ਇਕੱਲੀਆਂ ਮਾਵਾਂ ਦੀ ਮਦਦ ਕਰੋ
ਅੱਜ ਦੁਨੀਆਂ ਵਿਚ ਕਈ ਮਾਵਾਂ ਹਨ ਜੋ ਇਕੱਲੀਆਂ ਆਪਣੇ ਬੱਚਿਆਂ ਨੂੰ ਪਾਲਦੀਆਂ-ਪੋਸਦੀਆਂ ਹਨ।a ਇਕੱਲੀਆਂ ਹੋਣ ਕਰਕੇ ਇਨ੍ਹਾਂ ਨੂੰ ਸਾਰੀਆਂ ਜ਼ਿੰਮੇਵਾਰੀਆਂ ਖ਼ੁਦ ਨਿਭਾਉਣੀਆਂ ਪੈਂਦੀਆਂ ਹਨ। ਉਹ ਕਈ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰਦੀਆਂ ਹਨ। ਨੌਕਰੀ ਕਰਨ ਤੋਂ ਇਲਾਵਾ ਇਨ੍ਹਾਂ ਮਾਵਾਂ ਨੂੰ ਖ਼ਰੀਦਾਰੀ ਕਰਨੀ, ਖਾਣਾ ਬਣਾਉਣਾ, ਸਾਫ਼-ਸਫ਼ਾਈ ਕਰਨੀ ਅਤੇ ਬੱਚਿਆਂ ਦੀ ਦੇਖ-ਭਾਲ ਕਰਨੀ ਪੈਂਦੀ ਹੈ। ਨਾਲੇ ਇਨ੍ਹਾਂ ਨੂੰ ਆਪਣੀ ਅਤੇ ਆਪਣੇ ਬੱਚਿਆਂ ਦੀ ਸਿਹਤ ਦਾ ਖ਼ਿਆਲ ਰੱਖਣਾ ਪੈਂਦਾ ਹੈ, ਬੱਚਿਆਂ ਨਾਲ ਖੇਡਣਾ ਪੈਂਦਾ ਹੈ ਤੇ ਉਨ੍ਹਾਂ ਦੇ ਦੁੱਖ-ਸੁਖ ਵਿਚ ਸਾਥ ਦੇਣਾ ਪੈਂਦਾ ਹੈ। ਫਿਰ ਜੇ ਹੋ ਸਕੇ, ਉਹ ਆਪਣੇ ਲਈ ਵੀ ਸਮਾਂ ਕੱਢਣ ਦੀ ਕੋਸ਼ਿਸ਼ ਕਰਦੀਆਂ ਹਨ।
ਭਾਵੇਂ ਕਿ ਅਜਿਹੇ ਪਰਿਵਾਰਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ, ਫਿਰ ਵੀ ਇਨ੍ਹਾਂ ਵੱਲ ਲੋਕ ਬਹੁਤਾ ਗੌਰ ਨਹੀਂ ਕਰਦੇ। ਇਕ ਮਾਂ ਨੇ ਖੁੱਲ੍ਹ ਕੇ ਦੱਸਿਆ: “ਜਦੋਂ ਮੈਨੂੰ ਇਕੱਲੀ ਨੂੰ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨੀ ਪਈ, ਤਦ ਮੈਨੂੰ ਪਤਾ ਲੱਗਾ ਕਿ ਇਨ੍ਹਾਂ ਪਰਿਵਾਰਾਂ ʼਤੇ ਕੀ ਬੀਤਦੀ ਹੈ।” ਤੁਸੀਂ ਇਨ੍ਹਾਂ ਮਾਵਾਂ ਦੀ ਮਦਦ ਕਿਵੇਂ ਕਰ ਸਕਦੇ ਹੋ? ਕੀ ਤੁਹਾਨੂੰ ਉਨ੍ਹਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ? ਆਓ ਆਪਾਂ ਤਿੰਨ ਗੱਲਾਂ ʼਤੇ ਗੌਰ ਕਰੀਏ ਕਿ ਸਾਨੂੰ ਉਨ੍ਹਾਂ ਦੀਆਂ ਲੋੜਾਂ ਨੂੰ ਕਿਉਂ ਪੂਰਾ ਕਰਨਾ ਚਾਹੀਦਾ ਹੈ।
ਧਿਆਨ ਰੱਖਣ ਦੇ ਕਾਰਨ
ਕਈ ਇਕੱਲੀਆਂ ਮਾਵਾਂ ਨੂੰ ਮਦਦ ਦੀ ਲੋੜ ਹੈ। ਇਕ 41 ਸਾਲਾਂ ਦੀ ਵਿਧਵਾ, ਜਿਸ ਦੇ ਦੋ ਬੱਚੇ ਹਨ, ਨੇ ਕਿਹਾ: “ਕਈ ਵਾਰ ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰਾਂ ਅਤੇ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਕਿੱਦਾਂ ਨਿਭਾਵਾਂ।” ਕਈ ਮਾਵਾਂ ਇਸ ਲਈ ਇਕੱਲੀਆਂ ਹਨ ਕਿਉਂਕਿ ਉਹ ਵਿਧਵਾ ਹਨ ਜਾਂ ਉਨ੍ਹਾਂ ਨੂੰ ਛੱਡਿਆ ਗਿਆ ਹੈ। ਇਨ੍ਹਾਂ ਵਿੱਚੋਂ ਕਈ ਜਣੀਆਂ ਇਸ ਮਾਂ ਵਾਂਗ ਹੀ ਮਹਿਸੂਸ ਕਰਦੀਆਂ ਹਨ ਜਿਸ ਨੇ ਕਿਹਾ: “ਸਾਨੂੰ ਮਦਦ ਦੀ ਸਖ਼ਤ ਲੋੜ ਹੈ। ਕਾਸ਼ ਕੋਈ ਸਾਡੀ ਵੀ ਸੁਣੇ!”
ਤੁਹਾਡੀ ਆਪਣੀ ਖ਼ੁਸ਼ੀ ਵਧੇਗੀ। ਕੀ ਤੁਸੀਂ ਕਦੇ ਕਿਸੇ ਦੀ ਮਦਦ ਕੀਤੀ ਹੈ ਜਿਸ ਨੇ ਭਾਰਾ ਬੋਝ ਚੁੱਕਿਆ ਹੋਵੇ? ਜੇ ਹਾਂ, ਤਾਂ ਤੁਹਾਨੂੰ ਜ਼ਰੂਰ ਖ਼ੁਸ਼ੀ ਹੋਈ ਹੋਣੀ ਕਿ ਤੁਸੀਂ ਕਿਸੇ ਦੀ ਮਦਦ ਕੀਤੀ। ਇਸੇ ਤਰ੍ਹਾਂ, ਇਕੱਲੀਆਂ ਮਾਵਾਂ ਵੀ ਜ਼ਿੰਮੇਵਾਰੀਆਂ ਦਾ ਭਾਰਾ ਬੋਝ ਚੁੱਕਦੀਆਂ ਹਨ। ਜਦੋਂ ਮਦਦ ਦੇਣ ਲਈ ਤੁਸੀਂ ਆਪਣਾ ਹੱਥ ਵਧਾਉਂਦੇ ਹੋ, ਤਾਂ ਬਾਈਬਲ ਵਿਚ ਕਹੀ ਗੱਲ ਤੁਹਾਡੇ ʼਤੇ ਲਾਗੂ ਹੋਵੇਗੀ: “ਧੰਨ ਉਹ ਮਨੁੱਖ ਹੈ, ਜੋ ਗਰੀਬ ਦੀ ਦੇਖ ਭਾਲ ਕਰਦਾ ਹੈ।”—ਭਜਨ 41:1, CL.
ਰੱਬ ਬਹੁਤ ਖ਼ੁਸ਼ ਹੁੰਦਾ ਹੈ। ਯਾਕੂਬ 1:27 ਵਿਚ ਲਿਖਿਆ ਹੈ: “ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ।” ਇਸ ਵਿਚ ਮਾਵਾਂ ਦਾ ਧਿਆਨ ਰੱਖਣਾ ਵੀ ਸ਼ਾਮਲ ਹੈ।b ਇਬਰਾਨੀਆਂ 13:16 ਕਹਿੰਦਾ ਹੈ: “ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲਿਓ ਕਿਉਂਕਿ ਅਜੇਹਿਆਂ ਬਲੀਦਾਨਾਂ ਤੋਂ ਪਰਮੇਸ਼ੁਰ ਪਰਸੰਨ ਹੁੰਦਾ ਹੈ।”
ਇਹ ਤਿੰਨ ਕਾਰਨ ਹਨ ਕਿ ਸਾਨੂੰ ਇਕੱਲੀਆਂ ਮਾਵਾਂ ਦਾ ਧਿਆਨ ਕਿਉਂ ਰੱਖਣਾ ਚਾਹੀਦਾ ਹੈ। ਇਨ੍ਹਾਂ ਨੂੰ ਮਨ ਵਿਚ ਰੱਖਦੇ ਹੋਏ ਆਓ ਹੁਣ ਦੇਖੀਏ ਕਿ ਅਸੀਂ ਕਿਨ੍ਹਾਂ ਖ਼ਾਸ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ।
ਉਨ੍ਹਾਂ ਦੀਆਂ ਲੋੜਾਂ ਨੂੰ ਸਮਝੋ
ਸ਼ਾਇਦ ਅਸੀਂ ਇਕ ਇਕੱਲੀ ਮਾਂ ਨੂੰ ਜਾ ਕੇ ਪੁੱਛੀਏ ਕਿ “ਅਸੀਂ ਤੁਹਾਡੀ ਕੋਈ ਮਦਦ ਕਰ ਸਕਦੇ ਹਾਂ?” ਪਰ ਅਸਲ ਵਿਚ ਇੱਦਾਂ ਤੁਹਾਨੂੰ ਕੋਈ ਵੀ ਆਪਣੀਆਂ ਲੋੜਾਂ ਬਾਰੇ ਨਹੀਂ ਦੱਸੇਗਾ। ਜਿੱਦਾਂ ਪਹਿਲਾਂ ਅਸੀਂ ਭਜਨ 41:1 ਵਿਚ ਦੇਖਿਆ ਸੀ ਕਿ ਸਾਨੂੰ ‘ਦੇਖ ਭਾਲ ਕਰਨ’ ਦੀ ਲੋੜ ਹੈ। ਬਾਈਬਲ ਬਾਰੇ ਇਕ ਸ਼ਬਦ-ਕੋਸ਼ ਸਮਝਾਉਂਦਾ ਹੈ ਕਿ ਇਬਰਾਨੀ ਭਾਸ਼ਾ ਵਿਚ ਜਿਹੜੇ ਸ਼ਬਦ ਵਰਤੇ ਗਏ ਹਨ ਉਨ੍ਹਾਂ ਦਾ ਮਤਲਬ ਇਹ ਹੋ ਸਕਦਾ ਹੈ “ਇਸ ਬਾਰੇ ਡੂੰਘੀ ਤਰ੍ਹਾਂ ਸੋਚਣਾ ਕਿ ਤੁਸੀਂ ਕਿਸੇ ਦੀ ਮਦਦ ਕਰਨ ਲਈ ਕਿਹੜੇ ਕਦਮ ਚੁੱਕ ਸਕਦੇ ਹੋ।”
ਕਹਿਣ ਦਾ ਭਾਵ ਕਿ ਜੇ ਤੁਸੀਂ ਇਕੱਲੀਆਂ ਮਾਵਾਂ ਦੀ ਮਦਦ ਕਰਨੀ ਚਾਹੁੰਦੇ ਹੋ, ਤਾਂ ਪਹਿਲਾਂ ਸੋਚੋ ਕਿ ਉਹ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੀਆਂ ਹਨ। ਸਰਸਰੀ ਤੌਰ ਤੇ ਨਹੀਂ, ਸਗੋਂ ਧਿਆਨ ਨਾਲ ਦੇਖੋ ਕਿ ਉਨ੍ਹਾਂ ਦੀਆਂ ਲੋੜਾਂ ਕੀ ਹਨ। ਖ਼ੁਦ ਨੂੰ ਪੁੱਛੋ ਕਿ ‘ਜੇ ਅਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਸਾਨੂੰ ਕਿਹੋ ਜਿਹੀ ਮਦਦ ਦੀ ਲੋੜ ਹੁੰਦੀ?’ ਕਈ ਇਕੱਲੀਆਂ ਮਾਵਾਂ ਤੁਹਾਨੂੰ ਕਹਿਣਗੀਆਂ ਕਿ ਜਿੰਨਾ ਚਿਰ ਤੁਸੀਂ ਖ਼ੁਦ ਉਨ੍ਹਾਂ ਦੀ ਜਗ੍ਹਾ ਨਾ ਹੋਵੋ, ਤੁਸੀਂ ਕਦੇ ਸਮਝ ਹੀ ਨਹੀਂ ਸਕਦੇ ਕਿ ਉਨ੍ਹਾਂ ʼਤੇ ਕੀ ਬੀਤ ਰਹੀ ਹੈ। ਫਿਰ ਵੀ ਜੇ ਤੁਸੀਂ ਹਮਦਰਦੀ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਇਕੱਲੀਆਂ ਮਾਵਾਂ ਦੀ ‘ਦੇਖ ਭਾਲ ਕਰਨ’ ਲਈ ਤਿਆਰ ਹੋਵੋਗੇ।
ਪਰਮੇਸ਼ੁਰ ਦੀ ਰੀਸ ਕਰੋ
ਜਦੋਂ ਇਕੱਲੀਆਂ ਮਾਵਾਂ ਦੀ ਦੇਖ-ਭਾਲ ਕਰਨ ਦੀ ਗੱਲ ਆਉਂਦੀ ਹੈ, ਤਾਂ ਯਹੋਵਾਹ ਪਰਮੇਸ਼ੁਰ ਜਿੰਨਾ ਕੋਈ ਵੀ ਉਨ੍ਹਾਂ ਨੂੰ ਪਿਆਰ ਨਹੀਂ ਕਰਦਾ। ਬਾਈਬਲ ਦੀਆਂ ਕਈ ਆਇਤਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਪਰਮੇਸ਼ੁਰ ਵਿਧਵਾਵਾਂ ਅਤੇ ਅਨਾਥਾਂ ਦੀ ਕਿੰਨੀ ਪਰਵਾਹ ਕਰਦਾ ਹੈ ਜਿਨ੍ਹਾਂ ਵਿਚ ਇਕੱਲੀਆਂ ਮਾਵਾਂ ਵੀ ਸ਼ਾਮਲ ਹਨ। ਜਦੋਂ ਅਸੀਂ ਦੇਖਦੇ ਹਾਂ ਕਿ ਰੱਬ ਅਜਿਹੇ ਲੋਕਾਂ ਦੀਆਂ ਲੋੜਾਂ ਨੂੰ ਕਿਵੇਂ ਪੂਰਾ ਕਰਦਾ ਹੈ, ਤਾਂ ਅਸੀਂ ਵੀ ਮਦਦ ਦੇਣ ਬਾਰੇ ਉਸ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਆਓ ਚਾਰ ਖ਼ਾਸ ਗੱਲਾਂ ʼਤੇ ਗੌਰ ਕਰੀਏ।
ਧਿਆਨ ਨਾਲ ਸੁਣੋ
ਪੁਰਾਣੇ ਸਮੇਂ ਵਿਚ ਇਸਰਾਏਲੀਆਂ ਨੂੰ ਦਿੱਤੀ ਬਿਵਸਥਾ ਵਿਚ ਯਹੋਵਾਹ ਨੇ ਦੁਖੀ ਲੋਕਾਂ ਬਾਰੇ ਕਿਹਾ: “ਮੈਂ ਜਰੂਰ ਉਨ੍ਹਾਂ ਦੀ ਦੁਹਾਈ ਨੂੰ ਸੁਣਾਂਗਾ।” (ਕੂਚ 22:22, 23) ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਇਕੱਲੀਆਂ ਮਾਵਾਂ ਅਕਸਰ ਬਹੁਤ ਉਦਾਸ ਤੇ ਇਕੱਲੀਆਂ ਮਹਿਸੂਸ ਕਰਦੀਆਂ ਹਨ ਕਿਉਂਕਿ ਘਰ ਵਿਚ ਉਨ੍ਹਾਂ ਦੀ ਦਿਲ ਦੀ ਗੱਲ ਸਮਝਣ ਵਾਲਾ ਕੋਈ ਨਹੀਂ ਹੁੰਦਾ। ਇਕ ਮਾਂ ਕਹਿੰਦੀ ਹੈ: “ਜਦੋਂ ਬੱਚੇ ਸੌਂ ਜਾਂਦੇ ਹਨ, ਤਾਂ ਮੈਂ ਇਕੱਲੀ ਰੋਂਦੀ ਹਾਂ। ਇਕੱਲਾਪਣ ਮੇਰੇ ਤੋਂ ਸਹਿਆ ਨਹੀਂ ਜਾਂਦਾ।” ਜੇ ਹੋ ਸਕੇ, ਤਾਂ ਕੀ ਤੁਸੀਂ ਕਿਸੇ ਇਕੱਲੀ ਮਾਂ ਦੀ ‘ਦੁਹਾਈ ਸੁਣਨ’ ਲਈ ਸਮਾਂ ਕੱਢ ਸਕਦੇ ਹੋ ਤਾਂਕਿ ਉਹ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਸਕੇ? ਸਹੀ ਸਮੇਂ ਅਤੇ ਸਹੀ ਜਗ੍ਹਾ ʼਤੇ ਮਦਦ ਦੇਣ ਨਾਲ ਅਸੀਂ ਇਕੱਲੀ ਮਾਂ ਨੂੰ ਉਸ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਦੇ ਸਕਦੇ ਹਾਂ।
ਹੌਸਲਾ ਦਿਓ
ਯਹੋਵਾਹ ਨੇ ਕਈ ਜ਼ਬੂਰ ਜਾਂ ਭਜਨ ਲਿਖਵਾਏ ਜੋ ਇਸਰਾਏਲੀ ਉਸ ਦੀ ਭਗਤੀ ਵਿਚ ਗਾਉਂਦੇ ਹੁੰਦੇ ਸਨ। ਜ਼ਰਾ ਸੋਚੋ ਕਿ ਇਸਰਾਏਲੀ ਵਿਧਵਾਵਾਂ ਅਤੇ ਅਨਾਥਾਂ ਨੂੰ ਕਿੰਨਾ ਹੌਸਲਾ ਮਿਲਿਆ ਹੋਵੇਗਾ ਜਦੋਂ ਉਨ੍ਹਾਂ ਨੇ ਗਾਇਆ ਕਿ ਯਹੋਵਾਹ ਉਨ੍ਹਾਂ ਦਾ “ਪਿਤਾ” ਅਤੇ “ਨਿਆਉਂ ਕਰਨ ਵਾਲਾ” ਹੈ। (ਜ਼ਬੂਰਾਂ ਦੀ ਪੋਥੀ 68:5; 146:9) ਅਸੀਂ ਵੀ ਇਕੱਲੀਆਂ ਮਾਵਾਂ ਨੂੰ ਹੌਸਲੇ ਭਰੇ ਸ਼ਬਦ ਕਹਿ ਸਕਦੇ ਹਾਂ ਜੋ ਉਨ੍ਹਾਂ ਨੂੰ ਹਮੇਸ਼ਾ ਯਾਦ ਰਹਿਣਗੇ। ਰੂਥ ਇਕ ਇਕੱਲੀ ਮਾਂ ਹੈ। ਭਾਵੇਂ ਕਿ 20 ਸਾਲ ਬੀਤ ਚੁੱਕੇ ਹਨ, ਪਰ ਉਸ ਨੂੰ ਅਜੇ ਵੀ ਕਿਸੇ ਦੇ ਕਹੇ ਇਹ ਸ਼ਬਦ ਯਾਦ ਹਨ: “ਸੱਚ-ਮੁੱਚ ਤੂੰ ਆਪਣੇ ਦੋਵੇਂ ਮੁੰਡਿਆਂ ਦੀ ਪਰਵਰਿਸ਼ ਬੜੇ ਵਧੀਆ ਢੰਗ ਨਾਲ ਕਰ ਰਹੀ ਹੈਂ। ਸ਼ਾਬਾਸ਼! ਇੱਦਾਂ ਹੀ ਕਰਦੀ ਰਹਿ।” ਰੂਥ ਕਹਿੰਦੀ ਹੈ: ‘ਉਸ ਦੀ ਗੱਲ ਸੁਣ ਕੇ ਮੇਰਾ ਹੌਸਲਾ ਵਧਿਆ ਕਿਉਂਕਿ ਉਹ ਖ਼ੁਦ ਵੀ ਬੱਚਿਆਂ ਵਾਲਾ ਸੀ।’ ਵਾਕਈ ਅਜਿਹੇ ਸ਼ਬਦਾਂ ਵਿਚ “ਸਿਹਤ ਦੇਣ ਵਾਲੀ ਰਸਨਾ” ਹੁੰਦੀ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਇਕੱਲੀ ਮਾਂ ʼਤੇ ਇਨ੍ਹਾਂ ਦਾ ਕਿੰਨਾ ਵਧੀਆ ਅਸਰ ਹੋ ਸਕਦਾ ਹੈ। (ਕਹਾਉਤਾਂ 15:4) ਕੀ ਤੁਸੀਂ ਇਕੱਲੀ ਮਾਂ ਦਾ ਹੌਸਲਾ ਵਧਾਉਣ ਲਈ ਉਸ ਨੂੰ ਦਿਲੋਂ ਸ਼ਾਬਾਸ਼ ਦੇ ਸਕਦੇ ਹੋ?
ਲੋੜ ਵੇਲੇ ਜ਼ਰੂਰਤਾਂ ਪੂਰੀਆਂ ਕਰੋ
ਪੁਰਾਣੇ ਸਮੇਂ ਵਿਚ ਯਹੋਵਾਹ ਦੀ ਬਿਵਸਥਾ ਵਿਚ ਅਜਿਹੇ ਇੰਤਜ਼ਾਮ ਵੀ ਕੀਤੇ ਗਏ ਸਨ ਜਿਨ੍ਹਾਂ ਰਾਹੀਂ ਵਿਧਵਾਵਾਂ ਅਤੇ ਅਨਾਥਾਂ ਨੂੰ ਖਾਣਾ ਵੀ ਮਿਲ ਸਕਦਾ ਸੀ। ਇਨ੍ਹਾਂ ਇੰਤਜ਼ਾਮਾਂ ਰਾਹੀਂ ਵਿਧਵਾ ਅਤੇ ਅਨਾਥ ਲੋਕਾਂ ਨੂੰ ਇੰਨਾ ਖਾਣਾ ਮਿਲ ਜਾਂਦਾ ਸੀ ਕਿ ਉਹ “ਖਾ ਕੇ ਰੱਜ ਜਾਣ।” (ਬਿਵਸਥਾ ਸਾਰ 24:19-21; 26:12, 13) ਅਸੀਂ ਵੀ ਸਮਝਦਾਰੀ ਵਰਤਦੇ ਹੋਏ ਇਕੱਲੀਆਂ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਮਦਦ ਕਰ ਸਕਦੇ ਹਾਂ। ਕੀ ਤੁਸੀਂ ਉਨ੍ਹਾਂ ਲਈ ਖਾਣਾ ਤਿਆਰ ਕਰ ਸਕਦੇ ਹੋ ਜਾਂ ਫਿਰ ਉਨ੍ਹਾਂ ਦੇ ਘਰ ਖਾਣ-ਪੀਣ ਦਾ ਸਾਮਾਨ ਲਿਜਾ ਸਕਦੇ ਹੋ? ਕੀ ਤੁਹਾਡੇ ਕੋਲ ਕੱਪੜੇ ਹਨ ਜੋ ਉਨ੍ਹਾਂ ਦੇ ਕੰਮ ਆ ਸਕਦੇ ਹਨ? ਜਾਂ ਕੀ ਤੁਸੀਂ ਪੈਸੇ ਪੱਖੋਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ ਤਾਂਕਿ ਇਕੱਲੀ ਮਾਂ ਆਪਣੇ ਪਰਿਵਾਰ ਲਈ ਚੀਜ਼ਾਂ ਖ਼ਰੀਦ ਸਕੇ?
ਸਮਾਂ ਗੁਜ਼ਾਰੋ
ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਵਿਧਵਾਵਾਂ ਅਤੇ ਅਨਾਥਾਂ ਨੂੰ ਤਿਉਹਾਰਾਂ ਵਿਚ ਸ਼ਾਮਲ ਕੀਤਾ ਜਾਵੇ ਤਾਂਕਿ ਉਹ ਵੀ ਬਾਕੀ ਇਸਰਾਏਲੀਆਂ ਨਾਲ ਮਿਲਣ-ਜੁਲਣ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ “ਅਨੰਦ ਕਰੋ।” (ਬਿਵਸਥਾ ਸਾਰ 16:10-15) ਅੱਜ ਵੀ ਮਸੀਹੀਆਂ ਨੂੰ ਦੱਸਿਆ ਗਿਆ ਹੈ ਕਿ ਉਹ “ਇੱਕ ਦੂਏ ਦੀ ਪਰਾਹੁਣਚਾਰੀ” ਕਰਨ ਤਾਂ ਜੋ ਮਿਲ-ਜੁਲ ਕੇ ਇਕ-ਦੂਜੇ ਦਾ ਹੌਸਲਾ ਵਧਾ ਸਕਣ। (1 ਪਤਰਸ 4:9) ਸੋ ਕਿਉਂ ਨਾ ਇਕੱਲੀਆਂ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਘਰ ਰੋਟੀ ʼਤੇ ਬੁਲਾਓ? ਬਹੁਤੀਆਂ ਚੀਜ਼ਾਂ ਤਿਆਰ ਕਰਨ ਦੀ ਲੋੜ ਨਹੀਂ ਹੈ। ਆਪਣੇ ਦੋਸਤਾਂ ਨਾਲ ਰੋਟੀ ਖਾਣ ਵੇਲੇ ਯਿਸੂ ਨੇ ਵੀ ਇਹੀ ਕਿਹਾ ਸੀ ਕਿ ਜ਼ਿਆਦਾ ਚੀਜ਼ਾਂ ਦੀ ਨਹੀਂ, ਸਗੋਂ ਇੱਕੋ ਚੀਜ਼ ਬਥੇਰੀ ਹੈ।”—ਲੂਕਾ 10:42.
ਤੁਹਾਡੀ ਮਦਦ ਦੀ ਕਦਰ ਕੀਤੀ ਜਾਵੇਗੀ
ਕੈਥਲੀਨ ਇਕ ਇਕੱਲੀ ਮਾਂ ਹੈ ਜਿਸ ਨੇ ਆਪਣੇ ਤਿੰਨ ਬੱਚਿਆਂ ਦੀ ਪਰਵਰਿਸ਼ ਕੀਤੀ। ਉਹ ਕਹਿੰਦੀ ਹੈ ਕਿ ਉਹ ਇਹ ਸਲਾਹ ਕਦੇ ਨਹੀਂ ਭੁੱਲੇਗੀ, “ਕਿਸੇ ਤੋਂ ਕੋਈ ਉਮੀਦ ਨਾ ਰੱਖੋ, ਪਰ ਹਰ ਗੱਲ ਦੀ ਕਦਰ ਕਰੋ।” ਕੈਥਲੀਨ ਵਾਂਗ ਕਈ ਇਕੱਲੀਆਂ ਮਾਵਾਂ ਜਾਣਦੀਆਂ ਹਨ ਕਿ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਉਨ੍ਹਾਂ ਦੀ ਆਪਣੀ ਜ਼ਿੰਮੇਵਾਰੀ ਹੈ। ਇਸ ਲਈ ਉਹ ਸਮਝਦੀਆਂ ਹਨ ਕਿ ਦੂਜੇ ਲੋਕ ਉਨ੍ਹਾਂ ਦੇ ਇਸ ਫ਼ਰਜ਼ ਨੂੰ ਨਹੀਂ ਨਿਭਾ ਸਕਦੇ। ਪਰ ਜੇ ਕੋਈ ਉਨ੍ਹਾਂ ਦੀ ਮਦਦ ਕਰਦਾ ਹੈ, ਤਾਂ ਉਹ ਇਸ ਦੀ ਜ਼ਰੂਰ ਕਦਰ ਕਰਦੀਆਂ ਹਨ। ਇਕੱਲੀਆਂ ਮਾਵਾਂ ਦੀ ਮਦਦ ਕਰ ਕੇ ਤੁਸੀਂ ਉਨ੍ਹਾਂ ਦਾ ਭਲਾ ਕਰ ਸਕਦੇ ਹੋ ਅਤੇ ਆਪਣੀ ਖ਼ੁਸ਼ੀ ਵਧਾ ਸਕਦੇ ਹੋ। ਨਾਲੇ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਪਰਮੇਸ਼ੁਰ ਤੁਹਾਡੀ “ਕੀਤੀ ਦਾ ਫਲ ਦੇਵੇਗਾ।”—ਕਹਾਉਤਾਂ 19:17. (w10-E 12/01)
[ਫੁਟਨੋਟ]
a ਹਾਲਾਂਕਿ ਇਸ ਲੇਖ ਵਿਚ ਇਕੱਲੀਆਂ ਮਾਵਾਂ ਬਾਰੇ ਗੱਲ ਕੀਤੀ ਗਈ ਹੈ, ਪਰ ਇਹ ਗੱਲਾਂ ਇਕੱਲੇ ਪਿਤਾਵਾਂ ʼਤੇ ਵੀ ਲਾਗੂ ਹੁੰਦੀਆਂ ਹਨ।
b ਬਾਈਬਲ ਵਿਚ “ਵਿਧਵਾ” ਅਤੇ “ਅਨਾਥ” ਵਰਗੇ ਸ਼ਬਦ ਕਈ ਵਾਰ ਵਰਤੇ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੇ ਜ਼ਮਾਨੇ ਵਿਚ ਵੀ ਅਜਿਹੇ ਲੋਕ ਸਨ ਜੋ ਇਕੱਲੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਸਨ।—ਯਸਾਯਾਹ 1:17.
[ਸਫ਼ਾ 32 ਉੱਤੇ ਤਸਵੀਰ]
ਤੁਸੀਂ ਪਿਛਲੀ ਵਾਰ ਆਪਣੇ ਘਰ ਖਾਣੇ ʼਤੇ ਇਕੱਲੀ ਮਾਂ ਤੇ ਉਸ ਦੇ ਬੱਚਿਆਂ ਨੂੰ ਕਦੋਂ ਬੁਲਾਇਆ ਸੀ? ਕਿਉਂ ਨਾ ਉਨ੍ਹਾਂ ਨੂੰ ਜਲਦੀ ਬੁਲਾਓ?