ਵਧੇਰੇ ਜਾਣਕਾਰੀ
ਝੰਡੇ ਨੂੰ ਸਲਾਮੀ ਦੇਣੀ, ਵੋਟ ਪਾਉਣੀ ਅਤੇ ਗ਼ੈਰ-ਫ਼ੌਜੀ ਕੰਮ ਕਰਨਾ
ਝੰਡੇ ਨੂੰ ਸਲਾਮੀ ਦੇਣੀ। ਝੰਡੇ ਨੂੰ ਸਲਾਮੀ ਦੇ ਕੇ ਜਾਂ ਰਾਸ਼ਟਰੀ ਗੀਤ ਗਾ ਕੇ ਲੋਕ ਆਪਣੇ ਦੇਸ਼ ਜਾਂ ਲੀਡਰਾਂ ਨੂੰ ਪਰਮੇਸ਼ੁਰ ਦੀ ਜਗ੍ਹਾ ਰੱਖਦੇ ਹਨ। ਇਸ ਲਈ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਝੰਡੇ ਅੱਗੇ ਸਿਰ ਨਿਵਾਉਣਾ ਜਾਂ ਇਸ ਨੂੰ ਸਲਾਮੀ ਦੇਣੀ ਅਤੇ ਰਾਸ਼ਟਰੀ ਗੀਤ ਗਾਉਣਾ ਭਗਤੀ ਕਰਨ ਦੇ ਬਰਾਬਰ ਹੈ। (ਯਸਾਯਾਹ 43:11; 1 ਕੁਰਿੰਥੀਆਂ 10:14; 1 ਯੂਹੰਨਾ 5:21) ਅਜਿਹਾ ਇਕ ਲੀਡਰ ਸੀ ਪੁਰਾਣੇ ਬਾਬਲ ਦਾ ਰਾਜਾ ਨਬੂਕਦਨੱਸਰ। ਆਪਣੀ ਸ਼ਾਨੋ-ਸ਼ੌਕਤ ਅਤੇ ਸ਼ਰਧਾ ਦਾ ਦਿਖਾਵਾ ਕਰਨ ਲਈ ਉਸ ਨੇ ਇਕ ਵੱਡੀ ਸਾਰੀ ਮੂਰਤ ਬਣਵਾਈ ਅਤੇ ਲੋਕਾਂ ਨੂੰ ਉਸ ਅੱਗੇ ਮੱਥਾ ਟੇਕਣ ਲਈ ਮਜਬੂਰ ਕੀਤਾ। ਜਿਵੇਂ ਅੱਜ ਰਾਸ਼ਟਰੀ ਤਿਉਹਾਰਾਂ ʼਤੇ ਸੰਗੀਤ ਵਜਾਇਆ ਜਾਂਦਾ ਹੈ, ਤਿਵੇਂ ਉਸ ਵੇਲੇ ਵੀ ਸੰਗੀਤ ਵਜਾਇਆ ਗਿਆ ਸੀ। ਪਰ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨਾਂ ਦੇ ਤਿੰਨ ਇਬਰਾਨੀ ਗੱਭਰੂਆਂ ਨੇ ਮੂਰਤੀ ਅੱਗੇ ਮੱਥਾ ਟੇਕਣ ਤੋਂ ਸਾਫ਼ ਇਨਕਾਰ ਕੀਤਾ ਸੀ। ਉਨ੍ਹਾਂ ਨੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ।—ਦਾਨੀਏਲ ਅਧਿਆਇ 3.
ਇਕ ਇਤਿਹਾਸਕਾਰ ਨੇ ਕਿਹਾ ਕਿ ਸਾਡੇ ਜ਼ਮਾਨੇ ਵਿਚ “ਝੰਡੇ ਦੀ ਪੂਜਾ ਕਰਨੀ ਦੇਸ਼-ਭਗਤੀ ਹੈ। ਸਲਾਮੀ ਦੇਣ ਲੱਗਿਆਂ ਬੰਦੇ ਆਪਣੇ ਸਿਰਾਂ ਤੋਂ ਟੋਪੀਆਂ ਲਾਹ ਲੈਂਦੇ ਹਨ। ਕਵੀ ਦੇਸ਼-ਭਗਤੀ ਦੇ ਤਰਾਨੇ ਲਿਖਦੇ ਹਨ ਅਤੇ ਬੱਚੇ ਰਾਸ਼ਟਰੀ ਗੀਤ ਗਾਉਂਦੇ ਹਨ।” ਉਸ ਨੇ ਇਹ ਵੀ ਕਿਹਾ ਕਿ ਜਿਵੇਂ ਧਰਮਾਂ ਵਿਚ ਦਿਨ-ਤਿਉਹਾਰ, ਸਾਧੂ-ਸੰਤ ਅਤੇ ਮੰਦਰ ਹੁੰਦੇ ਹਨ, ਤਿਵੇਂ ਦੇਸ਼-ਭਗਤੀ ਵਿਚ ਪਵਿੱਤਰ ਦਿਨ-ਤਿਉਹਾਰ ਜਿਵੇਂ ਕਿ 26 ਜਨਵਰੀ ਅਤੇ ਦੇਸ਼ ਦੇ ਮਹਾਤਮਾ ਤੇ ਕੌਮੀ ਇਮਾਰਤਾਂ ਹੁੰਦੀਆਂ ਹਨ। ਬ੍ਰਾਜ਼ੀਲ ਵਿਚ ਉੱਚ ਫ਼ੌਜੀ ਅਦਾਲਤ ਦੇ ਪ੍ਰਧਾਨ ਨੇ ਕਿਹਾ ਸੀ: ‘ਸਾਡੇ ਮਹਾਨ ਦੇਸ਼ ਵਾਂਗ ਝੰਡੇ ਦੀ ਵੀ ਪੂਜਾ ਕੀਤੀ ਜਾਣੀ ਚਾਹੀਦੀ ਹੈ।’ ਇਕ ਐਨਸਾਈਕਲੋਪੀਡੀਆ ਵਿਚ ਕਿਹਾ ਗਿਆ ਹੈ ਕਿ “ਕ੍ਰਾਸ ਵਾਂਗ ਝੰਡਾ ਵੀ ਪਵਿੱਤਰ ਹੈ।”
ਇਸੇ ਐਨਸਾਈਕਲੋਪੀਡੀਆ ਨੇ ਕਿਹਾ ਕਿ ਰਾਸ਼ਟਰੀ ਗੀਤਾਂ ਵਿਚ “ਦੇਸ਼-ਭਗਤੀ ਦੇ ਜਜ਼ਬੇ ਨੂੰ ਬਿਆਨ ਕੀਤਾ ਜਾਂਦਾ ਹੈ ਅਤੇ ਪਰਮੇਸ਼ੁਰ ਨੂੰ ਅਗਵਾਈ ਲਈ ਅਤੇ ਦੇਸ਼ ਦੇ ਲੋਕਾਂ ਜਾਂ ਆਗੂਆਂ ਦੀ ਸਲਾਮਤੀ ਲਈ ਅਰਦਾਸ ਕੀਤੀ ਜਾਂਦੀ ਹੈ।” ਇਸੇ ਕਰਕੇ ਯਹੋਵਾਹ ਦੇ ਗਵਾਹ ਝੰਡੇ ਨੂੰ ਸਲਾਮੀ ਦੇਣ ਅਤੇ ਰਾਸ਼ਟਰੀ ਗੀਤ ਗਾਉਣ ਨੂੰ ਭਗਤੀ ਕਰਨ ਦੇ ਬਰਾਬਰ ਸਮਝਦੇ ਹਨ। ਅਮਰੀਕਾ ਦੇ ਸਕੂਲਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਬੱਚਿਆਂ ਨੇ ਝੰਡੇ ਦੇ ਸਾਮ੍ਹਣੇ ਖੜ੍ਹ ਕੇ ਕਸਮ ਖਾਣ ਤੋਂ ਇਨਕਾਰ ਕੀਤਾ ਸੀ। ਇਸ ਬਾਰੇ ਗੱਲ ਕਰਦੇ ਹੋਏ ਇਕ ਕਿਤਾਬ ਨੇ ਕਿਹਾ: “ਸੁਪਰੀਮ ਕੋਰਟ ਨੇ ਕਈ ਕੇਸਾਂ ਦਾ ਫ਼ੈਸਲਾ ਸੁਣਾਉਂਦੇ ਹੋਏ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਝੰਡੇ ਨੂੰ ਸਲਾਮੀ ਦੇਣੀ ਭਗਤੀ ਕਰਨ ਦੇ ਬਰਾਬਰ ਹੈ।”
ਭਾਵੇਂ ਯਹੋਵਾਹ ਦੇ ਗਵਾਹ ਇਨ੍ਹਾਂ ਕੰਮਾਂ ਵਿਚ ਹਿੱਸਾ ਨਹੀਂ ਲੈਂਦੇ, ਪਰ ਉਹ ਦੂਜਿਆਂ ਦੇ ਦੇਸ਼-ਭਗਤੀ ਦੇ ਜਜ਼ਬੇ ਦਾ ਆਦਰ ਕਰਦੇ ਹਨ। ਉਹ ਝੰਡੇ ਦਾ ਵੀ ਆਦਰ ਕਰਦੇ ਹਨ ਅਤੇ “ਅਧਿਕਾਰ ਰੱਖਣ ਵਾਲਿਆਂ” ਨੂੰ “ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਸੇਵਕ” ਮੰਨਦੇ ਹੋਏ ਇਨ੍ਹਾਂ ਦੇ ਅਧੀਨ ਰਹਿੰਦੇ ਹਨ। (ਰੋਮੀਆਂ 13:1-4) ਇਸ ਲਈ, ਯਹੋਵਾਹ ਦੇ ਗਵਾਹ “ਰਾਜਿਆਂ ਅਤੇ ਉੱਚੀਆਂ ਪਦਵੀਆਂ ਉੱਤੇ ਬੈਠੇ ਸਾਰੇ ਲੋਕਾਂ ਲਈ” ਪ੍ਰਾਰਥਨਾ ਕਰਦੇ ਹਨ। ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਿਉਂ ਕਰਦੇ ਹਾਂ? ਤਾਂਕਿ ਅਸੀਂ “ਅਮਨ-ਚੈਨ ਨਾਲ ਆਪਣੀ ਜ਼ਿੰਦਗੀ ਜੀਉਂਦੇ ਹੋਏ ਪਰਮੇਸ਼ੁਰ ਦੀ ਭਗਤੀ ਗੰਭੀਰਤਾ ਨਾਲ ਕਰਦੇ ਰਹੀਏ।”—1 ਤਿਮੋਥਿਉਸ 2:2.
ਚੋਣਾਂ ਵਿਚ ਵੋਟ ਪਾਉਣੀ। ਸੱਚੇ ਮਸੀਹੀ ਦੂਜਿਆਂ ਦੇ ਵੋਟ ਪਾਉਣ ਦੇ ਹੱਕ ਦਾ ਆਦਰ ਕਰਦੇ ਹਨ। ਉਹ ਕਿਸੇ ਪਾਰਟੀ ਦੇ ਖ਼ਿਲਾਫ਼ ਪ੍ਰਚਾਰ ਨਹੀਂ ਕਰਦੇ ਅਤੇ ਦੇਸ਼ ਦੇ ਰਾਜਨੀਤਿਕ ਮਾਮਲਿਆਂ ਵਿਚ ਬਿਲਕੁਲ ਨਿਰਪੱਖ ਰਹਿੰਦੇ ਹਨ। (ਮੱਤੀ 22:21; 1 ਪਤਰਸ 3:16) ਜਿਨ੍ਹਾਂ ਦੇਸ਼ਾਂ ਵਿਚ ਹਰ ਨਾਗਰਿਕ ਲਈ ਵੋਟ ਪਾਉਣੀ ਲਾਜ਼ਮੀ ਹੈ, ਉੱਥੇ ਮਸੀਹੀਆਂ ਨੂੰ ਕੀ ਕਰਨਾ ਚਾਹੀਦਾ ਹੈ? ਅਤੇ ਉਸ ਹਾਲਤ ਵਿਚ ਮਸੀਹੀਆਂ ਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਬੂਥ ʼਤੇ ਨਾ ਜਾਣ ਕਰਕੇ ਲੋਕ ਉਨ੍ਹਾਂ ਉੱਤੇ ਭੜਕ ਜਾਂਦੇ ਹਨ? ਯਾਦ ਰੱਖੋ ਕਿ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੂਰਾ ਦੇ ਮਦਾਨ ਵਿਚ ਚਲੇ ਗਏ ਸਨ, ਪਰ ਉਨ੍ਹਾਂ ਨੇ ਭਗਤੀ ਵਿਚ ਕੋਈ ਹਿੱਸਾ ਨਹੀਂ ਸੀ ਲਿਆ। ਇਸੇ ਤਰ੍ਹਾਂ ਦੇ ਹਾਲਾਤਾਂ ਵਿਚ ਜੇ ਕਿਸੇ ਮਸੀਹੀ ਦੀ ਜ਼ਮੀਰ ਉਸ ਨੂੰ ਬੂਥ ਤਕ ਜਾਣ ਦੀ ਇਜਾਜ਼ਤ ਦਿੰਦੀ ਹੈ, ਤਾਂ ਉਹ ਜਾਣ ਦਾ ਫ਼ੈਸਲਾ ਕਰ ਸਕਦਾ ਹੈ। ਪਰ ਉੱਥੇ ਜਾ ਕੇ ਉਹ ਆਪਣੀ ਨਿਰਪੱਖਤਾ ਨੂੰ ਕਾਇਮ ਰੱਖੇਗਾ। ਉਸ ਨੂੰ ਥੱਲੇ ਦੱਸੇ ਛੇ ਅਸੂਲ ਯਾਦ ਰੱਖਣੇ ਹੋਣਗੇ:
ਯਿਸੂ ਦੇ ਚੇਲੇ “ਦੁਨੀਆਂ ਵਰਗੇ ਨਹੀਂ” ਹਨ।—ਯੂਹੰਨਾ 15:19.
ਯਹੋਵਾਹ ਦੇ ਗਵਾਹ ਯਿਸੂ ਅਤੇ ਉਸ ਦੇ ਰਾਜ ਨੂੰ ਸਮਰਥਨ ਦਿੰਦੇ ਹਨ।—ਯੂਹੰਨਾ 18:36; 2 ਕੁਰਿੰਥੀਆਂ 5:20.
ਦੁਨੀਆਂ ਭਰ ਵਿਚ ਸਾਰੇ ਯਹੋਵਾਹ ਦੇ ਗਵਾਹ ਇੱਕੋ ਜਿਹੀਆਂ ਸਿੱਖਿਆਵਾਂ ʼਤੇ ਚੱਲਦੇ ਹਨ ਅਤੇ ਉਨ੍ਹਾਂ ਵਿਚ ਪਿਆਰ ਤੇ ਏਕਤਾ ਹੈ।—1 ਕੁਰਿੰਥੀਆਂ 1:10; ਕੁਲੁੱਸੀਆਂ 3:14.
ਜੇ ਅਸੀਂ ਕਿਸੇ ਨੂੰ ਵੋਟ ਪਾ ਕੇ ਮੰਤਰੀ ਬਣਾਉਂਦੇ ਹਾਂ, ਤਾਂ ਉਹ ਜੋ ਵੀ ਚੰਗੇ-ਮਾੜੇ ਕੰਮ ਕਰਦਾ ਹੈ, ਉਸ ਦੀ ਜ਼ਿੰਮੇਵਾਰੀ ਕੁਝ ਹੱਦ ਸਾਡੇ ਤੇ ਵੀ ਆਉਂਦੀ ਹੈ।—1 ਸਮੂਏਲ 8:5, 10-18 ਅਤੇ 1 ਤਿਮੋਥਿਉਸ 5:22 ਵਿਚ ਦਰਜ ਅਸੂਲਾਂ ʼਤੇ ਗੌਰ ਕਰੋ।
ਜਦੋਂ ਇਜ਼ਰਾਈਲੀਆਂ ਨੇ ਇਕ ਰਾਜੇ ਦੀ ਮੰਗ ਕੀਤੀ ਸੀ, ਤਾਂ ਯਹੋਵਾਹ ਨੂੰ ਇੱਦਾਂ ਲੱਗਾ ਕਿ ਜਿਵੇਂ ਇਜ਼ਰਾਈਲੀਆਂ ਨੇ ਉਸ ਨੂੰ ਤਿਆਗਿਆ ਸੀ।—1 ਸਮੂਏਲ 8:7.
ਜੇ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਵੋਟ ਪਾਉਂਦੇ ਹਾਂ, ਤਾਂ ਅਸੀਂ ਹੋਰਨਾਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਬੇਝਿਜਕ ਗੱਲ ਨਹੀਂ ਕਰ ਪਾਵਾਂਗੇ।—ਮੱਤੀ 24:14; 28:19, 20; ਇਬਰਾਨੀਆਂ 10:35.
ਗ਼ੈਰ-ਫ਼ੌਜੀ ਕੰਮ ਕਰਨਾ। ਕਈ ਦੇਸ਼ਾਂ ਵਿਚ ਨੌਜਵਾਨਾਂ ਲਈ ਫ਼ੌਜ ਵਿਚ ਸੇਵਾ ਕਰਨੀ ਲਾਜ਼ਮੀ ਹੈ। ਪਰ ਜੇ ਕੋਈ ਫ਼ੌਜ ਵਿਚ ਭਰਤੀ ਨਹੀਂ ਹੋਣਾ ਚਾਹੁੰਦਾ, ਤਾਂ ਉਸ ਨੂੰ ਕੁਝ ਸਮੇਂ ਲਈ ਸਰਕਾਰ ਵੱਲੋਂ ਕੋਈ ਹੋਰ ਕੰਮ ਕਰਨ ਲਈ ਦਿੱਤਾ ਜਾਂਦਾ ਹੈ। ਜਦੋਂ ਸਾਡੇ ਸਾਮ੍ਹਣੇ ਇਹ ਕੰਮ ਕਰਨ ਦਾ ਸਵਾਲ ਖੜ੍ਹਾ ਹੁੰਦਾ ਹੈ, ਤਾਂ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਫਿਰ ਕਿਸੇ ਸਮਝਦਾਰ ਮਸੀਹੀ ਤੋਂ ਸਲਾਹ ਲੈ ਕੇ ਅਤੇ ਪੂਰੀ ਜਾਣਕਾਰੀ ਲੈ ਕੇ ਉਹ ਕੰਮ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਲੈਣਾ ਚਾਹੀਦਾ ਹੈ।—ਕਹਾਉਤਾਂ 2:1-5; ਫ਼ਿਲਿੱਪੀਆਂ 4:5.
ਪਰਮੇਸ਼ੁਰ ਦਾ ਬਚਨ ਸਾਨੂੰ ਕਹਿੰਦਾ ਹੈ ਕਿ ਅਸੀਂ ‘ਸਰਕਾਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਦੇ ਅਧੀਨ ਰਹੀਏ ਅਤੇ ਉਨ੍ਹਾਂ ਦਾ ਕਹਿਣਾ ਮੰਨੀਏ ਅਤੇ ਹਰ ਚੰਗੇ ਕੰਮ ਲਈ ਤਿਆਰ ਰਹੀਏ ਅਤੇ ਅੜਬ ਨਾ ਹੋਈਏ।’ (ਤੀਤੁਸ 3:1, 2) ਇਸ ਗੱਲ ਨੂੰ ਯਾਦ ਰੱਖਦੇ ਹੋਏ ਸਾਨੂੰ ਆਪਣੇ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹਨ: ‘ਜੋ ਕੰਮ ਸਰਕਾਰ ਮੈਨੂੰ ਦੇ ਰਹੀ ਹੈ, ਕੀ ਉਹ ਕੰਮ ਕਿਸੇ ਧਰਮ ਨਾਲ ਸੰਬੰਧ ਤਾਂ ਨਹੀਂ ਰੱਖਦਾ ਜਾਂ ਉਹ ਕੰਮ ਕਰ ਕੇ ਮੈਂ ਨਿਰਪੱਖ ਰਹਿ ਸਕਾਂਗਾ?’ (ਮੀਕਾਹ 4:3, 5; 2 ਕੁਰਿੰਥੀਆਂ 6:16, 17) ‘ਕੀ ਇਹ ਕੰਮ ਮਸੀਹੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿਚ ਰੁਕਾਵਟ ਤਾਂ ਨਹੀਂ ਬਣੇਗਾ?’ (ਮੱਤੀ 28:19, 20; ਅਫ਼ਸੀਆਂ 6:4; ਇਬਰਾਨੀਆਂ 10:24, 25) ‘ਦੂਜੇ ਪਾਸੇ, ਜੇ ਮੈਂ ਇਹ ਕੰਮ ਕਰਦਾ ਹਾਂ, ਤਾਂ ਕੀ ਮੈਨੂੰ ਪਾਇਨੀਅਰਿੰਗ ਕਰਨ ਜਾਂ ਯਹੋਵਾਹ ਦੇ ਹੋਰ ਕੰਮਾਂ ਵਿਚ ਜ਼ਿਆਦਾ ਹਿੱਸਾ ਲੈਣ ਦਾ ਮੌਕਾ ਮਿਲੇਗਾ?’—ਇਬਰਾਨੀਆਂ 6:11, 12.
ਜੇ ਕੋਈ ਮਸੀਹੀ ਜੇਲ੍ਹ ਜਾਣ ਦੀ ਬਜਾਇ ਗ਼ੈਰ-ਫ਼ੌਜੀ ਕੰਮ ਕਰਨ ਦਾ ਸੋਚ-ਸਮਝ ਕੇ ਫ਼ੈਸਲਾ ਕਰਦਾ ਹੈ, ਤਾਂ ਦੂਸਰੇ ਮਸੀਹੀਆਂ ਨੂੰ ਉਸ ਦੇ ਫ਼ੈਸਲੇ ਦਾ ਆਦਰ ਕਰਨਾ ਚਾਹੀਦਾ ਹੈ। (ਰੋਮੀਆਂ 14:10) ਪਰ ਜੇ ਉਹ ਇਹ ਕੰਮ ਨਾ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਵੀ ਦੂਸਰਿਆਂ ਨੂੰ ਉਸ ਦੇ ਫ਼ੈਸਲੇ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ।—1 ਕੁਰਿੰਥੀਆਂ 10:29; 2 ਕੁਰਿੰਥੀਆਂ 1:24.