ਪੌਲੁਸ ਦੀ ਰੀਸ ਕਰ ਕੇ ਸੱਚਾਈ ਵਿਚ ਤਰੱਕੀ ਕਰੋ
“ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ।”—2 ਤਿਮੋ. 4:7.
1, 2. ਸੌਲੁਸ ਨੇ ਆਪਣੀ ਜ਼ਿੰਦਗੀ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਸਨ ਤੇ ਉਹ ਕਿਹੜਾ ਮਹੱਤਵਪੂਰਣ ਕੰਮ ਕਰਨ ਲੱਗਾ?
ਤਰਸੁਸ ਦਾ ਰਹਿਣ ਵਾਲਾ ਸੌਲੁਸ ਬਹੁਤ ਹੀ ਪੜ੍ਹਿਆ-ਲਿਖਿਆ ਤੇ ਜੋਸ਼ੀਲਾ ਆਦਮੀ ਸੀ। ਪਰ ਉਹ ‘ਸਰੀਰ ਅਤੇ ਮਨ ਦੀਆਂ ਚਾਹਵਾਂ ਨੂੰ ਪੂਰਾ ਕਰਦਾ’ ਹੁੰਦਾ ਸੀ। (ਅਫ਼. 2:3) ਮਸੀਹ ਦਾ ਚੇਲਾ ਬਣਨ ਤੋਂ ਬਾਅਦ ਉਸ ਨੇ ਆਪਣੇ ਬਾਰੇ ਕਿਹਾ: “ਮੈਂ ਪਹਿਲਾਂ ਕੁਫ਼ਰ ਬਕਣ ਵਾਲਾ ਅਤੇ ਸਤਾਉਣ ਵਾਲਾ ਅਤੇ ਧੱਕੇਖੋਰਾ ਸਾਂ।”—1 ਤਿਮੋ. 1:13.
2 ਸਮੇਂ ਦੇ ਬੀਤਣ ਨਾਲ, ਸੌਲੁਸ ਨੇ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ। ਕਿਉਂ? ਤਾਂਕਿ ਉਹ “ਆਪਣੇ ਹੀ ਨਹੀਂ ਸਗੋਂ ਬਾਹਲਿਆਂ ਦੇ ਭਲੇ ਲਈ ਜਤਨ” ਕਰ ਸਕੇ। (1 ਕੁਰਿੰ. 10:33) ਉਹ ਨਰਮ ਸੁਭਾਅ ਦਾ ਮਾਲਕ ਬਣ ਗਿਆ ਤੇ ਜਿਨ੍ਹਾਂ ਨੂੰ ਉਹ ਪਹਿਲਾਂ ਸਤਾਇਆ ਕਰਦਾ ਸੀ, ਉਨ੍ਹਾਂ ਨੂੰ ਦਿਲੋਂ ਪਿਆਰ ਕਰਨ ਲੱਗਾ। (1 ਥੱਸਲੁਨੀਕੀਆਂ 2:7, 8 ਪੜ੍ਹੋ।) ਉਸ ਨੇ ਲਿਖਿਆ: ‘ਮੈਂ ਖੁਸ਼ ਖਬਰੀ ਦਾ ਸੇਵਕ ਬਣਿਆ ਤੇ ਮੇਰੇ ਉੱਤੇ ਜੋ ਸਾਰਿਆਂ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ ਹਾਂ ਇਹ ਕਿਰਪਾ ਹੋਈ ਭਈ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੇ ਅਣਲੱਭ ਧਨ ਦੀ ਖੁਸ਼ ਖਬਰੀ ਸੁਣਾਵਾਂ।’—ਅਫ਼. 3:7, 8.
3. ਪੌਲੁਸ ਦੀਆਂ ਚਿੱਠੀਆਂ ਅਤੇ ਉਸ ਦੀ ਸੇਵਕਾਈ ਦੇ ਰਿਕਾਰਡ ਤੋਂ ਸਾਡੀ ਕਿੱਦਾਂ ਮਦਦ ਹੁੰਦੀ ਹੈ?
3 ਸੌਲੁਸ ਉਰਫ਼ ਪੌਲੁਸ ਨੇ ਸੱਚਾਈ ਵਿਚ ਸੱਚ-ਮੁੱਚ ਬਹੁਤ ਤਰੱਕੀ ਕੀਤੀ ਸੀ। (ਰਸੂ. 13:9) ਜੇ ਅਸੀਂ ਪੌਲੁਸ ਦੀਆਂ ਚਿੱਠੀਆਂ ਤੇ ਉਸ ਦੀ ਸੇਵਕਾਈ ਦੇ ਰਿਕਾਰਡ ਦਾ ਅਧਿਐਨ ਕਰ ਕੇ ਉਸ ਦੀ ਰੀਸ ਕਰਾਂਗੇ, ਤਾਂ ਅਸੀਂ ਵੀ ਸੱਚਾਈ ਵਿਚ ਤਰੱਕੀ ਕਰ ਸਕਾਂਗੇ। (1 ਕੁਰਿੰਥੀਆਂ 10:33; ਇਬਰਾਨੀਆਂ 13:7 ਪੜ੍ਹੋ।) ਆਓ ਆਪਾਂ ਦੇਖੀਏ ਕਿ ਪੌਲੁਸ ਦੀ ਰੀਸ ਕਰ ਕੇ ਅਸੀਂ ਬਾਈਬਲ ਦੀ ਸਟੱਡੀ ਕਰਨ ਦੀ ਆਦਤ ਕਿਵੇਂ ਪਾ ਸਕਦੇ ਹਾਂ, ਲੋਕਾਂ ਵਿਚ ਦਿਲੋਂ ਦਿਲਚਸਪੀ ਕਿਵੇਂ ਲੈ ਸਕਦੇ ਹਾਂ ਅਤੇ ਆਪਣੇ ਬਾਰੇ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ।
ਪੌਲੁਸ ਦੀ ਸਟੱਡੀ ਕਰਨ ਦੀ ਆਦਤ
4, 5. ਬਾਈਬਲ ਦੀ ਸਟੱਡੀ ਕਰਨ ਨਾਲ ਪੌਲੁਸ ਨੂੰ ਕਿਵੇਂ ਫ਼ਾਇਦਾ ਹੋਇਆ ਸੀ?
4 ਇਕ ਫ਼ਰੀਸੀ ਵਜੋਂ ਪੌਲੁਸ ਨੇ “ਗਮਲੀਏਲ ਦੇ ਚਰਨਾਂ ਵਿਚ ਬੈਠ ਕੇ ਆਪਣੇ ਪੁਰਖਿਆਂ ਦੀ ਵਿਵਸਥਾ ਦੀ ਠੀਕ ਠੀਕ ਸਿਖਿਆ ਲਈ” ਸੀ। (ਰਸੂ. 22:1-3, CL; ਫ਼ਿਲਿ. 3:4-6) ਇਸ ਲਈ ਯਿਸੂ ਦਾ ਚੇਲਾ ਬਣਨ ਤੋਂ ਪਹਿਲਾਂ ਹੀ ਉਸ ਕੋਲ ਪਵਿੱਤਰ ਲਿਖਤਾਂ ਬਾਰੇ ਕਾਫ਼ੀ ਗਿਆਨ ਸੀ। ਆਪਣੇ ਬਪਤਿਸਮੇ ਤੋਂ ਤੁਰੰਤ ਬਾਅਦ ਉਹ “ਅਰਬ ਨੂੰ ਚੱਲਿਆ ਗਿਆ।” (ਗਲਾ. 1:17) ਇਸ ਦਾ ਮਤਲਬ ਹੈ ਕਿ ਉਹ ਇਹ ਸਾਬਤ ਕਰਨ ਲਈ ਕਿ ਯਿਸੂ ਹੀ ਮਸੀਹਾ ਹੈ ਰੇਗਿਸਤਾਨ ਜਾਂ ਕਿਸੇ ਸ਼ਾਂਤ ਜਗ੍ਹਾ ਗਿਆ ਹੋਣਾ ਤਾਂਕਿ ਉਹ ਪਰਮੇਸ਼ੁਰ ਦੇ ਬਚਨ ਵਿਚ ਲਿਖੀਆਂ ਗਈਆਂ ਭਵਿੱਖਬਾਣੀਆਂ ਉੱਤੇ ਵਿਚਾਰ ਕਰ ਸਕੇ। ਇਸ ਤੋਂ ਇਲਾਵਾ, ਪੌਲੁਸ ਉਸ ਵੱਡੇ ਕੰਮ ਲਈ ਤਿਆਰੀ ਕਰਨੀ ਚਾਹੁੰਦਾ ਸੀ ਜੋ ਉਸ ਨੂੰ ਸੌਂਪਿਆ ਗਿਆ ਸੀ। (ਰਸੂਲਾਂ ਦੇ ਕਰਤੱਬ 9:15, 16, 20, 22 ਪੜ੍ਹੋ।) ਪਰਮੇਸ਼ੁਰ ਦੀਆਂ ਗੱਲਾਂ ਸਮਝਣ ਲਈ ਪੌਲੁਸ ਨੇ ਸਮਾਂ ਕੱਢ ਕੇ ਸੋਚ-ਵਿਚਾਰ ਕੀਤਾ।
5 ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰ ਕੇ ਜੋ ਸਮਝ ਅਤੇ ਗਿਆਨ ਪੌਲੁਸ ਨੇ ਹਾਸਲ ਕੀਤਾ ਸੀ, ਉਸ ਸਦਕਾ ਉਹ ਹੋਰਨਾਂ ਨੂੰ ਚੰਗੀ ਤਰ੍ਹਾਂ ਪਰਮੇਸ਼ੁਰ ਬਾਰੇ ਸਿਖਾ ਸਕਿਆ। ਮਿਸਾਲ ਲਈ, ਪਿਸਿਦਿਯਾ ਦੇ ਅੰਤਾਕਿਯਾ ਸ਼ਹਿਰ ਦੇ ਸਭਾ ਘਰ ਵਿਚ ਪੌਲੁਸ ਨੇ ਬਾਈਬਲ ਦੇ ਇਬਰਾਨੀ ਹਿੱਸੇ ਵਿੱਚੋਂ ਘੱਟੋ-ਘੱਟ ਪੰਜ ਸਿੱਧੇ ਹਵਾਲੇ ਦੇ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਯਿਸੂ ਹੀ ਮਸੀਹਾ ਸੀ। ਪਰ ਉਸ ਨੇ ਕਈ ਵਾਰ ਪਵਿੱਤਰ ਲਿਖਤਾਂ ਵਿਚ ਲਿਖੀਆਂ ਗੱਲਾਂ ਵੱਲ ਸੰਕੇਤ ਵੀ ਕੀਤਾ ਸੀ। ਬਾਈਬਲ ਤੋਂ ਪੌਲੁਸ ਦੀਆਂ ਗੱਲਾਂ ਨੇ ਲੋਕਾਂ ਨੂੰ ਇੰਨਾ ਕਾਇਲ ਕੀਤਾ ਕਿ “ਬਹੁਤ ਸਾਰੇ ਯਹੂਦੀ ਅਤੇ ਯਹੂਦੀ-ਮੁਰੀਦਾਂ ਵਿੱਚੋਂ ਭਗਤ ਪੌਲੁਸ ਅਤੇ ਬਰਨਬਾਸ ਦੇ ਮਗਰ ਲੱਗ ਤੁਰੇ,” ਤਾਂਕਿ ਉਹ ਹੋਰ ਸਿੱਖ ਸਕਣ। (ਰਸੂ. 13:14-44) ਜਦ ਬਹੁਤ ਸਾਲ ਬਾਅਦ ਰੋਮ ਸ਼ਹਿਰ ਦੇ ਕੁਝ ਯਹੂਦੀ ਪੌਲੁਸ ਨੂੰ ਮਿਲਣ ਆਏ ਸਨ, ਤਾਂ ਉਸ ਨੇ ਉਨ੍ਹਾਂ ਨੂੰ “ਪਰਮੇਸ਼ੁਰ ਦੇ ਰਾਜ ਉੱਤੇ ਸਾਖੀ ਦੇ ਕੇ ਅਤੇ ਮੂਸਾ ਦੀ ਸ਼ਰਾ ਅਤੇ ਨਬੀਆਂ ਵਿੱਚੋਂ ਯਿਸੂ” ਬਾਰੇ ਸਮਝਾਇਆ।—ਰਸੂ. 28:17, 22, 23.
6. ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋਏ ਪੌਲੁਸ ਨੇ ਆਪਣੀ ਨਿਹਚਾ ਮਜ਼ਬੂਤ ਕਿਵੇਂ ਰੱਖੀ?
6 ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋਏ ਪੌਲੁਸ ਪਵਿੱਤਰ ਲਿਖਤਾਂ ਦੀ ਸਟੱਡੀ ਕਰਦਾ ਰਿਹਾ ਜਿਨ੍ਹਾਂ ਤੋਂ ਉਸ ਨੂੰ ਬਹੁਤ ਤਾਕਤ ਮਿਲੀ। (ਇਬ. 4:12) ਆਪਣੀ ਮੌਤ ਤੋਂ ਕੁਝ ਹੀ ਸਮਾਂ ਪਹਿਲਾਂ ਕੈਦ ਵਿਚ ਬੈਠੇ ਪੌਲੁਸ ਨੇ ਤਿਮੋਥਿਉਸ ਨੂੰ “ਪੋਥੀਆਂ” ਤੇ “ਚਮੜੇ ਦੇ ਪੱਤ੍ਰੇ” ਲਿਆਉਣ ਨੂੰ ਕਿਹਾ ਸੀ। (2 ਤਿਮੋ. 4:13) ਸੰਭਵ ਹੈ ਕਿ ਇਹ ਪੋਥੀਆਂ, ਜਿਨ੍ਹਾਂ ਦਾ ਪੌਲੁਸ ਨੇ ਡੂੰਘਾ ਅਧਿਐਨ ਕੀਤਾ, ਬਾਈਬਲ ਦੇ ਇਬਰਾਨੀ ਹਿੱਸੇ ਵਿੱਚੋਂ ਸਨ। ਬਾਕਾਇਦਾ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦੀ ਪੌਲੁਸ ਨੇ ਚੰਗੀ ਆਦਤ ਪਾਈ ਸੀ, ਤਾਂਕਿ ਉਹ ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਸਕੇ।
7. ਬਾਕਾਇਦਾ ਬਾਈਬਲ ਦੀ ਸਟੱਡੀ ਕਰਨ ਅਤੇ ਉਸ ਉੱਤੇ ਡੂੰਘਾ ਸੋਚ-ਵਿਚਾਰ ਕਰਨ ਦੇ ਫ਼ਾਇਦੇ ਦੱਸੋ।
7 ਬਾਕਾਇਦਾ ਬਾਈਬਲ ਦੀ ਸਟੱਡੀ ਕਰਨ ਅਤੇ ਉਸ ਉੱਤੇ ਡੂੰਘਾ ਸੋਚ-ਵਿਚਾਰ ਕਰਨ ਨਾਲ ਸਾਡਾ ਗਿਆਨ ਵਧਦਾ ਜਾਵੇਗਾ ਅਤੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਜਾਵੇਗਾ। (ਇਬ. 5:12-14) ਪਰਮੇਸ਼ੁਰ ਦੇ ਬਚਨ ਦੀ ਅਹਿਮੀਅਤ ਬਾਰੇ ਗੱਲ ਕਰਦੇ ਹੋਏ, ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਸੋਨੇ ਤੇ ਚਾਂਦੀ ਦੇ ਹਜ਼ਾਰਾਂ ਸਿੱਕਾਂ ਤੋਂ ਚੰਗੀ ਹੈ! ਤੂੰ ਆਪਣੇ ਹੁਕਮਨਾਮੇ ਤੋਂ ਮੈਨੂੰ ਮੇਰੇ ਵੈਰੀਆਂ ਤੋਂ ਬੁੱਧਵਾਨ ਬਣਾਉਂਦਾ ਹੈਂ, ਕਿਉਂ ਜੋ ਉਹ ਸਦਾ ਮੇਰੇ ਨਾਲ ਹੈ। ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਿਆ ਹੈ, ਤਾਂ ਜੋ ਮੈਂ ਤੇਰੇ ਬਚਨ ਦੀ ਪਾਲਨਾ ਕਰਾਂ।” (ਜ਼ਬੂ. 119:72, 98, 101) ਕੀ ਬਾਈਬਲ ਦੀ ਸਟੱਡੀ ਕਰਨ ਦਾ ਤੁਹਾਡਾ ਕੋਈ ਰੁਟੀਨ ਹੈ? ਕੀ ਤੁਸੀਂ ਰੋਜ਼ ਬਾਈਬਲ ਪੜ੍ਹ ਕੇ ਅਤੇ ਉਸ ਉੱਤੇ ਸੋਚ-ਵਿਚਾਰ ਕਰ ਕੇ ਪਰਮੇਸ਼ੁਰ ਦੀ ਸੇਵਾ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਲਈ ਤਿਆਰੀ ਕਰ ਰਹੇ ਹੋ?
ਪੌਲੁਸ ਨੇ ਸਾਰਿਆਂ ਲੋਕਾਂ ਨਾਲ ਪਿਆਰ ਕਰਨਾ ਸਿੱਖਿਆ
8. ਪੌਲੁਸ ਨੇ ਗ਼ੈਰ-ਯਹੂਦੀਆਂ ਨਾਲ ਕਿਹੋ ਜਿਹਾ ਸਲੂਕ ਕੀਤਾ ਸੀ?
8 ਮਸੀਹ ਦਾ ਚੇਲਾ ਬਣਨ ਤੋਂ ਪਹਿਲਾਂ ਪੌਲੁਸ ਇਕ ਕੱਟੜ ਯਹੂਦੀ ਸੀ। ਉਸ ਨੂੰ ਯਹੂਦੀਆਂ ਤੋਂ ਸਿਵਾਇ ਹੋਰ ਕਿਸੇ ਦੀ ਪਰਵਾਹ ਨਹੀਂ ਸੀ। (ਰਸੂ. 26:4, 5) ਜਦ ਯਿਸੂ ਦੇ ਚੇਲੇ ਇਸਤੀਫ਼ਾਨ ਨੂੰ ਪੱਥਰਾਂ ਨਾਲ ਮਾਰਿਆ ਜਾ ਰਿਹਾ ਸੀ, ਤਾਂ ਪੌਲੁਸ ਕੋਲ ਖੜ੍ਹਾ ਦੇਖ ਰਿਹਾ ਸੀ। ਸ਼ਾਇਦ ਉਸ ਨੇ ਸਮਝਿਆ ਹੋਣਾ ਕੇ ਮਸੀਹੀਆਂ ਨੂੰ ਸਤਾਉਣਾ ਜਾਇਜ਼ ਸੀ ਤੇ ਇਸਤੀਫ਼ਾਨ ਸਜ਼ਾ ਦੇ ਲਾਇਕ ਸੀ। (ਰਸੂ. 6:8-14; 7:54–60) ਬਾਈਬਲ ਵਿਚ ਦੱਸਿਆ ਗਿਆ ਹੈ ਕਿ “ਸੌਲੁਸ [ਉਰਫ਼ ਪੌਲੁਸ] ਕਲੀਸਿਯਾ ਦਾ ਨਾਸ ਕਰਦਾ ਸੀ ਅਤੇ ਉਹ ਘਰਾਂ ਵਿੱਚ ਵੜ ਵੜ ਕੇ ਮਰਦਾਂ ਅਤੇ ਤੀਵੀਆਂ ਨੂੰ ਧੂ ਘਸੀਟ ਕੇ ਕੈਦ ਵਿੱਚ ਪੁਆਉਂਦਾ ਸੀ।” (ਰਸੂ. 8:3) ਉਹ ਭੈਣਾਂ-ਭਰਾਵਾਂ ਨੂੰ ‘ਪਰਦੇਸ ਦੇ ਨਗਰਾਂ ਤੀਕ ਵੀ ਸਤਾਉਂਦਾ ਗਿਆ।’—ਰਸੂ. 26:11.
9. ਪੌਲੁਸ ਦੇ ਕਿਹੜੇ ਅਨੁਭਵ ਨੇ ਉਸ ਨੂੰ ਲੋਕਾਂ ਪ੍ਰਤੀ ਆਪਣਾ ਰਵੱਈਆ ਬਦਲਣ ਲਈ ਮਜਬੂਰ ਕੀਤਾ ਸੀ?
9 ਪੌਲੁਸ ਯਿਸੂ ਦੇ ਚੇਲਿਆਂ ਨੂੰ ਸਤਾਉਣ ਦੰਮਿਸਕ ਜਾ ਰਿਹਾ ਸੀ ਜਦ ਯਿਸੂ ਨੇ ਉਸ ਨੂੰ ਦਰਸ਼ਣ ਦਿੱਤਾ ਸੀ। ਇਸ ਦਰਸ਼ਣ ਦੌਰਾਨ ਆਕਾਸ਼ੋਂ ਚਮਕੀ ਜੋਤ ਕਾਰਨ ਪੌਲੁਸ ਦੀਆਂ ਅੱਖਾਂ ਦੀ ਰੌਸ਼ਨੀ ਬੁੱਝ ਗਈ ਤੇ ਉਹ ਹੋਰਨਾਂ ਦੇ ਸਹਾਰੇ ਦੰਮਿਸਕ ਪਹੁੰਚਿਆ। ਜਦ ਤਕ ਯਹੋਵਾਹ ਨੇ ਹਨਾਨਿਯਾਹ ਨੂੰ ਉਸ ਕੋਲ ਭੇਜਿਆ, ਤਦ ਤਕ ਹੋਰਨਾਂ ਲੋਕਾਂ ਪ੍ਰਤੀ ਪੌਲੁਸ ਦਾ ਰਵੱਈਆ ਬਿਲਕੁਲ ਬਦਲ ਚੁੱਕਾ ਸੀ। (ਰਸੂ. 9:1-30) ਮਸੀਹ ਦਾ ਚੇਲਾ ਬਣਨ ਤੋਂ ਬਾਅਦ ਉਸ ਨੇ ਯਿਸੂ ਦੀ ਰੀਸ ਕਰ ਕੇ ਸਾਰਿਆਂ ਨਾਲ ਚੰਗਾ ਸਲੂਕ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ। ਇਸ ਦਾ ਮਤਲਬ ਸੀ ਕਿ ਉਸ ਨੂੰ ਹਿੰਸਕ ਸੁਭਾਅ ਛੱਡ ਕੇ ਸਭ ‘ਮਨੁੱਖਾਂ ਦੇ ਨਾਲ ਮੇਲ ਰੱਖਣ’ ਦੀ ਲੋੜ ਸੀ।—ਰੋਮੀਆਂ 12:17-21 ਪੜ੍ਹੋ।
10, 11. ਪੌਲੁਸ ਨੇ ਲੋਕਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਿਵੇਂ ਕੀਤਾ ਸੀ?
10 ਪੌਲੁਸ ਇੰਨੇ ਵਿਚ ਹੀ ਖ਼ੁਸ਼ ਨਹੀਂ ਸੀ ਕਿ ਉਹ ਸਾਰਿਆਂ ਨਾਲ ਬਣਾਈ ਰੱਖੇ। ਉਹ ਸਾਰਿਆਂ ਲਈ ਆਪਣੇ ਪਿਆਰ ਦਾ ਇਜ਼ਹਾਰ ਵੀ ਕਰਨਾ ਚਾਹੁੰਦਾ ਸੀ ਅਤੇ ਪ੍ਰਚਾਰ ਦੇ ਕੰਮ ਵਿਚ ਉਸ ਨੂੰ ਇਸ ਤਰ੍ਹਾਂ ਕਰਨ ਦਾ ਵਧੀਆ ਮੌਕਾ ਮਿਲਿਆ। ਆਪਣੇ ਪਹਿਲੇ ਮਿਸ਼ਨਰੀ ਦੌਰੇ ਦੌਰਾਨ ਉਸ ਨੇ ਏਸ਼ੀਆ ਮਾਈਨਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਸਖ਼ਤ ਵਿਰੋਧਤਾ ਦੇ ਬਾਵਜੂਦ, ਪੌਲੁਸ ਅਤੇ ਉਸ ਦੇ ਸਾਥੀ ਸੱਚਾਈ ਅਪਣਾਉਣ ਵਿਚ ਨੇਕ ਦਿਲ ਲੋਕਾਂ ਦੀ ਮਦਦ ਕਰਦੇ ਰਹੇ। ਲੁਸਤ੍ਰਾ ਅਤੇ ਇਕੋਨਿਯੁਮ ਦੇ ਕੁਝ ਲੋਕ ਪੌਲੁਸ ਦੇ ਖ਼ੂਨ ਦੇ ਪਿਆਸੇ ਸਨ। ਪਰ ਫਿਰ ਵੀ ਪੌਲੁਸ ਤੇ ਉਸ ਦੇ ਸਾਥੀ ਇਨ੍ਹਾਂ ਸ਼ਹਿਰਾਂ ਵਿਚ ਪ੍ਰਚਾਰ ਕਰਨ ਵਾਪਸ ਗਏ।—ਰਸੂ. 13:1-3; 14:1-7, 19-23.
11 ਫਿਰ ਪੌਲੁਸ ਤੇ ਉਸ ਦੇ ਸਾਥੀ ਮਕਦੂਨਿਯਾ ਦੇ ਫ਼ਿਲਿੱਪੈ ਸ਼ਹਿਰ ਵਿਚ ਉਨ੍ਹਾਂ ਲੋਕਾਂ ਦੀ ਭਾਲ ਕਰਨ ਗਏ ਜੋ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਨੀ ਚਾਹੁੰਦੇ ਸਨ। ਉੱਥੇ ਉਨ੍ਹਾਂ ਨੂੰ ਲੁਦਿਯਾ ਨਾਂ ਦੀ ਤੀਵੀਂ ਮਿਲੀ ਜਿਸ ਨੇ ਯਹੂਦੀ ਧਰਮ ਅਪਣਾਇਆ ਸੀ। ਉਸ ਨੇ ਚਿੱਤ ਲਾ ਕੇ ਖ਼ੁਸ਼ ਖ਼ਬਰੀ ਦਾ ਸੰਦੇਸ਼ ਸੁਣਿਆ ਅਤੇ ਬਪਤਿਸਮਾ ਲਿਆ। ਸ਼ਹਿਰ ਦੇ ਸਰਕਾਰੀ ਅਫ਼ਸਰਾਂ ਨੇ ਪੌਲੁਸ ਤੇ ਸੀਲਾਸ ਨੂੰ ਡੰਡਿਆਂ ਨਾਲ ਮਾਰ ਕੇ ਕੈਦ ਵਿਚ ਸੁੱਟ ਦਿੱਤਾ। ਲੇਕਿਨ ਉਹ ਪੌਲੁਸ ਨੂੰ ਪ੍ਰਚਾਰ ਕਰਨ ਤੋਂ ਰੋਕ ਨਾ ਸਕੇ। ਉਸ ਨੇ ਕੈਦਖ਼ਾਨੇ ਵਿਚ ਦਰੋਗੇ ਨੂੰ ਪ੍ਰਚਾਰ ਕੀਤਾ। ਨਤੀਜੇ ਵਜੋਂ ਦਰੋਗਾ ਤੇ ਉਸ ਦਾ ਪਰਿਵਾਰ ਬਪਤਿਸਮਾ ਲੈ ਕੇ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਲੱਗੇ।—ਰਸੂ. 16:11-34.
12. ਬਦਤਮੀਜ਼ ਤੇ ਜ਼ਾਲਮ ਆਦਮੀ ਤੋਂ ਪੌਲੁਸ ਯਿਸੂ ਮਸੀਹ ਦਾ ਰਸੂਲ ਕਿਵੇਂ ਬਣਿਆ?
12 ਪੌਲੁਸ, ਜੋ ਪਹਿਲਾਂ ਮਸੀਹ ਦੇ ਚੇਲਿਆਂ ਦਾ ਸਖ਼ਤ ਵਿਰੋਧ ਕਰਦਾ ਸੀ, ਆਪ ਮਸੀਹ ਦਾ ਚੇਲਾ ਕਿਉਂ ਬਣਿਆ? ਉਹ ਬਦਤਮੀਜ਼ ਤੇ ਜ਼ਾਲਮ ਆਦਮੀ ਤੋਂ ਅਜਿਹਾ ਦਿਆਲੂ ਤੇ ਪਿਆਰ ਕਰਨ ਵਾਲਾ ਰਸੂਲ ਕਿਵੇਂ ਬਣਿਆ, ਜਿਸ ਨੇ ਆਪਣੀ ਜਾਨ ਦਾਅ ਤੇ ਲਾ ਕੇ ਪਰਮੇਸ਼ੁਰ ਤੇ ਯਿਸੂ ਮਸੀਹ ਬਾਰੇ ਸੱਚਾਈ ਸਿੱਖਣ ਵਿਚ ਲੋਕਾਂ ਦੀ ਮਦਦ ਕੀਤੀ ਸੀ? ਪੌਲੁਸ ਨੇ ਆਪ ਸਮਝਾਇਆ: ‘ਪਰਮੇਸ਼ੁਰ ਨੇ ਮੈਨੂੰ ਆਪਣੀ ਕਿਰਪਾ ਨਾਲ ਸੱਦਿਆ ਜੋ ਆਪਣੇ ਪੁੱਤ੍ਰ ਨੂੰ ਮੇਰੇ ਵਿੱਚ ਪਰਕਾਸ਼ ਕਰੇ।’ (ਗਲਾ. 1:15, 16) ਪੌਲੁਸ ਨੇ ਤਿਮੋਥਿਉਸ ਨੂੰ ਲਿਖਦੇ ਹੋਏ ਕਿਹਾ: “ਮੇਰੇ ਉੱਤੇ ਇਸ ਕਾਰਨ ਰਹਮ ਹੋਇਆ ਭਈ ਮੇਰੇ ਸਬੱਬੋਂ ਜਿਹੜਾ ਮਹਾਂ ਪਾਪੀ ਹਾਂ ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ ਨਮਿੱਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਨਿਹਚਾ ਕਰਨਗੇ ਇੱਕ ਨਮੂਨਾ ਹੋਵੇ।” (1 ਤਿਮੋ. 1:16) ਯਹੋਵਾਹ ਪਰਮੇਸ਼ੁਰ ਨੇ ਪੌਲੁਸ ਦੀਆਂ ਪਹਿਲੀਆਂ ਸਭ ਗ਼ਲਤੀਆਂ ਮਾਫ਼ ਕੀਤੀਆਂ। ਪਰਮੇਸ਼ੁਰ ਦੇ ਪਿਆਰ ਤੇ ਦਇਆ ਸਦਕਾ, ਪੌਲੁਸ ਆਪਣੇ ਆਪ ਨੂੰ ਕਰਜ਼ਾਈ ਸਮਝਦਾ ਸੀ ਜਿਸ ਕਰਕੇ ਉਹ ਹੋਰਨਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਉਨ੍ਹਾਂ ਲਈ ਆਪਣੇ ਪਿਆਰ ਦਾ ਸਬੂਤ ਦੇਣਾ ਚਾਹੁੰਦਾ ਸੀ।
13. ਸਾਨੂੰ ਹੋਰਨਾਂ ਨਾਲ ਪਿਆਰ ਕਰਨ ਲਈ ਕਿਹੜੀ ਗੱਲ ਪ੍ਰੇਰਿਤ ਕਰਦੀ ਹੈ ਤੇ ਅਸੀਂ ਪਿਆਰ ਦਾ ਸਬੂਤ ਕਿੱਦਾਂ ਦੇ ਸਕਦੇ ਹਾਂ?
13 ਯਹੋਵਾਹ ਪਰਮੇਸ਼ੁਰ ਸਾਡੀਆਂ ਗ਼ਲਤੀਆਂ ਵੀ ਮਾਫ਼ ਕਰਨ ਲਈ ਤਿਆਰ ਹੈ। (ਜ਼ਬੂ. 103:8-14) ਜ਼ਬੂਰਾਂ ਦੇ ਲਿਖਾਰੀ ਨੇ ਪੁੱਛਿਆ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂ. 130:3) ਪਰਮੇਸ਼ੁਰ ਦੀ ਦਇਆ ਤੋਂ ਬਿਨਾਂ ਸਾਡੇ ਵਿੱਚੋਂ ਕਿਸੇ ਨੂੰ ਵੀ ਉਸ ਦੀ ਸੇਵਾ ਵਿਚ ਹਿੱਸਾ ਲੈਣ ਦਾ ਮੌਕਾ ਨਹੀਂ ਸੀ ਮਿਲਣਾ। ਨਾ ਹੀ ਸਾਨੂੰ ਸਦਾ ਦੀ ਜ਼ਿੰਦਗੀ ਦੀ ਉਮੀਦ ਮਿਲਣੀ ਸੀ। ਵਾਕਈ ਯਹੋਵਾਹ ਨੇ ਸਾਡੇ ਤੇ ਕਿੰਨੀ ਦਇਆ ਕੀਤੀ ਹੈ! ਤਾਂ ਫਿਰ, ਆਓ ਆਪਾਂ ਪੌਲੁਸ ਵਾਂਗ ਹੋਰਨਾਂ ਨੂੰ ਪ੍ਰਚਾਰ ਕਰ ਕੇ ਤੇ ਸੱਚਾਈ ਬਾਰੇ ਸਿਖਾ ਕੇ ਅਤੇ ਕਲੀਸਿਯਾ ਵਿਚ ਭੈਣਾਂ-ਭਰਾਵਾਂ ਦਾ ਹੌਸਲਾ ਵਧਾ ਕੇ ਆਪਣੇ ਪਿਆਰ ਦਾ ਇਜ਼ਹਾਰ ਕਰੀਏ।—ਰਸੂਲਾਂ ਦੇ ਕਰਤੱਬ 14:21-23 ਪੜ੍ਹੋ।
14. ਅਸੀਂ ਵਧੀਆ ਤਰੀਕੇ ਨਾਲ ਪ੍ਰਚਾਰ ਕਿਵੇਂ ਕਰ ਸਕਦੇ ਹਾਂ?
14 ਪੌਲੁਸ ਵਧੀਆ ਤਰੀਕੇ ਨਾਲ ਪ੍ਰਚਾਰ ਕਰਨਾ ਚਾਹੁੰਦਾ ਸੀ ਤੇ ਉਸ ਨੇ ਯਿਸੂ ਦੀ ਮਿਸਾਲ ਤੋਂ ਬਹੁਤ ਕੁਝ ਸਿੱਖਿਆ। ਯਿਸੂ ਨੇ ਖ਼ਾਸ ਕਰਕੇ ਪ੍ਰਚਾਰ ਦੇ ਕੰਮ ਵਿਚ ਲੋਕਾਂ ਲਈ ਆਪਣੇ ਪਿਆਰ ਦਾ ਸਬੂਤ ਦਿੱਤਾ ਸੀ। ਉਸ ਨੇ ਕਿਹਾ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।” (ਮੱਤੀ 9:35-38) ਪੌਲੁਸ ਨੇ ਇਹੀ ਦੁਆ ਕੀਤੀ ਸੀ ਕਿ ਪ੍ਰਚਾਰ ਦੇ ਕੰਮ ਲਈ ਹੋਰ ਪ੍ਰਚਾਰਕ ਹੋਣ ਤੇ ਇਸ ਕੰਮ ਵਿਚ ਉਸ ਨੇ ਆਪ ਵੀ ਵਧ-ਚੜ੍ਹ ਕੇ ਹਿੱਸਾ ਲਿਆ ਸੀ। ਤੁਹਾਡੇ ਬਾਰੇ ਕੀ? ਕੀ ਤੁਸੀਂ ਆਪਣੇ ਪ੍ਰਚਾਰ ਕਰਨ ਦੇ ਤਰੀਕੇ ਨੂੰ ਸੁਧਾਰ ਸਕਦੇ ਹੋ? ਕੀ ਤੁਸੀਂ ਪਾਇਨੀਅਰੀ ਕਰ ਸਕਦੇ ਹੋ ਜਾਂ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈ ਸਕਦੇ ਹੋ? ਆਓ ਆਪਾਂ “ਜੀਵਨ ਦੇ ਬਚਨ” ਨੂੰ ਘੁੱਟ ਕੇ ਫੜੀ ਰੱਖਣ ਵਿਚ ਲੋਕਾਂ ਦੀ ਮਦਦ ਕਰੀਏ ਤੇ ਇਸ ਤਰ੍ਹਾਂ ਉਨ੍ਹਾਂ ਲਈ ਆਪਣੇ ਪਿਆਰ ਦਾ ਸਬੂਤ ਦੇਈਏ।—ਫ਼ਿਲਿ. 2:16.
ਪੌਲੁਸ ਦਾ ਆਪਣੇ ਆਪ ਬਾਰੇ ਨਜ਼ਰੀਆ
15. ਭੈਣਾਂ-ਭਰਾਵਾਂ ਦੀ ਤੁਲਨਾ ਵਿਚ ਪੌਲੁਸ ਦਾ ਆਪਣੇ ਬਾਰੇ ਕੀ ਵਿਚਾਰ ਸੀ?
15 ਪੌਲੁਸ ਨੇ ਇਕ ਹੋਰ ਤਰੀਕੇ ਨਾਲ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ ਸੀ। ਉਸ ਨੂੰ ਕਲੀਸਿਯਾ ਵਿਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਮਿਲੀਆਂ ਸਨ। ਫਿਰ ਵੀ ਉਸ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਇਹ ਸਭ ਬਰਕਤਾਂ ਨਾ ਹੀ ਉਸ ਨੂੰ ਆਪਣੀ ਕਿਸੇ ਕਾਬਲੀਅਤ ਦੀ ਬਦੌਲਤ ਮਿਲੀਆਂ ਸਨ ਤੇ ਨਾ ਹੀ ਇਨ੍ਹਾਂ ਤੇ ਉਸ ਦਾ ਕੋਈ ਹੱਕ ਸੀ। ਇਹ ਸਭ ਬਰਕਤਾਂ ਪਰਮੇਸ਼ੁਰ ਦੀ ਕਿਰਪਾ ਸਕਦਾ ਉਸ ਨੂੰ ਮਿਲੀਆਂ ਸਨ। ਪੌਲੁਸ ਇਹ ਵੀ ਜਾਣਦਾ ਸੀ ਕਿ ਕਲੀਸਿਯਾ ਦੇ ਹੋਰ ਭੈਣ-ਭਰਾ ਵੀ ਵਧੀਆ ਤਰੀਕੇ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਹੇ ਸਨ। ਜੀ ਹਾਂ, ਕਲੀਸਿਯਾ ਵਿਚ ਇਕ ਜ਼ਿੰਮੇਵਾਰ ਭਰਾ ਹੋਣ ਦੇ ਬਾਵਜੂਦ ਪੌਲੁਸ ਹਲੀਮੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ।—1 ਕੁਰਿੰਥੀਆਂ 15:9-11 ਪੜ੍ਹੋ।
16. ਸੁੰਨਤ ਕਰਾਉਣ ਦੇ ਮਸਲੇ ਨੂੰ ਸੁਲਝਾਉਣ ਵਿਚ ਪੌਲੁਸ ਨੇ ਨਿਮਰਤਾ ਕਿਵੇਂ ਦਿਖਾਈ ਸੀ?
16 ਧਿਆਨ ਦਿਓ ਕਿ ਪੌਲੁਸ ਨੇ ਸੀਰੀਆ ਦੇ ਅੰਤਾਕਿਯਾ ਸ਼ਹਿਰ ਵਿਚ ਇਕ ਮਸਲੇ ਬਾਰੇ ਕੀ ਕੀਤਾ ਸੀ। ਕਲੀਸਿਯਾ ਵਿਚ ਸੁੰਨਤ ਕਰਾਉਣ ਦੇ ਮਾਮਲੇ ਬਾਰੇ ਭੈਣਾਂ-ਭਰਾਵਾਂ ਦੀ ਵੱਖੋ-ਵੱਖਰੀ ਰਾਇ ਸੀ। (ਰਸੂ. 14:26–15:2) ਗ਼ੈਰ-ਯਹੂਦੀ ਲੋਕਾਂ ਨੂੰ ਪ੍ਰਚਾਰ ਕਰਨ ਦੀ ਨਿਗਰਾਨੀ ਪੌਲੁਸ ਨੂੰ ਸੌਂਪੀ ਗਈ ਸੀ। ਹੋ ਸਕਦਾ ਹੈ ਕਿ ਉਹ ਗ਼ੈਰ-ਯਹੂਦੀਆਂ ਨਾਲ ਗੱਲ ਕਰਨ ਵਿਚ ਮਾਹਰ ਸੀ ਅਤੇ ਇਸ ਮਸਲੇ ਦਾ ਹੱਲ ਕੱਢ ਸਕਦਾ ਸੀ। (ਗਲਾਤੀਆਂ 2:8, 9 ਪੜ੍ਹੋ।) ਪਰ ਜਦ ਉਹ ਮਸਲੇ ਨੂੰ ਸੁਲਝਾ ਨਾ ਸਕਿਆ, ਤਾਂ ਉਸ ਨੇ ਕੀ ਕੀਤਾ? ਉਸ ਨੇ ਨਿਮਰਤਾ ਨਾਲ ਭਰਾਵਾਂ ਦੀ ਸਲਾਹ ਸਵੀਕਾਰ ਕੀਤੀ ਕਿ ਕੁਝ ਭਰਾਵਾਂ ਨੂੰ ਯਰੂਸ਼ਲਮ ਜਾ ਕੇ ਪ੍ਰਬੰਧਕ ਸਭਾ ਨਾਲ ਇਸ ਮਸਲੇ ਬਾਰੇ ਗੱਲ ਕਰਨੀ ਚਾਹੀਦੀ ਹੈ। ਪੌਲੁਸ ਧਿਆਨ ਨਾਲ ਸੁਣਦਾ ਰਿਹਾ ਜਿਉਂ ਪ੍ਰਬੰਧਕ ਸਭਾ ਦੇ ਭਰਾਵਾਂ ਨੂੰ ਗੱਲ ਸਮਝਾਈ ਜਾ ਰਹੀ ਸੀ। ਫਿਰ ਉਸ ਨੇ ਪ੍ਰਬੰਧਕ ਸਭਾ ਦੇ ਫ਼ੈਸਲੇ ਵਿਚ ਹਾਂ ਨਾਲ ਹਾਂ ਮਿਲਾ ਕੇ ਬੜੀ ਨਿਮਰਤਾ ਦਿਖਾਈ। ਇਸ ਦੇ ਨਾਲ-ਨਾਲ ਉਹ ਪ੍ਰਬੰਧਕ ਸਭਾ ਦੇ ਕਹੇ ਮੁਤਾਬਕ ਕਲੀਸਿਯਾਵਾਂ ਨੂੰ ਇਸ ਫ਼ੈਸਲੇ ਤੋਂ ਜਾਣੂ ਕਰਾਉਣ ਲਈ ਹੋਰਨਾਂ ਭਰਾਵਾਂ ਨਾਲ ਗਿਆ। (ਰਸੂ. 15:22-31) ਇਸ ਤਰ੍ਹਾਂ ਕਰਨ ਨਾਲ ਪੌਲੁਸ ਨੇ ਅੱਗੇ ਵੱਧ ਕੇ ਕਲੀਸਿਯਾ ਦੇ ਭੈਣਾਂ-ਭਰਾਵਾਂ ਦਾ “ਆਦਰ” ਕੀਤਾ।—ਰੋਮੀ. 12:10ਅ.
17, 18. (ੳ) ਕਲੀਸਿਯਾਵਾਂ ਦੇ ਭੈਣਾਂ-ਭਰਾਵਾਂ ਨਾਲ ਪੌਲੁਸ ਦਾ ਕਿਹੋ ਜਿਹਾ ਰਿਸ਼ਤਾ ਸੀ? (ਅ) ਪੌਲੁਸ ਦੇ ਜਾਣ ਵੇਲੇ ਅਫ਼ਸੁਸ ਦੇ ਬਜ਼ੁਰਗਾਂ ਦੇ ਜਜ਼ਬਾਤਾਂ ਤੋਂ ਸਾਨੂੰ ਪੌਲੁਸ ਬਾਰੇ ਕੀ ਪਤਾ ਲੱਗਦਾ ਹੈ?
17 ਪੌਲੁਸ ਭੈਣਾਂ-ਭਰਾਵਾਂ ਤੋਂ ਦੂਰ-ਦੂਰ ਨਹੀਂ ਸੀ ਰਹਿੰਦਾ, ਸਗੋਂ ਉਸ ਦਾ ਉਨ੍ਹਾਂ ਨਾਲ ਗੂੜ੍ਹਾ ਰਿਸ਼ਤਾ ਸੀ। ਰੋਮੀਆਂ ਨੂੰ ਲਿਖੀ ਚਿੱਠੀ ਦੇ ਅਖ਼ੀਰ ਵਿਚ ਉਸ ਨੇ 20 ਤੋਂ ਜ਼ਿਆਦਾ ਭੈਣਾਂ-ਭਰਾਵਾਂ ਦਾ ਨਾਂ ਲੈ ਕੇ ਜ਼ਿਕਰ ਕੀਤਾ ਸੀ। ਇਨ੍ਹਾਂ ਵਿੱਚੋਂ ਬਹੁਤਿਆਂ ਦਾ ਨਾ ਤਾਂ ਬਾਈਬਲ ਵਿਚ ਹੋਰ ਕਿਤੇ ਜ਼ਿਕਰ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ। ਪਰ ਉਹ ਸਭ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਸਨ ਅਤੇ ਪੌਲੁਸ ਉਨ੍ਹਾਂ ਨਾਲ ਬਹੁਤ ਪਿਆਰ ਕਰਦਾ ਸੀ।—ਰੋਮੀ. 16:1-16.
18 ਪੌਲੁਸ ਦੇ ਪਿਆਰ ਅਤੇ ਨਿਮਰ ਸੁਭਾਅ ਤੋਂ ਭੈਣਾਂ-ਭਰਾਵਾਂ ਨੂੰ ਬਹੁਤ ਹੌਸਲਾ ਮਿਲਿਆ। ਜਦ ਪੌਲੁਸ ਅਫ਼ਸੁਸ ਦੇ ਬਜ਼ੁਰਗਾਂ ਨੂੰ ਆਖ਼ਰੀ ਵਾਰ ਮਿਲਿਆ, ਤਾਂ “ਓਹ ਸੱਭੋ ਬਹੁਤ ਰੁੰਨੇ ਅਤੇ ਪੌਲੁਸ ਦੇ ਗਲ ਮਿਲ ਮਿਲ ਕੇ ਉਹ ਨੂੰ ਚੁੰਮਿਆ। ਅਰ ਿਨੱਜ ਕਰਕੇ ਏਸ ਗੱਲ ਉੱਤੇ ਬਹੁਤ ਉਦਾਸ ਹੋਏ ਜਿਹੜੀ ਉਹ ਨੇ ਆਖੀ ਸੀ ਭਈ ਤੁਸੀਂ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ।” ਜੇ ਪੌਲੁਸ ਹੰਕਾਰੀ ਤੇ ਖ਼ੁਦਗਰਜ਼ ਹੁੰਦਾ, ਤਾਂ ਭਰਾਵਾਂ ਨੇ ਕਦੇ ਵੀ ਉਸ ਦੇ ਵਿਛੋੜੇ ਤੇ ਇੰਨਾ ਰੋਣਾ ਜਾਂ ਉਦਾਸ ਨਹੀਂ ਸੀ ਹੋਣਾ।—ਰਸੂ. 20:37, 38.
19. ਕਲੀਸਿਯਾ ਵਿਚ ਭੈਣਾਂ-ਭਰਾਵਾਂ ਨਾਲ “ਅਧੀਨਗੀ ਨਾਲ” ਪੇਸ਼ ਆਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
19 ਸਭ ਜੋ ਸੱਚਾਈ ਵਿਚ ਤਰੱਕੀ ਕਰਨੀ ਚਾਹੁੰਦੇ ਹਨ ਉਨ੍ਹਾਂ ਨੂੰ ਪੌਲੁਸ ਵਾਂਗ ਨਿਮਰ ਹੋਣ ਦੀ ਲੋੜ ਹੈ। ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਤਾਕੀਦ ਕੀਤੀ: “ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।” (ਫ਼ਿਲਿ. 2:3) ਅਸੀਂ ਇਸ ਸਲਾਹ ਤੇ ਕਿਵੇਂ ਚੱਲ ਸਕਦੇ ਹਾਂ? ਇਕ ਗੱਲ ਹੈ ਕਿ ਸਾਨੂੰ ਕਲੀਸਿਯਾ ਦੇ ਬਜ਼ੁਰਗਾਂ ਦੀ ਸੁਣਨੀ ਚਾਹੀਦਾ ਹੈ, ਉਨ੍ਹਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਜਦ ਉਹ ਕਿਸੇ ਗੰਭੀਰ ਪਾਪ ਬਾਰੇ ਫ਼ੈਸਲਾ ਕਰਦੇ ਹਨ, ਤਾਂ ਸਾਨੂੰ ਉਨ੍ਹਾਂ ਦਾ ਫ਼ੈਸਲਾ ਸਵੀਕਾਰ ਕਰਨਾ ਚਾਹੀਦਾ ਹੈ। (ਇਬਰਾਨੀਆਂ 13:17 ਪੜ੍ਹੋ।) ਦੂਜੀ ਗੱਲ ਹੈ ਕਿ ਸਾਨੂੰ ਕਲੀਸਿਯਾ ਦੇ ਭੈਣਾਂ-ਭਰਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਕਲੀਸਿਯਾਵਾਂ ਵਿਚ ਵੱਖ-ਵੱਖ ਜਾਤ, ਕੌਮ, ਸਭਿਆਚਾਰ ਤੇ ਪਿਛੋਕੜ ਦੇ ਲੋਕ ਹਨ। ਲੇਕਿਨ ਸਾਨੂੰ ਪੱਖਪਾਤ ਕਰਨ ਦੀ ਬਜਾਇ, ਪੌਲੁਸ ਵਾਂਗ ਸਾਰਿਆਂ ਨੂੰ ਬਰਾਬਰ ਸਮਝ ਕੇ ਦਿਲੋਂ ਪਿਆਰ ਕਰਨਾ ਚਾਹੀਦਾ ਹੈ। (ਰਸੂ. 17:26; ਰੋਮੀ. 12:10ੳ) ਬਾਈਬਲ ਵਿਚ ਸਾਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ: “ਤੁਸੀਂ ਇੱਕ ਦੂਏ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਭਈ ਪਰਮੇਸ਼ੁਰ ਦੀ ਵਡਿਆਈ ਹੋਵੇ।”—ਰੋਮੀ. 15:7.
ਜ਼ਿੰਦਗੀ ਦੀ ਦੌੜ ‘ਸਬਰ ਨਾਲ ਦੌੜੋ’
20, 21. ਅਸੀਂ ਸਦਾ ਦੀ ਜ਼ਿੰਦਗੀ ਦੀ ਦੌੜ ਸਬਰ ਨਾਲ ਕਿਵੇਂ ਦੌੜ ਸਕਦੇ ਹਾਂ?
20 ਸੱਚਾਈ ਵਿਚ ਮਾਨੋ ਅਸੀਂ ਇਕ ਲੰਬੀ ਦੌੜ ਦੌੜ ਰਹੇ ਹਾਂ। ਪੌਲੁਸ ਨੇ ਲਿਖਿਆ: “ਮੈਂ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ। ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ ਜਿਹੜਾ ਪ੍ਰਭੁ ਜੋ ਧਰਮੀ ਨਿਆਈ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਓਹਨਾਂ ਸਭਨਾਂ ਨੂੰ ਵੀ ਜਿਨ੍ਹਾਂ ਉਹ ਦੇ ਪਰਕਾਸ਼ ਹੋਣ ਨੂੰ ਪਿਆਰਾ ਜਾਣਿਆ।”—2 ਤਿਮੋ. 4:7, 8.
21 ਪੌਲੁਸ ਦੀ ਰੀਸ ਕਰ ਕੇ ਅਸੀਂ ਸਦਾ ਦੀ ਜ਼ਿੰਦਗੀ ਦੀ ਦੌੜ ਸਬਰ ਨਾਲ ਦੌੜ ਸਕਾਂਗੇ। (ਇਬ. 12:1) ਤਾਂ ਫਿਰ, ਆਓ ਆਪਾਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦਾ ਰੁਟੀਨ ਬਣਾ ਕੇ, ਹੋਰਨਾਂ ਨਾਲ ਪਿਆਰ ਕਰ ਕੇ ਅਤੇ ਨਿਮਰ ਸੁਭਾਅ ਰੱਖ ਕੇ ਸੱਚਾਈ ਵਿਚ ਤਰੱਕੀ ਕਰਦੇ ਰਹੀਏ।
ਤੁਸੀਂ ਕਿਵੇਂ ਜਵਾਬ ਦਿਓਗੇ?
• ਪਵਿੱਤਰ ਲਿਖਤਾਂ ਦੀ ਬਾਕਾਇਦਾ ਸਟੱਡੀ ਕਰਨ ਨਾਲ ਪੌਲੁਸ ਨੂੰ ਕਿਵੇਂ ਫ਼ਾਇਦਾ ਹੋਇਆ ਸੀ?
• ਲੋਕਾਂ ਨਾਲ ਦਿਲੋਂ ਪਿਆਰ ਕਰਨਾ ਇੰਨਾ ਜ਼ਰੂਰੀ ਕਿਉਂ ਹੈ?
• ਅਸੀਂ ਪੱਖਪਾਤ ਕਰਨ ਤੋਂ ਕਿਵੇਂ ਬਚ ਸਕਦੇ ਹਾਂ?
• ਕਲੀਸਿਯਾ ਦੇ ਬਜ਼ੁਰਗਾਂ ਨਾਲ ਮਿਲ ਕੇ ਕੰਮ ਕਰਨ ਵਿਚ ਪੌਲੁਸ ਦੀ ਉਦਾਹਰਣ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ?
[ਸਫ਼ਾ 23 ਉੱਤੇ ਤਸਵੀਰ]
ਅਸੀਂ ਵੀ ਪੌਲੁਸ ਵਾਂਗ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਤਾਕਤ ਪਾ ਸਕਦੇ ਹਾਂ
[ਸਫ਼ਾ 24 ਉੱਤੇ ਤਸਵੀਰ]
ਦੂਸਰਿਆਂ ਨੂੰ ਪਰਮੇਸ਼ੁਰ ਬਾਰੇ ਸਿਖਾ ਕੇ ਆਪਣੇ ਪਿਆਰ ਦਾ ਸਬੂਤ ਦਿਓ
[ਸਫ਼ਾ 25 ਉੱਤੇ ਤਸਵੀਰ]
ਕੀ ਤੁਹਾਨੂੰ ਪਤਾ ਹੈ ਕਿ ਭੈਣਾਂ-ਭਰਾਵਾਂ ਨੂੰ ਪੌਲੁਸ ਨਾਲ ਇੰਨਾ ਪਿਆਰ ਕਿਉਂ ਸੀ?