-
“ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਜੀਵਨ ਹੋਵੇਗਾ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
ਅਧਿਆਇ 19
“ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਜੀਵਨ ਹੋਵੇਗਾ”
ਮੁੱਖ ਗੱਲ: ਮੰਦਰ ਤੋਂ ਵਗਣ ਵਾਲੀ ਨਦੀ ਦੀ ਭਵਿੱਖਬਾਣੀ ਪੁਰਾਣੇ ਜ਼ਮਾਨੇ ਵਿਚ ਕਿਵੇਂ ਪੂਰੀ ਹੋਈ, ਅੱਜ ਕਿਵੇਂ ਪੂਰੀ ਹੋ ਰਹੀ ਹੈ ਤੇ ਭਵਿੱਖ ਵਿਚ ਕਿਵੇਂ ਪੂਰੀ ਹੋਵੇਗੀ
1, 2. ਹਿਜ਼ਕੀਏਲ 47:1-12 ਮੁਤਾਬਕ ਹਿਜ਼ਕੀਏਲ ਨੇ ਕੀ ਦੇਖਿਆ ਅਤੇ ਉਸ ਨੂੰ ਕੀ ਪਤਾ ਲੱਗਾ? (ਪਹਿਲੀ ਤਸਵੀਰ ਦੇਖੋ।)
ਹਿਜ਼ਕੀਏਲ ਮੰਦਰ ਵਿਚ ਇਕ ਹੋਰ ਅਨੋਖੀ ਚੀਜ਼ ਦੇਖਦਾ ਹੈ। ਇਸ ਪਵਿੱਤਰ ਭਵਨ ਤੋਂ ਪਾਣੀ ਦਾ ਚਸ਼ਮਾ ਵਹਿ ਰਿਹਾ ਹੈ ਜਿਸ ਦਾ ਪਾਣੀ ਬਲੌਰ ਜਿੰਨਾ ਸਾਫ਼ ਹੈ। ਕਲਪਨਾ ਕਰੋ ਕਿ ਹਿਜ਼ਕੀਏਲ ਉਸ ਵਹਿੰਦੇ ਪਾਣੀ ਦੇ ਨਾਲ-ਨਾਲ ਚੱਲ ਰਿਹਾ ਹੈ। (ਹਿਜ਼ਕੀਏਲ 47:1-12 ਪੜ੍ਹੋ।) ਇਹ ਚਸ਼ਮਾ ਮੰਦਰ ਦੀ ਦਹਿਲੀਜ਼ ਤੋਂ ਵਹਿਣਾ ਸ਼ੁਰੂ ਹੁੰਦਾ ਹੈ ਅਤੇ ਇਸ ਚਸ਼ਮੇ ਵਿਚ ਥੋੜ੍ਹਾ ਹੀ ਪਾਣੀ ਹੈ। ਫਿਰ ਇਹ ਮੰਦਰ ਦੇ ਪੂਰਬੀ ਦਰਵਾਜ਼ੇ ਤੋਂ ਹੁੰਦਾ ਹੋਇਆ ਵਗਦਾ ਹੈ। ਹਿਜ਼ਕੀਏਲ ਨੂੰ ਮੰਦਰ ਦਿਖਾਉਣ ਵਾਲਾ ਦੂਤ ਉਸ ਨੂੰ ਮੰਦਰ ਤੋਂ ਦੂਰ ਲੈ ਜਾਂਦਾ ਹੈ। ਜਿਉਂ-ਜਿਉਂ ਉਹ ਮੰਦਰ ਤੋਂ ਦੂਰ ਜਾ ਰਹੇ ਹਨ, ਦੂਤ ਦੂਰੀ ਨੂੰ ਮਾਪਦਾ ਜਾਂਦਾ ਹੈ ਅਤੇ ਹਿਜ਼ਕੀਏਲ ਨੂੰ ਵਾਰ-ਵਾਰ ਪਾਣੀ ਵਿੱਚੋਂ ਦੀ ਲੰਘਣ ਨੂੰ ਕਹਿੰਦਾ ਹੈ। ਹਿਜ਼ਕੀਏਲ ਦੇਖਦਾ ਹੈ ਕਿ ਪਾਣੀ ਡੂੰਘਾ ਹੁੰਦਾ ਜਾਂਦਾ ਹੈ। ਅੱਗੇ ਚੱਲ ਕੇ ਇਹ ਪਾਣੀ ਇਕ ਨਦੀ ਬਣ ਜਾਂਦਾ ਹੈ ਅਤੇ ਹਿਜ਼ਕੀਏਲ ਨੂੰ ਇਹ ਨਦੀ ਤੁਰ ਕੇ ਨਹੀਂ, ਸਗੋਂ ਤੈਰ ਕੇ ਪਾਰ ਕਰਨੀ ਪੈਣੀ!
2 ਦੂਤ ਹਿਜ਼ਕੀਏਲ ਨੂੰ ਦੱਸਦਾ ਹੈ ਕਿ ਇਹ ਨਦੀ ਮ੍ਰਿਤ ਸਾਗਰ ਵਿਚ ਜਾ ਮਿਲੇਗੀ ਤੇ ਉਸ ਦੇ ਖਾਰੇ ਪਾਣੀ ਨੂੰ ਮਿੱਠਾ ਕਰ ਦੇਵੇਗੀ ਜਿਸ ਕਰਕੇ ਉਹ ਮੱਛੀਆਂ ਨਾਲ ਭਰ ਜਾਵੇਗਾ। ਹਿਜ਼ਕੀਏਲ ਦੇਖਦਾ ਹੈ ਕਿ ਨਦੀ ਦੇ ਦੋਹਾਂ ਪਾਸਿਆਂ ʼਤੇ ਹਰ ਤਰ੍ਹਾਂ ਦੇ ਦਰਖ਼ਤ ਲੱਗੇ ਹੋਏ ਹਨ। ਹਰ ਮਹੀਨੇ ਉਨ੍ਹਾਂ ਨੂੰ ਨਵੇਂ ਫਲ ਲੱਗਦੇ ਹਨ ਤੇ ਉਨ੍ਹਾਂ ਦੇ ਪੱਤੇ ਇਲਾਜ ਲਈ ਵਰਤੇ ਜਾਂਦੇ ਹਨ। ਇਹ ਸਭ ਦੇਖ ਕੇ ਹਿਜ਼ਕੀਏਲ ਨੂੰ ਮਨ ਦੀ ਸ਼ਾਂਤੀ ਤੇ ਉਮੀਦ ਮਿਲੀ ਹੋਣੀ। ਪਰ ਹਿਜ਼ਕੀਏਲ ਨੇ ਦਰਸ਼ਣ ਵਿਚ ਜੋ ਨਦੀ ਦੇਖੀ, ਉਹ ਉਸ ਲਈ ਤੇ ਬਾਕੀ ਗ਼ੁਲਾਮ ਯਹੂਦੀਆਂ ਲਈ ਕੀ ਮਾਅਨੇ ਰੱਖਦੀ ਸੀ? ਇਹ ਅੱਜ ਸਾਡੇ ਲਈ ਕੀ ਮਾਅਨੇ ਰੱਖਦੀ ਹੈ?
ਦਰਸ਼ਣ ਵਿਚਲੀ ਨਦੀ ਗ਼ੁਲਾਮ ਯਹੂਦੀਆਂ ਲਈ ਕੀ ਮਾਅਨੇ ਰੱਖਦੀ ਸੀ?
3. ਪੁਰਾਣੇ ਜ਼ਮਾਨੇ ਦੇ ਯਹੂਦੀ ਕਿਉਂ ਸਮਝ ਗਏ ਹੋਣੇ ਕਿ ਦਰਸ਼ਣ ਵਿਚਲੀ ਨਦੀ ਕੋਈ ਸੱਚ-ਮੁੱਚ ਦੀ ਨਦੀ ਨਹੀਂ ਸੀ?
3 ਪੁਰਾਣੇ ਜ਼ਮਾਨੇ ਦੇ ਯਹੂਦੀਆਂ ਨੇ ਇਹ ਨਹੀਂ ਸੋਚਿਆ ਹੋਣਾ ਕਿ ਦਰਸ਼ਣ ਵਿਚਲੀ ਨਦੀ ਸੱਚ-ਮੁੱਚ ਦੀ ਕਿਸੇ ਨਦੀ ਨੂੰ ਦਰਸਾਉਂਦੀ ਸੀ। ਇਸ ਦੀ ਬਜਾਇ, ਉਨ੍ਹਾਂ ਨੂੰ ਬਹਾਲੀ ਬਾਰੇ ਇਕ ਹੋਰ ਭਵਿੱਖਬਾਣੀ ਯਾਦ ਆਈ ਹੋਣੀ ਜੋ 200 ਤੋਂ ਜ਼ਿਆਦਾ ਸਾਲ ਪਹਿਲਾਂ ਯੋਏਲ ਨਬੀ ਨੇ ਕੀਤੀ ਸੀ। (ਯੋਏਲ 3:18 ਪੜ੍ਹੋ।) ਜਦੋਂ ਗ਼ੁਲਾਮ ਯਹੂਦੀ ਯੋਏਲ ਦੀ ਭਵਿੱਖਬਾਣੀ ਪੜ੍ਹਦੇ ਹੋਣੇ, ਤਾਂ ਉਨ੍ਹਾਂ ਨੇ ਇਹ ਨਹੀਂ ਸੋਚਿਆ ਹੋਣਾ ਕਿ ਪਹਾੜਾਂ ਤੋਂ ਸੱਚ-ਮੁੱਚ “ਮਿੱਠਾ ਦਾਖਰਸ ਚੋਵੇਗਾ,” ਪਹਾੜੀਆਂ ਵਿੱਚੋਂ “ਦੁੱਧ ਵਹੇਗਾ” ਅਤੇ “ਯਹੋਵਾਹ ਦੇ ਘਰ ਤੋਂ ਪਾਣੀ ਦਾ ਚਸ਼ਮਾ ਫੁੱਟੇਗਾ।” ਇਸੇ ਤਰ੍ਹਾਂ ਯਹੂਦੀ ਸਮਝ ਗਏ ਹੋਣੇ ਕਿ ਹਿਜ਼ਕੀਏਲ ਦੇ ਦਰਸ਼ਣ ਵਿਚਲੀ ਨਦੀ ਕੋਈ ਸੱਚ-ਮੁੱਚ ਦੀ ਨਦੀ ਨਹੀਂ ਸੀ।a ਤਾਂ ਫਿਰ, ਉਸ ਦਰਸ਼ਣ ਰਾਹੀਂ ਯਹੋਵਾਹ ਕਿਹੜਾ ਸੰਦੇਸ਼ ਦੇਣਾ ਚਾਹੁੰਦਾ ਸੀ? ਬਾਈਬਲ ਤੋਂ ਅਸੀਂ ਸਾਫ਼-ਸਾਫ਼ ਜਾਣ ਸਕਦੇ ਹਾਂ ਕਿ ਦਰਸ਼ਣ ਦੀਆਂ ਕੁਝ ਗੱਲਾਂ ਦਾ ਕੀ ਮਤਲਬ ਹੈ। ਆਓ ਆਪਾਂ ਅਜਿਹੀਆਂ ਤਿੰਨ ਗੱਲਾਂ ʼਤੇ ਗੌਰ ਕਰੀਏ ਜਿਨ੍ਹਾਂ ਤੋਂ ਸਾਨੂੰ ਹੌਸਲਾ ਮਿਲ ਸਕਦਾ ਹੈ।
4. (ੳ) ਨਦੀ ਦੇ ਦਰਸ਼ਣ ਬਾਰੇ ਜਾਣ ਕੇ ਯਹੂਦੀਆਂ ਨੇ ਕਿਹੜੀਆਂ ਬਰਕਤਾਂ ਪਾਉਣ ਦੀ ਉਮੀਦ ਰੱਖੀ ਹੋਣੀ? (ਅ) ਬਾਈਬਲ ਵਿਚ ਵਰਤੇ ਸ਼ਬਦ “ਨਦੀ” ਅਤੇ “ਪਾਣੀ” ਸਾਨੂੰ ਕਿਵੇਂ ਭਰੋਸਾ ਦਿਵਾਉਂਦੇ ਹਨ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਰਕਤਾਂ ਦੇਵੇਗਾ? (“ਯਹੋਵਾਹ ਤੋਂ ਬਰਕਤਾਂ ਦੀਆਂ ਨਦੀਆਂ” ਨਾਂ ਦੀ ਡੱਬੀ ਦੇਖੋ।)
4 ਬਰਕਤਾਂ ਦੀ ਨਦੀ। ਬਾਈਬਲ ਦੀਆਂ ਆਇਤਾਂ ਵਿਚ ਅਕਸਰ ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ਬਾਰੇ ਦੱਸਣ ਲਈ ਪਾਣੀ ਅਤੇ ਨਦੀਆਂ ਦੀ ਮਿਸਾਲ ਦਿੱਤੀ ਜਾਂਦੀ ਹੈ। ਹਿਜ਼ਕੀਏਲ ਨੇ ਅਜਿਹੀ ਇਕ ਨਦੀ ਦੇਖੀ ਸੀ ਜੋ ਮੰਦਰ ਤੋਂ ਵਹਿੰਦੀ ਸੀ। ਯਹੂਦੀ ਇਸ ਨਦੀ ਦਾ ਮਤਲਬ ਸਮਝ ਗਏ ਹੋਣੇ ਕਿ ਯਹੋਵਾਹ ਉਨ੍ਹਾਂ ਨੂੰ ਉਦੋਂ ਤਕ ਬਰਕਤਾਂ ਦਿੰਦਾ ਰਹੇਗਾ ਜਦ ਤਕ ਉਹ ਸ਼ੁੱਧ ਭਗਤੀ ਕਰਦੇ ਰਹਿਣਗੇ। ਕਿਹੜੀਆਂ ਬਰਕਤਾਂ? ਇਕ ਤਾਂ ਇਹ ਕਿ ਪੁਜਾਰੀ ਉਨ੍ਹਾਂ ਨੂੰ ਫਿਰ ਤੋਂ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖਿਆ ਦੇਣਗੇ। ਨਾਲੇ ਜਦੋਂ ਉਹ ਮੰਦਰ ਵਿਚ ਦੁਬਾਰਾ ਬਲ਼ੀਆਂ ਚੜ੍ਹਾਉਣਗੇ, ਤਾਂ ਉਨ੍ਹਾਂ ਨੂੰ ਭਰੋਸਾ ਹੋਵੇਗਾ ਕਿ ਯਹੋਵਾਹ ਨੇ ਉਨ੍ਹਾਂ ਦੇ ਪਾਪ ਮਾਫ਼ ਕਰ ਦਿੱਤੇ ਹਨ। (ਹਿਜ਼. 44:15, 23; 45:17) ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਦੁਬਾਰਾ ਸ਼ੁੱਧ ਹੋ ਜਾਣਗੇ, ਜਿਵੇਂ ਉਨ੍ਹਾਂ ਨੂੰ ਮੰਦਰ ਵਿੱਚੋਂ ਵਹਿੰਦੇ ਸ਼ੁੱਧ ਪਾਣੀ ਨਾਲ ਧੋਤਾ ਗਿਆ ਹੋਵੇ।
5. ਨਦੀ ਬਾਰੇ ਜਾਣ ਕੇ ਯਹੂਦੀਆਂ ਦੀਆਂ ਚਿੰਤਾਵਾਂ ਕਿਉਂ ਦੂਰ ਹੋ ਗਈਆਂ ਹੋਣੀਆਂ?
5 ਕੀ ਸਾਰੇ ਯਹੂਦੀਆਂ ਨੂੰ ਲਗਾਤਾਰ ਭਰਪੂਰ ਬਰਕਤਾਂ ਮਿਲਣੀਆਂ ਸਨ? ਜੇ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸੀ, ਤਾਂ ਨਦੀ ਦੇ ਦਰਸ਼ਣ ਕਾਰਨ ਉਨ੍ਹਾਂ ਦੀ ਇਹ ਚਿੰਤਾ ਦੂਰ ਹੋ ਗਈ ਹੋਣੀ। ਦਰਸ਼ਣ ਵਿਚ ਥੋੜ੍ਹੇ ਪਾਣੀ ਵਾਲਾ ਚਸ਼ਮਾ ਅੱਗੇ ਜਾ ਕੇ ਡੂੰਘਾ ਹੋ ਗਿਆ ਤੇ ਬੱਸ ਦੋ ਕਿਲੋਮੀਟਰ ਦੀ ਦੂਰੀ ਤੇ ਜਾ ਕੇ ਤੇਜ਼ ਵਹਿਣ ਵਾਲੀ ਨਦੀ ਬਣ ਗਿਆ। (ਹਿਜ਼. 47:3-5) ਦੁਬਾਰਾ ਵਸਾਏ ਗਏ ਦੇਸ਼ ਵਿਚ ਲੋਕਾਂ ਦੀ ਗਿਣਤੀ ਭਾਵੇਂ ਵਧਦੀ ਜਾਣੀ ਸੀ, ਪਰ ਉਨ੍ਹਾਂ ਨੂੰ ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ਦੀ ਕਮੀ ਨਹੀਂ ਹੋਣੀ ਸੀ। ਨਦੀ ਦੇ ਦਰਸ਼ਣ ਤੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਹੋਣਾ ਕਿ ਉਨ੍ਹਾਂ ਨੂੰ ਲਗਾਤਾਰ ਭਰਪੂਰ ਬਰਕਤਾਂ ਮਿਲਣਗੀਆਂ!
6. (ੳ) ਇਸ ਦਰਸ਼ਣ ਰਾਹੀਂ ਲੋਕਾਂ ਨੂੰ ਕਿਹੜਾ ਵਾਅਦਾ ਪੂਰਾ ਹੋਣ ਦਾ ਯਕੀਨ ਦਿਵਾਇਆ ਗਿਆ? (ਅ) ਇਸ ਦਰਸ਼ਣ ਰਾਹੀਂ ਕਿਹੜੀ ਚੇਤਾਵਨੀ ਦਿੱਤੀ ਗਈ? (ਫੁਟਨੋਟ ਦੇਖੋ।)
6 ਜੀਵਨ ਦੇਣ ਵਾਲਾ ਪਾਣੀ। ਹਿਜ਼ਕੀਏਲ ਦੇ ਦਰਸ਼ਣ ਵਿਚ ਨਦੀ ਮ੍ਰਿਤ ਸਾਗਰ ਵਿਚ ਜਾ ਰਲ਼ੀ ਤੇ ਇਸ ਦਾ ਪਾਣੀ ਮਿੱਠਾ ਹੋ ਗਿਆ। ਧਿਆਨ ਦਿਓ ਕਿ ਨਦੀ ਦੇ ਪਾਣੀ ਨਾਲ ਮ੍ਰਿਤ ਸਾਗਰ ਵਿਚ ਮੱਛੀਆਂ ਦੀ ਭਰਮਾਰ ਹੋ ਗਈ, ਜਿਵੇਂ ਵੱਡੇ ਸਾਗਰ ਯਾਨੀ ਭੂਮੱਧ ਸਾਗਰ ਵਿਚ ਹੁੰਦੀ ਹੈ। ਇੱਥੋਂ ਤਕ ਕਿ ਮ੍ਰਿਤ ਸਾਗਰ ਦੇ ਕੰਢੇ ʼਤੇ ਦੋ ਕਸਬਿਆਂ ਦੇ ਵਿਚਕਾਰ ਮੱਛੀਆਂ ਦਾ ਕਾਰੋਬਾਰ ਸ਼ੁਰੂ ਹੋ ਗਿਆ। ਇਹ ਦੋਵੇਂ ਕਸਬੇ ਇਕ-ਦੂਜੇ ਤੋਂ ਕਾਫ਼ੀ ਦੂਰ ਸਨ। ਦੂਤ ਨੇ ਕਿਹਾ ਸੀ: “ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਜੀਵਨ ਹੋਵੇਗਾ।” ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਦੇ ਮੰਦਰ ਤੋਂ ਵਹਿੰਦੇ ਪਾਣੀ ਨਾਲ ਪੂਰੇ ਮ੍ਰਿਤ ਸਾਗਰ ਦਾ ਪਾਣੀ ਮਿੱਠਾ ਹੋ ਜਾਵੇਗਾ? ਨਹੀਂ। ਦੂਤ ਨੇ ਦੱਸਿਆ ਕਿ ਮ੍ਰਿਤ ਸਾਗਰ ਦੀਆਂ ਕੁਝ ਦਲਦਲੀ ਥਾਵਾਂ ਤਕ ਨਦੀ ਦਾ ਪਾਣੀ ਨਹੀਂ ਪਹੁੰਚੇਗਾ। ਉਨ੍ਹਾਂ ਥਾਵਾਂ ਦਾ ਪਾਣੀ “ਖਾਰਾ ਰਹੇਗਾ।”b (ਹਿਜ਼. 47:8-11) ਇਸ ਦਰਸ਼ਣ ਰਾਹੀਂ ਲੋਕਾਂ ਨੂੰ ਇਹ ਵਾਅਦਾ ਪੂਰਾ ਹੋਣ ਦਾ ਯਕੀਨ ਦਿਵਾਇਆ ਗਿਆ ਕਿ ਸ਼ੁੱਧ ਭਗਤੀ ਬਹਾਲ ਹੋਣ ਨਾਲ ਉਨ੍ਹਾਂ ਵਿਚ ਦੁਬਾਰਾ ਜਾਨ ਆ ਜਾਵੇਗੀ ਤੇ ਉਹ ਵਧਣ-ਫੁੱਲਣਗੇ। ਪਰ ਉਨ੍ਹਾਂ ਨੂੰ ਇਹ ਚੇਤਾਵਨੀ ਵੀ ਦਿੱਤੀ ਗਈ: ਸਾਰੇ ਲੋਕ ਯਹੋਵਾਹ ਦੀਆਂ ਬਰਕਤਾਂ ਕਬੂਲ ਨਹੀਂ ਕਰਨਗੇ ਤੇ ਨਾ ਹੀ ਸਾਰੇ ਜਣੇ ਠੀਕ ਹੋਣਗੇ।
7. ਦਰਸ਼ਣ ਵਿਚ ਨਦੀ ਦੇ ਕੰਢਿਆਂ ਉੱਤੇ ਲੱਗੇ ਦਰਖ਼ਤਾਂ ਕਾਰਨ ਗ਼ੁਲਾਮ ਯਹੂਦੀਆਂ ਨੂੰ ਕਿਹੜੀ ਗੱਲ ਦਾ ਭਰੋਸਾ ਹੋਇਆ ਹੋਣਾ?
7 ਭੋਜਨ ਅਤੇ ਇਲਾਜ ਲਈ ਦਰਖ਼ਤ। ਨਦੀ ਦੇ ਕੰਢਿਆਂ ʼਤੇ ਦਰਖ਼ਤ ਕਿਉਂ ਲਾਏ ਗਏ ਸਨ? ਦਰਖ਼ਤਾਂ ਕਾਰਨ ਨਾ ਸਿਰਫ਼ ਆਲਾ-ਦੁਆਲਾ ਸੋਹਣਾ ਲੱਗ ਰਿਹਾ ਸੀ, ਸਗੋਂ ਉਨ੍ਹਾਂ ਦਾ ਇਕ ਹੋਰ ਵੀ ਮਕਸਦ ਸੀ। ਦਰਸ਼ਣ ਵਿਚ ਦੱਸਿਆ ਗਿਆ ਸੀ ਕਿ ਦਰਖ਼ਤਾਂ ਨੂੰ ਹਰ ਮਹੀਨੇ ਨਵੇਂ-ਨਵੇਂ ਸੁਆਦੀ ਫਲ ਲੱਗਣਗੇ। ਇਸ ਗੱਲ ਤੋਂ ਹਿਜ਼ਕੀਏਲ ਅਤੇ ਬਾਕੀ ਯਹੂਦੀਆਂ ਨੂੰ ਭਰੋਸਾ ਹੋਇਆ ਹੋਣਾ ਕਿ ਯਹੋਵਾਹ ਉਨ੍ਹਾਂ ਨੂੰ ਆਪਣੇ ਬਚਨ ਤੋਂ ਗਿਆਨ ਦਿੰਦਾ ਰਹੇਗਾ। ਹੋਰ ਕੀ ਫ਼ਾਇਦਾ ਹੋਣਾ ਸੀ? ਧਿਆਨ ਦਿਓ ਕਿ ਉਨ੍ਹਾਂ ਦਰਖ਼ਤਾਂ ਦੇ ਪੱਤੇ ‘ਇਲਾਜ ਲਈ ਵਰਤੇ ਜਾਣੇ’ ਸਨ। (ਹਿਜ਼. 47:12) ਯਾਦ ਕਰੋ ਕਿ ਯਹੋਵਾਹ ਨਾਲ ਯਹੂਦੀਆਂ ਦਾ ਰਿਸ਼ਤਾ ਕਮਜ਼ੋਰ ਪੈ ਗਿਆ ਸੀ। ਇਸ ਅਰਥ ਵਿਚ ਉਹ ਬੀਮਾਰ ਹੋ ਗਏ ਸਨ। ਯਹੋਵਾਹ ਜਾਣਦਾ ਸੀ ਕਿ ਜਦੋਂ ਉਹ ਆਪਣੇ ਦੇਸ਼ ਮੁੜਨਗੇ, ਤਾਂ ਉਨ੍ਹਾਂ ਨੂੰ ਠੀਕ ਕਰਨ ਦੀ ਲੋੜ ਪਵੇਗੀ ਯਾਨੀ ਉਸ ਨਾਲ ਦੁਬਾਰਾ ਰਿਸ਼ਤਾ ਜੋੜਨਾ ਪਵੇਗਾ। ਯਹੋਵਾਹ ਨੇ ਇਸ ਤਰ੍ਹਾਂ ਕਰਨ ਦਾ ਵਾਅਦਾ ਕੀਤਾ। ਉਸ ਨੇ ਇਹ ਕਿਵੇਂ ਕੀਤਾ? ਇਸ ਬਾਰੇ ਅਸੀਂ ਇਸ ਕਿਤਾਬ ਦੇ 9ਵੇਂ ਅਧਿਆਇ ਵਿਚ ਬਹਾਲੀ ਬਾਰੇ ਹੋਰ ਭਵਿੱਖਬਾਣੀਆਂ ʼਤੇ ਗੌਰ ਕਰ ਕੇ ਦੇਖਿਆ ਸੀ।
8. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਹਿਜ਼ਕੀਏਲ ਦੇ ਦਰਸ਼ਣ ਦੀ ਭਵਿੱਖਬਾਣੀ ਹੋਰ ਵੀ ਵੱਡੇ ਪੈਮਾਨੇ ʼਤੇ ਪੂਰੀ ਹੋਣੀ ਸੀ?
8 ਅਸੀਂ 9ਵੇਂ ਅਧਿਆਇ ਵਿਚ ਦੇਖਿਆ ਸੀ ਕਿ ਯਹੂਦੀ ਜਦੋਂ ਆਪਣੇ ਦੇਸ਼ ਵਾਪਸ ਆਏ ਸਨ, ਤਾਂ ਬਹਾਲੀ ਬਾਰੇ ਭਵਿੱਖਬਾਣੀਆਂ ਕੁਝ ਹੱਦ ਤਕ ਹੀ ਪੂਰੀਆਂ ਹੋਈਆਂ। ਇਸ ਦੇ ਲਈ ਯਹੂਦੀ ਆਪ ਹੀ ਕਸੂਰਵਾਰ ਸਨ। ਉਹ ਦੁਬਾਰਾ ਬੁਰੇ ਰਾਹਾਂ ʼਤੇ ਤੁਰ ਪਏ, ਵਾਰ-ਵਾਰ ਯਹੋਵਾਹ ਦੀ ਆਗਿਆ ਦੀ ਉਲੰਘਣਾ ਕਰਦੇ ਸਨ ਤੇ ਸ਼ੁੱਧ ਭਗਤੀ ਨੂੰ ਨਜ਼ਰਅੰਦਾਜ਼ ਕਰਦੇ ਸਨ। ਤਾਂ ਫਿਰ, ਯਹੋਵਾਹ ਉਨ੍ਹਾਂ ਨੂੰ ਬਰਕਤਾਂ ਕਿਵੇਂ ਦੇ ਸਕਦਾ ਸੀ? ਵਫ਼ਾਦਾਰ ਯਹੂਦੀ ਇਹ ਦੇਖ ਕੇ ਬਹੁਤ ਨਿਰਾਸ਼ ਤੇ ਦੁਖੀ ਹੋਏ ਕਿ ਉਨ੍ਹਾਂ ਦੇ ਯਹੂਦੀ ਭਰਾ ਫਿਰ ਤੋਂ ਬੁਰੇ ਕੰਮ ਕਰਨ ਲੱਗ ਪਏ ਸਨ। ਫਿਰ ਵੀ ਉਹ ਵਫ਼ਾਦਾਰ ਸੇਵਕ ਜਾਣਦੇ ਸਨ ਕਿ ਯਹੋਵਾਹ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ ਕਿਉਂਕਿ ਉਹ ਹਮੇਸ਼ਾ ਤੋਂ ਪੂਰੇ ਹੁੰਦੇ ਆਏ ਹਨ। (ਯਹੋਸ਼ੁਆ 23:14 ਪੜ੍ਹੋ।) ਇਸ ਲਈ ਹਿਜ਼ਕੀਏਲ ਦੇ ਦਰਸ਼ਣ ਦੀ ਭਵਿੱਖਬਾਣੀ ਅੱਗੇ ਜਾ ਕੇ ਵੱਡੇ ਪੈਮਾਨੇ ʼਤੇ ਜ਼ਰੂਰ ਪੂਰੀ ਹੋਣੀ ਸੀ। ਪਰ ਕਦੋਂ?
ਨਦੀ ਅੱਜ ਵੀ ਵਹਿ ਰਹੀ ਹੈ!
9. ਦਰਸ਼ਣ ਵਿਚਲੇ ਮੰਦਰ ਬਾਰੇ ਭਵਿੱਖਬਾਣੀ ਕਦੋਂ ਵੱਡੇ ਪੈਮਾਨੇ ʼਤੇ ਪੂਰੀ ਹੋਣੀ ਸੀ?
9 ਜਿਵੇਂ ਅਸੀਂ 14ਵੇਂ ਅਧਿਆਇ ਵਿਚ ਦੇਖਿਆ, ਦਰਸ਼ਣ ਵਿਚਲੇ ਮੰਦਰ ਦੀ ਭਵਿੱਖਬਾਣੀ “ਆਖ਼ਰੀ ਦਿਨਾਂ ਵਿਚ” ਪੂਰੀ ਹੋ ਰਹੀ ਹੈ। ਅੱਜ ਸਾਡੇ ਦਿਨਾਂ ਵਿਚ ਸ਼ੁੱਧ ਭਗਤੀ ਇੰਨੀ ਬੁਲੰਦ ਕੀਤੀ ਜਾ ਰਹੀ ਹੈ ਜਿੰਨੀ ਪਹਿਲਾਂ ਕਦੀ ਨਹੀਂ ਕੀਤੀ ਗਈ। (ਯਸਾ. 2:2) ਕਿਸ ਅਰਥ ਵਿਚ?
10, 11. (ੳ) ਅੱਜ ਅਸੀਂ ਕਿਵੇਂ ਬਰਕਤਾਂ ਦੀ ਨਦੀ ਦਾ ਆਨੰਦ ਮਾਣ ਰਹੇ ਹਾਂ? (ਅ) ਆਖ਼ਰੀ ਦਿਨਾਂ ਦੌਰਾਨ ਵਧਦੀ ਲੋੜ ਅਨੁਸਾਰ ਯਹੋਵਾਹ ਬਰਕਤਾਂ ਦੀ ਨਦੀ ਨੂੰ ਹੋਰ ਤੇਜ਼ ਕਿਵੇਂ ਵਹਾ ਰਿਹਾ ਹੈ?
10 ਬਰਕਤਾਂ ਦੀ ਨਦੀ। ਯਹੋਵਾਹ ਦੇ ਮੰਦਰ ਤੋਂ ਵਹਿ ਰਹੀ ਨਦੀ ਅੱਜ ਸਾਨੂੰ ਕਿਹੜੀਆਂ ਬਰਕਤਾਂ ਯਾਦ ਕਰਾਉਂਦੀ ਹੈ? ਸਾਨੂੰ ਉਹ ਪ੍ਰਬੰਧ ਯਾਦ ਆਉਂਦੇ ਹਨ ਜਿਨ੍ਹਾਂ ਕਾਰਨ ਅਸੀਂ ਯਹੋਵਾਹ ਨਾਲ ਚੰਗਾ ਰਿਸ਼ਤਾ ਜੋੜ ਪਾਏ ਹਾਂ ਤੇ ਸਾਨੂੰ ਸੱਚਾਈ ਦੀ ਵਧੀਆ ਖ਼ੁਰਾਕ ਮਿਲ ਰਹੀ ਹੈ। ਉਸ ਦੇ ਪ੍ਰਬੰਧਾਂ ਵਿੱਚੋਂ ਸਭ ਤੋਂ ਖ਼ਾਸ ਹੈ, ਮਸੀਹ ਦੁਆਰਾ ਦਿੱਤੀ ਰਿਹਾਈ ਦੀ ਕੀਮਤ। ਇਸ ਦੇ ਆਧਾਰ ʼਤੇ ਸਾਨੂੰ ਪਾਪਾਂ ਦੀ ਮਾਫ਼ੀ ਮਿਲਦੀ ਹੈ ਅਤੇ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਠਹਿਰਦੇ ਹਾਂ। ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਜੀਵਨ ਦੇਣ ਵਾਲੇ ਪਾਣੀ ਵਾਂਗ ਹਨ ਜੋ ਸਾਨੂੰ ਸ਼ੁੱਧ ਕਰਦੀਆਂ ਹਨ। (ਅਫ਼. 5:25-27) ਸਾਡੇ ਦਿਨਾਂ ਵਿਚ ਬਰਕਤਾਂ ਦੀ ਇਹ ਨਦੀ ਕਿਵੇਂ ਵਹਿ ਰਹੀ ਹੈ?
11 ਸੰਨ 1919 ਵਿਚ ਯਹੋਵਾਹ ਦੇ ਸੇਵਕਾਂ ਦੀ ਗਿਣਤੀ ਕੁਝ ਕੁ ਹਜ਼ਾਰ ਸੀ। ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਦਾ ਭਰਪੂਰ ਗਿਆਨ ਦਿੱਤਾ ਗਿਆ ਤੇ ਉਹ ਪਰਮੇਸ਼ੁਰ ਦਾ ਗਿਆਨ ਲੈ ਕੇ ਬਹੁਤ ਖ਼ੁਸ਼ ਹੋਏ। ਬਾਅਦ ਦੇ ਦਹਾਕਿਆਂ ਵਿਚ ਉਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ। ਅੱਜ ਪਰਮੇਸ਼ੁਰ ਦੇ ਲੋਕਾਂ ਦੀ ਗਿਣਤੀ 80 ਲੱਖ ਤੋਂ ਵੀ ਜ਼ਿਆਦਾ ਹੈ। ਕੀ ਇਸ ਦੇ ਨਾਲ-ਨਾਲ ਸੱਚਾਈ ਦੇ ਸ਼ੁੱਧ ਪਾਣੀ ਦੀ ਰਫ਼ਤਾਰ ਵੀ ਤੇਜ਼ ਹੋਈ ਹੈ? ਜੀ ਹਾਂ। ਅੱਜ ਸਾਡੇ ਕੋਲ ਬਾਈਬਲ ਦੀਆਂ ਸੱਚਾਈਆਂ ਦੀ ਭਰਮਾਰ ਹੈ। ਪਿਛਲੇ 100 ਸਾਲਾਂ ਦੌਰਾਨ ਪਰਮੇਸ਼ੁਰ ਦੇ ਲੋਕਾਂ ਲਈ ਅਰਬਾਂ ਹੀ ਬਾਈਬਲਾਂ, ਕਿਤਾਬਾਂ, ਰਸਾਲੇ, ਬਰੋਸ਼ਰ ਅਤੇ ਪਰਚੇ ਤਿਆਰ ਕੀਤੇ ਗਏ ਹਨ। ਜਿਵੇਂ ਦਰਸ਼ਣ ਵਿਚ ਪਾਣੀ ਡੂੰਘਾ ਹੁੰਦਾ ਗਿਆ, ਉਸੇ ਤਰ੍ਹਾਂ ਦੁਨੀਆਂ ਭਰ ਵਿਚ ਸੱਚਾਈ ਦੇ ਪਿਆਸੇ ਲੋਕਾਂ ਤਕ ਸੱਚਾਈ ਦਾ ਗਿਆਨ ਬਹੁਤਾਤ ਵਿਚ ਪਹੁੰਚਾਇਆ ਜਾ ਰਿਹਾ ਹੈ। ਕਾਫ਼ੀ ਲੰਬੇ ਸਮੇਂ ਤੋਂ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪ ਕੇ ਉਪਲਬਧ ਕਰਾਏ ਜਾ ਰਹੇ ਹਨ। ਹੁਣ ਇਹ ਪ੍ਰਕਾਸ਼ਨ ਇਲੈਕਟ੍ਰਾਨਿਕ ਰੂਪ ਵਿਚ jw.org ਵੈੱਬਸਾਈਟ ʼਤੇ 1,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹਨ। ਸੱਚਾਈ ਦਾ ਇਹ ਪਾਣੀ ਨੇਕਦਿਲ ਲੋਕਾਂ ʼਤੇ ਕਿਹੋ ਜਿਹਾ ਅਸਰ ਪਾ ਰਿਹਾ ਹੈ?
12. (ੳ) ਸੱਚਾਈ ਜਾਣ ਕੇ ਲੋਕਾਂ ਨੂੰ ਕੀ ਫ਼ਾਇਦਾ ਹੋਇਆ ਹੈ? (ਅ) ਅੱਜ ਇਸ ਦਰਸ਼ਣ ਤੋਂ ਸਾਨੂੰ ਕਿਹੜੀ ਚੇਤਾਵਨੀ ਮਿਲਦੀ ਹੈ? (ਫੁਟਨੋਟ ਵੀ ਦੇਖੋ।)
12 ਜੀਵਨ ਦੇਣ ਵਾਲਾ ਪਾਣੀ। ਹਿਜ਼ਕੀਏਲ ਨੂੰ ਦੱਸਿਆ ਗਿਆ ਸੀ: “ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਜੀਵਨ ਹੋਵੇਗਾ।” ਅੱਜ ਉਨ੍ਹਾਂ ਲੋਕਾਂ ਨੂੰ ਸੱਚਾਈ ਦਾ ਪਾਣੀ ਮਿਲ ਰਿਹਾ ਹੈਂ ਜਿਹੜੇ ਸ਼ੁੱਧ ਭਗਤੀ ਦੇ “ਦੇਸ਼” ਵਿਚ ਆਉਂਦੇ ਹਨ। ਇਸ ਸਦਕਾ ਲੱਖਾਂ ਹੀ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ ਤੇ ਉਹ ਯਹੋਵਾਹ ʼਤੇ ਨਿਹਚਾ ਕਰ ਸਕੇ ਹਨ। ਪਰ ਇਸ ਦਰਸ਼ਣ ਵਿਚ ਸਾਡੇ ਸਮੇਂ ਲਈ ਇਕ ਚੇਤਾਵਨੀ ਵੀ ਦਿੱਤੀ ਗਈ ਹੈ: ਬਾਅਦ ਵਿਚ ਕੁਝ ਲੋਕ ਸੱਚਾਈ ਮੁਤਾਬਕ ਚੱਲਣਾ ਛੱਡ ਦਿੰਦੇ ਹਨ। ਉਨ੍ਹਾਂ ਦਾ ਦਿਲ ਹਿਜ਼ਕੀਏਲ ਦੇ ਦਰਸ਼ਣ ਵਿਚ ਮ੍ਰਿਤ ਸਾਗਰ ਦੀਆਂ ਦਲਦਲੀ ਥਾਵਾਂ ਵਰਗਾ ਹੋ ਜਾਂਦਾ ਹੈ ਜਿਸ ਕਰਕੇ ਉਹ ਸੱਚਾਈ ਦੀ ਕਦਰ ਨਹੀਂ ਕਰਦੇ ਤੇ ਉਸ ਮੁਤਾਬਕ ਜ਼ਿੰਦਗੀ ਨਹੀਂ ਜੀਉਂਦੇ।c ਪਰ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਸਾਡਾ ਰਵੱਈਆ ਇਸ ਤਰ੍ਹਾਂ ਦਾ ਨਾ ਹੋਵੇ।—ਬਿਵਸਥਾ ਸਾਰ 10:16-18 ਪੜ੍ਹੋ।
13. ਦਰਸ਼ਣ ਵਿਚ ਨਦੀ ਦੇ ਕੰਢਿਆਂ ʼਤੇ ਲੱਗੇ ਦਰਖ਼ਤਾਂ ਤੋਂ ਅੱਜ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?
13 ਭੋਜਨ ਅਤੇ ਇਲਾਜ ਲਈ ਦਰਖ਼ਤ। ਦਰਸ਼ਣ ਵਿਚ ਨਦੀ ਦੇ ਕੰਢਿਆਂ ʼਤੇ ਲੱਗੇ ਦਰਖ਼ਤਾਂ ਤੋਂ ਅਸੀਂ ਕਈ ਸਬਕ ਸਿੱਖਦੇ ਹਾਂ ਜਿਨ੍ਹਾਂ ਤੋਂ ਸਾਨੂੰ ਹੌਸਲਾ ਮਿਲਦਾ ਹੈ। ਯਾਦ ਕਰੋ ਕਿ ਉਨ੍ਹਾਂ ਦਰਖ਼ਤਾਂ ਨੂੰ ਹਰ ਮਹੀਨੇ ਨਵੇਂ ਸੁਆਦਲੇ ਫਲ ਲੱਗਦੇ ਹਨ ਤੇ ਉਨ੍ਹਾਂ ਦੇ ਪੱਤੇ ਇਲਾਜ ਲਈ ਵਰਤੇ ਜਾਂਦੇ ਹਨ। (ਹਿਜ਼. 47:12) ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਸੱਚਾਈ ਦੀ ਭਰਪੂਰ ਖ਼ੁਰਾਕ ਦਿੰਦਾ ਹੈ ਤੇ ਸਾਨੂੰ ਤੰਦਰੁਸਤ ਕਰਦਾ ਹੈ ਯਾਨੀ ਉਸ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਅੱਜ ਦੁਨੀਆਂ ਵਿਚ ਸਹੀ ਸੇਧ ਦਾ ਕਾਲ਼ ਪਿਆ ਹੋਇਆ ਹੈ ਜਿਸ ਕਰਕੇ ਲੋਕਾਂ ਦੀ ਹਾਲਤ ਬੀਮਾਰਾਂ ਵਰਗੀ ਹੈ। ਪਰ ਯਹੋਵਾਹ ਸਾਨੂੰ ਆਪਣਾ ਭਰਪੂਰ ਗਿਆਨ ਦੇ ਰਿਹਾ ਹੈ। ਕੀ ਤੁਹਾਡੇ ਨਾਲ ਕਦੀ ਇੱਦਾਂ ਹੋਇਆ ਕਿ ਕੋਈ ਲੇਖ ਪੜ੍ਹਨ ਤੋਂ ਬਾਅਦ, ਸੰਮੇਲਨ ਤੋਂ ਬਾਅਦ ਅਤੇ ਕੋਈ ਵੀਡੀਓ ਜਾਂ ਬ੍ਰਾਡਕਾਸਟਿੰਗ ਦੇਖਣ ਤੋਂ ਬਾਅਦ ਤੁਸੀਂ ਖ਼ੁਸ਼ ਹੋਏ ਕਿ ਤੁਹਾਨੂੰ ਕਿੰਨੀ ਚੰਗੀ ਸਿੱਖਿਆ ਮਿਲ ਰਹੀ ਹੈ? (ਯਸਾ. 65:13, 14) ਇਨ੍ਹਾਂ ਪ੍ਰਬੰਧਾਂ ਕਰਕੇ ਅਸੀਂ ਪਰਮੇਸ਼ੁਰ ਨਾਲ ਇਕ ਚੰਗਾ ਰਿਸ਼ਤਾ ਜੋੜ ਸਕੇ ਹਾਂ। ਸੱਚਾਈ ਦੀ ਚੰਗੀ ਖ਼ੁਰਾਕ ਲੈ ਕੇ ਅਸੀਂ ਇਕ ਤਰ੍ਹਾਂ ਨਾਲ ਚੰਗੀ ਸਿਹਤ ਦਾ ਆਨੰਦ ਮਾਣ ਰਹੇ ਹਾਂ। ਪਰਮੇਸ਼ੁਰ ਦੇ ਬਚਨ ਵਿੱਚੋਂ ਸਾਨੂੰ ਚੰਗੀਆਂ ਸਲਾਹਾਂ ਮਿਲਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਅਜਿਹੇ ਪਾਪ ਕਰਨ ਤੋਂ ਬਚ ਜਾਂਦੇ ਹਾਂ, ਜਿਵੇਂ ਅਨੈਤਿਕਤਾ, ਲਾਲਚ ਤੇ ਨਿਹਚਾ ਦੀ ਕਮੀ। ਜੇ ਅਸੀਂ ਕੋਈ ਗੰਭੀਰ ਪਾਪ ਕਰ ਬੈਠਦੇ ਹਾਂ ਤੇ ਇਸ ਅਰਥ ਵਿਚ ਬੀਮਾਰ ਹੋ ਜਾਂਦੇ ਹਾਂ, ਤਾਂ ਯਹੋਵਾਹ ਨੇ ਸਾਨੂੰ ਠੀਕ ਕਰਨ ਲਈ ਇਕ ਪ੍ਰਬੰਧ ਕੀਤਾ ਹੈ। (ਯਾਕੂਬ 5:14 ਪੜ੍ਹੋ।) ਅੱਜ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲ ਰਹੀਆਂ ਹਨ, ਠੀਕ ਜਿਵੇਂ ਨਦੀ ਦੇ ਕੰਢਿਆਂ ʼਤੇ ਲੱਗੇ ਦਰਖ਼ਤਾਂ ਦੀ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ।
14, 15. (ੳ) ਹਿਜ਼ਕੀਏਲ ਦੇ ਦਰਸ਼ਣ ਵਿਚਲੀਆਂ ਦਲਦਲੀ ਥਾਵਾਂ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? (ਅ) ਦਰਸ਼ਣ ਵਿਚਲੀ ਨਦੀ ਤੋਂ ਅੱਜ ਸਾਨੂੰ ਕੀ ਫ਼ਾਇਦਾ ਹੋ ਰਿਹਾ ਹੈ?
14 ਇਸ ਦਰਸ਼ਣ ਤੋਂ ਸਾਨੂੰ ਇਕ ਚੇਤਾਵਨੀ ਵੀ ਮਿਲਦੀ ਹੈ। ਯਾਦ ਕਰੋ ਕਿ ਜਿਹੜੀਆਂ ਥਾਵਾਂ ਦਲਦਲੀ ਸਨ, ਉੱਥੇ ਦਾ ਪਾਣੀ ਮਿੱਠਾ ਨਹੀਂ ਹੋਇਆ, ਸਗੋਂ ਖਾਰਾ ਹੀ ਰਿਹਾ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸਾਡਾ ਰਵੱਈਆ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਕਰਕੇ ਯਹੋਵਾਹ ਦੀਆਂ ਬਰਕਤਾਂ ਦੀ ਨਦੀ ਸਾਡੇ ਤਕ ਨਾ ਪਹੁੰਚੇ। ਜੇ ਇਸ ਤਰ੍ਹਾਂ ਹੋਇਆ, ਤਾਂ ਅਸੀਂ ਵੀ ਦੁਨੀਆਂ ਦੇ ਲੋਕਾਂ ਵਾਂਗ ਬੀਮਾਰ ਹਾਲਤ ਵਿਚ ਹੀ ਰਹਾਂਗੇ। (ਮੱਤੀ 13:15) ਇਸ ਦੀ ਬਜਾਇ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਬਰਕਤਾਂ ਦੀ ਇਸ ਨਦੀ ਤੋਂ ਹਮੇਸ਼ਾ ਫ਼ਾਇਦਾ ਹੁੰਦਾ ਰਹੇ। ਅੱਜ ਸਾਨੂੰ ਕਈ ਬਰਕਤਾਂ ਮਿਲ ਰਹੀਆਂ ਹਨ, ਜਿਵੇਂ ਸਾਨੂੰ ਪਰਮੇਸ਼ੁਰ ਦੇ ਬਚਨ ਦੀ ਸਮਝ ਮਿਲ ਰਹੀ ਹੈ, ਸਾਨੂੰ ਦੂਸਰਿਆਂ ਨੂੰ ਵੀ ਇਹ ਸੱਚਾਈਆਂ ਸਿਖਾਉਣ ਦਾ ਮੌਕਾ ਮਿਲ ਰਿਹਾ ਹੈ ਅਤੇ ਵਫ਼ਾਦਾਰ ਨੌਕਰ ਤੋਂ ਸਿਖਲਾਈ ਲੈ ਕੇ ਬਜ਼ੁਰਗ ਸਾਨੂੰ ਸਹੀ ਸੇਧ ਤੇ ਦਿਲਾਸਾ ਦਿੰਦੇ ਹਨ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਦਾ ਸ਼ੁੱਧ ਪਾਣੀ ਪੀਂਦੇ ਹਾਂ। ਬਰਕਤਾਂ ਦੀ ਇਹ ਨਦੀ ਜਿੱਥੇ-ਜਿੱਥੇ ਵਹਿੰਦੀ ਹੈ, ਉੱਥੇ ਜੀਵਨ ਹੁੰਦਾ ਹੈ ਤੇ ਬੀਮਾਰੀਆਂ ਦੂਰ ਹੁੰਦੀਆਂ ਹਨ।
15 ਨਦੀ ਬਾਰੇ ਇਹ ਭਵਿੱਖਬਾਣੀ ਅੱਗੇ ਜਾ ਕੇ ਕਿਵੇਂ ਪੂਰੀ ਹੋਵੇਗੀ? ਅਸੀਂ ਦੇਖਾਂਗੇ ਕਿ ਨਵੀਂ ਦੁਨੀਆਂ ਵਿਚ ਇਹ ਭਵਿੱਖਬਾਣੀ ਵੱਡੇ ਪੈਮਾਨੇ ʼਤੇ ਪੂਰੀ ਹੋਵੇਗੀ।
ਨਵੀਂ ਦੁਨੀਆਂ ਵਿਚ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਵੇਗੀ?
16, 17. (ੳ) ਕਿਸ ਅਰਥ ਵਿਚ ਨਵੀਂ ਦੁਨੀਆਂ ਵਿਚ ਜੀਵਨ ਦੇਣ ਵਾਲਾ ਪਾਣੀ ਹੋਰ ਵੀ ਡੂੰਘਾ ਹੋ ਜਾਵੇਗਾ? (ਅ) ਨਵੀਂ ਦੁਨੀਆਂ ਵਿਚ ਸਾਨੂੰ ਬਰਕਤਾਂ ਦੀ ਨਦੀ ਤੋਂ ਕੀ ਫ਼ਾਇਦਾ ਹੋਵੇਗਾ?
16 ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ ਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜ਼ਿੰਦਗੀ ਦਾ ਪੂਰਾ ਮਜ਼ਾ ਲੈ ਰਹੇ ਹੋ। ਦਰਸ਼ਣ ਵਿਚਲੀ ਨਦੀ ਬਾਰੇ ਅਧਿਐਨ ਕਰ ਕੇ ਸਾਡੇ ਮਨ ਵਿਚ ਨਵੀਂ ਦੁਨੀਆਂ ਦੀ ਇਹ ਤਸਵੀਰ ਹੋਰ ਵੀ ਸਾਫ਼ ਬਣੇਗੀ। ਉਹ ਕਿਵੇਂ? ਆਓ ਇਕ ਵਾਰ ਫਿਰ ਇਸ ਦਰਸ਼ਣ ਦੀਆਂ ਤਿੰਨ ਗੱਲਾਂ ʼਤੇ ਗੌਰ ਕਰੀਏ ਜਿਨ੍ਹਾਂ ਤੋਂ ਅਸੀਂ ਯਹੋਵਾਹ ਦਾ ਪਿਆਰ ਸਾਫ਼ ਦੇਖ ਸਕਦੇ ਹਾਂ।
17 ਬਰਕਤਾਂ ਦੀ ਨਦੀ। ਇਹ ਨਦੀ ਨਵੀਂ ਦੁਨੀਆਂ ਵਿਚ ਹੋਰ ਵੀ ਡੂੰਘੀ ਹੁੰਦੀ ਜਾਵੇਗੀ। ਉਸ ਵੇਲੇ ਅਸੀਂ ਨਾ ਸਿਰਫ਼ ਯਹੋਵਾਹ ਨਾਲ ਚੰਗੇ ਰਿਸ਼ਤੇ ਦਾ ਆਨੰਦ ਮਾਣਾਂਗੇ, ਸਗੋਂ ਅਸੀਂ ਤੰਦਰੁਸਤ ਵੀ ਹੋ ਜਾਵਾਂਗੇ। ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਵਫ਼ਾਦਾਰ ਲੋਕਾਂ ਨੂੰ ਉਸ ਦੀ ਕੁਰਬਾਨੀ ਤੋਂ ਪੂਰਾ ਫ਼ਾਇਦਾ ਹੋਵੇਗਾ। ਉਹ ਸਾਰੇ ਹੌਲੀ-ਹੌਲੀ ਮੁਕੰਮਲ ਹੋ ਜਾਣਗੇ! ਫਿਰ ਨਾ ਕੋਈ ਬੀਮਾਰੀ, ਨਾ ਕੋਈ ਡਾਕਟਰ, ਨਾ ਨਰਸਾਂ ਤੇ ਹਸਪਤਾਲ ਹੋਣਗੇ ਤੇ ਨਾ ਹੀ ਜੀਵਨ ਬੀਮਾ ਕਰਾਉਣ ਦੀ ਲੋੜ ਪਵੇਗੀ। “ਵੱਡੀ ਭੀੜ” ਦੇ ਜੋ ਲੱਖਾਂ-ਕਰੋੜਾਂ ਲੋਕ “ਮਹਾਂਕਸ਼ਟ” ਵਿੱਚੋਂ ਬਚ ਨਿਕਲਣਗੇ, ਉਨ੍ਹਾਂ ਤਕ ਜੀਵਨ ਦੇਣ ਵਾਲਾ ਪਾਣੀ ਪਹੁੰਚੇਗਾ। (ਪ੍ਰਕਾ. 7:9, 14) ਪਹਿਲਾਂ-ਪਹਿਲਾਂ ਇਹ ਬਰਕਤਾਂ ਚਸ਼ਮੇ ਦੇ ਥੋੜ੍ਹੇ ਪਾਣੀ ਵਾਂਗ ਹੋਣਗੀਆਂ ਤੇ ਬਾਅਦ ਵਿਚ ਬਰਕਤਾਂ ਦੀ ਨਦੀ ਵਗੇਗੀ।
18. ਹਜ਼ਾਰ ਸਾਲ ਦੌਰਾਨ ‘ਜੀਵਨ ਦੇਣ ਵਾਲੇ ਪਾਣੀ ਦੀ ਨਦੀ’ ਹੋਰ ਤੇਜ਼ ਕਿਵੇਂ ਵਗੇਗੀ?
18 ਜੀਵਨ ਦੇਣ ਵਾਲਾ ਪਾਣੀ। ਹਜ਼ਾਰ ਸਾਲ ਦੌਰਾਨ ‘ਜੀਵਨ ਦੇਣ ਵਾਲੇ ਪਾਣੀ ਦੀ ਨਦੀ’ ਹੋਰ ਵੀ ਤੇਜ਼ ਵਹੇਗੀ। (ਪ੍ਰਕਾ. 22:1, ਫੁਟਨੋਟ) ਅਣਗਿਣਤ ਲੱਖਾਂ-ਕਰੋੜਾਂ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਬਾਗ਼ ਵਰਗੀ ਸੋਹਣੀ ਧਰਤੀ ʼਤੇ ਹਮੇਸ਼ਾ ਲਈ ਜੀਉਣ ਦਾ ਮੌਕਾ ਮਿਲੇਗਾ। ਪਰਮੇਸ਼ੁਰ ਦੇ ਰਾਜ ਵਿਚ ਉਨ੍ਹਾਂ ਲੋਕਾਂ ਨੂੰ ਵੀ ਜੀਉਂਦਾ ਕੀਤਾ ਜਾਵੇਗਾ ਜੋ ਲੰਬੇ ਸਮੇਂ ਤੋਂ ਮੌਤ ਦੇ ਹੱਥਾਂ ਵਿਚ ਬੇਬੱਸ ਪਏ ਹਨ। (ਯਸਾ. 26:19) ਪਰ ਕੀ ਮੌਤ ਦੀ ਨੀਂਦ ਤੋਂ ਜਗਾਏ ਸਾਰੇ ਲੋਕ ਹਮੇਸ਼ਾ ਲਈ ਜੀਉਣਗੇ?
19. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਹਜ਼ਾਰ ਸਾਲ ਦੌਰਾਨ ਨਵੀਆਂ ਸੱਚਾਈਆਂ ਸਿਖਾਈਆਂ ਜਾਣਗੀਆਂ? (ਅ) ਭਵਿੱਖ ਵਿਚ ਕੁਝ ਲੋਕ ‘ਖਾਰੇ ਪਾਣੀ’ ਵਾਂਗ ਕਿਵੇਂ ਹੋਣਗੇ?
19 ਇਹ ਹਰੇਕ ਵਿਅਕਤੀ ਦੇ ਕੰਮਾਂ ʼਤੇ ਨਿਰਭਰ ਕਰੇਗਾ ਕਿ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਜਾਂ ਨਹੀਂ। ਹਜ਼ਾਰ ਸਾਲ ਦੌਰਾਨ ਨਵੀਆਂ ਕਿਤਾਬਾਂ ਖੋਲ੍ਹੀਆਂ ਜਾਣਗੀਆਂ। ਇਸ ਦਾ ਮਤਲਬ ਹੈ ਕਿ ਉਸ ਸਮੇਂ ਯਹੋਵਾਹ ਜੋ ਜਲ ਦੇਵੇਗਾ, ਉਸ ਵਿਚ ਨਵੀਆਂ ਸੱਚਾਈਆਂ ਤੇ ਨਵੀਆਂ ਹਿਦਾਇਤਾਂ ਹੋਣਗੀਆਂ। ਇਹ ਬਰਕਤਾਂ ਪਾ ਕੇ ਅਸੀਂ ਫੁੱਲੇ ਨਹੀਂ ਸਮਾਵਾਂਗੇ! ਪਰ ਅਫ਼ਸੋਸ ਦੀ ਗੱਲ ਹੈ ਕਿ ਕੁਝ ਲੋਕ ਇਨ੍ਹਾਂ ਬਰਕਤਾਂ ਦੀ ਕਦਰ ਨਹੀਂ ਕਰਨਗੇ। ਉਹ ਜਾਣ-ਬੁੱਝ ਕੇ ਯਹੋਵਾਹ ਦੇ ਹੁਕਮ ਤੋੜਨਗੇ। ਉਸ ਸਮੇਂ ਕੁਝ ਲੋਕ ਯਹੋਵਾਹ ਖ਼ਿਲਾਫ਼ ਬਗਾਵਤ ਕਰਨਗੇ, ਪਰ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਸ਼ਾਂਤੀ ਭੰਗ ਕਰਨ ਲਈ ਨਹੀਂ ਰਹਿਣ ਦਿੱਤਾ ਜਾਵੇਗਾ। (ਯਸਾ. 65:20) ਉਹ ਉਨ੍ਹਾਂ ਦਲਦਲੀ ਥਾਵਾਂ ਵਰਗੇ ਹੋਣਗੇ ਜਿਨ੍ਹਾਂ ਦਾ ਪਾਣੀ ਮਿੱਠਾ ਨਹੀਂ ਹੁੰਦਾ, ਸਗੋਂ ‘ਖਾਰਾ ਹੀ ਰਹਿੰਦਾ ਹੈ।’ ਜਿਹੜੇ ਲੋਕ ਜੀਵਨ ਦੇਣ ਵਾਲਾ ਪਾਣੀ ਪੀਣ ਤੋਂ ਮਨ੍ਹਾ ਕਰ ਦੇਣਗੇ, ਉਹ ਕਿੰਨੀ ਵੱਡੀ ਬੇਵਕੂਫ਼ੀ ਕਰ ਰਹੇ ਹੋਣਗੇ! ਹਜ਼ਾਰ ਸਾਲ ਤੋਂ ਬਾਅਦ ਕੁਝ ਲੋਕ ਬਗਾਵਤ ਕਰ ਕੇ ਸ਼ੈਤਾਨ ਵੱਲ ਹੋ ਜਾਣਗੇ। ਪਰ ਯਹੋਵਾਹ ਦੀ ਹਕੂਮਤ ਨੂੰ ਠੁਕਰਾਉਣ ਵਾਲੇ ਇਨ੍ਹਾਂ ਸਾਰੇ ਲੋਕਾਂ ਦਾ ਇੱਕੋ ਅੰਜਾਮ ਹੋਵੇਗਾ—ਹਮੇਸ਼ਾ ਲਈ ਨਾਸ਼!—ਪ੍ਰਕਾ. 20:7-12.
20. ਹਜ਼ਾਰ ਸਾਲ ਦੌਰਾਨ ਯਹੋਵਾਹ ਸਾਡੇ ਲਈ ਕਿਹੜਾ ਇੰਤਜ਼ਾਮ ਕਰੇਗਾ?
20 ਭੋਜਨ ਅਤੇ ਇਲਾਜ ਲਈ ਦਰਖ਼ਤ। ਯਹੋਵਾਹ ਨਹੀਂ ਚਾਹੁੰਦਾ ਕਿ ਸਾਡੇ ਵਿੱਚੋਂ ਕੋਈ ਵੀ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਗੁਆ ਬੈਠੇ। ਦਰਸ਼ਣ ਵਿਚ ਨਦੀ ਦੇ ਕੰਢਿਆਂ ʼਤੇ ਲੱਗੇ ਦਰਖ਼ਤਾਂ ਵਾਂਗ ਹਜ਼ਾਰ ਸਾਲ ਦੌਰਾਨ ਵੀ ਯਹੋਵਾਹ ਇਕ ਇੰਤਜ਼ਾਮ ਕਰੇਗਾ ਤਾਂਕਿ ਅਸੀਂ ਤੰਦਰੁਸਤ ਹੋ ਜਾਈਏ ਤੇ ਉਸ ਨਾਲ ਸਾਡਾ ਚੰਗਾ ਰਿਸ਼ਤਾ ਬਣਿਆ ਰਹੇ। ਯਿਸੂ ਮਸੀਹ ਅਤੇ 1,44,000 ਜਣੇ ਇਕ ਹਜ਼ਾਰ ਸਾਲ ਤਕ ਸਵਰਗ ਤੋਂ ਰਾਜ ਕਰਨਗੇ। ਇਹ 1,44,000 ਜਣੇ ਪੁਜਾਰੀਆਂ ਵਜੋਂ ਮਸੀਹ ਦੀ ਕੁਰਬਾਨੀ ਦੇ ਫ਼ਾਇਦੇ ਲੈਣ ਵਿਚ ਸਾਡੀ ਮਦਦ ਕਰਨਗੇ ਤਾਂਕਿ ਅਸੀਂ ਮੁਕੰਮਲ ਹੋ ਜਾਈਏ। (ਪ੍ਰਕਾ. 20:6) ਇਹ ਇੰਤਜ਼ਾਮ ਸਾਨੂੰ ਉਨ੍ਹਾਂ ਦਰਖ਼ਤਾਂ ਦੀ ਯਾਦ ਦਿਵਾਉਂਦਾ ਹੈ ਜੋ ਹਿਜ਼ਕੀਏਲ ਨੇ ਨਦੀ ਦੇ ਕੰਢਿਆਂ ʼਤੇ ਦੇਖੇ ਸਨ। ਹਾਂ, ਉਹ ਦਰਖ਼ਤ ਜੋ ਸੁਆਦੀ ਫਲ ਦਿੰਦੇ ਸਨ ਤੇ ਜਿਨ੍ਹਾਂ ਦੇ ਪੱਤੇ ਇਲਾਜ ਲਈ ਵਰਤੇ ਜਾਂਦੇ ਸਨ। ਹਿਜ਼ਕੀਏਲ ਵਾਂਗ ਯੂਹੰਨਾ ਰਸੂਲ ਨੇ ਵੀ ਅਜਿਹਾ ਇਕ ਦਰਸ਼ਣ ਦੇਖਿਆ ਸੀ। (ਪ੍ਰਕਾਸ਼ ਦੀ ਕਿਤਾਬ 22:1, 2 ਪੜ੍ਹੋ।) ਉਸ ਨੇ ਵੀ ਅਜਿਹੇ ਦਰਖ਼ਤ ਦੇਖੇ ਸਨ ਜਿਨ੍ਹਾਂ ਦੇ ਪੱਤਿਆਂ ਨਾਲ “ਕੌਮਾਂ ਦਾ ਇਲਾਜ ਹੁੰਦਾ ਸੀ।” ਉਸ ਸਮੇਂ 1,44,000 ਪੁਜਾਰੀਆਂ ਦੀਆਂ ਸੇਵਾਵਾਂ ਤੋਂ ਅਣਗਿਣਤ ਵਫ਼ਾਦਾਰ ਲੋਕਾਂ ਨੂੰ ਫ਼ਾਇਦਾ ਹੋਵੇਗਾ।
21. ਦਰਸ਼ਣ ਵਿਚਲੀ ਨਦੀ ʼਤੇ ਸੋਚ-ਵਿਚਾਰ ਕਰ ਕੇ ਤੁਹਾਨੂੰ ਕਿਵੇਂ ਲੱਗਦਾ ਹੈ? ਅਗਲੇ ਅਧਿਆਇ ਵਿਚ ਅਸੀਂ ਕੀ ਚਰਚਾ ਕਰਾਂਗੇ? (“ਚਸ਼ਮੇ ਦਾ ਥੋੜ੍ਹਾ ਪਾਣੀ ਨਦੀ ਬਣ ਗਿਆ!” ਨਾਂ ਦੀ ਡੱਬੀ ਦੇਖੋ।)
21 ਕੀ ਤੁਹਾਨੂੰ ਦਰਸ਼ਣ ਵਿਚਲੀ ਨਦੀ ʼਤੇ ਸੋਚ-ਵਿਚਾਰ ਕਰ ਕੇ ਮਨ ਦੀ ਸ਼ਾਂਤੀ ਤੇ ਉਮੀਦ ਨਹੀਂ ਮਿਲਦੀ? ਸਾਡੇ ਸਾਮ੍ਹਣੇ ਕਿੰਨਾ ਸ਼ਾਨਦਾਰ ਭਵਿੱਖ ਹੈ! ਜ਼ਰਾ ਸੋਚੋ, ਯਹੋਵਾਹ ਨੇ ਉਸ ਸਮੇਂ ਦੀ ਝਲਕ ਦਿਖਾਉਣ ਲਈ ਹਜ਼ਾਰਾਂ ਸਾਲ ਪਹਿਲਾਂ ਕਿੰਨੀਆਂ ਸ਼ਾਨਦਾਰ ਭਵਿੱਖਬਾਣੀਆਂ ਲਿਖਵਾਈਆਂ ਹਨ। ਉਹ ਇੰਨੇ ਸਾਲਾਂ ਤੋਂ ਧੀਰਜ ਰੱਖ ਰਿਹਾ ਹੈ ਤੇ ਲੋਕਾਂ ਨੂੰ ਪਿਆਰ ਨਾਲ ਸੱਦਾ ਦੇ ਰਿਹਾ ਹੈ ਕਿ ਉਹ ਨਵੀਂ ਦੁਨੀਆਂ ਵਿਚ ਮਿਲਣ ਵਾਲੀਆਂ ਬਰਕਤਾਂ ਪਾਉਣ। ਕੀ ਤੁਸੀਂ ਉੱਥੇ ਹੋਵੋਗੇ? ਤੁਸੀਂ ਸ਼ਾਇਦ ਸੋਚੋ, ਕੀ ਵਾਕਈ ਮੈਨੂੰ ਨਵੀਂ ਦੁਨੀਆਂ ਵਿਚ ਰਹਿਣ ਦਾ ਮੌਕਾ ਮਿਲੇਗਾ? ਇਸ ਸਵਾਲ ਦਾ ਜਵਾਬ ਸਾਨੂੰ ਅਗਲੇ ਅਧਿਆਇ ਵਿਚ ਮਿਲੇਗਾ ਜਿਸ ਵਿਚ ਅਸੀਂ ਹਿਜ਼ਕੀਏਲ ਦੀ ਕਿਤਾਬ ਦੇ ਕੁਝ ਆਖ਼ਰੀ ਅਧਿਆਵਾਂ ʼਤੇ ਚਰਚਾ ਕਰਾਂਗੇ।
a ਇਸ ਤੋਂ ਇਲਾਵਾ, ਗ਼ੁਲਾਮੀ ਵਿਚ ਰਹਿੰਦੇ ਯਹੂਦੀਆਂ ਨੂੰ ਯਾਦ ਸੀ ਕਿ ਉਨ੍ਹਾਂ ਦੇ ਦੇਸ਼ ਵਿਚ ਪਹਾੜ ਤੇ ਨਦੀਆਂ ਕਿੱਥੇ-ਕਿੱਥੇ ਸਨ। ਸੰਭਵ ਹੈ ਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਕੋਈ ਸੱਚ-ਮੁੱਚ ਦੀ ਨਦੀ ਨਹੀਂ ਹੋ ਸਕਦੀ ਕਿਉਂਕਿ ਇਹ ਨਦੀ ਬਹੁਤ ਉੱਚੇ ਪਹਾੜ ਦੀ ਚੋਟੀ ʼਤੇ ਬਣੇ ਮੰਦਰ ਵਿੱਚੋਂ ਵੱਗ ਰਹੀ ਸੀ। ਅਸਲ ਵਿਚ, ਦਰਸ਼ਣ ਵਿਚ ਜੋ ਜਗ੍ਹਾ ਦੱਸੀ ਗਈ ਹੈ, ਉੱਥੇ ਸੱਚ-ਮੁੱਚ ਦਾ ਕੋਈ ਇੰਨਾ ਉੱਚਾ ਪਹਾੜ ਨਹੀਂ ਸੀ। ਦਰਸ਼ਣ ਵਿਚ ਅੱਗੇ ਦੱਸਿਆ ਗਿਆ ਕਿ ਨਦੀ ਬਿਨਾਂ ਕਿਸੇ ਰੁਕਾਵਟ ਦੇ ਸਿੱਧੀ ਮ੍ਰਿਤ ਸਾਗਰ ਵਿਚ ਜਾ ਪੈਂਦੀ ਸੀ, ਜਦ ਕਿ ਯਰੂਸ਼ਲਮ ਸ਼ਹਿਰ ਵਿਚ ਜਗ੍ਹਾ-ਜਗ੍ਹਾ ਪਹਾੜੀਆਂ ਹੋਣ ਕਰਕੇ ਇਸ ਤਰ੍ਹਾਂ ਹੋਣਾ ਨਾਮੁਮਕਿਨ ਸੀ।
b ਬਾਈਬਲ ʼਤੇ ਟਿੱਪਣੀ ਕਰਨ ਵਾਲੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਆਇਤ ਵਿਚ ਇਕ ਚੰਗੀ ਗੱਲ ਦੱਸੀ ਗਈ ਹੈ ਕਿਉਂਕਿ ਲੰਬੇ ਸਮੇਂ ਤੋਂ ਮ੍ਰਿਤ ਸਾਗਰ ਤੋਂ ਲੂਣ ਇਕੱਠਾ ਕਰਨ ਦਾ ਕਾਰੋਬਾਰ ਚੱਲਦਾ ਆਇਆ ਹੈ। ਪਰ ਧਿਆਨ ਦਿਓ ਕਿ ਭਵਿੱਖਬਾਣੀ ਵਿਚ ਸਾਫ਼ ਕਿਹਾ ਗਿਆ ਹੈ ਕਿ ਉੱਥੇ ਦੀਆਂ ਦਲਦਲੀ ਥਾਵਾਂ ਦਾ ਪਾਣੀ “ਖਾਰਾ ਰਹੇਗਾ।” ਉੱਥੇ ਦਾ ਪਾਣੀ ਬੇਕਾਰ ਰਹੇਗਾ ਕਿਉਂਕਿ ਯਹੋਵਾਹ ਦੇ ਮੰਦਰ ਤੋਂ ਜੀਵਨ ਦੇਣ ਵਾਲਾ ਪਾਣੀ ਉਨ੍ਹਾਂ ਥਾਵਾਂ ਤਕ ਨਹੀਂ ਪਹੁੰਚੇਗਾ। ਇਸ ਲਈ ਲੱਗਦਾ ਹੈ ਕਿ ਇਨ੍ਹਾਂ ਥਾਵਾਂ ਦਾ ਖਾਰਾਪਣ ਬੁਰੀਆਂ ਗੱਲਾਂ ਨੂੰ ਦਰਸਾਉਂਦਾ ਹੈ।—ਜ਼ਬੂ. 107:33, 34; ਯਿਰ. 17:6.
c ਯਿਸੂ ਨੇ ਵੱਡੇ ਜਾਲ਼ ਦੀ ਮਿਸਾਲ ਵਿਚ ਵੀ ਅਜਿਹੀ ਗੱਲ ਦੱਸੀ ਸੀ। ਜਾਲ਼ ਵਿਚ ਭਾਵੇਂ ਬਹੁਤ ਸਾਰੀਆਂ ਮੱਛੀਆਂ ਫਸ ਜਾਂਦੀਆਂ ਹਨ, ਪਰ ਸਾਰੀਆਂ ਮੱਛੀਆਂ “ਚੰਗੀਆਂ” ਨਹੀਂ ਹੁੰਦੀਆਂ। ਬੇਕਾਰ ਮੱਛੀਆਂ ਨੂੰ ਸੁੱਟ ਦਿੱਤਾ ਜਾਂਦਾ ਹੈ। ਇਹ ਮਿਸਾਲ ਦੇ ਕੇ ਯਿਸੂ ਦੱਸਣਾ ਚਾਹੁੰਦਾ ਸੀ ਕਿ ਯਹੋਵਾਹ ਦੇ ਸੰਗਠਨ ਨਾਲ ਸੰਗਤ ਕਰਨ ਵਾਲੇ ਕੁਝ ਲੋਕ ਸਮੇਂ ਦੇ ਬੀਤਣ ਨਾਲ ਬੇਕਾਰ ਮੱਛੀਆਂ ਸਾਬਤ ਹੋਣਗੇ।—ਮੱਤੀ 13:47-50; 2 ਤਿਮੋ. 2:20, 21.
-
-
‘ਦੇਸ਼ ਦੀ ਜ਼ਮੀਨ ਦੀ ਵੰਡ ਕਰ ਕੇ ਵਿਰਾਸਤ ਵਜੋਂ ਦਿਓ’ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
ਅਧਿਆਇ 20
‘ਦੇਸ਼ ਦੀ ਜ਼ਮੀਨ ਦੀ ਵੰਡ ਕਰ ਕੇ ਵਿਰਾਸਤ ਵਜੋਂ ਦਿਓ’
ਮੁੱਖ ਗੱਲ: ਦੇਸ਼ ਦੀ ਜ਼ਮੀਨ ਦੀ ਵੰਡ ਕਰਨ ਦਾ ਕੀ ਮਤਲਬ ਹੈ
1, 2. (ੳ) ਯਹੋਵਾਹ ਤੋਂ ਹਿਜ਼ਕੀਏਲ ਨੂੰ ਕਿਹੜੀਆਂ ਹਿਦਾਇਤਾਂ ਮਿਲੀਆਂ? (ਅ) ਅਸੀਂ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
ਹਿਜ਼ਕੀਏਲ ਨੇ ਹੁਣੇ-ਹੁਣੇ ਇਕ ਦਰਸ਼ਣ ਦੇਖਿਆ ਹੈ ਜਿਸ ਤੋਂ ਉਸ ਨੂੰ ਮੂਸਾ ਅਤੇ ਯਹੋਸ਼ੁਆ ਦਾ ਜ਼ਮਾਨਾ ਯਾਦ ਆ ਗਿਆ। ਤਕਰੀਬਨ 900 ਸਾਲ ਪਹਿਲਾਂ ਯਹੋਵਾਹ ਨੇ ਮੂਸਾ ਨੂੰ ਦੱਸਿਆ ਸੀ ਕਿ ਵਾਅਦਾ ਕੀਤੇ ਗਏ ਦੇਸ਼ ਦੀਆਂ ਸਰਹੱਦਾਂ ਕਿੱਥੋਂ ਲੈ ਕੇ ਕਿੱਥੇ ਤਕ ਸਨ। ਬਾਅਦ ਵਿਚ ਪਰਮੇਸ਼ੁਰ ਨੇ ਯਹੋਸ਼ੁਆ ਨੂੰ ਦੱਸਿਆ ਕਿ ਉਸ ਨੂੰ ਜ਼ਮੀਨ ਇਜ਼ਰਾਈਲ ਦੇ ਗੋਤਾਂ ਵਿਚ ਕਿਵੇਂ ਵੰਡਣੀ ਚਾਹੀਦੀ ਸੀ। (ਗਿਣ. 34:1-15; ਯਹੋ. 13:7; 22:4, 9) ਪਰ ਹੁਣ 593 ਈਸਵੀ ਪੂਰਵ ਵਿਚ ਯਹੋਵਾਹ ਨੇ ਹਿਜ਼ਕੀਏਲ ਅਤੇ ਗ਼ੁਲਾਮ ਯਹੂਦੀਆਂ ਨੂੰ ਕਿਹਾ ਕਿ ਵਾਅਦਾ ਕੀਤੇ ਗਏ ਦੇਸ਼ ਦੀ ਜ਼ਮੀਨ ਫਿਰ ਤੋਂ ਇਜ਼ਰਾਈਲ ਦੇ ਗੋਤਾਂ ਵਿਚ ਵੰਡੀ ਜਾਵੇ।—ਹਿਜ਼. 45:1; 47:14; 48:29.
2 ਇਹ ਦਰਸ਼ਣ ਹਿਜ਼ਕੀਏਲ ਅਤੇ ਬਾਕੀ ਗ਼ੁਲਾਮ ਯਹੂਦੀਆਂ ਲਈ ਕੀ ਮਾਅਨੇ ਰੱਖਦਾ ਸੀ? ਅੱਜ ਪਰਮੇਸ਼ੁਰ ਦੇ ਲੋਕਾਂ ਨੂੰ ਇਸ ਦਰਸ਼ਣ ਦੀਆਂ ਗੱਲਾਂ ਜਾਣ ਕੇ ਕਿਵੇਂ ਹੌਸਲਾ ਮਿਲਦਾ ਹੈ? ਕੀ ਇਹ ਭਵਿੱਖਬਾਣੀ ਅੱਗੇ ਚੱਲ ਕੇ ਵੱਡੇ ਪੈਮਾਨੇ ʼਤੇ ਪੂਰੀ ਹੋਵੇਗੀ?
ਦਰਸ਼ਣ ਵਿਚ ਚਾਰ ਬਰਕਤਾਂ ਦਾ ਵਾਅਦਾ ਕੀਤਾ ਗਿਆ
3, 4. (ੳ) ਹਿਜ਼ਕੀਏਲ ਦੇ ਆਖ਼ਰੀ ਦਰਸ਼ਣ ਵਿਚ ਯਹੋਵਾਹ ਨੇ ਕਿਹੜੇ ਚਾਰ ਵਾਅਦੇ ਕੀਤੇ? (ਅ) ਇਸ ਅਧਿਆਇ ਵਿਚ ਅਸੀਂ ਕਿਸ ਵਾਅਦੇ ਬਾਰੇ ਗੱਲ ਕਰਾਂਗੇ?
3 ਹਿਜ਼ਕੀਏਲ ਦੁਆਰਾ ਦੇਖਿਆ ਆਖ਼ਰੀ ਦਰਸ਼ਣ ਉਸ ਦੀ ਕਿਤਾਬ ਦੇ ਨੌਂ ਅਧਿਆਵਾਂ ਵਿਚ ਦਰਜ ਹੈ। (ਹਿਜ਼. 40:1–48:35) ਇਸ ਦਰਸ਼ਣ ਜ਼ਰੀਏ ਗ਼ੁਲਾਮ ਯਹੂਦੀਆਂ ਨੂੰ ਚਾਰ ਗੱਲਾਂ ਦਾ ਭਰੋਸਾ ਦਿਵਾਇਆ ਗਿਆ। ਉਹ ਕਿਹੜੀਆਂ ਚਾਰ ਗੱਲਾਂ ਸਨ? ਪਹਿਲੀ ਇਹ ਸੀ ਕਿ ਮੁੜ ਬਹਾਲ ਹੋਏ ਇਜ਼ਰਾਈਲ ਦੇਸ਼ ਵਿਚ ਪਰਮੇਸ਼ੁਰ ਦੇ ਮੰਦਰ ਵਿਚ ਫਿਰ ਤੋਂ ਸ਼ੁੱਧ ਭਗਤੀ ਕੀਤੀ ਜਾਵੇਗੀ। ਦੂਜੀ, ਪਰਮੇਸ਼ੁਰ ਦੇ ਮਿਆਰਾਂ ʼਤੇ ਚੱਲਣ ਵਾਲੇ ਪੁਜਾਰੀ ਅਤੇ ਚਰਵਾਹੇ ਇਸ ਕੌਮ ਦੀ ਅਗਵਾਈ ਕਰਨਗੇ। ਤੀਜੀ, ਇਜ਼ਰਾਈਲ ਵਾਪਸ ਆਉਣ ਵਾਲੇ ਸਾਰੇ ਲੋਕਾਂ ਨੂੰ ਜ਼ਮੀਨ ਮਿਲੇਗੀ। ਚੌਥੀ, ਯਹੋਵਾਹ ਫਿਰ ਤੋਂ ਉਨ੍ਹਾਂ ਨਾਲ ਹੋਵੇਗਾ, ਹਾਂ, ਉਨ੍ਹਾਂ ਵਿਚ ਵੱਸੇਗਾ।
4 ਇਸ ਕਿਤਾਬ ਦੇ 13ਵੇਂ ਅਤੇ 14ਵੇਂ ਅਧਿਆਇ ਵਿਚ ਅਸੀਂ ਦੋ ਵਾਅਦਿਆਂ ਬਾਰੇ ਦੇਖਿਆ ਸੀ ਕਿ ਸ਼ੁੱਧ ਭਗਤੀ ਬਹਾਲ ਕੀਤੀ ਜਾਵੇਗੀ ਤੇ ਨੇਕ ਚਰਵਾਹੇ ਲੋਕਾਂ ਦੀ ਅਗਵਾਈ ਕਰਨਗੇ। ਇਸ ਅਧਿਆਇ ਵਿਚ ਅਸੀਂ ਤੀਜੇ ਵਾਅਦੇ ʼਤੇ ਗੌਰ ਕਰਾਂਗੇ ਜੋ ਜ਼ਮੀਨ ਵੰਡਣ ਬਾਰੇ ਹੈ। ਅਗਲੇ ਅਧਿਆਇ ਵਿਚ ਚੌਥੇ ਵਾਅਦੇ ਬਾਰੇ ਗੱਲ ਕਰਾਂਗੇ ਕਿ ਯਹੋਵਾਹ ਕਿਵੇਂ ਆਪਣੇ ਲੋਕਾਂ ਵਿਚ ਵੱਸੇਗਾ।—ਹਿਜ਼. 47:13-21; 48:1-7, 23-29.
‘ਇਹ ਦੇਸ਼ ਤੁਹਾਨੂੰ ਵਿਰਾਸਤ ਵਜੋਂ ਦਿੱਤਾ ਜਾਂਦਾ ਹੈ’
5, 6. (ੳ) ਹਿਜ਼ਕੀਏਲ ਦੇ ਦਰਸ਼ਣ ਵਿਚ ਦੱਸਿਆ ਉਹ ਇਲਾਕਾ ਕੀ ਸੀ ਜੋ ਵੰਡਿਆ ਜਾਣਾ ਸੀ? (ਪਹਿਲੀ ਤਸਵੀਰ ਦੇਖੋ।) (ਅ) ਜ਼ਮੀਨ ਵੰਡਣ ਬਾਰੇ ਦਿਖਾਏ ਦਰਸ਼ਣ ਦਾ ਕੀ ਮਕਸਦ ਸੀ?
5 ਹਿਜ਼ਕੀਏਲ 47:14 ਪੜ੍ਹੋ। ਦਰਸ਼ਣ ਵਿਚ ਯਹੋਵਾਹ ਨੇ ਹਿਜ਼ਕੀਏਲ ਦਾ ਧਿਆਨ ਉਸ ਇਲਾਕੇ ਵੱਲ ਖਿੱਚਿਆ ਜੋ ਜਲਦੀ ਹੀ “ਅਦਨ ਦੇ ਬਾਗ਼” ਵਰਗਾ ਬਣਨ ਵਾਲਾ ਸੀ। (ਹਿਜ਼. 36:35) ਫਿਰ ਯਹੋਵਾਹ ਨੇ ਕਿਹਾ: “ਇਹ ਉਹ ਇਲਾਕਾ ਹੈ ਜੋ ਤੁਸੀਂ ਇਜ਼ਰਾਈਲ ਦੇ 12 ਗੋਤਾਂ ਨੂੰ ਵਿਰਾਸਤ ਵਜੋਂ ਦਿਓਗੇ।” (ਹਿਜ਼. 47:13) ਇਹ “ਇਲਾਕਾ” ਇਜ਼ਰਾਈਲ ਦੇਸ਼ ਸੀ ਜਿੱਥੇ ਗ਼ੁਲਾਮੀ ਵਿੱਚੋਂ ਵਾਪਸ ਆਉਣ ਵਾਲੇ ਇਜ਼ਰਾਈਲੀਆਂ ਨੇ ਵੱਸਣਾ ਸੀ। ਫਿਰ ਜਿਵੇਂ ਹਿਜ਼ਕੀਏਲ 47:15-21 ਵਿਚ ਲਿਖਿਆ ਹੈ, ਯਹੋਵਾਹ ਨੇ ਸਾਫ਼-ਸਾਫ਼ ਦੱਸਿਆ ਕਿ ਦੇਸ਼ ਦੀਆਂ ਸਰਹੱਦਾਂ ਕਿੱਥੋਂ ਲੈ ਕੇ ਕਿੱਥੇ ਤਕ ਹੋਣਗੀਆਂ।
6 ਦਰਸ਼ਣ ਵਿਚ ਜ਼ਮੀਨ ਦੀ ਵੰਡ ਬਾਰੇ ਦੱਸਣ ਦਾ ਕੀ ਮਕਸਦ ਸੀ? ਸਹੀ ਢੰਗ ਨਾਲ ਠਹਿਰਾਈਆਂ ਸਰਹੱਦਾਂ ਬਾਰੇ ਜਾਣਕਾਰੀ ਦੇ ਕੇ ਯਹੋਵਾਹ ਨੇ ਹਿਜ਼ਕੀਏਲ ਅਤੇ ਬਾਕੀ ਗ਼ੁਲਾਮ ਯਹੂਦੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਪਿਆਰਾ ਦੇਸ਼ ਦੁਬਾਰਾ ਵਸਾਇਆ ਜਾਵੇਗਾ। ਜ਼ਰਾ ਸੋਚੋ ਕਿ ਉਹ ਕਿੰਨੇ ਖ਼ੁਸ਼ ਹੋਏ ਹੋਣੇ ਜਦੋਂ ਉਨ੍ਹਾਂ ਨੂੰ ਯਹੋਵਾਹ ਨੇ ਦੱਸਿਆ ਕਿ ਸਰਹੱਦਾਂ ਕਿੱਥੋਂ ਲੈ ਕੇ ਕਿੱਥੋਂ ਤਕ ਹੋਣਗੀਆਂ ਤੇ ਜ਼ਮੀਨ ਕਿਵੇਂ ਵੰਡੀ ਜਾਵੇਗੀ। ਕੀ ਪਰਮੇਸ਼ੁਰ ਦੇ ਉਨ੍ਹਾਂ ਲੋਕਾਂ ਨੂੰ ਵਾਕਈ ਵਿਰਾਸਤ ਵਿਚ ਜ਼ਮੀਨ ਮਿਲੀ ਸੀ? ਬਿਲਕੁਲ।
7. (ੳ) 537 ਈਸਵੀ ਪੂਰਵ ਵਿਚ ਕੀ ਹੋਣ ਲੱਗਾ ਤੇ ਇਸ ਤੋਂ ਸਾਨੂੰ ਕਿਹੜੀ ਗੱਲ ਯਾਦ ਦਿਵਾਈ ਜਾਂਦੀ ਹੈ? (ਅ) ਅਸੀਂ ਪਹਿਲਾਂ ਕਿਸ ਸਵਾਲ ਦਾ ਜਵਾਬ ਜਾਣਾਂਗੇ?
7 ਹਿਜ਼ਕੀਏਲ ਦੁਆਰਾ ਦਰਸ਼ਣ ਦੇਖਣ ਤੋਂ ਲਗਭਗ 56 ਸਾਲਾਂ ਬਾਅਦ 537 ਈਸਵੀ ਪੂਰਵ ਵਿਚ ਯਹੂਦੀ ਇਜ਼ਰਾਈਲ ਦੇਸ਼ ਨੂੰ ਮੁੜਨ ਲੱਗ ਪਏ ਅਤੇ ਉੱਥੇ ਵੱਸਣ ਲੱਗੇ। ਪੁਰਾਣੇ ਸਮੇਂ ਦੀਆਂ ਇਹ ਘਟਨਾਵਾਂ ਸਾਨੂੰ ਅੱਜ ਦੇ ਜ਼ਮਾਨੇ ਵਿਚ ਹੋਈ ਇਸੇ ਤਰ੍ਹਾਂ ਦੀ ਘਟਨਾ ਯਾਦ ਦਿਵਾਉਂਦੀਆਂ ਹਨ। ਅੱਜ ਵੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਇਕ “ਦੇਸ਼” ਦਿੱਤਾ ਹੈ ਜਿੱਥੇ ਰਹਿ ਕੇ ਉਹ ਉੱਚੇ-ਸੁੱਚੇ ਤਰੀਕੇ ਨਾਲ ਉਸ ਦੀ ਭਗਤੀ ਕਰ ਸਕਦੇ ਹਨ। ਇਸ ਕਰਕੇ ਪੁਰਾਣੇ ਜ਼ਮਾਨੇ ਵਿਚ ਹੋਈ ਬਹਾਲੀ ਤੋਂ ਅਸੀਂ ਅੱਜ ਪਰਮੇਸ਼ੁਰ ਦੇ ਲੋਕਾਂ ਵਿਚ ਹੋਈ ਬਹਾਲੀ ਬਾਰੇ ਕਾਫ਼ੀ ਕੁਝ ਜਾਣ ਸਕਦੇ ਹਾਂ। ਪਰ ਇਸ ਤੋਂ ਪਹਿਲਾਂ ਆਓ ਆਪਾਂ ਇਕ ਸਵਾਲ ਦਾ ਜਵਾਬ ਜਾਣੀਏ, “ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅੱਜ ਪਰਮੇਸ਼ੁਰ ਦੇ ਲੋਕਾਂ ਦਾ ‘ਦੇਸ਼’ ਸੱਚ-ਮੁੱਚ ਹੈ?”
8. (ੳ) ਯਹੋਵਾਹ ਨੇ ਪੈਦਾਇਸ਼ੀ ਇਜ਼ਰਾਈਲ ਨੂੰ ਠੁਕਰਾ ਕੇ ਕਿਸ ਕੌਮ ਨੂੰ ਚੁਣਿਆ? (ਅ) ਪਰਮੇਸ਼ੁਰ ਦੇ ਲੋਕਾਂ ਦਾ “ਦੇਸ਼” ਕੀ ਹੈ? (ੲ) ਇਹ ਕਦੋਂ ਹੋਂਦ ਵਿਚ ਆਇਆ ਤੇ ਇਸ ਵਿਚ ਕੌਣ ਰਹਿੰਦੇ ਹਨ?
8 ਹਿਜ਼ਕੀਏਲ ਨੂੰ ਪਹਿਲਾਂ ਦਿਖਾਏ ਗਏ ਇਕ ਦਰਸ਼ਣ ਵਿਚ ਯਹੋਵਾਹ ਨੇ ਦੱਸਿਆ ਸੀ ਕਿ ਜਦੋਂ ਉਸ ਦਾ “ਸੇਵਕ ਦਾਊਦ” ਯਾਨੀ ਯਿਸੂ ਮਸੀਹ ਰਾਜ ਕਰਨਾ ਸ਼ੁਰੂ ਕਰੇਗਾ, ਉਸ ਤੋਂ ਬਾਅਦ ਇਜ਼ਰਾਈਲ ਦੀ ਬਹਾਲੀ ਬਾਰੇ ਭਵਿੱਖਬਾਣੀਆਂ ਵੱਡੇ ਪੈਮਾਨੇ ʼਤੇ ਪੂਰੀਆਂ ਹੋਣਗੀਆਂ। (ਹਿਜ਼. 37:24) ਯਿਸੂ 1914 ਵਿਚ ਰਾਜਾ ਬਣਿਆ। ਉਸ ਸਮੇਂ ਤੋਂ ਸਦੀਆਂ ਪਹਿਲਾਂ ਯਹੋਵਾਹ ਨੇ ਪੈਦਾਇਸ਼ੀ ਇਜ਼ਰਾਈਲੀਆਂ ਨੂੰ ਠੁਕਰਾ ਦਿੱਤਾ ਸੀ ਅਤੇ ਉਨ੍ਹਾਂ ਦੀ ਜਗ੍ਹਾ ਉਸ ਕੌਮ ਨੂੰ ਚੁਣਿਆ ਜੋ ਪਵਿੱਤਰ ਸ਼ਕਤੀ ਨਾਲ ਚੁਣੇ ਮਸੀਹੀਆਂ ਨਾਲ ਬਣੀ ਹੈ। (ਮੱਤੀ 21:43; 1 ਪਤਰਸ 2:9 ਪੜ੍ਹੋ।) ਨਾਲੇ ਯਹੋਵਾਹ ਨੇ ਇਸ ਕੌਮ ਨੂੰ ਸੱਚ-ਮੁੱਚ ਦੇ ਇਜ਼ਰਾਈਲ ਵਿਚ ਵਸਾਉਣ ਦੀ ਬਜਾਇ ਕਿਸੇ ਹੋਰ ਦੇਸ਼ ਵਿਚ ਵਸਾਇਆ ਹੈ। (ਯਸਾ. 66:8) ਜਿਵੇਂ ਅਸੀਂ ਇਸ ਕਿਤਾਬ ਦੇ 17ਵੇਂ ਅਧਿਆਇ ਵਿਚ ਦੇਖਿਆ ਸੀ, 1919 ਤੋਂ ਬਾਕੀ ਬਚੇ ਚੁਣੇ ਹੋਏ ਮਸੀਹੀ ਇਸ “ਦੇਸ਼” ਵਿਚ ਵੱਸਣ ਲੱਗੇ ਯਾਨੀ ਉਹ ਇਸ ਹੱਦ ਤਕ ਸ਼ੁੱਧ ਹੋ ਗਏ ਕਿ ਉਹ ਉੱਚੇ-ਸੁੱਚੇ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰ ਸਕਦੇ ਸਨ। (9ਅ, “1919 ਹੀ ਕਿਉਂ?” ਨਾਂ ਦੀ ਡੱਬੀ ਦੇਖੋ।) ਬਾਅਦ ਵਿਚ “ਹੋਰ ਭੇਡਾਂ” ਯਾਨੀ ਧਰਤੀ ਉੱਤੇ ਜੀਉਣ ਦੀ ਉਮੀਦ ਰੱਖਣ ਵਾਲੇ ਲੋਕ ਵੀ ਇਸ “ਦੇਸ਼” ਵਿਚ ਆ ਕੇ ਵੱਸਣ ਲੱਗੇ। (ਯੂਹੰ. 10:16) ਅੱਜ ਇਸ “ਦੇਸ਼” ਦੀਆਂ ਸਰਹੱਦਾਂ ਵਧਦੀਆਂ ਜਾ ਰਹੀਆਂ ਹਨ ਤੇ ਸਾਨੂੰ ਬਰਕਤਾਂ ਮਿਲ ਰਹੀਆਂ ਹਨ। ਪਰ ਆਰਮਾਗੇਡਨ ਤੋਂ ਬਾਅਦ ਅਸੀਂ ਹੋਰ ਵੀ ਬਹੁਤ ਸਾਰੀਆਂ ਬਰਕਤਾਂ ਦਾ ਆਨੰਦ ਮਾਣਾਂਗੇ।
ਦੇਸ਼ ਦੀ ਬਰਾਬਰ ਤੇ ਸਹੀ-ਸਹੀ ਵੰਡ
9. ਯਹੋਵਾਹ ਨੇ ਜ਼ਮੀਨ ਦੀ ਵੰਡ ਬਾਰੇ ਕਿਹੜੀਆਂ ਹਿਦਾਇਤਾਂ ਦਿੱਤੀਆਂ?
9 ਹਿਜ਼ਕੀਏਲ 48:1, 28 ਪੜ੍ਹੋ। ਦੇਸ਼ ਦੀਆਂ ਸਰਹੱਦਾਂ ਬਾਰੇ ਦੱਸਣ ਤੋਂ ਬਾਅਦ ਯਹੋਵਾਹ ਨੇ ਦੱਸਿਆ ਕਿ ਜ਼ਮੀਨ ਦੀ ਵੰਡ ਕਿਵੇਂ ਕੀਤੀ ਜਾਣੀ ਸੀ। ਉਸ ਨੇ ਦੱਸਿਆ ਕਿ ਇਜ਼ਰਾਈਲ ਦੇ 12 ਗੋਤਾਂ ਵਿਚ ਉੱਤਰ ਤੋਂ ਲੈ ਕੇ ਦੱਖਣ ਤਕ ਜ਼ਮੀਨ ਵੰਡੀ ਜਾਵੇ। ਦੇਸ਼ ਦੇ ਉੱਤਰੀ ਸਿਰੇ ਦੀ ਜ਼ਮੀਨ ਦਾਨ ਦੇ ਗੋਤ ਨੂੰ ਅਤੇ ਦੱਖਣੀ ਸਿਰੇ ਦੀ ਜ਼ਮੀਨ ਗਾਦ ਦੇ ਗੋਤ ਨੂੰ ਦਿੱਤੀ ਜਾਵੇ ਤੇ ਵਿਚਕਾਰਲਾ ਹਿੱਸਾ ਬਾਕੀ ਗੋਤਾਂ ਨੂੰ ਦਿੱਤਾ ਜਾਵੇ। 12 ਗੋਤਾਂ ਦੀ ਜ਼ਮੀਨ ਪੂਰਬ ਤੋਂ ਲੈ ਕੇ ਪੱਛਮ ਵਿਚ ਵੱਡੇ ਸਾਗਰ ਯਾਨੀ ਭੂਮੱਧ ਸਾਗਰ ਤਕ ਫੈਲੀ ਹੋਈ ਸੀ।—ਹਿਜ਼. 47:20; “ਜ਼ਮੀਨ ਦੀ ਵੰਡ” ਨਾਂ ਦੀ ਡੱਬੀ ਵਿਚ ਦਿੱਤਾ ਨਕਸ਼ਾ ਦੇਖੋ।
10. ਦਰਸ਼ਣ ਦੇ ਇਸ ਹਿੱਸੇ ਬਾਰੇ ਜਾਣ ਕੇ ਗ਼ੁਲਾਮ ਯਹੂਦੀਆਂ ਨੂੰ ਕਿਸ ਗੱਲ ਦਾ ਯਕੀਨ ਹੋ ਗਿਆ?
10 ਦਰਸ਼ਣ ਦੇ ਇਸ ਹਿੱਸੇ ਬਾਰੇ ਜਾਣ ਕੇ ਗ਼ੁਲਾਮ ਯਹੂਦੀਆਂ ਨੂੰ ਕਿਸ ਗੱਲ ਦਾ ਯਕੀਨ ਹੋ ਗਿਆ? ਹਿਜ਼ਕੀਏਲ ਨੇ ਦੇਸ਼ ਦੀ ਜ਼ਮੀਨ ਦੀ ਵੰਡ ਬਾਰੇ ਜੋ ਜਾਣਕਾਰੀ ਦਿੱਤੀ, ਉਸ ਤੋਂ ਗ਼ੁਲਾਮ ਯਹੂਦੀਆਂ ਨੂੰ ਯਕੀਨ ਹੋ ਗਿਆ ਹੋਣਾ ਕਿ ਜ਼ਮੀਨ ਨੂੰ ਸਹੀ ਢੰਗ ਨਾਲ ਵੰਡਿਆ ਜਾਵੇਗਾ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਸੀ ਕਿ 12 ਗੋਤਾਂ ਨੂੰ ਕਿੱਥੋਂ ਲੈ ਕੇ ਕਿੱਥੇ ਤਕ ਜ਼ਮੀਨ ਦਿੱਤੀ ਜਾਵੇਗੀ। ਇਸ ਲਈ ਹਰ ਯਹੂਦੀ ਨੂੰ ਭਰੋਸਾ ਹੋ ਗਿਆ ਕਿ ਜਦੋਂ ਉਹ ਆਪਣੇ ਦੇਸ਼ ਵਾਪਸ ਜਾਵੇਗਾ, ਤਾਂ ਉਸ ਨੂੰ ਜ਼ਮੀਨ ਜ਼ਰੂਰ ਮਿਲੇਗੀ। ਇਸ ਤਰ੍ਹਾਂ ਹਰ ਕਿਸੇ ਕੋਲ ਜ਼ਮੀਨ ਹੋਣੀ ਸੀ ਤੇ ਕਿਸੇ ਨੇ ਵੀ ਬੇਘਰ ਨਹੀਂ ਹੋਣਾ ਸੀ।
11. ਵੰਡ ਬਾਰੇ ਇਸ ਦਰਸ਼ਣ ਤੋਂ ਅਸੀਂ ਕਿਹੜੇ ਸਬਕ ਸਿੱਖਦੇ ਹਾਂ? (“ਜ਼ਮੀਨ ਦੀ ਵੰਡ” ਨਾਂ ਦੀ ਡੱਬੀ ਦੇਖੋ।)
11 ਇਸ ਦਰਸ਼ਣ ਤੋਂ ਅਸੀਂ ਅੱਜ ਕੀ ਸਿੱਖਦੇ ਹਾਂ? ਜਦੋਂ ਵਾਅਦਾ ਕੀਤਾ ਗਿਆ ਦੇਸ਼ ਬਹਾਲ ਹੋਇਆ ਸੀ, ਤਾਂ ਉੱਥੇ ਨਾ ਸਿਰਫ਼ ਪੁਜਾਰੀਆਂ, ਲੇਵੀਆਂ ਅਤੇ ਮੁਖੀਆਂ ਨੂੰ ਜ਼ਮੀਨ ਦਿੱਤੀ ਗਈ, ਸਗੋਂ 12 ਗੋਤਾਂ ਦੇ ਸਾਰੇ ਲੋਕਾਂ ਨੂੰ ਜ਼ਮੀਨ ਮਿਲੀ ਸੀ। (ਹਿਜ਼. 45:4, 5, 7, 8) ਉਸੇ ਤਰ੍ਹਾਂ ਅੱਜ ਪਰਮੇਸ਼ੁਰ ਦੇ ਲੋਕਾਂ ਦੇ “ਦੇਸ਼” ਵਿਚ, ਜਿੱਥੇ ਉਹ ਉੱਚੇ-ਸੁੱਚੇ ਤਰੀਕੇ ਨਾਲ ਉਸ ਦੀ ਭਗਤੀ ਕਰ ਸਕਦੇ ਹਨ, ਨਾ ਸਿਰਫ਼ ਚੁਣੇ ਹੋਏ ਮਸੀਹੀਆਂ ਨੂੰ ਅਤੇ “ਵੱਡੀ ਭੀੜ” ਵਿੱਚੋਂ ਅਗਵਾਈ ਕਰਨ ਵਾਲੇ ਭਰਾਵਾਂ ਨੂੰ ਜਗ੍ਹਾ ਮਿਲੀ ਹੈ, ਸਗੋਂ ਵੱਡੀ ਭੀੜ ਦੇ ਸਾਰੇ ਲੋਕਾਂ ਨੂੰ ਵੀ ਮਿਲੀ ਹੈ।a (ਪ੍ਰਕਾ. 7:9) ਯਹੋਵਾਹ ਦੇ ਸੰਗਠਨ ਵਿਚ ਭਾਵੇਂ ਸਾਡੀ ਭੂਮਿਕਾ ਛੋਟੀ ਜਿਹੀ ਕਿਉਂ ਨਾ ਹੋਵੇ, ਫਿਰ ਵੀ ਸਾਡੀ ਸਾਰਿਆਂ ਦੀ ਸੇਵਾ ਅਨਮੋਲ ਹੈ ਅਤੇ ਇਸ ਵਿਚ ਹਰ ਕਿਸੇ ਦੀ ਇਕ ਅਹਿਮ ਜਗ੍ਹਾ ਹੈ। ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ!
ਦੋ ਖ਼ਾਸ ਫ਼ਰਕ—ਇਹ ਸਾਡੇ ਲਈ ਕੀ ਮਾਅਨੇ ਰੱਖਦੇ ਹਨ?
12, 13. ਬਾਰਾਂ ਗੋਤਾਂ ਵਿਚ ਜ਼ਮੀਨ ਵੰਡਣ ਬਾਰੇ ਯਹੋਵਾਹ ਨੇ ਕਿਹੜੀਆਂ ਖ਼ਾਸ ਹਿਦਾਇਤਾਂ ਦਿੱਤੀਆਂ?
12 ਜ਼ਮੀਨ ਵੰਡਣ ਬਾਰੇ ਯਹੋਵਾਹ ਦੀਆਂ ਕੁਝ ਹਿਦਾਇਤਾਂ ਸੁਣ ਕੇ ਹਿਜ਼ਕੀਏਲ ਹੈਰਾਨ ਰਹਿ ਗਿਆ ਹੋਣਾ ਕਿਉਂਕਿ ਇਹ ਮੂਸਾ ਨੂੰ ਦਿੱਤੀਆਂ ਹਿਦਾਇਤਾਂ ਨਾਲੋਂ ਵੱਖਰੀਆਂ ਸਨ। ਆਓ ਆਪਾਂ ਇਨ੍ਹਾਂ ਵਿਚ ਦੋ ਫ਼ਰਕ ਦੇਖੀਏ। ਇਕ ਫ਼ਰਕ ਜ਼ਮੀਨ ਦੇ ਸੰਬੰਧ ਵਿਚ ਸੀ ਤੇ ਦੂਜਾ ਉੱਥੋਂ ਦੇ ਵਾਸੀਆਂ ਦੇ ਸੰਬੰਧ ਵਿਚ।
13 ਪਹਿਲਾ ਫ਼ਰਕ, ਜ਼ਮੀਨ। ਮੂਸਾ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਵੱਡੇ ਗੋਤਾਂ ਨੂੰ ਜ਼ਿਆਦਾ ਜ਼ਮੀਨ ਦਿੱਤੀ ਜਾਵੇ ਤੇ ਛੋਟੇ ਗੋਤਾਂ ਨੂੰ ਘੱਟ। (ਗਿਣ. 26:52-54) ਪਰ ਹਿਜ਼ਕੀਏਲ ਦੇ ਦਰਸ਼ਣ ਵਿਚ ਯਹੋਵਾਹ ਨੇ ਖ਼ਾਸ ਹਿਦਾਇਤਾਂ ਦਿੱਤੀਆਂ ਕਿ ਸਾਰੇ ਗੋਤਾਂ ਨੂੰ “ਬਰਾਬਰ ਹਿੱਸਾ [“ਹਰੇਕ ਨੂੰ ਆਪਣੇ ਭਰਾ ਵਾਂਗ,” ਫੁਟਨੋਟ]” ਦਿੱਤਾ ਜਾਵੇ। (ਹਿਜ਼. 47:14) ਇਸ ਦਾ ਮਤਲਬ ਹੈ ਕਿ ਹਰ ਗੋਤ ਦੀ ਜ਼ਮੀਨ ਉੱਤਰੀ ਸਿਰੇ ਤੋਂ ਲੈ ਕੇ ਦੱਖਣੀ ਸਿਰੇ ਤਕ ਬਰਾਬਰ ਹੋਣੀ ਸੀ। ਇਸ ਲਈ ਸਾਰੇ ਇਜ਼ਰਾਈਲੀਆਂ ਨੂੰ, ਭਾਵੇਂ ਉਹ ਕਿਸੇ ਵੀ ਗੋਤ ਦੇ ਸਨ, ਵਾਅਦਾ ਕੀਤੇ ਹੋਏ ਦੇਸ਼ ਦੀ ਉਪਜਾਊ ਜ਼ਮੀਨ ਅਤੇ ਪਾਣੀ ਦੀ ਬਹੁਤਾਤ ਤੋਂ ਬਰਾਬਰ ਫ਼ਾਇਦਾ ਹੋਣਾ ਸੀ।
14. ਯਹੋਵਾਹ ਨੇ ਪਰਦੇਸੀਆਂ ਬਾਰੇ ਜੋ ਹਿਦਾਇਤਾਂ ਦਿੱਤੀਆਂ ਸਨ, ਉਹ ਮੂਸਾ ਦੇ ਕਾਨੂੰਨ ਤੋਂ ਕਿਵੇਂ ਵੱਖਰੀਆਂ ਸਨ?
14 ਦੂਜਾ ਫ਼ਰਕ, ਉੱਥੋਂ ਦੇ ਵਾਸੀ। ਮੂਸਾ ਦੇ ਕਾਨੂੰਨ ਵਿਚ ਪਰਦੇਸੀਆਂ ਦੀ ਰਾਖੀ ਲਈ ਕੁਝ ਨਿਯਮ ਦਿੱਤੇ ਗਏ ਸਨ ਤੇ ਉਨ੍ਹਾਂ ਨੂੰ ਯਹੋਵਾਹ ਦੀ ਭਗਤੀ ਕਰਨ ਦੀ ਇਜਾਜ਼ਤ ਸੀ, ਪਰ ਉਨ੍ਹਾਂ ਨੂੰ ਦੇਸ਼ ਵਿਚ ਕੋਈ ਜ਼ਮੀਨ ਨਹੀਂ ਦਿੱਤੀ ਗਈ। (ਲੇਵੀ. 19:33, 34) ਹਿਜ਼ਕੀਏਲ ਨੂੰ ਯਹੋਵਾਹ ਨੇ ਜੋ ਹਿਦਾਇਤ ਦਿੱਤੀ, ਉਹ ਮੂਸਾ ਦੇ ਕਾਨੂੰਨ ਤੋਂ ਬਿਲਕੁਲ ਵੱਖਰੀ ਸੀ। ਯਹੋਵਾਹ ਨੇ ਉਸ ਨੂੰ ਕਿਹਾ: “ਤੁਸੀਂ ਪਰਦੇਸੀ ਨੂੰ ਉਸ ਗੋਤ ਦੇ ਇਲਾਕੇ ਵਿਚ ਵਿਰਾਸਤ ਦੇਣੀ ਜਿੱਥੇ ਉਹ ਰਹਿੰਦਾ ਹੈ।” ਯਹੋਵਾਹ ਨੇ ਇਹ ਹੁਕਮ ਦੇ ਕੇ “ਪੈਦਾਇਸ਼ੀ ਇਜ਼ਰਾਈਲੀਆਂ” ਅਤੇ ਪਰਦੇਸੀਆਂ ਵਿਚ ਫ਼ਰਕ ਮਿਟਾ ਦਿੱਤਾ। (ਹਿਜ਼. 47:22, 23) ਹਿਜ਼ਕੀਏਲ ਨੇ ਦਰਸ਼ਣ ਵਿਚ ਦੇਖਿਆ ਕਿ ਮੁੜ ਆਬਾਦ ਕੀਤੇ ਦੇਸ਼ ਵਿਚ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਂਦਾ ਸੀ ਤੇ ਉਹ ਸਾਰੇ ਜਣੇ ਮਿਲ ਕੇ ਯਹੋਵਾਹ ਦੀ ਭਗਤੀ ਕਰ ਰਹੇ ਸਨ।—ਲੇਵੀ. 25:23.
15. ਦੇਸ਼ ਦੀ ਜ਼ਮੀਨ ਅਤੇ ਇਸ ਦੇ ਵਾਸੀਆਂ ਬਾਰੇ ਦਿੱਤੀਆਂ ਹਿਦਾਇਤਾਂ ਤੋਂ ਯਹੋਵਾਹ ਬਾਰੇ ਕਿਹੜੀ ਗੱਲ ਹੋਰ ਵੀ ਪੱਕੀ ਹੁੰਦੀ ਹੈ?
15 ਦੇਸ਼ ਦੀ ਜ਼ਮੀਨ ਅਤੇ ਇਸ ਦੇ ਵਾਸੀਆਂ ਬਾਰੇ ਹਿਜ਼ਕੀਏਲ ਨੂੰ ਦਿੱਤੀਆਂ ਦੋ ਵਧੀਆ ਹਿਦਾਇਤਾਂ ਕਰਕੇ ਗ਼ੁਲਾਮ ਇਜ਼ਰਾਈਲੀਆਂ ਦਾ ਭਰੋਸਾ ਵਧਿਆ ਹੋਣਾ। ਉਨ੍ਹਾਂ ਨੂੰ ਯਕੀਨ ਸੀ ਕਿ ਯਹੋਵਾਹ ਸਾਰੇ ਲੋਕਾਂ ਨੂੰ ਦੇਸ਼ ਵਿਚ ਬਰਾਬਰ ਹਿੱਸਾ ਦੇਵੇਗਾ, ਚਾਹੇ ਉਹ ਪੈਦਾਇਸ਼ੀ ਇਜ਼ਰਾਈਲੀ ਸਨ ਜਾਂ ਉਸ ਦੀ ਭਗਤੀ ਕਰਨ ਵਾਲੇ ਪਰਦੇਸੀ। (ਅਜ਼. 8:20; ਨਹ. 3:26; 7:6, 25; ਯਸਾ. 56:3, 8) ਇਨ੍ਹਾਂ ਹਿਦਾਇਤਾਂ ਤੋਂ ਇਹ ਗੱਲ ਹੋਰ ਵੀ ਪੱਕੀ ਹੋ ਗਈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਦੇ ਸਾਰੇ ਸੇਵਕ ਅਨਮੋਲ ਹਨ। (ਹੱਜਈ 2:7 ਪੜ੍ਹੋ।) ਇਹ ਇਕ ਅਜਿਹੀ ਸੱਚਾਈ ਹੈ ਜੋ ਕਦੇ ਨਹੀਂ ਬਦਲਦੀ। ਅੱਜ ਸਾਨੂੰ ਵੀ ਇਸ ਗੱਲ ਤੋਂ ਖ਼ੁਸ਼ੀ ਮਿਲਦੀ ਹੈ, ਫਿਰ ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ਉੱਤੇ ਰਹਿਣ ਦੀ।
16, 17. (ੳ) ਦੇਸ਼ ਦੀ ਜ਼ਮੀਨ ਅਤੇ ਇਸ ਦੇ ਵਾਸੀਆਂ ਬਾਰੇ ਦਿੱਤੀ ਜਾਣਕਾਰੀ ʼਤੇ ਗੌਰ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ? (ਅ) ਅਗਲੇ ਅਧਿਆਇ ਵਿਚ ਅਸੀਂ ਕੀ ਦੇਖਾਂਗੇ?
16 ਦੇਸ਼ ਦੀ ਜ਼ਮੀਨ ਅਤੇ ਇਸ ਦੇ ਵਾਸੀਆਂ ਬਾਰੇ ਹੁਣ ਤਕ ਅਸੀਂ ਜੋ ਜਾਣਿਆ ਹੈ, ਉਸ ਉੱਤੇ ਗੌਰ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਸਾਨੂੰ ਇਹ ਗੱਲ ਯਾਦ ਕਰਾਈ ਗਈ ਹੈ ਕਿ ਸਾਡੇ ਵਿਚ ਏਕਤਾ ਹੋਵੇ ਤੇ ਅਸੀਂ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰੀਏ। ਯਹੋਵਾਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਇਸ ਲਈ ਸਾਨੂੰ ਆਪਣੇ ਤੋਂ ਪੁੱਛਣਾ ਚਾਹੀਦਾ: ‘ਕੀ ਮੈਂ ਯਹੋਵਾਹ ਵਾਂਗ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰਦਾ ਹਾਂ? ਕੀ ਮੈਂ ਯਹੋਵਾਹ ਦੇ ਹਰ ਸੇਵਕ ਦਾ ਦਿਲੋਂ ਆਦਰ ਕਰਦਾ ਹਾਂ, ਫਿਰ ਚਾਹੇ ਉਹ ਕਿਸੇ ਵੀ ਪਿਛੋਕੜ ਦਾ ਹੋਵੇ ਜਾਂ ਜ਼ਿੰਦਗੀ ਵਿਚ ਉਸ ਦੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ?’ (ਰੋਮੀ. 12:10) ਅਸੀਂ ਪਰਮੇਸ਼ੁਰ ਦੇ ਲੋਕਾਂ ਦੇ “ਦੇਸ਼” ਵਿਚ ਉੱਚੇ-ਸੁੱਚੇ ਤਰੀਕੇ ਨਾਲ ਉਸ ਦੀ ਭਗਤੀ ਕਰ ਸਕਦੇ ਹਾਂ। ਅਸੀਂ ਖ਼ੁਸ਼ ਹਾਂ ਕਿ ਯਹੋਵਾਹ ਨੇ ਇਸ “ਦੇਸ਼” ਵਿਚ ਸਾਨੂੰ ਸਾਰਿਆਂ ਨੂੰ ਬਰਾਬਰ ਮੌਕਾ ਦਿੱਤਾ ਹੈ ਕਿ ਅਸੀਂ ਜੀ-ਜਾਨ ਨਾਲ ਆਪਣੇ ਸਵਰਗੀ ਪਿਤਾ ਦੀ ਪਵਿੱਤਰ ਸੇਵਾ ਕਰੀਏ ਅਤੇ ਉਸ ਤੋਂ ਬਰਕਤਾਂ ਦਾ ਆਨੰਦ ਮਾਣੀਏ।—ਗਲਾ. 3:26-29; ਪ੍ਰਕਾ. 7:9.
17 ਅਸੀਂ ਹਿਜ਼ਕੀਏਲ ਦੇ ਆਖ਼ਰੀ ਦਰਸ਼ਣ ਦੇ ਆਖ਼ਰੀ ਭਾਗ ਵਿਚ ਦੱਸੇ ਚੌਥੇ ਵਾਅਦੇ ʼਤੇ ਗੌਰ ਕਰਾਂਗੇ ਕਿ ਯਹੋਵਾਹ ਆਪਣੇ ਲੋਕਾਂ ਨਾਲ ਰਹੇਗਾ। ਅਸੀਂ ਇਸ ਵਾਅਦੇ ਤੋਂ ਕੀ ਸਿੱਖ ਸਕਦੇ ਹਾਂ? ਇਸ ਸਵਾਲ ਦਾ ਜਵਾਬ ਅਸੀਂ ਅਗਲੇ ਅਧਿਆਇ ਵਿਚ ਦੇਖਾਂਗੇ।
-
-
“ਸ਼ਹਿਰ ਦਾ ਨਾਂ ਹੋਵੇਗਾ, ‘ਯਹੋਵਾਹ ਉੱਥੇ ਹੈ’”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
ਅਧਿਆਇ 21
“ਸ਼ਹਿਰ ਦਾ ਨਾਂ ਹੋਵੇਗਾ, ‘ਯਹੋਵਾਹ ਉੱਥੇ ਹੈ’”
ਮੁੱਖ ਗੱਲ: ਸ਼ਹਿਰ ਅਤੇ ਭੇਟ ਕੀਤੀ ਜ਼ਮੀਨ ਦਾ ਕੀ ਮਤਲਬ ਹੈ?
1, 2. (ੳ) ਜ਼ਮੀਨ ਦਾ ਕਿਹੜਾ ਖ਼ਾਸ ਹਿੱਸਾ ਵੱਖਰਾ ਰੱਖਿਆ ਜਾਣਾ ਸੀ? (ਜਿਲਦ ʼਤੇ ਤਸਵੀਰ ਦੇਖੋ।) (ਅ) ਇਸ ਦਰਸ਼ਣ ਤੋਂ ਗ਼ੁਲਾਮ ਯਹੂਦੀਆਂ ਨੂੰ ਕੀ ਯਕੀਨ ਹੋਇਆ?
ਹਿਜ਼ਕੀਏਲ ਨੂੰ ਆਖ਼ਰੀ ਦਰਸ਼ਣ ਵਿਚ ਦੱਸਿਆ ਗਿਆ ਕਿ ਦੇਸ਼ ਦੀ ਜ਼ਮੀਨ ਦਾ ਇਕ ਹਿੱਸਾ ਇਕ ਖ਼ਾਸ ਮਕਸਦ ਲਈ ਵੱਖਰਾ ਰੱਖਿਆ ਜਾਵੇ। ਇਹ ਜ਼ਮੀਨ ਇਜ਼ਰਾਈਲੀਆਂ ਦੇ ਕਿਸੇ ਗੋਤ ਨੂੰ ਵਿਰਾਸਤ ਵਿਚ ਨਹੀਂ ਦਿੱਤੀ ਜਾਵੇਗੀ, ਸਗੋਂ ਯਹੋਵਾਹ ਨੂੰ ਭੇਟ ਵਜੋਂ ਦਿੱਤੀ ਜਾਵੇਗੀ। ਹਿਜ਼ਕੀਏਲ ਨੂੰ ਇਕ ਸ਼ਾਨਦਾਰ ਸ਼ਹਿਰ ਬਾਰੇ ਵੀ ਦੱਸਿਆ ਗਿਆ ਜਿਸ ਦਾ ਇਕ ਅਨੋਖਾ ਨਾਂ ਹੈ। ਦਰਸ਼ਣ ਦੀਆਂ ਇਹ ਗੱਲਾਂ ਜਾਣ ਕੇ ਗ਼ੁਲਾਮ ਯਹੂਦੀਆਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਹੋਣਾ ਕਿ ਜਦੋਂ ਉਹ ਆਪਣੇ ਪਿਆਰੇ ਦੇਸ਼ ਵਾਪਸ ਮੁੜਨਗੇ, ਤਾਂ ਯਹੋਵਾਹ ਉਨ੍ਹਾਂ ਦੇ ਨਾਲ ਹੋਵੇਗਾ।
2 ਹਿਜ਼ਕੀਏਲ ਨੇ ਉਸ ਭੇਟ ਕੀਤੀ ਜ਼ਮੀਨ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ। ਆਓ ਦਰਸ਼ਣ ਦੀਆਂ ਇਨ੍ਹਾਂ ਗੱਲਾਂ ਦੀ ਜਾਂਚ ਕਰੀਏ ਕਿਉਂਕਿ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਇਸ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।
“ਸ਼ਹਿਰ ਦੀ ਜ਼ਮੀਨ” ਅਤੇ “ਪਵਿੱਤਰ ਭੇਟ”
3. ਜ਼ਮੀਨ ਦਾ ਜਿਹੜਾ ਹਿੱਸਾ ਯਹੋਵਾਹ ਨੇ ਵੱਖਰਾ ਰੱਖਣ ਲਈ ਕਿਹਾ ਸੀ, ਉਸ ਦੇ ਪੰਜ ਹਿੱਸੇ ਕਿਹੜੇ ਸਨ ਅਤੇ ਉਨ੍ਹਾਂ ਦਾ ਕੀ ਮਕਸਦ ਸੀ? (“‘ਤੁਸੀਂ ਜ਼ਮੀਨ ਦਾ ਕੁਝ ਹਿੱਸਾ ਭੇਟ ਵਜੋਂ ਵੱਖਰਾ ਰੱਖਣਾ’” ਨਾਂ ਦੀ ਡੱਬੀ ਦੇਖੋ।)
3 ਜ਼ਮੀਨ ਦਾ ਵੱਖਰਾ ਰੱਖਿਆ ਗਿਆ ਹਿੱਸਾ ਖ਼ਾਸ ਸੀ। ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤਕ ਇਸ ਦੀ ਲੰਬਾਈ-ਚੁੜਾਈ 25,000 ਹੱਥ ਯਾਨੀ 13 ਕਿਲੋਮੀਟਰ ਸੀ। ਜ਼ਮੀਨ ਦਾ ਇਹ ਚੌਰਸ ਹਿੱਸਾ “ਭੇਟ ਕੀਤੀ ਗਈ ਪੂਰੀ ਜ਼ਮੀਨ” ਸੀ। ਇਸ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਸੀ। ਉੱਪਰਲਾ ਹਿੱਸਾ ਲੇਵੀਆਂ ਲਈ ਅਤੇ ਵਿਚਕਾਰਲਾ ਹਿੱਸਾ ਮੰਦਰ ਅਤੇ ਪੁਜਾਰੀਆਂ ਲਈ ਸੀ। ਇਨ੍ਹਾਂ ਦੋਵਾਂ ਹਿੱਸਿਆਂ ਨੂੰ ਮਿਲਾ ਕੇ “ਪਵਿੱਤਰ ਭੇਟ” ਕਿਹਾ ਗਿਆ। “ਬਾਕੀ ਬਚੀ ਜ਼ਮੀਨ” ਯਾਨੀ ਹੇਠਲਾ ਛੋਟਾ ਹਿੱਸਾ “ਆਮ ਵਰਤੋਂ” ਲਈ ਸੀ। ਇਹ ਜ਼ਮੀਨ ਸ਼ਹਿਰ ਲਈ ਸੀ।—ਹਿਜ਼. 48:15, 20.
4. ਯਹੋਵਾਹ ਨੂੰ ਭੇਟ ਕੀਤੀ ਜ਼ਮੀਨ ਬਾਰੇ ਜਾਣ ਕੇ ਅਸੀਂ ਕੀ ਸਿੱਖਦੇ ਹਾਂ?
4 ਯਹੋਵਾਹ ਨੂੰ ਭੇਟ ਕੀਤੀ ਜ਼ਮੀਨ ਬਾਰੇ ਜਾਣਕਾਰੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਗੌਰ ਕਰੋ ਕਿ ਪਰਮੇਸ਼ੁਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਦੇਸ਼ ਦੀ ਜ਼ਮੀਨ ਦਾ ਇਕ ਹਿੱਸਾ ਖ਼ਾਸ ਭੇਟ ਲਈ ਅਲੱਗ ਰੱਖਿਆ ਜਾਵੇ ਅਤੇ ਇਸ ਤੋਂ ਬਾਅਦ ਬਾਕੀ ਜ਼ਮੀਨ ਗੋਤਾਂ ਵਿਚ ਵੰਡੀ ਜਾਵੇ। ਇਹ ਕਹਿ ਕੇ ਯਹੋਵਾਹ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਦੇਸ਼ ਵਿਚ ਭਗਤੀ ਦੀ ਇਸ ਖ਼ਾਸ ਜਗ੍ਹਾ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਜਾਵੇ। (ਹਿਜ਼. 45:1) ਇਸ ਕਾਰਨ ਗ਼ੁਲਾਮੀ ਵਿਚ ਰਹਿਣ ਵਾਲੇ ਯਹੂਦੀਆਂ ਦੇ ਦਿਮਾਗ਼ ਵਿਚ ਇਹ ਗੱਲ ਚੰਗੀ ਤਰ੍ਹਾਂ ਬੈਠ ਗਈ ਹੋਣੀ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣੀ ਚਾਹੀਦੀ ਹੈ। ਅੱਜ ਅਸੀਂ ਵੀ ਪਰਮੇਸ਼ੁਰ ਦੇ ਕੰਮਾਂ ਨੂੰ ਜ਼ਿੰਦਗੀ ਵਿਚ ਪਹਿਲ ਦਿੰਦੇ ਹਾਂ, ਜਿਵੇਂ ਪਰਮੇਸ਼ੁਰ ਦਾ ਬਚਨ ਪੜ੍ਹਨਾ, ਸਭਾਵਾਂ ਵਿਚ ਜਾਣਾ ਅਤੇ ਪ੍ਰਚਾਰ ਕਰਨਾ। ਯਹੋਵਾਹ ਆਪਣੀ ਮਿਸਾਲ ਰਾਹੀਂ ਸਾਨੂੰ ਸਿਖਾਉਣਾ ਚਾਹੁੰਦਾ ਹੈ ਕਿ ਸਾਨੂੰ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਉਸ ਦੀ ਭਗਤੀ ਨੂੰ ਪਹਿਲ ਦੇਣੀ ਚਾਹੀਦੀ ਹੈ।
“ਸ਼ਹਿਰ ਇਸ ਦੇ ਵਿਚਕਾਰ ਹੋਵੇਗਾ”
5, 6. (ੳ) ਸ਼ਹਿਰ ਦੀ ਜ਼ਮੀਨ ਕਿਸ ਦੀ ਸੀ? (ਅ) ਸ਼ਹਿਰ ਦਾ ਮਤਲਬ ਕੀ ਨਹੀਂ ਹੈ ਅਤੇ ਕਿਉਂ?
5 ਹਿਜ਼ਕੀਏਲ 48:15 ਪੜ੍ਹੋ। “ਸ਼ਹਿਰ” ਅਤੇ ਉਸ ਦੇ ਆਲੇ-ਦੁਆਲੇ ਦੀ ਜ਼ਮੀਨ ਦੀ ਕੀ ਅਹਿਮੀਅਤ ਸੀ? (ਹਿਜ਼. 48:16-18) ਦਰਸ਼ਣ ਵਿਚ ਯਹੋਵਾਹ ਨੇ ਹਿਜ਼ਕੀਏਲ ਨੂੰ ਦੱਸਿਆ: “ਸ਼ਹਿਰ ਦੇ ਲਈ ਜ਼ਮੀਨ . . . ਇਜ਼ਰਾਈਲ ਦੇ ਸਾਰੇ ਘਰਾਣੇ ਦੀ ਹੋਵੇਗੀ।” (ਹਿਜ਼. 45:6, 7) ਇਸ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੀ ਜ਼ਮੀਨ ਉਸ “ਪਵਿੱਤਰ ਭੇਟ” ਦਾ ਹਿੱਸਾ ਨਹੀਂ ਸੀ ਜੋ ‘ਯਹੋਵਾਹ ਲਈ ਭੇਟ ਵਜੋਂ ਵੱਖਰੀ ਰੱਖੀ’ ਜਾਣੀ ਸੀ। (ਹਿਜ਼. 48:9) ਇਹ ਗੱਲ ਧਿਆਨ ਵਿਚ ਰੱਖਦਿਆਂ ਆਓ ਆਪਾਂ ਦੇਖੀਏ ਕਿ ਅਸੀਂ ਸ਼ਹਿਰ ਦੇ ਇੰਤਜ਼ਾਮ ਤੋਂ ਕੀ ਸਿੱਖ ਸਕਦੇ ਹਾਂ।
6 ਇਸ ਤੋਂ ਪਹਿਲਾਂ ਆਓ ਦੇਖੀਏ ਕਿ ਸ਼ਹਿਰ ਦਾ ਮਤਲਬ ਕੀ ਨਹੀਂ ਹੋ ਸਕਦਾ। ਦਰਸ਼ਣ ਵਿਚ ਦਿਖਾਏ ਇਸ ਸ਼ਹਿਰ ਦਾ ਮਤਲਬ ਦੁਬਾਰਾ ਬਣਾਇਆ ਗਿਆ ਯਰੂਸ਼ਲਮ ਸ਼ਹਿਰ ਨਹੀਂ ਹੋ ਸਕਦਾ ਜਿੱਥੇ ਮੰਦਰ ਬਣਾਇਆ ਗਿਆ ਸੀ। ਇਸ ਤਰ੍ਹਾਂ ਕਿਉਂ? ਕਿਉਂਕਿ ਹਿਜ਼ਕੀਏਲ ਨੇ ਜੋ ਸ਼ਹਿਰ ਦੇਖਿਆ, ਉਸ ਵਿਚ ਕੋਈ ਮੰਦਰ ਨਹੀਂ ਸੀ। ਦਰਸ਼ਣ ਵਿਚਲਾ ਇਹ ਸ਼ਹਿਰ ਮੁੜ ਵਸਾਏ ਗਏ ਇਜ਼ਰਾਈਲ ਦੇ ਕਿਸੇ ਹੋਰ ਸ਼ਹਿਰ ਨੂੰ ਵੀ ਨਹੀਂ ਦਰਸਾਉਂਦਾ। ਕਿਉਂ? ਕਿਉਂਕਿ ਦਰਸ਼ਣ ਵਿਚ ਜਿਸ ਤਰ੍ਹਾਂ ਦਾ ਸ਼ਹਿਰ ਦਿਖਾਇਆ ਗਿਆ ਸੀ, ਉਸ ਤਰ੍ਹਾਂ ਦਾ ਸ਼ਹਿਰ ਨਾ ਤਾਂ ਆਪਣੇ ਦੇਸ਼ ਵਾਪਸ ਆਏ ਯਹੂਦੀਆਂ ਨੇ ਕਦੇ ਬਣਾਇਆ ਸੀ ਤੇ ਨਾ ਹੀ ਉਨ੍ਹਾਂ ਦੀ ਔਲਾਦ ਨੇ। ਇਸ ਤੋਂ ਇਲਾਵਾ, ਇਹ ਸਵਰਗੀ ਸ਼ਹਿਰ ਨੂੰ ਵੀ ਨਹੀਂ ਦਰਸਾ ਸਕਦਾ ਕਿਉਂਕਿ ਇਹ ਸ਼ਹਿਰ “ਸਾਧਾਰਣ ਥਾਂ” ʼਤੇ ਬਣਿਆ ਹੋਇਆ ਸੀ, ਨਾ ਕਿ ਭਗਤੀ ਲਈ ਵੱਖਰੀ ਕੀਤੀ ਜ਼ਮੀਨ ਉੱਤੇ।—ਹਿਜ਼. 42:20.
7. ਹਿਜ਼ਕੀਏਲ ਦੁਆਰਾ ਦੇਖਿਆ ਸ਼ਹਿਰ ਕੀ ਹੈ ਅਤੇ ਸ਼ਾਇਦ ਉਹ ਸ਼ਹਿਰ ਕਿਸ ਨੂੰ ਦਰਸਾਉਂਦਾ ਹੈ? (ਪਹਿਲੀ ਤਸਵੀਰ ਦੇਖੋ।)
7 ਤਾਂ ਫਿਰ ਉਹ ਸ਼ਹਿਰ ਕੀ ਸੀ ਜੋ ਹਿਜ਼ਕੀਏਲ ਨੇ ਦੇਖਿਆ ਸੀ? ਯਾਦ ਕਰੋ ਕਿ ਹਿਜ਼ਕੀਏਲ ਨੇ ਜਿਸ ਦਰਸ਼ਣ ਵਿਚ ਦੇਸ਼ ਦੇਖਿਆ ਸੀ, ਉਸੇ ਵਿਚ ਸ਼ਹਿਰ ਵੀ ਦੇਖਿਆ ਸੀ। (ਹਿਜ਼. 40:2; 45:1, 6) ਪਰਮੇਸ਼ੁਰ ਦੇ ਬਚਨ ਤੋਂ ਪਤਾ ਲੱਗਦਾ ਹੈ ਕਿ ਹਿਜ਼ਕੀਏਲ ਨੇ ਜੋ ਦੇਸ਼ ਦੇਖਿਆ, ਉਹ ਸੱਚ-ਮੁੱਚ ਦਾ ਕੋਈ ਦੇਸ਼ ਨਹੀਂ ਸੀ। ਇਸੇ ਤਰ੍ਹਾਂ ਇਹ ਸ਼ਹਿਰ ਵੀ ਕੋਈ ਸੱਚ-ਮੁੱਚ ਦਾ ਸ਼ਹਿਰ ਨਹੀਂ ਸੀ। ਆਮ ਤੌਰ ਤੇ “ਸ਼ਹਿਰ” ਸ਼ਬਦ ਸੁਣ ਕੇ ਸਾਡੇ ਮਨ ਵਿਚ ਕੀ ਤਸਵੀਰ ਬਣਦੀ ਹੈ? ਇਕ ਅਜਿਹੀ ਜਗ੍ਹਾ ਜਿੱਥੇ ਬਹੁਤ ਸਾਰੇ ਲੋਕ ਰਹਿੰਦੇ ਹਨ ਅਤੇ ਹਰ ਕੰਮ ਸਹੀ ਢੰਗ ਨਾਲ ਤੇ ਕਾਇਦੇ-ਕਾਨੂੰਨਾਂ ਮੁਤਾਬਕ ਕੀਤਾ ਜਾਂਦਾ ਹੈ। ਇਸ ਲਈ ਲੱਗਦਾ ਹੈ ਕਿ ਚੌਰਸ ਜ਼ਮੀਨ ʼਤੇ ਬਣਿਆ ਇਹ ਸ਼ਹਿਰ ਸਹੀ ਤਰੀਕੇ ਨਾਲ ਕੰਮ ਕਰਨ ਵਾਲੇ ਪ੍ਰਸ਼ਾਸਨ ਨੂੰ ਦਰਸਾਉਂਦਾ ਹੈ।
8. ਇਸ ਪ੍ਰਸ਼ਾਸਨ ਦਾ ਅਧਿਕਾਰ ਕਿੱਥੇ ਤਕ ਹੈ ਤੇ ਅਸੀਂ ਇਹ ਕਿਉਂ ਕਹਿੰਦੇ ਹਾਂ?
8 ਇਸ ਪ੍ਰਸ਼ਾਸਨ ਦਾ ਅਧਿਕਾਰ ਕਿੱਥੇ ਤਕ ਹੈ? ਦਰਸ਼ਣ ਵਿਚ ਦੇਖਿਆ ਗਿਆ ਇਹ ਸ਼ਹਿਰ ਸ਼ੁੱਧ ਭਗਤੀ ਕਰਨ ਵਾਲੇ ਲੋਕਾਂ ਦੇ “ਦੇਸ਼” ਦੇ ਅੰਦਰ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਪ੍ਰਸ਼ਾਸਨ ਸ਼ੁੱਧ ਭਗਤੀ ਨਾਲ ਜੁੜੇ ਕੰਮਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਸੇਧ ਦਿੰਦਾ ਹੈ। ਸ਼ਹਿਰ ਸਾਧਾਰਣ ਜਗ੍ਹਾ ʼਤੇ ਬਣਿਆ ਹੋਇਆ ਹੈ, ਇਸ ਤੋਂ ਕੀ ਪਤਾ ਲੱਗਦਾ ਹੈ? ਇਹੀ ਕਿ ਸ਼ਹਿਰ ਸਵਰਗ ਦੇ ਪ੍ਰਸ਼ਾਸਨ ਨੂੰ ਨਹੀਂ, ਸਗੋਂ ਧਰਤੀ ਦੇ ਪ੍ਰਸ਼ਾਸਨ ਨੂੰ ਦਰਸਾਉਂਦਾ ਹੈ। ਇਹ ਪ੍ਰਸ਼ਾਸਨ ਅੱਜ ਧਰਤੀ ʼਤੇ ਪਰਮੇਸ਼ੁਰ ਦੇ ਲੋਕਾਂ ਲਈ ਕੰਮ ਕਰਦਾ ਹੈ ਜੋ ਉੱਚੇ-ਸੁੱਚੇ ਤਰੀਕੇ ਨਾਲ ਉਸ ਦੀ ਭਗਤੀ ਕਰਦੇ ਹਨ।
9. (ੳ) ਧਰਤੀ ਦਾ ਪ੍ਰਸ਼ਾਸਨ ਚਲਾਉਣ ਵਾਲੇ ਕੌਣ ਹਨ? (ਅ) ਹਜ਼ਾਰ ਸਾਲ ਦੇ ਰਾਜ ਦੌਰਾਨ ਯਿਸੂ ਕੀ ਕਰੇਗਾ?
9 ਧਰਤੀ ਦਾ ਪ੍ਰਸ਼ਾਸਨ ਕੌਣ ਚਲਾਉਂਦੇ ਹਨ? ਹਿਜ਼ਕੀਏਲ ਦੇ ਦਰਸ਼ਣ ਵਿਚ ਸ਼ਹਿਰ ਦੇ ਸਰਕਾਰੀ ਕੰਮ-ਕਾਜ ਦੀ ਅਗਵਾਈ ਕਰਨ ਵਾਲੇ ਵਿਅਕਤੀ ਨੂੰ “ਮੁਖੀ” ਕਿਹਾ ਗਿਆ ਹੈ। (ਹਿਜ਼. 45:7) ਉਹ ਪਰਮੇਸ਼ੁਰ ਦੇ ਲੋਕਾਂ ਦਾ ਨਿਗਰਾਨ ਸੀ, ਪਰ ਉਹ ਨਾ ਤਾਂ ਪੁਜਾਰੀ ਸੀ ਤੇ ਨਾ ਹੀ ਲੇਵੀ। ਇਹ ਮੁਖੀ ਸਾਨੂੰ ਮੰਡਲੀ ਵਿਚ ਅਗਵਾਈ ਕਰਨ ਵਾਲੇ ਉਨ੍ਹਾਂ ਭਰਾਵਾਂ ਦੀ ਯਾਦ ਦਿਵਾਉਂਦਾ ਹੈ ਜੋ ਚੁਣੇ ਹੋਏ ਮਸੀਹੀ ਨਹੀਂ ਹਨ। ਇਹ ਭਰਾ “ਹੋਰ ਭੇਡਾਂ” ਵਿੱਚੋਂ ਹਨ ਜੋ ਮਸੀਹ ਦੀ ਸਵਰਗੀ ਸਰਕਾਰ ਅਧੀਨ ਰਹਿ ਕੇ ਨਿਮਰਤਾ ਨਾਲ ਧਰਤੀ ਉੱਤੇ ਸੇਵਾ ਕਰਦੇ ਹਨ ਤੇ ਪਿਆਰ ਨਾਲ ਸਾਡੀ ਦੇਖ-ਭਾਲ ਕਰਦੇ ਹਨ। (ਯੂਹੰ. 10:16) ਹਜ਼ਾਰ ਸਾਲ ਦੇ ਰਾਜ ਦੌਰਾਨ ਯਿਸੂ ‘ਪੂਰੀ ਧਰਤੀ ਉੱਤੇ ਹਾਕਮਾਂ’ ਯਾਨੀ ਕਾਬਲ ਬਜ਼ੁਰਗਾਂ ਨੂੰ ਨਿਯੁਕਤ ਕਰੇਗਾ। (ਜ਼ਬੂ. 45:16) ਉਸ ਸਮੇਂ ਦੌਰਾਨ ਉਹ ਸਵਰਗੀ ਸਰਕਾਰ ਅਧੀਨ ਰਹਿ ਕੇ ਪਰਮੇਸ਼ੁਰ ਦੇ ਲੋਕਾਂ ਦੇ ਭਲੇ ਲਈ ਕੰਮ ਕਰਨਗੇ।
“ਯਹੋਵਾਹ ਉੱਥੇ ਹੈ”
10. ਸ਼ਹਿਰ ਦਾ ਨਾਂ ਕੀ ਹੈ ਅਤੇ ਇਸ ਨਾਂ ਤੋਂ ਲੋਕਾਂ ਨੂੰ ਕੀ ਯਕੀਨ ਹੋਇਆ?
10 ਹਿਜ਼ਕੀਏਲ 48:35 ਪੜ੍ਹੋ। ਸ਼ਹਿਰ ਦਾ ਨਾਂ ਹੈ “ਯਹੋਵਾਹ ਉੱਥੇ ਹੈ।” ਇਸ ਨਾਂ ਤੋਂ ਲੋਕਾਂ ਨੂੰ ਯਕੀਨ ਹੋਇਆ ਹੋਣਾ ਕਿ ਉਸ ਸ਼ਹਿਰ ਵਿਚ ਯਹੋਵਾਹ ਦੀ ਮੌਜੂਦਗੀ ਹੋਣੀ ਸੀ। ਯਹੋਵਾਹ ਨੇ ਹਿਜ਼ਕੀਏਲ ਨੂੰ ਦਰਸ਼ਣ ਵਿਚ ਦਿਖਾਇਆ ਕਿ ਸ਼ਹਿਰ ਦੇਸ਼ ਦੇ ਵਿਚਕਾਰ ਹੋਵੇਗਾ। ਇਹ ਦਿਖਾ ਕੇ ਯਹੋਵਾਹ ਨੇ ਗ਼ੁਲਾਮ ਯਹੂਦੀਆਂ ਨੂੰ ਭਰੋਸਾ ਦਿਵਾਇਆ: “ਮੈਂ ਫਿਰ ਤੋਂ ਤੁਹਾਡੇ ਨਾਲ ਰਹਾਂਗਾ।” ਇਹ ਜਾਣ ਕੇ ਉਨ੍ਹਾਂ ਦਾ ਭਰੋਸਾ ਕਿੰਨਾ ਵਧਿਆ ਹੋਣਾ!
11. ਸ਼ਹਿਰ ਅਤੇ ਉਸ ਦੇ ਨਾਂ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?
11 ਹਿਜ਼ਕੀਏਲ ਦੀ ਭਵਿੱਖਬਾਣੀ ਦੇ ਇਸ ਹਿੱਸੇ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ? ਸ਼ਹਿਰ ਦਾ ਨਾਂ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਅੱਜ ਪਰਮੇਸ਼ੁਰ ਧਰਤੀ ʼਤੇ ਆਪਣੇ ਸੇਵਕਾਂ ਦੇ ਨਾਲ ਹੈ ਅਤੇ ਹਮੇਸ਼ਾ ਰਹੇਗਾ। ਸ਼ਹਿਰ ਦੇ ਅਨੋਖੇ ਨਾਂ ਤੋਂ ਇਹ ਅਹਿਮ ਸੱਚਾਈ ਪਤਾ ਲੱਗਦੀ ਹੈ: ਇਹ ਸ਼ਹਿਰ ਯਾਨੀ ਪ੍ਰਸ਼ਾਸਨ ਇਨਸਾਨਾਂ ਨੂੰ ਅਧਿਕਾਰ ਨਹੀਂ ਦਿੰਦਾ, ਬਲਕਿ ਇਹ ਉਨ੍ਹਾਂ ਦੀ ਯਹੋਵਾਹ ਦੇ ਕਾਨੂੰਨ ਲਾਗੂ ਕਰਨ ਵਿਚ ਮਦਦ ਕਰਦਾ ਹੈ ਜੋ ਸਖ਼ਤ ਨਹੀਂ, ਸਗੋਂ ਉਨ੍ਹਾਂ ਦੇ ਭਲੇ ਲਈ ਹਨ। ਮਿਸਾਲ ਲਈ, ਦਰਸ਼ਣ ਵਿਚ ਯਹੋਵਾਹ ਨੇ ਪ੍ਰਸ਼ਾਸਨ ਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਉਹ ਆਪਣੀ ਮਰਜ਼ੀ ਨਾਲ ਜ਼ਮੀਨ ਵੰਡੇ, ਸਗੋਂ ਯਹੋਵਾਹ ਨੇ ਆਪ ਲੋਕਾਂ ਵਿਚ ਇਹ ਜ਼ਮੀਨ ਵੰਡੀ। ਇਸੇ ਤਰ੍ਹਾਂ ਯਹੋਵਾਹ ਖ਼ੁਦ ਆਪਣੇ ਸਾਰੇ ਸੇਵਕਾਂ ਨੂੰ ਸੇਵਾ ਕਰਨ ਦੇ ਮੌਕੇ ਦਿੰਦਾ ਹੈ, ਉਨ੍ਹਾਂ ਨੂੰ ਵੀ ਜੋ ਦੁਨੀਆਂ ਦੀਆਂ ਨਜ਼ਰਾਂ ਵਿਚ ਮਾਮੂਲੀ ਸਮਝੇ ਜਾਂਦੇ ਹਨ। ਯਹੋਵਾਹ ਇਸ ਪ੍ਰਸ਼ਾਸਨ ਤੋਂ ਉਮੀਦ ਰੱਖਦਾ ਹੈ ਕਿ ਉਹ ਉਸ ਦੇ ਇਨ੍ਹਾਂ ਫ਼ੈਸਲਿਆਂ ਮੁਤਾਬਕ ਚੱਲੇ।—ਹਿਜ਼. 46:18; 48:29.
12. (ੳ) ਸ਼ਹਿਰ ਦੀ ਇਕ ਖ਼ਾਸੀਅਤ ਕਿਹੜੀ ਸੀ ਅਤੇ ਇਸ ਤੋਂ ਕੀ ਪਤਾ ਚੱਲਦਾ ਹੈ? (ਅ) ਸ਼ਹਿਰ ਦੇ ਦਰਵਾਜ਼ਿਆਂ ਤੋਂ ਮਸੀਹੀ ਨਿਗਾਹਬਾਨ ਕੀ ਸਿੱਖਦੇ ਹਨ?
12 “ਯਹੋਵਾਹ ਉੱਥੇ ਹੈ” ਨਾਂ ਦੇ ਸ਼ਹਿਰ ਦੀ ਇਕ ਖ਼ਾਸੀਅਤ ਕਿਹੜੀ ਹੈ? ਪੁਰਾਣੇ ਜ਼ਮਾਨੇ ਵਿਚ ਸ਼ਹਿਰ ਦੀ ਸੁਰੱਖਿਆ ਵਾਸਤੇ ਜੋ ਕੰਧ ਬਣਾਈ ਜਾਂਦੀ ਸੀ, ਉਸ ਵਿਚ ਬਹੁਤ ਘੱਟ ਦਰਵਾਜ਼ੇ ਰੱਖੇ ਜਾਂਦੇ ਸਨ, ਪਰ ਇਸ ਸ਼ਹਿਰ ਦੇ 12 ਦਰਵਾਜ਼ੇ ਸਨ। (ਹਿਜ਼. 48:30-34) ਇਸ ਚੌਰਸ ਸ਼ਹਿਰ ਦੇ ਹਰ ਪਾਸੇ ਤਿੰਨ-ਤਿੰਨ ਦਰਵਾਜ਼ੇ ਸਨ। ਇੰਨੇ ਸਾਰੇ ਦਰਵਾਜ਼ੇ ਹੋਣ ਦਾ ਮਤਲਬ ਹੈ ਕਿ ਸ਼ਹਿਰ ਵਿਚ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਲੋਕ ਮਿਲਣਸਾਰ ਹਨ ਅਤੇ ਪਰਮੇਸ਼ੁਰ ਦੇ ਸਾਰੇ ਲੋਕਾਂ ਦੀ ਮਦਦ ਕਰਨ ਵਾਸਤੇ ਹਰ ਵੇਲੇ ਤਿਆਰ ਰਹਿੰਦੇ ਹਨ। ਇਸ ਤੋਂ ਇਲਾਵਾ, ਸ਼ਹਿਰ ਦੇ ਚਾਰੇ ਪਾਸੇ ਕੁੱਲ 12 ਦਰਵਾਜ਼ੇ ਹੋਣ ਕਰਕੇ “ਇਜ਼ਰਾਈਲ ਦੇ ਸਾਰੇ ਘਰਾਣੇ” ਵਿੱਚੋਂ ਹਰ ਕੋਈ ਉਸ ਵਿਚ ਆ ਸਕਦਾ ਸੀ। (ਹਿਜ਼. 45:6) ਸ਼ਹਿਰ ਦੇ ਦਰਵਾਜ਼ਿਆਂ ਤੋਂ ਮਸੀਹੀ ਨਿਗਾਹਬਾਨ ਇਕ ਅਹਿਮ ਗੱਲ ਸਿੱਖ ਸਕਦੇ ਹਨ। ਯਹੋਵਾਹ ਚਾਹੁੰਦਾ ਹੈ ਕਿ ਉਹ ਮਿਲਣਸਾਰ ਹੋਣ ਅਤੇ ਉਨ੍ਹਾਂ ਸਾਰੇ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣ ਜੋ ਉੱਚੇ-ਸੁੱਚੇ ਤਰੀਕੇ ਨਾਲ ਉਸ ਦੀ ਭਗਤੀ ਕਰਦੇ ਹਨ।
ਪਰਮੇਸ਼ੁਰ ਦੇ ਲੋਕ “ਭਗਤੀ ਕਰਨ ਆਉਂਦੇ ਹਨ” ਅਤੇ “ਸ਼ਹਿਰ ਲਈ ਕੰਮ ਕਰਦੇ ਹਨ”
13. ਯਹੋਵਾਹ ਨੇ ਕਿਹੜੇ ਕੰਮ ਦੱਸੇ ਜੋ ਉਸ ਦੇ ਲੋਕਾਂ ਨੇ ਕਰਨੇ ਸਨ?
13 ਆਓ ਆਪਾਂ ਫਿਰ ਤੋਂ ਹਿਜ਼ਕੀਏਲ ਦੇ ਜ਼ਮਾਨੇ ਵਿਚ ਚੱਲੀਏ ਅਤੇ ਜਾਣੀਏ ਕਿ ਜ਼ਮੀਨ ਦੀ ਵੰਡ ਵਾਲੇ ਦਰਸ਼ਣ ਵਿਚ ਉਸ ਨੇ ਹੋਰ ਕੀ-ਕੀ ਦੇਖਿਆ। ਯਹੋਵਾਹ ਨੇ ਦੱਸਿਆ ਕਿ ਲੋਕ ਅਲੱਗ-ਅਲੱਗ ਤਰੀਕੇ ਨਾਲ ਉਸ ਦੀ ਸੇਵਾ ਕਰਨਗੇ। “ਪਵਿੱਤਰ ਸਥਾਨ ਵਿਚ ਸੇਵਾ” ਕਰਨ ਵਾਲੇ ਪੁਜਾਰੀ ਬਲ਼ੀਆਂ ਚੜ੍ਹਾਉਣਗੇ ਅਤੇ ਯਹੋਵਾਹ ਦੇ ਹਜ਼ੂਰ ਆ ਕੇ ਉਸ ਦੀ ਸੇਵਾ ਕਰਨਗੇ। “ਮੰਦਰ ਵਿਚ ਸੇਵਾ” ਕਰਨ ਵਾਲੇ ਲੇਵੀ “ਉੱਥੇ ਸੇਵਾ ਦੇ ਸਾਰੇ ਕੰਮ” ਕਰਨਗੇ। (ਹਿਜ਼. 44:14-16; 45:4, 5) ਇਸ ਤੋਂ ਇਲਾਵਾ, ਕੁਝ ਲੋਕ ਸ਼ਹਿਰ ਦੇ ਨੇੜੇ ਆ ਕੇ ਕੰਮ ਕਰਨਗੇ। ਇਹ ਕੰਮ ਕਰਨ ਵਾਲੇ ਕੌਣ ਹਨ?
14. ਸ਼ਹਿਰ ਦੇ ਨੇੜੇ ਕੰਮ ਕਰਨ ਵਾਲੇ ਸਾਨੂੰ ਕੀ ਯਾਦ ਦਿਵਾਉਂਦੇ ਹਨ?
14 ਸ਼ਹਿਰ ਦੇ ਨੇੜੇ ਕੰਮ ਕਰਨ ਵਾਲੇ “ਸ਼ਹਿਰ ਦੇ ਸਾਰੇ ਗੋਤਾਂ” ਵਿੱਚੋਂ ਹਨ। ਉਹ ਸ਼ਹਿਰ ਦੀ ਮਦਦ ਲਈ ਕੰਮ ਕਰਦੇ ਹਨ। ਉਹ ਫ਼ਸਲਾਂ ਉਗਾਉਂਦੇ ਹਨ ਤਾਂਕਿ ਉਨ੍ਹਾਂ ਲੋਕਾਂ ਨੂੰ ਖਾਣ ਲਈ ਭੋਜਨ ਮਿਲੇ “ਜੋ ਸ਼ਹਿਰ ਲਈ ਕੰਮ ਕਰਦੇ ਹਨ।” (ਹਿਜ਼. 48:18, 19) ਇਹ ਇੰਤਜ਼ਾਮ ਸਾਨੂੰ ਇਕ ਗੱਲ ਯਾਦ ਕਰਾਉਂਦਾ ਹੈ। ਅੱਜ ਉੱਚੀ-ਸੁੱਚੀ ਭਗਤੀ ਕਰਨ ਵਾਲਿਆਂ ਦੇ “ਦੇਸ਼” ਦੇ ਸਾਰੇ ਵਾਸੀਆਂ ਨੂੰ ਇਸੇ ਤਰ੍ਹਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਸਾਨੂੰ ਮਸੀਹ ਦੇ ਚੁਣੇ ਹੋਏ ਭਰਾਵਾਂ ਅਤੇ “ਵੱਡੀ ਭੀੜ” ਦੇ ਉਨ੍ਹਾਂ ਲੋਕਾਂ ਦਾ ਸਾਥ ਦੇਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਨੂੰ ਯਹੋਵਾਹ ਨੇ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। (ਪ੍ਰਕਾ. 7:9, 10) ਉਨ੍ਹਾਂ ਦਾ ਸਾਥ ਦੇਣ ਦਾ ਇਕ ਅਹਿਮ ਤਰੀਕਾ ਹੈ ਵਫ਼ਾਦਾਰ ਨੌਕਰ ਤੋਂ ਮਿਲਦੀਆਂ ਹਿਦਾਇਤਾਂ ਨੂੰ ਖ਼ੁਸ਼ੀ-ਖ਼ੁਸ਼ੀ ਮੰਨਣਾ।
15, 16. (ੳ) ਹਿਜ਼ਕੀਏਲ ਨੂੰ ਦਰਸ਼ਣ ਵਿਚ ਹੋਰ ਕੀ ਦੱਸਿਆ ਗਿਆ? (ਅ) ਅੱਜ ਸਾਨੂੰ ਸੇਵਾ ਦੇ ਕਿਹੜੇ ਕੰਮ ਕਰਨ ਦਾ ਮੌਕਾ ਮਿਲਿਆ ਹੈ?
15 ਹਿਜ਼ਕੀਏਲ ਦੇ ਦਰਸ਼ਣ ਵਿਚ ਇਕ ਹੋਰ ਅਹਿਮ ਗੱਲ ਦੱਸੀ ਗਈ ਜਿਸ ਤੋਂ ਸਾਨੂੰ ਯਹੋਵਾਹ ਦੀ ਸੇਵਾ ਬਾਰੇ ਅਹਿਮ ਸਬਕ ਸਿੱਖਣ ਨੂੰ ਮਿਲਦਾ ਹੈ। ਯਹੋਵਾਹ ਦੱਸਦਾ ਹੈ ਕਿ 12 ਗੋਤਾਂ ਦੇ ਲੋਕ, ਜੋ ਲੇਵੀ ਨਹੀਂ ਹਨ, ਦੋ ਥਾਵਾਂ ʼਤੇ ਸੇਵਾ ਕਰਦੇ ਹਨ: ਮੰਦਰ ਦੇ ਵਿਹੜੇ ਅਤੇ ਸ਼ਹਿਰ ਦੀ ਚਰਾਂਦ ਵਿਚ। ਇਨ੍ਹਾਂ ਦੋਹਾਂ ਥਾਵਾਂ ʼਤੇ ਉਹ ਕਿਹੜੇ ਕੰਮ ਕਰਦੇ ਹਨ? ਮੰਦਰ ਦੇ ਵਿਹੜੇ ਵਿਚ ਸਾਰੇ ਗੋਤ “ਯਹੋਵਾਹ ਦੇ ਅੱਗੇ ਭਗਤੀ ਕਰਨ ਆਉਂਦੇ ਹਨ” ਅਤੇ ਉਸ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ। (ਹਿਜ਼. 46:9, 24) ਇਸ ਸ਼ਹਿਰ ਦੀ ਜ਼ਮੀਨ ਉੱਤੇ ਸਾਰੇ ਗੋਤਾਂ ਦੇ ਲੋਕ ਖੇਤੀ-ਬਾੜੀ ਕਰ ਕੇ ਸ਼ਹਿਰ ਦੀ ਮਦਦ ਕਰਦੇ ਹਨ। ਇਨ੍ਹਾਂ ਲੋਕਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
16 ਹਿਜ਼ਕੀਏਲ ਦੇ ਦਰਸ਼ਣ ਵਿਚ ਲੋਕ ਜਿਸ ਤਰ੍ਹਾਂ ਦੇ ਕੰਮ ਕਰ ਰਹੇ ਸਨ, ਅੱਜ ਵੱਡੀ ਭੀੜ ਦੇ ਲੋਕਾਂ ਨੂੰ ਵੀ ਉਸੇ ਤਰ੍ਹਾਂ ਦੇ ਕੰਮ ਕਰਨ ਦਾ ਮੌਕਾ ਮਿਲਿਆ ਹੈ। ਅੱਜ ਉਹ ਯਹੋਵਾਹ ਨੂੰ ਉਸਤਤ ਦੇ ਬਲੀਦਾਨ ਚੜ੍ਹਾ ਕੇ “ਉਸ ਦੇ ਮੰਦਰ ਵਿਚ” ਉਸ ਦੀ ਭਗਤੀ ਕਰਦੇ ਹਨ। (ਪ੍ਰਕਾ. 7:9-15) ਉਹ ਪ੍ਰਚਾਰ ਕਰ ਕੇ, ਮਸੀਹੀ ਸਭਾਵਾਂ ਵਿਚ ਜਵਾਬ ਦੇ ਕੇ ਅਤੇ ਗੀਤ ਗਾ ਕੇ ਆਪਣੀ ਨਿਹਚਾ ਦਾ ਐਲਾਨ ਕਰਦੇ ਹਨ। ਇਨ੍ਹਾਂ ਤਰੀਕਿਆਂ ਨਾਲ ਭਗਤੀ ਕਰਨ ਨੂੰ ਉਹ ਆਪਣੀ ਖ਼ਾਸ ਜ਼ਿੰਮੇਵਾਰੀ ਸਮਝਦੇ ਹਨ। (1 ਇਤਿ. 16:29) ਇਸ ਤੋਂ ਇਲਾਵਾ, ਯਹੋਵਾਹ ਦੇ ਲੋਕ ਅਲੱਗ-ਅਲੱਗ ਤਰੀਕਿਆਂ ਨਾਲ ਉਸ ਦੇ ਸੰਗਠਨ ਦੀ ਮਦਦ ਕਰਦੇ ਹਨ। ਮਿਸਾਲ ਲਈ, ਉਹ ਕਿੰਗਡਮ ਹਾਲ ਅਤੇ ਬ੍ਰਾਂਚ ਆਫ਼ਿਸ ਬਣਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਅਤੇ ਉਸਾਰੀ ਦੇ ਹੋਰ ਕੰਮਾਂ ਵਿਚ ਹੱਥ ਵਟਾਉਂਦੇ ਹਨ। ਦੂਸਰੇ ਲੋਕ ਇਨ੍ਹਾਂ ਕੰਮਾਂ ਲਈ ਦਾਨ ਦਿੰਦੇ ਹਨ। ਇਸ ਤਰ੍ਹਾਂ ਇਹ ਭੈਣ-ਭਰਾ ਖੇਤੀ-ਬਾੜੀ ਦਾ ਕੰਮ ਕਰਦੇ ਹਨ ਤਾਂਕਿ ਉਨ੍ਹਾਂ ਦੇ ਕੰਮਾਂ ਕਾਰਨ “ਪਰਮੇਸ਼ੁਰ ਦੀ ਮਹਿਮਾ” ਹੋਵੇ। (1 ਕੁਰਿੰ. 10:31) ਉਹ ਇਹ ਕੰਮ ਜੋਸ਼ ਨਾਲ ਅਤੇ ਖ਼ੁਸ਼ੀ-ਖ਼ੁਸ਼ੀ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ “ਪਰਮੇਸ਼ੁਰ ਨੂੰ ਅਜਿਹੇ ਬਲੀਦਾਨਾਂ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ।” (ਇਬ. 13:16) ਕੀ ਤੁਸੀਂ ਵੀ ਇਸ ਤਰ੍ਹਾਂ ਜੀ-ਜਾਨ ਲਾ ਕੇ ਸੇਵਾ ਕਰਦੇ ਹੋ?
“ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ”
17. (ੳ) ਭਵਿੱਖ ਵਿਚ ਇਹ ਭਵਿੱਖਬਾਣੀ ਵੱਡੇ ਪੈਮਾਨੇ ʼਤੇ ਕਿਵੇਂ ਪੂਰੀ ਹੋਵੇਗੀ? (ਅ) ਹਜ਼ਾਰ ਸਾਲ ਦੇ ਰਾਜ ਦੌਰਾਨ ਸ਼ਹਿਰ ਵਰਗੇ ਪ੍ਰਸ਼ਾਸਨ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੋਵੇਗਾ?
17 ਕੀ ਭੇਟ ਕੀਤੀ ਜ਼ਮੀਨ ਦੇ ਦਰਸ਼ਣ ਦੀ ਪੂਰਤੀ ਭਵਿੱਖ ਵਿਚ ਵੱਡੇ ਪੈਮਾਨੇ ʼਤੇ ਹੋਵੇਗੀ? ਜੀ ਹਾਂ। ਗੌਰ ਕਰੋ ਕਿ ਹਿਜ਼ਕੀਏਲ ਨੇ ਦੇਖਿਆ ਕਿ “ਪਵਿੱਤਰ ਭੇਟ” ਨਾਂ ਦੀ ਜ਼ਮੀਨ ਦੇਸ਼ ਦੇ ਵਿਚਕਾਰ ਸੀ। (ਹਿਜ਼. 48:10) ਇਸੇ ਤਰ੍ਹਾਂ ਆਰਮਾਗੇਡਨ ਤੋਂ ਬਾਅਦ ਅਸੀਂ ਧਰਤੀ ʼਤੇ ਭਾਵੇਂ ਜਿੱਥੇ ਮਰਜ਼ੀ ਰਹਿੰਦੇ ਹੋਵਾਂਗੇ, ਯਹੋਵਾਹ ਸਾਡੇ ਨਾਲ ਰਹੇਗਾ। (ਪ੍ਰਕਾ. 21:3) ਹਜ਼ਾਰ ਸਾਲ ਦੇ ਰਾਜ ਦੌਰਾਨ ਇਕ ਪ੍ਰਸ਼ਾਸਨ ਪੂਰੀ ਧਰਤੀ ʼਤੇ ਕੰਮ ਕਰੇਗਾ। ਇਹ ਪ੍ਰਸ਼ਾਸਨ ਉਨ੍ਹਾਂ ਲੋਕਾਂ ਨਾਲ ਬਣਿਆ ਹੋਵੇਗਾ ਜਿਨ੍ਹਾਂ ਨੂੰ ਧਰਤੀ ਉੱਤੇ ਪਰਮੇਸ਼ੁਰ ਦੇ ਸਾਰੇ ਸੇਵਕਾਂ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਉਹ “ਨਵੀਂ ਧਰਤੀ” ਯਾਨੀ ਨਵੇਂ ਸਮਾਜ ਦੇ ਸਾਰੇ ਲੋਕਾਂ ਨੂੰ ਪਿਆਰ ਨਾਲ ਸੇਧ ਦੇਣਗੇ ਅਤੇ ਉਨ੍ਹਾਂ ਦੀ ਮਦਦ ਕਰਨਗੇ।—2 ਪਤ. 3:13.
18. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸ਼ਹਿਰ ਵਰਗਾ ਪ੍ਰਸ਼ਾਸਨ ਪਰਮੇਸ਼ੁਰ ਦੀ ਹਕੂਮਤ ਦੀ ਸੇਧ ਮੁਤਾਬਕ ਕੰਮ ਕਰੇਗਾ? (ਅ) ਸ਼ਹਿਰ ਦਾ ਨਾਂ ਸਾਨੂੰ ਕੀ ਭਰੋਸਾ ਦਿਵਾਉਂਦਾ ਹੈ?
18 ਅਸੀਂ ਯਕੀਨ ਕਰ ਸਕਦੇ ਹਾਂ ਕਿ ਇਹ ਪ੍ਰਸ਼ਾਸਨ ਪਰਮੇਸ਼ੁਰ ਦੀ ਹਕੂਮਤ ਦੀ ਸੇਧ ਮੁਤਾਬਕ ਕੰਮ ਕਰੇਗਾ। ਪਰਮੇਸ਼ੁਰ ਦੇ ਬਚਨ ਤੋਂ ਪਤਾ ਲੱਗਦਾ ਹੈ ਕਿ ਧਰਤੀ ਉੱਤੇ 12 ਦਰਵਾਜ਼ਿਆਂ ਵਾਲਾ ਸ਼ਹਿਰ ਸਵਰਗੀ ਸ਼ਹਿਰ ਨਾਲ ਮਿਲਦਾ-ਜੁਲਦਾ ਹੈ। ਇਹ ਸਵਰਗੀ ਸ਼ਹਿਰ ਨਵਾਂ ਯਰੂਸ਼ਲਮ ਹੈ ਜੋ ਮਸੀਹ ਨਾਲ ਰਾਜ ਕਰਨ ਵਾਲੇ 1,44,000 ਜਣਿਆਂ ਨਾਲ ਬਣਿਆ ਹੈ। (ਪ੍ਰਕਾ. 21:2, 12, 21-27) ਇਸ ਤੋਂ ਪਤਾ ਲੱਗਦਾ ਹੈ ਕਿ ਧਰਤੀ ʼਤੇ ਮੌਜੂਦ ਪ੍ਰਸ਼ਾਸਨ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦੁਆਰਾ ਲਏ ਫ਼ੈਸਲਿਆਂ ਮੁਤਾਬਕ ਹੀ ਕੰਮ ਕਰੇਗਾ ਅਤੇ ਇਨ੍ਹਾਂ ਨੂੰ ਧਿਆਨ ਨਾਲ ਲਾਗੂ ਕਰੇਗਾ। ਜੀ ਹਾਂ, ਸ਼ਹਿਰ ਦਾ ਨਾਂ “ਯਹੋਵਾਹ ਉੱਥੇ ਹੈ” ਸਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਨਵੀਂ ਦੁਨੀਆਂ ਵਿਚ ਸ਼ੁੱਧ ਭਗਤੀ ਹਮੇਸ਼ਾ-ਹਮੇਸ਼ਾ ਹੁੰਦੀ ਰਹੇਗੀ। ਸੱਚ-ਮੁੱਚ, ਸਾਡਾ ਭਵਿੱਖ ਕਿੰਨਾ ਸੁਨਹਿਰਾ ਹੋਵੇਗਾ!
-