ਅਧਿਐਨ ਲੇਖ 38
ਆਪਣੇ ਆਪ ਨੂੰ ਭਰੋਸੇਯੋਗ ਸਾਬਤ ਕਰੋ
“ਭਰੋਸੇਯੋਗ ਇਨਸਾਨ ਰਾਜ਼ ਨੂੰ ਰਾਜ਼ ਹੀ ਰੱਖਦਾ ਹੈ।”—ਕਹਾ. 11:13.
ਗੀਤ 101 ਏਕਤਾ ਬਣਾਈ ਰੱਖੋ
ਖ਼ਾਸ ਗੱਲਾਂa
1. ਕਿਹੜਾ ਇਨਸਾਨ ਭਰੋਸੇਯੋਗ ਹੁੰਦਾ ਹੈ?
ਭਰੋਸੇਯੋਗ ਇਨਸਾਨ ਉਹ ਹੁੰਦਾ ਹੈ ਜੋ ਹਮੇਸ਼ਾ ਆਪਣੇ ਵਾਅਦੇ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਅਤੇ ਜੋ ਸੱਚ ਬੋਲਦਾ ਹੈ। (ਜ਼ਬੂ. 15:4) ਜਦੋਂ ਅਸੀਂ ਕਿਸੇ ਭਰੋਸੇਯੋਗ ਵਿਅਕਤੀ ਨੂੰ ਕੋਈ ਕੰਮ ਕਹਿੰਦੇ ਹਾਂ, ਤਾਂ ਸਾਨੂੰ ਪੱਕਾ ਭਰੋਸਾ ਹੁੰਦਾ ਹੈ ਕਿ ਉਹ ਸਾਡਾ ਕੰਮ ਜ਼ਰੂਰ ਕਰੇਗਾ। ਅਸੀਂ ਚਾਹੁੰਦੇ ਹਾਂ ਕਿ ਸਾਡੇ ਭੈਣ-ਭਰਾ ਸਾਡੇ ਬਾਰੇ ਵੀ ਇੱਦਾਂ ਹੀ ਸੋਚਣ। ਪਰ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਉਹ ਸਾਡੇ ʼਤੇ ਭਰੋਸਾ ਕਰਨ?
2. ਭਰੋਸੇਯੋਗ ਬਣਨ ਲਈ ਅਸੀਂ ਕੀ ਕਰ ਸਕਦੇ ਹਾਂ?
2 ਸਿਰਫ਼ ਸਾਡੇ ਕਹਿਣ ਨਾਲ ਹੀ ਲੋਕ ਸਾਡੇ ʼਤੇ ਭਰੋਸਾ ਨਹੀਂ ਕਰਨਗੇ, ਸਗੋਂ ਸਾਨੂੰ ਭਰੋਸੇ ਦੇ ਲਾਇਕ ਕੰਮ ਵੀ ਕਰਨੇ ਪੈਣਗੇ। ਕਿਸੇ ਦਾ ਭਰੋਸਾ ਜਿੱਤਣਾ ਪੈਸੇ ਕਮਾਉਣ ਵਾਂਗ ਹੈ। ਪੈਸੇ ਕਮਾਉਣ ਅਤੇ ਕਿਸੇ ਦਾ ਭਰੋਸਾ ਜਿੱਤਣ ਵਿਚ ਸਮਾਂ ਲੱਗਦਾ ਹੈ ਅਤੇ ਮਿਹਨਤ ਕਰਨੀ ਪੈਂਦੀ ਹੈ। ਨਾਲੇ ਜਿੱਦਾਂ ਮਿੰਟਾਂ-ਸਕਿੰਟਾਂ ਵਿਚ ਹੀ ਪੈਸੇ ਖ਼ਰਚੇ ਜਾ ਸਕਦੇ ਹਨ, ਉਸੇ ਤਰ੍ਹਾਂ ਮਿੰਟਾਂ-ਸਕਿੰਟਾਂ ਵਿਚ ਹੀ ਅਸੀਂ ਕਿਸੇ ਦਾ ਭਰੋਸਾ ਗੁਆ ਸਕਦੇ ਹਾਂ। ਅਸੀਂ ਹਮੇਸ਼ਾ ਯਹੋਵਾਹ ʼਤੇ ਭਰੋਸਾ ਕਰ ਸਕਦੇ ਹਾਂ ਕਿਉਂਕਿ ਉਸ ਨੇ ਸਾਡਾ ਭਰੋਸਾ ਜਿੱਤਿਆ ਹੈ। ਬਾਈਬਲ ਕਹਿੰਦੀ ਹੈ: “ਉਸ ਦੇ ਹਰ ਕੰਮ ʼਤੇ ਭਰੋਸਾ ਕੀਤਾ ਜਾ ਸਕਦਾ ਹੈ।” (ਜ਼ਬੂ. 33:4) ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਵੀ ਉਸ ਦੀ ਮਿਸਾਲ ʼਤੇ ਚੱਲ ਕੇ ਭਰੋਸੇਯੋਗ ਬਣੀਏ। (ਅਫ਼. 5:1) ਆਓ ਆਪਾਂ ਯਹੋਵਾਹ ਦੇ ਉਨ੍ਹਾਂ ਕੁਝ ਸੇਵਕਾਂ ʼਤੇ ਗੌਰ ਕਰੀਏ ਜਿਨ੍ਹਾਂ ਨੇ ਆਪਣੇ ਸਵਰਗੀ ਪਿਤਾ ਦੀ ਰੀਸ ਕੀਤੀ ਅਤੇ ਆਪਣੇ ਆਪ ਨੂੰ ਭਰੋਸੇਯੋਗ ਸਾਬਤ ਕੀਤਾ। ਨਾਲੇ ਅਸੀਂ ਪੰਜ ਗੁਣਾਂ ʼਤੇ ਵੀ ਗੌਰ ਕਰਾਂਗੇ ਜਿਨ੍ਹਾਂ ਨੂੰ ਪੈਦਾ ਕਰ ਕੇ ਅਸੀਂ ਭਰੋਸੇਯੋਗ ਇਨਸਾਨ ਬਣ ਸਕਦੇ ਹਾਂ।
ਯਹੋਵਾਹ ਦੇ ਭਰੋਸੇਯੋਗ ਸੇਵਕਾਂ ਤੋਂ ਸਿੱਖੋ
3-4. (ੳ) ਦਾਨੀਏਲ ਨਬੀ ਨੇ ਆਪਣੇ ਆਪ ਨੂੰ ਭਰੋਸੇਯੋਗ ਕਿਵੇਂ ਸਾਬਤ ਕੀਤਾ? (ਅ) ਦਾਨੀਏਲ ਨਬੀ ਦੀ ਮਿਸਾਲ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
3 ਦਾਨੀਏਲ ਨਬੀ ਇਕ ਭਰੋਸੇਯੋਗ ਇਨਸਾਨ ਸੀ। ਚਾਹੇ ਉਹ ਬਾਬਲ ਵਿਚ ਸਿਰਫ਼ ਇਕ ਗ਼ੁਲਾਮ ਸੀ, ਫਿਰ ਵੀ ਉਸ ਨੇ ਜਲਦ ਹੀ ਆਪਣੇ ਆਪ ਨੂੰ ਭਰੋਸੇਯੋਗ ਇਨਸਾਨ ਸਾਬਤ ਕੀਤਾ। ਲੋਕ ਉਸ ʼਤੇ ਉਦੋਂ ਹੋਰ ਵੀ ਜ਼ਿਆਦਾ ਭਰੋਸਾ ਕਰਨ ਲੱਗ ਪਏ ਜਦੋਂ ਉਸ ਨੇ ਯਹੋਵਾਹ ਦੀ ਮਦਦ ਨਾਲ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਸੁਪਨਿਆਂ ਦਾ ਮਤਲਬ ਦੱਸਿਆ। ਇਕ ਹੋਰ ਮੌਕੇ ʼਤੇ ਦਾਨੀਏਲ ਨੇ ਰਾਜੇ ਨੂੰ ਇਹ ਵੀ ਸੰਦੇਸ਼ ਸੁਣਾਇਆ ਕਿ ਯਹੋਵਾਹ ਉਸ ਤੋਂ ਖ਼ੁਸ਼ ਨਹੀਂ ਸੀ। ਇਹ ਸੰਦੇਸ਼ ਸੁਣ ਕੇ ਰਾਜੇ ਨੂੰ ਕੋਈ ਖ਼ੁਸ਼ੀ ਨਹੀਂ ਹੋਈ ਸੀ। ਇਹ ਸੰਦੇਸ਼ ਸੁਣਾਉਣ ਲਈ ਦਾਨੀਏਲ ਨੂੰ ਦਲੇਰੀ ਦੀ ਲੋੜ ਪਈ ਹੋਣੀ ਕਿਉਂਕਿ ਰਾਜਾ ਨਬੂਕਦਨੱਸਰ ਝੱਟ ਹੀ ਗੁੱਸੇ ਵਿਚ ਭੜਕ ਉੱਠਦਾ ਸੀ। (ਦਾਨੀ. 2:12; 4:20-22, 25) ਕਈ ਸਾਲਾਂ ਬਾਅਦ, ਦਾਨੀਏਲ ਨੇ ਫਿਰ ਤੋਂ ਸਾਬਤ ਕੀਤਾ ਕਿ ਉਹ ਭਰੋਸੇਯੋਗ ਸੀ। ਇਕ ਵਾਰ ਬਾਬਲ ਵਿਚ ਮਹਿਲ ਦੀ ਕੰਧ ਉੱਤੇ ਇਕ ਭੇਤ ਭਰਿਆ ਸੰਦੇਸ਼ ਲਿਖਿਆ ਗਿਆ ਅਤੇ ਦਾਨੀਏਲ ਨੇ ਉਸ ਸੰਦੇਸ਼ ਦਾ ਸਹੀ-ਸਹੀ ਮਤਲਬ ਦੱਸਿਆ। (ਦਾਨੀ. 5:5, 25-29) ਬਾਅਦ ਵਿਚ ਮਾਦੀ ਰਾਜਾ ਦਾਰਾ ਅਤੇ ਉਸ ਦੇ ਅਧਿਕਾਰੀਆਂ ਨੇ ਇਸ ਗੱਲ ʼਤੇ ਧਿਆਨ ਦਿੱਤਾ ਕਿ ਦਾਨੀਏਲ ਬਹੁਤ “ਜ਼ਿਆਦਾ ਕਾਬਲ ਅਤੇ ਸਿਆਣਾ” ਸੀ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਦਾਨੀਏਲ “ਭਰੋਸੇਮੰਦ ਸੀ” ਅਤੇ “ਉਹ ਲਾਪਰਵਾਹ ਜਾਂ ਬੇਈਮਾਨ ਨਹੀਂ ਸੀ।” (ਦਾਨੀ. 6:3, 4) ਜੀ ਹਾਂ, ਝੂਠੇ ਦੇਵਤਿਆਂ ਨੂੰ ਮੰਨਣ ਵਾਲੇ ਇਹ ਹਾਕਮ ਵੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਯਹੋਵਾਹ ਦੇ ਇਸ ਸੇਵਕ ਉੱਤੇ ਭਰੋਸਾ ਕੀਤਾ ਜਾ ਸਕਦਾ ਸੀ।
4 ਦਾਨੀਏਲ ਦੀ ਮਿਸਾਲ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਦੁਨੀਆਂ ਦੇ ਲੋਕਾਂ ਵਿਚ ਮੇਰਾ ਕਿਹੋ ਜਿਹਾ ਨਾਂ ਹੈ? ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਇਕ ਜ਼ਿੰਮੇਵਾਰ ਅਤੇ ਭਰੋਸੇਯੋਗ ਇਨਸਾਨ ਹਾਂ?’ ਸਾਨੂੰ ਆਪਣੇ ਆਪ ਤੋਂ ਇਹ ਸਵਾਲ ਕਿਉਂ ਪੁੱਛਣੇ ਚਾਹੀਦੇ ਹਨ? ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਭਰੋਸੇਯੋਗ ਸਾਬਤ ਕਰਦੇ ਹਾਂ, ਤਾਂ ਇਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ।
5. ਕਿਹੜੀਆਂ ਗੱਲਾਂ ਕਰਕੇ ਹਨਨਯਾਹ ਭਰੋਸੇਯੋਗ ਸਾਬਤ ਹੋਇਆ?
5 ਸਾਲ 455 ਈਸਵੀ ਪੂਰਵ ਵਿਚ ਯਰੂਸ਼ਲਮ ਦੀਆਂ ਕੰਧਾਂ ਨੂੰ ਦੁਬਾਰਾ ਬਣਾਉਣ ਤੋਂ ਬਾਅਦ ਰਾਜਪਾਲ ਨਹਮਯਾਹ ਅਜਿਹੇ ਆਦਮੀ ਲੱਭਣ ਲੱਗਾ ਜੋ ਸ਼ਹਿਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਦੇ ਸਨ। ਨਹਮਯਾਹ ਨੇ ਜਿਨ੍ਹਾਂ ਆਦਮੀਆਂ ਨੂੰ ਚੁਣਿਆ, ਉਨ੍ਹਾਂ ਵਿਚ ਕਿਲ੍ਹੇ ਦਾ ਮੁਖੀ ਹਨਨਯਾਹ ਵੀ ਸੀ। ਬਾਈਬਲ ਹਨਨਯਾਹ ਬਾਰੇ ਦੱਸਦੀ ਹੈ ਕਿ “ਉਹ ਸਭ ਤੋਂ ਭਰੋਸੇਯੋਗ ਆਦਮੀ ਸੀ ਅਤੇ ਹੋਰ ਕਈਆਂ ਨਾਲੋਂ ਜ਼ਿਆਦਾ ਸੱਚੇ ਪਰਮੇਸ਼ੁਰ ਦਾ ਡਰ ਮੰਨਦਾ ਸੀ।” (ਨਹ. 7:2) ਹਨਨਯਾਹ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਇਸ ਕਰਕੇ ਉਹ ਆਪਣੀ ਹਰ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਂਦਾ ਸੀ। ਜੇ ਅਸੀਂ ਵੀ ਯਹੋਵਾਹ ਨੂੰ ਪਿਆਰ ਕਰਾਂਗੇ ਤੇ ਉਸ ਦਾ ਡਰ ਮੰਨਾਂਗੇ, ਤਾਂ ਅਸੀਂ ਵੀ ਯਹੋਵਾਹ ਦੀ ਸੇਵਾ ਵਿਚ ਕਿਸੇ ਵੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਭਰੋਸੇਯੋਗ ਸਾਬਤ ਹੋਵਾਂਗੇ।
6. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਤੁਖੀਕੁਸ ਪੌਲੁਸ ਰਸੂਲ ਦਾ ਇਕ ਭਰੋਸੇਯੋਗ ਸਾਥੀ ਸੀ?
6 ਜ਼ਰਾ ਤੁਖੀਕੁਸ ਦੀ ਮਿਸਾਲ ʼਤੇ ਗੌਰ ਕਰੋ। ਉਹ ਪੌਲੁਸ ਰਸੂਲ ਦਾ ਭਰੋਸੇਯੋਗ ਸਾਥੀ ਸੀ। ਜਦੋਂ ਪੌਲੁਸ ਇਕ ਘਰ ਵਿਚ ਕੈਦ ਸੀ, ਤਾਂ ਤੁਖੀਕੁਸ ਨੇ ਉਸ ਦਾ ਬਹੁਤ ਸਾਥ ਦਿੱਤਾ। ਪੌਲੁਸ ਨੇ ਤੁਖੀਕੁਸ ਬਾਰੇ ਕਿਹਾ ਕਿ ਉਹ ਇਕ ‘ਵਫ਼ਾਦਾਰ ਸੇਵਕ ਹੈ।’ (ਅਫ਼. 6:21, 22) ਪੌਲੁਸ ਨੂੰ ਤੁਖੀਕੁਸ ʼਤੇ ਬਹੁਤ ਭਰੋਸਾ ਸੀ। ਇਸ ਲਈ ਉਸ ਨੇ ਤੁਖੀਕੁਸ ਨੂੰ ਅਫ਼ਸੁਸ ਅਤੇ ਕੁਲੁੱਸੈ ਦੀਆਂ ਮੰਡਲੀਆਂ ਨੂੰ ਚਿੱਠੀਆਂ ਪਹੁੰਚਾਉਣ ਦੇ ਨਾਲ-ਨਾਲ ਉੱਥੇ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਅਤੇ ਦਿਲਾਸਾ ਦੇਣ ਲਈ ਵੀ ਵਰਤਿਆ। ਤੁਖੀਕੁਸ ਵਾਂਗ ਅੱਜ ਵੀ ਅਜਿਹੇ ਕਈ ਵਫ਼ਾਦਾਰ ਤੇ ਭਰੋਸੇਯੋਗ ਭਰਾ ਹਨ ਜੋ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ।—ਕੁਲੁ. 4:7-9.
7. ਭਰੋਸੇਯੋਗ ਬਣਨ ਲਈ ਤੁਸੀਂ ਆਪਣੀ ਮੰਡਲੀ ਦੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਤੋਂ ਕੀ ਸਿੱਖ ਸਕਦੇ ਹੋ?
7 ਅਸੀਂ ਆਪਣੀ ਮੰਡਲੀ ਦੇ ਭਰੋਸੇਯੋਗ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਦਾਨੀਏਲ, ਹਨਨਯਾਹ ਅਤੇ ਤੁਖੀਕੁਸ ਵਾਂਗ ਇਹ ਭਰਾ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਹਨ। ਉਦਾਹਰਣ ਲਈ, ਇਹ ਭਰਾ ਪਹਿਲਾਂ ਤੋਂ ਹੀ ਭੈਣਾਂ-ਭਰਾਵਾਂ ਨੂੰ ਦੱਸ ਦਿੰਦੇ ਹਨ ਕਿ ਹਫ਼ਤੇ ਦੌਰਾਨ ਹੋਣ ਵਾਲੀਆਂ ਸਭਾਵਾਂ ਵਿਚ ਕਿਹੜੇ ਭੈਣ ਜਾਂ ਭਰਾ ਨੇ ਕਿਹੜਾ ਭਾਗ ਪੇਸ਼ ਕਰਨਾ ਹੈ। ਇਸ ਲਈ ਜਦੋਂ ਅਸੀਂ ਮੀਟਿੰਗਾਂ ਵਿਚ ਜਾਂਦੇ ਹਾਂ, ਤਾਂ ਸਾਡੇ ਮਨ ਵਿਚ ਇਹ ਸਵਾਲ ਨਹੀਂ ਆਉਂਦਾ ਕਿ ਅੱਜ ਕੋਈ ਭਾਗ ਹੋਵੇਗਾ ਜਾਂ ਨਹੀਂ। ਨਾਲੇ ਇਹ ਭਰਾ ਵੀ ਉਮੀਦ ਰੱਖਦੇ ਹਨ ਕਿ ਉਨ੍ਹਾਂ ਨੇ ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਭਾਗ ਪੇਸ਼ ਕਰਨ ਲਈ ਕਿਹਾ ਹੈ, ਉਹ ਆਪਣੇ ਭਾਗ ਤਿਆਰ ਕਰ ਕੇ ਪੇਸ਼ ਕਰਨਗੇ। ਜਦੋਂ ਭੈਣ-ਭਰਾ ਇਸ ਤਰ੍ਹਾਂ ਕਰਦੇ ਹਨ, ਤਾਂ ਭਰਾ ਉਨ੍ਹਾਂ ਦੀ ਬਹੁਤ ਕਦਰ ਕਰਦੇ ਹਨ। ਉਦਾਹਰਣ ਲਈ, ਜਦੋਂ ਅਸੀਂ ਆਪਣੇ ਬਾਈਬਲ ਵਿਦਿਆਰਥੀ ਨੂੰ ਪਬਲਿਕ ਭਾਸ਼ਣ ਸੁਣਨ ਲਈ ਬੁਲਾਉਂਦੇ ਹਾਂ, ਤਾਂ ਸਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਬਜ਼ੁਰਗਾਂ ਨੇ ਭਾਸ਼ਣ ਦੇਣ ਲਈ ਕਿਸੇ-ਨਾ-ਕਿਸੇ ਭਰਾ ਦਾ ਜ਼ਰੂਰ ਇੰਤਜ਼ਾਮ ਕੀਤਾ ਹੈ। ਨਾਲੇ ਸਾਨੂੰ ਯਕੀਨ ਹੁੰਦਾ ਹੈ ਕਿ ਪ੍ਰਚਾਰ ਕਰਨ ਲਈ ਸਾਨੂੰ ਜੋ ਵੀ ਪ੍ਰਕਾਸ਼ਨ ਚਾਹੀਦੇ ਹਨ, ਉਹ ਸਾਨੂੰ ਜ਼ਰੂਰ ਮਿਲਣਗੇ। ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹ ਵਫ਼ਾਦਾਰ ਭਰਾ ਸਾਡੀਆਂ ਲੋੜਾਂ ਦਾ ਧਿਆਨ ਰੱਖਦੇ ਹਨ। ਆਓ ਅਸੀਂ ਅੱਗੇ ਦੇਖੀਏ ਕਿ ਇਨ੍ਹਾਂ ਵਾਂਗ ਭਰੋਸੇਯੋਗ ਬਣਨ ਲਈ ਅਸੀਂ ਕੀ ਕਰ ਸਕਦੇ ਹਾਂ।
ਰਾਜ਼ ਨੂੰ ਰਾਜ਼ ਹੀ ਰੱਖ ਕੇ ਭਰੋਸੇਯੋਗ ਸਾਬਤ ਹੋਵੋ
8. ਚਾਹੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਪਰਵਾਹ ਕਰਦੇ ਹਾਂ, ਪਰ ਸਾਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? (ਕਹਾਉਤਾਂ 11:13)
8 ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਸਾਨੂੰ ਉਨ੍ਹਾਂ ਦੀ ਬਹੁਤ ਪਰਵਾਹ ਹੈ। ਇਸ ਲਈ ਅਸੀਂ ਅਕਸਰ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਰਹਿੰਦੇ ਹਾਂ। ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਹੱਦੋਂ-ਵੱਧ ਉਨ੍ਹਾਂ ਦੇ ਨਿੱਜੀ ਮਾਮਲਿਆਂ ਵਿਚ ਦਖ਼ਲ ਨਾ ਦੇਈਏ। ਪਹਿਲੀ ਸਦੀ ਦੀ ਮਸੀਹੀ ਮੰਡਲੀ ਵਿਚ ਕੁਝ ਲੋਕ “ਚੁਗ਼ਲੀਆਂ” ਕਰਦੇ ਸਨ ਅਤੇ ‘ਦੂਸਰਿਆਂ ਦੇ ਮਾਮਲਿਆਂ ਵਿਚ ਲੱਤ ਅੜਾਉਂਦੇ’ ਸਨ ਅਤੇ ‘ਉਹ ਅਜਿਹੀਆਂ ਗੱਲਾਂ ਕਰਦੇ ਸਨ ਜੋ ਉਨ੍ਹਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ’ ਸਨ। (1 ਤਿਮੋ. 5:13) ਬਿਨਾਂ ਸ਼ੱਕ, ਅਸੀਂ ਉਨ੍ਹਾਂ ਲੋਕਾਂ ਵਰਗੇ ਨਹੀਂ ਬਣਨਾ ਚਾਹੁੰਦੇ। ਜੇ ਕੋਈ ਭੈਣ ਜਾਂ ਭਰਾ ਸਾਨੂੰ ਆਪਣੀ ਕੋਈ ਗੱਲ ਦੱਸਦਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਅਸੀਂ ਉਸ ਦੀ ਗੱਲ ਕਿਸੇ ਹੋਰ ਨੂੰ ਦੱਸੀਏ, ਤਾਂ ਸਾਨੂੰ ਉਸ ਦੀ ਗੱਲ ਆਪਣੇ ਤਕ ਹੀ ਰੱਖਣੀ ਚਾਹੀਦੀ। ਹੋ ਸਕਦਾ ਹੈ ਕਿ ਕੋਈ ਭੈਣ ਸਾਨੂੰ ਆਪਣੀ ਕਿਸੇ ਬੀਮਾਰੀ ਬਾਰੇ ਜਾਂ ਕਿਸੇ ਹੋਰ ਮੁਸ਼ਕਲ ਬਾਰੇ ਦੱਸੇ ਅਤੇ ਉਹ ਚਾਹੁੰਦੀ ਹੋਵੇ ਕਿ ਅਸੀਂ ਉਸ ਦੀ ਗੱਲ ਕਿਸੇ ਹੋਰ ਕੋਲ ਨਾ ਕਰੀਏ। ਚੰਗਾ ਹੋਵੇਗਾ ਕਿ ਅਸੀਂ ਉਸ ਭੈਣ ਦੀ ਗੱਲ ਕਿਸੇ ਨੂੰ ਵੀ ਨਾ ਦੱਸੀਏ।b (ਕਹਾਉਤਾਂ 11:13 ਪੜ੍ਹੋ।) ਆਓ ਹੁਣ ਆਪਾਂ ਦੇਖੀਏ ਕਿ ਸਾਨੂੰ ਹੋਰ ਕਿਹੜੇ ਮੌਕਿਆਂ ʼਤੇ ਰਾਜ਼ ਨੂੰ ਰਾਜ਼ ਹੀ ਰੱਖਣਾ ਚਾਹੀਦਾ ਹੈ।
9. ਪਰਿਵਾਰ ਦਾ ਹਰ ਜੀਅ ਭਰੋਸੇਯੋਗ ਕਿਵੇਂ ਬਣ ਸਕਦਾ ਹੈ?
9 ਪਰਿਵਾਰ ਵਿਚ। ਪਰਿਵਾਰ ਦੇ ਹਰ ਮੈਂਬਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਪਰਿਵਾਰ ਦੀਆਂ ਕੁਝ ਗੱਲਾਂ ਪਰਿਵਾਰ ਵਿਚ ਹੀ ਰੱਖਣ। ਹੋ ਸਕਦਾ ਹੈ ਕਿ ਇਕ ਮਸੀਹੀ ਪਤੀ ਨੂੰ ਆਪਣੀ ਪਤਨੀ ਦੀ ਕਿਸੇ ਆਦਤ ʼਤੇ ਹਾਸਾ ਆਉਂਦਾ ਹੋਵੇ। ਪਰ ਕੀ ਉਹ ਦੂਜਿਆਂ ਨੂੰ ਇਸ ਬਾਰੇ ਦੱਸ ਕੇ ਆਪਣੀ ਪਤਨੀ ਨੂੰ ਸ਼ਰਮਿੰਦਾ ਕਰੇਗਾ? ਬਿਲਕੁਲ ਨਹੀਂ। ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਅਤੇ ਉਹ ਕਦੀ ਵੀ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ। (ਅਫ਼. 5:33) ਨੌਜਵਾਨ ਵੀ ਚਾਹੁੰਦੇ ਹਨ ਕਿ ਸਾਰੇ ਉਨ੍ਹਾਂ ਦੀ ਇੱਜ਼ਤ ਕਰਨ। ਇਸ ਲਈ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਦੂਜਿਆਂ ਸਾਮ੍ਹਣੇ ਆਪਣੇ ਬੱਚਿਆਂ ਦੀਆਂ ਗ਼ਲਤੀਆਂ ਨਾ ਦੱਸਣ ਤਾਂਕਿ ਉਨ੍ਹਾਂ ਦੇ ਬੱਚੇ ਸ਼ਰਮਿੰਦਾ ਮਹਿਸੂਸ ਨਾ ਕਰਨ। (ਕੁਲੁ. 3:21) ਬੱਚਿਆਂ ਨੂੰ ਸਮਝਦਾਰ ਬਣਨਾ ਚਾਹੀਦਾ ਹੈ। ਉਨ੍ਹਾਂ ਨੂੰ ਘਰ ਦੀਆਂ ਉਹ ਗੱਲਾਂ ਦੂਜਿਆਂ ਸਾਮ੍ਹਣੇ ਨਹੀਂ ਦੱਸਣੀਆਂ ਚਾਹੀਦੀਆਂ ਜਿਨ੍ਹਾਂ ਨਾਲ ਉਨ੍ਹਾਂ ਦੇ ਘਰ ਦੇ ਸ਼ਰਮਿੰਦੇ ਹੋਣ। (ਬਿਵ. 5:16) ਜਦੋਂ ਪਰਿਵਾਰ ਦਾ ਹਰ ਜੀਅ ਆਪਣੇ ਘਰ ਦੀਆਂ ਗੱਲਾਂ ਘਰ ਵਿਚ ਹੀ ਰੱਖਦਾ ਹੈ, ਤਾਂ ਉਨ੍ਹਾਂ ਦਾ ਆਪਸੀ ਰਿਸ਼ਤਾ ਮਜ਼ਬੂਤ ਹੁੰਦਾ ਹੈ।
10. ਸੱਚਾ ਦੋਸਤ ਕਿਹੋ ਜਿਹਾ ਹੁੰਦਾ ਹੈ? (ਕਹਾਉਤਾਂ 17:17)
10 ਦੋਸਤੀ ਵਿਚ। ਕਦੇ-ਨਾ-ਕਦੇ ਸਾਡਾ ਸਾਰਿਆਂ ਦਾ ਦਿਲ ਕਰਦਾ ਹੈ ਕਿ ਅਸੀਂ ਆਪਣੇ ਦਿਲ ਦੀਆਂ ਗੱਲਾਂ ਕਿਸੇ ਜਿਗਰੀ ਦੋਸਤ ਨੂੰ ਦੱਸੀਏ। ਕਈ ਵਾਰ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੁੰਦਾ। ਜ਼ਰਾ ਸੋਚੋ, ਜੇ ਅਸੀਂ ਹਿੰਮਤ ਕਰ ਕੇ ਕਿਸੇ ਦੋਸਤ ਨੂੰ ਆਪਣੇ ਦਿਲ ਦੀ ਗੱਲ ਦੱਸਦੇ ਹਾਂ ਤੇ ਸਾਨੂੰ ਪਤਾ ਲੱਗਦਾ ਕਿ ਉਸ ਨੇ ਉਹ ਗੱਲ ਕਿਸੇ ਹੋਰ ਨੂੰ ਦੱਸ ਦਿੱਤੀ ਹੈ, ਤਾਂ ਸਾਨੂੰ ਕਿੱਦਾਂ ਲੱਗਦਾ ਹੈ। ਸਾਡਾ ਉਸ ਤੋਂ ਭਰੋਸਾ ਉੱਠ ਜਾਂਦਾ ਹੈ ਤੇ ਅਸੀਂ ਬਹੁਤ ਦੁਖੀ ਹੁੰਦੇ ਹਾਂ। ਪਰ ਅਸੀਂ ਉਸ ਦੋਸਤ ਦੇ ਕਿੰਨੇ ਸ਼ੁਕਰਗੁਜ਼ਾਰ ਹੁੰਦੇ ਹਾਂ ਜੋ ਸਾਡੀਆਂ ਗੱਲਾਂ ਆਪਣੇ ਤਕ ਹੀ ਰੱਖਦਾ ਹੈ। ਬਾਈਬਲ ਵਿਚ ਅਜਿਹੇ ਇਨਸਾਨ ਨੂੰ “ਸੱਚਾ ਦੋਸਤ” ਕਿਹਾ ਗਿਆ ਹੈ।—ਕਹਾਉਤਾਂ 17:17 ਪੜ੍ਹੋ।
11. (ੳ) ਬਜ਼ੁਰਗ ਤੇ ਉਨ੍ਹਾਂ ਦੀਆਂ ਪਤਨੀਆਂ ਕਿਵੇਂ ਦਿਖਾਉਂਦੇ ਹਨ ਕਿ ਉਹ ਭਰੋਸੇਯੋਗ ਹਨ? (ਅ) ਉਸ ਬਜ਼ੁਰਗ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਜੋ ਮੰਡਲੀ ਦੀਆਂ ਰਾਜ਼ ਦੀਆਂ ਗੱਲਾਂ ਆਪਣੇ ਪਰਿਵਾਰ ਨੂੰ ਨਹੀਂ ਦੱਸਦਾ? (ਤਸਵੀਰ ਦੇਖੋ।)
11 ਮੰਡਲੀ ਵਿਚ। ਜਿਹੜੇ ਬਜ਼ੁਰਗ ਦੂਜਿਆਂ ਦੀਆਂ ਗੱਲਾਂ ਰਾਜ਼ ਰੱਖਦੇ ਹਨ, ਉਹ ਭੈਣਾਂ-ਭਰਾਵਾਂ ਲਈ ‘ਹਨੇਰੀ ਤੋਂ ਲੁਕਣ ਦੀ ਥਾਂ ਜਿਹੇ, ਵਾਛੜ ਤੋਂ ਬਚਣ ਦੀ ਜਗ੍ਹਾ ਜਿਹੇ’ ਹੁੰਦੇ ਹਨ। (ਯਸਾ. 32:2) ਸਾਨੂੰ ਪਤਾ ਹੈ ਕਿ ਅਸੀਂ ਬਜ਼ੁਰਗਾਂ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ ਅਤੇ ਸਾਨੂੰ ਪੱਕਾ ਭਰੋਸਾ ਹੁੰਦਾ ਹੈ ਕਿ ਉਹ ਸਾਡੀਆਂ ਗੱਲਾਂ ਦੂਜਿਆਂ ਨੂੰ ਨਹੀਂ ਦੱਸਣਗੇ। ਸਾਨੂੰ ਉਨ੍ਹਾਂ ʼਤੇ ਜ਼ੋਰ ਨਹੀਂ ਪਾਉਣਾ ਚਾਹੀਦਾ ਕਿ ਉਹ ਸਾਨੂੰ ਰਾਜ਼ ਦੀਆਂ ਗੱਲਾਂ ਦੱਸਣ। ਬਜ਼ੁਰਗਾਂ ਦੀਆਂ ਪਤਨੀਆਂ ਵੀ ਤਾਰੀਫ਼ ਦੇ ਕਾਬਲ ਹਨ ਕਿਉਂਕਿ ਉਹ ਆਪਣੇ ਪਤੀਆਂ ਦੇ ਮੂੰਹੋਂ ਕੋਈ ਰਾਜ਼ ਦੀ ਗੱਲ ਕਢਾਉਣ ਦੀ ਕੋਸ਼ਿਸ਼ ਨਹੀਂ ਕਰਦੀਆਂ। ਨਾਲੇ ਜਦੋਂ ਕੋਈ ਬਜ਼ੁਰਗ ਆਪਣੀ ਪਤਨੀ ਨੂੰ ਭੈਣਾਂ-ਭਰਾਵਾਂ ਦੀਆਂ ਰਾਜ਼ ਦੀਆਂ ਗੱਲਾਂ ਨਹੀਂ ਦੱਸਦਾ, ਤਾਂ ਇਸ ਵਿਚ ਉਸ ਦੀ ਪਤਨੀ ਦੀ ਹੀ ਭਲਾਈ ਹੁੰਦੀ ਹੈ। ਇਕ ਬਜ਼ੁਰਗ ਦੀ ਪਤਨੀ ਨੇ ਕਿਹਾ: “ਜਦੋਂ ਵੀ ਮੇਰਾ ਪਤੀ ਕਿਸੇ ਨੂੰ ਹੌਸਲਾ ਦੇਣ ਜਾਂ ਕਿਸੇ ਦੀ ਮਦਦ ਕਰਨ ਲਈ ਜਾਂਦਾ ਹੈ, ਤਾਂ ਉਹ ਮੈਨੂੰ ਕੁਝ ਨਹੀਂ ਦੱਸਦਾ, ਇੱਥੋਂ ਤਕ ਕਿ ਉਸ ਭੈਣ-ਭਰਾ ਦਾ ਨਾਂ ਵੀ ਨਹੀਂ। ਵਧੀਆ ਹੈ ਕਿ ਮੇਰਾ ਪਤੀ ਮੈਨੂੰ ਕੁਝ ਨਹੀਂ ਦੱਸਦਾ ਜਿਸ ਕਰਕੇ ਮੈਂ ਫਾਲਤੂ ਦੀ ਟੈਨਸ਼ਨ ਲੈਣ ਤੋਂ ਬਚਦੀ ਹਾਂ। ਇਸ ਕਰਕੇ ਮੈਂ ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਨਾਲ ਆਰਾਮ ਨਾਲ ਗੱਲ ਕਰ ਪਾਉਂਦੀ ਹਾਂ। ਨਾਲੇ ਮੈਨੂੰ ਭਰੋਸਾ ਹੈ ਕਿ ਜਦੋਂ ਮੈਂ ਆਪਣੇ ਪਤੀ ਨੂੰ ਆਪਣੀ ਕਿਸੇ ਪਰੇਸ਼ਾਨੀ ਬਾਰੇ ਦੱਸਾਂਗੀ, ਤਾਂ ਉਹ ਉਸ ਗੱਲ ਨੂੰ ਵੀ ਆਪਣੇ ਤਕ ਹੀ ਰੱਖੇਗਾ।” ਅਸੀਂ ਸਾਰੇ ਚਾਹੁੰਦੇ ਹਾਂ ਕਿ ਲੋਕ ਸਾਡੇ ʼਤੇ ਭਰੋਸਾ ਕਰਨ। ਆਓ ਆਪਾਂ ਪੰਜ ਗੁਣਾਂ ʼਤੇ ਗੌਰ ਕਰੀਏ ਜਿਨ੍ਹਾਂ ਨੂੰ ਪੈਦਾ ਕਰ ਕੇ ਅਸੀਂ ਭਰੋਸੇਯੋਗ ਬਣ ਸਕਾਂਗੇ।
ਭਰੋਸੇਯੋਗ ਬਣਨ ਲਈ ਗੁਣ
12. ਭਰੋਸੇਯੋਗ ਬਣਨ ਲਈ ਦੂਜਿਆਂ ਨੂੰ ਪਿਆਰ ਕਰਨਾ ਕਿਉਂ ਜ਼ਰੂਰੀ ਹੈ? ਸਮਝਾਓ।
12 ਪਿਆਰ। ਇਕ ਭਰੋਸੇਯੋਗ ਇਨਸਾਨ ਬਣਨ ਲਈ ਦੂਜਿਆਂ ਨੂੰ ਪਿਆਰ ਕਰਨਾ ਜ਼ਰੂਰੀ ਹੈ। ਯਿਸੂ ਨੇ ਕਿਹਾ ਸੀ ਕਿ ਦੋ ਸਭ ਤੋਂ ਵੱਡੇ ਹੁਕਮ ਹਨ: ਯਹੋਵਾਹ ਨੂੰ ਪਿਆਰ ਕਰਨਾ ਅਤੇ ਆਪਣੇ ਗੁਆਂਢੀ ਨੂੰ ਪਿਆਰ ਕਰਨਾ। (ਮੱਤੀ 22:37-39) ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਇਸ ਲਈ ਅਸੀਂ ਉਸ ਵਾਂਗ ਭਰੋਸੇਯੋਗ ਬਣਨਾ ਚਾਹੁੰਦੇ ਹਾਂ। ਅਸੀਂ ਭੈਣਾਂ-ਭਰਾਵਾਂ ਨਾਲ ਪਿਆਰ ਕਰਦੇ ਹਾਂ, ਇਸ ਲਈ ਅਸੀਂ ਉਨ੍ਹਾਂ ਦੀਆਂ ਰਾਜ਼ ਦੀਆਂ ਗੱਲਾਂ ਦੂਜਿਆਂ ਨੂੰ ਨਹੀਂ ਦੱਸਦੇ। ਅਸੀਂ ਕਦੇ ਵੀ ਅਜਿਹਾ ਕੁਝ ਨਹੀਂ ਕਰਨਾ ਚਾਹੁੰਦੇ ਜਿਸ ਕਰਕੇ ਭੈਣਾਂ-ਭਰਾਵਾਂ ਨੂੰ ਕੋਈ ਨੁਕਸਾਨ ਪਹੁੰਚੇ, ਉਹ ਸ਼ਰਮਿੰਦਾ ਹੋਣ ਜਾਂ ਉਨ੍ਹਾਂ ਨੂੰ ਦੁੱਖ ਲੱਗੇ।—ਯੂਹੰ. 15:12.
13. ਭਰੋਸੇਯੋਗ ਬਣਨ ਲਈ ਨਿਮਰ ਹੋਣਾ ਕਿਉਂ ਜ਼ਰੂਰੀ ਹੈ?
13 ਨਿਮਰਤਾ। ਭਰੋਸੇਯੋਗ ਇਨਸਾਨ ਬਣਨ ਲਈ ਨਿਮਰ ਹੋਣਾ ਜ਼ਰੂਰੀ ਹੈ। ਇਕ ਨਿਮਰ ਇਨਸਾਨ ਕੋਈ ਗੱਲ ਦੱਸਣ ਵਿਚ ਕਦੇ ਕਾਹਲੀ ਨਹੀਂ ਕਰਦਾ। ਉਹ ਇਹ ਨਹੀਂ ਸੋਚਦਾ ਕਿ ਜੇ ਉਹ ਸਭ ਤੋਂ ਪਹਿਲਾਂ ਗੱਲ ਦੱਸੇਗਾ, ਤਾਂ ਸਾਰੇ ਉਸ ਦੀ ਵਾਹ-ਵਾਹੀ ਕਰਨਗੇ। (ਫ਼ਿਲਿ. 2:3) ਉਹ ਆਪਣੇ ਆਪ ਨੂੰ ਵੱਡਾ ਬਣਾਉਣ ਲਈ ਦੂਜਿਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਉਸ ਨੂੰ ਰਾਜ਼ ਦੀ ਗੱਲ ਪਤਾ ਹੈ। ਨਾਲੇ ਜਿਨ੍ਹਾਂ ਗੱਲਾਂ ਬਾਰੇ ਬਾਈਬਲ ਜਾਂ ਸਾਡੇ ਪ੍ਰਕਾਸ਼ਨਾਂ ਵਿਚ ਨਹੀਂ ਸਮਝਾਇਆ ਗਿਆ, ਉਹ ਉਨ੍ਹਾਂ ਬਾਰੇ ਤੀਰ-ਤੁੱਕੇ ਲਾ ਕੇ ਦੂਜਿਆਂ ਨੂੰ ਨਹੀਂ ਦੱਸਦਾ ਫਿਰਦਾ।
14. ਭਰੋਸੇਯੋਗ ਇਨਸਾਨ ਬਣਨ ਲਈ ਸਮਝਦਾਰ ਹੋਣਾ ਕਿਉਂ ਜ਼ਰੂਰੀ ਹੈ?
14 ਸਮਝਦਾਰੀ। ਇਕ ਸਮਝਦਾਰ ਇਨਸਾਨ ਨੂੰ ਪਤਾ ਹੁੰਦਾ ਹੈ ਕਿ “ਇਕ ਚੁੱਪ ਰਹਿਣ ਦਾ ਸਮਾਂ ਹੈ ਅਤੇ ਇਕ ਬੋਲਣ ਦਾ ਸਮਾਂ ਹੈ।” (ਉਪ. 3:7) ਸ਼ਾਇਦ ਤੁਸੀਂ ਇਹ ਕਹਾਵਤ ਸੁਣੀ ਹੋਣੀ, “ਇਕ ਚੁੱਪ, ਸੌ ਸੁੱਖ।” ਇਸ ਦਾ ਮਤਲਬ ਹੈ ਕਿ ਕਈ ਮੌਕਿਆਂ ʼਤੇ ਚੁੱਪ ਰਹਿਣਾ ਸਹੀ ਹੁੰਦਾ ਹੈ। ਕਹਾਉਤਾਂ 11:12 ਵਿਚ ਦੱਸਿਆ ਗਿਆ ਹੈ: “ਸੂਝ-ਬੂਝ ਵਾਲਾ ਆਦਮੀ ਚੁੱਪ ਰਹਿੰਦਾ ਹੈ।” ਜ਼ਰਾ ਇਕ ਤਜਰਬੇਕਾਰ ਬਜ਼ੁਰਗ ਦੀ ਮਿਸਾਲ ʼਤੇ ਗੌਰ ਕਰੋ। ਕਈ ਵਾਰ ਉਸ ਨੂੰ ਹੋਰ ਮੰਡਲੀਆਂ ਵਿਚ ਮਾਮਲੇ ਸੁਲਝਾਉਣ ਲਈ ਕਿਹਾ ਜਾਂਦਾ ਹੈ। ਉਸ ਦੀ ਮੰਡਲੀ ਦੇ ਇਕ ਬਜ਼ੁਰਗ ਨੇ ਉਸ ਬਾਰੇ ਕਿਹਾ: “ਉਹ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਉਹ ਦੂਜੀ ਮੰਡਲੀ ਦੀਆਂ ਰਾਜ਼ ਦੀਆਂ ਗੱਲਾਂ ਸਾਨੂੰ ਨਾ ਦੱਸੇ।” ਉਹ ਬਜ਼ੁਰਗ ਸਮਝਦਾਰ ਹੈ ਅਤੇ ਸੋਚ-ਸਮਝ ਕੇ ਗੱਲ ਕਰਦਾ ਹੈ। ਇਸ ਕਰਕੇ ਉਸ ਦੀ ਮੰਡਲੀ ਦੇ ਬਜ਼ੁਰਗ ਉਸ ਦੀ ਬਹੁਤ ਇੱਜ਼ਤ ਕਰਦੇ ਹਨ। ਨਾਲੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਉਨ੍ਹਾਂ ਦੀ ਮੰਡਲੀ ਦੀਆਂ ਗੱਲਾਂ ਵੀ ਦੂਜਿਆਂ ਨੂੰ ਨਹੀਂ ਦੱਸੇਗਾ।
15. ਮਿਸਾਲ ਦੇ ਕੇ ਸਮਝਾਓ ਕਿ ਈਮਾਨਦਾਰ ਹੋਣ ਨਾਲ ਅਸੀਂ ਭਰੋਸੇਯੋਗ ਕਿਵੇਂ ਬਣ ਸਕਦੇ ਹਾਂ।
15 ਈਮਾਨਦਾਰੀ। ਭਰੋਸੇਯੋਗ ਬਣਨ ਲਈ ਸਾਨੂੰ ਈਮਾਨਦਾਰ ਬਣਨਾ ਚਾਹੀਦਾ ਹੈ। ਅਸੀਂ ਈਮਾਨਦਾਰ ਇਨਸਾਨ ʼਤੇ ਭਰੋਸਾ ਕਰਦੇ ਹਾਂ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਉਹ ਹਮੇਸ਼ਾ ਸੱਚ ਬੋਲਦਾ ਹੈ। (ਅਫ਼. 4:25; ਇਬ. 13:18) ਮੰਨ ਲਓ ਕਿ ਤੁਸੀਂ ਆਪਣੀ ਸਿਖਾਉਣ ਦੀ ਕਲਾ ਵਿਚ ਨਿਖਾਰ ਲਿਆਉਣਾ ਚਾਹੁੰਦੇ ਹੋ। ਇਸ ਲਈ ਤੁਸੀਂ ਅਜਿਹੇ ਭਰਾ ਜਾਂ ਭੈਣ ਨੂੰ ਤੁਹਾਡਾ ਭਾਸ਼ਣ ਸੁਣਨ ਲਈ ਕਹਿੰਦੇ ਹੋ ਜੋ ਤੁਹਾਨੂੰ ਵਧੀਆ ਸਲਾਹ ਦੇਵੇਗਾ। ਤੁਸੀਂ ਕਿਸ ਤੋਂ ਸਲਾਹ ਲੈਣੀ ਚਾਹੋਗੇ? ਉਸ ਤੋਂ ਜੋ ਸਿਰਫ਼ ਤੁਹਾਡੀਆਂ ਤਾਰੀਫ਼ਾਂ ਹੀ ਕਰੇਗਾ ਜਾਂ ਫਿਰ ਉਸ ਤੋਂ ਜੋ ਈਮਾਨਦਾਰੀ ਨਾਲ ਦੱਸੇਗਾ ਕਿ ਤੁਹਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ? ਬਾਈਬਲ ਵਿਚ ਵੀ ਲਿਖਿਆ ਹੈ: “ਛਿਪੇ ਹੋਏ ਪਿਆਰ ਨਾਲੋਂ ਖੁੱਲ੍ਹ ਕੇ ਤਾੜਨਾ ਦੇਣੀ ਚੰਗੀ ਹੈ। ਦੋਸਤ ਦੇ ਦਿੱਤੇ ਜ਼ਖ਼ਮ ਵਫ਼ਾਦਾਰੀ ਦੇ ਹੁੰਦੇ ਹਨ।” (ਕਹਾ. 27:5, 6) ਜਦੋਂ ਤੁਹਾਡਾ ਦੋਸਤ ਤੁਹਾਨੂੰ ਸੁਧਾਰ ਕਰਨ ਬਾਰੇ ਈਮਾਨਦਾਰੀ ਨਾਲ ਸਲਾਹ ਦਿੰਦਾ ਹੈ, ਤਾਂ ਹੋ ਸਕਦਾ ਹੈ ਕਿ ਪਹਿਲਾਂ-ਪਹਿਲ ਤੁਹਾਨੂੰ ਚੰਗਾ ਨਾ ਲੱਗੇ। ਪਰ ਸਮੇਂ ਦੇ ਬੀਤਣ ਨਾਲ ਤੁਹਾਨੂੰ ਉਸ ਦੀ ਸਲਾਹ ਦਾ ਬਹੁਤ ਫ਼ਾਇਦਾ ਹੋਵੇਗਾ।
16. ਕਹਾਉਤਾਂ 10:19 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਸੰਜਮ ਰੱਖਣਾ ਬਹੁਤ ਜ਼ਰੂਰੀ ਹੈ?
16 ਸੰਜਮ। ਭਰੋਸੇਯੋਗ ਇਨਸਾਨ ਬਣਨ ਲਈ ਸੰਜਮ ਰੱਖਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਸੰਜਮ ਰੱਖਦੇ ਹੋਏ ਆਪਣੀ ਜ਼ਬਾਨ ʼਤੇ ਕਾਬੂ ਰੱਖਾਂਗੇ, ਤਾਂ ਦੂਜੇ ਸਾਡੇ ʼਤੇ ਭਰੋਸਾ ਕਰ ਸਕਣਗੇ। ਕਈ ਵਾਰੀ ਸਾਡਾ ਦਿਲ ਕਰਦਾ ਹੈ ਕਿ ਅਸੀਂ ਕਿਸੇ ਦੀ ਗੱਲ ਦੂਜਿਆਂ ਨੂੰ ਦੱਸੀਏ, ਪਰ ਸੰਜਮ ਰੱਖਣ ਕਰਕੇ ਅਸੀਂ ਆਪਣੇ ਆਪ ਨੂੰ ਰੋਕ ਪਾਉਂਦੇ ਹਾਂ। (ਕਹਾਉਤਾਂ 10:19 ਪੜ੍ਹੋ।) ਖ਼ਾਸ ਕਰਕੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋਏ ਸਾਡੇ ਲਈ ਸੰਜਮ ਰੱਖਣਾ ਔਖਾ ਹੋ ਸਕਦਾ ਹੈ। ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਅਣਜਾਣੇ ਵਿਚ ਕੋਈ ਗੱਲ ਬਹੁਤ ਸਾਰੇ ਲੋਕਾਂ ਤਕ ਫੈਲਾ ਸਕਦੇ ਹਾਂ ਜੋ ਸਾਨੂੰ ਸਿਰਫ਼ ਆਪਣੇ ਤਕ ਰੱਖਣੀ ਚਾਹੀਦੀ ਹੈ। ਜਦੋਂ ਅਸੀਂ ਕੋਈ ਜਾਣਕਾਰੀ ਇੰਟਰਨੈੱਟ ʼਤੇ ਪਾ ਦਿੰਦੇ ਹਾਂ, ਤਾਂ ਇਹ ਸਾਡੇ ਵੱਸ ਵਿਚ ਨਹੀਂ ਰਹਿੰਦਾ ਕਿ ਲੋਕ ਉਸ ਜਾਣਕਾਰੀ ਨੂੰ ਕਿੱਦਾਂ ਇਸਤੇਮਾਲ ਕਰਨਗੇ ਜਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਉਸ ਕਰਕੇ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ। ਸਾਨੂੰ ਉਦੋਂ ਵੀ ਸੰਜਮ ਰੱਖਦੇ ਹੋਏ ਚੁੱਪ ਰਹਿਣਾ ਚਾਹੀਦਾ ਹੈ ਜਦੋਂ ਸਾਡੇ ਵਿਰੋਧੀ ਚਲਾਕੀ ਨਾਲ ਸਾਡੇ ਕੋਲੋਂ ਜਾਣਕਾਰੀ ਕਢਾਉਣੀ ਚਾਹੁੰਦੇ ਹਨ ਜਿਸ ਨਾਲ ਸਾਡੇ ਭੈਣਾਂ-ਭਰਾਵਾਂ ਨੂੰ ਖ਼ਤਰਾ ਹੋ ਸਕਦਾ ਹੈ। ਸ਼ਾਇਦ ਅਜਿਹੇ ਦੇਸ਼ ਵਿਚ ਪੁਲਿਸ ਸਾਡੇ ਤੋਂ ਪੁੱਛ-ਗਿੱਛ ਕਰੇ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਵੇ। ਅਜਿਹੇ ਹਾਲਾਤਾਂ ਅਤੇ ਹੋਰ ਹਾਲਾਤਾਂ ਵਿਚ ਸਾਨੂੰ “ਆਪਣੇ ਮੂੰਹ ʼਤੇ ਛਿੱਕਲੀ” ਪਾਉਣੀ ਚਾਹੀਦੀ ਹੈ। (ਜ਼ਬੂ. 39:1) ਸਾਨੂੰ ਆਪਣੇ ਆਪ ਨੂੰ ਆਪਣੇ ਪਰਿਵਾਰ, ਦੋਸਤਾਂ, ਮਸੀਹੀ ਭੈਣਾਂ-ਭਰਾਵਾਂ ਅਤੇ ਹੋਰ ਲੋਕਾਂ ਦੀਆਂ ਨਜ਼ਰਾਂ ਵਿਚ ਭਰੋਸੇ ਦੇ ਲਾਇਕ ਸਾਬਤ ਕਰਨਾ ਚਾਹੀਦਾ ਹੈ। ਅਸੀਂ ਤਾਂ ਹੀ ਭਰੋਸੇਯੋਗ ਸਾਬਤ ਹੋਵਾਂਗੇ ਜੇ ਅਸੀਂ ਸੰਜਮ ਰੱਖਾਂਗੇ ਯਾਨੀ ਆਪਣੇ ਆਪ ʼਤੇ ਕਾਬੂ ਰੱਖਾਂਗੇ।
17. ਜੇ ਅਸੀਂ ਚਾਹੁੰਦੇ ਹਾਂ ਕਿ ਮੰਡਲੀ ਦੇ ਭੈਣ-ਭਰਾ ਸਾਡੇ ʼਤੇ ਭਰੋਸਾ ਕਰਨ, ਤਾਂ ਅਸੀਂ ਕੀ ਕਰ ਸਕਦੇ ਹਾਂ?
17 ਅਸੀਂ ਸਾਰੇ ਜਣੇ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਅਜਿਹੇ ਭਾਈਚਾਰੇ ਦਾ ਹਿੱਸਾ ਬਣਾਇਆ ਹੈ ਜਿਸ ਵਿਚ ਸਾਰੇ ਜਣੇ ਭਰੋਸੇਯੋਗ ਹਨ ਅਤੇ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਮੰਡਲੀ ਵਿਚ ਅਜਿਹਾ ਮਾਹੌਲ ਬਣਿਆ ਰਹੇ। ਇਸ ਲਈ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਭਰੋਸਾ ਜਿੱਤੀਏ। ਇਸ ਕਰਕੇ ਸਾਨੂੰ ਸਾਰਿਆਂ ਨੂੰ ਮੰਡਲੀ ਵਿਚ ਇਕ-ਦੂਜੇ ਨਾਲ ਪਿਆਰ, ਨਿਮਰਤਾ, ਸਮਝਦਾਰੀ ਤੇ ਈਮਾਨਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਸੰਜਮ ਰੱਖਣਾ ਚਾਹੀਦਾ ਹੈ। ਇਸ ਵਾਸਤੇ ਸਾਨੂੰ ਲਗਾਤਾਰ ਮਿਹਨਤ ਕਰਦੇ ਰਹਿਣ ਦੀ ਲੋੜ ਹੈ। ਆਓ ਆਪਾਂ ਸਾਰੇ ਜਣੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰਦੇ ਹੋਏ ਆਪਣੇ ਆਪ ਨੂੰ ਭਰੋਸੇਯੋਗ ਸਾਬਤ ਕਰਦੇ ਰਹੀਏ।
ਗੀਤ 34 ਵਫ਼ਾ ਦੇ ਰਾਹ ʼਤੇ ਚੱਲੋ
a ਜੇ ਅਸੀਂ ਚਾਹੁੰਦੇ ਹਾਂ ਕਿ ਦੂਜੇ ਲੋਕ ਸਾਡੇ ʼਤੇ ਭਰੋਸਾ ਕਰਨ, ਤਾਂ ਪਹਿਲਾਂ ਸਾਨੂੰ ਖ਼ੁਦ ਨੂੰ ਭਰੋਸੇਯੋਗ ਸਾਬਤ ਕਰਨਾ ਪਵੇਗਾ। ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਭਰੋਸੇਯੋਗ ਹੋਣਾ ਇੰਨਾ ਜ਼ਰੂਰੀ ਕਿਉਂ ਹੈ ਅਤੇ ਭਰੋਸੇਯੋਗ ਇਨਸਾਨ ਬਣਨ ਲਈ ਸਾਡੇ ਵਿਚ ਕਿਹੜੇ ਗੁਣ ਹੋਣੇ ਚਾਹੀਦੇ ਹਨ।
b ਜੇ ਸਾਨੂੰ ਪਤਾ ਲੱਗਦਾ ਹੈ ਕਿ ਮੰਡਲੀ ਵਿਚ ਕਿਸੇ ਨੇ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਸਾਨੂੰ ਉਸ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਉਸ ਬਾਰੇ ਬਜ਼ੁਰਗਾਂ ਨੂੰ ਦੱਸੇ। ਜੇ ਉਹ ਇਸ ਤਰ੍ਹਾਂ ਨਹੀਂ ਕਰਦਾ, ਤਾਂ ਸਾਨੂੰ ਆਪ ਜਾ ਕੇ ਬਜ਼ੁਰਗਾਂ ਨੂੰ ਉਸ ਬਾਰੇ ਦੱਸਣਾ ਚਾਹੀਦਾ ਹੈ ਕਿਉਂਕਿ ਅਸੀਂ ਯਹੋਵਾਹ ਅਤੇ ਭੈਣਾਂ-ਭਰਾਵਾਂ ਪ੍ਰਤੀ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ।
c ਤਸਵੀਰ ਬਾਰੇ ਜਾਣਕਾਰੀ: ਇਕ ਬਜ਼ੁਰਗ ਇਕ ਹੋਰ ਬਜ਼ੁਰਗ ਨਾਲ ਇਕ ਭੈਣ ਨੂੰ ਮਿਲਣ ਜਾਂਦਾ ਹੈ, ਪਰ ਉਹ ਘਰ ਆ ਕੇ ਆਪਣੇ ਪਰਿਵਾਰ ਨੂੰ ਉਸ ਭੈਣ ਦੀਆਂ ਗੱਲਾਂ ਨਹੀਂ ਦੱਸਦਾ।