ਬਾਈਬਲ ਦੀ ਤਸਵੀਰੀ ਭਾਸ਼ਾ—ਕੀ ਤੁਸੀਂ ਇਸ ਨੂੰ ਸਮਝਦੇ ਹੋ?
ਇਕ ਤਸਵੀਰ ਸ਼ਾਇਦ ਹਜ਼ਾਰ ਸ਼ਬਦਾਂ ਦੇ ਬਰਾਬਰ ਹੋਵੇ, ਪਰ ਕਈ ਵਾਰ ਇਕ ਜਾਂ ਦੋ ਸ਼ਬਦਾਂ ਰਾਹੀਂ ਮਨ ਵਿਚ ਵਧੀਆ ਤਸਵੀਰ ਖਿੱਚੀ ਜਾ ਸਕਦੀ ਹੈ। ਪੂਰੀ ਬਾਈਬਲ ਵਿਚ ਤਸਵੀਰੀ ਭਾਸ਼ਾ ਵਰਤੀ ਗਈ ਹੈ ਜੋ ਪੜ੍ਹਨ ਵਾਲੇ ਦੇ ਮਨ ਵਿਚ ਤਸਵੀਰਾਂ ਖਿੱਚਦੀ ਹੈ। ਮਿਸਾਲ ਲਈ, ਇਕ ਵਾਰ ਪਹਾੜੀ ਉੱਤੇ ਭਾਸ਼ਣ ਦਿੰਦੇ ਸਮੇਂ ਯਿਸੂ ਨੇ ਆਪਣੇ ਸ਼ਬਦਾਂ ਰਾਹੀਂ 50 ਤੋਂ ਜ਼ਿਆਦਾ ਤਸਵੀਰਾਂ ਖਿੱਚੀਆਂ।
ਤੁਹਾਨੂੰ ਬਾਈਬਲ ਦੀ ਤਸਵੀਰੀ ਭਾਸ਼ਾ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ? ਇਕ ਕਾਰਨ ਇਹ ਹੈ ਕਿ ਇਸ ਨੂੰ ਚੰਗੀ ਤਰ੍ਹਾਂ ਸਮਝ ਕੇ ਤੁਹਾਨੂੰ ਬਾਈਬਲ ਪੜ੍ਹਨ ਵੇਲੇ ਜ਼ਿਆਦਾ ਮਜ਼ਾ ਆਵੇਗਾ ਅਤੇ ਤੁਸੀਂ ਪਰਮੇਸ਼ੁਰ ਦੇ ਬਚਨ ਲਈ ਆਪਣੀ ਕਦਰ ਵਧਾ ਸਕੋਗੇ। ਇਸ ਤੋਂ ਇਲਾਵਾ ਜੇ ਤੁਸੀਂ ਇਨ੍ਹਾਂ ਤਸਵੀਰਾਂ ਨੂੰ ਸਹੀ ਤਰ੍ਹਾਂ ਸਮਝ ਸਕੋ, ਤਾਂ ਤੁਸੀਂ ਬਾਈਬਲ ਦੇ ਸੰਦੇਸ਼ ਨੂੰ ਵੀ ਬਿਹਤਰ ਤਰੀਕੇ ਨਾਲ ਸਮਝ ਸਕੋਗੇ। ਅਸਲ ਵਿਚ ਜੇ ਤੁਸੀਂ ਬਾਈਬਲ ਵਿਚ ਤਸਵੀਰੀ ਭਾਸ਼ਾ ਨੂੰ ਨਾ ਸਮਝ ਪਾਓ, ਤਾਂ ਤੁਸੀਂ ਨਾ ਸਿਰਫ਼ ਉਲਝਣ ਵਿਚ ਪਓਗੇ, ਪਰ ਗ਼ਲਤ ਸਿੱਟਿਆਂ ʼਤੇ ਵੀ ਪਹੁੰਚੋਗੇ।
ਤਸਵੀਰੀ ਭਾਸ਼ਾ ਨੂੰ ਸਮਝਣਾ
ਤਸਵੀਰੀ ਭਾਸ਼ਾ ਵਿਚ ਇਕ ਗੱਲ ਦੀ ਦੂਜੀ ਗੱਲ ਨਾਲ ਤੁਲਨਾ ਕੀਤੀ ਜਾਂਦੀ ਹੈ। ਜਿਸ ਗੱਲ ਦੀ ਤੁਲਨਾ ਹੁੰਦੀ ਹੈ ਉਸ ਨੂੰ ਵਿਸ਼ਾ ਕਿਹਾ ਜਾਂਦਾ ਹੈ ਅਤੇ ਜਿਸ ਗੱਲ ਨਾਲ ਤੁਲਨਾ ਕੀਤੀ ਜਾਂਦੀ ਹੈ ਉਸ ਨੂੰ ਤਸਵੀਰ ਕਿਹਾ ਜਾਂਦਾ ਹੈ। ਇਨ੍ਹਾਂ ਦੋਹਾਂ ਗੱਲਾਂ ਵਿਚਕਾਰ ਮਿਲਦੀ-ਜੁਲਦੀ ਗੱਲ ਹੁੰਦੀ ਹੈ। ਇਸ ਲਈ ਤਸਵੀਰੀ ਭਾਸ਼ਾ ਨੂੰ ਸਮਝਣ ਵਾਸਤੇ ਤੁਹਾਨੂੰ ਇਨ੍ਹਾਂ ਤਿੰਨਾਂ ਗੱਲਾਂ ਨੂੰ ਪਛਾਣਨ ਅਤੇ ਸਮਝਣ ਦੀ ਲੋੜ ਹੈ।
ਕਈ ਵਾਰ ਵਿਸ਼ਾ ਅਤੇ ਤਸਵੀਰ ਨੂੰ ਪਛਾਣਨਾ ਸੌਖਾ ਹੁੰਦਾ ਹੈ। ਪਰ ਮਿਲਦੀ-ਜੁਲਦੀ ਗੱਲ ਪਛਾਣਨੀ ਸ਼ਾਇਦ ਔਖੀ ਹੋਵੇ। ਮਿਲਦੀ-ਜੁਲਦੀ ਗੱਲ ਸਮਝਣ ਵਿਚ ਤੁਹਾਡੀ ਮਦਦ ਕਿੱਦਾਂ ਹੋ ਸਕਦੀ ਹੈ? ਕਈ ਵਾਰ ਬਾਈਬਲ ਵਿਚ ਆਲੇ-ਦੁਆਲੇ ਦੀਆਂ ਆਇਤਾਂ ਪੜ੍ਹ ਕੇ ਜਵਾਬ ਮਿਲ ਜਾਂਦਾ ਹੈ।a
ਮਿਸਾਲ ਲਈ, ਯਿਸੂ ਨੇ ਸਾਰਦੀਸ ਦੀ ਕਲੀਸਿਯਾ ਨੂੰ ਕਿਹਾ: “ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਙੁ ਆਵਾਂਗਾ।” ਇੱਥੇ ਯਿਸੂ ਨੇ ਆਪਣੇ ਆਉਣ (ਵਿਸ਼ਾ) ਦੀ ਤੁਲਨਾ ਚੋਰ (ਤਸਵੀਰ) ਦੇ ਆਉਣ ਨਾਲ ਕੀਤੀ ਸੀ। ਪਰ ਮਿਲਦੀ-ਜੁਲਦੀ ਗੱਲ ਕੀ ਹੈ? ਆਲੇ-ਦੁਆਲੇ ਦੀਆਂ ਆਇਤਾਂ ਸਾਡੀ ਮਦਦ ਕਰਦੀਆਂ ਹਨ। ਯਿਸੂ ਨੇ ਅੱਗੇ ਕਿਹਾ: “ਤੈਨੂੰ ਮੂਲੋਂ ਪਤਾ ਨਾ ਹੋਵੇਗਾ ਜੋ ਮੈਂ ਤੇਰੇ ਉੱਪਰ ਕਿਹੜੀ ਘੜੀ ਆ ਪਵਾਂਗਾ।” (ਪਰਕਾਸ਼ ਦੀ ਪੋਥੀ 3:3) ਸੋ ਮਿਲਦੀ-ਜੁਲਦੀ ਗੱਲ ਇਹ ਨਹੀਂ ਸੀ ਕਿ ਯਿਸੂ ਕਿਉਂ ਆ ਰਿਹਾ ਸੀ, ਮਤਲਬ ਉਹ ਕੁਝ ਚੋਰੀ ਕਰਨ ਨਹੀਂ ਆ ਰਿਹਾ ਸੀ। ਬਲਕਿ ਉਹ ਕਹਿ ਰਿਹਾ ਸੀ ਕਿ ਉਹ ਕਿਸੇ ਦੇ ਜਾਣੇ ਬਗੈਰ ਚੋਰੀ-ਚੋਰੀ ਆਵੇਗਾ।
ਕਦੀ-ਕਦੀ ਬਾਈਬਲ ਦੇ ਇਕ ਹਿੱਸੇ ਵਿਚ ਵਰਤੀ ਤਸਵੀਰੀ ਭਾਸ਼ਾ ਬਾਈਬਲ ਦੇ ਦੂਜੇ ਹਿੱਸੇ ਨੂੰ ਸਮਝਣ ਵਿਚ ਮਦਦ ਕਰ ਸਕਦੀ ਹੈ। ਮਿਸਾਲ ਲਈ, ਪੌਲੁਸ ਰਸੂਲ ਨੇ ਚੋਰ ਬਾਰੇ ਉਹੀ ਤਸਵੀਰੀ ਭਾਸ਼ਾ ਵਰਤੀ ਸੀ ਜੋ ਯਿਸੂ ਨੇ ਵਰਤੀ ਸੀ ਜਦ ਉਸ ਨੇ ਕਿਹਾ: “ਤੁਸੀਂ ਆਪ ਠੀਕ ਤਰਾਂ ਜਾਣਦੇ ਹੋ ਭਈ ਪ੍ਰਭੁ ਦਾ ਦਿਨ ਇਸ ਤਰਾਂ ਆਵੇਗਾ ਜਿਸ ਤਰਾਂ ਰਾਤ ਨੂੰ ਚੋਰ।” (1 ਥੱਸਲੁਨੀਕੀਆਂ 5:2) ਇਸ ਆਇਤ ਦੀਆਂ ਆਲੇ-ਦੁਆਲੇ ਦੀਆਂ ਆਇਤਾਂ ਸਾਨੂੰ ਸਾਫ਼-ਸਾਫ਼ ਨਹੀਂ ਦੱਸਦੀਆਂ ਕਿ ਮਿਲਦੀ-ਜੁਲਦੀ ਗੱਲ ਕੀ ਹੈ। ਲੇਕਿਨ ਜੇ ਅਸੀਂ ਇਸ ਤਸਵੀਰ ਦੀ ਤੁਲਨਾ ਪਰਕਾਸ਼ ਦੀ ਪੋਥੀ 3:3 ਵਿਚ ਯਿਸੂ ਦੀ ਗੱਲ ਨਾਲ ਕਰੀਏ, ਤਾਂ ਅਸੀਂ ਇਸ ਨੂੰ ਸਮਝ ਸਕਦੇ ਹਾਂ। ਇਹ ਤਸਵੀਰ ਮਸੀਹੀਆਂ ਨੂੰ ਸਾਫ਼-ਸਾਫ਼ ਯਾਦ ਕਰਾਉਂਦੀ ਹੈ ਕਿ ਦੁਨੀਆਂ ਦਾ ਅੰਤ ਨਜ਼ਦੀਕ ਹੋਣ ਕਰਕੇ ਉਨ੍ਹਾਂ ਨੂੰ ਜਾਗਦੇ ਰਹਿਣ ਦੀ ਲੋੜ ਹੈ।
ਤਸਵੀਰੀ ਭਾਸ਼ਾ ਜੋ ਸਾਨੂੰ ਰੱਬ ਬਾਰੇ ਸਿਖਾਉਂਦੀ ਹੈ
ਕੋਈ ਵੀ ਇਨਸਾਨ ਪੂਰੀ ਤਰ੍ਹਾਂ ਸਮਝ ਨਹੀਂ ਸਕਦਾ ਹੈ ਕਿ ਯਹੋਵਾਹ ਪਰਮੇਸ਼ੁਰ ਕਿਹੋ ਜਿਹਾ ਹੈ ਤੇ ਉਹ ਕੀ ਕਰ ਸਕਦਾ ਹੈ। ਪੁਰਾਣੇ ਜ਼ਮਾਨੇ ਦੇ ਰਾਜਾ ਦਾਊਦ ਨੇ ਲਿਖਿਆ ਕਿ ਯਹੋਵਾਹ ਦੀ “ਮਹਾਨਤਾ ਅਗੰਮ ਹੈ।” (ਜ਼ਬੂਰਾਂ ਦੀ ਪੋਥੀ 145:3) ਪਰਮੇਸ਼ੁਰ ਦੀਆਂ ਕੁਝ ਬਣਾਈਆਂ ਚੀਜ਼ਾਂ ਉੱਤੇ ਗੌਰ ਕਰਨ ਤੋਂ ਬਾਅਦ ਅੱਯੂਬ ਨੇ ਕਿਹਾ: “ਵੇਖੋ, ਏਹ ਉਹ ਦੇ ਰਾਹਾਂ ਦੇ ਕੰਢੇ ਹੀ ਹਨ, ਅਤੇ ਅਸੀਂ ਉਹ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ! ਪਰ ਉਹ ਦੀ ਸਮਰੱਥਾ ਦੀ ਗਰਜ ਕੌਣ ਸਮਝ ਸੱਕਦਾ ਹੈ?”—ਅੱਯੂਬ 26:14.
ਫਿਰ ਵੀ ਬਾਈਬਲ ਤਸਵੀਰੀ ਭਾਸ਼ਾ ਵਰਤ ਕੇ ਸਾਨੂੰ ਕੁਝ ਹੱਦ ਤਕ ਸਾਡੇ ਪਰਮੇਸ਼ੁਰ ਦੇ ਵਧੀਆ ਗੁਣਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਯਹੋਵਾਹ ਨੂੰ ਇਕ ਰਾਜੇ, ਕਾਨੂੰਨ ਬਣਾਉਣ ਵਾਲੇ, ਨਿਆਈ ਅਤੇ ਯੋਧੇ ਵਜੋਂ ਦਿਖਾਇਆ ਗਿਆ ਹੈ, ਮਤਲਬ ਉਹ ਅਜਿਹਾ ਹੈ ਜਿਸ ਦਾ ਸਾਨੂੰ ਆਦਰ ਕਰਨਾ ਚਾਹੀਦਾ ਹੈ। ਉਸ ਨੂੰ ਇਕ ਚਰਵਾਹੇ, ਸਲਾਹਕਾਰ, ਸਿੱਖਿਅਕ, ਤੰਦਰੁਸਤ ਕਰਨ ਵਾਲੇ ਅਤੇ ਬਚਾਉਣ ਵਾਲੇ ਵਜੋਂ ਵੀ ਦਿਖਾਇਆ ਗਿਆ ਹੈ, ਮਤਲਬ ਉਹ ਅਜਿਹਾ ਹੈ ਜਿਸ ਨੂੰ ਅਸੀਂ ਪਿਆਰ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 16:7; 23:1; 32:8; 71:17; 89:26; 103:3; 106:21; ਯਸਾਯਾਹ 33:22; 42:13; ਯੂਹੰਨਾ 6:45) ਇਹ ਸ਼ਬਦ ਸਾਡੇ ਮਨ ਵਿਚ ਕਈ ਸੋਹਣੀਆਂ ਤਸਵੀਰਾਂ ਖਿੱਚਦੇ ਹਨ ਜਿਨ੍ਹਾਂ ਦੀਆਂ ਕਈ ਮਿਲਦੀਆਂ-ਜੁਲਦੀਆਂ ਗੱਲਾਂ ਹਨ। ਅਜਿਹੀ ਤਸਵੀਰੀ ਭਾਸ਼ਾ ਸ਼ਬਦਾਂ ਦੇ ਬਿਆਨ ਨਾਲੋਂ ਬਹੁਤ ਕੁਝ ਸਮਝਾ ਸਕਦੀ ਹੈ।
ਬਾਈਬਲ ਵਿਚ ਯਹੋਵਾਹ ਦੀ ਤੁਲਨਾ ਬੇਜਾਨ ਚੀਜ਼ਾਂ ਨਾਲ ਵੀ ਕੀਤੀ ਜਾਂਦੀ ਹੈ। ਉਸ ਨੂੰ “ਇਸਰਾਏਲ ਦੀ ਚਟਾਨ,” “ਚਟਾਨ” ਅਤੇ “ਗੜ੍ਹ” ਕਿਹਾ ਗਿਆ ਹੈ। (2 ਸਮੂਏਲ 23:3; ਜ਼ਬੂਰਾਂ ਦੀ ਪੋਥੀ 18:2; ਬਿਵਸਥਾ ਸਾਰ 32:4) ਇਸ ਨਾਲ ਮਿਲਦੀ-ਜੁਲਦੀ ਗੱਲ ਕੀ ਹੈ? ਜਿਸ ਤਰ੍ਹਾਂ ਇਕ ਚਟਾਨ ਵੱਡਾ ਅਤੇ ਸਥਿਰ ਹੁੰਦਾ ਹੈ, ਉਸੇ ਤਰ੍ਹਾਂ ਯਹੋਵਾਹ ਪੱਕਾ ਅਤੇ ਸਥਿਰ ਹੈ ਅਤੇ ਇਸ ਕਰਕੇ ਅਸੀਂ ਉਸ ਉੱਤੇ ਭਰੋਸਾ ਰੱਖ ਸਕਦੇ ਹੈ।
ਜ਼ਬੂਰਾਂ ਦੀ ਪੋਥੀ ਵਿਚ ਬਹੁਤ ਸਾਰੀ ਤਸਵੀਰੀ ਭਾਸ਼ਾ ਹੈ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ। ਮਿਸਾਲ ਲਈ, ਜ਼ਬੂਰ 84:11 ਵਿਚ ਲਿਖਿਆ ਹੈ ਕਿ ਯਹੋਵਾਹ “ਸੂਰਜ ਤੇ ਇੱਕ ਢਾਲ” ਹੈ ਕਿਉਂਕਿ ਉਹ ਰੌਸ਼ਨੀ, ਜ਼ਿੰਦਗੀ ਅਤੇ ਤਾਕਤ ਦੇਣ ਵਾਲਾ ਹੈ ਨਾਲੇ ਉਹ ਸਾਡੀ ਰਾਖੀ ਕਰਦਾ ਹੈ। ਦੂਜੇ ਪਾਸੇ, ਜ਼ਬੂਰ 121:5 ਕਹਿੰਦਾ ਹੈ ਕਿ “ਯਹੋਵਾਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ।” ਠੀਕ ਜਿਵੇਂ ਸਾਏ ਹੇਠ ਤਪਦੇ ਸੂਰਜ ਤੋਂ ਸਾਡੀ ਰਾਖੀ ਹੁੰਦੀ ਹੈ ਉਵੇਂ ਯਹੋਵਾਹ ਆਪਣੇ ਸੇਵਕਾਂ ਨੂੰ ਦੁੱਖਾਂ ਦੀ ਤਾਪ ਤੋਂ ਬਚਾ ਕੇ ਆਪਣੇ “ਹੱਥ” ਦੇ ਸਾਏ ਹੇਠ ਜਾਂ “ਖੰਭਾਂ” ਦੀ ਛਾਇਆ ਹੇਠ ਰੱਖਦਾ ਹੈ।—ਯਸਾਯਾਹ 51:16; ਜ਼ਬੂਰਾਂ ਦੀ ਪੋਥੀ 17:8; 36:7.
ਯਿਸੂ ਬਾਰੇ ਤਸਵੀਰੀ ਭਾਸ਼ਾ
ਬਾਈਬਲ ਵਿਚ ਵਾਰ-ਵਾਰ ਯਿਸੂ ਨੂੰ “ਪਰਮੇਸ਼ੁਰ ਦਾ ਪੁੱਤ੍ਰ” ਕਿਹਾ ਗਿਆ ਹੈ। (ਯੂਹੰਨਾ 1:34; 3:16-18) ਦੂਸਰੇ ਧਰਮਾਂ ਦੇ ਕੁਝ ਲੋਕਾਂ ਲਈ ਇਹ ਸਮਝਣਾ ਔਖਾ ਹੈ ਕਿਉਂਕਿ ਪਰਮੇਸ਼ੁਰ ਦੀ ਕੋਈ ਪਤਨੀ ਨਹੀਂ ਤੇ ਉਹ ਮਾਸ ਤੇ ਲਹੂ ਦਾ ਨਹੀਂ ਹੈ। ਇਹ ਗੱਲ ਸਾਫ਼ ਹੈ ਕਿ ਪਰਮੇਸ਼ੁਰ ਇਕ ਇਨਸਾਨ ਦੀ ਤਰ੍ਹਾਂ ਪੁੱਤਰ ਨਹੀਂ ਪੈਦਾ ਕਰਦਾ। ਦਰਅਸਲ ਤਸਵੀਰੀ ਭਾਸ਼ਾ ਵਰਤ ਕੇ ਇਹ ਦਿਖਾਇਆ ਗਿਆ ਹੈ ਕਿ ਪਰਮੇਸ਼ੁਰ ਨਾਲ ਯਿਸੂ ਦਾ ਰਿਸ਼ਤਾ ਇਹੋ ਜਿਹਾ ਹੈ ਜਿਵੇਂ ਇਕ ਇਨਸਾਨੀ ਪੁੱਤਰ ਦਾ ਆਪਣੇ ਪਿਤਾ ਨਾਲ ਹੁੰਦਾ ਹੈ। ਇਹ ਤਸਵੀਰ ਇਸ ਗੱਲ ʼਤੇ ਵੀ ਜ਼ੋਰ ਦਿੰਦੀ ਹੈ ਕਿ ਯਿਸੂ ਨੂੰ ਆਪਣੀ ਜਾਨ ਯਹੋਵਾਹ ਤੋਂ ਮਿਲੀ ਕਿਉਂਕਿ ਉਸ ਨੇ ਯਿਸੂ ਨੂੰ ਰਚਿਆ ਸੀ। ਇਸੇ ਤਰ੍ਹਾਂ ਪਹਿਲੇ ਇਨਸਾਨ ਆਦਮ ਨੂੰ ਵੀ “ਪਰਮੇਸ਼ੁਰ ਦਾ ਪੁੱਤ੍ਰ” ਕਿਹਾ ਗਿਆ ਹੈ।—ਲੂਕਾ 3:38.
ਯਿਸੂ ਨੇ ਤਸਵੀਰੀ ਭਾਸ਼ਾ ਵਰਤ ਕੇ ਦੱਸਿਆ ਸੀ ਕਿ ਉਹ ਪਰਮੇਸ਼ੁਰ ਦੇ ਮਕਸਦ ਪੂਰੇ ਕਰਨ ਵਿਚ ਕੀ-ਕੀ ਕਰਦਾ ਹੈ। ਮਿਸਾਲ ਲਈ, ਉਸ ਨੇ ਕਿਹਾ: “ਮੈਂ ਸੱਚੀ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਪਿਤਾ ਬਾਗਵਾਨ ਹੈ।” ਫਿਰ ਯਿਸੂ ਨੇ ਆਪਣੇ ਚੇਲਿਆਂ ਦੀ ਤੁਲਨਾ ਅੰਗੂਰੀ ਬੇਲ ਦੀਆਂ ਟਹਿਣੀਆਂ ਨਾਲ ਕੀਤੀ। (ਯੂਹੰਨਾ 15:1, 4) ਇਸ ਤਸਵੀਰ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਟਹਿਣੀਆਂ ਨੇ ਜੀਉਂਦੇ ਰਹਿਣਾ ਅਤੇ ਫਲ ਦੇਣਾ ਹੈ, ਤਾਂ ਉਹ ਬੇਲ ਤੋਂ ਜੁਦਾ ਨਹੀਂ ਹੋ ਸਕਦੀਆਂ। ਇਸੇ ਤਰ੍ਹਾਂ ਯਿਸੂ ਦੇ ਚੇਲਿਆਂ ਨੂੰ ਕਦੀ ਵੀ ਉਸ ਤੋਂ ਜੁਦਾ ਨਹੀਂ ਹੋਣਾ ਚਾਹੀਦਾ। ਯਿਸੂ ਨੇ ਕਿਹਾ: “ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸੱਕਦੇ।” (ਯੂਹੰਨਾ 15:5) ਠੀਕ ਜਿਵੇਂ ਬਾਗ਼ਬਾਨ ਉਮੀਦ ਰੱਖਦਾ ਹੈ ਕਿ ਬੇਲ ਫਲ ਦੇਵੇਗੀ, ਉਵੇਂ ਯਹੋਵਾਹ ਉਮੀਦ ਰੱਖਦਾ ਹੈ ਕਿ ਯਿਸੂ ਦੇ ਚੇਲੇ ਵੀ ਚੰਗਾ ਫਲ ਪੈਦਾ ਕਰਨਗੇ।—ਯੂਹੰਨਾ 15:8.
ਮਿਲਦੀ-ਜੁਲਦੀ ਗੱਲ ਨੂੰ ਚੰਗੀ ਤਰ੍ਹਾਂ ਸਮਝੋ
ਹੋ ਸਕਦਾ ਹੈ ਕਿ ਤਸਵੀਰੀ ਭਾਸ਼ਾ ਪੜ੍ਹ ਕੇ ਸਾਨੂੰ ਸਹੀ ਸਮਝ ਨਾ ਆਵੇ ਕਿਉਂਕਿ ਅਸੀਂ ਮਿਲਦੀ-ਜੁਲਦੀ ਗੱਲ ਨੂੰ ਚੰਗੀ ਤਰ੍ਹਾਂ ਨਹੀਂ ਸਮਝੇ। ਰੋਮੀਆਂ 12:20 ਦੀ ਮਿਸਾਲ ਲੈ ਲਓ: “ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਖੁਆ, ਜੇ ਤਿਹਾਇਆ ਹੋਵੇ ਤਾਂ ਉਹ ਨੂੰ ਪਿਆ ਕਿਉਂ ਜੋ ਇਹ ਕਰ ਕੇ ਤੂੰ ਉਹ ਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਵੇਂਗਾ।” ਕੀ ਕਿਸੇ ਦੇ ਸਿਰ ʼਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਉਣ ਦਾ ਮਤਲਬ ਹੈ ਕਿ ਅਸੀਂ ਉਸ ਤੋਂ ਬਦਲਾ ਲੈਣਾ ਹੈ? ਨਹੀਂ, ਗੱਲ ਇਹ ਨਹੀਂ ਹੈ। ਇਹ ਤਸਵੀਰ ਪੁਰਾਣੇ ਜ਼ਮਾਨੇ ਵਿਚ ਧਾਤ ਪਿਘਲਾਉਣ ਦੇ ਤਰੀਕੇ ਤੋਂ ਲਈ ਗਈ ਹੈ। ਲੋਹੇ ਵਰਗੀ ਕੱਚੀ ਧਾਤ ਪਿਘਲਾਉਣ ਲਈ ਭੱਠੀ ਵਿਚ ਧਾਤ ਦੇ ਥੱਲੇ ਅਤੇ ਉਸ ਦੇ ਉੱਪਰ ਵੀ ਕੋਲੇ ਰੱਖੇ ਜਾਂਦੇ ਸਨ। ਇਸ ਤਰ੍ਹਾਂ ਧਾਤ ਪਿਘਲ ਜਾਂਦੀ ਸੀ ਤੇ ਉਸ ਤੋਂ ਮੈਲ ਵੱਖਰੀ ਹੋ ਜਾਂਦੀ ਸੀ। ਸੋ ਦੂਸਰਿਆਂ ਉੱਤੇ ਦਇਆ ਕਰ ਕੇ ਅਸੀਂ ਉਨ੍ਹਾਂ ਦੇ ਦਿਲ ਨੂੰ ਪਿਘਲ ਸਕਦੇ ਹਾਂ ਅਤੇ ਉਨ੍ਹਾਂ ਦੇ ਚੰਗੇ ਗੁਣ ਬਾਹਰ ਕੱਢ ਸਕਦੇ ਹਾਂ।
ਜਦ ਅਸੀਂ ਤਸਵੀਰੀ ਭਾਸ਼ਾ ਸਮਝਦੇ ਹਾਂ, ਤਾਂ ਨਾ ਸਿਰਫ਼ ਸਾਨੂੰ ਕੋਈ ਗੱਲ ਸਾਫ਼ ਪਤਾ ਲੱਗਦੀ ਹੈ, ਪਰ ਸਾਡੇ ਦਿਲ ʼਤੇ ਵੀ ਇਸ ਦਾ ਅਸਰ ਪੈਂਦਾ ਹੈ। ਅਸੀਂ ਸਮਝ ਜਾਂਦੇ ਹਾਂ ਜਦ ਪਾਪ ਦੇ ਬੋਝ ਦੀ ਤੁਲਨਾ ਕਰਜ਼ ਨਾਲ ਕੀਤੀ ਜਾਂਦੀ ਹੈ। (ਲੂਕਾ 11:4) ਫਿਰ ਜਦ ਯਹੋਵਾਹ ਸਾਡੇ ਕਰਜ਼ ਸਾਡੇ ਲੇਖੇ ਲਾਉਣ ਦੀ ਬਜਾਇ ਉਨ੍ਹਾਂ ਨੂੰ ਮਾਫ਼ ਕਰ ਦਿੰਦਾ ਹੈ, ਤਾਂ ਸਾਨੂੰ ਕਿੰਨੀ ਰਾਹਤ ਮਿਲਦੀ ਹੈ! ਜਦ ਸਾਨੂੰ ਦੱਸਿਆ ਜਾਂਦਾ ਹੈ ਕਿ ਪਰਮੇਸ਼ੁਰ ਸਾਡੇ ਪਾਪ ‘ਢੱਕ ਦਿੰਦਾ’ ਹੈ ਜਾਂ ਉਨ੍ਹਾਂ ਨੂੰ ‘ਮਿਟਾ ਦਿੰਦਾ’ ਹੈ, ਤਾਂ ਸਾਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ ਉਹ ਅਗਾਹਾਂ ਨੂੰ ਸਾਨੂੰ ਸਾਡੇ ਪਾਪਾਂ ਦੀ ਸਜ਼ਾ ਨਹੀਂ ਦੇਵੇਗਾ। (ਜ਼ਬੂਰਾਂ ਦੀ ਪੋਥੀ 32:1, 2; ਰਸੂਲਾਂ ਦੇ ਕਰਤੱਬ 3:19) ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਭਾਵੇਂ ਸਾਡੇ ਪਾਪ ਲਾਲ ਰੰਗ ਵਰਗੇ ਹੋਣ, ਪਰ ਯਹੋਵਾਹ ਉਨ੍ਹਾਂ ਨੂੰ ਬਰਫ਼ ਵਾਂਗ ਚਿੱਟੇ ਕਰ ਸਕਦੇ ਹਾਂ!—ਯਸਾਯਾਹ 1:18.
ਪਰਮੇਸ਼ੁਰ ਦੇ ਬਚਨ, ਬਾਈਬਲ, ਵਿਚ ਤਸਵੀਰੀ ਭਾਸ਼ਾ ਦੀਆਂ ਇਹ ਸਿਰਫ਼ ਚੰਨ ਮਿਸਾਲਾਂ ਹਨ। ਸੋ ਜਦ ਤੁਸੀਂ ਬਾਈਬਲ ਪੜ੍ਹਦੇ ਹੋ, ਤਾਂ ਤਸਵੀਰੀ ਭਾਸ਼ਾ ਵੱਲ ਖ਼ਾਸ ਧਿਆਨ ਦਿਓ। ਮਿਲਦੀਆਂ-ਜੁਲਦੀਆਂ ਗੱਲਾਂ ਸਮਝਣ ਦੀ ਪੂਰੀ ਕੋਸ਼ਿਸ਼ ਕਰੋ ਅਤੇ ਇਨ੍ਹਾਂ ਉੱਤੇ ਮਨਨ ਕਰੋ। ਇਸ ਤਰ੍ਹਾਂ ਕਰ ਕੇ ਤੁਸੀਂ ਬਾਈਬਲ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੋਗੇ ਅਤੇ ਉਸ ਦੀ ਕਦਰ ਕਰ ਸਕੋਗੇ। (w09 5/1)
[ਫੁਟਨੋਟ]
a ਇਨਸਾਈਟ ਔਨ ਦ ਸਕ੍ਰਿਪਚਰਸ ਨਾਂ ਦੀਆਂ ਦੋ ਕਿਤਾਬਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ। ਇਨ੍ਹਾਂ ਵਿਚ ਕਾਫ਼ੀ ਜਾਣਕਾਰੀ ਪਾਈ ਜਾਂਦੀ ਹੈ ਜੋ ਮਿਲਦੀ-ਜੁਲਦੀ ਗੱਲ ਸਮਝਣ ਵਿਚ ਸਾਡੀ ਮਦਦ ਕਰ ਸਕਦੀ ਹੈ।
[ਸਫ਼ਾ 19 ਉੱਤੇ ਡੱਬੀ]
ਤਸਵੀਰੀ ਭਾਸ਼ਾ ਕਿਵੇਂ ਮਦਦ ਕਰਦੀ ਹੈ
ਤਸਵੀਰੀ ਭਾਸ਼ਾ ਕਈ ਤਰੀਕਿਆਂ ਨਾਲ ਸਾਡੀ ਮਦਦ ਕਰ ਸਕਦੀ ਹੈ। ਜੇ ਕੋਈ ਗੱਲ ਸਮਝਣੀ ਔਖੀ ਹੋਵੇ, ਤਾਂ ਉਸ ਦੀ ਤੁਲਨਾ ਅਜਿਹੀ ਚੀਜ਼ ਨਾਲ ਕੀਤੀ ਜਾ ਸਕਦੀ ਹੈ ਜੋ ਸਮਝਣੀ ਸੌਖੀ ਹੈ। ਮਨ ਵਿਚ ਇਕ ਤਸਵੀਰ ਖਿੱਚ ਕੇ ਕਿਸੇ ਵਿਸ਼ੇ ਬਾਰੇ ਕਈ ਗੱਲਾਂ ਸਮਝਾਈਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਜ਼ਰੂਰੀ ਗੱਲਾਂ ਉੱਤੇ ਜ਼ੋਰ ਦਿੱਤਾ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਜ਼ਿਆਦਾ ਦਿਲਕਸ਼ ਬਣਾਇਆ ਜਾ ਸਕਦਾ ਹੈ।
[ਸਫ਼ਾ 20 ਉੱਤੇ ਡੱਬੀ]
ਵੱਖ-ਵੱਖ ਗੱਲਾਂ ਦੀ ਪਛਾਣ ਕਰੋ
ਤਸਵੀਰੀ ਭਾਸ਼ਾ: “ਤੁਸੀਂ ਧਰਤੀ ਦੇ ਲੂਣ ਹੋ।” (ਮੱਤੀ 5:13)
ਵਿਸ਼ਾ: ਤੁਸੀਂ (ਯਿਸੂ ਦੇ ਚੇਲੇ)
ਤਸਵੀਰ: ਲੂਣ
ਇਸ ਆਇਤ ਵਿਚ ਮਿਲਦੀ-ਜੁਲਦੀ ਗੱਲ: ਖ਼ਰਾਬ ਹੋ ਜਾਣ ਵਾਲੀਆਂ ਚੀਜ਼ਾਂ ਦਾ ਬਚਾਅ
ਸਬਕ: ਯਿਸੂ ਦੇ ਚੇਲੇ ਅਜਿਹੇ ਸੰਦੇਸ਼ ਦਾ ਪ੍ਰਚਾਰ ਕਰ ਰਹੇ ਸਨ ਜੋ ਲੋਕਾਂ ਦੀਆਂ ਜਾਨਾਂ ਬਚਾ ਸਕਦਾ ਸੀ
[ਸਫ਼ਾ 21 ਉੱਤੇ ਸੁਰਖੀ]
“ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ।” ਜ਼ਬੂਰ 23:1