ਜੀਵਨੀ
ਅਸੀਂ ਸਿੱਖਿਆ ਕਿ ਯਹੋਵਾਹ ਨੂੰ ਕਦੇ ਨਾਂਹ ਨਾ ਕਹੋ
ਇਕ ਵੱਡੇ ਤੂਫ਼ਾਨ ਤੋਂ ਬਾਅਦ ਨਦੀ ਵਿਚ ਮਿੱਟੀ ਹੀ ਮਿੱਟੀ ਹੋ ਗਈ ਅਤੇ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਵੱਡੇ-ਵੱਡੇ ਪੱਥਰ ਵੀ ਪਾਣੀ ਦੇ ਨਾਲ ਹੀ ਰੁੜ੍ਹਨ ਲੱਗ ਪਏ। ਸਾਡਾ ਨਦੀ ਦੇ ਉਸ ਪਾਰ ਜਾਣਾ ਜ਼ਰੂਰੀ ਸੀ, ਪਰ ਪਾਣੀ ਦੇ ਵਹਾ ਕਰਕੇ ਪੁਲ ਵੀ ਟੁੱਟ ਗਿਆ। ਮੈਂ, ਮੇਰੇ ਪਤੀ ਹਾਰਵੀ ਅਤੇ ਸਾਡੇ ਨਾਲ ਸਫ਼ਰ ਕਰ ਰਿਹਾ ਏਮੀਸ ਭਾਸ਼ਾ ਦਾ ਅਨੁਵਾਦਕ ਡਰੇ ਹੋਏ ਸੀ ਅਤੇ ਅਸੀਂ ਬਹੁਤ ਬੇਬੱਸ ਸੀ। ਨਦੀ ਦੇ ਉਸ ਪਾਰ ਖੜ੍ਹੇ ਭਰਾ ਚਿੰਤਾ ਵਿਚ ਸਨ ਅਤੇ ਉਨ੍ਹਾਂ ਦੇ ਦੇਖਦਿਆਂ ਅਸੀਂ ਨਦੀ ਪਾਰ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਪਹਿਲਾਂ ਆਪਣੀ ਛੋਟੀ ਗੱਡੀ ਨੂੰ ਇਕ ਟਰੱਕ ਦੇ ਪਿੱਛੇ ਚੜ੍ਹਾ ਲਿਆ ਅਤੇ ਫਿਰ ਗੱਡੀ ਨੂੰ ਕਿਸੇ ਰੱਸੀ ਜਾਂ ਸੰਗਲ ਨਾਲ ਕੱਸੇ ਬਗੈਰ ਹੀ ਅਸੀਂ ਟਰੱਕ ਵਿਚ ਬੈਠ ਕੇ ਹੌਲੀ-ਹੌਲੀ ਨਦੀ ਪਾਰ ਕਰਨੀ ਸ਼ੁਰੂ ਕਰ ਦਿੱਤੀ। ਰਸਤਾ ਬਹੁਤ ਲੰਬਾ ਲੱਗ ਰਿਹਾ ਸੀ, ਪਰ ਅਸੀਂ ਸਾਰੇ ਰਾਹ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੇ ਅਤੇ ਅਖ਼ੀਰ ਸਹੀ-ਸਲਾਮਤ ਨਦੀ ਦੇ ਉਸ ਪਾਰ ਪਹੁੰਚ ਗਏ। ਇਹ 1971 ਦੀ ਗੱਲ ਹੈ। ਅਸੀਂ ਆਪਣੇ ਦੇਸ਼ ਤੋਂ ਕਈ ਹਜ਼ਾਰ ਮੀਲ ਦੂਰ ਤਾਈਵਾਨ ਦੇ ਪੂਰਬੀ ਕਿਨਾਰੇ ʼਤੇ ਸੀ। ਆਓ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਾਂ।
ਯਹੋਵਾਹ ਨੂੰ ਪਿਆਰ ਕਰਨਾ ਸਿੱਖਿਆ
ਹਾਰਵੀ ਆਪਣੇ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਉਸ ਦੇ ਪਰਿਵਾਰ ਨੇ 1930 ਦੇ ਦਹਾਕੇ ਦੌਰਾਨ ਪੱਛਮੀ ਆਸਟ੍ਰੇਲੀਆ ਵਿਚ ਮਿਡਲੈਂਡ ਜੰਕਸ਼ਨ ਨਾਂ ਦੇ ਕਸਬੇ ਵਿਚ ਸੱਚਾਈ ਸਿੱਖੀ ਸੀ ਅਤੇ ਉਦੋਂ ਦੇਸ਼ ਵਿਚ ਬਹੁਤ ਗ਼ਰੀਬੀ ਸੀ। ਹਾਰਵੀ ਛੋਟੀ ਉਮਰ ਵਿਚ ਹੀ ਯਹੋਵਾਹ ਨੂੰ ਪਿਆਰ ਕਰਨ ਲੱਗ ਪਿਆ ਅਤੇ 14 ਸਾਲ ਦੀ ਉਮਰ ਵਿਚ ਉਸ ਨੇ ਬਪਤਿਸਮਾ ਲੈ ਲਿਆ। ਉਸ ਨੇ ਛੇਤੀ ਮੰਡਲੀ ਦੇ ਹਰ ਕੰਮ ਨੂੰ ਸਵੀਕਾਰ ਕਰਨਾ ਸਿੱਖਿਆ। ਜਦੋਂ ਉਹ ਅਜੇ ਛੋਟਾ ਸੀ, ਤਾਂ ਉਸ ਨੇ ਇਕ ਵਾਰ ਮੀਟਿੰਗ ʼਤੇ ਪਹਿਰਾਬੁਰਜ ਪੜ੍ਹਨ ਤੋਂ ਇਹ ਸੋਚ ਕੇ ਇਨਕਾਰ ਕਰ ਦਿੱਤਾ ਕਿ ਉਸ ਤੋਂ ਚੰਗੀ ਤਰ੍ਹਾਂ ਪੜ੍ਹ ਨਹੀਂ ਹੋਣਾ। ਪਰ ਇਕ ਭਰਾ ਨੇ ਹਾਰਵੀ ਨੂੰ ਸਮਝਾਇਆ: “ਜਦੋਂ ਯਹੋਵਾਹ ਦੇ ਸੰਗਠਨ ਵਿਚ ਕੋਈ ਜਣਾ ਤੁਹਾਨੂੰ ਕੋਈ ਕੰਮ ਕਰਨ ਲਈ ਕਹਿੰਦਾ ਹੈ, ਤਾਂ ਉਸ ਨੂੰ ਲੱਗਦਾ ਹੈ ਕਿ ਤੁਸੀਂ ਉਹ ਕਰ ਸਕਦੇ ਹੋ।”—2 ਕੁਰਿੰ. 3:5.
ਮੈਂ, ਮੇਰੇ ਮੰਮੀ ਜੀ ਅਤੇ ਵੱਡੀ ਭੈਣ ਨੇ ਇੰਗਲੈਂਡ ਵਿਚ ਸੱਚਾਈ ਸਿੱਖੀ। ਮੇਰੇ ਡੈਡੀ ਜੀ ਪਹਿਲਾਂ ਸਾਡਾ ਵਿਰੋਧ ਕਰਦੇ ਹੁੰਦੇ ਸਨ, ਪਰ ਫਿਰ ਕਾਫ਼ੀ ਦੇਰ ਬਾਅਦ ਉਹ ਵੀ ਸੱਚਾਈ ਵਿਚ ਆ ਗਏ। ਮੈਂ ਆਪਣੇ ਡੈਡੀ ਜੀ ਦੀ ਮਰਜ਼ੀ ਖ਼ਿਲਾਫ਼ ਨੌਂ ਸਾਲ ਦੀ ਉਮਰ ਵਿਚ ਬਪਤਿਸਮਾ ਲੈ ਲਿਆ। ਮੈਂ ਪਾਇਨੀਅਰ ਅਤੇ ਮਿਸ਼ਨਰੀ ਬਣਨ ਦਾ ਟੀਚਾ ਰੱਖਿਆ। ਪਰ ਡੈਡੀ ਜੀ ਨੇ ਮੈਨੂੰ ਕਿਹਾ ਕਿ ਮੈਂ 21 ਸਾਲਾਂ ਦੀ ਹੋਣ ਤੋਂ ਪਹਿਲਾਂ ਪਾਇਨੀਅਰਿੰਗ ਨਹੀਂ ਕਰ ਸਕਦੀ। ਮੈਂ ਇੰਨੀ ਦੇਰ ਤਕ ਉਡੀਕ ਨਹੀਂ ਕਰਨੀ ਚਾਹੁੰਦੀ ਸੀ। ਸੋ ਜਦੋਂ ਮੈਂ 16 ਸਾਲਾਂ ਦੀ ਹੋਈ, ਤਾਂ ਮੈਂ ਡੈਡੀ ਜੀ ਦੀ ਇਜਾਜ਼ਤ ਨਾਲ ਆਪਣੀ ਸਭ ਤੋਂ ਵੱਡੀ ਭੈਣ ਕੋਲ ਆਸਟ੍ਰੇਲੀਆ ਰਹਿਣ ਚਲੀ ਗਈ। ਫਿਰ 18 ਸਾਲ ਦੀ ਉਮਰ ਵਿਚ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਆਸਟ੍ਰੇਲੀਆ ਵਿਚ ਮੈਂ ਹਾਰਵੀ ਨੂੰ ਮਿਲੀ। ਅਸੀਂ ਦੋਵੇਂ ਮਿਸ਼ਨਰੀਆਂ ਵਜੋਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਸੀ। ਅਸੀਂ 1951 ਵਿਚ ਵਿਆਹ ਕਰਾ ਲਿਆ ਅਤੇ ਦੋ ਸਾਲ ਰਲ਼ ਕੇ ਪਾਇਨੀਅਰਿੰਗ ਕੀਤੀ। ਫਿਰ ਸਾਨੂੰ ਸਰਕਟ ਕੰਮ ਕਰਨ ਦਾ ਸੱਦਾ ਮਿਲਿਆ। ਪੱਛਮੀ ਆਸਟ੍ਰੇਲੀਆ ਵਿਚ ਸਾਡਾ ਬਹੁਤ ਵੱਡਾ ਸਰਕਟ ਸੀ। ਇਸ ਲਈ ਸਾਨੂੰ ਅਕਸਰ ਰੇਗਿਸਤਾਨ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚੋਂ ਦੀ ਲੰਘਣਾ ਪੈਂਦਾ ਸੀ।
ਸਾਡਾ ਸੁਪਨਾ ਪੂਰਾ ਹੋਇਆ
ਸਾਲ 1954 ਵਿਚ ਸਾਨੂੰ ਗਿਲਿਅਡ ਦੀ 25ਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ। ਮਿਸ਼ਨਰੀ ਬਣਨ ਦਾ ਸਾਡਾ ਸੁਪਨਾ ਬਹੁਤ ਜਲਦੀ ਪੂਰਾ ਹੋਣ ਵਾਲਾ ਸੀ। ਅਸੀਂ ਸਮੁੰਦਰੀ ਜਹਾਜ਼ ਰਾਹੀਂ ਨਿਊਯਾਰਕ ਗਏ ਅਤੇ ਬਾਈਬਲ ਦਾ ਡੂੰਘਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਗਿਲਿਅਡ ਸਕੂਲ ਵਿਚ ਸਾਨੂੰ ਸਪੈਨਿਸ਼ ਵੀ ਸਿੱਖਣੀ ਪਈ। ਹਾਰਵੀ ਲਈ ਇਹ ਭਾਸ਼ਾ ਸਿੱਖਣੀ ਔਖੀ ਸੀ ਕਿਉਂਕ ਉਸ ਤੋਂ ਸਪੈਨਿਸ਼ ਦਾ “ਰ” ਨਹੀਂ ਸੀ ਕਹਿ ਹੁੰਦਾ।
ਸਕੂਲ ਦੌਰਾਨ ਗਿਲਿਅਡ ਦੀ ਟ੍ਰੇਨਿੰਗ ਦੇਣ ਵਾਲੇ ਭਰਾਵਾਂ ਨੇ ਕਿਹਾ ਕਿ ਜੋ ਜਪਾਨ ਜਾ ਕੇ ਸੇਵਾ ਕਰਨੀ ਚਾਹੁੰਦੇ ਹਨ, ਉਹ ਜਪਾਨੀ ਭਾਸ਼ਾ ਸਿੱਖਣ ਲਈ ਆਪਣਾ ਨਾਂ ਲਿਖਵਾ ਸਕਦੇ ਹਨ। ਅਸੀਂ ਤੈਅ ਕੀਤਾ ਕਿ ਅਸੀਂ ਉੱਥੇ ਜਾਵਾਂਗੇ ਜਿੱਥੇ ਯਹੋਵਾਹ ਦਾ ਸੰਗਠਨ ਸਾਨੂੰ ਭੇਜਣਾ ਚਾਹੇਗਾ। ਥੋੜ੍ਹੇ ਸਮੇਂ ਬਾਅਦ ਭਰਾ ਐਲਬਰਟ ਸ਼ਰੋਡਰ ਨੂੰ ਪਤਾ ਲੱਗਾ ਕਿ ਅਸੀਂ ਆਪਣੇ ਨਾਂ ਨਹੀਂ ਲਿਖਵਾਏ ਸਨ। ਉਸ ਨੇ ਸਾਨੂੰ ਕਿਹਾ: “ਇਸ ਬਾਰੇ ਥੋੜ੍ਹਾ ਹੋਰ ਸੋਚੋ।” ਅਸੀਂ ਹਾਲੇ ਵੀ ਥੋੜ੍ਹਾ ਹਿਚਕਿਚਾ ਰਹੇ ਸੀ। ਪਰ ਭਰਾ ਸ਼ਰੋਡਰ ਨੇ ਕਿਹਾ: “ਮੈਂ ਅਤੇ ਗਿਲਿਅਡ ਦੀ ਟ੍ਰੇਨਿੰਗ ਦੇਣ ਵਾਲੇ ਦੂਜੇ ਭਰਾਵਾਂ ਨੇ ਤੁਹਾਡੇ ਨਾਂ ਲਿਖ ਦਿੱਤੇ ਹਨ। ਹੁਣ ਜਪਾਨੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰੋ।” ਹਾਰਵੀ ਲਈ ਜਪਾਨੀ ਭਾਸ਼ਾ ਸਿੱਖਣੀ ਥੋੜ੍ਹੀ ਸੌਖੀ ਸੀ।
ਅਸੀਂ 1955 ਵਿਚ ਜਪਾਨ ਪਹੁੰਚੇ ਅਤੇ ਉਦੋਂ ਪੂਰੇ ਦੇਸ਼ ਵਿਚ ਸਿਰਫ਼ 500 ਪ੍ਰਚਾਰਕ ਸਨ। ਹਾਰਵੀ 26 ਸਾਲਾਂ ਦਾ ਅਤੇ ਮੈਂ 24 ਸਾਲਾਂ ਦੀ ਸੀ। ਸਾਨੂੰ ਕੋਬੇ ਸ਼ਹਿਰ ਵਿਚ ਭੇਜਿਆ ਗਿਆ ਜਿੱਥੇ ਅਸੀਂ ਚਾਰ ਸਾਲ ਸੇਵਾ ਕੀਤੀ। ਫਿਰ ਸਾਨੂੰ ਦੁਬਾਰਾ ਤੋਂ ਸਰਕਟ ਕੰਮ ਕਰਨ ਲਈ ਕਿਹਾ ਗਿਆ ਅਤੇ ਅਸੀਂ ਖ਼ੁਸ਼ੀ-ਖ਼ੁਸ਼ੀ ਨਗੋਆ ਸ਼ਹਿਰ ਦੇ ਨੇੜੇ ਸੇਵਾ ਕੀਤੀ। ਇਸ ਕੰਮ ਵਿਚ ਅਸੀਂ ਭੈਣਾਂ-ਭਰਾਵਾਂ ਦੀ ਸੰਗਤ, ਅਲੱਗ-ਅਲੱਗ ਖਾਣਿਆਂ ਅਤੇ ਆਲੇ-ਦੁਆਲੇ ਦੇ ਨਜ਼ਾਰਿਆਂ ਦਾ ਬਹੁਤ ਮਜ਼ਾ ਲਿਆ। ਫਿਰ ਥੋੜ੍ਹੇ ਸਮੇਂ ਬਾਅਦ ਸਾਨੂੰ ਯਹੋਵਾਹ ਨੂੰ ਹਾਂ ਕਹਿਣ ਦਾ ਇਕ ਹੋਰ ਮੌਕਾ ਮਿਲਿਆ।
ਨਵੀਂ ਜ਼ਿੰਮੇਵਾਰੀ ਨਵੀਆਂ ਚੁਣੌਤੀਆਂ
ਤਿੰਨ ਸਾਲ ਸਰਕਟ ਕੰਮ ਕਰਨ ਤੋਂ ਬਾਅਦ ਜਪਾਨ ਦੀ ਬ੍ਰਾਂਚ ਨੇ ਸਾਨੂੰ ਤਾਈਵਾਨ ਵਿਚ ਏਮੀਸ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਪੁੱਛਿਆ। ਉੱਥੇ ਕਈ ਭਰਾ ਧਰਮ-ਤਿਆਗੀ ਬਣ ਗਏ ਸਨ। ਇਸ ਲਈ ਤਾਈਵਾਨ ਵਿਚ ਜਪਾਨੀ ਭਾਸ਼ਾ ਬੋਲਣ ਵਾਲੇ ਭਰਾ ਦੀ ਲੋੜ ਸੀ ਜੋ ਧਰਮ-ਤਿਆਗ ਨੂੰ ਰੋਕਣ ਵਿਚ ਮਦਦ ਕਰ ਸਕੇ।a ਸਾਡੇ ਲਈ ਇਹ ਫ਼ੈਸਲਾ ਕਰਨਾ ਬਹੁਤ ਔਖਾ ਸੀ ਕਿਉਂਕਿ ਸਾਨੂੰ ਜਪਾਨ ਵਿਚ ਸੇਵਾ ਕਰਨੀ ਬਹੁਤ ਪਸੰਦ ਸੀ। ਪਰ ਹਾਰਵੀ ਨੇ ਕਦੇ ਯਹੋਵਾਹ ਦੇ ਕੰਮ ਲਈ ਨਾਂਹ ਨਹੀਂ ਕਹੀ, ਸੋ ਅਸੀਂ ਤਾਈਵਾਨ ਜਾਣ ਲਈ ਹਾਂ ਕਹਿ ਦਿੱਤੀ।
ਅਸੀਂ ਨਵੰਬਰ 1962 ਵਿਚ ਤਾਈਵਾਨ ਪਹੁੰਚੇ। ਉੱਥੇ 2,271 ਪ੍ਰਚਾਰਕ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਏਮੀਸ ਭਾਸ਼ਾ ਬੋਲਦੇ ਸਨ। ਹੁਣ ਸਾਨੂੰ ਚੀਨੀ ਭਾਸ਼ਾ ਸਿੱਖਣ ਦੀ ਲੋੜ ਸੀ। ਸਾਡੇ ਕੋਲ ਸਿੱਖਣ ਲਈ ਸਿਰਫ਼ ਇਕ ਕਿਤਾਬ ਅਤੇ ਇਕ ਟੀਚਰ ਸੀ ਜਿਸ ਨੂੰ ਅੰਗ੍ਰੇਜ਼ੀ ਨਹੀਂ ਆਉਂਦੀ ਸੀ, ਪਰ ਅਸੀਂ ਚੀਨੀ ਭਾਸ਼ਾ ਸਿੱਖ ਲਈ।
ਤਾਈਵਾਨ ਪਹੁੰਚਣ ਤੋਂ ਥੋੜ੍ਹੇ ਸਮੇਂ ਬਾਅਦ ਹਾਰਵੀ ਨੂੰ ਬ੍ਰਾਂਚ ਸੇਵਕ ਬਣਾ ਦਿੱਤਾ ਗਿਆ। ਬ੍ਰਾਂਚ ਛੋਟੀ ਹੋਣ ਕਰਕੇ ਹਾਰਵੀ ਬ੍ਰਾਂਚ ਦਾ ਕੰਮ ਕਰਨ ਦੇ ਨਾਲ-ਨਾਲ ਏਮੀਸ ਭਰਾਵਾਂ ਨਾਲ ਵੀ ਮਹੀਨੇ ਵਿਚ ਤਿੰਨ ਹਫ਼ਤੇ ਕੰਮ ਕਰ ਸਕਦਾ ਸੀ। ਉਹ ਕਦੀ-ਕਦਾਈਂ ਜ਼ਿਲ੍ਹਾ ਨਿਗਾਹਬਾਨ ਵਜੋਂ ਵੀ ਸੇਵਾ ਕਰਦਾ ਸੀ ਜਿਸ ਕਰਕੇ ਉਹ ਸੰਮੇਲਨਾਂ ʼਤੇ ਭਾਸ਼ਣ ਵੀ ਦਿੰਦਾ ਹੁੰਦਾ ਸੀ। ਹਾਰਵੀ ਇਹ ਭਾਸ਼ਣ ਜਪਾਨੀ ਭਾਸ਼ਾ ਵਿਚ ਦੇ ਸਕਦਾ ਸੀ ਅਤੇ ਏਮੀਸ ਭਾਸ਼ਾ ਬੋਲਣ ਵਾਲੇ ਭੈਣਾਂ-ਭਰਾਵਾਂ ਨੂੰ ਸਮਝ ਆ ਜਾਣੀ ਸੀ। ਪਰ ਸਰਕਾਰ ਨੇ ਧਾਰਮਿਕ ਸਭਾਵਾਂ ਸਿਰਫ਼ ਚੀਨੀ ਭਾਸ਼ਾ ਵਿਚ ਹੀ ਕਰਨ ਦੀ ਮਨਜ਼ੂਰੀ ਦਿੱਤੀ ਸੀ। ਸੋ ਹਾਰਵੀ ਔਖੇ-ਸੌਖੇ ਚੀਨੀ ਭਾਸ਼ਾ ਵਿਚ ਭਾਸ਼ਣ ਦਿੰਦਾ ਸੀ ਅਤੇ ਇਕ ਭਰਾ ਏਮੀਸ ਭਾਸ਼ਾ ਵਿਚ ਅਨੁਵਾਦ ਕਰਦਾ ਸੀ।
ਉਸ ਵੇਲੇ ਤਾਈਵਾਨ ਵਿਚ ਫ਼ੌਜੀ ਰਾਜ ਚੱਲ ਰਿਹਾ ਸੀ। ਇਸ ਲਈ ਭਰਾਵਾਂ ਨੂੰ ਸੰਮੇਲਨਾਂ ਲਈ ਮਨਜ਼ੂਰੀ ਲੈਣੀ ਪੈਂਦੀ ਸੀ। ਇਹ ਕੋਈ ਸੌਖਾ ਕੰਮ ਨਹੀਂ ਸੀ ਅਤੇ ਅਕਸਰ ਪੁਲਿਸ ਮਨਜ਼ੂਰੀ ਦੇਣ ਵਿਚ ਕਾਫ਼ੀ ਸਮਾਂ ਲਾ ਦਿੰਦੀ ਸੀ। ਜੇ ਪੁਲਿਸ ਸੰਮੇਲਨ ਦੇ ਹਫ਼ਤੇ ਤਕ ਮਨਜ਼ੂਰੀ ਨਹੀਂ ਦਿੰਦੀ ਸੀ, ਤਾਂ ਹਾਰਵੀ ਮਨਜ਼ੂਰੀ ਮਿਲਣ ਤਕ ਥਾਣੇ ਬੈਠਾ ਰਹਿੰਦਾ ਸੀ। ਇਹ ਤਰੀਕਾ ਕੰਮ ਕਰ ਜਾਂਦਾ ਸੀ ਕਿਉਂਕਿ ਪੁਲਿਸ ਨੂੰ ਇਸ ਗੱਲ ਤੋਂ ਸ਼ਰਮਿੰਦਗੀ ਹੁੰਦੀ ਸੀ ਕਿ ਕੋਈ ਵਲੈਤੀ ਉਨ੍ਹਾਂ ਦੇ ਥਾਣੇ ਵਿਚ ਉਡੀਕ ਕਰ ਰਿਹਾ ਹੈ।
ਮੈਂ ਪਹਿਲੀ ਵਾਰ ਪਹਾੜ ʼਤੇ ਚੜ੍ਹੀ
ਅਸੀਂ ਭਰਾਵਾਂ ਨਾਲ ਕੰਮ ਕਰਦਿਆਂ ਆਮ ਤੌਰ ʼਤੇ ਇਕ ਤੋਂ ਜ਼ਿਆਦਾ ਘੰਟੇ ਤੁਰਦੇ ਸੀ। ਇਸ ਸਫ਼ਰ ਦੌਰਾਨ ਅਸੀਂ ਪਹਾੜਾਂ ʼਤੇ ਚੜ੍ਹਦੇ ਅਤੇ ਨਦੀਆਂ ਵਿੱਚੋਂ ਦੀ ਲੰਘਦੇ ਸੀ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਪਹਾੜ ʼਤੇ ਚੜ੍ਹੀ ਸੀ। ਫਟਾਫਟ ਨਾਸ਼ਤਾ ਕਰਨ ਤੋਂ ਬਾਅਦ ਅਸੀਂ ਸਵੇਰੇ 5:30 ਦੀ ਬੱਸ ਫੜ ਕੇ ਇਕ ਦੂਰ-ਦੁਰਾਡੇ ਪਿੰਡ ਪਹੁੰਚੇ। ਫਿਰ ਸਾਨੂੰ ਇਕ ਨਦੀ ਵਿੱਚੋਂ ਦੀ ਲੰਘ ਕੇ ਇਕ ਪਹਾੜ ʼਤੇ ਚੜ੍ਹਨਾ ਪਿਆ। ਪਹਾੜ ਦੀ ਢਲਾਨ ਇੰਨੀ ਸਿੱਧੀ ਸੀ ਕਿ ਸਾਮ੍ਹਣੇ ਦੇਖਦਿਆਂ ਸਾਰ ਮੈਨੂੰ ਉਸ ਭਰਾ ਦੇ ਪੈਰ ਹੀ ਦਿਸਦੇ ਸਨ ਜੋ ਮੇਰੇ ਤੋਂ ਅੱਗੇ-ਅੱਗੇ ਪਹਾੜ ʼਤੇ ਚੜ੍ਹ ਰਿਹਾ ਸੀ।
ਹਾਰਵੀ ਨੇ ਉਸ ਸਵੇਰ ਉੱਥੋਂ ਦੇ ਕੁਝ ਭਰਾਵਾਂ ਨਾਲ ਪ੍ਰਚਾਰ ਕੀਤਾ ਅਤੇ ਮੈਂ ਇਕੱਲੀ ਨੇ ਇਕ ਛੋਟੇ ਜਿਹੇ ਪਿੰਡ ਵਿਚ ਪ੍ਰਚਾਰ ਕੀਤਾ ਜਿੱਥੇ ਜਪਾਨੀ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਸਨ। ਦੁਪਹਿਰ ਦੇ ਤਕਰੀਬਨ ਇਕ ਵਜੇ ਮੈਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਕਿਉਂਕਿ ਮੈਂ ਕਈ ਘੰਟਿਆਂ ਤੋਂ ਕੁਝ ਨਹੀਂ ਖਾਧਾ ਸੀ। ਜਦੋਂ ਮੈਂ ਹਾਰਵੀ ਨੂੰ ਮਿਲੀ, ਤਾਂ ਸਾਰੇ ਭਰਾ ਜਾ ਚੁੱਕੇ ਸਨ। ਹਾਰਵੀ ਨੇ ਕਿਸੇ ਨੂੰ ਕੁਝ ਰਸਾਲੇ ਦੇ ਕੇ ਤਿੰਨ ਕੱਚੇ ਆਂਡੇ ਲੈ ਲਏ। ਫਿਰ ਉਸ ਨੇ ਮੈਨੂੰ ਕੱਚੇ ਆਂਡੇ ਖਾਣ ਦਾ ਤਰੀਕਾ ਦੱਸਿਆ। ਉਸ ਨੇ ਆਂਡੇ ਦੇ ਦੋਵੇਂ ਸਿਰਿਆਂ ʼਤੇ ਮੋਰੀ ਕਰ ਕੇ ਇਸ ਨੂੰ ਖਾਣ ਲਈ ਕਿਹਾ। ਭਾਵੇਂ ਕਿ ਇਹ ਗੱਲ ਸੁਣ ਕੇ ਮੇਰੇ ਮੂੰਹ ਵਿਚ ਜ਼ਰਾ ਵੀ ਪਾਣੀ ਨਹੀਂ ਆਇਆ, ਪਰ ਮੈਂ ਫਿਰ ਵੀ ਇਕ ਆਂਡਾ ਖਾ ਲਿਆ। ਹੁਣ ਸਵਾਲ ਸੀ ਕਿ ਤੀਸਰਾ ਆਂਡਾ ਕਿਸ ਨੇ ਖਾਣਾ ਸੀ? ਹਾਰਵੀ ਨੇ ਉਹ ਆਂਡਾ ਮੈਨੂੰ ਦੇ ਦਿੱਤਾ ਕਿਉਂਕਿ ਉਸ ਨੂੰ ਲੱਗਾ ਕਿ ਜੇ ਮੈਂ ਭੁੱਖ ਦੇ ਮਾਰੇ ਬੇਹੋਸ਼ ਹੋ ਗਈ, ਤਾਂ ਮੈਨੂੰ ਚੁੱਕ ਕੇ ਪਹਾੜ ਤੋਂ ਥੱਲੇ ਲੈ ਜਾਣਾ ਉਸ ਲਈ ਬਹੁਤ ਮੁਸ਼ਕਲ ਹੋਣਾ ਸੀ।
ਵੱਖਰੇ ਹਾਲਾਤਾਂ ਵਿਚ ਨਹਾਉਣਾ
ਇਕ ਸਰਕਟ ਸੰਮੇਲਨ ʼਤੇ ਮੈਂ ਇਕ ਅਲੱਗ ਚੁਣੌਤੀ ਦਾ ਸਾਮ੍ਹਣਾ ਕੀਤਾ। ਅਸੀਂ ਇਕ ਭਰਾ ਦੇ ਘਰ ਰਹਿ ਰਹੇ ਸੀ ਜੋ ਕਿੰਗਡਮ ਹਾਲ ਦੇ ਬਿਲਕੁਲ ਨਾਲ ਸੀ। ਏਮੀਸ ਲੋਕ ਨਹਾਉਣ-ਧੋਣ ਨੂੰ ਬਹੁਤ ਜ਼ਰੂਰੀ ਸਮਝਦੇ ਹਨ, ਇਸ ਲਈ ਸਰਕਟ ਓਵਰਸੀਅਰ ਦੀ ਪਤਨੀ ਨੇ ਸਾਡੇ ਲਈ ਨਹਾਉਣ-ਧੋਣ ਦਾ ਪ੍ਰਬੰਧ ਕੀਤਾ। ਹਾਰਵੀ ਕੋਈ ਕੰਮ ਕਰ ਰਿਹਾ ਸੀ, ਸੋ ਉਸ ਨੇ ਪਹਿਲਾਂ ਮੈਨੂੰ ਨਹਾਉਣ ਲਈ ਕਿਹਾ। ਜਦੋਂ ਮੈਂ ਨਹਾਉਣ ਗਈ, ਤਾਂ ਉੱਥੇ ਇਕ ਠੰਢੇ ਪਾਣੀ ਤੇ ਇਕ ਗਰਮ ਪਾਣੀ ਦੀ ਬਾਲਟੀ ਪਈ ਸੀ ਅਤੇ ਨਾਲ ਹੀ ਇਕ ਖਾਲੀ ਬਾਲਟੀ ਵੀ ਪਈ ਸੀ। ਪਰ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਸਰਕਟ ਓਵਰਸੀਅਰ ਦੀ ਪਤਨੀ ਨੇ ਇਨ੍ਹਾਂ ਨੂੰ ਘਰ ਦੇ ਬਾਹਰ ਅਤੇ ਕਿੰਗਡਮ ਹਾਲ ਦੇ ਬਿਲਕੁਲ ਸਾਮ੍ਹਣੇ ਰੱਖਿਆ ਹੋਇਆ ਸੀ ਜਿੱਥੇ ਭਰਾ ਸੰਮੇਲਨ ਦੀਆਂ ਤਿਆਰੀਆਂ ਕਰ ਰਹੇ ਸਨ। ਸੋ ਮੈਂ ਉਸ ਤੋਂ ਇਕ ਪਰਦਾ ਮੰਗਿਆ। ਉਸ ਨੇ ਮੈਨੂੰ ਪਲਾਸਟਿਕ ਦੀ ਸ਼ੀਟ ਲਿਆ ਕੇ ਦਿੱਤੀ! ਮੈਂ ਘਰ ਦੇ ਪਿੱਛੇ ਜਾ ਕੇ ਨਹਾਉਣ ਬਾਰੇ ਸੋਚਿਆ, ਪਰ ਉੱਥੇ ਕੁਝ ਹੰਸ ਜੰਗਲੇ ਵਿੱਚੋਂ ਦੀ ਖਾਣ ਨੂੰ ਪੈਂਦੇ ਸਨ। ਫਿਰ ਮੈਂ ਸੋਚਿਆ: ‘ਭਰਾ ਆਪਣੇ ਕੰਮ ਵਿਚ ਕਾਫ਼ੀ ਬਿਜ਼ੀ ਹਨ। ਇਸ ਕਰਕੇ ਉਨ੍ਹਾਂ ਦਾ ਧਿਆਨ ਇੱਧਰ ਨਹੀਂ ਪੈਣਾ। ਨਾਲੇ ਜੇ ਮੈਂ ਨਾ ਨਾਤੀ, ਤਾਂ ਚੰਗਾ ਨਹੀਂ ਲੱਗਣਾ। ਇਸ ਲਈ ਮੈਂ ਨਹਾਉਣ ਦਾ ਫ਼ੈਸਲਾ ਕੀਤਾ!’
ਏਮੀਸ ਭਾਸ਼ਾ ਵਿਚ ਪ੍ਰਕਾਸ਼ਨ
ਹਾਰਵੀ ਨੂੰ ਅਹਿਸਾਸ ਹੋਇਆ ਕਿ ਏਮੀਸ ਭੈਣਾਂ-ਭਰਾਵਾਂ ਲਈ ਤਰੱਕੀ ਕਰਨੀ ਮੁਸ਼ਕਲ ਹੋ ਰਹੀ ਸੀ ਕਿਉਂਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਭੈਣ-ਭਰਾ ਅਨਪੜ੍ਹ ਸਨ ਅਤੇ ਉਨ੍ਹਾਂ ਦੀ ਭਾਸ਼ਾ ਵਿਚ ਕੋਈ ਵੀ ਪ੍ਰਕਾਸ਼ਨ ਨਹੀਂ ਸੀ। ਏਮੀਸ ਭਾਸ਼ਾ ਨੂੰ ਹੁਣ ਰੋਮਨ ਅੱਖਰਾਂ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਗਿਆ ਸੀ, ਇਸ ਕਰਕੇ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੀ ਭਾਸ਼ਾ ਸਿਖਾਉਣ ਦਾ ਇਹ ਵਧੀਆ ਸਮਾਂ ਸੀ। ਇਹ ਬਹੁਤ ਹੀ ਮਿਹਨਤ ਦਾ ਕੰਮ ਸੀ, ਪਰ ਅਖ਼ੀਰ ਉਹ ਭੈਣ-ਭਰਾ ਖ਼ੁਦ ਆਪਣੀ ਭਾਸ਼ਾ ਵਿਚ ਯਹੋਵਾਹ ਬਾਰੇ ਸਿੱਖਣ ਲਈ ਖੋਜਬੀਨ ਕਰ ਸਕਦੇ ਸਨ। 1960 ਦੇ ਦਹਾਕੇ ਦੇ ਅਖ਼ੀਰ ਵਿਚ ਏਮੀਸ ਭਾਸ਼ਾ ਵਿਚ ਪ੍ਰਕਾਸ਼ਨ ਉਪਲਬਧ ਹੋਣੇ ਸ਼ੁਰੂ ਹੋ ਗਏ ਅਤੇ 1968 ਵਿਚ ਪਹਿਰਾਬੁਰਜ ਦੀ ਛਪਾਈ ਸ਼ੁਰੂ ਹੋ ਗਈ।
ਪਰ ਸਰਕਾਰ ਨੇ ਚੀਨੀ ਭਾਸ਼ਾ ਤੋਂ ਇਲਾਵਾ ਬਾਕੀ ਸਾਰੀਆਂ ਭਾਸ਼ਾਵਾਂ ʼਤੇ ਪਾਬੰਦੀ ਲਾਈ ਹੋਈ ਸੀ। ਸੋ ਏਮੀਸ ਭਾਸ਼ਾ ਵਿਚ ਪਹਿਰਾਬੁਰਜ ਨੂੰ ਕਈ ਤਰੀਕਿਆਂ ਨਾਲ ਛਾਪਿਆ ਗਿਆ ਤਾਂਕਿ ਕੋਈ ਮੁਸ਼ਕਲ ਖੜ੍ਹੀ ਨਾ ਹੋਵੇ। ਮਿਸਾਲ ਲਈ, ਕੁਝ ਸਮੇਂ ਵਾਸਤੇ ਪਹਿਰਾਬੁਰਜ ਵਿਚ ਚੀਨੀ ਅਤੇ ਏਮੀਸ ਦੋਵੇਂ ਭਾਸ਼ਾਵਾਂ ਨੂੰ ਵਰਤਿਆ ਗਿਆ। ਸੋ ਜੇ ਕੋਈ ਸ਼ੱਕ ਕਰਦਾ ਸੀ, ਤਾਂ ਇਸ ਰਸਾਲੇ ਨੂੰ ਦੇਖ ਕੇ ਉਸ ਨੂੰ ਲੱਗਦਾ ਸੀ ਕਿ ਅਸੀਂ ਏਮੀਸ ਲੋਕਾਂ ਨੂੰ ਚੀਨੀ ਭਾਸ਼ਾ ਸਿਖਾ ਰਹੇ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤਕ ਯਹੋਵਾਹ ਦੇ ਸੰਗਠਨ ਨੇ ਏਮੀਸ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਣ ਲਈ ਕਈ ਪ੍ਰਕਾਸ਼ਨ ਛਾਪੇ ਹਨ।—ਰਸੂ. 10:34, 35.
ਸ਼ੁੱਧ ਕਰਨ ਦਾ ਸਮਾਂ
1960 ਅਤੇ 1970 ਦੇ ਦਹਾਕਿਆਂ ਦੌਰਾਨ ਬਹੁਤ ਸਾਰੇ ਏਮੀਸ ਭੈਣ-ਭਰਾ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਨਹੀਂ ਜੀ ਰਹੇ ਸਨ। ਬਾਈਬਲ ਦੇ ਅਸੂਲਾਂ ਦੀ ਪੂਰੀ ਸਮਝ ਨਾ ਹੋਣ ਕਰਕੇ ਉਨ੍ਹਾਂ ਨੂੰ ਅਨੈਤਿਕ ਕੰਮ ਕਰਨ, ਸ਼ਰਾਬੀ ਹੋਣ, ਤਮਾਖੂ ਅਤੇ ਸੁਪਾਰੀ ਖਾਣ ਵਿਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ ਸੀ। ਹਾਰਵੀ ਨੇ ਕਈ ਮੰਡਲੀਆਂ ਵਿਚ ਜਾ ਕੇ ਭੈਣਾਂ-ਭਰਾਵਾਂ ਦੀ ਇਨ੍ਹਾਂ ਮਾਮਲਿਆਂ ਬਾਰੇ ਯਹੋਵਾਹ ਵਰਗਾ ਨਜ਼ਰੀਆ ਅਪਣਾਉਣ ਵਿਚ ਮਦਦ ਕੀਤੀ। ਇਨ੍ਹਾਂ ਵਿੱਚੋਂ ਇਕ ਤਜਰਬੇ ਦਾ ਜ਼ਿਕਰ ਇਸ ਲੇਖ ਦੇ ਸ਼ੁਰੂ ਵਿਚ ਕੀਤਾ ਗਿਆ ਸੀ।
ਨਿਮਰ ਭੈਣ-ਭਰਾ ਆਪਣੇ ਵਿਚ ਬਦਲਾਅ ਕਰਨ ਲਈ ਤਿਆਰ ਸਨ, ਪਰ ਦੁੱਖ ਦੀ ਗੱਲ ਹੈ ਕਿ ਬਹੁਤ ਸਾਰਿਆਂ ਨੇ ਇਸ ਤਰ੍ਹਾਂ ਨਹੀਂ ਕੀਤਾ। 20 ਸਾਲਾਂ ਦੇ ਅੰਦਰ-ਅੰਦਰ ਤਾਈਵਾਨ ਵਿਚ ਪ੍ਰਚਾਰਕਾਂ ਦੀ ਗਿਣਤੀ 2,450 ਤੋਂ ਲਗਭਗ 900 ਤਕ ਆ ਗਈ। ਇਸ ਕਰਕੇ ਸਾਡਾ ਮਨ ਬਹੁਤ ਖ਼ਰਾਬ ਹੋਇਆ। ਪਰ ਅਸੀਂ ਜਾਣਦੇ ਸੀ ਕਿ ਯਹੋਵਾਹ ਨੇ ਕਦੇ ਵੀ ਇਕ ਅਸ਼ੁੱਧ ਸੰਗਠਨ ਨੂੰ ਬਰਕਤ ਨਹੀਂ ਦੇਣੀ ਸੀ। (2 ਕੁਰਿੰ. 7:1) ਸਮੇਂ ਦੇ ਬੀਤਣ ਨਾਲ, ਮੰਡਲੀਆਂ ਵਿਚ ਯਹੋਵਾਹ ਦੀ ਭਗਤੀ ਸਹੀ ਤਰੀਕੇ ਨਾਲ ਹੋਣ ਲੱਗ ਪਈ ਅਤੇ ਯਹੋਵਾਹ ਦੀ ਬਰਕਤ ਨਾਲ ਅੱਜ ਤਾਈਵਾਨ ਵਿਚ 11,000 ਪ੍ਰਚਾਰਕ ਹਨ।
ਅਸੀਂ ਦੇਖਿਆ ਕਿ 1980 ਦੇ ਦਹਾਕੇ ਤੋਂ ਏਮੀਸ ਭਾਸ਼ਾ ਦੀਆਂ ਮੰਡਲੀਆਂ ਦੇ ਭੈਣਾਂ-ਭਰਾਵਾਂ ਦੀ ਨਿਹਚਾ ਹੋਰ ਮਜ਼ਬੂਤ ਹੋਈ। ਹੁਣ ਹਾਰਵੀ ਚੀਨੀ ਭਾਸ਼ਾ ਬੋਲਣ ਵਾਲੇ ਭੈਣਾਂ-ਭਰਾਵਾਂ ਨਾਲ ਜ਼ਿਆਦਾ ਸਮਾਂ ਗੁਜ਼ਾਰ ਸਕਦਾ ਸੀ। ਉਸ ਨੂੰ ਕਈ ਭੈਣਾਂ ਦੇ ਪਤੀਆਂ ਦੀ ਸੱਚਾਈ ਸਿੱਖਣ ਵਿਚ ਮਦਦ ਕਰ ਕੇ ਖ਼ੁਸ਼ੀ ਮਿਲੀ। ਮੈਨੂੰ ਯਾਦ ਹੈ ਕਿ ਹਾਰਵੀ ਉਦੋਂ ਕਿੰਨਾ ਖ਼ੁਸ਼ ਸੀ ਜਦੋਂ ਇਨ੍ਹਾਂ ਵਿੱਚੋਂ ਇਕ ਆਦਮੀ ਨੇ ਯਹੋਵਾਹ ਨੂੰ ਪਹਿਲੀ ਵਾਰ ਪ੍ਰਾਰਥਨਾ ਕੀਤੀ। ਮੈਨੂੰ ਵੀ ਇਸ ਗੱਲ ਦੀ ਖ਼ੁਸ਼ੀ ਹੈ ਕਿ ਮੈਂ ਕਈ ਨੇਕਦਿਲ ਲੋਕਾਂ ਦੀ ਯਹੋਵਾਹ ਦੇ ਨੇੜੇ ਆਉਣ ਵਿਚ ਮਦਦ ਕਰ ਪਾਈ ਹਾਂ। ਮੈਨੂੰ ਤਾਈਵਾਨ ਬ੍ਰਾਂਚ ਵਿਚ ਆਪਣੇ ਇਕ ਪੁਰਾਣੇ ਬਾਈਬਲ ਵਿਦਿਆਰਥੀ ਦੇ ਮੁੰਡੇ-ਕੁੜੀ ਨਾਲ ਕੰਮ ਕਰ ਕੇ ਵੀ ਬਹੁਤ ਖ਼ੁਸ਼ੀ ਮਿਲੀ।
ਵਿਛੋੜੇ ਦਾ ਗਮ
ਹੁਣ ਮੇਰਾ ਜੀਵਨ ਸਾਥੀ ਨਹੀਂ ਰਿਹਾ। ਅਸੀਂ ਤਕਰੀਬਨ 59 ਸਾਲ ਇਕੱਠੇ ਬਿਤਾਏ। ਪਰ 1 ਜਨਵਰੀ 2010 ਨੂੰ ਕੈਂਸਰ ਕਰਕੇ ਮੇਰੇ ਪਿਆਰੇ ਹਾਰਵੀ ਦੀ ਮੌਤ ਹੋ ਗਈ। ਉਸ ਨੇ ਪੂਰੇ ਸਮੇਂ ਦੀ ਸੇਵਾ ਵਿਚ ਲਗਭਗ 60 ਸਾਲ ਲਾਏ! ਮੈਨੂੰ ਉਸ ਦੀ ਬਹੁਤ ਯਾਦ ਆਉਂਦੀ ਹੈ। ਪਰ ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਮੈਂ ਦੋ ਦੇਸ਼ਾਂ ਵਿਚ ਉਸ ਨਾਲ ਸੇਵਾ ਕਰ ਪਾਈ! ਅਸੀਂ ਏਸ਼ੀਆ ਦੀਆਂ ਦੋ ਔਖੀਆਂ ਭਾਸ਼ਾਵਾਂ ਬੋਲਣੀਆਂ ਸਿੱਖੀਆਂ ਅਤੇ ਹਾਰਵੀ ਨੇ ਤਾਂ ਇਨ੍ਹਾਂ ਨੂੰ ਲਿਖਣਾ ਵੀ ਸਿੱਖਿਆ ਸੀ।
ਕੁਝ ਸਾਲਾਂ ਬਾਅਦ ਮੇਰੀ ਵਧਦੀ ਉਮਰ ਕਰਕੇ ਪ੍ਰਬੰਧਕ ਸਭਾ ਨੇ ਮੈਨੂੰ ਵਾਪਸ ਆਸਟ੍ਰੇਲੀਆ ਆਉਣ ਲਈ ਕਿਹਾ। ਪਹਿਲਾਂ-ਪਹਿਲ ਤਾਂ ਮੈਂ ਸੋਚਿਆ, ‘ਮੈਂ ਤਾਈਵਾਨ ਛੱਡ ਕੇ ਨਹੀਂ ਜਾਣਾ।’ ਪਰ ਹਾਰਵੀ ਨੇ ਮੈਨੂੰ ਸਿਖਾਇਆ ਸੀ ਕਿ ਯਹੋਵਾਹ ਦੇ ਸੰਗਠਨ ਨੂੰ ਕਦੇ ਨਾਂਹ ਨਹੀਂ ਕਹਿਣੀ। ਇਸ ਕਰਕੇ ਮੈਂ ਆਸਟ੍ਰੇਲੀਆ ਚਲੀ ਗਈ। ਬਾਅਦ ਵਿਚ ਮੈਨੂੰ ਅਹਿਸਾਸ ਹੋਇਆ ਕਿ ਮੈਂ ਸਹੀ ਫ਼ੈਸਲਾ ਕੀਤਾ ਸੀ।
ਹੁਣ ਮੈਂ ਹਫ਼ਤੇ ਦੌਰਾਨ ਆਸਟ੍ਰਾਲੇਸ਼ੀਆ ਬ੍ਰਾਂਚ ਅਤੇ ਸ਼ਨੀ-ਐਤਵਾਰ ਨੂੰ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਸੇਵਾ ਕਰਦੀ ਹਾਂ। ਮੈਨੂੰ ਬ੍ਰਾਂਚ ਵਿਚ ਜਪਾਨੀ ਅਤੇ ਚੀਨੀ ਭਾਸ਼ਾ ਵਿਚ ਟੂਰ ਕਰਵਾ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਪਰ ਮੈਨੂੰ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਹੈ ਜਦੋਂ ਯਹੋਵਾਹ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰੇਗਾ। ਮੈਂ ਜਾਣਦੀ ਹਾਂ ਕਿ ਉਹ ਹਾਰਵੀ ਨੂੰ ਯਾਦ ਰੱਖੇਗਾ ਜਿਸ ਨੇ ਕਦੇ ਯਹੋਵਾਹ ਨੂੰ ਨਾਂਹ ਨਹੀਂ ਕਹੀ।—ਯੂਹੰ. 5:28, 29.
a ਭਾਵੇਂ ਕਿ ਚੀਨੀ ਭਾਸ਼ਾ ਹੁਣ ਤਾਈਵਾਨ ਦੀ ਮੁੱਖ ਭਾਸ਼ਾ ਹੈ, ਪਰ ਕਈ ਦਹਾਕਿਆਂ ਤਕ ਜਪਾਨੀ ਭਾਸ਼ਾ ਤਾਈਵਾਨ ਦੀ ਮੁੱਖ ਭਾਸ਼ਾ ਹੁੰਦੀ ਸੀ। ਇਸ ਲਈ ਤਾਈਵਾਨ ਵਿਚ ਵੱਖੋ-ਵੱਖਰੇ ਕਬੀਲਿਆਂ ਦੇ ਲੋਕ ਵੀ ਜਪਾਨੀ ਭਾਸ਼ਾ ਬੋਲਦੇ ਸਨ।