“ਵਾਚਣ ਵਾਲਾ ਸਮਝ ਲਵੇ”
“ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ . . . ਪਵਿੱਤ੍ਰ ਥਾਂ ਵਿੱਚ ਖੜੀ ਵੇਖੋਗੇ . . . ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ।”—ਮੱਤੀ 24:15, 16.
1. ਲੂਕਾ 19:43, 44 ਵਿਚ ਯਿਸੂ ਦੁਆਰਾ ਦਿੱਤੀ ਗਈ ਚੇਤਾਵਨੀ ਦਾ ਕੀ ਸਿੱਟਾ ਨਿਕਲਿਆ?
ਜਦੋਂ ਸਾਨੂੰ ਆ ਰਹੀ ਕਿਸੇ ਬਿਪਤਾ ਤੋਂ ਸਚੇਤ ਕੀਤਾ ਜਾਂਦਾ ਹੈ ਤਾਂ ਅਸੀਂ ਉਸ ਬਿਪਤਾ ਤੋਂ ਬਚ ਸਕਦੇ ਹਾਂ। (ਕਹਾਉਤਾਂ 22:3) ਤਾਂ ਫਿਰ 66 ਸਾ.ਯੁ. ਵਿਚ ਰੋਮੀ ਹਮਲੇ ਤੋਂ ਬਾਅਦ ਯਰੂਸ਼ਲਮ ਵਿਚ ਮਸੀਹੀਆਂ ਦੀ ਹਾਲਤ ਦੀ ਕਲਪਨਾ ਕਰੋ। ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਸ਼ਹਿਰ ਨੂੰ ਘੇਰਿਆ ਜਾਵੇਗਾ ਅਤੇ ਨਾਸ਼ ਕੀਤਾ ਜਾਵੇਗਾ। (ਲੂਕਾ 19:43, 44) ਜ਼ਿਆਦਾਤਰ ਯਹੂਦੀਆਂ ਨੇ ਉਸ ਨੂੰ ਨਜ਼ਰਅੰਦਾਜ਼ ਕੀਤਾ। ਪਰ ਉਸ ਦੇ ਚੇਲਿਆਂ ਨੇ ਉਸ ਦੀ ਚੇਤਾਵਨੀ ਵੱਲ ਧਿਆਨ ਦਿੱਤਾ। ਨਤੀਜੇ ਵਜੋਂ, ਉਹ 70 ਸਾ.ਯੁ. ਵਿਚ ਆਈ ਬਿਪਤਾ ਤੋਂ ਬਚ ਗਏ।
2, 3. ਮੱਤੀ 24:15-21 ਵਿਚ ਦਰਜ ਯਿਸੂ ਦੀ ਭਵਿੱਖਬਾਣੀ ਵਿਚ ਸਾਨੂੰ ਕਿਉਂ ਦਿਲਚਸਪੀ ਲੈਣੀ ਚਾਹੀਦੀ ਹੈ?
2 ਇਕ ਭਵਿੱਖਬਾਣੀ ਵਿਚ ਜੋ ਸਾਡੇ ਦਿਨਾਂ ਉੱਤੇ ਵੀ ਲਾਗੂ ਹੁੰਦੀ ਹੈ, ਯਿਸੂ ਨੇ ਇਕ ਸੰਯੁਕਤ ਲੱਛਣ ਬਾਰੇ ਦੱਸਿਆ ਜਿਸ ਵਿਚ ਲੜਾਈਆਂ, ਕਾਲ, ਭੁਚਾਲ, ਮਰੀਆਂ, ਅਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਾਲੇ ਮਸੀਹੀਆਂ ਦੀ ਸਤਾਹਟ ਸ਼ਾਮਲ ਸੀ। (ਮੱਤੀ 24:4-14; ਲੂਕਾ 21:10-19) ਯਿਸੂ ਨੇ ਇਕ ਨਿਸ਼ਾਨੀ ਵੀ ਦਿੱਤੀ ਸੀ ਜਿਸ ਤੋਂ ਉਸ ਦੇ ਚੇਲੇ ਪਤਾ ਲਗਾ ਸਕਦੇ ਸਨ ਕਿ ਅੰਤ ਨੇੜੇ ਸੀ—‘ਪਵਿੱਤ੍ਰ ਥਾਂ ਵਿੱਚ ਖੜੀ ਉਜਾੜਨ ਵਾਲੀ ਘਿਣਾਉਣੀ ਚੀਜ਼।’ (ਮੱਤੀ 24:15) ਆਓ ਅਸੀਂ ਇਹ ਦੇਖਣ ਲਈ ਇਨ੍ਹਾਂ ਅਰਥਪੂਰਣ ਸ਼ਬਦਾਂ ਨੂੰ ਫਿਰ ਤੋਂ ਵਿਚਾਰੀਏ ਕਿ ਇਹ ਹੁਣ ਅਤੇ ਭਵਿੱਖ ਵਿਚ ਸਾਡੀਆਂ ਜ਼ਿੰਦਗੀਆਂ ਉੱਤੇ ਕਿਵੇਂ ਅਸਰ ਪਾ ਸਕਦੇ ਹਨ।
3 ਲੱਛਣ ਬਾਰੇ ਦੱਸਣ ਤੋਂ ਬਾਅਦ, ਯਿਸੂ ਨੇ ਕਿਹਾ: ‘ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਹ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ ਪਵਿੱਤ੍ਰ ਥਾਂ ਵਿੱਚ ਖੜੀ ਵੇਖੋਗੇ (ਵਾਚਣ ਵਾਲਾ ਸਮਝ ਲਵੇ) ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ। ਜਿਹੜਾ ਕੋਠੇ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਅਸਬਾਬ ਲੈਣ ਨੂੰ ਹੇਠਾਂ ਨਾ ਉੱਤਰੇ। ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਲੀੜੇ ਲੈਣ ਨੂੰ ਪਿਛਾਹਾਂ ਨਾ ਮੁੜੇ। ਪਰ ਹਮਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਣੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ! ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭੱਜਣਾ ਸਿਆਲ ਵਿੱਚ ਯਾ ਸਬਤ ਦੇ ਦਿਨ ਨਾ ਹੋਵੇ। ਕਿਉਂ ਜੋ ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਹੁਣ ਤੋੜੀ ਕਦੇ ਨਹੀਂ ਹੋਇਆ।’—ਮੱਤੀ 24:15-21.
4. ਕਿਹੜੀ ਚੀਜ਼ ਸੰਕੇਤ ਕਰਦੀ ਹੈ ਕਿ ਮੱਤੀ 24:15 ਦੀ ਪਹਿਲੀ ਸਦੀ ਵਿਚ ਪੂਰਤੀ ਹੋਈ ਸੀ?
4 ਮਰਕੁਸ ਅਤੇ ਲੂਕਾ ਦੇ ਬਿਰਤਾਂਤ ਹੋਰ ਕਈ ਵੇਰਵੇ ਦਿੰਦੇ ਹਨ। ਜਿੱਥੇ ਮੱਤੀ “ਪਵਿੱਤ੍ਰ ਥਾਂ ਵਿੱਚ ਖੜੀ” ਸ਼ਬਦਾਂ ਦਾ ਪ੍ਰਯੋਗ ਕਰਦਾ ਹੈ, ਉੱਥੇ ਮਰਕੁਸ 13:14 “ਜਿਸ ਥਾਂ ਨਹੀਂ ਚਾਹੀਦਾ ਉੱਥੇ ਖੜੀ” ਸ਼ਬਦਾਂ ਦਾ ਇਸਤੇਮਾਲ ਕਰਦਾ ਹੈ। ਲੂਕਾ 21:20 ਵਿਚ ਯਿਸੂ ਦੇ ਇਹ ਸ਼ਬਦ ਪਾਏ ਜਾਂਦੇ ਹਨ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ।” ਇਹ ਸਾਡੀ ਇਸ ਗੱਲ ਨੂੰ ਸਮਝਣ ਵਿਚ ਮਦਦ ਕਰਦਾ ਹੈ ਕਿ ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਰੋਮੀਆਂ ਵੱਲੋਂ ਯਰੂਸ਼ਲਮ ਅਤੇ ਉਸ ਦੀ ਹੈਕਲ—ਅਜਿਹੀ ਥਾਂ ਜੋ ਯਹੂਦੀਆਂ ਲਈ ਪਵਿੱਤਰ ਸੀ, ਪਰ ਯਹੋਵਾਹ ਲਈ ਪਵਿੱਤਰ ਨਹੀਂ ਰਹੀ ਸੀ—ਉੱਤੇ ਹਮਲਾ ਕਰਨਾ ਸ਼ਾਮਲ ਸੀ, ਜੋ 66 ਸਾ.ਯੁ. ਵਿਚ ਸ਼ੁਰੂ ਹੋਇਆ ਸੀ। ਯਰੂਸ਼ਲਮ ਉਦੋਂ ਪੂਰੀ ਤਰ੍ਹਾਂ ਨਾਲ ਉਜਾੜਿਆ ਗਿਆ ਜਦੋਂ 70 ਸਾ.ਯੁ. ਵਿਚ ਰੋਮੀਆਂ ਨੇ ਸ਼ਹਿਰ ਅਤੇ ਹੈਕਲ ਦੋਵਾਂ ਨੂੰ ਤਬਾਹ ਕਰ ਦਿੱਤਾ ਸੀ। ਉਸ ਵੇਲੇ “ਘਿਣਾਉਣੀ ਚੀਜ਼” ਕੀ ਸੀ? ਅਤੇ ਇਹ ਕਿਵੇਂ “ਪਵਿੱਤ੍ਰ ਥਾਂ ਵਿਚ ਖੜੀ” ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਆਧੁਨਿਕ ਦਿਨ ਦੀ ਪੂਰਤੀ ਨੂੰ ਸਪੱਸ਼ਟ ਕਰਨ ਵਿਚ ਸਾਡੀ ਮਦਦ ਕਰਨਗੇ।
5, 6. (ੳ) ਦਾਨੀਏਲ ਅਧਿਆਇ 9 ਦੇ ਵਾਚਣ ਵਾਲਿਆਂ ਨੂੰ ਸਮਝ ਵਰਤਣ ਦੀ ਕਿਉਂ ਲੋੜ ਸੀ? (ਅ) “ਘਿਣਾਉਣੀ ਚੀਜ਼” ਬਾਰੇ ਯਿਸੂ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ ਸੀ?
5 ਯਿਸੂ ਨੇ ਵਾਚਣ ਵਾਲਿਆਂ ਨੂੰ ਸਮਝ ਵਰਤਣ ਦੀ ਤਾਕੀਦ ਕੀਤੀ। ਕਿਸ ਚੀਜ਼ ਦੇ ਵਾਚਣ ਵਾਲੇ? ਸੰਭਵ ਤੌਰ ਤੇ ਦਾਨੀਏਲ ਅਧਿਆਇ 9 ਦੇ ਵਾਚਣ ਵਾਲੇ। ਇਸ ਅਧਿਆਇ ਵਿਚ ਅਸੀਂ ਇਕ ਭਵਿੱਖਬਾਣੀ ਬਾਰੇ ਪੜ੍ਹਦੇ ਹਾਂ ਜੋ ਮਸੀਹਾ ਦੇ ਪ੍ਰਗਟ ਹੋਣ ਦੇ ਸਮੇਂ ਦਾ ਸੰਕੇਤ ਦਿੰਦੀ ਹੈ ਅਤੇ ਪਹਿਲਾਂ ਹੀ ਦੱਸਦੀ ਹੈ ਕਿ ਉਹ ਸਾਢੇ ਤਿੰਨ ਸਾਲ ਬਾਅਦ “ਵੱਢਿਆ ਜਾਏਗਾ।” ਇਹ ਭਵਿੱਖਬਾਣੀ ਕਹਿੰਦੀ ਹੈ: “ਘਿਣਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਅਰ ਠਹਿਰਾਏ ਹੋਏ ਅੰਤ ਤੀਕਰ ਕ੍ਰੋਧ ਉੱਜੜੇ ਹੋਇਆਂ ਉੱਤੇ ਪਾਇਆ ਜਾਏਗਾ।” (ਟੇਢੇ ਟਾਈਪ ਸਾਡੇ) —ਦਾਨੀਏਲ 9:26, 27. ਦਾਨੀਏਲ 11:31; 12:11 ਵੀ ਦੇਖੋ।
6 ਯਹੂਦੀਆਂ ਨੇ ਸੋਚਿਆ ਕਿ ਇਹ ਭਵਿੱਖਬਾਣੀ ਲਗਭਗ 200 ਸਾਲ ਪਹਿਲਾਂ ਐੱਨਟੀਓਕਸ ਚੌਥੇ ਦੁਆਰਾ ਹੈਕਲ ਨੂੰ ਅਪਵਿੱਤਰ ਕਰਨ ਸਮੇਂ ਪੂਰੀ ਹੋਈ ਸੀ। ਪਰ ਯਿਸੂ ਨੇ ਸੰਕੇਤ ਕੀਤਾ ਕਿ ਉਹ ਗ਼ਲਤ ਸਨ। ਉਸ ਨੇ ਆਪਣੇ ਚੇਲਿਆਂ ਨੂੰ ਸਮਝ ਵਰਤਣ ਦੀ ਤਾਕੀਦ ਕੀਤੀ ਕਿਉਂਕਿ “ਘਿਣਾਉਣੀ ਚੀਜ਼” ਨੇ ਅਜੇ ਪ੍ਰਗਟ ਹੋਣਾ ਸੀ ਅਤੇ “ਪਵਿੱਤ੍ਰ ਥਾਂ” ਵਿਚ ਖੜ੍ਹੀ ਹੋਣਾ ਸੀ। ਇਹ ਸਪੱਸ਼ਟ ਹੈ ਕਿ ਯਿਸੂ ਰੋਮੀ ਫ਼ੌਜਾਂ ਵੱਲ ਇਸ਼ਾਰਾ ਕਰ ਰਿਹਾ ਸੀ ਜਿਨ੍ਹਾਂ ਨੇ ਨਿਖੜਵੇਂ ਝੰਡੇ ਲੈ ਕੇ 66 ਸਾ.ਯੁ. ਵਿਚ ਆਉਣਾ ਸੀ। ਲੰਮੇ ਸਮੇਂ ਤੋਂ ਵਰਤੇ ਜਾਂਦੇ ਅਜਿਹੇ ਝੰਡੇ ਅਸਲ ਵਿਚ ਮੂਰਤੀਆਂ ਸਨ ਅਤੇ ਯਹੂਦੀਆਂ ਲਈ ਘਿਣਾਉਣੇ ਸਨ।a ਪਰ ਉਨ੍ਹਾਂ ਨੇ ਕਦੋਂ ‘ਪਵਿੱਤ੍ਰ ਥਾਂ ਵਿਚ ਖੜ੍ਹੇ’ ਹੋਣਾ ਸੀ? ਉਹ ਉਦੋਂ ਪਵਿੱਤਰ ਥਾਂ ਵਿਚ ਖੜ੍ਹੇ ਹੋਏ ਜਦੋਂ ਆਪਣੇ ਝੰਡੇ ਲੈ ਕੇ ਆਈਆਂ ਰੋਮੀ ਫ਼ੌਜਾਂ ਨੇ ਯਰੂਸ਼ਲਮ ਅਤੇ ਉਸ ਦੀ ਹੈਕਲ, ਜਿਸ ਨੂੰ ਯਹੂਦੀ ਪਵਿੱਤਰ ਮੰਨਦੇ ਸਨ, ਉੱਤੇ ਹਮਲਾ ਕੀਤਾ। ਰੋਮੀਆਂ ਨੇ ਹੈਕਲ ਦੇ ਖੇਤਰ ਵਿਚਲੀ ਕੰਧ ਵਿਚ ਸੰਨ੍ਹ ਲਾਉਣੀ ਵੀ ਸ਼ੁਰੂ ਕਰ ਦਿੱਤੀ ਸੀ। ਸੱਚ-ਮੁੱਚ, ਜਿਹੜੀ ਚੀਜ਼ ਬਹੁਤ ਸਮੇਂ ਤੋਂ ਘਿਣਾਉਣੀ ਸੀ ਉਹ ਹੁਣ ਪਵਿੱਤਰ ਥਾਂ ਵਿਚ ਖੜ੍ਹੀ ਸੀ!—ਯਸਾਯਾਹ 52:1; ਮੱਤੀ 4:5; 27:53; ਰਸੂਲਾਂ ਦੇ ਕਰਤੱਬ 6:13.
ਆਧੁਨਿਕ ਦਿਨ ਦੀ “ਘਿਣਾਉਣੀ ਚੀਜ਼”
7. ਯਿਸੂ ਦੀ ਕਿਹੜੀ ਭਵਿੱਖਬਾਣੀ ਸਾਡੇ ਸਮੇਂ ਵਿਚ ਪੂਰੀ ਹੋ ਰਹੀ ਹੈ?
7 ਪਹਿਲੇ ਵਿਸ਼ਵ ਯੁੱਧ ਤੋਂ, ਅਸੀਂ ਮੱਤੀ ਅਧਿਆਇ 24 ਵਿਚ ਦਰਜ ਯਿਸੂ ਦੁਆਰਾ ਦੱਸੇ ਗਏ ਲੱਛਣ ਦੀ ਹੋਰ ਵੀ ਵੱਡੀ ਪੂਰਤੀ ਦੇਖੀ ਹੈ। ਪਰ, ਉਸ ਦੇ ਸ਼ਬਦਾਂ ਨੂੰ ਯਾਦ ਕਰੋ: “ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ . . . ਪਵਿੱਤ੍ਰ ਥਾਂ ਵਿੱਚ ਖੜੀ ਵੇਖੋਗੇ . . . ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ।” (ਮੱਤੀ 24:15, 16) ਭਵਿੱਖਬਾਣੀ ਦੇ ਇਸ ਪਹਿਲੂ ਨੇ ਸਾਡੇ ਸਮੇਂ ਵਿਚ ਵੀ ਪੂਰਾ ਹੋਣਾ ਹੈ।
8. ਕਈ ਸਾਲਾਂ ਤੋਂ ਯਹੋਵਾਹ ਦੇ ਗਵਾਹਾਂ ਨੇ ਆਧੁਨਿਕ ਸਮੇਂ ਵਿਚ “ਘਿਣਾਉਣੀ ਚੀਜ਼” ਦੀ ਪਛਾਣ ਕਿਵੇਂ ਕਰਵਾਈ ਹੈ?
8 ਇਸ ਭਵਿੱਖਬਾਣੀ ਦੇ ਪੂਰਾ ਹੋਣ ਬਾਰੇ ਯਹੋਵਾਹ ਦੇ ਸੇਵਕਾਂ ਦੇ ਵਿਸ਼ਵਾਸ ਨੂੰ ਦਿਖਾਉਂਦੇ ਹੋਏ, 1 ਜਨਵਰੀ, 1921 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਨੇ ਮੱਧ ਪੂਰਬ ਵਿਚ ਵਾਪਰ ਰਹੀਆਂ ਘਟਨਾਵਾਂ ਨਾਲ ਇਸ ਦਾ ਸੰਬੰਧ ਜੋੜਿਆ। ਬਾਅਦ ਵਿਚ, 15 ਦਸੰਬਰ, 1929 ਦੇ ਅੰਕ (ਅੰਗ੍ਰੇਜ਼ੀ) ਦੇ ਸਫ਼ੇ 374 ਵਿਚ, ਪਹਿਰਾਬੁਰਜ ਨੇ ਯਕੀਨ ਨਾਲ ਕਿਹਾ: “ਰਾਸ਼ਟਰ-ਸੰਘ ਦਾ ਰੁਝਾਨ ਲੋਕਾਂ ਨੂੰ ਪਰਮੇਸ਼ੁਰ ਅਤੇ ਮਸੀਹ ਤੋਂ ਦੂਰ ਲੈ ਜਾਣਾ ਹੈ, ਅਤੇ ਇਸ ਕਰਕੇ ਇਹ ਘਿਣਾਉਣੀ ਚੀਜ਼ ਹੈ, ਜੋ ਸ਼ਤਾਨ ਨੇ ਬਣਾਈ ਹੈ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੀ ਹੈ।” ਇਸ ਤਰ੍ਹਾਂ 1919 ਵਿਚ “ਘਿਣਾਉਣੀ ਚੀਜ਼” ਪ੍ਰਗਟ ਹੋਈ। ਸਮੇਂ ਦੇ ਬੀਤਣ ਨਾਲ, ਰਾਸ਼ਟਰ-ਸੰਘ ਤੋਂ ਬਾਅਦ ਸੰਯੁਕਤ ਰਾਸ਼ਟਰ-ਸੰਘ ਬਣਿਆ। ਯਹੋਵਾਹ ਦੇ ਗਵਾਹਾਂ ਨੇ ਲੰਮੇ ਸਮੇਂ ਤੋਂ ਇਸ ਗੱਲ ਦਾ ਪਰਦਾ-ਫਾਸ਼ ਕੀਤਾ ਹੈ ਕਿ ਮਨੁੱਖਾਂ ਦੁਆਰਾ ਬਣਾਏ ਗਏ ਇਹ ਸ਼ਾਂਤੀ ਦੇ ਸੰਗਠਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੇ ਹਨ।
9, 10. ਵੱਡੇ ਕਸ਼ਟ ਦੀ ਪੁਰਾਣੀ ਸਮਝ ਨੇ ਪਵਿੱਤਰ ਥਾਂ ਵਿਚ “ਘਿਣਾਉਣੀ ਚੀਜ਼” ਦੇ ਖੜ੍ਹੇ ਹੋਣ ਦੇ ਸਮੇਂ ਬਾਰੇ ਸਾਡੇ ਵਿਚਾਰ ਉੱਤੇ ਕਿਵੇਂ ਪ੍ਰਭਾਵ ਪਾਇਆ ਸੀ?
9 ਪਿਛਲੇ ਲੇਖ ਨੇ ਮੱਤੀ ਅਧਿਆਇ 24 ਤੇ 25 ਵਿੱਚੋਂ ਜ਼ਿਆਦਾਤਰ ਗੱਲਾਂ ਦੀ ਸਪੱਸ਼ਟ ਸਮਝ ਨੂੰ ਸੰਖੇਪ ਵਿਚ ਪੇਸ਼ ਕੀਤਾ ਸੀ। ਕੀ ‘ਪਵਿੱਤ੍ਰ ਥਾਂ ਵਿਚ ਖੜੀ ਘਿਣਾਉਣੀ ਚੀਜ਼’ ਦੇ ਸੰਬੰਧ ਵਿਚ ਵੀ ਕੁਝ ਸਪੱਸ਼ਟੀਕਰਣ ਦੀ ਜ਼ਰੂਰਤ ਹੈ? ਜੀ ਹਾਂ। ਯਿਸੂ ਦੀ ਭਵਿੱਖਬਾਣੀ ਦਿਖਾਉਂਦੀ ਹੈ ਕਿ ‘ਪਵਿੱਤ੍ਰ ਥਾਂ ਵਿਚ ਖੜੇ ਹੋਣ’ ਅਤੇ ਪਹਿਲਾਂ ਹੀ ਦੱਸੇ ਗਏ “ਕਸ਼ਟ” ਦੇ ਸ਼ੁਰੂ ਹੋਣ ਵਿਚਕਾਰ ਡੂੰਘਾ ਸੰਬੰਧ ਹੈ। ਇਸ ਲਈ, ਭਾਵੇਂ ਕਿ “ਘਿਣਾਉਣੀ ਚੀਜ਼” ਬਹੁਤ ਲੰਮੇ ਸਮੇਂ ਤੋਂ ਹੋਂਦ ਵਿਚ ਹੈ, ਪਰ ਇਸ ਦੇ ‘ਪਵਿੱਤ੍ਰ ਥਾਂ ਵਿਚ ਖੜੇ ਹੋਣ’ ਅਤੇ ਵੱਡੇ ਕਸ਼ਟ ਵਿਚਕਾਰ ਸੰਬੰਧ ਨੂੰ ਸਾਡੇ ਵਿਚਾਰ ਉੱਤੇ ਪ੍ਰਭਾਵ ਪਾਉਣਾ ਚਾਹੀਦਾ ਹੈ। ਇਹ ਕਿਵੇਂ?
10 ਇਕ ਸਮੇਂ ਪਰਮੇਸ਼ੁਰ ਦੇ ਲੋਕ ਸਮਝਦੇ ਸਨ ਕਿ ਵੱਡੇ ਕਸ਼ਟ ਦਾ ਪਹਿਲਾ ਪੜਾਅ 1914 ਵਿਚ ਸ਼ੁਰੂ ਹੋਇਆ ਸੀ ਅਤੇ ਇਸ ਦਾ ਆਖ਼ਰੀ ਪੜਾਅ ਆਰਮਾਗੇਡਨ ਦੀ ਲੜਾਈ ਵੇਲੇ ਸ਼ੁਰੂ ਹੋਵੇਗਾ। (ਪਰਕਾਸ਼ ਦੀ ਪੋਥੀ 16:14, 16. ਪਹਿਰਾਬੁਰਜ, 1 ਅਪ੍ਰੈਲ, 1939, ਸਫ਼ਾ 110 ਦੀ ਤੁਲਨਾ ਕਰੋ।) ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਇਕ ਸਮੇਂ ਇਹ ਕਿਉਂ ਸੋਚਿਆ ਜਾਂਦਾ ਸੀ ਕਿ ਆਧੁਨਿਕ ਦਿਨ ਦੀ “ਘਿਣਾਉਣੀ ਚੀਜ਼” ਪਹਿਲੇ ਵਿਸ਼ਵ ਯੁੱਧ ਤੋਂ ਜਲਦੀ ਬਾਅਦ ਪਵਿੱਤਰ ਥਾਂ ਵਿਚ ਖੜ੍ਹੀ ਹੋਈ ਹੋਣੀ।
11, 12. ਸਾਲ 1969 ਵਿਚ ਵੱਡੇ ਕਸ਼ਟ ਬਾਰੇ ਕਿਹੜਾ ਨਵਾਂ ਵਿਚਾਰ ਪੇਸ਼ ਕੀਤਾ ਗਿਆ ਸੀ?
11 ਪਰ ਬਾਅਦ ਦੇ ਸਾਲਾਂ ਵਿਚ, ਇਸ ਬਾਰੇ ਸਾਡੇ ਵਿਚਾਰ ਬਦਲੇ ਹਨ। ਵੀਰਵਾਰ, 10 ਜੁਲਾਈ, 1969 ਨੂੰ ਨਿਊਯਾਰਕ ਸਿਟੀ ਵਿਚ ਹੋਈ “ਧਰਤੀ ਉੱਤੇ ਸ਼ਾਂਤੀ” ਨਾਮਕ ਅੰਤਰ-ਰਾਸ਼ਟਰੀ ਅਸੈਂਬਲੀ ਵਿਚ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੇ ਉਸ ਸਮੇਂ ਦੇ ਉਪ-ਪ੍ਰਧਾਨ, ਐੱਫ਼. ਡਬਲਯੂ. ਫ਼੍ਰਾਂਜ਼ ਨੇ ਇਕ ਬਹੁਤ ਹੀ ਰੁਮਾਂਚਕ ਭਾਸ਼ਣ ਦਿੱਤਾ। ਯਿਸੂ ਦੀ ਭਵਿੱਖਬਾਣੀ ਦੀ ਪੁਰਾਣੀ ਸਮਝ ਦਾ ਪੁਨਰ-ਵਿਚਾਰ ਕਰਦੇ ਹੋਏ, ਭਰਾ ਫ਼੍ਰਾਂਜ਼ ਨੇ ਕਿਹਾ: “ਇਹ ਵਿਆਖਿਆ ਦਿੱਤੀ ਗਈ ਸੀ ਕਿ ‘ਵੱਡਾ ਕਸ਼ਟ’ 1914 ਸਾ.ਯੁ. ਵਿਚ ਸ਼ੁਰੂ ਹੋਇਆ ਸੀ ਅਤੇ ਇਸ ਨੂੰ ਉਦੋਂ ਪੂਰਾ ਨਹੀਂ ਹੋਣ ਦਿੱਤਾ ਗਿਆ ਸੀ, ਪਰ ਪਰਮੇਸ਼ੁਰ ਨੇ 1918 ਦੇ ਨਵੰਬਰ ਮਹੀਨੇ ਵਿਚ ਪਹਿਲੇ ਵਿਸ਼ਵ ਯੁੱਧ ਨੂੰ ਰੋਕ ਦਿੱਤਾ ਸੀ। ਉਸ ਸਮੇਂ ਤੋਂ ਪਰਮੇਸ਼ੁਰ ਚੁਣੇ ਹੋਏ ਮਸੀਹੀਆਂ ਦੇ ਮਸਹ ਕੀਤੇ ਗਏ ਬਕੀਏ ਨੂੰ ਕੰਮ ਕਰਨ ਲਈ ਸਮਾਂ ਦੇ ਰਿਹਾ ਸੀ, ਇਸ ਤੋਂ ਪਹਿਲਾਂ ਕਿ ਉਹ ਆਰਮਾਗੇਡਨ ਦੀ ਲੜਾਈ ਵਿਚ ‘ਵੱਡੇ ਕਸ਼ਟ’ ਦੇ ਆਖ਼ਰੀ ਪੜਾਅ ਨੂੰ ਸ਼ੁਰੂ ਹੋਣ ਦੇਵੇ।”
12 ਫਿਰ ਇਕ ਅਜਿਹੀ ਵਿਆਖਿਆ ਦਿੱਤੀ ਗਈ ਸੀ ਜਿਸ ਵਿਚ ਇਕ ਮਹੱਤਵਪੂਰਣ ਤਬਦੀਲੀ ਸੀ: “ਪਹਿਲੀ ਸਦੀ ਦੀਆਂ ਘਟਨਾਵਾਂ ਦੇ ਅਨੁਰੂਪ ਹੋਣ ਲਈ . . . ਇਹ ਪ੍ਰਤਿਰੂਪੀ ‘ਵੱਡਾ ਕਸ਼ਟ’ 1914 ਸਾ.ਯੁ. ਵਿਚ ਸ਼ੁਰੂ ਨਹੀਂ ਹੋਇਆ ਸੀ। ਇਸ ਦੀ ਬਜਾਇ, 1914-1918 ਵਿਚ ਯਰੂਸ਼ਲਮ ਦੇ ਆਧੁਨਿਕ ਪ੍ਰਤਿਰੂਪ ਉੱਤੇ ਜੋ ਵਾਪਰਿਆ ਸੀ, ਉਹ ਸਿਰਫ਼ ‘ਪੀੜਾਂ ਦਾ ਆਰੰਭ ਸੀ’ . . . ‘ਵੱਡਾ ਕਸ਼ਟ,’ ਜੋ ਫਿਰ ਕਦੀ ਨਹੀਂ ਵਾਪਰੇਗਾ, ਅਜੇ ਸ਼ੁਰੂ ਹੋਣਾ ਹੈ, ਕਿਉਂਕਿ ਇਸ ਦਾ ਮਤਲਬ ਹੈ ਝੂਠੇ ਧਰਮ ਦੇ ਵਿਸ਼ਵ ਸਾਮਰਾਜ (ਜਿਸ ਵਿਚ ਈਸਾਈ-ਜਗਤ ਵੀ ਸ਼ਾਮਲ ਹੈ) ਦਾ ਅੰਤ ਅਤੇ ਇਸ ਤੋਂ ਬਾਅਦ ਆਰਮਾਗੇਡਨ ਵਿਚ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਵੱਡੇ ਦਿਹਾੜੇ ਦਾ ਜੁੱਧ’ ਸ਼ੁਰੂ ਹੋਵੇਗਾ।” ਇਸ ਦਾ ਮਤਲਬ ਹੈ ਕਿ ਵੱਡੇ ਕਸ਼ਟ ਨੇ ਅਜੇ ਸ਼ੁਰੂ ਹੋਣਾ ਸੀ।
13. ਇਹ ਕਹਿਣਾ ਤਰਕਸੰਗਤ ਕਿਉਂ ਹੈ ਕਿ “ਘਿਣਾਉਣੀ ਚੀਜ਼” ਨੇ ਅਜੇ ਭਵਿੱਖ ਵਿਚ ‘ਪਵਿੱਤ੍ਰ ਥਾਂ ਵਿਚ ਖੜੀ’ ਹੋਣਾ ਹੈ?
13 ਇਹ ਗੱਲ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ “ਘਿਣਾਉਣੀ ਚੀਜ਼” ਪਵਿੱਤਰ ਥਾਂ ਵਿਚ ਕਦੋਂ ਖੜ੍ਹੀ ਹੁੰਦੀ ਹੈ। ਪਹਿਲੀ ਸਦੀ ਵਿਚ ਵਾਪਰੀਆਂ ਘਟਨਾਵਾਂ ਨੂੰ ਯਾਦ ਕਰੋ। ਰੋਮੀਆਂ ਨੇ 66 ਸਾ.ਯੁ. ਵਿਚ ਯਰੂਸ਼ਲਮ ਉੱਤੇ ਹਮਲਾ ਕੀਤਾ ਸੀ, ਪਰ ਉਹ ਅਚਾਨਕ ਪਿੱਛੇ ਹਟ ਗਏ, ਜਿਸ ਕਰਕੇ ਮਸੀਹੀ “ਸਰੀਰ” ਨੂੰ ਬਚਣ ਦਾ ਮੌਕਾ ਮਿਲਿਆ। (ਮੱਤੀ 24:22) ਇਸੇ ਤਰ੍ਹਾਂ, ਅਸੀਂ ਵੀ ਵੱਡੇ ਕਸ਼ਟ ਦੇ ਜਲਦੀ ਸ਼ੁਰੂ ਹੋਣ ਦੀ ਆਸ ਰੱਖਦੇ ਹਾਂ, ਪਰ ਪਰਮੇਸ਼ੁਰ ਦੇ ਚੁਣੇ ਹੋਇਆਂ ਲਈ ਇਸ ਦੇ ਦਿਨ ਘਟਾਏ ਜਾਣਗੇ। ਇਸ ਮੁੱਖ ਨੁਕਤੇ ਵੱਲ ਧਿਆਨ ਦਿਓ: ਪਹਿਲੀ ਸਦੀ ਵਿਚ, ‘ਪਵਿੱਤ੍ਰ ਥਾਂ ਵਿਚ ਖੜੀ ਘਿਣਾਉਣੀ ਚੀਜ਼,’ 66 ਸਾ.ਯੁ. ਵਿਚ ਜਨਰਲ ਗੈਲਸ ਦੀ ਅਗਵਾਈ ਹੇਠ ਕੀਤੇ ਗਏ ਰੋਮੀ ਹਮਲੇ ਨਾਲ ਸੰਬੰਧਿਤ ਸੀ। ਆਧੁਨਿਕ ਦਿਨ ਵਿਚ ਇਹ ਹਮਲਾ—ਵੱਡੇ ਕਸ਼ਟ ਦੀ ਸ਼ੁਰੂਆਤ—ਅਜੇ ਹੋਣਾ ਹੈ। ਇਸ ਲਈ ਇਹ ਸਪੱਸ਼ਟ ਹੈ ਕਿ “ਉਜਾੜਨ ਵਾਲੀ ਘਿਣਾਉਣੀ ਚੀਜ਼,” ਜੋ 1919 ਤੋਂ ਹੋਂਦ ਵਿਚ ਹੈ, ਨੇ ਅਜੇ ਪਵਿੱਤਰ ਥਾਂ ਵਿਚ ਖੜ੍ਹੀ ਹੋਣਾ ਹੈ।b ਇਹ ਕਿਵੇਂ ਹੋਵੇਗਾ? ਅਤੇ ਇਸ ਦਾ ਸਾਡੇ ਤੇ ਕੀ ਅਸਰ ਪੈ ਸਕਦਾ ਹੈ?
ਇਕ ਭਾਵੀ ਹਮਲਾ
14, 15. ਆਰਮਾਗੇਡਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਾਪਰਨ ਵਾਲੀਆਂ ਘਟਨਾਵਾਂ ਨੂੰ ਸਮਝਣ ਵਿਚ ਪਰਕਾਸ਼ ਦੀ ਪੋਥੀ ਅਧਿਆਇ 17 ਸਾਡੀ ਕਿਵੇਂ ਮਦਦ ਕਰਦਾ ਹੈ?
14 ਪਰਕਾਸ਼ ਦੀ ਪੋਥੀ ਝੂਠੇ ਧਰਮ ਉੱਤੇ ਇਕ ਭਾਵੀ ਮਾਰੂ ਹਮਲੇ ਦਾ ਵਰਣਨ ਕਰਦੀ ਹੈ। ਅਧਿਆਇ 17 ਵਿਚ ‘ਬਾਬੁਲ ਉਸ ਵੱਡੀ ਨਗਰੀ, ਕੰਜਰੀਆਂ ਦੀ ਮਾਂ’—ਝੂਠੇ ਧਰਮ ਦਾ ਵਿਸ਼ਵ ਸਾਮਰਾਜ—ਵਿਰੁੱਧ ਪਰਮੇਸ਼ੁਰ ਦੇ ਨਿਆਂ ਬਾਰੇ ਦੱਸਿਆ ਗਿਆ ਹੈ। ਈਸਾਈ-ਜਗਤ ਇਕ ਮੁੱਖ ਭੂਮਿਕਾ ਅਦਾ ਕਰਦਾ ਹੈ ਅਤੇ ਪਰਮੇਸ਼ੁਰ ਨਾਲ ਨੇਮ-ਬੱਧ ਰਿਸ਼ਤੇ ਵਿਚ ਹੋਣ ਦਾ ਦਾਅਵਾ ਕਰਦਾ ਹੈ। (ਯਿਰਮਿਯਾਹ 7:4 ਦੀ ਤੁਲਨਾ ਕਰੋ।) ਝੂਠੇ ਧਰਮ, ਜਿਸ ਵਿਚ ਈਸਾਈ-ਜਗਤ ਵੀ ਸ਼ਾਮਲ ਹੈ, ਨੇ ਲੰਮੇ ਸਮੇਂ ਤੋਂ “ਧਰਤੀ ਦੇ ਰਾਜਿਆਂ” ਨਾਲ ਨਾਜਾਇਜ਼ ਸੰਬੰਧ ਰੱਖੇ ਹਨ, ਪਰ ਇਹ ਸੰਬੰਧ ਉਨ੍ਹਾਂ ਧਰਮਾਂ ਦੇ ਨਾਸ਼ ਨਾਲ ਖ਼ਤਮ ਹੋ ਜਾਵੇਗਾ। (ਪਰਕਾਸ਼ ਦੀ ਪੋਥੀ 17:2, 5) ਕੌਣ ਨਾਸ਼ ਕਰੇਗਾ?
15 ਪਰਕਾਸ਼ ਦੀ ਪੋਥੀ “ਕਿਰਮਚੀ ਰੰਗ ਦੇ ਇੱਕ ਦਰਿੰਦੇ” ਬਾਰੇ ਦੱਸਦੀ ਹੈ ਜੋ ਕੁਝ ਚਿਰ ਲਈ ਰਹਿੰਦਾ ਹੈ, ਅਲੋਪ ਹੋ ਜਾਂਦਾ ਹੈ, ਅਤੇ ਫਿਰ ਵਾਪਸ ਆਉਂਦਾ ਹੈ। (ਪਰਕਾਸ਼ ਦੀ ਪੋਥੀ 17:3, 8) ਧਰਤੀ ਦੇ ਰਾਜੇ ਇਸ ਦਰਿੰਦੇ ਦਾ ਸਮਰਥਨ ਕਰਦੇ ਹਨ। ਭਵਿੱਖਬਾਣੀ ਵਿਚ ਦਿੱਤੇ ਗਏ ਵੇਰਵੇ ਸਾਡੀ ਇਹ ਪਛਾਣਨ ਵਿਚ ਮਦਦ ਕਰਦੇ ਹਨ ਕਿ ਇਹ ਲਾਖਣਿਕ ਦਰਿੰਦਾ ਇਕ ਸ਼ਾਂਤੀ ਸੰਗਠਨ ਹੈ ਜੋ 1919 ਵਿਚ ਰਾਸ਼ਟਰ-ਸੰਘ (“ਘਿਣਾਉਣੀ ਚੀਜ਼”) ਦੇ ਰੂਪ ਵਿਚ ਹੋਂਦ ਵਿਚ ਆਇਆ ਸੀ ਅਤੇ ਜਿਹੜਾ ਹੁਣ ਸੰਯੁਕਤ ਰਾਸ਼ਟਰ-ਸੰਘ ਹੈ। ਪਰਕਾਸ਼ ਦੀ ਪੋਥੀ 17:16, 17 ਦਿਖਾਉਂਦਾ ਹੈ ਕਿ ਪਰਮੇਸ਼ੁਰ ਅਜੇ ਕੁਝ ਮਨੁੱਖੀ ਰਾਜਿਆਂ, ਜੋ ਇਸ “ਦਰਿੰਦੇ” ਵਿਚ ਪ੍ਰਮੁੱਖ ਹਨ, ਦੇ ਦਿਲਾਂ ਵਿਚ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਨੂੰ ਉਜਾੜਨ ਦਾ ਵਿਚਾਰ ਪਾਵੇਗਾ। ਉਸ ਹਮਲੇ ਨਾਲ ਵੱਡਾ ਕਸ਼ਟ ਸ਼ੁਰੂ ਹੋ ਜਾਵੇਗਾ।
16. ਧਰਮ ਦੇ ਸੰਬੰਧ ਵਿਚ ਕਿਹੜੀਆਂ ਮਹੱਤਵਪੂਰਣ ਘਟਨਾਵਾਂ ਵਾਪਰ ਰਹੀਆਂ ਹਨ?
16 ਕਿਉਂਕਿ ਵੱਡਾ ਕਸ਼ਟ ਅਜੇ ਸ਼ੁਰੂ ਹੋਣਾ ਹੈ, ਕੀ ‘ਪਵਿੱਤ੍ਰ ਥਾਂ ਵਿਚ ਖੜਾ ਹੋਣਾ’ ਵੀ ਅਜੇ ਭਵਿੱਖ ਵਿਚ ਹੋਵੇਗਾ? ਜੀ ਹਾਂ। ਜਦ ਕਿ “ਘਿਣਾਉਣੀ ਚੀਜ਼” ਇਸ ਸਦੀ ਦੇ ਸ਼ੁਰੂ ਵਿਚ ਪ੍ਰਗਟ ਹੋਈ ਸੀ ਅਤੇ ਹੁਣ ਇਹ ਕਈ ਦਹਾਕਿਆਂ ਤੋਂ ਹੋਂਦ ਵਿਚ ਹੈ, ਪਰ ਇਹ ਨੇੜਲੇ ਭਵਿੱਖ ਵਿਚ “ਪਵਿੱਤ੍ਰ ਥਾਂ” ਵਿਚ ਅਨੋਖੇ ਢੰਗ ਨਾਲ ਖੜ੍ਹੀ ਹੋਵੇਗੀ। ਪਹਿਲੀ ਸਦੀ ਵਿਚ ਮਸੀਹ ਦੇ ਪੈਰੋਕਾਰਾਂ ਵਾਂਗ, ਅੱਜ ਦੇ ਮਸੀਹੀ ਵੀ ਬਹੁਤ ਧਿਆਨ ਨਾਲ ਦੇਖ ਰਹੇ ਹਨ ਕਿ ‘ਪਵਿੱਤ੍ਰ ਥਾਂ ਵਿਚ ਖੜੀ’ ਹੋਣ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਵੇਗੀ। ਇਹ ਸੱਚ ਹੈ ਕਿ ਸਾਨੂੰ ਸਾਰੇ ਵੇਰਵਿਆਂ ਨੂੰ ਜਾਣਨ ਲਈ ਭਵਿੱਖਬਾਣੀ ਦੀ ਅਸਲ ਪੂਰਤੀ ਦੀ ਉਡੀਕ ਕਰਨੀ ਪਵੇਗੀ। ਪਰ, ਇਹ ਧਿਆਨ ਦੇਣ ਯੋਗ ਹੈ ਕਿ ਕੁਝ ਦੇਸ਼ਾਂ ਵਿਚ ਧਰਮ ਪ੍ਰਤੀ ਵਧਦਾ ਵੈਰ-ਭਾਵ ਨਜ਼ਰ ਆ ਰਿਹਾ ਹੈ। ਕੁਝ ਰਾਜਨੀਤਿਕ ਅਨਸਰ, ਸੱਚੇ ਵਿਸ਼ਵਾਸ ਤੋਂ ਬੇਮੁੱਖ ਹੋਏ ਸਾਬਕਾ ਮਸੀਹੀਆਂ ਨਾਲ ਰਲ ਕੇ, ਧਰਮ ਪ੍ਰਤੀ ਅਤੇ ਖ਼ਾਸ ਕਰਕੇ ਸੱਚੇ ਮਸੀਹੀਆਂ ਪ੍ਰਤੀ ਵੈਰ-ਭਾਵ ਨੂੰ ਉਕਸਾ ਰਹੇ ਹਨ। (ਜ਼ਬੂਰ 94:20, 21; 1 ਤਿਮੋਥਿਉਸ 6:20, 21) ਸਿੱਟੇ ਵਜੋਂ, ਰਾਜਨੀਤਿਕ ਤਾਕਤਾਂ ਹੁਣ ਵੀ “ਲੇਲੇ ਦੇ ਨਾਲ ਜੁੱਧ” ਕਰਦੀਆਂ ਹਨ, ਅਤੇ ਜਿਵੇਂ ਪਰਕਾਸ਼ ਦੀ ਪੋਥੀ 17:14 ਸੰਕੇਤ ਕਰਦੀ ਹੈ, ਇਹ ਯੁੱਧ ਹੋਰ ਵੀ ਜ਼ੋਰ ਫੜੇਗਾ। ਜਦ ਕਿ ਉਹ ਪਰਮੇਸ਼ੁਰ ਦੇ ਲੇਲੇ—ਆਪਣੀ ਉੱਚੀ, ਮਹਿਮਾਵਾਨ ਪਦਵੀ ਉੱਤੇ ਬੈਠਾ ਯਿਸੂ ਮਸੀਹ—ਉੱਤੇ ਹਮਲਾ ਨਹੀਂ ਕਰ ਸਕਦੇ ਹਨ, ਪਰ ਉਹ ਪਰਮੇਸ਼ੁਰ ਦੇ ਸੱਚੇ ਉਪਾਸਕਾਂ, ਖ਼ਾਸ ਕਰਕੇ ਉਸ ਦੇ “ਸੰਤਾਂ” ਦਾ ਹੋਰ ਜ਼ਿਆਦਾ ਵਿਰੋਧ ਕਰਨਗੇ। (ਦਾਨੀਏਲ 7:25. ਰੋਮੀਆਂ 8:27; ਕੁਲੁੱਸੀਆਂ 1:2; ਪਰਕਾਸ਼ ਦੀ ਪੋਥੀ 12:17 ਦੀ ਤੁਲਨਾ ਕਰੋ।) ਪਰਮੇਸ਼ੁਰ ਸਾਨੂੰ ਭਰੋਸਾ ਦਿੰਦਾ ਹੈ ਕਿ ਲੇਲਾ ਅਤੇ ਜਿਹੜੇ ਉਸ ਦੇ ਨਾਲ ਹਨ ਜਿੱਤਣਗੇ।—ਪਰਕਾਸ਼ ਦੀ ਪੋਥੀ 19:11-21.
17. “ਘਿਣਾਉਣੀ ਚੀਜ਼” ਪਵਿੱਤਰ ਥਾਂ ਵਿਚ ਕਿਵੇਂ ਖੜ੍ਹੀ ਹੋਵੇਗੀ, ਇਸ ਬਾਰੇ ਅਸੀਂ ਹਠਧਰਮੀ ਹੋਏ ਬਿਨਾਂ ਕੀ ਕਹਿ ਸਕਦੇ ਹਾਂ?
17 ਅਸੀਂ ਜਾਣਦੇ ਹਾਂ ਕਿ ਝੂਠੇ ਧਰਮ ਦਾ ਨਾਸ਼ ਹੋਣ ਵਾਲਾ ਹੈ। ਵੱਡੀ ਬਾਬੁਲ ‘ਸੰਤਾਂ ਦੇ ਲਹੂ ਨਾਲ ਮਸਤ’ ਹੈ ਅਤੇ ਇਸ ਨੇ ਇਕ ਰਾਣੀ ਵਜੋਂ ਰਾਜ ਕੀਤਾ ਹੈ, ਪਰ ਇਸ ਦਾ ਨਾਸ਼ ਹੋਣਾ ਪੱਕਾ ਹੈ। ਇਹ ਧਰਤੀ ਦੇ ਰਾਜਿਆਂ ਉੱਤੇ ਜਿਹੜਾ ਨਾਪਾਕ ਅਖ਼ਤਿਆਰ ਰੱਖਦੀ ਆਈ ਹੈ, ਉਹ ਨਾਟਕੀ ਢੰਗ ਨਾਲ ਬਦਲ ਜਾਵੇਗਾ ਜਦੋਂ ‘ਦਸ ਸਿੰਙ ਨਾਲੇ ਦਰਿੰਦਾ’ ਉਸ ਨਾਲ ਹਿੰਸਕ ਵੈਰ ਕਰਨ ਲੱਗ ਪੈਣਗੇ। (ਪਰਕਾਸ਼ ਦੀ ਪੋਥੀ 17:6, 16; 18:7, 8) ਜਦੋਂ ‘ਕਿਰਮਚੀ ਰੰਗ ਦਾ ਦਰਿੰਦਾ’ ਧਾਰਮਿਕ ਕੰਜਰੀ ਉੱਤੇ ਹਮਲਾ ਕਰੇਗਾ, ਉਦੋਂ “ਘਿਣਾਉਣੀ ਚੀਜ਼” ਈਸਾਈ-ਜਗਤ ਦੀ ਅਖਾਉਤੀ ਪਵਿੱਤਰ ਥਾਂ ਵਿਚ ਖ਼ਤਰਨਾਕ ਤਰੀਕੇ ਨਾਲ ਖੜ੍ਹੀ ਹੋਵੇਗੀ।c ਇਸ ਤਰ੍ਹਾਂ, ਬੇਵਫ਼ਾ ਈਸਾਈ-ਜਗਤ, ਜੋ ਆਪਣੇ ਆਪ ਨੂੰ ਧਰਮੀ ਕਹਿੰਦਾ ਹੈ, ਦਾ ਉਜੜਨਾ ਸ਼ੁਰੂ ਹੋ ਜਾਵੇਗਾ।
‘ਭੱਜਣਾ’—ਕਿਵੇਂ?
18, 19. ਇਹ ਦਿਖਾਉਣ ਲਈ ਕਿਹੜੇ ਕਾਰਨ ਦਿੱਤੇ ਗਏ ਹਨ ਕਿ “ਪਹਾੜਾਂ ਉੱਤੇ ਭੱਜ ਜਾਣ” ਦਾ ਅਰਥ ਧਰਮ ਬਦਲਣਾ ਨਹੀਂ ਹੋਵੇਗਾ?
18 ‘ਘਿਣਾਉਣੀ ਚੀਜ਼ ਦੇ ਪਵਿੱਤ੍ਰ ਥਾਂ ਵਿੱਚ ਖੜੀ ਹੋਣ’ ਬਾਰੇ ਭਵਿੱਖਬਾਣੀ ਕਰਨ ਤੋਂ ਬਾਅਦ, ਯਿਸੂ ਨੇ ਸਮਝਦਾਰ ਵਿਅਕਤੀਆਂ ਨੂੰ ਕਦਮ ਚੁੱਕਣ ਲਈ ਚੇਤਾਵਨੀ ਦਿੱਤੀ। ਕੀ ਉਸ ਦਾ ਕਹਿਣ ਦਾ ਇਹ ਮਤਲਬ ਸੀ ਕਿ ਉਸ ਸਮੇਂ—ਜਦੋਂ “ਘਿਣਾਉਣੀ ਚੀਜ਼ . . . ਪਵਿੱਤ੍ਰ ਥਾਂ ਵਿੱਚ ਖੜੀ” ਹੋਵੇਗੀ—ਬਹੁਤ ਸਾਰੇ ਲੋਕ ਝੂਠੇ ਧਰਮ ਤੋਂ ਭੱਜ ਕੇ ਸੱਚੀ ਉਪਾਸਨਾ ਕਰਨੀ ਸ਼ੁਰੂ ਕਰ ਦੇਣਗੇ? ਨਹੀਂ। ਜ਼ਰਾ ਪਹਿਲੀ ਪੂਰਤੀ ਉੱਤੇ ਵਿਚਾਰ ਕਰੋ। ਯਿਸੂ ਨੇ ਕਿਹਾ: “ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ। ਅਤੇ ਜਿਹੜਾ ਕੋਠੇ ਉੱਤੇ ਹੋਵੇ ਹਿਠਾਹਾਂ ਨਾ ਉੱਤਰੇ ਅਤੇ ਆਪਣੇ ਘਰੋਂ ਕੁਝ ਕੱਢ ਲੈ ਜਾਣ ਲਈ ਅੰਦਰ ਨਾ ਵੜੇ, ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ। ਅਤੇ ਹਮਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਣੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ! ਪਰ ਤੁਸੀਂ ਪ੍ਰਾਰਥਨਾ ਕਰੋ ਜੋ ਇਹ ਸਿਆਲ ਵਿੱਚ ਨਾ ਹੋਵੇ।” (ਟੇਢੇ ਟਾਈਪ ਸਾਡੇ।)—ਮਰਕੁਸ 13:14-18.
19 ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਜਿਹੜੇ ਯਰੂਸ਼ਲਮ ਵਿਚ ਸਨ ਸਿਰਫ਼ ਉਨ੍ਹਾਂ ਨੂੰ ਹੀ ਭੱਜਣ ਦੀ ਲੋੜ ਸੀ, ਮਾਨੋ ਉਸ ਦੇ ਕਹਿਣ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਯਹੂਦੀ ਉਪਾਸਨਾ ਦੇ ਕੇਂਦਰ ਵਿੱਚੋਂ ਨਿਕਲਣ ਦੀ ਲੋੜ ਸੀ; ਨਾ ਹੀ ਉਸ ਨੇ ਆਪਣੀ ਚੇਤਾਵਨੀ ਵਿਚ ਧਰਮ ਬਦਲਣ—ਝੂਠੇ ਧਰਮ ਤੋਂ ਭੱਜ ਕੇ ਸੱਚੇ ਧਰਮ ਨੂੰ ਅਪਣਾਉਣ—ਬਾਰੇ ਕੋਈ ਜ਼ਿਕਰ ਕੀਤਾ ਸੀ। ਯਿਸੂ ਦੇ ਚੇਲਿਆਂ ਨੂੰ ਇਕ ਧਰਮ ਨੂੰ ਛੱਡ ਕੇ ਦੂਜੇ ਧਰਮ ਨੂੰ ਅਪਣਾਉਣ ਵਾਸਤੇ ਚੇਤਾਵਨੀ ਦੇਣ ਦੀ ਯਕੀਨਨ ਕੋਈ ਲੋੜ ਨਹੀਂ ਸੀ, ਕਿਉਂਕਿ ਉਹ ਪਹਿਲਾਂ ਹੀ ਸੱਚੇ ਮਸੀਹੀ ਬਣ ਚੁੱਕੇ ਸਨ। ਅਤੇ 66 ਸਾ.ਯੁ. ਦੇ ਹਮਲੇ ਨੇ ਯਰੂਸ਼ਲਮ ਅਤੇ ਯਹੂਦਿਯਾ ਵਿਚ ਯਹੂਦੀ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਆਪਣੇ ਧਰਮ ਨੂੰ ਛੱਡ ਕੇ ਮਸੀਹੀਅਤ ਨੂੰ ਅਪਣਾਉਣ ਲਈ ਪ੍ਰੇਰਿਤ ਨਹੀਂ ਕੀਤਾ ਸੀ। ਪ੍ਰੋਫ਼ੈਸਰ ਹਾਇਨਰਿਖ਼ ਗ੍ਰੈੱਟਸ ਕਹਿੰਦਾ ਹੈ ਕਿ ਜਿਨ੍ਹਾਂ ਯਹੂਦੀਆਂ ਨੇ ਭੱਜ ਰਹੇ ਰੋਮੀਆਂ ਦਾ ਪਿੱਛਾ ਕੀਤਾ ਸੀ ਉਹ ਸ਼ਹਿਰ ਵਿਚ ਵਾਪਸ ਆਏ: “ਯਹੂਦੀ ਰਾਸ਼ਟਰਵਾਦੀ ਖ਼ੁਸ਼ੀ ਵਿਚ ਲੜਾਈ ਦੇ ਗੀਤ ਗਾਉਂਦੇ ਹੋਏ ਯਰੂਸ਼ਲਮ ਨੂੰ ਵਾਪਸ ਆਏ (8 ਅਕਤੂਬਰ), ਉਨ੍ਹਾਂ ਦੇ ਦਿਲਾਂ ਵਿਚ ਮੁਕਤੀ ਅਤੇ ਆਜ਼ਾਦੀ ਦੀ ਖ਼ੁਸ਼ੀ ਭਰੀ ਆਸ਼ਾ ਸੀ। . . . ਕੀ ਪਰਮੇਸ਼ੁਰ ਨੇ ਉਨ੍ਹਾਂ ਦੀ ਦਇਆਪੂਰਵਕ ਸਹਾਇਤਾ ਨਹੀਂ ਕੀਤੀ ਸੀ ਜਿਵੇਂ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਦੀ ਕੀਤੀ ਸੀ? ਉਨ੍ਹਾਂ ਰਾਸ਼ਟਰਵਾਦੀਆਂ ਦੇ ਦਿਲਾਂ ਵਿਚ ਭਵਿੱਖ ਲਈ ਕੋਈ ਡਰ ਨਹੀਂ ਸੀ।”
20. ਪਹਿਲੀ ਸਦੀ ਵਿਚ ਚੇਲਿਆਂ ਨੇ ਪਹਾੜਾਂ ਉੱਤੇ ਭੱਜ ਜਾਣ ਦੀ ਯਿਸੂ ਦੀ ਚੇਤਾਵਨੀ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਈ ਸੀ?
20 ਤਾਂ ਫਿਰ, ਉਸ ਸਮੇਂ ਤੁਲਨਾਤਮਕ ਤੌਰ ਤੇ ਗਿਣਤੀ ਵਿਚ ਘੱਟ ਚੁਣੇ ਹੋਏ ਵਿਅਕਤੀਆਂ ਨੇ ਯਿਸੂ ਦੀ ਸਲਾਹ ਨੂੰ ਕਿਵੇਂ ਮੰਨਿਆ? ਯਹੂਦਿਯਾ ਨੂੰ ਛੱਡ ਕੇ ਯਰਦਨ ਦੇ ਪਾਰ ਪਹਾੜਾਂ ਨੂੰ ਭੱਜਣ ਦੁਆਰਾ ਉਨ੍ਹਾਂ ਨੇ ਦਿਖਾਇਆ ਕਿ ਰਾਜਨੀਤਿਕ ਜਾਂ ਧਾਰਮਿਕ ਤੌਰ ਤੇ ਯਹੂਦੀ ਰੀਤੀ-ਵਿਵਸਥਾ ਵਿਚ ਉਨ੍ਹਾਂ ਦਾ ਕੋਈ ਹਿੱਸਾ ਨਹੀਂ ਸੀ। ਉਨ੍ਹਾਂ ਨੇ ਆਪਣੇ ਖੇਤ ਅਤੇ ਘਰ ਛੱਡ ਦਿੱਤੇ, ਤੇ ਉਨ੍ਹਾਂ ਨੇ ਆਪਣੇ ਘਰਾਂ ਵਿੱਚੋਂ ਆਪਣਾ ਸਾਮਾਨ ਵੀ ਨਹੀਂ ਲਿਆ। ਯਹੋਵਾਹ ਦੀ ਰਾਖੀ ਅਤੇ ਸਹਾਰੇ ਉੱਤੇ ਭਰੋਸਾ ਰੱਖ ਕੇ, ਉਨ੍ਹਾਂ ਨੇ ਉਸ ਦੀ ਉਪਾਸਨਾ ਨੂੰ ਮਹੱਤਵਪੂਰਣ ਜਾਪਣ ਵਾਲੀਆਂ ਹੋਰ ਚੀਜ਼ਾਂ ਨਾਲੋਂ ਪਹਿਲਾਂ ਰੱਖਿਆ।—ਮਰਕੁਸ 10:29, 30; ਲੂਕਾ 9:57-62.
21. ਜਦੋਂ “ਘਿਣਾਉਣੀ ਚੀਜ਼” ਹਮਲਾ ਕਰੇਗੀ, ਤਾਂ ਸਾਨੂੰ ਕਿਸ ਚੀਜ਼ ਦੀ ਆਸ ਰੱਖਣ ਦੀ ਲੋੜ ਨਹੀਂ ਹੈ?
21 ਹੁਣ ਇਸ ਦੀ ਵੱਡੀ ਪੂਰਤੀ ਉੱਤੇ ਵਿਚਾਰ ਕਰੋ। ਅਸੀਂ ਕਈ ਦਹਾਕਿਆਂ ਤੋਂ ਲੋਕਾਂ ਨੂੰ ਝੂਠਾ ਧਰਮ ਛੱਡ ਕੇ ਸੱਚੀ ਉਪਾਸਨਾ ਕਰਨ ਲਈ ਤਾਕੀਦ ਕਰਦੇ ਆਏ ਹਾਂ। (ਪਰਕਾਸ਼ ਦੀ ਪੋਥੀ 18:4, 5) ਲੱਖਾਂ ਲੋਕਾਂ ਨੇ ਇਸ ਤਰ੍ਹਾਂ ਕੀਤਾ ਹੈ। ਯਿਸੂ ਦੀ ਭਵਿੱਖਬਾਣੀ ਇਹ ਸੰਕੇਤ ਨਹੀਂ ਕਰਦੀ ਹੈ ਕਿ ਜਦੋਂ “ਵੱਡਾ ਕਸ਼ਟ” ਸ਼ੁਰੂ ਹੋ ਜਾਵੇਗਾ, ਤਾਂ ਭੀੜਾਂ ਦੀਆਂ ਭੀੜਾਂ ਸੱਚੀ ਉਪਾਸਨਾ ਕਰਨ ਲੱਗ ਪੈਣਗੀਆਂ; ਨਿਰਸੰਦੇਹ 66 ਸਾ.ਯੁ. ਵਿਚ ਵੱਡੇ ਪੈਮਾਨੇ ਤੇ ਯਹੂਦੀਆਂ ਵਿਚ ਧਰਮ-ਪਰਿਵਰਤਨ ਨਹੀਂ ਹੋਇਆ ਸੀ। ਪਰ, ਸੱਚੇ ਮਸੀਹੀਆਂ ਨੂੰ ਯਿਸੂ ਦੀ ਸਲਾਹ ਉੱਤੇ ਚੱਲਣ ਅਤੇ ਭੱਜਣ ਲਈ ਬਹੁਤ ਪ੍ਰੇਰਣਾ ਮਿਲੇਗੀ।
22. ਪਹਾੜਾਂ ਉੱਤੇ ਭੱਜਣ ਦੀ ਯਿਸੂ ਦੀ ਸਲਾਹ ਲਾਗੂ ਕਰਨ ਵਿਚ ਕੀ ਕੁਝ ਸ਼ਾਮਲ ਹੋ ਸਕਦਾ ਹੈ?
22 ਸਾਡੇ ਕੋਲ ਇਸ ਵੇਲੇ ਵੱਡੇ ਕਸ਼ਟ ਸੰਬੰਧੀ ਪੂਰੇ ਵੇਰਵੇ ਨਹੀਂ ਹਨ, ਪਰ ਯਿਸੂ ਨੇ ਭੱਜਣ ਦੀ ਜਿਹੜੀ ਗੱਲ ਕਹੀ ਸੀ, ਉਸ ਸੰਬੰਧ ਵਿਚ ਅਸੀਂ ਤਰਕਸੰਗਤ ਢੰਗ ਨਾਲ ਸਿੱਟਾ ਕੱਢ ਸਕਦੇ ਹਾਂ ਕਿ ਅਸੀਂ ਸੱਚ-ਮੁੱਚ ਇਕ ਥਾਂ ਤੋਂ ਦੂਜੀ ਥਾਂ ਤੇ ਨਹੀਂ ਭੱਜਾਂਗੇ। ਪਰਮੇਸ਼ੁਰ ਦੇ ਲੋਕ ਪਹਿਲਾਂ ਹੀ ਪੂਰੀ ਦੁਨੀਆਂ ਵਿਚ ਮੌਜੂਦ ਹਨ, ਅਸਲ ਵਿਚ ਧਰਤੀ ਦੇ ਹਰ ਕੋਨੇ ਵਿਚ। ਪਰ ਅਸੀਂ ਯਕੀਨੀ ਹੋ ਸਕਦੇ ਹਾਂ ਕਿ ਜਦੋਂ ਭੱਜਣਾ ਜ਼ਰੂਰੀ ਹੋਵੇਗਾ, ਉਦੋਂ ਮਸੀਹੀਆਂ ਨੂੰ ਆਪਣੇ ਅਤੇ ਝੂਠੇ ਧਾਰਮਿਕ ਸੰਗਠਨਾਂ ਵਿਚ ਸਪੱਸ਼ਟ ਭਿੰਨਤਾ ਬਣਾਈ ਰੱਖਣੀ ਪਵੇਗੀ। ਇਹ ਵੀ ਮਹੱਤਵਪੂਰਣ ਹੈ ਕਿ ਯਿਸੂ ਨੇ ਮਸੀਹੀਆਂ ਨੂੰ ਆਪਣੇ ਘਰ ਜਾ ਕੇ ਕੱਪੜੇ ਜਾਂ ਦੂਸਰੀਆਂ ਚੀਜ਼ਾਂ ਇਕੱਠੀਆਂ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ। (ਮੱਤੀ 24:17, 18) ਇਸ ਲਈ ਭਵਿੱਖ ਵਿਚ, ਅਸੀਂ ਸ਼ਾਇਦ ਭੌਤਿਕ ਚੀਜ਼ਾਂ ਪ੍ਰਤੀ ਆਪਣੇ ਨਜ਼ਰੀਏ ਦੇ ਸੰਬੰਧ ਵਿਚ ਪਰਤਾਏ ਜਾਈਏ; ਕੀ ਭੌਤਿਕ ਚੀਜ਼ਾਂ ਬਹੁਤ ਮਹੱਤਵਪੂਰਣ ਹਨ, ਜਾਂ ਕੀ ਮੁਕਤੀ ਜ਼ਿਆਦਾ ਮਹੱਤਵਪੂਰਣ ਹੈ ਜੋ ਪਰਮੇਸ਼ੁਰ ਦੇ ਪੱਖ ਵਿਚ ਖੜ੍ਹੇ ਹੋਣ ਵਾਲੇ ਸਾਰੇ ਲੋਕਾਂ ਨੂੰ ਮਿਲੇਗੀ? ਜੀ ਹਾਂ, ਸਾਡੇ ਭੱਜਣ ਵਿਚ ਸ਼ਾਇਦ ਕੁਝ ਮੁਸ਼ਕਲਾਂ ਜਾਂ ਤੰਗੀਆਂ ਸ਼ਾਮਲ ਹੋਣ। ਸਾਨੂੰ ਲੋੜੀਂਦੇ ਕਦਮ ਚੁੱਕਣ ਲਈ ਤਿਆਰ ਰਹਿਣਾ ਪਵੇਗਾ, ਜਿਵੇਂ ਪਹਿਲੀ ਸਦੀ ਦੇ ਮਸੀਹੀਆਂ ਨੇ ਕੀਤਾ ਸੀ ਜੋ ਯਹੂਦਿਯਾ ਨੂੰ ਛੱਡ ਕੇ ਯਰਦਨ ਤੋਂ ਪਾਰ ਪੀਰਿਆ ਨੂੰ ਭੱਜ ਗਏ ਸਨ।
23, 24. (ੳ) ਸਾਨੂੰ ਸਿਰਫ਼ ਕਿੱਥੇ ਸੁਰੱਖਿਆ ਮਿਲ ਸਕਦੀ ਹੈ? (ਅ) ‘ਪਵਿੱਤ੍ਰ ਥਾਂ ਵਿਚ ਖੜੀ ਘਿਣਾਉਣੀ ਚੀਜ਼’ ਬਾਰੇ ਯਿਸੂ ਦੀ ਚੇਤਾਵਨੀ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?
23 ਸਾਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੀ ਅਤੇ ਉਸ ਦੇ ਪਹਾੜ-ਸਮਾਨ ਸੰਗਠਨ ਦੀ ਸ਼ਰਨ ਵਿਚ ਰਹਾਂਗੇ। (2 ਸਮੂਏਲ 22:2, 3; ਜ਼ਬੂਰ 18:2; ਦਾਨੀਏਲ 2:35, 44) ਇੱਥੇ ਹੀ ਸਾਨੂੰ ਸੁਰੱਖਿਆ ਮਿਲੇਗੀ, ਅਤੇ ਅਸੀਂ ਉਨ੍ਹਾਂ ਲੋਕਾਂ ਦੀਆਂ ਭੀੜਾਂ ਦੀ ਰੀਸ ਨਹੀਂ ਕਰਾਂਗੇ ਜੋ “ਗੁਫਾਂ ਵਿੱਚ ਅਤੇ ਪਹਾੜਾਂ ਦੀਆਂ ਚਟਾਨਾਂ,” ਅਰਥਾਤ ਮਨੁੱਖੀ ਸੰਗਠਨ ਅਤੇ ਸੰਸਥਾਵਾਂ ਵੱਲ ਭੱਜਣਗੇ ਅਤੇ ਉਨ੍ਹਾਂ ਵਿਚ ਲੁਕ ਜਾਣਗੇ, ਜੋ ਸ਼ਾਇਦ ਵੱਡੀ ਬਾਬੁਲ ਦੇ ਉਜੜਨ ਤੋਂ ਬਾਅਦ ਬਹੁਤ ਥੋੜ੍ਹੀ ਦੇਰ ਲਈ ਰਹਿਣ। (ਪਰਕਾਸ਼ ਦੀ ਪੋਥੀ 6:15; 18:9-11) ਇਹ ਸੱਚ ਹੈ ਕਿ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ—ਜਿਵੇਂ 66 ਸਾ.ਯੁ. ਵਿਚ ਗਰਭਵਤੀ ਔਰਤਾਂ ਲਈ ਹਾਲਾਤ ਔਖੇ ਸਨ ਜਿਨ੍ਹਾਂ ਨੂੰ ਯਰੂਸ਼ਲਮ ਵਿੱਚੋਂ ਭੱਜਣਾ ਪਿਆ ਸੀ ਜਾਂ ਹਰ ਉਸ ਵਿਅਕਤੀ ਲਈ ਜਿਸ ਨੂੰ ਠੰਢ ਦੇ ਬਰਸਾਤੀ ਮੌਸਮ ਵਿਚ ਸਫ਼ਰ ਕਰਨਾ ਪਿਆ ਸੀ। ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਡਾ ਬਚਾਅ ਕਰੇਗਾ। ਆਓ ਅਸੀਂ ਹੁਣ ਵੀ ਯਹੋਵਾਹ ਅਤੇ ਉਸ ਦੇ ਪੁੱਤਰ, ਜੋ ਰਾਜ ਦੇ ਰਾਜੇ ਵਜੋਂ ਸ਼ਾਸਨ ਕਰ ਰਿਹਾ ਹੈ, ਉੱਤੇ ਆਪਣੇ ਭਰੋਸੇ ਨੂੰ ਮਜ਼ਬੂਤ ਕਰੀਏ।
24 ਸਾਨੂੰ ਵਾਪਰਨ ਵਾਲੀਆਂ ਘਟਨਾਵਾਂ ਤੋਂ ਡਰ ਕੇ ਜੀਉਣ ਦੀ ਲੋੜ ਨਹੀਂ ਹੈ। ਯਿਸੂ ਨੇ ਨਹੀਂ ਚਾਹਿਆ ਸੀ ਕਿ ਉਸ ਦੇ ਪਹਿਲੀ ਸਦੀ ਦੇ ਚੇਲੇ ਡਰ ਜਾਣ, ਅਤੇ ਉਹ ਨਹੀਂ ਚਾਹੁੰਦਾ ਹੈ ਕਿ ਅਸੀਂ ਹੁਣ ਜਾਂ ਆਉਣ ਵਾਲੇ ਦਿਨਾਂ ਵਿਚ ਡਰ ਜਾਈਏ। ਉਸ ਨੇ ਸਾਨੂੰ ਸਚੇਤ ਕੀਤਾ ਤਾਂਕਿ ਅਸੀਂ ਆਪਣੇ ਦਿਲਾਂ-ਦਿਮਾਗਾਂ ਨੂੰ ਤਿਆਰ ਕਰ ਸਕੀਏ। ਆਖ਼ਰਕਾਰ, ਆਗਿਆਕਾਰੀ ਮਸੀਹੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਜਦੋਂ ਝੂਠੇ ਧਰਮ ਅਤੇ ਬਾਕੀ ਦੀ ਦੁਸ਼ਟ ਰੀਤੀ-ਵਿਵਸਥਾ ਦਾ ਨਾਸ਼ ਹੋਵੇਗਾ। ਉਹ ਸਮਝਦਾਰ ਹੋਣਗੇ ਅਤੇ ‘ਪਵਿੱਤ੍ਰ ਥਾਂ ਵਿਚ ਖੜੀ ਘਿਣਾਉਣੀ ਚੀਜ਼’ ਬਾਰੇ ਚੇਤਾਵਨੀ ਵੱਲ ਧਿਆਨ ਦੇਣਗੇ। ਅਤੇ ਉਹ ਆਪਣੀ ਅਡੋਲ ਨਿਹਚਾ ਕਰਕੇ ਨਿਰਣਾਇਕ ਢੰਗ ਨਾਲ ਕਦਮ ਚੁੱਕਣਗੇ। ਆਓ ਅਸੀਂ ਯਿਸੂ ਦੇ ਵਾਅਦੇ ਨੂੰ ਕਦੀ ਨਾ ਭੁੱਲੀਏ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।”—ਮਰਕੁਸ 13:13.
[ਫੁਟਨੋਟ]
a “ਰੋਮ ਦੇ ਮੰਦਰਾਂ ਵਿਚ ਰੋਮੀ ਝੰਡਿਆਂ ਦੀ ਸ਼ਰਧਾ ਨਾਲ ਰਾਖੀ ਕੀਤੀ ਜਾਂਦੀ ਸੀ; ਅਤੇ ਜਿਉਂ-ਜਿਉਂ ਇਹ ਰੋਮੀ ਦੂਸਰੀਆਂ ਕੌਮਾਂ ਉੱਤੇ ਜਿੱਤ ਪ੍ਰਾਪਤ ਕਰਦੇ ਗਏ, ਤਿਉਂ-ਤਿਉਂ ਇਨ੍ਹਾਂ ਝੰਡਿਆਂ ਪ੍ਰਤੀ ਉਨ੍ਹਾਂ ਦੀ ਸ਼ਰਧਾ ਵਧਦੀ ਗਈ . . . [ਫ਼ੌਜੀਆਂ ਲਈ ਇਹ] ਸ਼ਾਇਦ ਧਰਤੀ ਉੱਤੇ ਸਭ ਤੋਂ ਪਵਿੱਤਰ ਚੀਜ਼ ਸੀ। ਰੋਮੀ ਫ਼ੌਜੀ ਆਪਣੇ ਝੰਡੇ ਦੀ ਸਹੁੰ ਖਾਂਦੇ ਸਨ।”—ਦੀ ਐਨਸਾਈਕਲੋਪੀਡੀਆ ਬ੍ਰਿਟੈਨਿਕਾ, 11ਵਾਂ ਸੰਸਕਰਣ।
b ਇਸ ਗੱਲ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਭਾਵੇਂ 66-70 ਸਾ.ਯੁ. ਵਿਚ ਯਿਸੂ ਦੇ ਸ਼ਬਦਾਂ ਦੀ ਪੂਰਤੀ ਸਾਡੀ ਇਸ ਗੱਲ ਨੂੰ ਸਮਝਣ ਵਿਚ ਮਦਦ ਕਰਦੀ ਹੈ ਕਿ ਇਹ ਸ਼ਬਦ ਵੱਡੇ ਕਸ਼ਟ ਵੇਲੇ ਕਿਵੇਂ ਪੂਰੇ ਹੋਣਗੇ, ਪਰ ਦੋਵੇਂ ਪੂਰਤੀਆਂ ਵਿਚ ਘਟਨਾਵਾਂ ਬਿਲਕੁਲ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ ਕਿਉਂਕਿ ਦੋਵੇਂ ਪੂਰਤੀਆਂ ਦੇ ਹਾਲਾਤ ਵੱਖਰੇ ਹਨ।
c ਪਹਿਰਾਬੁਰਜ, 15 ਦਸੰਬਰ, 1975, ਸਫ਼ੇ 741-4 ਦੇਖੋ।
ਕੀ ਤੁਹਾਨੂੰ ਯਾਦ ਹੈ?
◻ “ਉਜਾੜਨ ਵਾਲੀ ਘਿਣਾਉਣੀ ਚੀਜ਼” ਨੇ ਪਹਿਲੀ ਸਦੀ ਵਿਚ ਆਪਣੇ ਆਪ ਨੂੰ ਕਿਵੇਂ ਪ੍ਰਗਟ ਕੀਤਾ ਸੀ?
◻ ਇਹ ਸੋਚਣਾ ਤਰਕਸੰਗਤ ਕਿਉਂ ਹੈ ਕਿ ਆਧੁਨਿਕ ਦਿਨ ਦੀ “ਘਿਣਾਉਣੀ ਚੀਜ਼” ਭਵਿੱਖ ਵਿਚ ਪਵਿੱਤਰ ਥਾਂ ਵਿਚ ਖੜ੍ਹੀ ਹੋਵੇਗੀ?
◻ ਪਰਕਾਸ਼ ਦੀ ਪੋਥੀ ਵਿਚ “ਘਿਣਾਉਣੀ ਚੀਜ਼” ਦੁਆਰਾ ਕਿਹੜੇ ਹਮਲੇ ਬਾਰੇ ਭਵਿੱਖਬਾਣੀ ਕੀਤੀ ਗਈ ਹੈ?
◻ ਸਾਨੂੰ ਭਵਿੱਖ ਵਿਚ ਸ਼ਾਇਦ ਕਿਸ ਤਰ੍ਹਾਂ ‘ਭੱਜਣ’ ਦੀ ਲੋੜ ਪਵੇਗੀ?
[ਸਫ਼ੇ 16 ਉੱਤੇ ਤਸਵੀਰ]
ਵੱਡੀ ਬਾਬੁਲ ਨੂੰ ‘ਕੰਜਰੀਆਂ ਦੀ ਮਾਂ’ ਕਿਹਾ ਗਿਆ ਹੈ
[ਸਫ਼ੇ 17 ਉੱਤੇ ਤਸਵੀਰ]
ਪਰਕਾਸ਼ ਦੀ ਪੋਥੀ ਦੇ ਅਧਿਆਇ 17 ਵਿਚ ਕਿਰਮਚੀ ਰੰਗ ਦਾ ਦਰਿੰਦਾ ਯਿਸੂ ਦੁਆਰਾ ਦੱਸੀ ਗਈ “ਘਿਣਾਉਣੀ ਚੀਜ਼” ਹੈ
[ਸਫ਼ੇ 18 ਉੱਤੇ ਤਸਵੀਰ]
ਦਰਿੰਦੇ ਦੀ ਅਗਵਾਈ ਹੇਠ, ਧਰਮ ਉਤੇ ਮਾਰੂ ਹਮਲਾ ਕੀਤਾ ਜਾਵੇਗਾ