ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ | ਅੱਯੂਬ
‘ਮੈਂ ਆਪਣੀ ਖਰਿਆਈ ਨਾ ਛੱਡਾਂਗਾ!’
ਉਹ ਜ਼ਮੀਨ ʼਤੇ ਬੈਠਾ ਹੋਇਆ ਹੈ। ਉਸ ਦਾ ਸਾਰਾ ਸਰੀਰ, ਸਿਰ ਤੋਂ ਪੈਰਾਂ ਤਕ ਫੋੜਿਆਂ ਨਾਲ ਭਰਿਆ ਹੋਇਆ ਹੈ। ਜ਼ਰਾ ਕਲਪਨਾ ਕਰੋ: ਉਹ ਸਿਰ ਸੁੱਟ ਕੇ ਬੈਠਾ ਹੋਇਆ ਹੈ, ਉਸ ਦੇ ਮੋਢੇ ਝੁਕੇ ਹੋਏ ਹਨ, ਉਹ ਇਕੱਲਾ ਹੈ ਤੇ ਉਸ ਕੋਲ ਆਪਣੇ ਆਲੇ-ਦੁਆਲੇ ਮੰਡਰਾ ਰਹੀਆਂ ਮੱਖੀਆਂ ਨੂੰ ਭਜਾਉਣ ਦੀ ਵੀ ਤਾਕਤ ਨਹੀਂ ਹੈ। ਉਹ ਸੁਆਹ ਵਿਚ ਬੈਠਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਸੋਗ ਮਨਾ ਰਿਹਾ ਹੈ। ਉਹ ਆਪਣੀ ਖ਼ਰਾਬ ਚਮੜੀ ʼਤੇ ਘੜੇ ਦੇ ਟੁਕੜੇ ਨਾਲ ਖਾਜ ਕਰਨ ਤੋਂ ਸਿਵਾਇ ਹੋਰ ਕੁਝ ਨਾ ਕਰ ਸਕਿਆ। ਇਕ ਸਮੇਂ ʼਤੇ ਉਸ ਦਾ ਬਹੁਤ ਇੱਜ਼ਤ-ਮਾਣ ਕੀਤਾ ਜਾਂਦਾ ਸੀ, ਪਰ ਹੁਣ ਉਸ ਨਾਲ ਘਿਰਣਾ ਕੀਤੀ ਜਾਂਦੀ ਹੈ। ਉਸ ਦੇ ਦੋਸਤਾਂ, ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਉਸ ਨੂੰ ਛੱਡ ਦਿੱਤਾ ਹੈ। ਵੱਡਿਆਂ ਦੇ ਨਾਲ-ਨਾਲ ਬੱਚੇ ਵੀ ਉਸ ਦਾ ਮਜ਼ਾਕ ਉਡਾਉਂਦੇ ਹਨ। ਉਸ ਨੂੰ ਲੱਗਦਾ ਹੈ ਕਿ ਉਸ ਦਾ ਪਰਮੇਸ਼ੁਰ ਯਹੋਵਾਹ ਵੀ ਉਸ ਦੇ ਖ਼ਿਲਾਫ਼ ਹੋ ਗਿਆ ਹੈ। ਪਰ ਉਹ ਗ਼ਲਤ ਸੋਚ ਰਿਹਾ ਸੀ।—ਅੱਯੂਬ 2:8; 19:18, 22.
ਇਹ ਅੱਯੂਬ ਦੀ ਕਹਾਣੀ ਹੈ। ਪਰਮੇਸ਼ੁਰ ਨੇ ਉਸ ਬਾਰੇ ਕਿਹਾ: “ਪਿਰਥਵੀ ਵਿੱਚ ਉਹ ਦੇ ਜਿਹਾ ਕੋਈ ਨਹੀਂ।” (ਅੱਯੂਬ 1:8) ਸਦੀਆਂ ਬਾਅਦ ਵੀ ਯਹੋਵਾਹ ਅੱਯੂਬ ਨੂੰ ਉਨ੍ਹਾਂ ਆਦਮੀਆਂ ਵਿਚ ਗਿਣਦਾ ਸੀ ਜਿਨ੍ਹਾਂ ਨੇ ਵਫ਼ਾਦਾਰੀ ਦੀ ਵਧੀਆ ਮਿਸਾਲ ਰੱਖੀ ਸੀ।—ਹਿਜ਼ਕੀਏਲ 14:14, 20.
ਕੀ ਤੁਸੀਂ ਕਿਸੇ ਮੁਸ਼ਕਲ ਜਾਂ ਬਿਪਤਾ ਦਾ ਸਾਮ੍ਹਣਾ ਕਰ ਰਹੇ ਹੋ? ਜੇ ਹਾਂ, ਤਾਂ ਤੁਹਾਨੂੰ ਅੱਯੂਬ ਦੀ ਕਹਾਣੀ ਤੋਂ ਬਹੁਤ ਦਿਲਾਸਾ ਮਿਲ ਸਕਦਾ ਹੈ। ਇਸ ਕਹਾਣੀ ਤੋਂ ਤੁਹਾਨੂੰ ਇਕ ਗੁਣ ਬਾਰੇ ਹੋਰ ਜਾਣਨ ਵਿਚ ਵੀ ਮਦਦ ਮਿਲੇਗੀ ਜੋ ਪਰਮੇਸ਼ੁਰ ਦੇ ਹਰ ਵਫ਼ਾਦਾਰ ਸੇਵਕ ਵਿਚ ਹੋਣਾ ਜ਼ਰੂਰੀ ਹੈ। ਇਹ ਗੁਣ ਹੈ, ਖਰਿਆਈ। ਇਨਸਾਨ ਇਹ ਗੁਣ ਉਦੋਂ ਦਿਖਾਉਂਦੇ ਹਨ ਜਦੋਂ ਉਹ ਮੁਸ਼ਕਲਾਂ ਦੇ ਬਾਵਜੂਦ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਰਹਿੰਦੇ ਹਨ। ਆਓ ਅਸੀਂ ਅੱਯੂਬ ਤੋਂ ਹੋਰ ਸਿੱਖੀਏ।
ਅੱਯੂਬ ਨੂੰ ਕੀ ਨਹੀਂ ਪਤਾ ਸੀ?
ਇਹ ਮੰਨਣਾ ਸਹੀ ਹੈ ਕਿ ਅੱਯੂਬ ਦੇ ਮਰਨ ਤੋਂ ਕੁਝ ਸਮੇਂ ਬਾਅਦ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਮੂਸਾ ਨੇ ਅੱਯੂਬ ਦੀ ਕਹਾਣੀ ਲਿਖੀ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਮੂਸਾ ਨੇ ਨਾ ਸਿਰਫ਼ ਧਰਤੀ ʼਤੇ ਹੋਈਆਂ ਉਨ੍ਹਾਂ ਘਟਨਾਵਾਂ ਬਾਰੇ ਲਿਖਿਆ ਜਿਨ੍ਹਾਂ ਦਾ ਅਸਰ ਅੱਯੂਬ ʼਤੇ ਪਿਆ ਸੀ, ਸਗੋਂ ਸਵਰਗ ਵਿਚ ਵਾਪਰੀਆਂ ਕੁਝ ਘਟਨਾਵਾਂ ਵੀ ਲਿਖੀਆਂ।
ਅੱਯੂਬ ਦੀ ਕਹਾਣੀ ਦੇ ਸ਼ੁਰੂ ਵਿਚ ਅਸੀਂ ਪੜ੍ਹਦੇ ਹਾਂ ਕਿ ਅੱਯੂਬ ਖ਼ੁਸ਼ਹਾਲ ਜ਼ਿੰਦਗੀ ਜੀ ਰਿਹਾ ਸੀ। ਉਹ ਅਮੀਰ ਤੇ ਮੰਨਿਆ-ਪ੍ਰਮੰਨਿਆ ਸੀ ਅਤੇ ਊਸ ਨਾਂ ਦੇ ਦੇਸ਼ ਵਿਚ ਸਾਰੇ ਉਸ ਦੀ ਇੱਜ਼ਤ ਕਰਦੇ ਸਨ ਜੋ ਕਿ ਸ਼ਾਇਦ ਅਰਬ ਦੇ ਉੱਤਰ ਵਿਚ ਸੀ। ਉਹ ਲੋੜਵੰਦਾਂ ਨੂੰ ਦਾਨ ਕਰਦਾ ਸੀ ਅਤੇ ਲਾਚਾਰਾਂ ਦੀ ਮਦਦ ਕਰਦਾ ਸੀ। ਅੱਯੂਬ ਦੇ ਦਸ ਬੱਚੇ ਸਨ। ਸਭ ਤੋਂ ਵੱਡੀ ਗੱਲ ਹੈ ਕਿ ਅੱਯੂਬ ਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਬਹੁਤ ਕਦਰ ਸੀ। ਉਹ ਯਹੋਵਾਹ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਵੇਂ ਕਿ ਉਸ ਦੇ ਦੂਰ ਦੇ ਰਿਸ਼ਤੇਦਾਰਾਂ ਅਬਰਾਹਾਮ, ਇਸਹਾਕ, ਯਾਕੂਬ ਅਤੇ ਯੂਸੁਫ਼ ਨੇ ਕੀਤਾ ਸੀ। ਇਨ੍ਹਾਂ ਆਦਮੀਆਂ ਵਾਂਗ ਅੱਯੂਬ ਆਪਣੇ ਪਰਿਵਾਰ ਲਈ ਪੁਜਾਰੀ ਵਜੋਂ ਸੇਵਾ ਕਰਦਾ ਸੀ ਅਤੇ ਆਪਣੇ ਬੱਚਿਆਂ ਵੱਲੋਂ ਪਰਮੇਸ਼ੁਰ ਨੂੰ ਬਾਕਾਇਦਾ ਬਲ਼ੀਆਂ ਚੜ੍ਹਾਉਂਦਾ ਸੀ।—ਅੱਯੂਬ 1:1-5; 31:16-22.
ਪਰ ਅਚਾਨਕ ਅੱਯੂਬ ਦੀ ਜ਼ਿੰਦਗੀ ਦਾ ਪਾਸਾ ਪਲਟ ਗਿਆ। ਅਸੀਂ ਪੜ੍ਹਦੇ ਹਾਂ ਕਿ ਸਵਰਗ ਵਿਚ ਕੀ ਕੁਝ ਹੋ ਰਿਹਾ ਸੀ। ਸਾਨੂੰ ਉਹ ਗੱਲਾਂ ਪਤਾ ਲੱਗਦੀਆਂ ਹਨ ਜਿਨ੍ਹਾਂ ਬਾਰੇ ਅੱਯੂਬ ਨੂੰ ਨਹੀਂ ਪਤਾ ਸੀ। ਪਰਮੇਸ਼ੁਰ ਦੇ ਵਫ਼ਾਦਾਰ ਦੂਤ ਉਸ ਅੱਗੇ ਇਕੱਠੇ ਹੋਏ ਅਤੇ ਬਾਗ਼ੀ ਦੂਤ ਸ਼ੈਤਾਨ ਵੀ ਹਾਜ਼ਰ ਹੋਇਆ। ਪਰਮੇਸ਼ੁਰ ਜਾਣਦਾ ਸੀ ਕਿ ਸ਼ੈਤਾਨ ਧਰਮੀ ਅੱਯੂਬ ਤੋਂ ਘਿਣ ਕਰਦਾ ਸੀ। ਇਸ ਲਈ ਪਰਮੇਸ਼ੁਰ ਨੇ ਸ਼ੈਤਾਨ ਨਾਲ ਅੱਯੂਬ ਦੀ ਲਾਜਵਾਬ ਵਫ਼ਾਦਾਰੀ ਬਾਰੇ ਗੱਲ ਕੀਤੀ। ਸ਼ੈਤਾਨ ਨੇ ਬਿਨਾਂ ਡਰੇ ਜਵਾਬ ਦਿੱਤਾ: “ਅੱਯੂਬ ਪਰਮੇਸ਼ੁਰ ਤੋਂ ਹਾੜੇ ਕੱਢੀ ਨਹੀਂ ਡਰਦਾ। ਤੈਂ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਉਸ ਦੇ ਸਭ ਕਾਸੇ ਦੇ ਦੁਆਲੇ ਵਾੜ ਨਹੀਂ ਲਾ ਛੱਡੀ?” ਸ਼ੈਤਾਨ ਖਰਿਆਈ ਰੱਖਣ ਵਾਲੇ ਲੋਕਾਂ ਤੋਂ ਨਫ਼ਰਤ ਕਰਦਾ ਹੈ। ਜਦੋਂ ਉਹ ਅੱਯੂਬ ਵਾਂਗ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਹਨ, ਤਾਂ ਉਹ ਸਾਬਤ ਕਰਦੇ ਹਨ ਕਿ ਸ਼ੈਤਾਨ ਇਕ ਗੱਦਾਰ ਹੈ ਜੋ ਕਿਸੇ ਨੂੰ ਪਿਆਰ ਨਹੀਂ ਕਰਦਾ। ਫਿਰ ਸ਼ੈਤਾਨ ਨੇ ਕਿਹਾ ਕਿ ਅੱਯੂਬ ਸੁਆਰਥ ਕਰਕੇ ਪਰਮੇਸ਼ੁਰ ਦੀ ਸੇਵਾ ਕਰਦਾ ਹੈ। ਸ਼ੈਤਾਨ ਨੇ ਦਾਅਵਾ ਕੀਤਾ ਕਿ ਜੇ ਅੱਯੂਬ ਦਾ ਸਭ ਕੁਝ ਲੈ ਲਿਆ ਜਾਵੇ, ਤਾਂ ਉਹ ਯਹੋਵਾਹ ਨੂੰ ਉਹ ਦੇ ਮੂੰਹ ʼਤੇ ਫਿਟਕਾਰੇਗਾ!—ਅੱਯੂਬ 1:6-11.
ਅੱਯੂਬ ਨੂੰ ਪਤਾ ਨਹੀਂ ਸੀ ਕਿ ਯਹੋਵਾਹ ਨੇ ਉਸ ਨੂੰ ਇਕ ਵੱਡਾ ਸਨਮਾਨ ਦਿੱਤਾ ਸੀ ਕਿ ਉਹ ਸ਼ੈਤਾਨ ਨੂੰ ਗ਼ਲਤ ਸਾਬਤ ਕਰੇ। ਸ਼ੈਤਾਨ ਨੂੰ ਇਜਾਜ਼ਤ ਦਿੱਤੀ ਗਈ ਕਿ ਉਹ ਅੱਯੂਬ ਦਾ ਸਭ ਕੁਝ ਖੋਹ ਲਵੇ। ਪਰ ਉਸ ਨੂੰ ਅੱਯੂਬ ਨੂੰ ਹੱਥ ਲਾਉਣ ਦੀ ਇਜਾਜ਼ਤ ਨਹੀਂ ਸੀ। ਸ਼ੈਤਾਨ ਆਪਣੇ ਇਸ ਬੇਰਹਿਮ ਕੰਮ ਨੂੰ ਅੰਜਾਮ ਦੇਣ ਲਈ ਫਟਾਫਟ ਨਿਕਲ ਪਿਆ। ਇਕ ਦਿਨ ਵਿਚ ਹੀ ਕਈ ਬਿਪਤਾਵਾਂ ਨੇ ਅੱਯੂਬ ਦੀ ਜ਼ਿੰਦਗੀ ਤਹਿਸ-ਨਹਿਸ ਕਰ ਦਿੱਤੀ। ਉਸ ਨੂੰ ਪਤਾ ਲੱਗਾ ਕਿ ਉਸ ਦੇ ਪਸ਼ੂ ਅਚਾਨਕ ਮਾਰੇ ਗਏ, ਪਹਿਲਾਂ ਉਸ ਦੀਆਂ ਗਾਵਾਂ-ਮੱਝਾਂ ਤੇ ਗਧੇ, ਫਿਰ ਭੇਡਾਂ ਅਤੇ ਫਿਰ ਊਠ। ਇਸ ਤੋਂ ਬਾਅਦ ਉਸ ਦੇ ਇੱਜੜਾਂ ਦੀ ਦੇਖ-ਭਾਲ ਕਰਨ ਵਾਲੇ ਨੌਕਰ ਵੀ ਮਾਰੇ ਗਏ। ਕਿਸੇ ਨੇ ਆ ਕੇ ਅੱਯੂਬ ਨੂੰ ਕਿਹਾ ਕਿ “ਪਰਮੇਸ਼ੁਰ ਦੀ ਅੱਗ” ਸ਼ਾਇਦ ਬਿਜਲੀ ਨੇ ਉਸ ਦੇ ਇੱਜੜ ਅਤੇ ਨੌਕਰਾਂ ਨੂੰ ਮਾਰ ਦਿੱਤਾ। ਅੱਯੂਬ ਨੇ ਆਪਣੇ ਨੌਕਰਾਂ ਦੇ ਮਰਨ ਜਾਂ ਆਪਣੇ ਸਿਰ ʼਤੇ ਪਈ ਗ਼ਰੀਬੀ ਦਾ ਹਾਲੇ ਚੰਗੀ ਤਰ੍ਹਾਂ ਸੋਗ ਵੀ ਨਹੀਂ ਮਨਾਇਆ ਸੀ ਕਿ ਉਸ ਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਦੁੱਖ ਨੇ ਉਸ ਦਾ ਦਰਵਾਜ਼ਾ ਖੜਕਾਇਆ। ਉਸ ਦੇ ਸਭ ਤੋਂ ਵੱਡੇ ਮੁੰਡੇ ਦੇ ਘਰ ਸਾਰੇ ਬੱਚੇ ਇਕੱਠੇ ਹੋਏ ਸਨ। ਇਕ ਵੱਡੇ ਤੂਫ਼ਾਨ ਨੇ ਘਰ ਨੂੰ ਤਬਾਹ ਕਰ ਦਿੱਤਾ ਜਿਸ ਕਰਕੇ ਉਸ ਦੇ ਸਾਰੇ ਬੱਚੇ ਮਾਰੇ ਗਏ।—ਅੱਯੂਬ 1:12-19.
ਸ਼ਾਇਦ ਸਾਡੇ ਲਈ ਅੱਯੂਬ ਦੇ ਦੁੱਖਾਂ ਨੂੰ ਸਮਝਣਾ ਨਾਮੁਮਕਿਨ ਹੋਵੇ। ਉਸ ਨੇ ਆਪਣੇ ਕੱਪੜੇ ਪਾੜੇ, ਆਪਣਾ ਸਿਰ ਮੁੰਨਾ ਲਿਆ ਅਤੇ ਜ਼ਮੀਨ ʼਤੇ ਡਿਗ ਗਿਆ। ਅੱਯੂਬ ਨੇ ਸੋਚਿਆ ਕਿ ਪਰਮੇਸ਼ੁਰ ਨੇ ਉਸ ਨੂੰ ਦਿੱਤਾ ਸੀ ਤੇ ਪਰਮੇਸ਼ੁਰ ਨੇ ਹੀ ਲੈ ਲਿਆ। ਸ਼ੈਤਾਨ ਨੇ ਅੱਯੂਬ ʼਤੇ ਦੁੱਖਾਂ ਨੂੰ ਇਸ ਤਰ੍ਹਾਂ ਲਿਆਂਦਾ ਮਾਨੋ ਪਰਮੇਸ਼ੁਰ ਨੇ ਹੀ ਇਹ ਦੁੱਖ ਉਸ ʼਤੇ ਭੇਜੇ ਹੋਣ। ਪਰ ਅੱਯੂਬ ਨੇ ਪਰਮੇਸ਼ੁਰ ਨੂੰ ਫਿਟਕਾਰਿਆ ਨਹੀਂ ਜਿੱਦਾਂ ਸ਼ੈਤਾਨ ਨੇ ਕਿਹਾ ਸੀ। ਇਸ ਦੀ ਬਜਾਇ, ਅੱਯੂਬ ਨੇ ਕਿਹਾ: “ਯਹੋਵਾਹ ਦਾ ਨਾਮ ਮੁਬਾਰਕ ਹੋਵੇ।”—ਅੱਯੂਬ 1:20-22.
ਉਹ ਤੈਨੂੰ “ਫਿਟਕਾਰੂਗਾ”
ਸ਼ੈਤਾਨ ਲਾਲ-ਪੀਲ਼ਾ ਹੋ ਗਿਆ ਤੇ ਉਸ ਨੇ ਹਾਰ ਨਹੀਂ ਮੰਨੀ। ਇਕ ਵਾਰ ਫਿਰ ਦੂਤ ਯਹੋਵਾਹ ਅੱਗੇ ਪੇਸ਼ ਹੋਏ ਤੇ ਸ਼ੈਤਾਨ ਵੀ ਉਨ੍ਹਾਂ ਵਿਚ ਹਾਜ਼ਰ ਹੋਇਆ। ਫਿਰ ਤੋਂ ਯਹੋਵਾਹ ਨੇ ਅੱਯੂਬ ਦੀ ਤਾਰੀਫ਼ ਕੀਤੀ ਤੇ ਦੱਸਿਆ ਕਿ ਸ਼ੈਤਾਨ ਦੇ ਹਮਲਿਆਂ ਦੇ ਬਾਵਜੂਦ ਉਸ ਨੇ ਆਪਣੀ ਖਰਿਆਈ ਨਹੀਂ ਛੱਡੀ। ਸ਼ੈਤਾਨ ਨੇ ਕਿਹਾ: “ਖੱਲ ਦੇ ਬਦਲੇ ਖੱਲ ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੋਹ ਦੇਹ ਤਾਂ ਉਹ ਤੇਰਾ ਮੂੰਹ ਫਿਟਕਾਰੂਗਾ।” ਸ਼ੈਤਾਨ ਨੂੰ ਪੂਰਾ ਭਰੋਸਾ ਸੀ ਕਿ ਜੇ ਅੱਯੂਬ ਨੂੰ ਕੋਈ ਬੀਮਾਰੀ ਲੱਗ ਗਈ, ਤਾਂ ਉਹ ਪਰਮੇਸ਼ੁਰ ਦੀ ਜ਼ਰੂਰ ਨਿੰਦਿਆ ਕਰੇਗਾ। ਯਹੋਵਾਹ ਨੂੰ ਅੱਯੂਬ ʼਤੇ ਪੂਰਾ ਵਿਸ਼ਵਾਸ ਸੀ, ਇਸ ਲਈ ਉਸ ਨੇ ਸ਼ੈਤਾਨ ਨੂੰ ਅੱਯੂਬ ਨੂੰ ਕੋਈ ਬੀਮਾਰੀ ਲਾਉਣ ਦੀ ਇਜਾਜ਼ਤ ਦੇ ਦਿੱਤੀ। ਪਰ ਸ਼ੈਤਾਨ ਨੂੰ ਅੱਯੂਬ ਦੀ ਜਾਨ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ।—ਅੱਯੂਬ 2:1-6.
ਸ਼ੈਤਾਨ ਨੇ ਛੇਤੀ ਹੀ ਅੱਯੂਬ ਨੂੰ ਬੀਮਾਰੀ ਲਾ ਦਿੱਤੀ ਜਿਵੇਂ ਅਸੀਂ ਸ਼ੁਰੂ ਵਿਚ ਦੇਖਿਆ ਸੀ। ਜ਼ਰਾ ਉਸ ਦੀ ਬੇਚਾਰੀ ਪਤਨੀ ਬਾਰੇ ਸੋਚੋ। ਉਹ ਆਪਣੇ ਦਸ ਬੱਚਿਆਂ ਦੇ ਗੁਜ਼ਰ ਜਾਣ ਦੇ ਗਮ ਵਿਚ ਡੁੱਬੀ ਹੋਈ ਸੀ ਤੇ ਹੁਣ ਉਸ ਨੂੰ ਆਪਣੇ ਪਤੀ ਨੂੰ ਤੜਫ਼ਦੇ ਹੋਏ ਦੇਖਣਾ ਪੈ ਰਿਹਾ ਸੀ। ਦੁਖੀ ਹੋ ਕੇ ਉਸ ਨੇ ਕਿਹਾ: “ਕੀ ਤੈਂ ਅਜੇ ਵੀ ਆਪਣੀ ਖਰਿਆਈ ਨੂੰ ਤਕੜੀ ਕਰ ਕੇ ਫੜਿਆ ਹੋਇਆ ਹੈ? ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾਹ!” ਆਮ ਤੌਰ ਤੇ ਅੱਯੂਬ ਦੀ ਪਤਨੀ ਇੱਦਾਂ ਗੱਲ ਨਹੀਂ ਕਰਦੀ ਸੀ। ਅੱਯੂਬ ਨੇ ਸਿਰਫ਼ ਇੰਨਾ ਹੀ ਕਿਹਾ ਕਿ ਉਹ ਪਾਗਲ ਹੋ ਗਈ ਸੀ। ਫਿਰ ਵੀ ਅੱਯੂਬ ਨੇ ਪਰਮੇਸ਼ੁਰ ਦੀ ਨਿੰਦਿਆ ਨਹੀਂ ਕੀਤੀ। ਉਸ ਨੇ ਆਪਣੇ ਬੁੱਲ੍ਹਾਂ ਨਾਲ ਕੋਈ ਪਾਪ ਨਾ ਕੀਤਾ।—ਅੱਯੂਬ 2:7-10.
ਕੀ ਤੁਹਾਨੂੰ ਪਤਾ ਕਿ ਇਸ ਦੁਖਦਾਈ ਤੇ ਸੱਚੀ ਕਹਾਣੀ ਦਾ ਅਸਰ ਤੁਹਾਡੇ ʼਤੇ ਵੀ ਪੈਂਦਾ ਹੈ? ਗੌਰ ਕਰੋ ਕਿ ਸ਼ੈਤਾਨ ਨੇ ਆਪਣਾ ਜ਼ਹਿਰੀਲਾ ਤੀਰ ਸਿਰਫ਼ ਅੱਯੂਬ ʼਤੇ ਹੀ ਨਹੀਂ, ਸਗੋਂ ਪੂਰੀ ਮਨੁੱਖਜਾਤੀ ʼਤੇ ਵੀ ਚਲਾਇਆ। ਉਸ ਨੇ ਕਿਹਾ: ‘ਖੱਲ ਦੇ ਬਦਲੇ ਖੱਲ ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।’ ਦੂਜੇ ਸ਼ਬਦਾਂ ਵਿਚ ਕਹੀਏ, ਤਾਂ ਸ਼ੈਤਾਨ ਨੇ ਕਿਹਾ ਕਿ ਖਰਿਆਈ ਬਣਾਈ ਰੱਖਣੀ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ! ਉਸ ਨੇ ਦਾਅਵਾ ਕੀਤਾ ਕਿ ਤੁਸੀਂ ਪਰਮੇਸ਼ੁਰ ਨੂੰ ਸੱਚਾ ਪਿਆਰ ਨਹੀਂ ਕਰਦੇ ਤੇ ਜੇ ਤੁਹਾਡੀ ਜਾਨ ʼਤੇ ਆਈ, ਤਾਂ ਤੁਸੀਂ ਪਰਮੇਸ਼ੁਰ ਨੂੰ ਛੱਡ ਦਿਓਗੇ। ਅਸਲ ਵਿਚ, ਸ਼ੈਤਾਨ ਕਹਿ ਰਿਹਾ ਹੈ ਕਿ ਤੁਸੀਂ ਉਸ ਵਾਂਗ ਸੁਆਰਥੀ ਹੋ! ਕੀ ਤੁਸੀਂ ਉਸ ਨੂੰ ਗ਼ਲਤ ਸਾਬਤ ਕਰਨਾ ਚਾਹੁੰਦੇ ਹੋ? ਸਾਡੇ ਸਾਰਿਆਂ ਕੋਲ ਇਹ ਸਨਮਾਨ ਹੈ। (ਕਹਾਉਤਾਂ 27:11) ਆਓ ਆਪਾਂ ਦੇਖੀਏ ਕਿ ਅੱਯੂਬ ਨੂੰ ਹੋਰ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ।
ਦਿਲਾਸਾ ਦੇਣ ਵਾਲੇ ਨਾਕਾਮ
ਜਦੋਂ ਤਿੰਨ ਆਦਮੀਆਂ ਨੂੰ ਅੱਯੂਬ ʼਤੇ ਆਈਆਂ ਮੁਸ਼ਕਲਾਂ ਬਾਰੇ ਪਤਾ ਲੱਗਾ, ਤਾਂ ਉਹ ਉਸ ਨੂੰ ਮਿਲਣ ਤੇ ਦਿਲਾਸਾ ਦੇਣ ਆਏ। ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਅੱਯੂਬ ਦੀ ਜਾਣ-ਪਛਾਣ ਵਾਲੇ ਜਾਂ ਉਸ ਦੇ ਦੋਸਤ ਸਨ। ਜਦੋਂ ਉਨ੍ਹਾਂ ਨੇ ਦੂਰੋਂ ਅੱਯੂਬ ਨੂੰ ਦੇਖਿਆ, ਤਾਂ ਉਹ ਉਸ ਨੂੰ ਪਛਾਣ ਨਾ ਸਕੇ। ਉਹ ਦਰਦ ਨਾਲ ਤੜਫ਼ ਰਿਹਾ ਸੀ, ਬੀਮਾਰੀ ਕਰਕੇ ਉਸ ਦੀ ਚਮੜੀ ਕਾਲੀ ਹੋ ਚੁੱਕੀ ਸੀ ਅਤੇ ਉਹ ਪਹਿਲਾਂ ਵਾਂਗ ਬਿਲਕੁਲ ਵੀ ਨਹੀਂ ਰਿਹਾ। ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਵੈਣ ਪਾਉਂਦੇ ਹੋਏ ਅਤੇ ਆਪਣੇ ਸਿਰਾਂ ਵਿਚ ਮਿੱਟੀ ਪਾਉਂਦੇ ਹੋਏ ਦੁਖੀ ਹੋਣ ਦਾ ਢੌਂਗ ਕਰਦੇ ਆ ਰਹੇ ਸਨ। ਉਹ ਅੱਯੂਬ ਦੇ ਲਾਗੇ ਭੁੰਜੇ ਬੈਠ ਗਏ ਅਤੇ ਕੁਝ ਨਾ ਬੋਲੇ। ਉਹ ਪੂਰਾ ਹਫ਼ਤਾ ਦਿਨ-ਰਾਤ ਉਸ ਕੋਲ ਬੈਠੇ ਰਹੇ, ਪਰ ਉਨ੍ਹਾਂ ਨੇ ਆਪਣੇ ਮੂੰਹੋਂ ਇਕ ਸ਼ਬਦ ਨਾ ਕੱਢਿਆ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਚੁੱਪ ਬੈਠ ਕੇ ਅੱਯੂਬ ਨੂੰ ਦਿਲਾਸਾ ਦੇ ਰਹੇ ਸਨ। ਉਨ੍ਹਾਂ ਨੇ ਉਸ ਤੋਂ ਕੁਝ ਨਹੀਂ ਪੁੱਛਿਆ, ਪਰ ਸਿਰਫ਼ ਦੇਖ ਕੇ ਅੰਦਾਜ਼ਾ ਲਗਾਇਆ ਕਿ ਉਹ ਕਿੰਨੀ ਤਕਲੀਫ਼ ਵਿਚ ਸੀ।—ਅੱਯੂਬ 2:11-13; 30:30.
ਅਖ਼ੀਰ ਅੱਯੂਬ ਨੂੰ ਖ਼ੁਦ ਗੱਲ ਸ਼ੁਰੂ ਕਰਨੀ ਪਈ। ਉਸ ਨੇ ਦੁੱਖ ਭਰੇ ਸ਼ਬਦਾਂ ਵਿਚ ਆਪਣੇ ਜੰਮਣ ਦੇ ਦਿਨ ਨੂੰ ਕੋਸਿਆ। ਨਾਲੇ ਉਸ ਨੇ ਦੱਸਿਆ ਕਿ ਉਹ ਇੰਨੇ ਦੁੱਖ ਵਿਚ ਕਿਉਂ ਹੈ। ਉਹ ਸੋਚਦਾ ਸੀ ਕਿ ਪਰਮੇਸ਼ੁਰ ਹੀ ਉਸ ਦੀਆਂ ਮੁਸ਼ਕਲਾਂ ਲਈ ਜ਼ਿੰਮੇਵਾਰ ਹੈ! (ਅੱਯੂਬ 3:1, 2, 23) ਪਰ ਉਹ ਹਾਲੇ ਵੀ ਨਿਹਚਾ ਕਰਨ ਵਾਲਾ ਇਨਸਾਨ ਸੀ ਤੇ ਉਸ ਨੂੰ ਦਿਲਾਸੇ ਦੀ ਬਹੁਤ ਜ਼ਿਆਦਾ ਲੋੜ ਸੀ। ਪਰ ਜਦੋਂ ਅੱਯੂਬ ਦੇ ਸਾਥੀ ਬੋਲਣ ਲੱਗੇ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀਆਂ ਗੱਲਾਂ ਨਾਲੋਂ ਉਨ੍ਹਾਂ ਦੀ ਚੁੱਪੀ ਵਧੀਆ ਸੀ।—ਅੱਯੂਬ 13:5.
ਅਲੀਫ਼ਜ਼ ਨੇ ਗੱਲ ਸ਼ੁਰੂ ਕੀਤੀ ਜੋ ਬਾਕੀਆਂ ਨਾਲੋਂ ਤੇ ਅੱਯੂਬ ਨਾਲੋਂ ਵੀ ਵੱਡਾ ਸੀ। ਥੋੜ੍ਹੀ ਦੇਰ ਬਾਅਦ ਬਿਲਦਦ ਅਤੇ ਸੋਫ਼ਰ ਵੀ ਬੋਲੇ। ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਉਹ ਵੀ ਅਲੀਫ਼ਜ਼ ਦੀ ਤਰ੍ਹਾਂ ਮੂਰਖਾਂ ਵਾਂਗ ਤਰਕ ਕਰਨ ਲੱਗ ਪਏ। ਇਨ੍ਹਾਂ ਆਦਮੀਆਂ ਦੀਆਂ ਕੁਝ ਗੱਲਾਂ ਸ਼ਾਇਦ ਸੁਣਨ ਨੂੰ ਗ਼ਲਤ ਨਾ ਲੱਗਣ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਬਾਰੇ ਵਾਰ-ਵਾਰ ਉਹ ਗੱਲਾਂ ਕਹੀਆਂ ਜੋ ਬਹੁਤ ਸਾਰੇ ਲੋਕ ਅਕਸਰ ਕਹਿੰਦੇ ਸਨ ਅਤੇ ਜੋ ਸੁਣਨ ਨੂੰ ਸਹੀ ਲੱਗਦੀਆਂ ਸਨ। ਮਿਸਾਲ ਲਈ, ਇਨ੍ਹਾਂ ਨੇ ਪਰਮੇਸ਼ੁਰ ਨੂੰ ਮਹਾਨ, ਬੁਰੇ ਲੋਕਾਂ ਨੂੰ ਸਜ਼ਾ ਦੇਣ ਵਾਲਾ ਅਤੇ ਚੰਗਿਆਂ ਨੂੰ ਇਨਾਮ ਦੇਣ ਵਾਲਾ ਕਿਹਾ। ਪਰ ਸ਼ੁਰੂ ਵਿਚ ਹੀ ਉਨ੍ਹਾਂ ਆਦਮੀਆਂ ਵੱਲੋਂ ਕਹੇ ਸ਼ਬਦਾਂ ਤੋਂ ਪਤਾ ਲੱਗ ਗਿਆ ਕਿ ਉਹ ਅੱਯੂਬ ਨਾਲ ਪਿਆਰ ਨਾਲ ਪੇਸ਼ ਨਹੀਂ ਆਏ। ਅਲੀਫ਼ਜ਼ ਨੇ ਇਸ ਤਰੀਕੇ ਨਾਲ ਤਰਕ ਕੀਤੀ ਜੋ ਸੁਣਨ ਨੂੰ ਸਹੀ ਲੱਗੇ, ਪਰ ਅਸਲ ਵਿਚ ਉਸ ਨੇ ਅਹਿਮ ਸੱਚਾਈਆਂ ਨੂੰ ਨਜ਼ਰਅੰਦਾਜ਼ ਕੀਤਾ। ਇਸ ਕਰਕੇ ਉਸ ਨੇ ਇਹ ਸਿੱਟਾ ਕੱਢਿਆ ਕਿ ਜੇ ਪਰਮੇਸ਼ੁਰ ਚੰਗਾ ਹੈ ਅਤੇ ਬੁਰਿਆਂ ਨੂੰ ਸਜ਼ਾ ਦਿੰਦਾ ਹੈ ਅਤੇ ਅੱਯੂਬ ਨੂੰ ਸਜ਼ਾ ਮਿਲ ਰਹੀ ਹੈ, ਤਾਂ ਫਿਰ ਇਸ ਤੋਂ ਕੀ ਜ਼ਾਹਰ ਹੁੰਦਾ ਹੈ? ਇਹੀ ਨਹੀਂ ਕਿ ਅੱਯੂਬ ਨੇ ਜ਼ਰੂਰ ਕੁਝ ਗ਼ਲਤ ਕੀਤਾ ਹੋਣਾ?—ਅੱਯੂਬ 4:1, 7, 8; 5:3-6.
ਸਾਨੂੰ ਇਹ ਜਾਣ ਕੇ ਹੈਰਾਨੀ ਨਹੀਂ ਹੁੰਦੀ ਕਿ ਅੱਯੂਬ ਨੂੰ ਅਲੀਫ਼ਜ਼ ਦੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ। ਉਸ ਨੇ ਉਨ੍ਹਾਂ ਦਾ ਸਖ਼ਤੀ ਨਾਲ ਵਿਰੋਧ ਕੀਤਾ। (ਅੱਯੂਬ 6:25) ਇਸ ਕਰਕੇ ਉਨ੍ਹਾਂ ਤਿੰਨ ਆਦਮੀਆਂ ਨੂੰ ਹੋਰ ਵੀ ਯਕੀਨ ਹੋ ਗਿਆ ਕਿ ਅੱਯੂਬ ਆਪਣੀ ਕਿਸੇ ਗ਼ਲਤੀ ਨੂੰ ਲੁਕੋ ਰਿਹਾ ਸੀ ਅਤੇ ਉਸ ਨਾਲ ਜੋ ਵੀ ਮਾੜਾ ਹੋ ਰਿਹਾ ਸੀ, ਉਹ ਉਸੇ ਦੇ ਲਾਇਕ ਸੀ। ਅਲੀਫ਼ਜ਼ ਨੇ ਉਸ ʼਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਗੁਸਤਾਖ਼ ਤੇ ਦੁਸ਼ਟ ਹੈ ਅਤੇ ਪਰਮੇਸ਼ੁਰ ਦਾ ਕੋਈ ਡਰ ਨਹੀਂ ਰੱਖਦਾ। (ਅੱਯੂਬ 15:4, 7-9, 20-24; 22:6-11) ਸੋਫ਼ਰ ਨੇ ਅੱਯੂਬ ਨੂੰ ਕਿਹਾ ਕਿ ਉਹ ਦੁਸ਼ਟ ਕੰਮ ਤੇ ਪਾਪ ਕਰਨੇ ਛੱਡ ਦੇਵੇ। (ਅੱਯੂਬ 11:2, 3, 14; 20:5, 12, 13) ਫਿਰ ਬਿਲਦਦ ਨੇ ਦਿਲ ਚੀਰਨ ਵਾਲੀ ਗੱਲ ਕੀਤੀ। ਉਸ ਨੇ ਕਿਹਾ ਕਿ ਅੱਯੂਬ ਦੇ ਮੁੰਡਿਆਂ ਨੇ ਜ਼ਰੂਰ ਕੋਈ ਗ਼ਲਤ ਕੰਮ ਕੀਤਾ ਹੋਣਾ ਜਿਸ ਕਰਕੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੀ।—ਅੱਯੂਬ 8:4, 13.
ਖਰਿਆਈ ʼਤੇ ਹਮਲਾ!
ਇਨ੍ਹਾਂ ਗੁਮਰਾਹ ਕਰਨ ਵਾਲੇ ਆਦਮੀਆਂ ਨੇ ਇਸ ਤੋਂ ਵੀ ਕੁਝ ਬੁਰਾ ਕੀਤਾ। ਉਨ੍ਹਾਂ ਨੇ ਸਿਰਫ਼ ਅੱਯੂਬ ਦੀ ਖਰਿਆਈ ʼਤੇ ਹੀ ਸ਼ੱਕ ਨਹੀਂ ਕੀਤਾ, ਸਗੋਂ ਇਹ ਵੀ ਦਾਅਵਾ ਕੀਤਾ ਕਿ ਪਰਮੇਸ਼ੁਰ ਪ੍ਰਤੀ ਖਰਿਆਈ ਰੱਖਣ ਦੀ ਕੋਸ਼ਿਸ਼ ਕਰਨੀ ਵੀ ਬੇਕਾਰ ਹੈ। ਅਲੀਫ਼ਜ਼ ਨੇ ਆਪਣੀ ਗੱਲਬਾਤ ਦੌਰਾਨ ਇਕ ਅਦਿੱਖ ਸ਼ਕਤੀ ਬਾਰੇ ਦੱਸਿਆ ਜਿਸ ਨੂੰ ਦੇਖ ਕੇ ਉਸ ਦੇ ਲੂੰ-ਕੰਡੇ ਖੜ੍ਹੇ ਹੋ ਗਏ। ਅਲੀਫ਼ਜ਼ ਇਸ ਅਦਿੱਖ ਸ਼ਕਤੀ ਨਾਲ ਵਾਪਰੀ ਘਟਨਾ ਕਰਕੇ ਬਹੁਤ ਹੀ ਖ਼ਤਰਨਾਕ ਨਤੀਜੇ ʼਤੇ ਪਹੁੰਚਿਆ ਕਿ ਪਰਮੇਸ਼ੁਰ “ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ ਅਤੇ ਆਪਣੇ ਦੂਤਾਂ ਨੂੰ ਮੂਰਖ ਠਹਿਰਾਉਂਦਾ ਹੈ।” ਜੇ ਇਹ ਗੱਲ ਸੱਚ ਹੁੰਦੀ, ਤਾਂ ਮਾਮੂਲੀ ਇਨਸਾਨ ਪਰਮੇਸ਼ੁਰ ਨੂੰ ਕਦੇ ਖ਼ੁਸ਼ ਨਾ ਕਰ ਪਾਉਂਦੇ। ਬਾਅਦ ਵਿਚ, ਬਿਲਦਦ ਨੇ ਦਾਅਵਾ ਕੀਤਾ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅੱਯੂਬ ਦੀ ਖਰਿਆਈ ਬੱਸ ਇਕ ਕੀੜੇ ਦੇ ਬਰਾਬਰ ਹੀ ਹੈ।—ਅੱਯੂਬ 4:12-18; 15:15; 22:2, 3; 25:4-6.
ਕੀ ਤੁਸੀਂ ਕਦੇ ਦੁੱਖਾਂ ਦੀ ਮਾਰ ਝੱਲ ਰਹੇ ਵਿਅਕਤੀ ਦੀ ਮਦਦ ਕੀਤੀ ਹੈ? ਇੱਦਾਂ ਕਰਨਾ ਸੌਖਾ ਨਹੀਂ। ਪਰ ਅਸੀਂ ਅੱਯੂਬ ਦੇ ਦੋਸਤਾਂ ਤੋਂ ਕਾਫ਼ੀ ਕੁਝ ਸਿੱਖਦੇ ਹਾਂ ਕਿ ਸਾਨੂੰ ਕੀ ਨਹੀਂ ਕਹਿਣਾ ਚਾਹੀਦਾ। ਉਨ੍ਹਾਂ ਤਿੰਨਾਂ ਨੇ ਵੱਡੇ-ਵੱਡੇ ਲਫ਼ਜ਼ ਵਰਤਦਿਆਂ ਤੇ ਗ਼ਲਤ ਦਲੀਲਾਂ ਦਿੰਦਿਆਂ ਇਕ ਵਾਰ ਵੀ ਅੱਯੂਬ ਨੂੰ ਉਸ ਦਾ ਨਾਂ ਲੈ ਕੇ ਨਹੀਂ ਬੁਲਾਇਆ। ਉਨ੍ਹਾਂ ਨੂੰ ਨਾ ਤਾਂ ਇਸ ਗੱਲ ਦੀ ਪਰਵਾਹ ਸੀ ਕਿ ਅੱਯੂਬ ਅੰਦਰੋਂ ਟੁੱਟਾ ਹੋਇਆ ਸੀ ਅਤੇ ਨਾ ਹੀ ਉਨ੍ਹਾਂ ਨੇ ਉਸ ਦੇ ਜ਼ਖ਼ਮਾਂ ʼਤੇ ਮਲ੍ਹਮ ਲਾਈ।a ਜੇ ਤੁਸੀਂ ਦੇਖਦੇ ਹੋ ਕਿ ਜਿਸ ਵਿਅਕਤੀ ਦੀ ਤੁਸੀਂ ਪਰਵਾਹ ਕਰਦੇ ਹੋ ਉਹ ਨਿਰਾਸ਼ ਹੈ, ਤਾਂ ਪਿਆਰ ਤੇ ਨਰਮਾਈ ਨਾਲ ਉਸ ਨਾਲ ਪੇਸ਼ ਆਓ। ਉਸ ਦੀ ਨਿਹਚਾ ਮਜ਼ਬੂਤ ਕਰੋ ਅਤੇ ਉਸ ਨੂੰ ਹੌਸਲਾ ਦਿਓ। ਨਾਲੇ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਕਰਨ ਤੇ ਉਸ ਦੀ ਦਇਆ ਅਤੇ ਨਿਆਂ ਉੱਤੇ ਭਰੋਸਾ ਰੱਖਣ ਵਿਚ ਉਸ ਦੀ ਮਦਦ ਕਰੋ। ਅੱਯੂਬ ਵੀ ਆਪਣੇ ਦੋਸਤਾਂ ਨਾਲ ਇੱਦਾਂ ਹੀ ਕਰਦਾ ਜੇ ਉਹ ਉਸ ਵਰਗੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹੁੰਦੇ। (ਅੱਯੂਬ 16:4, 5) ਪਰ ਉਸ ਦੀ ਖਰਿਆਈ ʼਤੇ ਹੋ ਰਹੇ ਲਗਾਤਾਰ ਹਮਲਿਆਂ ਦਾ ਉਸ ਨੇ ਕਿਵੇਂ ਸਾਮ੍ਹਣਾ ਕੀਤਾ?
ਅੱਯੂਬ ਨੇ ਖਰਿਆਈ ਬਣਾਈ ਰੱਖੀ
ਅੱਯੂਬ ਉਸ ਵੇਲੇ ਨਿਰਾਸ਼ਾ ਵਿਚ ਡੁੱਬਿਆ ਹੋਇਆ ਸੀ ਜਦੋਂ ਉਸ ਦੀ ਤੇ ਉਸ ਦੇ ਦੋਸਤਾਂ ਦੀ ਗੱਲਬਾਤ ਸ਼ੁਰੂ ਹੋਈ। ਸ਼ੁਰੂ ਤੋਂ ਹੀ ਅੱਯੂਬ ਨੇ ਮੰਨਿਆ ਕਿ ਉਹ “ਆਵਾਗੌਣ” ਅਤੇ “ਇਕ ਦੁਖੀ ਇਨਸਾਨ” ਵਾਂਗ ਗੱਲਾਂ ਕਰ ਰਿਹਾ ਸੀ। (ਅੱਯੂਬ 6:3, 26, NW) ਅਸੀਂ ਸਮਝ ਸਕਦੇ ਹਾਂ ਕਿ ਬਹੁਤ ਜ਼ਿਆਦਾ ਨਿਰਾਸ਼ ਹੋਣ ਕਰਕੇ ਉਸ ਨੇ ਅਜਿਹੀਆਂ ਗੱਲਾਂ ਕਹੀਆਂ। ਉਸ ਦੇ ਸ਼ਬਦਾਂ ਤੋਂ ਇਹ ਵੀ ਜ਼ਾਹਰ ਹੋਇਆ ਕਿ ਉਸ ਨੂੰ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਸੀ। ਉਸ ʼਤੇ ਅਤੇ ਉਸ ਦੇ ਪਰਿਵਾਰ ʼਤੇ ਅਚਾਨਕ ਮੁਸੀਬਤਾਂ ਆਈਆਂ ਅਤੇ ਇਹ ਮੁਸੀਬਤਾਂ ਅਲੌਕਿਕ ਤਾਕਤ ਵੱਲੋਂ ਆਈਆਂ ਲੱਗਦੀਆਂ ਸਨ ਜਿਸ ਕਰਕੇ ਅੱਯੂਬ ਨੇ ਸੋਚਿਆ ਕਿ ਯਹੋਵਾਹ ਇਹ ਸਭ ਕਰ ਰਿਹਾ ਹੈ। ਸਵਰਗ ਵਿਚ ਹੋਈਆਂ ਘਟਨਾਵਾਂ ਬਾਰੇ ਕੋਈ ਜਾਣਕਾਰੀ ਨਾ ਹੋਣ ਕਰਕੇ ਅੱਯੂਬ ਗ਼ਲਤ ਨਤੀਜੇ ʼਤੇ ਪਹੁੰਚਿਆ।
ਪਰ ਅੱਯੂਬ ਦੀ ਨਿਹਚਾ ਪੱਕੀ ਸੀ। ਆਪਣੇ ਦੋਸਤਾਂ ਨਾਲ ਹੋਈ ਲੰਬੀ ਗੱਲਬਾਤ ਵਿਚ ਕਹੇ ਸ਼ਬਦਾਂ ਤੋਂ ਉਸ ਦੀ ਨਿਹਚਾ ਸਾਫ਼ ਦਿਖਦੀ ਸੀ। ਉਸ ਦੇ ਸ਼ਬਦ ਸੱਚੇ, ਸੋਹਣੇ ਤੇ ਹੌਸਲੇ ਭਰੇ ਸਨ। ਜਦੋਂ ਉਸ ਨੇ ਪਰਮੇਸ਼ੁਰ ਦੀ ਸ੍ਰਿਸ਼ਟੀ ਦੀ ਗੱਲ ਕੀਤੀ, ਤਾਂ ਉਸ ਨੇ ਉਨ੍ਹਾਂ ਚੀਜ਼ਾਂ ਦੀ ਗੱਲ ਕੀਤੀ ਜਿਨ੍ਹਾਂ ਬਾਰੇ ਇਨਸਾਨ ਪਰਮੇਸ਼ੁਰ ਦੀ ਮਦਦ ਤੋਂ ਬਿਨਾਂ ਕਦੇ ਨਹੀਂ ਜਾਣ ਸਕਦੇ ਸਨ। ਮਿਸਾਲ ਲਈ, ਉਸ ਨੇ ਦੱਸਿਆ ਕਿ ਯਹੋਵਾਹ “ਧਰਤੀ ਨੂੰ ਬਿਨਾ ਸਹਾਰੇ ਦੇ ਲਟਕਾਉਂਦਾ ਹੈ।” (ਅੱਯੂਬ 26:7) ਇਹ ਜਾਣਕਾਰੀ ਵਿਗਿਆਨੀਆਂ ਨੂੰ ਕਈ ਸਦੀਆਂ ਬਾਅਦ ਪਤਾ ਲੱਗੀ।b ਨਾਲੇ ਅੱਯੂਬ ਨੇ ਭਵਿੱਖ ਲਈ ਆਪਣੀ ਉਮੀਦ ਬਾਰੇ ਵੀ ਗੱਲ ਕੀਤੀ। ਇਹ ਉਹੀ ਉਮੀਦ ਸੀ ਜੋ ਦੂਸਰੇ ਵਫ਼ਾਦਾਰ ਸੇਵਕਾਂ ਨੂੰ ਮਿਲੀ ਸੀ। ਅੱਯੂਬ ਨੂੰ ਵਿਸ਼ਵਾਸ ਸੀ ਕਿ ਜੇ ਉਹ ਮਰ ਵੀ ਗਿਆ, ਤਾਂ ਵੀ ਪਰਮੇਸ਼ੁਰ ਉਸ ਨੂੰ ਯਾਦ ਰੱਖੇਗਾ ਅਤੇ ਉਸ ਨੂੰ ਦੁਬਾਰਾ ਜ਼ਿੰਦਗੀ ਦੇਵੇਗਾ।—ਅੱਯੂਬ 14:13-15; ਇਬਰਾਨੀਆਂ 11:17-19, 35.
ਖਰਿਆਈ ਦੇ ਮਸਲੇ ਬਾਰੇ ਕੀ? ਅਲੀਫ਼ਜ਼ ਤੇ ਉਸ ਦੇ ਦੋਨਾਂ ਦੋਸਤਾਂ ਨੇ ਕਿਹਾ ਕਿ ਪਰਮੇਸ਼ੁਰ ਪ੍ਰਤੀ ਖਰਿਆਈ ਬਣਾਈ ਰੱਖਣ ਨਾਲ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਕੀ ਅੱਯੂਬ ਨੇ ਇਹ ਗ਼ਲਤ ਸਿੱਖਿਆ ਮੰਨ ਲਈ? ਬਿਲਕੁਲ ਵੀ ਨਹੀਂ! ਅੱਯੂਬ ਨੇ ਜ਼ੋਰ ਦਿੰਦਿਆਂ ਕਿਹਾ ਕਿ ਪਰਮੇਸ਼ੁਰ ਲਈ ਸਾਡੀ ਖਰਿਆਈ ਮਾਅਨੇ ਰੱਖਦੀ ਹੈ। ਉਸ ਨੇ ਯਹੋਵਾਹ ʼਤੇ ਪੂਰਾ ਭਰੋਸਾ ਰੱਖਦਿਆਂ ਕਿਹਾ: “ਪਰਮੇਸ਼ੁਰ ਮੇਰੀ ਖਰਿਆਈ” ਜਾਣੇਗਾ। (ਅੱਯੂਬ 31:6) ਨਾਲੇ ਅੱਯੂਬ ਨੇ ਸਾਫ਼-ਸਾਫ਼ ਦੇਖਿਆ ਕਿ ਉਸ ਦੇ ਦੋਸਤਾਂ ਦੀਆਂ ਝੂਠੀਆਂ ਗੱਲਾਂ ਕਰਕੇ ਉਸ ਦੀ ਖਰਿਆਈ ਪਰਖੀ ਗਈ। ਇਸ ਕਰਕੇ ਉਹ ਆਪਣੀ ਸਭ ਤੋਂ ਲੰਬੀ ਗੱਲ ਕਹਿਣ ਲਈ ਪ੍ਰੇਰਿਤ ਹੋਇਆ ਜਿਸ ਨੂੰ ਸੁਣ ਕੇ ਉਸ ਦੇ ਤਿੰਨੇ ਦੋਸਤਾਂ ਦੇ ਮੂੰਹ ਬੰਦ ਹੋ ਗਏ।
ਅੱਯੂਬ ਸਮਝ ਗਿਆ ਕਿ ਉਸ ਦੀ ਖਰਿਆਈ ਵਿਚ ਰੋਜ਼ਮੱਰਾ ਦੇ ਕੰਮ ਸ਼ਾਮਲ ਹਨ। ਇਸ ਲਈ ਉਸ ਨੇ ਸਮਝਾਇਆ ਕਿ ਉਸ ਨੇ ਹਰ ਗੱਲ ਵਿਚ ਆਪਣੀ ਖਰਿਆਈ ਕਿਵੇਂ ਬਰਕਰਾਰ ਰੱਖੀ। ਮਿਸਾਲ ਲਈ, ਉਹ ਹਰ ਤਰ੍ਹਾਂ ਦੀ ਮੂਰਤੀ-ਪੂਜਾ ਤੋਂ ਦੂਰ ਰਿਹਾ, ਉਹ ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਇਆ ਤੇ ਉਨ੍ਹਾਂ ਦਾ ਇੱਜ਼ਤ-ਮਾਣ ਕੀਤਾ, ਉਸ ਨੇ ਆਪਣਾ ਚਾਲ-ਚਲਣ ਸ਼ੁੱਧ ਰੱਖਿਆ, ਆਪਣੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਰੱਖਿਆ ਅਤੇ ਸਭ ਤੋਂ ਵੱਡੀ ਗੱਲ ਕਿ ਉਹ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਹੀ ਭਗਤੀ ਕਰਦਾ ਰਿਹਾ। ਇਸ ਲਈ ਅੱਯੂਬ ਪੂਰੇ ਦਿਲ ਨਾਲ ਕਹਿ ਸਕਿਆ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।”—ਅੱਯੂਬ 27:5; 31:1, 2, 9-11, 16-18, 26-28.
ਅੱਯੂਬ ਦੀ ਨਿਹਚਾ ਦੀ ਰੀਸ ਕਰੋ
ਕੀ ਤੁਹਾਡੇ ਲਈ ਵੀ ਖਰਿਆਈ ਬਣਾਈ ਰੱਖਣੀ ਉੱਨੀ ਜ਼ਰੂਰੀ ਹੈ ਜਿੰਨੀ ਅੱਯੂਬ ਲਈ ਸੀ? ਖਰਿਆਈ ਸ਼ਬਦ ਕਹਿਣਾ ਬਹੁਤ ਸੌਖਾ ਹੈ। ਪਰ ਅੱਯੂਬ ਨੇ ਦੇਖਿਆ ਕਿ ਸਾਨੂੰ ਸਿਰਫ਼ ਕਹਿਣੀ ਰਾਹੀਂ ਨਹੀਂ, ਸਗੋਂ ਆਪਣੇ ਕੰਮਾਂ ਰਾਹੀਂ ਵੀ ਆਪਣੀ ਖਰਿਆਈ ਸਾਬਤ ਕਰਨੀ ਚਾਹੀਦੀ ਹੈ। ਅਸੀਂ ਉਦੋਂ ਪਰਮੇਸ਼ੁਰ ਪ੍ਰਤੀ ਪੂਰੀ ਤਰ੍ਹਾਂ ਖਰਿਆਈ ਬਣਾਈ ਰੱਖਦੇ ਹਾਂ ਜਦੋਂ ਅਸੀਂ ਉਸ ਦਾ ਕਹਿਣਾ ਮੰਨਦੇ ਅਤੇ ਮੁਸ਼ਕਲਾਂ ਦੇ ਬਾਵਜੂਦ ਹਰ ਦਿਨ ਉਹ ਕੰਮ ਕਰਦੇ ਹਾਂ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਹਨ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਅੱਯੂਬ ਵਾਂਗ ਜ਼ਰੂਰ ਯਹੋਵਾਹ ਦਾ ਦਿਲ ਖ਼ੁਸ਼ ਕਰਾਂਗੇ ਅਤੇ ਉਸ ਦੇ ਦੁਸ਼ਮਣ ਸ਼ੈਤਾਨ ਨੂੰ ਮੂੰਹ ਤੋੜ ਜਵਾਬ ਦਿਆਂਗੇ। ਅੱਯੂਬ ਦੀ ਨਿਹਚਾ ਦੀ ਰੀਸ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ!
ਅੱਯੂਬ ਦੀ ਕਹਾਣੀ ਹਾਲੇ ਖ਼ਤਮ ਨਹੀਂ ਹੋਈ। ਉਹ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਵਿਚ ਇੰਨਾ ਰੁੱਝਾ ਹੋਇਆ ਸੀ ਕਿ ਉਹ ਪਰਮੇਸ਼ੁਰ ਦੇ ਪੱਖ ਵਿਚ ਖੜ੍ਹਨਾ ਭੁੱਲ ਗਿਆ। ਉਸ ਨੂੰ ਸੁਧਾਰ ਕਰਨ ਅਤੇ ਪਰਮੇਸ਼ੁਰ ਵਰਗਾ ਨਜ਼ਰੀਆ ਅਪਣਾਉਣ ਵਿਚ ਮਦਦ ਦੀ ਲੋੜ ਸੀ। ਨਾਲੇ ਉਹ ਹਾਲੇ ਵੀ ਦਰਦ ਅਤੇ ਸੋਗ ਦੀ ਪੀੜਾ ਝੱਲ ਰਿਹਾ ਸੀ ਤੇ ਉਸ ਨੂੰ ਸੱਚੇ ਦਿਲਾਸੇ ਦੀ ਸਖ਼ਤ ਲੋੜ ਸੀ। ਯਹੋਵਾਹ ਨਿਹਚਾ ਅਤੇ ਖਰਿਆਈ ਰੱਖਣ ਵਾਲੇ ਇਸ ਇਨਸਾਨ ਲਈ ਕੀ ਕਰੇਗਾ? ਇਸ ਲੜੀ ਦੇ ਅਗਲੇ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।
a ਕਿੰਨੀ ਅਜੀਬ ਗੱਲ ਹੈ ਕਿ ਅਲੀਫ਼ਜ਼ ਨੇ ਸੋਚਿਆ ਕਿ ਉਸ ਨੇ ਅਤੇ ਉਸ ਦੇ ਦੋਸਤਾਂ ਨੇ ਅੱਯੂਬ ਨਾਲ ਨਰਮਾਈ ਨਾਲ ਗੱਲ ਕੀਤੀ ਸੀ ਕਿਉਂਕਿ ਸ਼ਾਇਦ ਉਨ੍ਹਾਂ ਨੇ ਉਸ ਨਾਲ ਉੱਚੀ ਆਵਾਜ਼ ਵਿਚ ਗੱਲ ਨਹੀਂ ਕੀਤੀ। (ਅੱਯੂਬ 15:11) ਪਰ ਨਰਮ ਆਵਾਜ਼ ਵਿਚ ਵੀ ਬੋਲੇ ਗਏ ਸ਼ਬਦ ਵੀ ਦਿਲ ਚੀਰ ਸਕਦੇ ਹਨ।
b ਅੱਯੂਬ ਵੱਲੋਂ ਕਹੀ ਗੱਲ ਤੋਂ ਲਗਭਗ 3,000 ਸਾਲ ਬਾਅਦ ਵਿਗਿਆਨੀਆਂ ਨੇ ਇਹ ਮੰਨਿਆ ਕਿ ਧਰਤੀ ਨੂੰ ਸਥਿਰ ਰਹਿਣ ਲਈ ਕਿਸੇ ਚੀਜ਼ ਦੇ ਸਹਾਰੇ ਦੀ ਲੋੜ ਨਹੀਂ ਹੈ। ਅੱਯੂਬ ਦੇ ਸ਼ਬਦਾਂ ਦੀ ਸੱਚਾਈ ਦਾ ਸਬੂਤ ਉਦੋਂ ਮਿਲਿਆ ਜਦੋਂ ਪੁਲਾੜ ਤੋਂ ਤਸਵੀਰਾਂ ਖਿੱਚੀਆਂ ਗਈਆਂ।