ਅਧਿਆਇ 4
‘ਚਾਰ ਮੂੰਹਾਂ ਵਾਲੇ ਜੀਉਂਦੇ ਪ੍ਰਾਣੀ’ ਕੌਣ ਹਨ?
ਮੁੱਖ ਗੱਲ: ਜੀਉਂਦੇ ਪ੍ਰਾਣੀ ਕਿਸ ਨੂੰ ਦਰਸਾਉਂਦੇ ਹਨ ਅਤੇ ਇਨ੍ਹਾਂ ਬਾਰੇ ਅਧਿਐਨ ਕਰ ਕੇ ਅਸੀਂ ਕੀ ਸਿੱਖ ਸਕਦੇ ਹਾਂ
1, 2. ਯਹੋਵਾਹ ਨੇ ਕਈ ਵਾਰ ਆਪਣੇ ਸੇਵਕਾਂ ਨੂੰ ਅਹਿਮ ਸੱਚਾਈਆਂ ਕਿਵੇਂ ਸਮਝਾਈਆਂ?
ਕਲਪਨਾ ਕਰੋ ਕਿ ਇਕ ਪਿਤਾ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਬਾਈਬਲ ਵਿੱਚੋਂ ਕੁਝ ਸਿਖਾ ਰਿਹਾ ਹੈ। ਉਹ ਆਪਣੇ ਬੱਚਿਆਂ ਨੂੰ ਬਾਈਬਲ ਦੀ ਕੋਈ ਸੱਚਾਈ ਸਮਝਾਉਣ ਲਈ ਕੁਝ ਤਸਵੀਰਾਂ ਦਿਖਾਉਂਦਾ ਹੈ। ਬੱਚਿਆਂ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਹੈ ਅਤੇ ਉਹ ਜੋਸ਼ ਨਾਲ ਆਪਣੇ ਪਿਤਾ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ। ਇਸ ਤੋਂ ਪਿਤਾ ਜਾਣ ਜਾਂਦਾ ਹੈ ਕਿ ਬੱਚਿਆਂ ਨੂੰ ਉਸ ਦੀ ਗੱਲ ਸਮਝ ਲੱਗ ਗਈ ਹੈ। ਪਿਤਾ ਤਸਵੀਰਾਂ ਰਾਹੀਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਉਹ ਗੱਲਾਂ ਸਮਝਾ ਸਕਿਆ ਜੋ ਉੱਦਾਂ ਬੱਚਿਆਂ ਲਈ ਸਮਝਣੀਆਂ ਔਖੀਆਂ ਸਨ।
2 ਬਿਲਕੁਲ ਇਸੇ ਤਰ੍ਹਾਂ ਯਹੋਵਾਹ ਨੇ ਆਪਣੇ ਬੱਚਿਆਂ ਯਾਨੀ ਇਨਸਾਨਾਂ ਨੂੰ ਨਾ ਦਿਸਣ ਵਾਲੀਆਂ ਚੀਜ਼ਾਂ ਬਾਰੇ ਸੱਚਾਈ ਸਮਝਾਉਣ ਲਈ ਕੁਝ ਦਿਸਣ ਵਾਲੀਆਂ ਚੀਜ਼ਾਂ ਨੂੰ ਵਰਤਿਆ। ਸ਼ਾਇਦ ਇਨ੍ਹਾਂ ਤੋਂ ਬਿਨਾਂ ਸਾਡੇ ਲਈ ਨਾ ਦਿਸਣ ਵਾਲੀਆਂ ਚੀਜ਼ਾਂ ਨੂੰ ਸਮਝਣਾ ਔਖਾ ਹੋਣਾ ਸੀ। ਮਿਸਾਲ ਲਈ, ਯਹੋਵਾਹ ਨੇ ਆਪਣੇ ਬਾਰੇ ਡੂੰਘੀਆਂ ਸੱਚਾਈਆਂ ਸਮਝਾਉਣ ਲਈ ਹਿਜ਼ਕੀਏਲ ਨੂੰ ਦਰਸ਼ਣ ਵਿਚ ਅਨੋਖੀਆਂ ਅਤੇ ਅਸਰਦਾਰ ਤਸਵੀਰਾਂ ਦਿਖਾਈਆਂ। ਇਸ ਕਿਤਾਬ ਦੇ ਪਿਛਲੇ ਅਧਿਆਇ ਵਿਚ ਅਸੀਂ ਇਸ ਤਰ੍ਹਾਂ ਦੀ ਇਕ ਤਸਵੀਰ ਬਾਰੇ ਜਾਣਕਾਰੀ ਲਈ ਸੀ। ਆਓ ਆਪਾਂ ਇਸ ਸ਼ਾਨਦਾਰ ਦਰਸ਼ਣ ਦੇ ਇਕ ਖ਼ਾਸ ਹਿੱਸੇ ʼਤੇ ਗੌਰ ਕਰੀਏ ਅਤੇ ਜਾਣੀਏ ਕਿ ਇਸ ਦਰਸ਼ਣ ਬਾਰੇ ਸਮਝ ਵਧਾ ਕੇ ਅਸੀਂ ਯਹੋਵਾਹ ਦੇ ਹੋਰ ਨੇੜੇ ਕਿਵੇਂ ਜਾ ਸਕਦੇ ਹਾਂ।
‘ਮੈਂ ਚਾਰ ਜਣੇ ਜੀਉਂਦੇ ਪ੍ਰਾਣੀਆਂ ਵਰਗੇ’ ਦੇਖੇ
3. (ੳ) ਹਿਜ਼ਕੀਏਲ 1:4, 5 ਮੁਤਾਬਕ ਹਿਜ਼ਕੀਏਲ ਨੇ ਦਰਸ਼ਣ ਵਿਚ ਕੀ ਦੇਖਿਆ? (ਪਹਿਲੀ ਤਸਵੀਰ ਦੇਖੋ।) (ਅ) ਹਿਜ਼ਕੀਏਲ ਨੇ ਇਸ ਦਰਸ਼ਣ ਬਾਰੇ ਲਿਖਦੇ ਹੋਏ ਕਿਹੋ ਜਿਹੇ ਸ਼ਬਦ ਵਰਤੇ ਸਨ?
3 ਹਿਜ਼ਕੀਏਲ 1:4, 5 ਪੜ੍ਹੋ। ਹਿਜ਼ਕੀਏਲ ਨੇ ਦੱਸਿਆ ਕਿ ਉਸ ਨੇ “ਚਾਰ ਜਣੇ” ਦੇਖੇ “ਜੋ ਜੀਉਂਦੇ ਪ੍ਰਾਣੀਆਂ ਵਰਗੇ ਦਿਸਦੇ ਸਨ” ਅਤੇ ਉਨ੍ਹਾਂ ਦੇ ਮੂੰਹ ਦੂਤਾਂ, ਇਨਸਾਨਾਂ ਅਤੇ ਜਾਨਵਰਾਂ ਦੇ ਸਨ। ਗੌਰ ਕਰੋ ਕਿ ਉਸ ਨੇ ਕਿਹਾ ਕਿ ਉਹ ਚਾਰ ਜਣੇ “ਜੀਉਂਦੇ ਪ੍ਰਾਣੀਆਂ ਵਰਗੇ ਦਿਸਦੇ ਸਨ।” ਇਸ ਤੋਂ ਪਤਾ ਲੱਗਦਾ ਹੈ ਕਿ ਹਿਜ਼ਕੀਏਲ ਨੇ ਜੋ ਦੇਖਿਆ, ਉਸ ਬਾਰੇ ਉਸ ਨੇ ਕਿੰਨੀ ਬਾਰੀਕੀ ਨਾਲ ਲਿਖਿਆ। ਜਦੋਂ ਤੁਸੀਂ ਹਿਜ਼ਕੀਏਲ ਦੇ ਪਹਿਲੇ ਅਧਿਆਇ ਵਿਚ ਦਰਜ ਇਹ ਪੂਰਾ ਦਰਸ਼ਣ ਪੜ੍ਹੋਗੇ, ਤਾਂ ਗੌਰ ਕਰਨਾ ਕਿ ਹਿਜ਼ਕੀਏਲ ਨੇ ਵਾਰ-ਵਾਰ ਇਹੋ ਜਿਹੇ ਸ਼ਬਦ ਵਰਤੇ, ਜਿਵੇਂ ਕਿ “ਵਰਗੇ ਲੱਗਦੇ ਸਨ,” “ਵਰਗੀ ਸੀ।” (ਹਿਜ਼. 1:13, 24, 26) ਇਸ ਤੋਂ ਪਤਾ ਲੱਗਦਾ ਹੈ ਕਿ ਹਿਜ਼ਕੀਏਲ ਨੂੰ ਇਹ ਅਹਿਸਾਸ ਹੋਇਆ ਕਿ ਉਹ ਨਾ ਦਿਸਣ ਵਾਲੀਆਂ ਚੀਜ਼ਾਂ ਯਾਨੀ ਸਵਰਗ ਵਿਚਲੀਆਂ ਚੀਜ਼ਾਂ ਦੀਆਂ ਸਿਰਫ਼ ਤਸਵੀਰਾਂ ਹੀ ਦੇਖ ਰਿਹਾ ਸੀ।
4. (ੳ) ਦਰਸ਼ਣ ਦਾ ਹਿਜ਼ਕੀਏਲ ʼਤੇ ਅਸਰ ਪਿਆ? (ਅ) ਹਿਜ਼ਕੀਏਲ ਕਰੂਬੀਆਂ ਬਾਰੇ ਕਿਹੜੀ ਗੱਲ ਚੰਗੀ ਤਰ੍ਹਾਂ ਜਾਣਦਾ ਸੀ?
4 ਹਿਜ਼ਕੀਏਲ ਨੇ ਦਰਸ਼ਣ ਵਿਚ ਜੋ ਦੇਖਿਆ ਤੇ ਸੁਣਿਆ, ਉਸ ਕਰਕੇ ਉਹ ਜ਼ਰੂਰ ਦੰਗ ਰਹਿ ਗਿਆ ਹੋਣਾ। ਇਹ ਚਾਰ ਜੀਉਂਦੇ ਪ੍ਰਾਣੀ ਦੇਖਣ ਨੂੰ “ਮੱਘਦੇ ਹੋਏ ਕੋਲਿਆਂ ਵਰਗੇ ਲੱਗਦੇ ਸਨ।” ਉਹ ਇੰਨੀ ਤੇਜ਼ ਚੱਲਦੇ ਸੀ ਜਿਵੇਂ ਉਹ “ਬਿਜਲੀ ਵਾਂਗ ਅੱਗੇ ਵਧਦੇ” ਹੋਣ। ਉਨ੍ਹਾਂ ਦੇ ਖੰਭਾਂ ਦੀ ਆਵਾਜ਼ “ਤੇਜ਼ ਵਹਿੰਦੇ ਪਾਣੀਆਂ ਦੀ ਆਵਾਜ਼ ਵਰਗੀ” ਸੀ। ਨਾਲੇ “ਉਨ੍ਹਾਂ ਦੇ ਚੱਲਣ ਦੀ ਆਵਾਜ਼ ਸੈਨਾ ਦੀ ਆਵਾਜ਼ ਵਰਗੀ ਸੀ।” (ਹਿਜ਼. 1:13, 14, 24-28; ‘ਮੈਂ ਜੀਉਂਦੇ ਪ੍ਰਾਣੀਆਂ ਨੂੰ ਦੇਖ ਰਿਹਾ ਸੀ’ ਨਾਂ ਦੀ ਡੱਬੀ ਦੇਖੋ।) ਹਿਜ਼ਕੀਏਲ ਨੇ ਬਾਅਦ ਵਿਚ ਇਕ ਦਰਸ਼ਣ ਵਿਚ ਦੱਸਿਆ ਕਿ ਇਹ ਚਾਰ ਜੀਉਂਦੇ ਪ੍ਰਾਣੀ “ਕਰੂਬੀ” ਯਾਨੀ ਸ਼ਕਤੀਸ਼ਾਲੀ ਦੂਤ ਸਨ। (ਹਿਜ਼. 10:2) ਪੁਜਾਰੀਆਂ ਦੇ ਪਰਿਵਾਰ ਵਿਚ ਪਰਵਰਿਸ਼ ਹੋਣ ਕਰਕੇ ਹਿਜ਼ਕੀਏਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਕਰੂਬੀ ਯਹੋਵਾਹ ਦੀ ਹਜ਼ੂਰੀ ਵਿਚ ਰਹਿੰਦੇ ਹਨ ਅਤੇ ਉਸ ਦੀ ਸੇਵਾ ਕਰਦੇ ਹਨ।—1 ਇਤਿ. 28:18; ਜ਼ਬੂ. 18:10.
“ਹਰੇਕ ਦੇ ਚਾਰ ਮੂੰਹ ਸਨ”
5. (ੳ) ਕਰੂਬੀ ਅਤੇ ਉਨ੍ਹਾਂ ਦੇ ਚਾਰ ਮੂੰਹ ਯਹੋਵਾਹ ਦੀ ਅਪਾਰ ਮਹਿਮਾ ਤੇ ਤਾਕਤ ਨੂੰ ਕਿਵੇਂ ਦਰਸਾਉਂਦੇ ਹਨ? (ਅ) ਦਰਸ਼ਣ ਦੇ ਇਸ ਹਿੱਸੇ ਤੋਂ ਸਾਨੂੰ ਪਰਮੇਸ਼ੁਰ ਦੇ ਨਾਂ ਦਾ ਮਤਲਬ ਕਿਉਂ ਯਾਦ ਆਉਂਦਾ ਹੈ? (ਫੁਟਨੋਟ ਦੇਖੋ।)
5 ਹਿਜ਼ਕੀਏਲ 1:6, 10 ਪੜ੍ਹੋ। ਹਿਜ਼ਕੀਏਲ ਨੇ ਇਹ ਵੀ ਦੇਖਿਆ ਕਿ ਹਰੇਕ ਕਰੂਬੀ ਦੇ ਚਾਰ ਮੂੰਹ ਹਨ: ਆਦਮੀ ਦਾ, ਸ਼ੇਰ ਦਾ, ਬਲਦ ਦਾ ਅਤੇ ਉਕਾਬ ਦਾ। ਇਨ੍ਹਾਂ ਮੂੰਹਾਂ ਨੇ ਹਿਜ਼ਕੀਏਲ ਦੇ ਦਿਲ-ਦਿਮਾਗ਼ ʼਤੇ ਇਸ ਗੱਲ ਦੀ ਗਹਿਰੀ ਛਾਪ ਛੱਡੀ ਹੋਣੀ ਕਿ ਯਹੋਵਾਹ ਅਪਾਰ ਮਹਿਮਾ ਅਤੇ ਬੇਅੰਤ ਤਾਕਤ ਦਾ ਮਾਲਕ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਕਿਉਂਕਿ ਹਰ ਮੂੰਹ ਸ਼ਾਨ, ਬਲ ਅਤੇ ਤਾਕਤ ਨੂੰ ਦਰਸਾਉਂਦਾ ਹੈ। ਸ਼ੇਰ ਆਪਣੀ ਸ਼ਾਨ ਲਈ ਜਾਣਿਆ ਜਾਂਦਾ ਹੈ, ਬਲਦ ਇਕ ਬਲਵਾਨ ਪਾਲਤੂ ਜਾਨਵਰ ਹੈ, ਉਕਾਬ ਇਕ ਤਾਕਤਵਰ ਪੰਛੀ ਹੈ। ਆਦਮੀ ਧਰਤੀ ਉੱਤੇ ਯਹੋਵਾਹ ਦੀ ਸਭ ਤੋਂ ਉੱਤਮ ਰਚਨਾ ਹੈ ਜਿਸ ਨੂੰ ਧਰਤੀ ਦੇ ਸਾਰੇ ਪ੍ਰਾਣੀਆਂ ਉੱਤੇ ਅਧਿਕਾਰ ਦਿੱਤਾ ਗਿਆ ਹੈ। (ਜ਼ਬੂ. 8:4-6) ਯਹੋਵਾਹ ਦੀ ਧਰਤੀ ਉਤਲੀ ਸ੍ਰਿਸ਼ਟੀ ਦੇ ਇਹ ਚਾਰ ਤਾਕਤਵਰ ਪ੍ਰਾਣੀ ਚਾਰ ਕਰੂਬੀਆਂ ਦੇ ਮੂੰਹਾਂ ਨੂੰ ਦਰਸਾਉਂਦੇ ਹਨ। ਦਰਸ਼ਣ ਵਿਚ ਹਿਜ਼ਕੀਏਲ ਨੇ ਦੇਖਿਆ ਕਿ ਇਹ ਪ੍ਰਾਣੀ ਸਾਰੇ ਜਹਾਨ ਦੇ ਮਾਲਕ ਯਹੋਵਾਹ ਦੇ ਸਿੰਘਾਸਣ ਹੇਠ ਖੜ੍ਹੇ ਹਨ। ਕਿੰਨੇ ਹੀ ਵਧੀਆ ਤਰੀਕੇ ਨਾਲ ਦੱਸਿਆ ਗਿਆ ਕਿ ਯਹੋਵਾਹ ਆਪਣੀ ਸ੍ਰਿਸ਼ਟੀ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਵਰਤ ਸਕਦਾ ਹੈ।a ਜ਼ਬੂਰਾਂ ਦੇ ਇਕ ਲਿਖਾਰੀ ਨੇ ਯਹੋਵਾਹ ਬਾਰੇ ਸਹੀ ਕਿਹਾ ਹੈ: “ਉਸ ਦੀ ਸ਼ਾਨੋ-ਸ਼ੌਕਤ ਧਰਤੀ ਅਤੇ ਆਕਾਸ਼ ਤੋਂ ਵੀ ਉੱਪਰ ਹੈ।”—ਜ਼ਬੂ. 148:13.
6. ਹਿਜ਼ਕੀਏਲ ਕਿਹੜੀ ਗੱਲ ਦੀ ਮਦਦ ਨਾਲ ਸਮਝ ਸਕਿਆ ਕਿ ਇਹ ਚਾਰ ਮੂੰਹ ਕਿਨ੍ਹਾਂ ਨੂੰ ਦਰਸਾਉਂਦੇ ਹਨ?
6 ਦਰਸ਼ਣ ਦੇਖਣ ਤੋਂ ਕੁਝ ਸਮੇਂ ਬਾਅਦ ਜਦੋਂ ਹਿਜ਼ਕੀਏਲ ਨੇ ਇਸ ʼਤੇ ਸੋਚ-ਵਿਚਾਰ ਕੀਤਾ ਹੋਣਾ, ਤਾਂ ਉਸ ਨੂੰ ਸ਼ਾਇਦ ਯਾਦ ਆਇਆ ਹੋਣਾ ਕਿ ਪੁਰਾਣੇ ਸਮੇਂ ਦੇ ਪਰਮੇਸ਼ੁਰ ਦੇ ਸੇਵਕਾਂ ਨੇ ਵੀ ਕੁਝ ਲੋਕਾਂ ਦੀ ਸ਼ਖ਼ਸੀਅਤ ਦੀ ਤੁਲਨਾ ਜਾਨਵਰਾਂ ਨਾਲ ਕੀਤੀ ਸੀ। ਮਿਸਾਲ ਲਈ, ਯਾਕੂਬ ਨੇ ਆਪਣੇ ਪੁੱਤਰ ਯਹੂਦਾਹ ਦੀ ਤੁਲਨਾ ਸ਼ੇਰ ਨਾਲ ਅਤੇ ਆਪਣੇ ਪੁੱਤਰ ਬਿਨਯਾਮੀਨ ਦੀ ਤੁਲਨਾ ਬਘਿਆੜ ਨਾਲ ਕੀਤੀ ਸੀ। (ਉਤ. 49:9, 27) ਉਸ ਨੇ ਇਹ ਤੁਲਨਾ ਕਿਉਂ ਕੀਤੀ ਸੀ? ਕਿਉਂਕਿ ਯਹੂਦਾਹ ਅਤੇ ਬਿਨਯਾਮੀਨ ਦੋਵਾਂ ਦਾ ਸੁਭਾਅ ਅਤੇ ਗੁਣ ਸ਼ੇਰ ਤੇ ਬਘਿਆੜ ਵਰਗੇ ਹੋਣੇ ਸਨ। ਪਵਿੱਤਰ ਲਿਖਤਾਂ ਵਿਚ ਦਰਜ ਅਜਿਹੀਆਂ ਮਿਸਾਲਾਂ ʼਤੇ ਗੌਰ ਕਰ ਕੇ ਹਿਜ਼ਕੀਏਲ ਨੇ ਜ਼ਰੂਰ ਇਹ ਨਤੀਜਾ ਕੱਢਿਆ ਹੋਣਾ ਕਿ ਕਰੂਬੀਆਂ ਦੇ ਚਾਰ ਮੂੰਹ ਵੀ ਕੁਝ ਖ਼ਾਸ ਗੁਣਾਂ ਨੂੰ ਦਰਸਾਉਂਦੇ ਹਨ। ਕਿਹੜੇ ਗੁਣਾਂ ਨੂੰ?
ਯਹੋਵਾਹ ਅਤੇ ਉਸ ਦੇ ਸਵਰਗੀ ਪਰਿਵਾਰ ਦੇ ਗੁਣ
7, 8. ਕਰੂਬੀਆਂ ਦੇ ਚਾਰ ਮੂੰਹ ਕਿਹੜੇ ਗੁਣਾਂ ਨੂੰ ਦਰਸਾਉਂਦੇ ਹਨ?
7 ਹਿਜ਼ਕੀਏਲ ਦੇ ਸਮੇਂ ਤੋਂ ਪਹਿਲਾਂ ਦੇ ਬਾਈਬਲ ਦੇ ਲਿਖਾਰੀਆਂ ਨੇ ਸ਼ੇਰ, ਉਕਾਬ ਅਤੇ ਬਲਦ ਨੂੰ ਕਿਨ੍ਹਾਂ ਗੁਣਾਂ ਨੂੰ ਦਰਸਾਉਣ ਲਈ ਵਰਤਿਆ ਸੀ? ਬਾਈਬਲ ਦੇ ਇਨ੍ਹਾਂ ਸ਼ਬਦਾਂ ʼਤੇ ਗੌਰ ਕਰੋ: “ਸ਼ੇਰਦਿਲ ਤੇ ਹਿੰਮਤੀ ਆਦਮੀ।” (2 ਸਮੂ. 17:10; ਕਹਾ. 28:1) ‘ਉਕਾਬ ਉਡਾਣ ਭਰਦਾ ਹੈ’ ਅਤੇ “ਉਸ ਦੀਆਂ ਅੱਖਾਂ ਦੂਰ-ਦੂਰ ਤਕ ਦੇਖਦੀਆਂ ਹਨ।” (ਅੱਯੂ. 39:27, 29) “ਬਲਦ ਦੀ ਤਾਕਤ ਸਦਕਾ ਬਹੁਤੀ ਪੈਦਾਵਾਰ ਹੁੰਦੀ ਹੈ।” (ਕਹਾ. 14:4) ਇਨ੍ਹਾਂ ਆਇਤਾਂ ਦੇ ਆਧਾਰ ʼਤੇ ਸਾਡੇ ਪ੍ਰਕਾਸ਼ਨਾਂ ਵਿਚ ਕਈ ਵਾਰ ਸਮਝਾਇਆ ਗਿਆ ਹੈ ਕਿ ਸ਼ੇਰ ਦਾ ਮੂੰਹ ਨਿਆਂ ਨੂੰ, ਉਕਾਬ ਦਾ ਮੂੰਹ ਬੁੱਧ ਅਤੇ ਦੂਰ-ਦ੍ਰਿਸ਼ਟੀ ਨੂੰ ਅਤੇ ਬਲਦ ਦਾ ਮੂੰਹ ਜ਼ਬਰਦਸਤ ਤਾਕਤ ਨੂੰ ਦਰਸਾਉਂਦਾ ਹੈ।
8 ਪਰ ‘ਆਦਮੀ ਦਾ ਮੂੰਹ’ ਕਿਸ ਨੂੰ ਦਰਸਾਉਂਦਾ ਹੈ? (ਹਿਜ਼. 10:14) ਇਹ ਮੂੰਹ ਉਸ ਗੁਣ ਨੂੰ ਦਰਸਾਉਂਦਾ ਹੈ ਜੋ ਕਿਸੇ ਵੀ ਜਾਨਵਰ ਵਿਚ ਨਹੀਂ, ਸਗੋਂ ਸਿਰਫ਼ ਇਨਸਾਨ ਵਿਚ ਹੀ ਹੈ ਜਿਸ ਨੂੰ ਪਰਮੇਸ਼ੁਰ ਦੇ ਸਰੂਪ ʼਤੇ ਬਣਾਇਆ ਗਿਆ ਹੈ। (ਉਤ. 1:27) ਇਨਸਾਨ ਦੇ ਇਸ ਅਨੋਖੇ ਗੁਣ ਬਾਰੇ ਪਰਮੇਸ਼ੁਰ ਦੇ ਇਨ੍ਹਾਂ ਹੁਕਮਾਂ ਵਿਚ ਜ਼ੋਰ ਦਿੱਤਾ ਗਿਆ ਹੈ: ‘ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰੋ’ ਅਤੇ “ਤੁਸੀਂ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਕਰਦੇ ਹੋ।” (ਬਿਵ. 6:5; ਲੇਵੀ. 19:18) ਜਦੋਂ ਅਸੀਂ ਇਨ੍ਹਾਂ ਹੁਕਮਾਂ ਨੂੰ ਮੰਨ ਕੇ ਨਿਰਸੁਆਰਥ ਪਿਆਰ ਦਿਖਾਉਂਦੇ ਹਾਂ, ਤਾਂ ਅਸੀਂ ਯਹੋਵਾਹ ਦੀ ਰੀਸ ਕਰ ਰਹੇ ਹੁੰਦੇ ਹਾਂ। ਜਿਵੇਂ ਯੂਹੰਨਾ ਰਸੂਲ ਨੇ ਲਿਖਿਆ: “ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ।” (1 ਯੂਹੰ. 4:8, 19) ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ‘ਆਦਮੀ ਦਾ ਮੂੰਹ’ ਪਿਆਰ ਨੂੰ ਦਰਸਾਉਂਦਾ ਹੈ।
9. ਕਰੂਬੀਆਂ ਦੇ ਚਿਹਰਿਆਂ ਦੁਆਰਾ ਦਰਸਾਏ ਗੁਣ ਕਿਨ੍ਹਾਂ ਵਿਚ ਦੇਖੇ ਜਾ ਸਕਦੇ ਹਨ?
9 ਇਹ ਗੁਣ ਕਿਨ੍ਹਾਂ ਵਿਚ ਦੇਖੇ ਜਾ ਸਕਦੇ ਹਨ? ਸਾਰੇ ਵਫ਼ਾਦਾਰ ਦੂਤਾਂ ਵਿਚ। ਇਹ ਗੱਲ ਅਸੀਂ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਚਾਰੇ ਮੂੰਹ ਕਰੂਬੀਆਂ ਦੇ ਹਨ ਅਤੇ ਇਹ ਚਾਰ ਕਰੂਬੀ ਯਹੋਵਾਹ ਦੇ ਸਾਰੇ ਵਫ਼ਾਦਾਰ ਦੂਤਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨਾਲ ਪਰਮੇਸ਼ੁਰ ਦਾ ਸਵਰਗੀ ਪਰਿਵਾਰ ਬਣਿਆ ਹੈ। (ਪ੍ਰਕਾ. 5:11) ਇਨ੍ਹਾਂ ਕਰੂਬੀਆਂ ਨੂੰ ਜ਼ਿੰਦਗੀ ਦੇਣ ਵਾਲਾ ਯਹੋਵਾਹ ਹੀ ਹੈ ਅਤੇ ਇਨ੍ਹਾਂ ਵਿਚ ਜੋ ਗੁਣ ਹਨ, ਉਹ ਯਹੋਵਾਹ ਨੇ ਹੀ ਦਿੱਤੇ ਹਨ। (ਜ਼ਬੂ. 36:9) ਇਸੇ ਕਰਕੇ ਕਰੂਬੀਆਂ ਦੇ ਮੂੰਹ ਯਹੋਵਾਹ ਦੇ ਗੁਣਾਂ ਨੂੰ ਦਰਸਾਉਂਦੇ ਹਨ। (ਅੱਯੂ. 37:23; ਜ਼ਬੂ. 99:4; ਕਹਾ. 2:6; ਮੀਕਾ. 7:18) ਯਹੋਵਾਹ ਕਿਨ੍ਹਾਂ ਕੁਝ ਤਰੀਕਿਆਂ ਰਾਹੀਂ ਆਪਣੇ ਇਹ ਸ਼ਾਨਦਾਰ ਗੁਣ ਦਿਖਾਉਂਦਾ ਹੈ?
10, 11. ਯਹੋਵਾਹ ਜਿਸ ਤਰੀਕੇ ਨਾਲ ਆਪਣੇ ਚਾਰ ਮੁੱਖ ਗੁਣ ਦਿਖਾਉਂਦਾ ਹੈ, ਉਸ ਤੋਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?
10 ਨਿਆਂ। ਯਹੋਵਾਹ “ਨਿਆਂ-ਪਸੰਦ ਪਰਮੇਸ਼ੁਰ ਹੈ” ਜਿਸ ਕਰਕੇ “ਉਹ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ।” (ਜ਼ਬੂ. 37:28; ਬਿਵ. 10:17) ਇਸ ਕਰਕੇ ਚਾਹੇ ਅਸੀਂ ਅਮੀਰ ਹਾਂ ਜਾਂ ਗ਼ਰੀਬ ਜਾਂ ਕਿਸੇ ਵੀ ਪਿਛੋਕੜ ਦੇ ਹਾਂ, ਯਹੋਵਾਹ ਸਾਨੂੰ ਸਾਰਿਆਂ ਨੂੰ ਆਪਣੇ ਸੇਵਕ ਬਣਨ ਅਤੇ ਬਰਕਤਾਂ ਹਾਸਲ ਕਰਨ ਦਾ ਮੌਕਾ ਦਿੰਦਾ ਹੈ। ਬੁੱਧ। ਯਹੋਵਾਹ “ਦਿਲੋਂ ਬੁੱਧੀਮਾਨ” ਪਰਮੇਸ਼ੁਰ ਹੈ। ਉਸ ਨੇ ਸਾਨੂੰ ਅਜਿਹੀ ਕਿਤਾਬ ਦਿੱਤੀ ਹੈ ਜੋ “ਬੁੱਧ” ਦੀਆਂ ਗੱਲਾਂ ਨਾਲ ਭਰੀ ਹੋਈ ਹੈ। (ਅੱਯੂ. 9:4; ਕਹਾ. 2:7) ਬਾਈਬਲ ਦੀਆਂ ਸਲਾਹਾਂ ʼਤੇ ਚੱਲ ਕੇ ਸਾਨੂੰ ਬੁੱਧ ਮਿਲਦੀ ਹੈ ਜਿਸ ਨਾਲ ਅਸੀਂ ਹਰ ਰੋਜ਼ ਦੀਆਂ ਮੁਸ਼ਕਲਾਂ ਨਾਲ ਸਿੱਝ ਸਕਦੇ ਹਾਂ ਅਤੇ ਸਾਡੀ ਜ਼ਿੰਦਗੀ ਨੂੰ ਇਕ ਮਕਸਦ ਮਿਲਦਾ ਹੈ। ਸ਼ਕਤੀ। ਯਹੋਵਾਹ “ਬਹੁਤ ਸ਼ਕਤੀਸ਼ਾਲੀ” ਪਰਮੇਸ਼ੁਰ ਹੈ। ਉਹ ਸਾਨੂੰ ਆਪਣੀ ਪਵਿੱਤਰ ਸ਼ਕਤੀ ਨਾਲ ਜੋ ਤਾਕਤ ਦਿੰਦਾ ਹੈ, “ਉਹ ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।” ਇਸ ਤਾਕਤ ਨਾਲ ਅਸੀਂ ਔਖੇ ਤੋਂ ਔਖੇ ਅਤੇ ਦਰਦਨਾਕ ਹਾਲਾਤਾਂ ਵਿੱਚੋਂ ਸਫ਼ਲਤਾ ਨਾਲ ਲੰਘ ਸਕਦੇ ਹਾਂ।—ਨਹੂ. 1:3; 2 ਕੁਰਿੰ. 4:7; ਜ਼ਬੂ. 46:1.
11 ਪਿਆਰ। ਯਹੋਵਾਹ “ਅਟੱਲ ਪਿਆਰ ਨਾਲ ਭਰਪੂਰ ਹੈ,” ਇਸ ਲਈ ਉਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਦੇ ਨਹੀਂ ਤਿਆਗਦਾ। (ਜ਼ਬੂ. 103:8; 2 ਸਮੂ. 22:26) ਜਦੋਂ ਅਸੀਂ ਸਿਆਣੀ ਉਮਰ ਦੇ ਹੋਣ ਕਰਕੇ ਜਾਂ ਬੀਮਾਰ ਹੋਣ ਕਰਕੇ ਯਹੋਵਾਹ ਦੀ ਸੇਵਾ ਵਿਚ ਪਹਿਲਾਂ ਜਿੰਨੇ ਕੰਮ ਨਹੀਂ ਕਰ ਪਾਉਂਦੇ, ਤਾਂ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਪਰ ਸਾਨੂੰ ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਨਾ ਤਾਂ ਸਾਡੇ ਪਿਆਰ ਨੂੰ ਤੇ ਨਾ ਹੀ ਸਾਡੇ ਕੰਮਾਂ ਨੂੰ ਕਦੇ ਭੁੱਲਦਾ ਹੈ ਜੋ ਅਸੀਂ ਉਸ ਦੀ ਸੇਵਾ ਵਿਚ ਕੀਤੇ ਹਨ! (ਇਬ. 6:10) ਅਸੀਂ ਇਹ ਗੱਲ ਪੂਰੇ ਯਕੀਨ ਕਹਿ ਸਕਦੇ ਹਾਂ ਕਿ ਸਾਨੂੰ ਯਹੋਵਾਹ ਦੇ ਨਿਆਂ, ਬੁੱਧ, ਸ਼ਕਤੀ ਅਤੇ ਪਿਆਰ ਤੋਂ ਬਹੁਤ ਫ਼ਾਇਦਾ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਫ਼ਾਇਦਾ ਹੁੰਦਾ ਰਹੇਗਾ।
12. ਯਹੋਵਾਹ ਦੇ ਗੁਣਾਂ ਦੀ ਸਮਝ ਹਾਸਲ ਕਰਦੇ ਹੋਏ ਸਾਨੂੰ ਆਪਣੇ ਬਾਰੇ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
12 ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਨਸਾਨ ਹੋਣ ਦੇ ਨਾਤੇ ਯਹੋਵਾਹ ਦੇ ਗੁਣਾਂ ਬਾਰੇ ਅਸੀਂ ਜਿੰਨਾ ਵੀ ਸਮਝ ਸਕਦੇ ਹਾਂ, ਉਹ ਤਾਂ ਬੱਸ “ਇਕ ਝਲਕ ਹੀ” ਹੋਵੇਗੀ। (ਅੱਯੂ. 26:14) “ਸਰਬਸ਼ਕਤੀਮਾਨ ਨੂੰ ਸਮਝਣਾ ਸਾਡੇ ਵੱਸ ਤੋਂ ਬਾਹਰ ਹੈ” ਕਿਉਂਕਿ “ਉਸ ਦੀ ਮਹਾਨਤਾ ਅਥਾਹ ਹੈ।” (ਅੱਯੂ. 37:23; ਜ਼ਬੂ. 145:3) ਅਸੀਂ ਇਹ ਗੱਲ ਜਾਣਦੇ ਹਾਂ ਕਿ ਯਹੋਵਾਹ ਵਿਚ ਬੇਸ਼ੁਮਾਰ ਗੁਣ ਹਨ ਅਤੇ ਅਸੀਂ ਇਨ੍ਹਾਂ ਨੂੰ ਅਲੱਗ ਨਹੀਂ ਕਰ ਸਕਦੇ ਕਿਉਂਕਿ ਸਾਰੇ ਗੁਣ ਇਕ-ਦੂਸਰੇ ਨਾਲ ਜੁੜੇ ਹੋਏ ਹਨ। (ਰੋਮੀਆਂ 11:33, 34 ਪੜ੍ਹੋ।) ਦਰਅਸਲ ਹਿਜ਼ਕੀਏਲ ਦੇ ਦਰਸ਼ਣ ਤੋਂ ਵੀ ਇਹ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਗੁਣਾਂ ਦੀ ਨਾ ਤਾਂ ਕੋਈ ਗਿਣਤੀ ਹੈ ਤੇ ਨਾ ਕੋਈ ਹੱਦ। (ਜ਼ਬੂ. 139:17, 18) ਦਰਸ਼ਣ ਦੇ ਕਿਸ ਹਿੱਸੇ ਤੋਂ ਇਹ ਅਹਿਮ ਸੱਚਾਈ ਪਤਾ ਲੱਗਦੀ ਹੈ?
“ਚਾਰ ਮੂੰਹ . . . ਚਾਰ ਖੰਭ . . . ਚਾਰ ਪਾਸੇ”
13, 14. ਕਰੂਬੀਆਂ ਦੇ ਚਾਰ ਮੂੰਹ ਕਿਸ ਨੂੰ ਦਰਸਾਉਂਦੇ ਸਨ ਅਤੇ ਅਸੀਂ ਇਹ ਗੱਲ ਕਿਵੇਂ ਕਹਿ ਸਕਦੇ ਹਾਂ?
13 ਹਿਜ਼ਕੀਏਲ ਨੇ ਦਰਸ਼ਣ ਵਿਚ ਦੇਖਿਆ ਕਿ ਹਰੇਕ ਕਰੂਬੀ ਦਾ ਇਕ ਨਹੀਂ, ਸਗੋਂ ਚਾਰ ਮੂੰਹ ਸਨ। ਇਸ ਤੋਂ ਕੀ ਪਤਾ ਲੱਗਦਾ ਹੈ? ਯਾਦ ਕਰੋ ਕਿ ਪਰਮੇਸ਼ੁਰ ਦੇ ਬਚਨ ਵਿਚ ਚਾਰ ਨੰਬਰ ਸੰਪੂਰਣਤਾ ਨੂੰ ਦਰਸਾਉਂਦਾ ਹੈ। (ਯਸਾ. 11:12; ਮੱਤੀ 24:31; ਪ੍ਰਕਾ. 7:1) ਗੌਰ ਕਰੋ ਕਿ ਹਿਜ਼ਕੀਏਲ ਨੇ ਇਸ ਦਰਸ਼ਣ ਵਿਚ ਨੰਬਰ ਚਾਰ ਕਈ ਵਾਰ ਵਰਤਿਆ ਹੈ। (ਹਿਜ਼. 1:5-18) ਇਸ ਤੋਂ ਅਸੀਂ ਕੀ ਸਿੱਟਾ ਕੱਢ ਸਕਦੇ ਹਾਂ? ਜਿਵੇਂ ਚਾਰ ਕਰੂਬੀ ਯਹੋਵਾਹ ਦੇ ਸਾਰੇ ਵਫ਼ਾਦਾਰ ਦੂਤਾਂ ਨੂੰ ਦਰਸਾਉਂਦੇ ਹਨ, ਉਸੇ ਤਰ੍ਹਾਂ ਕਰੂਬੀਆਂ ਦੇ ਚਾਰ ਮੂੰਹ ਮਿਲ ਕੇ ਯਹੋਵਾਹ ਦੇ ਸਾਰੇ ਗੁਣਾਂ ਨੂੰ ਦਰਸਾਉਂਦੇ ਹਨ।b
14 ਇਸ ਗੱਲ ਨੂੰ ਸਮਝਣ ਲਈ ਕਿ ਹਰ ਕਰੂਬੀ ਦੇ ਚਾਰ ਮੂੰਹ ਯਹੋਵਾਹ ਦੇ ਚਾਰ ਤੋਂ ਜ਼ਿਆਦਾ ਗੁਣਾਂ ਨੂੰ ਦਰਸਾਉਂਦੇ ਹਨ, ਆਓ ਆਪਾਂ ਦਰਸ਼ਣ ਵਿਚ ਦਿਖਾਏ ਰਥ ਦੇ ਚਾਰ ਪਹੀਆਂ ʼਤੇ ਗੌਰ ਕਰੀਏ। ਹਰੇਕ ਪਹੀਆ ਸ਼ਾਨਦਾਰ ਹੈ, ਪਰ ਹਰੇਕ ਪਹੀਏ ਦੀ ਆਪਣੀ ਕੋਈ ਅਲੱਗ ਪਛਾਣ ਨਹੀਂ ਹੈ। ਇਸ ਦੀ ਬਜਾਇ, ਇਹ ਚਾਰੇ ਮਿਲ ਕੇ ਰਥ ਦੀ ਨੀਂਹ ਬਣਦੇ ਹਨ ਜਿਸ ʼਤੇ ਰਥ ਟਿਕਿਆ ਹੋਇਆ ਹੈ। ਇਸੇ ਤਰ੍ਹਾਂ ਕਰੂਬੀਆਂ ਦੇ ਚਾਰ ਮੂੰਹ ਯਹੋਵਾਹ ਦੇ ਚਾਰ ਗੁਣਾਂ ਨੂੰ ਹੀ ਨਹੀਂ ਦਰਸਾਉਂਦੇ, ਸਗੋਂ ਇਹ ਉਸ ਦੀ ਪੂਰੀ ਸ਼ਖ਼ਸੀਅਤ ਦੀ ਨੀਂਹ ਹਨ ਯਾਨੀ ਇਹ ਗੁਣ ਉਸ ਦੇ ਸਾਰੇ ਗੁਣਾਂ ਵਿਚ ਨਜ਼ਰ ਆਉਂਦੇ ਹਨ।
ਯਹੋਵਾਹ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਦੇ ਨੇੜੇ ਹੈ
15. ਪਹਿਲੇ ਦਰਸ਼ਣ ਤੋਂ ਹਿਜ਼ਕੀਏਲ ਨੂੰ ਕਿਹੜੀ ਹੌਸਲਾ ਦੇਣ ਵਾਲੀ ਗੱਲ ਪਤਾ ਲੱਗੀ?
15 ਹਿਜ਼ਕੀਏਲ ਨੂੰ ਪਹਿਲੇ ਦਰਸ਼ਣ ਤੋਂ ਯਹੋਵਾਹ ਨਾਲ ਆਪਣੇ ਰਿਸ਼ਤੇ ਬਾਰੇ ਇਕ ਅਹਿਮ ਸੱਚਾਈ ਪਤਾ ਲੱਗੀ ਜਿਸ ਤੋਂ ਉਸ ਨੂੰ ਹੌਸਲਾ ਮਿਲਿਆ। ਇਹ ਸੱਚਾਈ ਹਿਜ਼ਕੀਏਲ ਦੀ ਕਿਤਾਬ ਦੇ ਸ਼ੁਰੂਆਤੀ ਸ਼ਬਦਾਂ ਤੋਂ ਪਤਾ ਲੱਗਦੀ ਹੈ। ਇਹ ਕਹਿਣ ਤੋਂ ਬਾਅਦ ਕਿ ਉਹ “ਕਸਦੀਆਂ ਦੇ ਦੇਸ਼ ਵਿਚ” ਸੀ, ਉਸ ਨੇ ਦੱਸਿਆ: “ਉੱਥੇ ਯਹੋਵਾਹ ਦੀ ਸ਼ਕਤੀ ਉਸ ਉੱਤੇ ਆਈ।” (ਹਿਜ਼. 1:3) ਗੌਰ ਕਰੋ ਕਿ ਹਿਜ਼ਕੀਏਲ ਨੇ ਦੱਸਿਆ ਕਿ ਉਸ ਨੇ ਇਹ ਦਰਸ਼ਣ ਉੱਥੇ ਯਾਨੀ ਬਾਬਲ ਵਿਚ ਦੇਖਿਆ, ਨਾ ਕਿ ਯਰੂਸ਼ਲਮ ਵਿਚ।c ਇਸ ਤੋਂ ਹਿਜ਼ਕੀਏਲ ਨੂੰ ਕੀ ਪਤਾ ਲੱਗਾ? ਉਸ ਨੂੰ ਪਤਾ ਲੱਗਾ ਕਿ ਚਾਹੇ ਉਹ ਯਰੂਸ਼ਲਮ ਅਤੇ ਇਸ ਦੇ ਮੰਦਰ ਤੋਂ ਬਹੁਤ ਦੂਰ ਗ਼ੁਲਾਮੀ ਵਿਚ ਸੀ, ਪਰ ਉਹ ਯਹੋਵਾਹ ਤੋਂ ਦੂਰ ਨਹੀਂ ਸੀ ਅਤੇ ਉਹ ਉਸ ਦੀ ਭਗਤੀ ਕਰ ਸਕਦਾ ਸੀ। ਯਹੋਵਾਹ ਨੇ ਹਿਜ਼ਕੀਏਲ ਨੂੰ ਬਾਬਲ ਵਿਚ ਆਪਣਾ ਦਰਸ਼ਣ ਦਿਖਾ ਕੇ ਇਹ ਗੱਲ ਜ਼ਾਹਰ ਕੀਤੀ ਕਿ ਸ਼ੁੱਧ ਭਗਤੀ ਕਰਨ ਲਈ ਹਿਜ਼ਕੀਏਲ ਨੂੰ ਕਿਸੇ ਖ਼ਾਸ ਜਗ੍ਹਾ ʼਤੇ ਹੋਣ ਦੀ ਲੋੜ ਨਹੀਂ ਸੀ ਤੇ ਨਾ ਹੀ ਇਹ ਗੱਲ ਮਾਅਨੇ ਰੱਖਦੀ ਸੀ ਕਿ ਉਹ ਗ਼ੁਲਾਮੀ ਵਿਚ ਸੀ। ਇਸ ਦੀ ਬਜਾਇ, ਸ਼ੁੱਧ ਭਗਤੀ ਕਰਨ ਲਈ ਜ਼ਰੂਰੀ ਸੀ ਕਿ ਉਸ ਦਾ ਦਿਲ ਚੰਗਾ ਹੋਵੇ ਅਤੇ ਉਸ ਵਿਚ ਪਰਮੇਸ਼ੁਰ ਦੀ ਸੇਵਾ ਕਰਨ ਦੀ ਇੱਛਾ ਹੋਵੇ।
16. (ੳ) ਹਿਜ਼ਕੀਏਲ ਦੇ ਦਰਸ਼ਣ ਤੋਂ ਸਾਨੂੰ ਕੀ ਦਿਲਾਸਾ ਮਿਲਦਾ ਹੈ? (ਅ) ਕਿਹੜੀ ਗੱਲ ਤੁਹਾਨੂੰ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਹੈ?
16 ਹਿਜ਼ਕੀਏਲ ਨੇ ਜੋ ਸੱਚਾਈ ਸਿੱਖੀ, ਉਸ ਤੋਂ ਅੱਜ ਸਾਨੂੰ ਵੀ ਦਿਲਾਸਾ ਮਿਲਦਾ ਹੈ। ਸਾਡਾ ਭਰੋਸਾ ਵਧਦਾ ਹੈ ਕਿ ਜੇ ਅਸੀਂ ਯਹੋਵਾਹ ਦੀ ਸੇਵਾ ਪੂਰੇ ਦਿਲ ਨਾਲ ਕਰਦੇ ਹਾਂ, ਤਾਂ ਉਹ ਸਾਡੇ ਨੇੜੇ ਰਹਿੰਦਾ ਹੈ, ਫਿਰ ਚਾਹੇ ਅਸੀਂ ਕਿਤੇ ਵੀ ਰਹਿੰਦੇ ਹੋਈਏ, ਜਿੰਨੇ ਮਰਜ਼ੀ ਨਿਰਾਸ਼ ਮਹਿਸੂਸ ਕਰਦੇ ਹੋਈਏ ਜਾਂ ਜਿਹੜੇ ਮਰਜ਼ੀ ਹਾਲਾਤਾਂ ਵਿੱਚੋਂ ਲੰਘ ਰਹੇ ਹੋਈਏ। (ਜ਼ਬੂ. 25:14; ਰਸੂ. 17:27) ਯਹੋਵਾਹ ਆਪਣੇ ਹਰ ਸੇਵਕ ਨਾਲ ਅਟੱਲ ਪਿਆਰ ਕਰਦਾ ਹੈ, ਇਸ ਕਰਕੇ ਉਹ ਸਾਰਿਆਂ ਨਾਲ ਬਹੁਤ ਧੀਰਜ ਨਾਲ ਪੇਸ਼ ਆਉਂਦਾ ਹੈ। (ਕੂਚ 34:6) ਇਸ ਲਈ ਕੋਈ ਵੀ ਚੀਜ਼ ਯਹੋਵਾਹ ਨੂੰ ਸਾਡੇ ਨਾਲ ਅਟੱਲ ਪਿਆਰ ਕਰਨ ਤੋਂ ਰੋਕ ਨਹੀਂ ਸਕਦੀ। (ਜ਼ਬੂ. 100:5; ਰੋਮੀ. 8:35-39) ਇਸ ਤੋਂ ਇਲਾਵਾ, ਇਸ ਸ਼ਾਨਦਾਰ ਦਰਸ਼ਣ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਪਵਿੱਤਰ ਹੈ ਅਤੇ ਉਹ ਬੇਅੰਤ ਤਾਕਤ ਦਾ ਮਾਲਕ ਹੈ, ਇਸ ਲਈ ਸਿਰਫ਼ ਉਹੀ ਸਾਡੀ ਭਗਤੀ ਦਾ ਹੱਕਦਾਰ ਹੈ। (ਪ੍ਰਕਾ. 4:9-11) ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਅਜਿਹੇ ਦਰਸ਼ਣਾਂ ਰਾਹੀਂ ਸਾਨੂੰ ਆਪਣੇ ਬਾਰੇ ਅਤੇ ਆਪਣੇ ਗੁਣਾਂ ਬਾਰੇ ਅਹਿਮ ਸੱਚਾਈਆਂ ਸਮਝਾਈਆਂ ਹਨ! ਯਹੋਵਾਹ ਦੇ ਸ਼ਾਨਦਾਰ ਗੁਣਾਂ ਬਾਰੇ ਚੰਗੀ ਤਰ੍ਹਾਂ ਜਾਣ ਕੇ ਅਸੀਂ ਉਸ ਦੇ ਹੋਰ ਨੇੜੇ ਹੁੰਦੇ ਹਾਂ ਅਤੇ ਆਪਣੇ ਪੂਰੇ ਦਿਲ ਤੇ ਆਪਣੀ ਪੂਰੀ ਤਾਕਤ ਨਾਲ ਉਸ ਦੀ ਮਹਿਮਾ ਤੇ ਸੇਵਾ ਕਰਨ ਲਈ ਪ੍ਰੇਰਿਤ ਹੁੰਦੇ ਹਾਂ।—ਲੂਕਾ 10:27.
17. ਅਗਲੇ ਅਧਿਆਵਾਂ ਵਿਚ ਅਸੀਂ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
17 ਦੁੱਖ ਦੀ ਗੱਲ ਹੈ ਕਿ ਹਿਜ਼ਕੀਏਲ ਦੇ ਦਿਨਾਂ ਵਿਚ ਲੋਕਾਂ ਨੇ ਸ਼ੁੱਧ ਭਗਤੀ ਕਰਨੀ ਛੱਡ ਦਿੱਤੀ ਸੀ। ਇਸ ਦਾ ਕੀ ਕਾਰਨ ਸੀ? ਇਹ ਦੇਖ ਕੇ ਯਹੋਵਾਹ ਨੇ ਕੀ ਕੀਤਾ? ਉਸ ਸਮੇਂ ਵਾਪਰੀਆਂ ਘਟਨਾਵਾਂ ਦਾ ਸਾਡੇ ਨਾਲ ਕੀ ਸੰਬੰਧ ਹੈ? ਇਨ੍ਹਾਂ ਸਵਾਲਾਂ ʼਤੇ ਅਸੀਂ ਅਗਲੇ ਅਧਿਆਵਾਂ ਵਿਚ ਗੌਰ ਕਰਾਂਗੇ।
a ਹਿਜ਼ਕੀਏਲ ਨੇ ਇਨ੍ਹਾਂ ਪ੍ਰਾਣੀਆਂ ਬਾਰੇ ਜੋ ਦੱਸਿਆ, ਉਸ ਤੋਂ ਸਾਨੂੰ ਪਰਮੇਸ਼ੁਰ ਦੇ ਨਾਂ ਯਹੋਵਾਹ ਦਾ ਮਤਲਬ ਯਾਦ ਆਉਂਦਾ ਹੈ। ਉਸ ਦੇ ਨਾਂ ਦਾ ਮਤਲਬ ਹੈ, “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ।” ਉਸ ਦੇ ਨਾਂ ਦੇ ਮਤਲਬ ਵਿਚ ਇਹ ਵੀ ਸ਼ਾਮਲ ਹੈ ਕਿ ਉਹ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਸ੍ਰਿਸ਼ਟੀ ਤੋਂ ਕੁਝ ਵੀ ਕਰਵਾ ਸਕਦਾ ਹੈ।—ਨਵੀਂ ਦੁਨੀਆਂ ਅਨੁਵਾਦ ਵਿਚ ਵਧੇਰੇ ਜਾਣਕਾਰੀ 1.4 ਦੇਖੋ।
b ਸਾਲਾਂ ਦੌਰਾਨ ਸਾਡੇ ਪ੍ਰਕਾਸ਼ਨਾਂ ਵਿਚ ਯਹੋਵਾਹ ਦੇ ਤਕਰੀਬਨ 50 ਗੁਣਾਂ ਬਾਰੇ ਚਰਚਾ ਕੀਤੀ ਗਈ ਹੈ।—ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿਚ “ਯਹੋਵਾਹ” ਅਤੇ “ਯਹੋਵਾਹ ਦੇ ਗੁਣ” ਹੇਠਾਂ ਦੇਖੋ।
c ਬਾਈਬਲ ਦੇ ਇਕ ਵਿਦਵਾਨ ਦੇ ਮੁਤਾਬਕ ‘ਸ਼ਬਦ “ਉੱਥੇ” ਤੋਂ ਪਤਾ ਚੱਲਦਾ ਹੈ ਕਿ ਹਿਜ਼ਕੀਏਲ ਕਿੰਨਾ ਹੈਰਾਨ ਹੋਇਆ ਹੋਣਾ ਕਿ ਪਰਮੇਸ਼ੁਰ ਉੱਥੇ ਯਾਨੀ ਬਾਬਲ ਵਿਚ ਉਸ ਦੇ ਨਾਲ ਸੀ। . . . ਇਸ ਗੱਲ ਤੋਂ ਉਸ ਨੂੰ ਕਿੰਨਾ ਦਿਲਾਸਾ ਮਿਲਿਆ ਹੋਣਾ!’