1.5
ਮਸੀਹੀ ਯੂਨਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ
ਬਾਈਬਲ ਦੇ ਵਿਦਵਾਨ ਮੰਨਦੇ ਹਨ ਕਿ ਇਬਰਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਤਕਰੀਬਨ 7,000 ਵਾਰ ਪਾਇਆ ਜਾਂਦਾ ਹੈ ਜੋ ਚਾਰ ਇਬਰਾਨੀ ਅੱਖਰਾਂ (יהוה) ਵਿਚ ਲਿਖਿਆ ਜਾਂਦਾ ਸੀ। ਪਰ ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਇਹ ਨਾਂ ਮੁਢਲੀਆਂ ਯੂਨਾਨੀ ਲਿਖਤਾਂ ਵਿਚ ਨਹੀਂ ਸੀ। ਇਸ ਕਰਕੇ ਅੱਜ ਨਵੇਂ ਨੇਮ ਦਾ ਅਨੁਵਾਦ ਕਰਨ ਵੇਲੇ ਜ਼ਿਆਦਾਤਰ ਬਾਈਬਲਾਂ ਵਿਚ ਯਹੋਵਾਹ ਦਾ ਨਾਂ ਇਸਤੇਮਾਲ ਨਹੀਂ ਕੀਤਾ ਜਾਂਦਾ। ਜ਼ਿਆਦਾਤਰ ਅਨੁਵਾਦਕ ਇਬਰਾਨੀ ਲਿਖਤਾਂ ਵਿੱਚੋਂ ਹਵਾਲਿਆਂ ਦਾ ਅਨੁਵਾਦ ਕਰਨ ਵੇਲੇ ਵੀ ਪਰਮੇਸ਼ੁਰ ਦੇ ਨਾਂ ਦੀ ਜਗ੍ਹਾ “ਪ੍ਰਭੂ” ਇਸਤੇਮਾਲ ਕਰਦੇ ਹਨ।
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਵਿਚ ਇਸ ਤਰ੍ਹਾਂ ਨਹੀਂ ਕੀਤਾ ਗਿਆ ਹੈ। ਇਸ ਬਾਈਬਲ ਦੀਆਂ ਯੂਨਾਨੀ ਲਿਖਤਾਂ ਵਿਚ ਯਹੋਵਾਹ ਦਾ ਨਾਂ ਕੁੱਲ 237 ਵਾਰ ਵਰਤਿਆ ਗਿਆ ਹੈ। ਇਸ ਦੇ ਅਨੁਵਾਦਕਾਂ ਨੇ ਇਨ੍ਹਾਂ ਦੋ ਜ਼ਰੂਰੀ ਗੱਲਾਂ ਦੇ ਆਧਾਰ ʼਤੇ ਇਹ ਫ਼ੈਸਲਾ ਕੀਤਾ ਸੀ: (1) ਅੱਜ ਹਜ਼ਾਰਾਂ ਯੂਨਾਨੀ ਹੱਥ-ਲਿਖਤਾਂ ਉਪਲਬਧ ਹਨ, ਪਰ ਉਹ ਅਸਲੀ ਨਹੀਂ ਹਨ, ਸਗੋਂ ਨਕਲਾਂ ਹਨ। ਜ਼ਿਆਦਾਤਰ ਨਕਲਾਂ ਮੁਢਲੀਆਂ ਹੱਥ-ਲਿਖਤਾਂ ਲਿਖੇ ਜਾਣ ਤੋਂ ਘੱਟੋ-ਘੱਟ 200 ਸਾਲ ਬਾਅਦ ਬਣਾਈਆਂ ਗਈਆਂ ਸਨ। (2) ਉਸ ਸਮੇਂ ਤਕ ਨਕਲਨਵੀਸਾਂ ਨੇ ਜਾਂ ਤਾਂ ਪਰਮੇਸ਼ੁਰ ਦੇ ਨਾਂ ਦੇ ਚਾਰ ਇਬਰਾਨੀ ਅੱਖਰਾਂ ਦੀ ਜਗ੍ਹਾ “ਪ੍ਰਭੂ” ਲਈ ਯੂਨਾਨੀ ਸ਼ਬਦ “ਕਿਰਿਓਸ” ਲਿਖ ਦਿੱਤਾ ਜਾਂ ਉਨ੍ਹਾਂ ਨੇ ਅਜਿਹੀਆਂ ਹੱਥ-ਲਿਖਤਾਂ ਤੋਂ ਨਕਲਾਂ ਬਣਾਈਆਂ ਜਿਨ੍ਹਾਂ ਵਿਚ ਪਹਿਲਾਂ ਹੀ “ਕਿਰਿਓਸ” ਲਿਖਿਆ ਗਿਆ ਸੀ।
ਨਵੀਂ ਦੁਨੀਆਂ ਬਾਈਬਲ ਅਨੁਵਾਦ ਕਮੇਟੀ ਨੇ ਸਾਰੇ ਸਬੂਤ ਦੇਖ ਕੇ ਸਿੱਟਾ ਕੱਢਿਆ ਕਿ ਪਰਮੇਸ਼ੁਰ ਦਾ ਨਾਂ (יהוה) ਮੁਢਲੀਆਂ ਯੂਨਾਨੀ ਹੱਥ-ਲਿਖਤਾਂ ਵਿਚ ਵਰਤਿਆ ਗਿਆ ਸੀ। ਇਹ ਫ਼ੈਸਲਾ ਥੱਲੇ ਦੱਸੇ ਗਏ ਸਬੂਤਾਂ ਦੇ ਆਧਾਰ ʼਤੇ ਕੀਤਾ ਗਿਆ ਸੀ:
ਯਿਸੂ ਅਤੇ ਉਸ ਦੇ ਰਸੂਲਾਂ ਦੇ ਜ਼ਮਾਨੇ ਵਿਚ ਵਰਤੀਆਂ ਜਾਂਦੀਆਂ ਇਬਰਾਨੀ ਲਿਖਤਾਂ ਦੀਆਂ ਨਕਲਾਂ ਵਿਚ ਪਰਮੇਸ਼ੁਰ ਦਾ ਨਾਂ ਹਰ ਜਗ੍ਹਾ ਵਰਤਿਆ ਗਿਆ ਸੀ। ਭਾਵੇਂ ਬੀਤੇ ਸਮੇਂ ਵਿਚ ਕੁਝ ਲੋਕਾਂ ਨੂੰ ਇਸ ਗੱਲ ʼਤੇ ਸ਼ੱਕ ਸੀ, ਪਰ ਕੂਮਰਾਨ ਨੇੜੇ ਲੱਭੀਆਂ ਇਬਰਾਨੀ ਲਿਖਤਾਂ ਦੀਆਂ ਨਕਲਾਂ ਤੋਂ ਸਾਬਤ ਹੋ ਚੁੱਕਾ ਹੈ ਕਿ ਉਨ੍ਹਾਂ ਨਕਲਾਂ ਵਿਚ ਇਹ ਨਾਂ ਵਰਤਿਆ ਗਿਆ ਸੀ। ਇਹ ਨਕਲਾਂ ਪਹਿਲੀ ਸਦੀ ਈਸਵੀ ਵਿਚ ਬਣਾਈਆਂ ਗਈਆਂ ਸਨ।
ਯਿਸੂ ਅਤੇ ਉਸ ਦੇ ਰਸੂਲਾਂ ਦੇ ਦਿਨਾਂ ਵਿਚ ਇਬਰਾਨੀ ਲਿਖਤਾਂ ਦੇ ਯੂਨਾਨੀ ਅਨੁਵਾਦ ਵਿਚ ਵੀ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਸੀ। ਸਦੀਆਂ ਤਕ ਵਿਦਵਾਨ ਸੋਚਦੇ ਰਹੇ ਕਿ ਇਬਰਾਨੀ ਲਿਖਤਾਂ ਦੇ ਯੂਨਾਨੀ ਸੈਪਟੁਜਿੰਟ ਅਨੁਵਾਦ ਵਿਚ ਪਰਮੇਸ਼ੁਰ ਦਾ ਨਾਂ ਨਹੀਂ ਵਰਤਿਆ ਗਿਆ ਸੀ। ਫਿਰ ਯਿਸੂ ਦੇ ਜ਼ਮਾਨੇ ਵਿਚ ਵਰਤੇ ਜਾਂਦੇ ਯੂਨਾਨੀ ਸੈਪਟੁਜਿੰਟ ਦੇ ਕੁਝ ਬਹੁਤ ਹੀ ਪੁਰਾਣੇ ਟੁਕੜੇ 1940-1950 ਵਿਚ ਵਿਦਵਾਨਾਂ ਦੇ ਧਿਆਨ ਵਿਚ ਲਿਆਂਦੇ ਗਏ। ਉਨ੍ਹਾਂ ਟੁਕੜਿਆਂ ʼਤੇ ਇਬਰਾਨੀ ਅੱਖਰਾਂ ਵਿਚ ਪਰਮੇਸ਼ੁਰ ਦਾ ਨਾਂ ਲਿਖਿਆ ਹੋਇਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਦਿਨਾਂ ਵਿਚ ਇਬਰਾਨੀ ਲਿਖਤਾਂ ਦੇ ਯੂਨਾਨੀ ਅਨੁਵਾਦ ਵਿਚ ਪਰਮੇਸ਼ੁਰ ਦਾ ਨਾਂ ਸੀ। ਪਰ ਰਸੂਲਾਂ ਦੇ ਸਮੇਂ ਤੋਂ ਲਗਭਗ 300 ਸਾਲ ਬਾਅਦ ਯੂਨਾਨੀ ਸੈਪਟੁਜਿੰਟ ਦੀਆਂ ਮਸ਼ਹੂਰ ਹੱਥ-ਲਿਖਤਾਂ ਵਿਚ ਉਤਪਤ ਤੋਂ ਲੈ ਕੇ ਮਲਾਕੀ ਤਕ ਦੀਆਂ ਕਿਤਾਬਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢਿਆ ਜਾ ਚੁੱਕਾ ਸੀ, ਜਿਵੇਂ ਕਿ ਕੋਡੈਕਸ ਵੈਟੀਕਨਸ ਅਤੇ ਕੋਡੈਕਸ ਸਿਨੈਟਿਕਸ (ਇਨ੍ਹਾਂ ਤੋਂ ਪਹਿਲਾਂ ਦੀਆਂ ਹੱਥ-ਲਿਖਤਾਂ ਵਿਚ ਇਹ ਨਾਂ ਸੀ)। ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਸ ਸਮੇਂ ਤੋਂ ਬਾਅਦ ਦੀਆਂ ਨਕਲਾਂ ਵਿਚ ਨਵੇਂ ਨੇਮ ਯਾਨੀ ਬਾਈਬਲ ਦੀਆਂ ਯੂਨਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਨਹੀਂ ਪਾਇਆ ਜਾਂਦਾ।
ਯਿਸੂ ਨੇ ਸਾਫ਼-ਸਾਫ਼ ਕਿਹਾ ਸੀ: “ਮੈਂ ਆਪਣੇ ਪਿਤਾ ਦੇ ਨਾਂ ʼਤੇ ਆਇਆ ਹਾਂ।” ਉਸ ਨੇ ਇਸ ਗੱਲ ʼਤੇ ਵੀ ਜ਼ੋਰ ਦਿੱਤਾ ਕਿ ਉਸ ਨੇ ਸਾਰੇ ਕੰਮ “ਆਪਣੇ ਪਿਤਾ ਦੇ ਨਾਂ ʼਤੇ” ਕੀਤੇ ਸਨ
ਮਸੀਹੀ ਯੂਨਾਨੀ ਲਿਖਤਾਂ ਤੋਂ ਵੀ ਪਤਾ ਲੱਗਦਾ ਹੈ ਕਿ ਯਿਸੂ ਅਕਸਰ ਯਹੋਵਾਹ ਦਾ ਨਾਂ ਇਸਤੇਮਾਲ ਕਰਦਾ ਸੀ ਅਤੇ ਦੂਸਰਿਆਂ ਨੂੰ ਇਸ ਬਾਰੇ ਦੱਸਦਾ ਸੀ। (ਯੂਹੰਨਾ 17:6, 11, 12, 26) ਯਿਸੂ ਨੇ ਸਾਫ਼-ਸਾਫ਼ ਕਿਹਾ ਸੀ: “ਮੈਂ ਆਪਣੇ ਪਿਤਾ ਦੇ ਨਾਂ ʼਤੇ ਆਇਆ ਹਾਂ।” ਉਸ ਨੇ ਇਸ ਗੱਲ ʼਤੇ ਵੀ ਜ਼ੋਰ ਦਿੱਤਾ ਕਿ ਉਸ ਨੇ ਸਾਰੇ ਕੰਮ “ਆਪਣੇ ਪਿਤਾ ਦੇ ਨਾਂ ʼਤੇ” ਕੀਤੇ ਸਨ।—ਯੂਹੰਨਾ 5:43; 10:25.
ਪਵਿੱਤਰ ਇਬਰਾਨੀ ਲਿਖਤਾਂ ਤੋਂ ਬਾਅਦ ਮਸੀਹੀ ਯੂਨਾਨੀ ਲਿਖਤਾਂ ਵੀ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖਵਾਈਆਂ ਗਈਆਂ ਸਨ, ਇਸ ਲਈ ਇਨ੍ਹਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਅਚਾਨਕ ਗਾਇਬ ਹੋ ਜਾਣਾ ਸਹੀ ਨਹੀਂ ਲੱਗਦਾ। ਪਹਿਲੀ ਸਦੀ ਦੇ ਅੱਧ ਵਿਚ ਯਾਕੂਬ ਚੇਲੇ ਨੇ ਯਰੂਸ਼ਲਮ ਦੇ ਬਜ਼ੁਰਗਾਂ ਨੂੰ ਕਿਹਾ ਸੀ: “ਸ਼ਿਮਓਨ ਨੇ ਖੋਲ੍ਹ ਕੇ ਦੱਸਿਆ ਕਿ ਕਿਵੇਂ ਪਰਮੇਸ਼ੁਰ ਨੇ ਪਹਿਲੀ ਵਾਰ ਗ਼ੈਰ-ਯਹੂਦੀ ਕੌਮਾਂ ਵੱਲ ਧਿਆਨ ਦਿੱਤਾ ਤਾਂਕਿ ਉਹ ਉਨ੍ਹਾਂ ਵਿੱਚੋਂ ਆਪਣੇ ਨਾਂ ਲਈ ਲੋਕਾਂ ਨੂੰ ਚੁਣੇ।” (ਰਸੂਲਾਂ ਦੇ ਕੰਮ 15:14) ਜੇ ਪਹਿਲੀ ਸਦੀ ਵਿਚ ਕੋਈ ਵੀ ਪਰਮੇਸ਼ੁਰ ਦਾ ਨਾਮ ਜਾਣਦਾ ਨਾ ਹੁੰਦਾ ਜਾਂ ਨਾ ਲੈਂਦਾ ਹੁੰਦਾ, ਤਾਂ ਯਾਕੂਬ ਨੇ ਇਹ ਗੱਲ ਕਹਿਣੀ ਹੀ ਨਹੀਂ ਸੀ।
ਮਸੀਹੀ ਯੂਨਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਛੋਟੇ ਰੂਪ ਵਿਚ ਇਸਤੇਮਾਲ ਕੀਤਾ ਗਿਆ ਹੈ। ਇਬਰਾਨੀ ਸ਼ਬਦ “ਹਲਲੂਯਾਹ” ਨੂੰ ਪ੍ਰਕਾਸ਼ ਦੀ ਕਿਤਾਬ 19:1, 3, 4, 6 ਵਿਚ “ਯਾਹ ਦੀ ਜੈ-ਜੈ ਕਾਰ ਕਰੋ” ਅਨੁਵਾਦ ਕੀਤਾ ਗਿਆ ਹੈ। “ਯਾਹ” ਯਹੋਵਾਹ ਦੇ ਨਾਂ ਦਾ ਛੋਟਾ ਰੂਪ ਹੈ। ਯੂਨਾਨੀ ਲਿਖਤਾਂ ਵਿਚ ਵਰਤੇ ਗਏ ਬਹੁਤ ਸਾਰੇ ਲੋਕਾਂ ਦੇ ਨਾਂ ਪਰਮੇਸ਼ੁਰ ਦੇ ਨਾਂ ʼਤੇ ਆਧਾਰਿਤ ਹਨ। ਅਸਲ ਵਿਚ, ਕਈ ਕਿਤਾਬਾਂ ਵਿਚ ਸਮਝਾਇਆ ਗਿਆ ਹੈ ਕਿ ਯਿਸੂ ਦੇ ਨਾਂ ਦਾ ਮਤਲਬ ਹੈ “ਯਹੋਵਾਹ ਮੁਕਤੀ ਹੈ।”
ਯਹੂਦੀਆਂ ਦੀਆਂ ਪੁਰਾਣੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਯਹੂਦੀ ਮਸੀਹੀਆਂ ਨੇ ਆਪਣੀਆਂ ਕਿਤਾਬਾਂ ਵਿਚ ਪਰਮੇਸ਼ੁਰ ਦਾ ਨਾਂ ਇਸਤੇਮਾਲ ਕੀਤਾ ਸੀ। ਯਹੂਦੀਆਂ ਦੇ ਜ਼ਬਾਨੀ ਨਿਯਮਾਂ ਦੀ ਕਿਤਾਬ ਤੋਸੇਫਤਾ ਲਗਭਗ 300 ਈਸਵੀ ਦੇ ਅੰਤ ਤਕ ਪੂਰੀ ਕੀਤੀ ਗਈ ਸੀ। ਸਬਤ ਦੇ ਦਿਨ ʼਤੇ ਸਾੜੀਆਂ ਜਾਂਦੀਆਂ ਮਸੀਹੀ ਲਿਖਤਾਂ ਬਾਰੇ ਇਹ ਕਿਤਾਬ ਕਹਿੰਦੀ ਹੈ: “ਉਹ ਇੰਜੀਲ ਦੇ ਪ੍ਰਚਾਰਕਾਂ ਦੀਆਂ ਕਿਤਾਬਾਂ ਅਤੇ “ਮਿਨਿਮ” [ਸ਼ਾਇਦ ਯਹੂਦੀ ਮਸੀਹੀ] ਦੀਆਂ ਕਿਤਾਬਾਂ ਨੂੰ ਅੱਗ ਵਿਚ ਸਾੜ ਦਿੰਦੇ ਹਨ। ਉਨ੍ਹਾਂ ਨੂੰ ਜਿੱਥੇ ਕਿਤੇ ਵੀ ਇਹ ਕਿਤਾਬਾਂ ਮਿਲਦੀਆਂ ਹਨ, ਉਨ੍ਹਾਂ ਨੂੰ ਇਹ ਕਿਤਾਬਾਂ ਅਤੇ ਇਨ੍ਹਾਂ ਵਿਚ ਪਾਏ ਜਾਂਦੇ ਪਰਮੇਸ਼ੁਰ ਦੇ ਨਾਂ ਨੂੰ ਸਾੜਨ ਦੀ ਇਜਾਜ਼ਤ ਹੈ।” ਇਸੇ ਕਿਤਾਬ ਵਿਚ ਯਹੂਦੀ ਧਰਮ-ਗੁਰੂ ਯੋਸੇ ਗਲੀਲੀ ਦਾ ਹਵਾਲਾ ਦਿੱਤਾ ਗਿਆ ਜੋ ਦੂਜੀ ਸਦੀ ਦੇ ਸ਼ੁਰੂ ਵਿਚ ਰਹਿੰਦਾ ਸੀ। ਉਸ ਨੇ ਕਿਹਾ ਸੀ ਕਿ ਹਫ਼ਤੇ ਦੇ ਦੂਸਰੇ ਦਿਨਾਂ ʼਤੇ “ਉਨ੍ਹਾਂ ਵਿਚ [ਯਾਨੀ ਮਸੀਹੀ ਲਿਖਤਾਂ ਵਿਚ] ਜਿੱਥੇ ਵੀ ਪਰਮੇਸ਼ੁਰ ਦਾ ਨਾਂ ਆਉਂਦਾ ਹੈ, ਉੱਥੋਂ ਨਾਂ ਨੂੰ ਕੱਟ ਕੇ ਸਾਂਭ ਲਿਆ ਜਾਂਦਾ ਹੈ ਤੇ ਫਿਰ ਬਾਕੀ ਲਿਖਤਾਂ ਨੂੰ ਸਾੜ ਦਿੱਤਾ ਜਾਂਦਾ ਹੈ।”
ਬਾਈਬਲ ਦੇ ਕੁਝ ਵਿਦਵਾਨ ਮੰਨਦੇ ਹਨ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਯੂਨਾਨੀ ਲਿਖਤਾਂ ਵਿਚ ਦਿੱਤੇ ਇਬਰਾਨੀ ਲਿਖਤਾਂ ਦੇ ਹਵਾਲਿਆਂ ਵਿਚ ਪਰਮੇਸ਼ੁਰ ਦਾ ਨਾਂ ਪਾਇਆ ਜਾਂਦਾ ਸੀ। ਦੀ ਐਂਕਰ ਬਾਈਬਲ ਡਿਕਸ਼ਨਰੀ ਕਹਿੰਦੀ ਹੈ: “ਇਸ ਗੱਲ ਦਾ ਕੁਝ ਹੱਦ ਤਕ ਤਾਂ ਸਬੂਤ ਹੈ ਕਿ ਜਦੋਂ ਨਵਾਂ ਨੇਮ ਲਿਖਿਆ ਗਿਆ ਸੀ, ਤਾਂ ਇਸ ਵਿਚ ਦਿੱਤੇ ਪੁਰਾਣੇ ਨੇਮ ਦੇ ਕੁਝ ਜਾਂ ਸਾਰੇ ਹਵਾਲਿਆਂ ਵਿਚ ਪਰਮੇਸ਼ੁਰ ਦਾ ਨਾਂ ਯਾਹਵੇਹ ਚਾਰ ਇਬਰਾਨੀ ਅੱਖਰਾਂ ਵਿਚ ਲਿਖਿਆ ਗਿਆ ਸੀ।” ਵਿਦਵਾਨ ਜੌਰਜ ਹਾਵਰਡ ਕਹਿੰਦਾ ਹੈ: “ਪਹਿਲੀ ਸਦੀ ਦੇ ਮਸੀਹੀਆਂ ਦੁਆਰਾ ਵਰਤੀ ਜਾਂਦੀ ਯੂਨਾਨੀ ਬਾਈਬਲ [ਸੈਪਟੁਜਿੰਟ] ਦੀਆਂ ਨਕਲਾਂ ਵਿਚ ਪਰਮੇਸ਼ੁਰ ਦਾ ਨਾਂ ਚਾਰ ਇਬਰਾਨੀ ਅੱਖਰਾਂ ਵਿਚ ਲਿਖਿਆ ਹੋਇਆ ਸੀ, ਇਸ ਲਈ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਨਵੇਂ ਨੇਮ ਦੇ ਲਿਖਾਰੀਆਂ ਨੇ ਉਸ ਵਿੱਚੋਂ ਆਇਤਾਂ ਦੇ ਹਵਾਲੇ ਦਿੰਦੇ ਸਮੇਂ ਪਰਮੇਸ਼ੁਰ ਦਾ ਨਾਂ ਵੀ ਇਸਤੇਮਾਲ ਕੀਤਾ ਹੋਣਾ।”
ਬਾਈਬਲ ਦੇ ਮੰਨੇ-ਪ੍ਰਮੰਨੇ ਅਨੁਵਾਦਕਾਂ ਨੇ ਯੂਨਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਵਰਤਿਆ ਹੈ। ਇਨ੍ਹਾਂ ਵਿੱਚੋਂ ਕੁਝ ਅਨੁਵਾਦਕਾਂ ਨੇ ਨਵੀਂ ਦੁਨੀਆਂ ਅਨੁਵਾਦ ਦੇ ਤਿਆਰ ਕੀਤੇ ਜਾਣ ਤੋਂ ਬਹੁਤ ਸਮਾਂ ਪਹਿਲਾਂ ਇਸ ਤਰ੍ਹਾਂ ਕੀਤਾ ਸੀ। ਇਹ ਅਨੁਵਾਦਕ ਅਤੇ ਇਨ੍ਹਾਂ ਦੇ ਅਨੁਵਾਦ ਹਨ: ਹਰਮਨ ਹਾਈਨਫੈਟਰ ਦੁਆਰਾ ਏ ਲਿਟਰਲ ਟ੍ਰਾਂਸਲੇਸ਼ਨ ਆਫ਼ ਦ ਨਿਊ ਟੈਸਟਾਮੈਂਟ . . . ਫਰਾਮ ਦ ਟੈਕਸਟ ਆਫ਼ ਦ ਵੈਟੀਕਨ ਮੈਨੂਸਕ੍ਰਿਪਟ (1863); ਬੈਂਜਾਮਿਨ ਵਿਲਸਨ ਦੁਆਰਾ ਦੀ ਐਮਫ਼ੈਟਿਕ ਡਾਇਗਲੌਟ (1864); ਜੌਰਜ ਬਾਰਕਰ ਸਟੀਵਨਸ ਦੁਆਰਾ ਦੀ ਅਪਿਸਲਜ਼ ਆਫ਼ ਪੌਲ ਇਨ ਮਾਡਰਨ ਇੰਗਲਿਸ਼ (1898); ਡਬਲਯੂ. ਜੀ. ਰਦਰਫ਼ਰਡ ਦੁਆਰਾ ਸੇਂਟ ਪੌਲਜ਼ ਅਪਿਸਲ ਟੂ ਦ ਰੋਮਨਜ਼ (1900); ਲੰਡਨ ਦੇ ਬਿਸ਼ਪ ਜੇ. ਡਬਲਯੂ. ਸੀ. ਵਾਂਡ ਦੁਆਰਾ ਦ ਨਿਊ ਟੈਸਟਾਮੈਂਟ ਲੈਟਰਜ਼ (1946)। ਇਸ ਤੋਂ ਇਲਾਵਾ, 1919 ਵਿਚ ਇਕ ਸਪੇਨੀ ਅਨੁਵਾਦ ਵਿਚ ਅਨੁਵਾਦਕ ਪਾਬਲੋ ਬੈਸਨ ਨੇ ਲੂਕਾ 2:15 ਅਤੇ ਯਹੂਦਾਹ 14 ਵਿਚ “ਜੇਹੋਵਾ” ਨਾਂ ਵਰਤਿਆ ਸੀ ਅਤੇ ਆਪਣੇ ਅਨੁਵਾਦ ਵਿਚ ਬਹੁਤ ਸਾਰੀਆਂ ਆਇਤਾਂ ਦੇ ਤਕਰੀਬਨ 100 ਫੁਟਨੋਟਾਂ ਵਿਚ ਕਿਹਾ ਕਿ ਉੱਥੇ ਵੀ ਪਰਮੇਸ਼ੁਰ ਦਾ ਨਾਂ ਵਰਤਿਆ ਜਾ ਸਕਦਾ ਹੈ। ਇਨ੍ਹਾਂ ਅਨੁਵਾਦਾਂ ਤੋਂ ਵੀ ਬਹੁਤ ਚਿਰ ਪਹਿਲਾਂ 16ਵੀਂ ਸਦੀ ਤੋਂ ਮਸੀਹੀ ਯੂਨਾਨੀ ਲਿਖਤਾਂ ਦੇ ਇਬਰਾਨੀ ਅਨੁਵਾਦਾਂ ਵਿਚ ਬਹੁਤ ਸਾਰੀਆਂ ਆਇਤਾਂ ਵਿਚ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਸੀ। ਜਰਮਨ ਭਾਸ਼ਾ ਵਿਚ ਯੂਨਾਨੀ ਲਿਖਤਾਂ ਦੇ ਘੱਟੋ-ਘੱਟ 11 ਅਨੁਵਾਦਾਂ ਵਿਚ “ਯਹੋਵਾਹ” (ਜਾਂ “ਯਾਹਵੇਹ”) ਵਰਤਿਆ ਗਿਆ ਸੀ। ਹੋਰ ਚਾਰ ਅਨੁਵਾਦਕਾਂ ਨੇ “ਪ੍ਰਭੂ” ਤੋਂ ਬਾਅਦ ਬ੍ਰੈਕਟਾਂ ਵਿਚ ਯਹੋਵਾਹ ਪਾਇਆ। ਜਰਮਨ ਵਿਚ 70 ਤੋਂ ਜ਼ਿਆਦਾ ਬਾਈਬਲਾਂ ਵਿਚ ਪਰਮੇਸ਼ੁਰ ਦਾ ਨਾਂ ਫੁਟਨੋਟਾਂ ਜਾਂ ਟਿੱਪਣੀਆਂ ਵਿਚ ਵਰਤਿਆ ਗਿਆ ਹੈ।
100 ਤੋਂ ਵੀ ਜ਼ਿਆਦਾ ਭਾਸ਼ਾਵਾਂ ਦੀਆਂ ਬਾਈਬਲਾਂ ਵਿਚ ਮਸੀਹੀ ਯੂਨਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਮੌਜੂਦ ਹੈ। ਬਹੁਤ ਸਾਰੀਆਂ ਅਫ਼ਰੀਕੀ, ਮੂਲ ਅਮਰੀਕੀ, ਏਸ਼ੀਆਈ, ਯੂਰਪੀ ਤੇ ਸ਼ਾਂਤ ਮਹਾਂਸਾਗਰ ਦੇ ਟਾਪੂਆਂ ʼਤੇ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿਚ ਪਰਮੇਸ਼ੁਰ ਦਾ ਨਾਂ ਬਹੁਤ ਵਾਰ ਇਸਤੇਮਾਲ ਕੀਤਾ ਗਿਆ ਹੈ। (ਸਫ਼ੇ 2510-2511 ਦੇਖੋ।) ਇਨ੍ਹਾਂ ਬਾਈਬਲਾਂ ਦੇ ਅਨੁਵਾਦਕਾਂ ਨੇ ਉੱਪਰ ਦਿੱਤੇ ਕਾਰਨਾਂ ਦੇ ਆਧਾਰ ʼਤੇ ਪਰਮੇਸ਼ੁਰ ਦਾ ਨਾਂ ਇਸਤੇਮਾਲ ਕਰਨ ਦਾ ਫ਼ੈਸਲਾ ਕੀਤਾ। ਇਨ੍ਹਾਂ ਵਿੱਚੋਂ ਕੁਝ ਅਨੁਵਾਦ ਜ਼ਿਆਦਾ ਪੁਰਾਣੇ ਨਹੀਂ ਹਨ, ਜਿਵੇਂ ਕਿ ਰੋਟੁਮਨ ਬਾਈਬਲ (1999) ਜਿਸ ਵਿਚ 48 ਆਇਤਾਂ ਵਿਚ 51 ਵਾਰ “ਜਿਹੋਵਾ” ਇਸਤੇਮਾਲ ਕੀਤਾ ਗਿਆ ਹੈ। ਇੰਡੋਨੇਸ਼ੀਆ ਦੇ ਬਤਾਕ (ਟੋਬਾ) ਵਰਯਨ (1989) ਵਿਚ 110 ਵਾਰ “ਜਾਹੋਵਾ” ਵਰਤਿਆ ਗਿਆ ਹੈ।
ਵਾਕਈ, ਇਸ ਗੱਲ ਦਾ ਪੱਕਾ ਆਧਾਰ ਹੈ ਕਿ ਮਸੀਹੀ ਯੂਨਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਪਾਇਆ ਜਾਣਾ ਚਾਹੀਦਾ ਹੈ। ਇਸ ਲਈ ਨਵੀਂ ਦੁਨੀਆਂ ਅਨੁਵਾਦ ਦੇ ਅਨੁਵਾਦਕਾਂ ਨੇ ਇਸੇ ਤਰ੍ਹਾਂ ਕੀਤਾ। ਉਹ ਪਰਮੇਸ਼ੁਰ ਦੇ ਨਾਂ ਦਾ ਗਹਿਰਾ ਆਦਰ ਕਰਦੇ ਹਨ ਅਤੇ ਮੁਢਲੀਆਂ ਲਿਖਤਾਂ ਵਿਚ ਪਾਈ ਜਾਂਦੀ ਕਿਸੇ ਵੀ ਗੱਲ ਨੂੰ ਕੱਢਣ ਤੋਂ ਡਰਦੇ ਹਨ।—ਪ੍ਰਕਾਸ਼ ਦੀ ਕਿਤਾਬ 22:18, 19.