ਜੋਸ਼ ਨਾਲ ਸੱਚੀ ਭਗਤੀ ਕਰੋ
“ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ।”—ਮੱਤੀ 9:37.
1. ਤੁਸੀਂ ਸਮੇਂ ਦੀ ਨਾਜ਼ੁਕਤਾ ਨੂੰ ਕਿਵੇਂ ਸਮਝਾਓਗੇ?
ਮੰਨ ਲਓ ਤੁਹਾਡੇ ਕੋਲ ਇਕ ਦਸਤਾਵੇਜ਼ ਹੈ ਜਿਸ ਨੂੰ ਸ਼ਾਮ ਤਕ ਤੁਸੀਂ ਕਿਸੇ ਨੂੰ ਦਿਖਾਉਣਾ ਹੈ। ਤੁਸੀਂ ਕੀ ਕਰੋਗੇ? ਤੁਸੀਂ ਸਮਾਂ ਬਰਬਾਦ ਨਹੀਂ ਕਰੋਗੇ, ਸਗੋਂ ਛੇਤੀ ਤੋਂ ਛੇਤੀ ਇਹ ਦਸਤਾਵੇਜ਼ ਦਿਖਾਉਣਾ ਚਾਹੋਗੇ। ਇਸ ਬਾਰੇ ਵੀ ਸੋਚੋ: ਤੁਸੀਂ ਜ਼ਰੂਰੀ ਕੰਮ ਲਈ ਕਿਸੇ ਨੂੰ ਮਿਲਣ ਜਾ ਰਹੇ ਹੋ। ਪਰ ਤੁਹਾਨੂੰ ਦੇਰ ਹੋ ਜਾਂਦੀ ਹੈ। ਤੁਸੀਂ ਕੀ ਕਰਦੇ ਹੋ? ਤੁਸੀਂ ਡ੍ਰਾਈਵਰ ਨੂੰ ਕਹਿੰਦੇ ਹੋ, “ਫਟਾਫਟ ਕਰ, ਬਹੁਤ ਜ਼ਰੂਰੀ ਕੰਮ ਹੈ!” ਹਾਂ, ਜਦੋਂ ਕੋਈ ਬਹੁਤ ਜ਼ਰੂਰੀ ਕੰਮ ਕਰਨ ਵਾਲਾ ਹੁੰਦਾ ਹੈ ਅਤੇ ਸਮਾਂ ਬਹੁਤ ਘੱਟ ਹੁੰਦਾ ਹੈ, ਤਾਂ ਤੁਸੀਂ ਪਰੇਸ਼ਾਨ ਅਤੇ ਉਤਾਵਲੇ ਹੋ ਜਾਂਦੇ ਹੋ। ਤੁਹਾਡੇ ਦਿਲ ਦੀ ਧੜਕਣ ਵਧ ਜਾਂਦੀ ਹੈ ਜਿਸ ਕਰਕੇ ਤੁਸੀਂ ਫਟਾਫਟ ਆਪਣਾ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹੋ। ਇਸ ਨੂੰ ਸਮੇਂ ਦੀ ਨਾਜ਼ੁਕਤਾ ਕਹਿੰਦੇ ਹਨ!
2. ਸੱਚੇ ਮਸੀਹੀਆਂ ਲਈ ਅੱਜ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ?
2 ਸੱਚੇ ਮਸੀਹੀਆਂ ਲਈ ਅੱਜ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ ਨਾਲੋਂ ਜ਼ਿਆਦਾ ਜ਼ਰੂਰੀ ਕੰਮ ਹੋਰ ਕੋਈ ਨਹੀਂ ਹੈ। (ਮੱਤੀ 24:14; 28:19, 20) ਯਿਸੂ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਚੇਲੇ ਮਰਕੁਸ ਨੇ ਲਿਖਿਆ ਕਿ ਇਹ ਕੰਮ ਅੰਤ ਆਉਣ ਤੋਂ “ਪਹਿਲਾਂ” ਕੀਤਾ ਜਾਣਾ ਚਾਹੀਦਾ ਹੈ। (ਮਰ. 13:10) ਹਾਂ, ਇਸ ਤਰ੍ਹਾਂ ਹੋਣਾ ਵੀ ਚਾਹੀਦਾ ਹੈ ਕਿਉਂਕਿ ਯਿਸੂ ਨੇ ਕਿਹਾ ਸੀ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ।” ਫ਼ਸਲ ਉਡੀਕ ਨਹੀਂ ਕਰ ਸਕਦੀ। ਇਸ ਨੂੰ ਮੌਸਮ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਇਕੱਠਾ ਕਰਨ ਦੀ ਲੋੜ ਹੈ।—ਮੱਤੀ 9:37.
3. ਪ੍ਰਚਾਰ ਕਰਨ ਦੀ ਲੋੜ ਨੂੰ ਦੇਖਦੇ ਹੋਏ ਕਈਆਂ ਨੇ ਕੀ ਕੀਤਾ ਹੈ?
3 ਪ੍ਰਚਾਰ ਦਾ ਕੰਮ ਸਾਡੇ ਲਈ ਬਹੁਤ ਮਹੱਤਤਾ ਰੱਖਦਾ ਹੈ, ਇਸ ਲਈ ਜਿੰਨਾ ਹੋ ਸਕੇ ਸਾਨੂੰ ਇਸ ਵਿਚ ਆਪਣਾ ਸਮਾਂ, ਤਾਕਤ ਅਤੇ ਧਿਆਨ ਲਾਉਣ ਦੀ ਲੋੜ ਹੈ। ਕਈ ਭੈਣ-ਭਰਾ ਇਸ ਤਰ੍ਹਾਂ ਕਰ ਰਹੇ ਹਨ ਜਿਸ ਕਰਕੇ ਉਹ ਤਾਰੀਫ਼ ਦੇ ਲਾਇਕ ਹਨ। ਕੁਝ ਭੈਣਾਂ-ਭਰਾਵਾਂ ਨੇ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕੀਤਾ ਹੈ ਤਾਂਕਿ ਉਹ ਪਾਇਨੀਅਰਿੰਗ ਕਰ ਸਕਣ, ਮਿਸ਼ਨਰੀ ਬਣ ਸਕਣ ਜਾਂ ਸੰਸਾਰ ਭਰ ਵਿਚ ਕਿਸੇ ਬੈਥਲ ਘਰ ਵਿਚ ਸੇਵਾ ਕਰ ਸਕਣ। ਉਨ੍ਹਾਂ ਦੀ ਜ਼ਿੰਦਗੀ ਬਹੁਤ ਰੁਝੇਵਿਆਂ ਭਰੀ ਹੈ। ਉਨ੍ਹਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪਰ ਯਹੋਵਾਹ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਦਿੰਦਾ ਹੈ ਤੇ ਅਸੀਂ ਉਨ੍ਹਾਂ ਲਈ ਖ਼ੁਸ਼ ਹਾਂ। (ਲੂਕਾ 18:28-30 ਪੜ੍ਹੋ।) ਦੂਸਰੇ ਭੈਣ-ਭਰਾ ਭਾਵੇਂ ਕਿ ਆਪਣਾ ਪੂਰਾ ਸਮਾਂ ਪ੍ਰਚਾਰ ਵਿਚ ਨਹੀਂ ਲਾ ਸਕਦੇ, ਫਿਰ ਵੀ ਉਹ ਜਾਨਾਂ ਬਚਾਉਣ ਵਾਲੇ ਇਸ ਕੰਮ ਵਿਚ ਜਿੰਨਾ ਹੋ ਸਕੇ ਸਮਾਂ ਲਾਉਂਦੇ ਹਨ। ਇਸ ਵਿਚ ਆਪਣੇ ਬੱਚਿਆਂ ਦੀ ਮਦਦ ਕਰਨੀ ਵੀ ਸ਼ਾਮਲ ਹੈ ਤਾਂਕਿ ਉਨ੍ਹਾਂ ਦਾ ਬਚਾਅ ਹੋ ਸਕੇ।—ਬਿਵ. 6:6, 7.
4. ਕੁਝ ਸ਼ਾਇਦ ਕਿਉਂ ਸਮੇਂ ਦੀ ਨਜ਼ਾਕਤ ਨੂੰ ਭੁੱਲ ਜਾਣ?
4 ਅਸੀਂ ਦੇਖਿਆ ਹੈ ਕਿ ਸਮੇਂ ਦੀ ਨਜ਼ਾਕਤ ਦਾ ਸੰਬੰਧ ਆਮ ਤੌਰ ਤੇ ਸੀਮਿਤ ਸਮੇਂ ਨਾਲ ਜੁੜਿਆ ਹੁੰਦਾ ਹੈ। ਬਾਈਬਲ ਅਤੇ ਇਤਿਹਾਸ ਤੋਂ ਢੇਰ ਸਾਰਾ ਸਬੂਤ ਮਿਲਦਾ ਹੈ ਕਿ ਅਸੀਂ ਅੰਤ ਦੇ ਸਮੇਂ ਵਿਚ ਜੀ ਰਹੇ ਹਾਂ। (ਮੱਤੀ 24:3, 33; 2 ਤਿਮੋ. 3:1-5) ਫਿਰ ਵੀ ਕੋਈ ਇਨਸਾਨ ਅੰਤ ਆਉਣ ਦਾ ਸਹੀ ਸਮਾਂ ਨਹੀਂ ਜਾਣਦਾ। ਜਦੋਂ ਯਿਸੂ ‘ਜੁਗ ਦੇ ਅੰਤ ਦੇ ਲੱਛਣ’ ਬਾਰੇ ਜਾਣਕਾਰੀ ਦੇ ਰਿਹਾ ਸੀ, ਤਾਂ ਉਸ ਨੇ ਖ਼ਾਸ ਤੌਰ ਤੇ ਕਿਹਾ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ।” (ਮੱਤੀ 24:36) ਇਸ ਕਰਕੇ ਕੁਝ ਜਣਿਆਂ ਨੂੰ ਸ਼ਾਇਦ ਸਾਲ-ਦਰ-ਸਾਲ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਰਹਿਣਾ ਔਖਾ ਲੱਗੇ, ਖ਼ਾਸ ਕਰਕੇ ਜੇ ਉਹ ਕਾਫ਼ੀ ਚਿਰ ਤੋਂ ਇਸ ਨਜ਼ਾਕਤ ਨੂੰ ਸਮਝ ਰਹੇ ਹਨ। (ਕਹਾ. 13:12) ਕੀ ਤੁਸੀਂ ਕਦੇ-ਕਦੇ ਇੱਦਾਂ ਮਹਿਸੂਸ ਕਰਦੇ ਹੋ? ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੇ ਅੱਜ ਸਾਨੂੰ ਜੋ ਕੰਮ ਦਿੱਤਾ ਹੈ, ਉਸ ਦੀ ਅਹਿਮੀਅਤ ਨੂੰ ਸਮਝਣ ਜਾਂ ਸਮਝਦੇ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
ਯਿਸੂ ਦੀ ਮਿਸਾਲ ਉੱਤੇ ਗੌਰ ਕਰੋ
5. ਯਿਸੂ ਨੇ ਕਿਨ੍ਹਾਂ ਤਰੀਕਿਆਂ ਨਾਲ ਦਿਖਾਇਆ ਕਿ ਉਹ ਸੇਵਕਾਈ ਨੂੰ ਜ਼ਰੂਰੀ ਸਮਝਦਾ ਸੀ?
5 ਯਿਸੂ ਮਸੀਹ ਉਨ੍ਹਾਂ ਸਾਰੇ ਸੇਵਕਾਂ ਵਿੱਚੋਂ ਸਭ ਤੋਂ ਚੰਗੀ ਮਿਸਾਲ ਹੈ ਜਿਨ੍ਹਾਂ ਨੇ ਪਰਮੇਸ਼ੁਰ ਦੀ ਸੇਵਾ ਨੂੰ ਬਹੁਤ ਜ਼ਰੂਰੀ ਸਮਝਿਆ। ਇਸ ਦਾ ਇਕ ਕਾਰਨ ਸੀ ਕਿ ਉਸ ਨੇ ਸਾਢੇ ਤਿੰਨ ਸਾਲਾਂ ਵਿਚ ਬਹੁਤ ਕੁਝ ਕਰਨਾ ਸੀ। ਪਰ ਯਿਸੂ ਨੇ ਸੱਚੀ ਭਗਤੀ ਸੰਬੰਧੀ ਜਿੰਨਾ ਕੁਝ ਕੀਤਾ, ਉੱਨਾ ਕੋਈ ਹੋਰ ਨਹੀਂ ਕਰ ਸਕਿਆ। ਉਸ ਨੇ ਆਪਣੇ ਪਿਤਾ ਦੇ ਨਾਂ ਅਤੇ ਮਕਸਦ ਬਾਰੇ ਹੋਰਨਾਂ ਨੂੰ ਦੱਸਿਆ, ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ, ਧਾਰਮਿਕ ਆਗੂਆਂ ਦੇ ਪਖੰਡ ਅਤੇ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕੀਤਾ ਤੇ ਮਰਦੇ ਦਮ ਤਕ ਯਹੋਵਾਹ ਦੀ ਹਕੂਮਤ ਨੂੰ ਉੱਚਾ ਕੀਤਾ। ਉਹ ਜਿੱਥੇ ਕਿਤੇ ਵੀ ਗਿਆ, ਉਸ ਨੇ ਤਨ-ਮਨ ਲਾ ਕੇ ਲੋਕਾਂ ਨੂੰ ਸਿਖਾਇਆ, ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਚੰਗਾ ਕੀਤਾ। (ਮੱਤੀ 9:35) ਇੰਨੇ ਘੱਟ ਸਮੇਂ ਵਿਚ ਹੋਰ ਕਿਸੇ ਨੇ ਇੰਨਾ ਜ਼ਿਆਦਾ ਨਹੀਂ ਕੀਤਾ। ਯਿਸੂ ਨੇ ਸਭ ਤੋਂ ਜ਼ਿਆਦਾ ਜੀ ਤੋੜ ਮਿਹਨਤ ਕੀਤੀ।—ਯੂਹੰ. 18:37.
6. ਯਿਸੂ ਨੇ ਜ਼ਿੰਦਗੀ ਵਿਚ ਕਿਹੜੀ ਗੱਲ ਉੱਤੇ ਜ਼ਿਆਦਾ ਧਿਆਨ ਦਿੱਤਾ?
6 ਕਿਹੜੀ ਗੱਲ ਨੇ ਯਿਸੂ ਨੂੰ ਆਪਣੀ ਸੇਵਕਾਈ ਦੌਰਾਨ ਅਣਥੱਕ ਮਿਹਨਤ ਕਰਨ ਲਈ ਪ੍ਰੇਰਿਆ? ਦਾਨੀਏਲ ਦੀ ਭਵਿੱਖਬਾਣੀ ਤੋਂ ਯਿਸੂ ਜਾਣਦਾ ਹੋਣਾ ਕਿ ਯਹੋਵਾਹ ਦੀ ਸਮਾਂ-ਸਾਰਣੀ ਅਨੁਸਾਰ ਉਸ ਕੋਲ ਕਿੰਨਾ ਕੁ ਸਮਾਂ ਸੀ। (ਦਾਨੀ. 9:27) ਇਸ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਧਰਤੀ ਉੱਤੇ ਉਸ ਦੀ ਸੇਵਕਾਈ “ਸਾਤੇ ਦੇ ਵਿਚਕਾਰ” ਜਾਂ ਸਾਢੇ ਤਿੰਨ ਸਾਲਾਂ ਬਾਅਦ ਖ਼ਤਮ ਹੋਣੀ ਸੀ। 33 ਈਸਵੀ ਦੀ ਬਸੰਤ ਰੁੱਤੇ ਯਰੂਸ਼ਲਮ ਵਿਚ ਸ਼ਾਨ ਨਾਲ ਦਾਖ਼ਲ ਹੋਣ ਤੋਂ ਜਲਦੀ ਬਾਅਦ ਯਿਸੂ ਨੇ ਕਿਹਾ: “ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਕੀਤੀ ਜਾਏ।” (ਯੂਹੰ. 12:23) ਭਾਵੇਂ ਕਿ ਯਿਸੂ ਜਾਣਦਾ ਸੀ ਕਿ ਉਸ ਦੀ ਮੌਤ ਨੇੜੇ ਹੈ, ਪਰ ਉਸ ਨੇ ਸਿਰਫ਼ ਇਸ ਗੱਲ ਨੂੰ ਚੇਤੇ ਰੱਖ ਕੇ ਸਖ਼ਤ ਮਿਹਨਤ ਨਹੀਂ ਕੀਤੀ। ਇਸ ਦੀ ਬਜਾਇ, ਉਸ ਨੇ ਹਰ ਮੌਕੇ ਨੂੰ ਵਰਤ ਕੇ ਆਪਣੇ ਪਿਤਾ ਦੀ ਇੱਛਾ ਪੂਰੀ ਕੀਤੀ ਅਤੇ ਲੋਕਾਂ ਲਈ ਪਿਆਰ ਦਿਖਾਇਆ। ਇਸ ਪਿਆਰ ਸਦਕਾ ਉਸ ਨੇ ਚੇਲਿਆਂ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਅਤੇ ਪ੍ਰਚਾਰ ਮੁਹਿੰਮਾਂ ਤੇ ਭੇਜਿਆ। ਇਹ ਉਸ ਨੇ ਇਸ ਲਈ ਕੀਤਾ ਤਾਂਕਿ ਚੇਲੇ ਉਸ ਵੱਲੋਂ ਸ਼ੁਰੂ ਕੀਤਾ ਕੰਮ ਕਰਦੇ ਰਹਿਣ ਅਤੇ ਉਸ ਤੋਂ ਵੀ ਵੱਡੇ-ਵੱਡੇ ਕੰਮ ਕਰਨ।—ਯੂਹੰਨਾ 14:12 ਪੜ੍ਹੋ।
7, 8. ਜਦ ਯਿਸੂ ਨੇ ਹੈਕਲ ਨੂੰ ਸਾਫ਼ ਕੀਤਾ, ਤਾਂ ਉਸ ਦੇ ਚੇਲਿਆਂ ਨੂੰ ਕੀ ਚੇਤੇ ਆਇਆ ਅਤੇ ਯਿਸੂ ਨੇ ਇਸ ਤਰ੍ਹਾਂ ਕਿਉਂ ਕੀਤਾ?
7 ਯਿਸੂ ਦੀ ਜ਼ਿੰਦਗੀ ਦੀ ਇਕ ਘਟਨਾ ਤੋਂ ਜ਼ਬਰਦਸਤ ਸਬੂਤ ਮਿਲਦਾ ਹੈ ਕਿ ਸੱਚੀ ਭਗਤੀ ਲਈ ਉਸ ਵਿਚ ਕਿੰਨਾ ਜੋਸ਼ ਸੀ। ਇਹ ਘਟਨਾ ਉਸ ਦੀ ਸੇਵਕਾਈ ਦੇ ਸ਼ੁਰੂ ਵਿਚ 30 ਈਸਵੀ ਦੇ ਪਸਾਹ ਦੇ ਤਿਉਹਾਰ ਵੇਲੇ ਹੋਈ ਸੀ। ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਆਏ ਅਤੇ ਉਨ੍ਹਾਂ ਨੇ ਹੈਕਲ ਵਿਚ “ਡੰਗਰਾਂ ਅਤੇ ਭੇਡਾਂ ਅਤੇ ਕਬੂਤਰਾਂ ਦੇ ਵੇਚਣ ਵਾਲਿਆਂ ਅਰ ਸਰਾਫ਼ਾਂ ਨੂੰ ਬੈਠੇ ਵੇਖਿਆ।” ਯਿਸੂ ਨੇ ਕੀ ਕੀਤਾ ਅਤੇ ਉਸ ਦੇ ਚੇਲਿਆਂ ਉੱਤੇ ਇਸ ਦਾ ਕੀ ਅਸਰ ਪਿਆ?—ਯੂਹੰਨਾ 2:13-17 ਪੜ੍ਹੋ।
8 ਉਸ ਮੌਕੇ ਤੇ ਜੋ ਕੁਝ ਯਿਸੂ ਨੇ ਕੀਤਾ ਤੇ ਕਿਹਾ, ਉਸ ਕਾਰਨ ਚੇਲਿਆਂ ਨੂੰ ਦਾਊਦ ਦੇ ਇਕ ਜ਼ਬੂਰ ਵਿਚਲੀ ਭਵਿੱਖਬਾਣੀ ਦੇ ਸ਼ਬਦ ਚੇਤੇ ਆਏ: “ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਗਈ ਹੈ।” (ਜ਼ਬੂ. 69:9) ਕਿਉਂ? ਕਿਉਂਕਿ ਜੋ ਕੁਝ ਯਿਸੂ ਨੇ ਕੀਤਾ, ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਕੀਤਾ। ਹੈਕਲ ਦੇ ਅਧਿਕਾਰੀਆਂ ਯਾਨੀ ਜਾਜਕਾਂ, ਗ੍ਰੰਥੀਆਂ ਅਤੇ ਹੋਰਾਂ ਦਾ ਇਸ ਘਪਲੇ ਪਿੱਛੇ ਹੱਥ ਸੀ ਜੋ ਉਹ ਮੁਨਾਫ਼ਾ ਕਮਾਉਣ ਲਈ ਕਰ ਰਹੇ ਸਨ। ਉਨ੍ਹਾਂ ਦੀ ਇਸ ਯੋਜਨਾ ਦੀ ਪੋਲ ਖੋਲ੍ਹਣ ਅਤੇ ਇਸ ਵਿਚ ਵਿਘਨ ਪਾਉਣ ਨਾਲ ਯਿਸੂ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਨੂੰ ਆਪਣਾ ਦੁਸ਼ਮਣ ਬਣਾ ਰਿਹਾ ਸੀ। ਉਸ ਵੇਲੇ ਚੇਲਿਆਂ ਨੇ ਜੋ ਕੁਝ ਦੇਖਿਆ ਤੇ ਸੁਣਿਆ, ਉਸ ਤੋਂ ਯਿਸੂ ਦੀ ‘ਪਰਮੇਸ਼ੁਰ ਦੇ ਘਰ ਲਈ ਗ਼ੈਰਤ’ ਜਾਂ ਸੱਚੀ ਭਗਤੀ ਲਈ ਜੋਸ਼ ਸਾਫ਼ ਦਿਖਾਈ ਦਿੰਦਾ ਸੀ। ਪਰ ਜੋਸ਼ ਹੈ ਕੀ? ਕੀ ਇਸ ਨੂੰ ਵੀ ਜੋਸ਼ ਕਹਿੰਦੇ ਹਨ ਜਦ ਅਸੀਂ ਕੁਝ ਫਟਾਫਟ ਕਰਦੇ ਹਾਂ?
ਫਟਾਫਟ ਕਰਨ ਤੇ ਜੋਸ਼ ਵਿਚ ਫ਼ਰਕ
9. ਜੋਸ਼ ਬਾਰੇ ਕਿਵੇਂ ਸਮਝਾਇਆ ਜਾ ਸਕਦਾ ਹੈ?
9 ਇਕ ਸ਼ਬਦ-ਕੋਸ਼ “ਜੋਸ਼” ਦੀ ਪਰਿਭਾਸ਼ਾ ਇਸ ਤਰ੍ਹਾਂ ਦਿੰਦਾ ਹੈ: “ਕਿਸੇ ਕੰਮ ਨੂੰ ਕਰਨ ਲਈ ਉਤਸੁਕ ਰਹਿਣਾ ਅਤੇ ਉਸ ਨੂੰ ਕਰਨ ਵਿਚ ਡੂੰਘੀ ਦਿਲਚਸਪੀ ਲੈਣੀ।” ਇਹ ਸ਼ਬਦ-ਕੋਸ਼ ਰਲਦੇ-ਮਿਲਦੇ ਸ਼ਬਦ ਵੀ ਦੱਸਦਾ ਹੈ ਜਿਵੇਂ ਉਤਸ਼ਾਹ, ਤੀਬਰਤਾ ਅਤੇ ਤਪਸ਼। ਯਕੀਨਨ, ਯਿਸੂ ਦੀ ਸੇਵਕਾਈ ਨੂੰ ਅਜਿਹੇ ਸ਼ਬਦਾਂ ਵਿਚ ਵਰਣਨ ਕੀਤਾ ਜਾ ਸਕਦਾ ਹੈ। ਟੂਡੇਜ਼ ਇੰਗਲਿਸ਼ ਵਰਯਨ ਇਸ ਆਇਤ ਨੂੰ ਇਸ ਤਰ੍ਹਾਂ ਅਨੁਵਾਦ ਕਰਦਾ ਹੈ: “ਹੇ ਪਰਮੇਸ਼ੁਰ, ਤੇਰੇ ਘਰ ਲਈ ਮੇਰੀ ਲਗਨ, ਮੇਰੇ ਅੰਦਰ ਅੱਗ ਵਾਂਗ ਬਲ਼ਦੀ ਹੈ।” ਦਿਲਚਸਪੀ ਦੀ ਗੱਲ ਹੈ ਕਿ ਕੁਝ ਪੂਰਬੀ ਭਾਸ਼ਾਵਾਂ ਵਿਚ “ਜੋਸ਼” ਲਈ ਦੋ ਲਫ਼ਜ਼ ਵਰਤੇ ਜਾਂਦੇ ਹਨ ਜਿਨ੍ਹਾਂ ਦਾ ਸ਼ਾਬਦਿਕ ਮਤਲਬ ਹੈ “ਤਪਦਾ ਦਿਲ।” ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਚੇਲਿਆਂ ਨੂੰ ਦਾਊਦ ਦੇ ਸ਼ਬਦ ਚੇਤੇ ਆਏ ਜਦੋਂ ਉਨ੍ਹਾਂ ਨੇ ਦੇਖਿਆ ਕਿ ਯਿਸੂ ਨੇ ਹੈਕਲ ਵਿਚ ਕੀ ਕੀਤਾ। ਪਰ ਇਹ ਸਭ ਕਰਨ ਲਈ ਯਿਸੂ ਦੇ ਦਿਲ ਵਿਚ ਕਿਹੜੀ ਗੱਲ ਨੇ ਅੱਗ ਵਰਗਾ ਜੋਸ਼ ਪੈਦਾ ਕੀਤਾ?
10. ਬਾਈਬਲ ਵਿਚ ਵਰਤੇ ਸ਼ਬਦ “ਗ਼ੈਰਤ” ਜਾਂ ਜੋਸ਼ ਦਾ ਕੀ ਮਤਲਬ ਹੈ?
10 ਦਾਊਦ ਦੇ ਜ਼ਬੂਰ ਵਿਚ ਵਰਤਿਆ ਗਿਆ ਸ਼ਬਦ “ਗ਼ੈਰਤ” ਜਾਂ ਜੋਸ਼ ਇਬਰਾਨੀ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਤਰਜਮਾ ਅਕਸਰ ਬਾਈਬਲ ਦੇ ਹੋਰ ਹਿੱਸਿਆਂ ਵਿਚ “ਅਣਖ” ਜਾਂ “ਅਣਖੀ” ਕੀਤਾ ਗਿਆ ਹੈ। ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਕਈ ਵਾਰ ਇਸ ਦਾ ਅਨੁਵਾਦ ਅਣਵੰਡੀ ਭਗਤੀ ਕਰਦੀ ਹੈ। (ਕੂਚ 20:5; 34:14; ਯਹੋਸ਼ੁਆ 24:19 ਪੜ੍ਹੋ।) ਇਨ੍ਹਾਂ ਸ਼ਬਦਾਂ ਬਾਰੇ ਇਕ ਬਾਈਬਲ ਡਿਕਸ਼ਨਰੀ ਕਹਿੰਦੀ ਹੈ: “ਇਹ ਇਬਰਾਨੀ ਸ਼ਬਦ ਅਕਸਰ ਵਿਆਹੁਤਾ-ਬੰਧਨ ਦੇ ਸੰਬੰਧ ਵਿਚ ਵਰਤੇ ਜਾਂਦੇ ਹਨ . . . ਜਿਵੇਂ ਅਣਖੀ ਪਤੀ-ਪਤਨੀ ਚਾਹੁੰਦੇ ਹਨ ਕਿ ਸਿਰਫ਼ ਉਨ੍ਹਾਂ ਦਾ ਇਕ-ਦੂਜੇ ਉੱਤੇ ਹੱਕ ਹੋਵੇ, ਉਸੇ ਤਰ੍ਹਾਂ ਪਰਮੇਸ਼ੁਰ ਉਨ੍ਹਾਂ ਲੋਕਾਂ ਤੋਂ ਸਿਰਫ਼ ਆਪਣੀ ਭਗਤੀ ਕਰਾਉਣ ਦਾ ਹੱਕਦਾਰ ਹੈ ਜਿਨ੍ਹਾਂ ਨੂੰ ਉਹ ਆਪਣੀ ਸੰਪਤੀ ਸਮਝਦਾ ਹੈ ਤੇ ਉਹ ਆਪਣਾ ਇਹ ਹੱਕ ਜਤਾਉਂਦਾ ਵੀ ਹੈ।” ਇਸ ਤਰ੍ਹਾਂ, ਬਾਈਬਲ ਵਿਚ ਵਰਤਿਆ ਸ਼ਬਦ ਜੋਸ਼ ਕਿਸੇ ਕੰਮ ਨੂੰ ਕਰਨ ਲਈ ਉਤਸ਼ਾਹ ਜਾਂ ਉਤਸੁਕਤਾ ਨਾਲੋਂ ਜ਼ਿਆਦਾ ਗਹਿਰਾ ਅਰਥ ਰੱਖਦਾ ਹੈ। ਇਹ ਅਜਿਹਾ ਉਤਸ਼ਾਹ ਨਹੀਂ ਹੈ ਜੋ ਕਈ ਚਾਹਵਾਨ ਆਪਣੀ ਮਨ-ਪਸੰਦ ਖੇਡ ਲਈ ਦਿਖਾਉਂਦੇ ਹਨ। ਦਾਊਦ ਦਾ ਜੋਸ਼ ਸਹੀ ਮਾਅਨਿਆਂ ਵਿਚ ਉਸ ਦੀ ਅਣਖ ਸੀ। ਕਹਿਣ ਦਾ ਮਤਲਬ ਕਿ ਉਹ ਯਹੋਵਾਹ ਦਾ ਵਿਰੋਧ ਜਾਂ ਬਦਨਾਮੀ ਬਰਦਾਸ਼ਤ ਨਹੀਂ ਕਰਦਾ ਸੀ ਅਤੇ ਉਹ ਉਸ ਦੇ ਨੇਕ ਨਾਂ ਨੂੰ ਬਚਾਉਣ ਜਾਂ ਇਸ ਨਾਂ ʼਤੇ ਲੱਗੇ ਕਲੰਕ ਨੂੰ ਮਿਟਾਉਣ ਦੀ ਜ਼ਬਰਦਸਤ ਇੱਛਾ ਰੱਖਦਾ ਸੀ।
11. ਯਿਸੂ ਕਿਸ ਕਾਰਨ ਹੱਡ-ਤੋੜ ਮਿਹਨਤ ਕਰਨ ਲਈ ਪ੍ਰੇਰਿਤ ਹੋਇਆ?
11 ਦਾਊਦ ਦੇ ਸ਼ਬਦਾਂ ਅਨੁਸਾਰ ਯਿਸੂ ਨੇ ਹੈਕਲ ਵਿਚ ਜੋ ਕੀਤਾ, ਉਸ ਨੂੰ ਦੇਖ ਕੇ ਚੇਲਿਆਂ ਨੇ ਸਹੀ ਸਿੱਟਾ ਕੱਢਿਆ ਸੀ। ਯਿਸੂ ਨੇ ਸਿਰਫ਼ ਇਸ ਲਈ ਹੱਡ-ਤੋੜ ਮਿਹਨਤ ਨਹੀਂ ਕੀਤੀ ਕਿਉਂਕਿ ਉਸ ਕੋਲ ਘੱਟ ਸਮਾਂ ਸੀ, ਪਰ ਇਸ ਲਈ ਕੀਤੀ ਕਿਉਂਕਿ ਉਹ ਆਪਣੇ ਪਿਤਾ ਦੇ ਨਾਂ ਅਤੇ ਸੱਚੀ ਭਗਤੀ ਲਈ ਜੋਸ਼ ਜਾਂ ਅਣਖ ਰੱਖਦਾ ਸੀ। ਜਦੋਂ ਉਸ ਨੇ ਦੇਖਿਆ ਕਿ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਅਤੇ ਨਿੰਦਿਆ ਕੀਤੀ ਜਾ ਰਹੀ ਸੀ, ਤਾਂ ਉਸ ਨੇ ਇਹ ਹਾਲਤ ਸੁਧਾਰਨ ਲਈ ਜੋਸ਼ ਜਾਂ ਅਣਖ ਦਿਖਾਈ। ਨਾਲੇ ਜਦੋਂ ਯਿਸੂ ਨੇ ਦੇਖਿਆ ਕਿ ਧਾਰਮਿਕ ਆਗੂ ਨਿਮਰ ਲੋਕਾਂ ਨੂੰ ਦਬਾ ਰਹੇ ਸਨ ਅਤੇ ਲੁੱਟ ਰਹੇ ਸਨ, ਤਾਂ ਉਸ ਦੇ ਜੋਸ਼ ਨੇ ਉਸ ਨੂੰ ਲੋਕਾਂ ਨੂੰ ਰਾਹਤ ਦਿਵਾਉਣ ਅਤੇ ਧਾਰਮਿਕ ਆਗੂਆਂ ਦੀ ਸਖ਼ਤ ਨਿੰਦਿਆ ਕਰਨ ਲਈ ਪ੍ਰੇਰਿਆ।—ਮੱਤੀ 9:36; 23:2, 4, 27, 28, 33.
ਜੋਸ਼ ਨਾਲ ਸੱਚੀ ਭਗਤੀ ਕਰੋ
12, 13. (ੳ) ਈਸਾਈ-ਜਗਤ ਦੇ ਧਾਰਮਿਕ ਆਗੂਆਂ ਨੇ ਅੱਜ ਪਰਮੇਸ਼ੁਰ ਦੇ ਨਾਂ ਨਾਲ ਕੀ ਕੀਤਾ ਹੈ? (ਅ) ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਦੇ ਸੰਬੰਧ ਵਿਚ ਕੀ ਕੀਤਾ ਹੈ?
12 ਅੱਜ ਰੱਬ ਦੀ ਭਗਤੀ ਕਰਨ ਦਾ ਦਾਅਵਾ ਕਰਨ ਵਾਲੇ ਲੋਕਾਂ ਦਾ ਰਵੱਈਆ ਅਤੇ ਕੰਮ ਉਸੇ ਤਰ੍ਹਾਂ ਦੇ ਹਨ ਜਿਵੇਂ ਯਿਸੂ ਦੇ ਦਿਨਾਂ ਵਿਚ ਸਨ, ਸਗੋਂ ਉਨ੍ਹਾਂ ਨਾਲੋਂ ਵੀ ਬੁਰੇ ਹਨ। ਮਿਸਾਲ ਲਈ, ਚੇਤੇ ਕਰੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਪਹਿਲੀ ਗੱਲ ਕਿਹੜੀ ਸਿਖਾਈ ਸੀ। ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਨਾਂ ਬਾਰੇ ਪ੍ਰਾਰਥਨਾ ਕਰਨੀ ਸਿਖਾਈ ਸੀ: “ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਕੀ ਅਸੀਂ ਧਾਰਮਿਕ ਆਗੂਆਂ ਨੂੰ, ਖ਼ਾਸਕਰ ਈਸਾਈ-ਜਗਤ ਦੇ ਪਾਦਰੀਆਂ ਨੂੰ ਇਹ ਸਿਖਾਉਂਦੇ ਦੇਖਿਆ ਹੈ ਕਿ ਲੋਕ ਪਰਮੇਸ਼ੁਰ ਨੂੰ ਉਸ ਦੇ ਨਾਂ ਤੋਂ ਜਾਣਨ ਅਤੇ ਇਸ ਨਾਂ ਨੂੰ ਪਾਕ ਮੰਨਣ? ਇਸ ਦੇ ਉਲਟ, ਉਨ੍ਹਾਂ ਨੇ ਪਰਮੇਸ਼ੁਰ ਬਾਰੇ ਤੋੜ-ਮਰੋੜ ਕੇ ਅਜਿਹੀਆਂ ਝੂਠੀਆਂ ਸਿੱਖਿਆਵਾਂ ਦਿੱਤੀਆਂ ਹਨ ਜਿਵੇਂ ਕਿ ਤ੍ਰਿਏਕ, ਅਮਰ ਆਤਮਾ ਅਤੇ ਨਰਕ ਦੀ ਅੱਗ। ਇਹ ਸਿੱਖਿਆਵਾਂ ਪਰਮੇਸ਼ੁਰ ਨੂੰ ਰਹੱਸਮਈ ਅਤੇ ਜ਼ਾਲਮ ਬਣਾਉਂਦੀਆਂ ਹਨ ਜਿਸ ਨੂੰ ਸਮਝਿਆ ਨਹੀਂ ਜਾ ਸਕਦਾ ਹੈ ਅਤੇ ਜੋ ਦੂਜਿਆਂ ਦੇ ਦੁੱਖ ਦੇਖ ਕੇ ਖ਼ੁਸ਼ ਹੁੰਦਾ ਹੈ। ਉਨ੍ਹਾਂ ਨੇ ਸਕੈਂਡਲਾਂ ਅਤੇ ਪਖੰਡ ਦੁਆਰਾ ਪਰਮੇਸ਼ੁਰ ਦਾ ਨਾਂ ਵੀ ਬਦਨਾਮ ਕੀਤਾ ਹੈ। (ਰੋਮੀਆਂ 2:21-24 ਪੜ੍ਹੋ।) ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਨਾਂ ਲੁਕਾਉਣ ਲਈ ਉਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ, ਇੱਥੋਂ ਤਕ ਕਿ ਉਨ੍ਹਾਂ ਨੇ ਇਸ ਨੂੰ ਆਪਣੀਆਂ ਬਾਈਬਲਾਂ ਵਿੱਚੋਂ ਵੀ ਕੱਢ ਦਿੱਤਾ। ਇਸ ਤਰ੍ਹਾਂ ਉਹ ਲੋਕਾਂ ਨੂੰ ਪਰਮੇਸ਼ੁਰ ਦੇ ਨੇੜੇ ਜਾਣ ਅਤੇ ਉਸ ਨਾਲ ਨਿੱਜੀ ਰਿਸ਼ਤਾ ਜੋੜਨ ਤੋਂ ਰੋਕਦੇ ਹਨ।—ਯਾਕੂ. 4:7, 8.
13 ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਵੀ ਪ੍ਰਾਰਥਨਾ ਕਰਨੀ ਸਿਖਾਈ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਭਾਵੇਂ ਈਸਾਈ-ਜਗਤ ਦੇ ਧਾਰਮਿਕ ਆਗੂ ਅਕਸਰ ਇਹ ਪ੍ਰਾਰਥਨਾ ਦੁਹਰਾਉਂਦੇ ਹਨ, ਪਰ ਉਹ ਲੋਕਾਂ ਨੂੰ ਸਿਆਸੀ ਅਤੇ ਹੋਰ ਮਨੁੱਖੀ ਸੰਸਥਾਵਾਂ ਦਾ ਸਮਰਥਨ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ। ਇਸ ਦੇ ਨਾਲ-ਨਾਲ ਉਹ ਇਸ ਰਾਜ ਦਾ ਪ੍ਰਚਾਰ ਕਰਨ ਅਤੇ ਗਵਾਹੀ ਦੇਣ ਵਾਲਿਆਂ ਨੂੰ ਨੀਵਾਂ ਦਿਖਾਉਂਦੇ ਹਨ। ਨਤੀਜੇ ਵਜੋਂ, ਜਿਹੜੇ ਲੋਕ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਵਿੱਚੋਂ ਕਈ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਵੀ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਨੂੰ ਇਸ ਵਿਚ ਕੋਈ ਵਿਸ਼ਵਾਸ ਹੈ।
14. ਈਸਾਈ-ਜਗਤ ਦੇ ਪਾਦਰੀਆਂ ਨੇ ਪਰਮੇਸ਼ੁਰ ਦੇ ਬਚਨ ਦੀ ਕਿਵੇਂ ਨਿਰਾਦਰੀ ਕੀਤੀ ਹੈ?
14 ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਿਆਂ ਯਿਸੂ ਨੇ ਸਾਫ਼-ਸਾਫ਼ ਕਿਹਾ: “ਤੇਰਾ ਬਚਨ ਸਚਿਆਈ ਹੈ।” (ਯੂਹੰ. 17:17) ਸਵਰਗ ਜਾਣ ਤੋਂ ਪਹਿਲਾਂ, ਯਿਸੂ ਨੇ ਸੰਕੇਤ ਕੀਤਾ ਸੀ ਕਿ ਉਹ ਆਪਣੇ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਨਿਯੁਕਤ ਕਰੇਗਾ। (ਮੱਤੀ 24:45) ਭਾਵੇਂ ਪਾਦਰੀ ਇਹ ਨੌਕਰ ਹੋਣ ਦਾ ਦਾਅਵਾ ਕਰਦੇ ਹਨ, ਪਰ ਕੀ ਉਨ੍ਹਾਂ ਨੇ ਮਾਲਕ ਦੇ ਦਿੱਤੇ ਕੰਮ ਨੂੰ ਵਫ਼ਾਦਾਰੀ ਨਾਲ ਕੀਤਾ ਹੈ? ਨਹੀਂ। ਉਹ ਕਹਿੰਦੇ ਹਨ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਮਨਘੜਤ ਕਹਾਣੀਆਂ ਹਨ। ਆਪਣੇ ਇੱਜੜ ਨੂੰ ਪਰਮੇਸ਼ੁਰ ਦੇ ਗਿਆਨ ਨਾਲ ਦਿਲਾਸਾ ਦੇਣ ਅਤੇ ਹਨੇਰੇ ਵਿੱਚੋਂ ਬਾਹਰ ਕੱਢਣ ਦੀ ਬਜਾਇ, ਪਾਦਰੀਆਂ ਨੇ ਮਨੁੱਖੀ ਫ਼ਲਸਫ਼ੇ ਨਾਲ ਲੋਕਾਂ ਨੂੰ ਖ਼ੁਸ਼ ਕੀਤਾ ਹੈ। ਇਸ ਦੇ ਨਾਲ-ਨਾਲ, ਉਹ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਨੂੰ ਛਿੱਕੇ ʼਤੇ ਟੰਗ ਕੇ ਅਜਿਹੇ ਨੈਤਿਕ ਮਿਆਰ ਸਿਖਾਉਂਦੇ ਹਨ ਜੋ ਲੋਕਾਂ ਨੂੰ ਠੀਕ ਲੱਗਦੇ ਹਨ।—2 ਤਿਮੋ. 4:3, 4.
15. ਪਾਦਰੀਆਂ ਨੇ ਪਰਮੇਸ਼ੁਰ ਦੇ ਨਾਂ ʼਤੇ ਜੋ ਕੁਝ ਕੀਤਾ ਹੈ, ਉਸ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
15 ਬਾਈਬਲ ਵਿਚਲੇ ਪਰਮੇਸ਼ੁਰ ਦੇ ਨਾਂ ʼਤੇ ਜੋ ਕੁਝ ਕੀਤਾ ਗਿਆ ਹੈ, ਉਸ ਕਾਰਨ ਬਹੁਤ ਸਾਰੇ ਨੇਕ ਲੋਕਾਂ ਨੂੰ ਨਿਰਾਸ਼ਾ ਹੋਈ ਹੈ ਜਾਂ ਉਨ੍ਹਾਂ ਨੇ ਪੂਰੀ ਤਰ੍ਹਾਂ ਬਾਈਬਲ ਅਤੇ ਪਰਮੇਸ਼ੁਰ ਵਿਚ ਨਿਹਚਾ ਕਰਨੀ ਛੱਡ ਦਿੱਤੀ ਹੈ। ਉਹ ਸ਼ਤਾਨ ਅਤੇ ਉਸ ਦੀ ਬੁਰੀ ਦੁਨੀਆਂ ਦੇ ਫੰਦੇ ਵਿਚ ਫਸ ਗਏ ਹਨ। ਜਦੋਂ ਤੁਸੀਂ ਹਰ ਰੋਜ਼ ਇੱਦਾਂ ਦੀਆਂ ਗੱਲਾਂ ਹੁੰਦੀਆਂ ਦੇਖਦੇ ਅਤੇ ਸੁਣਦੇ ਹੋ, ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ? ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਜਦੋਂ ਤੁਸੀਂ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਅਤੇ ਨਿੰਦਿਆ ਹੁੰਦੀ ਦੇਖਦੇ ਹੋ, ਤਾਂ ਕੀ ਤੁਸੀਂ ਇਸ ਬਾਰੇ ਕੁਝ ਕਰਨ ਲਈ ਪ੍ਰੇਰਿਤ ਨਹੀਂ ਹੁੰਦੇ? ਜਦ ਤੁਸੀਂ ਦੇਖਦੇ ਹੋ ਕਿ ਨੇਕਦਿਲ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਅਤੇ ਲੁੱਟਿਆ ਜਾ ਰਿਹਾ ਹੈ, ਤਾਂ ਕੀ ਤੁਸੀਂ ਇਨ੍ਹਾਂ ਦੱਬੇ ਹੋਏ ਲੋਕਾਂ ਨੂੰ ਦਿਲਾਸਾ ਦੇਣਾ ਨਹੀਂ ਚਾਹੁੰਦੇ? ਜਦੋਂ ਯਿਸੂ ਨੇ ਦੇਖਿਆ ਕਿ ਉਸ ਦੇ ਜ਼ਮਾਨੇ ਦੇ ਲੋਕ ‘ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ,’ ਤਾਂ ਉਸ ਨੇ ਨਾ ਸਿਰਫ਼ ਉਨ੍ਹਾਂ ਉੱਤੇ ਤਰਸ ਖਾਧਾ, ਸਗੋਂ “ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ।” (ਮੱਤੀ 9:36; ਮਰ. 6:34) ਸਾਨੂੰ ਵੀ ਯਿਸੂ ਵਾਂਗ ਸੱਚੀ ਭਗਤੀ ਲਈ ਜੋਸ਼ੀਲੇ ਹੋਣਾ ਚਾਹੀਦਾ ਹੈ।
16, 17. (ੳ) ਕਿਨ੍ਹਾਂ ਗੱਲਾਂ ਕਾਰਨ ਸਾਨੂੰ ਤਨ-ਮਨ ਲਾ ਕੇ ਸੇਵਕਾਈ ਕਰਨੀ ਚਾਹੀਦੀ ਹੈ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?
16 ਜੇ ਅਸੀਂ ਜੋਸ਼ ਨਾਲ ਸੇਵਕਾਈ ਕਰੀਏ, ਤਾਂ 1 ਤਿਮੋਥਿਉਸ 2:3, 4 (ਪੜ੍ਹੋ) ਵਿਚ ਪਾਏ ਜਾਂਦੇ ਪੌਲੁਸ ਰਸੂਲ ਦੇ ਸ਼ਬਦ ਸਾਡੇ ਲਈ ਜ਼ਿਆਦਾ ਮਾਅਨੇ ਰੱਖਣਗੇ। ਅਸੀਂ ਸੇਵਕਾਈ ਵਿਚ ਸਿਰਫ਼ ਇਸ ਲਈ ਸਖ਼ਤ ਮਿਹਨਤ ਨਹੀਂ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ। ਅਸੀਂ ਇਸ ਲਈ ਵੀ ਮਿਹਨਤ ਕਰਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਪਰਮੇਸ਼ੁਰ ਦੀ ਇੱਛਾ ਹੈ। ਉਹ ਚਾਹੁੰਦਾ ਹੈ ਕਿ ਲੋਕ ਸੱਚ ਦਾ ਗਿਆਨ ਲੈਣ ਤਾਂਕਿ ਉਹ ਵੀ ਉਸ ਦੀ ਭਗਤੀ ਕਰਨੀ ਸਿੱਖ ਸਕਣ ਅਤੇ ਉਸ ਦੀ ਸੇਵਾ ਕਰ ਕੇ ਬਰਕਤਾਂ ਪਾਉਣ। ਅਸੀਂ ਸਿਰਫ਼ ਸਮਾਂ ਘੱਟ ਹੋਣ ਕਾਰਨ ਤਨ-ਮਨ ਲਾ ਕੇ ਸੇਵਕਾਈ ਨਹੀਂ ਕਰਦੇ, ਸਗੋਂ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਦੇ ਨਾਂ ਦਾ ਆਦਰ ਕਰਨਾ ਚਾਹੁੰਦੇ ਹਾਂ ਅਤੇ ਉਸ ਦੀ ਇੱਛਾ ਬਾਰੇ ਜਾਣਨ ਵਿਚ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਾਂ। ਅਸੀਂ ਜੋਸ਼ ਨਾਲ ਸੱਚੀ ਭਗਤੀ ਕਰਦੇ ਹਾਂ।—1 ਤਿਮੋ. 4:16.
17 ਯਹੋਵਾਹ ਦੇ ਲੋਕ ਹੋਣ ਕਰਕੇ ਸਾਨੂੰ ਮਨੁੱਖਜਾਤੀ ਅਤੇ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਸੱਚਾ ਗਿਆਨ ਮਿਲਿਆ ਹੈ। ਸਾਡੇ ਕੋਲ ਅਜਿਹੇ ਸਾਧਨ ਹਨ ਜਿਨ੍ਹਾਂ ਨਾਲ ਅਸੀਂ ਲੋਕਾਂ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਨ੍ਹਾਂ ਨੂੰ ਖ਼ੁਸ਼ੀ ਅਤੇ ਭਵਿੱਖ ਬਾਰੇ ਪੱਕੀ ਉਮੀਦ ਮਿਲੇ। ਅਸੀਂ ਉਨ੍ਹਾਂ ਨੂੰ ਦਿਖਾ ਸਕਦੇ ਹਾਂ ਕਿ ਸ਼ਤਾਨ ਦੀ ਦੁਨੀਆਂ ਦਾ ਨਾਸ਼ ਹੋਣ ਵੇਲੇ ਉਹ ਆਪਣਾ ਬਚਾਅ ਕਿਵੇਂ ਕਰ ਸਕਦੇ ਹਨ। (2 ਥੱਸ. 1:7-9) ਜੇ ਸਾਨੂੰ ਲੱਗਦਾ ਹੈ ਕਿ ਯਹੋਵਾਹ ਦਾ ਦਿਨ ਆਉਣ ਵਿਚ ਦੇਰ ਹੋ ਰਹੀ ਹੈ, ਤਾਂ ਨਿਰਾਸ਼ ਹੋਣ ਦੀ ਬਜਾਇ, ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਸੱਚੀ ਭਗਤੀ ਲਈ ਜੋਸ਼ੀਲੇ ਹੋਣ ਵਾਸਤੇ ਹਾਲੇ ਵੀ ਸਮਾਂ ਹੈ। (ਮੀਕਾ. 7:7; ਹਬ. 2:3) ਅਸੀਂ ਇਹ ਜੋਸ਼ ਕਿਵੇਂ ਪੈਦਾ ਕਰ ਸਕਦੇ ਹਾਂ? ਅਗਲੇ ਲੇਖ ਵਿਚ ਅਸੀਂ ਇਸ ਬਾਰੇ ਚਰਚਾ ਕਰਾਂਗੇ।
ਕੀ ਤੁਸੀਂ ਸਮਝਾ ਸਕਦੇ ਹੋ?
• ਕਿਹੜੀ ਗੱਲ ਨੇ ਯਿਸੂ ਨੂੰ ਆਪਣੀ ਸੇਵਕਾਈ ਦੌਰਾਨ ਅਣਥੱਕ ਮਿਹਨਤ ਕਰਨ ਲਈ ਪ੍ਰੇਰਿਆ?
• ਬਾਈਬਲ ਵਿਚ ਵਰਤੇ ਸ਼ਬਦ “ਗ਼ੈਰਤ” ਜਾਂ ਜੋਸ਼ ਦਾ ਕੀ ਮਤਲਬ ਹੈ?
• ਅੱਜ ਕੀ ਕੁਝ ਦੇਖ ਕੇ ਸਾਨੂੰ ਸੱਚੀ ਭਗਤੀ ਲਈ ਜੋਸ਼ੀਲੇ ਹੋਣਾ ਚਾਹੀਦਾ ਹੈ?
[ਸਫ਼ਾ 8 ਉੱਤੇ ਤਸਵੀਰ]
ਯਿਸੂ ਨੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਉੱਤੇ ਧਿਆਨ ਲਾਈ ਰੱਖਿਆ ਅਤੇ ਲੋਕਾਂ ਨੂੰ ਪਿਆਰ ਕੀਤਾ
[ਸਫ਼ਾ 10 ਉੱਤੇ ਤਸਵੀਰ]
ਸੱਚੀ ਭਗਤੀ ਲਈ ਜੋਸ਼ੀਲੇ ਹੋਣ ਦਾ ਸਾਡੇ ਕੋਲ ਹਰ ਕਾਰਨ ਹੈ