਮਕਸਦ ਕਦੇ ਸਫ਼ਲ ਨਹੀਂ ਹੋਵੇਗਾ। ਕੌਮਾਂ ਦੇ ਸਫ਼ਲ ਹੋਣ ਦੀ ਕੋਈ ਆਸ ਨਹੀਂ ਹੈ ਕਿਉਂਕਿ ਉਹ “ਯਹੋਵਾਹ ਅਰ ਉਹ ਦੇ ਮਸੀਹ ਦੇ ਵਿਰੁੱਧ” ਖੜ੍ਹੀਆਂ ਹਨ।
2:7—‘ਯਹੋਵਾਹ ਦਾ ਫ਼ਰਮਾਨ’ ਕੀ ਹੈ? ਇਹ ਫ਼ਰਮਾਨ ਯਹੋਵਾਹ ਦਾ ਯਿਸੂ ਨਾਲ ਇਕ ਵਾਅਦਾ ਹੈ ਕਿ ਉਹ ਉਸ ਦੇ ਰਾਜ ਦਾ ਰਾਜਾ ਹੋਵੇਗਾ।—ਲੂਕਾ 22:28, 29.
2:12—ਧਰਤੀ ਦੇ ਰਾਜੇ ‘ਪੁੱਤ੍ਰ ਨੂੰ ਚੁੰਮ’ ਕਿਵੇਂ ਸਕਦੇ ਹਨ? ਬਾਈਬਲ ਦੇ ਜ਼ਮਾਨੇ ਵਿਚ ਕਿਸੇ ਨੂੰ ਚੁੰਮ ਕੇ ਉਸ ਨਾਲ ਆਪਣੀ ਦੋਸਤੀ ਤੇ ਵਫ਼ਾਦਾਰੀ ਦਾ ਸਬੂਤ ਦਿੱਤਾ ਜਾਂਦਾ ਸੀ। ਮਹਿਮਾਨਾਂ ਦਾ ਸੁਆਗਤ ਵੀ ਚੁੰਮ ਕੇ ਕੀਤਾ ਜਾਂਦਾ ਸੀ। ਧਰਤੀ ਦੇ ਰਾਜਿਆਂ ਨੂੰ ਪੁੱਤਰ ਨੂੰ ਚੁੰਮਣ ਯਾਨੀ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਉਸ ਦਾ ਸੁਆਗਤ ਕਰਨ ਦਾ ਹੁਕਮ ਦਿੱਤਾ ਗਿਆ ਹੈ।
3:ਅਭਿਲੇਖ—ਕੁਝ ਜ਼ਬੂਰਾਂ ਉੱਤੇ ਸਿਰਲੇਖ ਕਿਉਂ ਦਿੱਤੇ ਗਏ ਹਨ? ਇਨ੍ਹਾਂ ਸਿਰਲੇਖਾਂ ਤੋਂ ਕਦੇ-ਕਦੇ ਪਤਾ ਲੱਗਦਾ ਹੈ ਕਿ ਇਸ ਜ਼ਬੂਰ ਦਾ ਲਿਖਾਰੀ ਕੌਣ ਸੀ ਅਤੇ/ਜਾਂ ਉਸ ਨੇ ਕਿਨ੍ਹਾਂ ਹਾਲਾਤਾਂ ਵਿਚ ਇਸ ਨੂੰ ਲਿਖਿਆ ਸੀ। (ਮਿਸਾਲ ਲਈ ਤੀਜਾ ਜ਼ਬੂਰ ਦੇਖੋ।) ਕੁਝ ਸਿਰਲੇਖਾਂ ਤੋਂ ਸ਼ਾਇਦ ਜ਼ਬੂਰ ਲਿਖਣ ਦਾ ਮਕਸਦ ਪਤਾ ਚੱਲੇ (ਜ਼ਬੂਰ 4 ਤੇ 5 ਦੇਖੋ) ਅਤੇ ਕੁਝ ਬਾਰੇ ਦੱਸਿਆ ਗਿਆ ਹੈ ਕਿ ਉਸ ਨੂੰ ਕਿਸ ਸਾਜ ਨਾਲ ਜਾਂ ਕਿਸ ਤਰ੍ਹਾਂ ਗਾਇਆ ਜਾਣਾ ਚਾਹੀਦਾ ਹੈ। (ਛੇਵਾਂ ਜ਼ਬੂਰ ਦੇਖੋ।)
3:2—“ਸਲਹ” ਦਾ ਕੀ ਮਤਲਬ ਹੈ? ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਇਕ ਪ੍ਰਕਾਰ ਦੇ ਸੰਗੀਤ ਚਿੰਨ੍ਹ ਦੇ ਤੌਰ ਤੇ ਵਰਤਿਆ ਜਾਂਦਾ ਸੀ ਜਿਸ ਤੇ ਪਹੁੰਚ ਕੇ ਗਾਇਕ ਜਾਂ ਸੰਗੀਤਕਾਰ ਪਲ ਭਰ ਲਈ ਰੁੱਕ ਜਾਂਦਾ ਸੀ ਤਾਂਕਿ ਜ਼ਬੂਰ ਦੇ ਸ਼ਬਦਾਂ ਉੱਤੇ ਮਨਨ ਕੀਤਾ ਜਾ ਸਕੇ। (ਜ਼ਬੂਰ 3:2 ਦੇ ਫੁਟਨੋਟ ਵਿਚ ਇਕ ਹੋਰ ਵਿਚਾਰ ਵੀ ਦੇਖੋ।) ਅੱਜ ਜ਼ਬੂਰਾਂ ਨੂੰ ਉੱਚੀ ਆਵਾਜ਼ ਨਾਲ ਪੜ੍ਹਦੇ ਸਮੇਂ “ਸਲਹ” ਸ਼ਬਦ ਪੜ੍ਹਨ ਦੀ ਲੋੜ ਨਹੀਂ ਹੈ।
11:3—ਕਿਹੜੀਆਂ ਨੀਹਾਂ ਢਾਹੀਆਂ ਗਈਆਂ ਹਨ? ਇਹ ਉਹ ਨੀਹਾਂ ਹਨ ਜਿਨ੍ਹਾਂ ਉੱਤੇ ਮਨੁੱਖੀ ਸਮਾਜ ਟਿਕਿਆ ਹੋਇਆ ਹੈ ਯਾਨੀ ਨਿਆਂ, ਕਾਨੂੰਨ ਅਤੇ ਵਿਵਸਥਾ। ਜਦ ਇਨ੍ਹਾਂ ਨੀਹਾਂ ਵਿਚ ਵਿਗਾੜ ਆਉਂਦਾ ਹੈ, ਤਾਂ ਸਮਾਜ ਬਿਖਰ ਜਾਂਦਾ ਹੈ ਤੇ ਕਿਸੇ ਨੂੰ ਨਿਆਂ ਨਹੀਂ ਮਿਲਦਾ। ਇਨ੍ਹਾਂ ਹਾਲਾਤਾਂ ਵਿਚ “ਧਰਮੀ” ਨੂੰ ਯਹੋਵਾਹ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ।—ਜ਼ਬੂਰਾਂ ਦੀ ਪੋਥੀ 11:4-7.
21:3—‘ਕੁੰਦਨ ਸੋਨੇ ਦੇ ਮੁਕਟ’ ਤੋਂ ਕੀ ਭਾਵ ਹੈ? ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਅਸਲੀ ਮੁਕਟ ਸੀ ਜਾਂ ਫਿਰ ਲੜਾਈ ਵਿਚ ਜਿੱਤਾਂ ਕਾਰਨ ਦਾਊਦ ਦੀ ਵਧੀ ਸ਼ਾਨ ਨੂੰ ਦਰਸਾਉਂਦਾ ਸੀ। ਪਰ ਇਹ ਆਇਤ ਯਿਸੂ ਦੇ ਰਾਜ ਸੱਤਾ ਵਿਚ ਆਉਣ ਦੀ ਭਵਿੱਖਬਾਣੀ ਹੈ ਜਦ 1914 ਵਿਚ ਯਹੋਵਾਹ ਨੇ ਉਸ ਨੂੰ ਮਾਨੋ ਮੁਕਟ ਪਹਿਨਾਇਆ ਸੀ। ਉਸ ਦੀ ਹਕੂਮਤ ਕੁੰਦਨ ਸੋਨੇ ਵਾਂਗ ਖਰੀ ਹੋਵੇਗੀ।
22:1, 2—ਦਾਊਦ ਨੂੰ ਇਸ ਤਰ੍ਹਾਂ ਕਿਉਂ ਲੱਗਾ ਕਿ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ ਸੀ? ਦਾਊਦ ਦੇ ਦੁਸ਼ਮਣਾਂ ਨੇ ਉਸ ਨੂੰ ਇੰਨਾ ਤੰਗ ਕੀਤਾ ਹੋਇਆ ਸੀ ਕਿ ਉਸ ਦਾ ‘ਦਿਲ ਮੋਮ ਵਾਂਗ ਉਸ ਦੇ ਅੰਦਰ ਪੰਘਰ ਗਿਆ ਸੀ।’ (ਜ਼ਬੂਰਾਂ ਦੀ ਪੋਥੀ 22:14) ਉਸ ਨੂੰ ਸ਼ਾਇਦ ਲੱਗਾ ਹੋਣਾਂ ਕਿ ਯਹੋਵਾਹ ਉਸ ਨੂੰ ਬੇਸਹਾਰਾ ਛੱਡ ਗਿਆ ਸੀ। ਸੂਲੀ ਤੇ ਦਮ ਤੋੜਦੇ ਸਮੇਂ ਯਿਸੂ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ। (ਮੱਤੀ 27:46) ਮੰਦੀ ਦਸ਼ਾ ਵਿਚ ਹੋਣ ਕਾਰਨ ਦਾਊਦ ਦਾ ਇਸ ਤਰ੍ਹਾਂ ਮਹਿਸੂਸ ਕਰਨਾ ਕੁਦਰਤੀ ਸੀ। ਪਰ ਫਿਰ ਵੀ ਜ਼ਬੂਰ 22:16-21 ਵਿਚ ਉਸ ਦੀ ਪ੍ਰਾਰਥਨਾ ਤੋਂ ਪਤਾ ਚੱਲਦਾ ਹੈ ਕਿ ਉਸ ਨੂੰ ਪਰਮੇਸ਼ੁਰ ਤੇ ਪੂਰਾ ਭਰੋਸਾ ਸੀ।
ਸਾਡੇ ਲਈ ਸਬਕ:
1:1. ਜੋ ਲੋਕ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਉਨ੍ਹਾਂ ਨਾਲ ਸੰਗਤ ਰੱਖਣੀ ਮੂਰਖਤਾ ਹੈ।—1 ਕੁਰਿੰਥੀਆਂ 15:33.
1:2. ਸਾਨੂੰ ਹਰ ਰੋਜ਼ ਯਹੋਵਾਹ ਦੇ ਬਚਨ ਵੱਲ ਧਿਆਨ ਦੇਣਾ ਚਾਹੀਦਾ ਹੈ।—ਮੱਤੀ 4:4.
4:4. ਜਦ ਸਾਨੂੰ ਗੁੱਸਾ ਚੜ੍ਹਦਾ ਹੈ, ਤਾਂ ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਚੁੱਪ ਰਹੀਏ, ਨਹੀਂ ਤਾਂ ਸਾਡੇ ਮੂੰਹੋਂ ਅਜਿਹਾ ਕੁਝ ਨਿਕਲ ਜਾਵੇਗਾ ਜਿਸ ਕਰਕੇ ਸਾਨੂੰ ਬਾਅਦ ਵਿਚ ਪਛਤਾਉਣਾ ਪਵੇ।—ਅਫ਼ਸੀਆਂ 4:26.
4:5. ਜਦ ਅਸੀਂ ਸੱਚੇ ਦਿਲ ਨਾਲ ਯਹੋਵਾਹ ਦੀ ਭਗਤੀ ਕਰਦੇ ਹਾਂ ਤੇ ਆਪਣੇ ਚਾਲ-ਚਲਣ ਨੂੰ ਸ਼ੁੱਧ ਰੱਖਦੇ ਹਾਂ, ਤਾਂ ਉਹ ਸਾਡੀ ਭਗਤੀ ਨੂੰ “ਧਰਮ ਦੇ ਬਲੀਦਾਨ” ਵਜੋਂ ਸਵੀਕਾਰ ਕਰਦਾ ਹੈ।
6:5. ਸਾਡੀ ਜ਼ਿੰਦਗੀ ਦਾ ਮਕਸਦ ਯਹੋਵਾਹ ਦੀ ਵਡਿਆਈ ਕਰਨੀ ਹੈ।—ਜ਼ਬੂਰਾਂ ਦੀ ਪੋਥੀ 115:17.
9:12. ਯਹੋਵਾਹ “ਮਸਕੀਨਾਂ ਦੀ ਦੁਹਾਈ” ਨੂੰ ਸੁਣਦਾ ਹੈ, ਇਸ ਲਈ ਉਹ ਖ਼ੂਨੀਆਂ ਦੀ ਪੁੱਛ-ਗਿੱਛ ਕਰ ਕੇ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ।
15:2, 3; 24:3-5. ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ। ਸਾਨੂੰ ਨਾ ਤਾਂ ਝੂਠੀ ਸੌਂਹ ਖਾਣੀ ਚਾਹੀਦੀ ਹੈ ਤੇ ਨਾ ਹੀ ਚੁਗ਼ਲੀ ਕਰ ਕੇ ਦੂਸਰਿਆਂ ਬਾਰੇ ਝੂਠੀਆਂ ਅਫ਼ਵਾਹਾਂ ਫੈਲਾਉਣੀਆਂ ਚਾਹੀਦੀਆਂ ਹਨ।
15:4. ਜੇਕਰ ਸਾਡਾ ਕੋਈ ਵਾਅਦਾ ਪਰਮੇਸ਼ੁਰ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਦਾ, ਤਾਂ ਭਾਵੇਂ ਉਸ ਨੂੰ ਪੂਰਾ ਕਰਨਾ ਕਿੰਨਾ ਵੀ ਮੁਸ਼ਕਲ ਕਿਉਂ ਨਾ ਹੋਵੇ ਸਾਨੂੰ ਉਸ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।
15:5. ਯਹੋਵਾਹ ਦੇ ਭਗਤ ਹੋਣ ਦੇ ਨਾਤੇ ਸਾਨੂੰ ਪੈਸੇ ਦੇ ਮਾਮਲੇ ਵਿਚ ਬੇਈਮਾਨੀ ਨਹੀਂ ਕਰਨੀ ਚਾਹੀਦੀ।
17:14, 15. ‘ਸੰਸਾਰੀ ਫਾਨੀ’ ਯਾਨੀ ਇਸ ਦੁਨੀਆਂ ਦੇ ਲੋਕ ਪੈਸਾ ਕਮਾਉਣ ਅਤੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਮਗਨ ਰਹਿੰਦੇ ਹਨ ਤਾਂਕਿ ਉਹ ਆਪਣੇ ਬੱਚਿਆਂ ਲਈ ਕੁਝ ਛੱਡ ਕੇ ਜਾ ਸਕਣ। ਪਰ ਦਾਊਦ ਦੀ ਜ਼ਿੰਦਗੀ ਦਾ ਮੁੱਖ ਮਕਸਦ ਸੀ ਪਰਮੇਸ਼ੁਰ ਨਾਲ ਨੇਕਨਾਮੀ ਖੱਟ ਕੇ ਉਸ ਦੇ “ਮੂੰਹ ਦਾ ਦਰਸ਼ਣ” ਕਰਨਾ ਯਾਨੀ ਉਸ ਦੀ ਮਿਹਰ ਪ੍ਰਾਪਤ ਕਰਨੀ। ਹਰ ਰੋਜ਼ ਸਵੇਰੇ ਜਾਗਣ ਤੇ ਉਹ ਯਹੋਵਾਹ ਦੇ ਵਾਅਦਿਆਂ ਤੇ ਭਰੋਸਿਆਂ ਨੂੰ ਯਾਦ ਕਰ ਕੇ ਖ਼ੁਸ਼ ਹੋ ਜਾਂਦਾ ਸੀ। ਉਹ ਯਹੋਵਾਹ ਦੇ “ਰੂਪ ਨਾਲ ਤ੍ਰਿਪਤ” ਹੁੰਦਾ ਸੀ ਯਾਨੀ ਇਸ ਗੱਲ ਤੇ ਆਨੰਦ ਕਰਦਾ ਸੀ ਕਿ ਯਹੋਵਾਹ ਹਮੇਸ਼ਾ ਉਸ ਦੇ ਨਾਲ ਸੀ। ਕੀ ਸਾਨੂੰ ਵੀ ਦਾਊਦ ਵਾਂਗ ਆਪਣਾ ਧਿਆਨ ਯਹੋਵਾਹ ਦੇ ਵਾਅਦਿਆਂ ਵੱਲ ਨਹੀਂ ਲਾਉਣਾ ਚਾਹੀਦਾ?
19:1-6. ਜੇਕਰ ਬੇਜਾਨ ਸ੍ਰਿਸ਼ਟੀ ਜੋ ਬੋਲ ਨਹੀਂ ਸਕਦੀ ਤੇ ਨਾ ਹੀ ਸੋਚ ਸਕਦੀ ਹੈ, ਪਰਮੇਸ਼ੁਰ ਦੀ ਮਹਿਮਾ ਕਰਦੀ ਹੈ, ਤਾਂ ਕੀ ਸਾਨੂੰ ਇਨਸਾਨਾਂ ਨੂੰ ਆਪਣੀ ਜ਼ਬਾਨ ਨਾਲ ਯਹੋਵਾਹ ਦੀ ਵਡਿਆਈ ਨਹੀਂ ਕਰਨੀ ਚਾਹੀਦੀ?—ਪਰਕਾਸ਼ ਦੀ ਪੋਥੀ 4:11.
19:7-11. ਯਹੋਵਾਹ ਸਾਡੇ ਤੋਂ ਜੋ ਕੁਝ ਚਾਹੁੰਦਾ ਹੈ, ਉਹ ਸਾਡੇ ਭਲੇ ਲਈ ਹੈ।
19:12, 13. ਸਾਨੂੰ ਗ਼ਲਤੀਆਂ ਕਰਨ ਅਤੇ ਹੰਕਾਰ ਵਿਚ ਆ ਕੇ ਕੋਈ ਕੰਮ ਕਰਨ ਤੋਂ ਪਰਹੇਜ਼ ਕਰਨ ਦੀ ਲੋੜ ਹੈ।
19:14. ਸਾਨੂੰ ਆਪਣੇ ਕੰਮਾਂ ਵੱਲ ਧਿਆਨ ਦੇਣ ਤੋਂ ਇਲਾਵਾ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਕੀ ਸੋਚਦੇ ਹਾਂ ਤੇ ਕੀ ਕਹਿੰਦੇ ਹਾਂ।
“ਮੈਨੂੰ ਮੇਰੀ ਸਿਧਿਆਈ ਵਿੱਚ ਤੂੰ ਸੰਭਾਲਦਾ ਹੈਂ”
ਜ਼ਬੂਰ 25 ਤੇ 26 ਤੋਂ ਅਸੀਂ ਦੇਖ ਸਕਦੇ ਹਾਂ ਕਿ ਦਾਊਦ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਦਿਲੀ ਇੱਛਾ ਅਤੇ ਪੱਕਾ ਇਰਾਦਾ ਰੱਖਦਾ ਸੀ। ਉਸ ਨੇ ਕਿਹਾ: “ਮੈਂ ਖਰਾ ਹੀ ਚੱਲਾਂਗਾ।” (ਜ਼ਬੂਰਾਂ ਦੀ ਪੋਥੀ 26:11) ਪ੍ਰਾਰਥਨਾ ਵਿਚ ਆਪਣੇ ਪਾਪਾਂ ਦੀ ਮਾਫ਼ੀ ਮੰਗਦੇ ਹੋਏ ਉਸ ਨੇ ਕਿਹਾ: “ਜਦ ਮੈਂ ਚੁੱਪ ਕਰ ਰਿਹਾ ਮੇਰੀਆਂ ਹੱਡੀਆਂ ਸਾਰਾ ਦਿਨ ਹੂੰਗਣ ਨਾਲ ਗਲ ਗਈਆਂ।” (ਜ਼ਬੂਰਾਂ ਦੀ ਪੋਥੀ 32:3) ਯਹੋਵਾਹ ਦੇ ਵਫ਼ਾਦਾਰ ਭਗਤਾਂ ਨੂੰ ਦਾਊਦ ਨੇ ਯਕੀਨ ਦਿਲਾਇਆ ਕਿ “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।”—ਜ਼ਬੂਰਾਂ ਦੀ ਪੋਥੀ 34:15.
ਉਸ ਸਮੇਂ ਦੇ ਇਸਰਾਏਲੀਆਂ ਲਈ ਅਤੇ ਸਾਡੇ ਵਾਂਗ “ਅੰਤ ਦਿਆਂ ਦਿਨਾਂ” ਵਿਚ ਰਹਿਣ ਵਾਲਿਆਂ ਲਈ 37ਵੇਂ ਜ਼ਬੂਰ ਦੀ ਸਲਾਹ ਕਿੰਨੀ ਫ਼ਾਇਦੇਮੰਦ ਹੈ! (2 ਤਿਮੋਥਿਉਸ 3:1-5) ਜ਼ਬੂਰ 40:7, 8 ਵਿਚ ਯਿਸੂ ਮਸੀਹ ਬਾਰੇ ਭਵਿੱਖਬਾਣੀ ਕੀਤੀ ਗਈ ਹੈ: “ਵੇਖ, ਮੈਂ ਆਇਆ ਹਾਂ। ਪੁਸਤਕ ਦੀ ਪੱਤ੍ਰੀ ਵਿੱਚ ਮੇਰੇ ਲਈ ਲਿਖਿਆ ਹੋਇਆ ਹੈ ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।” ਜ਼ਬੂਰ 41 ਵਿਚ ਦਾਊਦ ਨੇ ਬਥ-ਸ਼ਬਾ ਨਾਲ ਪਾਪ ਕਰਨ ਤੋਂ ਬਾਅਦ ਦੇ ਦੁਖਦਾਈ ਸਾਲਾਂ ਦੌਰਾਨ ਯਹੋਵਾਹ ਤੋਂ ਮਦਦ ਮੰਗੀ। ਤੇ ਯਹੋਵਾਹ ਨੇ ਉਸ ਦੀ ਮਦਦ ਕੀਤੀ ਜਿਸ ਕਰਕੇ ਉਸ ਨੇ ਲਿਖਿਆ: “ਮੈਨੂੰ ਮੇਰੀ ਸਿਧਿਆਈ ਵਿੱਚ ਤੂੰ ਸੰਭਾਲਦਾ ਹੈਂ।”—ਜ਼ਬੂਰਾਂ ਦੀ ਪੋਥੀ 41:12.
ਕੁਝ ਸਵਾਲਾਂ ਦੇ ਜਵਾਬ:
26:6—ਦਾਊਦ ਵਾਂਗ ਅਸੀਂ ਯਹੋਵਾਹ ਦੀ ਜਗਵੇਦੀ ਦੀ ਪਰਦੱਖਣਾ ਕਿਵੇਂ ਕਰਦੇ ਹਾਂ? ਜਗਵੇਦੀ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਯਹੋਵਾਹ ਮਨੁੱਖਜਾਤੀ ਦੀ ਰਿਹਾਈ ਲਈ ਯਿਸੂ ਦੇ ਬਲੀਦਾਨ ਨੂੰ ਮਨਜ਼ੂਰ ਕਰਦਾ ਹੈ। (ਇਬਰਾਨੀਆਂ 8:5; 10:5-10) ਅਸੀਂ ਯਿਸੂ ਦੇ ਬਲੀਦਾਨ ਉੱਤੇ ਨਿਹਚਾ ਕਰ ਕੇ ਯਹੋਵਾਹ ਦੀ ਜਗਵੇਦੀ ਦੀ ਪਰਦੱਖਣਾ ਕਰਦੇ ਹਾਂ।
29:3-9—ਦਾਊਦ ਨੇ ਯਹੋਵਾਹ ਦੀ ਆਵਾਜ਼ ਦੀ ਤੁਲਨਾ ਤੂਫ਼ਾਨੀ ਬੱਦਲਾਂ ਦੀ ਗਰਜ ਨਾਲ ਕਿਉਂ ਕੀਤੀ ਸੀ? ਯਹੋਵਾਹ ਦੀ ਅਥਾਹ ਸ਼ਕਤੀ ਜ਼ਾਹਰ ਕਰਨ ਲਈ!
31:23—ਹੰਕਾਰੀ ਇਨਸਾਨ ਉੱਤੇ ਬਹੁਤ ਵੱਟੇ ਲਾਉਣ ਦਾ ਕੀ ਮਤਲਬ ਹੈ? ਵੱਟੇ ਲਾਉਣ ਦਾ ਮਤਲਬ ਇੱਥੇ ਸਜ਼ਾ ਦੇਣੀ ਹੈ। ਯਹੋਵਾਹ ਬਿਨਾਂ ਸੋਚੇ-ਸਮਝੇ ਕੀਤੀਆਂ ਗ਼ਲਤੀਆਂ ਦੇ ਵੱਟੇ ਧਰਮੀਆਂ ਨੂੰ ਤਾੜਦਾ ਹੈ। ਪਰ ਜਿਹੜਾ ਹੰਕਾਰੀ ਆਪਣੇ ਗ਼ਲਤ ਕੰਮਾਂ ਤੋਂ ਤੋਬਾ ਨਹੀਂ ਕਰਦਾ, ਯਹੋਵਾਹ ਉਸ ਉੱਤੇ ਬਹੁਤ ਵੱਟੇ ਲਾਉਂਦਾ ਹੈ ਯਾਨੀ ਉਸ ਨੂੰ ਸਖ਼ਤ ਸਜ਼ਾ ਦਿੰਦਾ ਹੈ।—1 ਪਤਰਸ 4:18.
33:6—ਇਸ ਆਇਤ ਵਿਚ ਯਹੋਵਾਹ ਦੇ ਮੂੰਹ ਦੇ “ਸਵਾਸ” ਦਾ ਕੀ ਮਤਲਬ ਹੈ? ਇੱਥੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਗੱਲ ਕੀਤੀ ਗਈ ਹੈ ਜਿਸ ਦੇ ਜ਼ਰੀਏ ਉਸ ਨੇ ਆਕਾਸ਼ ਤੇ ਧਰਤੀ ਬਣਾਏ ਸਨ। (ਉਤਪਤ 1:1, 2) ਪਵਿੱਤਰ ਆਤਮਾ ਨੂੰ ਯਹੋਵਾਹ ਦਾ ਸੁਆਸ ਕਹਿਣਾ ਢੁਕਵਾਂ ਹੈ ਕਿਉਂਕਿ ਉਹ ਇਸ ਦੇ ਜ਼ਰੀਏ ਦੂਰੋਂ ਸਭ ਕੁਝ ਕਰ ਸਕਦਾ ਹੈ ਮਾਨੋ ਜ਼ੋਰ ਨਾਲ ਫੂਕ ਮਾਰ ਕੇ।
35:19—ਦਾਊਦ ਦੀ ਇਸ ਬੇਨਤੀ ਦਾ ਕੀ ਮਤਲਬ ਸੀ ਕਿ ਯਹੋਵਾਹ ਉਸ ਦੇ ਦੁਸ਼ਮਣਾਂ ਨੂੰ ਉਸ ਉੱਤੇ ਅੱਖ ਨਾ ਮਟਕਾਉਣ ਦੇਵੇ? ਇੱਥੇ ਅੱਖ ਮਟਕਾਉਣ ਦਾ ਮਤਲਬ ਸੀ ਕਿ ਦਾਊਦ ਦੇ ਦੁਸ਼ਮਣ ਆਪਣੀਆਂ ਸਕੀਮਾਂ ਦੀ ਕਾਮਯਾਬੀ ਕਾਰਨ ਖ਼ੁਸ਼ ਹੋ ਰਹੇ ਸਨ। ਦਾਊਦ ਨੇ ਬੇਨਤੀ ਕੀਤੀ ਕਿ ਯਹੋਵਾਹ ਉਨ੍ਹਾਂ ਦੀਆਂ ਸਕੀਮਾਂ ਨੂੰ ਕਾਮਯਾਬ ਨਾ ਹੋਣ ਦੇਵੇ।
ਸਾਡੇ ਲਈ ਸਬਕ:
26:4. ਸਾਡਾ ਭਲਾ ਇਸੇ ਵਿਚ ਹੈ ਕਿ ਅਸੀਂ ਉਨ੍ਹਾਂ ਧੋਖੇਬਾਜ਼ ਲੋਕਾਂ ਨਾਲ ਸੰਗਤ ਨਾ ਕਰੀਏ ਜੋ ਇੰਟਰਨੈੱਟ ਦੇ ਚੈਟ-ਰੂਮਾਂ ਵਿਚ ਆਪਣੀ ਪਛਾਣ ਲੁਕਾਉਂਦੇ ਹਨ, ਜੋ ਸਕੂਲ ਵਿਚ ਜਾਂ ਕੰਮ ਦੀ ਜਗ੍ਹਾ ਤੇ ਸਾਡਾ ਫ਼ਾਇਦਾ ਉਠਾਉਣ ਲਈ ਸਾਡੇ ਨਾਲ ਦੋਸਤੀ ਕਰਦੇ ਹਨ, ਜੋ ਮਿੱਠੀਆਂ-ਮਿੱਠੀਆਂ ਗੱਲਾਂ ਕਰ ਕੇ ਸਾਨੂੰ ਸੱਚਾਈ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਜੋ ਕਹਿਣ ਨੂੰ ਸੱਚਾਈ ਵਿਚ ਹਨ ਪਰ ਦੁਨੀਆਂ ਦੇ ਤੌਰ-ਤਰੀਕੇ ਅਪਣਾਉਂਦੇ ਹਨ।
26:7, 12; 35:18; 40:9. ਸਾਨੂੰ ਆਪਣੇ ਮਸੀਹੀ ਭੈਣ-ਭਾਈਆਂ ਨਾਲ ਮਿਲ ਕੇ ਸਭਾਵਾਂ ਵਿਚ ਯਹੋਵਾਹ ਦੀ ਵਡਿਆਈ ਕਰਨੀ ਚਾਹੀਦੀ ਹੈ।
26:8; 27:4. ਕੀ ਅਸੀਂ ਮਸੀਹੀ ਮੀਟਿੰਗਾਂ ਵਿਚ ਜਾਣਾ ਪਸੰਦ ਕਰਦੇ ਹਾਂ?
26:11. ਖਰਿਆਈ ਵਿਚ ਚੱਲਦੇ ਰਹਿਣ ਦਾ ਆਪਣਾ ਪੱਕਾ ਇਰਾਦਾ ਜ਼ਾਹਰ ਕਰਨ ਦੇ ਨਾਲ-ਨਾਲ ਦਾਊਦ ਨੇ ਯਹੋਵਾਹ ਅੱਗੇ ਪਾਪਾਂ ਤੋਂ ਛੁਟਕਾਰੇ ਲਈ ਵੀ ਪ੍ਰਾਰਥਨਾ ਕੀਤੀ। ਜੀ ਹਾਂ, ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹਾਂ।
29:10. ਇਸ ਆਇਤ ਵਿਚ ਕਿਹਾ ਗਿਆ ਹੈ ਕਿ ਯਹੋਵਾਹ “ਜਲ ਪਰਲੋ” ਉੱਤੇ ਬੈਠਾ ਹੈ। ਇਸ ਦਾ ਮਤਲਬ ਹੈ ਕਿ ਉਸ ਦਾ ਆਪਣੀ ਤਾਕਤ ਉੱਤੇ ਪੂਰਾ ਕੰਟ੍ਰੋਲ ਹੈ।
30:5. ਯਹੋਵਾਹ ਦਾ ਪ੍ਰਮੁੱਖ ਗੁਣ ਪਿਆਰ ਹੈ, ਨਾ ਕਿ ਕ੍ਰੋਧ।
32:9. ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਕਿਸੇ ਘੋੜੇ ਜਾਂ ਖੱਚਰ ਵਰਗੇ ਬਣੀਏ ਜੋ ਲਗਾਮ ਤੇ ਚਾਬੁਕ ਤੋਂ ਬਿਨਾਂ ਕਾਬੂ ਨਹੀਂ ਹੁੰਦੇ। ਇਸ ਦੀ ਬਜਾਇ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਮਰਜ਼ੀ ਜਾਣ ਕੇ ਖ਼ੁਸ਼ੀ ਨਾਲ ਉਸ ਦਾ ਕਿਹਾ ਮੰਨੀਏ।
33:17-19. ਕੋਈ ਵੀ ਇਨਸਾਨੀ ਚੀਜ਼ ਜਾਂ ਪ੍ਰਬੰਧ ਸਾਨੂੰ ਪਾਪ ਤੇ ਮੌਤ ਤੋਂ ਨਹੀਂ ਬਚਾ ਸਕਦੀ। ਸਾਨੂੰ ਯਹੋਵਾਹ ਅਤੇ ਉਸ ਦੇ ਰਾਜ ਤੇ ਭਰੋਸਾ ਰੱਖਣ ਦੀ ਲੋੜ ਹੈ।
34:10. ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਵਾਲਿਆਂ ਨੂੰ ਇਸ ਆਇਤ ਤੋਂ ਕਿੰਨਾ ਹੌਸਲਾ ਮਿਲਦਾ ਹੈ!
39:1, 2. ਜੇ ਦੁਸ਼ਟ ਲੋਕ ਸਾਡੇ ਭੈਣ-ਭਾਈਆਂ ਨੂੰ ਹਾਨੀ ਪਹੁੰਚਾਉਣ ਲਈ ਸਾਡੇ ਤੋਂ ਕੁਝ ਪੁੱਛਣ, ਤਾਂ ਚੰਗਾ ਹੋਵੇਗਾ ਕਿ ਅਸੀਂ ‘ਲਗਾਮ ਆਪਣੇ ਮੂੰਹ ਵਿੱਚ ਰੱਖੀਏ’ ਤੇ ਚੁੱਪ ਰਹੀਏ।
40:1, 2. ਯਹੋਵਾਹ ਤੇ ਭਰੋਸਾ ਰੱਖ ਕੇ ਅਸੀਂ ਡਿਪਰੈਸ਼ਨ ਦੇ “ਭਿਆਣਕ ਟੋਏ ਵਿੱਚੋਂ ਸਗੋਂ ਚਿੱਕੜ ਦੀ ਖੁੱਭਣ ਵਿੱਚੋਂ” ਨਿਕਲ ਸਕਦੇ ਹਾਂ।
40:5, 12. ਜੇਕਰ ਅਸੀਂ ਯਾਦ ਰੱਖੀਏ ਕਿ ਯਹੋਵਾਹ ਦੀਆਂ ਬਰਕਤਾਂ “ਲੇਖਿਓਂ ਬਾਹਰ ਹਨ,” ਤਾਂ ਕੋਈ ਵੀ ਮੁਸੀਬਤ ਜਾਂ ਸਾਡੀ ਕੋਈ ਕਮਜ਼ੋਰੀ ਸਾਨੂੰ ਢਾਹ ਨਹੀਂ ਸਕੇਗੀ।
“ਯਹੋਵਾਹ ਮੁਬਾਰਕ ਹੋਵੇ”
ਜ਼ਬੂਰਾਂ ਦੀ ਪੋਥੀ ਦੇ ਪਹਿਲੇ ਭਾਗ ਦੇ ਇਨ੍ਹਾਂ 41 ਜ਼ਬੂਰਾਂ ਤੋਂ ਸਾਨੂੰ ਕਿੰਨਾ ਦਿਲਾਸਾ ਤੇ ਉਤਸ਼ਾਹ ਮਿਲਦਾ ਹੈ! ਭਾਵੇਂ ਅਸੀਂ ਕੋਈ ਦੁੱਖ-ਤਕਲੀਫ਼ ਝੱਲ ਰਹੇ ਹੋਈਏ ਜਾਂ ਪਾਪ ਕਰਨ ਕਰਕੇ ਸਾਡੀ ਜ਼ਮੀਰ ਸਾਨੂੰ ਕੋਸ ਰਹੀ ਹੋਵੇ, ਫਿਰ ਵੀ ਅਸੀਂ ਪਰਮੇਸ਼ੁਰ ਦੇ ਬਚਨ ਵਿਚ ਦਰਜ ਇਨ੍ਹਾਂ ਜ਼ਬੂਰਾਂ ਤੋਂ ਤਾਕਤ ਹਾਸਲ ਕਰ ਸਕਦੇ ਹਾਂ। (ਇਬਰਾਨੀਆਂ 4:12) ਇਨ੍ਹਾਂ ਜ਼ਬੂਰਾਂ ਤੋਂ ਸਾਨੂੰ ਸਹੀ ਰਾਹ ਤੇ ਚੱਲਣ ਬਾਰੇ ਵਧੀਆ ਸਲਾਹ ਮਿਲਦੀ ਹੈ। ਸਾਨੂੰ ਵਾਰ-ਵਾਰ ਯਕੀਨ ਦਿਲਾਇਆ ਜਾਂਦਾ ਹੈ ਕਿ ਭਾਵੇਂ ਅਸੀਂ ਕਿੰਨੀਆਂ ਵੀ ਮੁਸੀਬਤਾਂ ਕਿਉਂ ਨਾ ਸਹਿ ਰਹੇ ਹੋਈਏ, ਪਰ ਯਹੋਵਾਹ ਸਾਨੂੰ ਕਦੇ ਨਹੀਂ ਤਿਆਗੇਗਾ।
ਜ਼ਬੂਰਾਂ ਦੀ ਪੋਥੀ ਦੇ ਪਹਿਲੇ ਭਾਗ ਦੇ ਅਖ਼ੀਰ ਵਿਚ ਲਿਖਿਆ ਹੈ: “ਆਦ ਤੋਂ ਅੰਤ ਤੀਕ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਮੁਬਾਰਕ ਹੋਵੇ, ਆਮੀਨ, ਫੇਰ ਆਮੀਨ!” (ਜ਼ਬੂਰਾਂ ਦੀ ਪੋਥੀ 41:13) ਇਨ੍ਹਾਂ 41 ਜ਼ਬੂਰਾਂ ਤੇ ਗੌਰ ਕਰਨ ਤੋਂ ਬਾਅਦ ਕੀ ਸਾਡਾ ਦਿਲ ਨਹੀਂ ਕਹਿੰਦਾ ਕਿ ਅਸੀਂ ਵੀ ਯਹੋਵਾਹ ਨੂੰ ਮੁਬਾਰਕ ਆਖੀਏ?
[ਫੁਟਨੋਟ]
[ਸਫ਼ਾ 19 ਉੱਤੇ ਸੁਰਖੀ]
ਜੇਕਰ ਬੇਜਾਨ ਸ੍ਰਿਸ਼ਟੀ ਯਹੋਵਾਹ ਦੀ ਮਹਿਮਾ ਕਰ ਸਕਦੀ ਹੈ, ਤਾਂ ਸਾਨੂੰ ਉਸ ਦੀ ਮਹਿਮਾ ਹੋਰ ਵੀ ਜ਼ਿਆਦਾ ਕਰਨੀ ਚਾਹੀਦੀ ਹੈ!
[ਸਫ਼ਾ 17 ਉੱਤੇ ਤਸਵੀਰ]
ਪਹਿਲੇ 41 ਜ਼ਬੂਰਾਂ ਵਿੱਚੋਂ ਤਕਰੀਬਨ ਸਾਰੇ ਜ਼ਬੂਰ ਦਾਊਦ ਨੇ ਲਿਖੇ ਸਨ
[ਸਫ਼ਾ 18 ਉੱਤੇ ਤਸਵੀਰ]
ਕੀ ਤੁਹਾਨੂੰ ਪਤਾ ਹੈ ਕਿ ਕਿਹੜੇ ਜ਼ਬੂਰ ਵਿਚ ਯਹੋਵਾਹ ਨੂੰ ਅਯਾਲੀ ਕਿਹਾ ਗਿਆ ਹੈ?
[ਸਫ਼ਾ 20 ਉੱਤੇ ਤਸਵੀਰ]
ਹਰ ਰੋਜ਼ ਯਹੋਵਾਹ ਦੇ ਬਚਨ ਵੱਲ ਧਿਆਨ ਦਿਓ
[ਸਫ਼ਾ 17 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Stars: Courtesy United States Naval Observatory
[ਸਫ਼ਾ 19 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Stars, pages 18 and 19: Courtesy United States Naval Observatory
[ਸਫ਼ਾ 20 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Stars: Courtesy United States Naval Observatory