ਯਹੋਵਾਹ ਕੌਣ ਹੈ?
ਬਾਈਬਲ ਕਹਿੰਦੀ ਹੈ
ਯਹੋਵਾਹ ਸੱਚਾ ਪਰਮੇਸ਼ੁਰ ਹੈ ਜਿਸ ਨੇ ਸਭ ਕੁਝ ਬਣਾਇਆ ਹੈ। (ਪ੍ਰਕਾਸ਼ ਦੀ ਕਿਤਾਬ 4:11) ਯਿਸੂ ਵਾਂਗ ਅਬਰਾਹਾਮ ਅਤੇ ਮੂਸਾ ਨਬੀ ਵੀ ਯਹੋਵਾਹ ਦੀ ਭਗਤੀ ਕਰਦੇ ਸਨ। (ਉਤਪਤ 24:27; ਕੂਚ 15:1, 2; ਯੂਹੰਨਾ 20:17) ਉਹ ਸਿਰਫ਼ ਕੁਝ ਲੋਕਾਂ ਦਾ ਹੀ ਨਹੀਂ ਸਗੋਂ ਸਾਰੇ ਜਹਾਨ ਦਾ ਪਰਮੇਸ਼ੁਰ ਹੈ।—ਜ਼ਬੂਰ 47:2.
ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। (ਕੂਚ 3:15; ਜ਼ਬੂਰ 83:18) ਇਹ ਨਾਂ ਇਕ ਇਬਰਾਨੀ ਕ੍ਰਿਆ ਤੋਂ ਆਇਆ ਹੈ ਜੋ ਕੁਝ ਕਰਨ ਜਾਂ ਬਣਨ ਵੱਲ ਇਸ਼ਾਰਾ ਕਰਦੀ ਹੈ। ਬਹੁਤ ਸਾਰੇ ਵਿਦਵਾਨ ਕਹਿੰਦੇ ਹਨ ਕਿ ਉਸ ਦੇ ਨਾਂ ਦਾ ਮਤਲਬ ਹੈ ਕਿ “ਉਹ ਕਰਨ ਅਤੇ ਕਰਾਉਣ ਵਾਲਾ ਬਣਦਾ ਹੈ।” ਇਹ ਮਤਲਬ ਸਹੀ ਹੈ ਕਿਉਂਕਿ ਯਹੋਵਾਹ ਸਾਰੀਆਂ ਚੀਜ਼ਾਂ ਦਾ ਸ੍ਰਿਸ਼ਟੀਕਰਤਾ ਹੈ ਅਤੇ ਉਹ ਆਪਣਾ ਮਕਸਦ ਪੂਰਾ ਕਰਦਾ ਹੈ। (ਯਸਾਯਾਹ 55:10, 11) ਬਾਈਬਲ ਸਾਨੂੰ ਯਹੋਵਾਹ ਦੀ ਸ਼ਖ਼ਸੀਅਤ ਬਾਰੇ ਵੀ ਦੱਸਦੀ ਹੈ, ਖ਼ਾਸ ਕਰਕੇ ਉਸ ਦੇ ਸ਼ਾਨਦਾਰ ਗੁਣ ਪਿਆਰ ਬਾਰੇ।—ਕੂਚ 34:5-7; ਲੂਕਾ 6:35; 1 ਯੂਹੰਨਾ 4:8.
ਪਰਮੇਸ਼ੁਰ ਦੇ ਇਬਰਾਨੀ ਨਾਂ ਦਾ ਅਨੁਵਾਦ ਅੰਗ੍ਰੇਜ਼ੀ ਵਿਚ “ਜਹੋਵਾਹ” ਕੀਤਾ ਗਿਆ ਹੈ। ਇਬਰਾਨੀ ਭਾਸ਼ਾ ਦੇ ਇਨ੍ਹਾਂ ਚਾਰ ਅੱਖਰਾਂ יהוה (ਯ ਹ ਵ ਹ) ਨੂੰ ਟੈਟ੍ਰਾਗ੍ਰਾਮਟਨ ਕਿਹਾ ਜਾਂਦਾ ਹੈ। ਸਾਨੂੰ ਨਹੀਂ ਪਤਾ ਕਿ ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਸੇਵਕ ਇਬਰਾਨੀ ਵਿਚ ਇਸ ਨਾਂ ਨੂੰ ਕਿਵੇਂ ਉਚਾਰਦੇ ਸਨ। ਪਰ ਸਦੀਆਂ ਤੋਂ ਅੰਗ੍ਰੇਜ਼ੀ ਭਾਸ਼ਾ ਵਿਚ ਇਸ ਨਾਂ ਦਾ ਉਚਾਰਣ “ਜਹੋਵਾਹ” ਕੀਤਾ ਜਾਂਦਾ ਹੈ। ਸੰਨ 1530 ਵਿਚ ਜਦੋਂ ਵਿਲਿਅਮ ਟਿੰਡੇਲ ਨੇ ਬਾਈਬਲ ਦਾ ਅੰਗ੍ਰੇਜ਼ੀ ਵਿਚ ਅਨੁਵਾਦ ਕੀਤਾ ਸੀ, ਤਾਂ ਉਸ ਨੇ ਪਹਿਲੀ ਵਾਰ ਪਰਮੇਸ਼ੁਰ ਦਾ ਨਾਂ ਵਰਤਿਆ ਸੀ।a
ਕਿਸੇ ਨੂੰ ਵੀ ਪ੍ਰਾਚੀਨ ਇਬਰਾਨੀ ਭਾਸ਼ਾ ਵਿਚ ਪਰਮੇਸ਼ੁਰ ਦੇ ਨਾਂ ਦਾ ਸਹੀ ਉਚਾਰਣ ਕਿਉਂ ਨਹੀਂ ਪਤਾ?
ਪ੍ਰਾਚੀਨ ਇਬਰਾਨੀ ਭਾਸ਼ਾ ਵਿਚ ਸ੍ਵਰ-ਅੱਖਰ (ਕੰਨੇ-ਲਾਵਾਂ-ਦੁਲਾਵਾਂ) ਵਗੈਰਾ ਨਹੀਂ ਹੁੰਦੇ ਸਨ। ਪੁਰਾਣੇ ਜ਼ਮਾਨੇ ਵਿਚ ਯਹੂਦੀ ਲੋਕ ਇਬਰਾਨੀ ਪੜ੍ਹਦੇ ਵੇਲੇ ਢੁਕਵੇਂ ਸ੍ਵਰ-ਅੱਖਰ ਲਾ ਲੈਂਦੇ ਸਨ। ਪਰ ਇਬਰਾਨੀ ਲਿਖਤਾਂ ਦੇ ਪੂਰਾ ਹੋਣ ਤੋਂ ਬਾਅਦ ਬਹੁਤ ਸਾਰੇ ਯਹੂਦੀਆਂ ਨੂੰ ਇਹ ਵਹਿਮ ਹੋ ਗਿਆ ਕਿ ਪਰਮੇਸ਼ੁਰ ਦਾ ਨਾਂ ਲੈਣਾ ਗ਼ਲਤ ਹੈ। ਇਸ ਲਈ ਜਦੋਂ ਉਹ ਆਇਤਾਂ ਨੂੰ ਉੱਚੀ ਆਵਾਜ਼ ਵਿਚ ਪੜ੍ਹਦੇ ਸਨ, ਤਾਂ ਉਹ ਪਰਮੇਸ਼ੁਰ ਦੇ ਨਾਂ ਦੀ ਥਾਂ “ਪ੍ਰਭੂ” ਜਾਂ “ਪਰਮੇਸ਼ੁਰ” ਕਹਿੰਦੇ ਸਨ। ਜਿੱਦਾਂ-ਜਿੱਦਾਂ ਸਦੀਆਂ ਬੀਤਦੀਆਂ ਗਈਆਂ, ਇਹ ਵਹਿਮ ਸਾਰੇ ਪਾਸੇ ਫੈਲ ਗਿਆ। ਜਿਸ ਕਰਕੇ ਅੱਜ ਕਿਸੇ ਨੂੰ ਨਹੀਂ ਪਤਾ ਕਿ ਪਰਮੇਸ਼ੁਰ ਦੇ ਨਾਂ ਦਾ ਸਹੀ ਉਚਾਰਣ ਕੀ ਹੈ।b
ਕੁਝ ਲੋਕ ਸੋਚਦੇ ਹਨ ਕਿ ਪਰਮੇਸ਼ੁਰ ਦੇ ਨਾਂ ਦਾ ਸਹੀ ਉਚਾਰਣ “ਯਾਹਵੇਹ” ਹੈ ਜਦ ਕਿ ਦੂਸਰੇ ਲੋਕ ਕੁਝ ਹੋਰ ਦੱਸਦੇ ਹਨ। ਇਕ ਮ੍ਰਿਤ ਸਾਗਰ ਪੋਥੀ ਵਿਚ ਯੂਨਾਨੀ ਭਾਸ਼ਾ ਵਿਚ ਲੇਵੀਆਂ ਦੀ ਕਿਤਾਬ ਦਾ ਕੁਝ ਹਿੱਸਾ ਹੈ ਜਿਸ ਵਿਚ ਪਰਮੇਸ਼ੁਰ ਦਾ ਨਾਂ “ਯਾਓ” ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਪ੍ਰਾਚੀਨ ਯੂਨਾਨੀ ਲੇਖਕਾਂ ਨੇ ਇਸ ਦਾ ਉਚਾਰਣ ਯਾਏ, ਯਾਬੇ ਅਤੇ ਯਾਉਵੇ ਵੀ ਕੀਤਾ ਹੈ। ਪਰ ਇਨ੍ਹਾਂ ਗੱਲਾਂ ਤੋਂ ਇਹ ਜ਼ਾਹਰ ਨਹੀਂ ਹੁੰਦਾ ਕਿ ਪੁਰਾਣੇ ਸਮੇਂ ਵਿਚ ਇਬਰਾਨੀ ਵਿਚ ਇਸ ਨਾਂ ਨੂੰ ਕਿਵੇਂ ਉਚਾਰਿਆ ਜਾਂਦਾ ਸੀ।c
ਬਾਈਬਲ ਵਿਚ ਦਰਜ ਪਰਮੇਸ਼ੁਰ ਦੇ ਨਾਂ ਬਾਰੇ ਗ਼ਲਤਫ਼ਹਿਮੀਆਂ
ਗ਼ਲਤਫ਼ਹਿਮੀ: ਅਨੁਵਾਦਕਾਂ ਨੇ ਆਪਣੇ ਵੱਲੋਂ ਹੀ “ਯਹੋਵਾਹ” ਨਾਂ ਵਰਤਿਆ ਹੈ।
ਸੱਚਾਈ: ਪਰਮੇਸ਼ੁਰ ਦੇ ਨਾਂ ਲਈ ਚਾਰ ਅੱਖਰਾਂ ਵਿਚ ਲਿਖਿਆ ਜਾਣ ਵਾਲਾ ਇਬਰਾਨੀ ਨਾਂ ਬਾਈਬਲ ਵਿਚ ਤਕਰੀਬਨ 7,000 ਵਾਰ ਆਉਂਦਾ ਹੈ।d ਪਰ ਜ਼ਿਆਦਾਤਰ ਅਨੁਵਾਦਕਾਂ ਨੇ ਪਰਮੇਸ਼ੁਰ ਦਾ ਨਾਂ ਕੱਢ ਦਿੱਤਾ ਅਤੇ ਇਸ ਦੀ ਥਾਂ “ਪ੍ਰਭੂ” ਵਰਗੀਆਂ ਉਪਾਧੀਆਂ ਵਰਤੀਆਂ।
ਗ਼ਲਤਫ਼ਹਿਮੀ: ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਕਿਸੇ ਨਾਂ ਦੀ ਲੋੜ ਨਹੀਂ ਹੈ।
ਸੱਚਾਈ: ਪਰਮੇਸ਼ੁਰ ਨੇ ਬਾਈਬਲ ਦੇ ਲਿਖਾਰੀਆਂ ਰਾਹੀਂ ਆਪਣਾ ਨਾਂ ਹਜ਼ਾਰਾਂ ਵਾਰ ਲਿਖਵਾਇਆ ਅਤੇ ਉਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਵੀ ਉਸ ਦਾ ਨਾਂ ਇਸਤੇਮਾਲ ਕਰਨ। (ਯਸਾਯਾਹ 42:8; ਯੋਏਲ 2:32; ਮਲਾਕੀ 3:16; ਰੋਮੀਆਂ 10:13) ਨਾਲੇ ਪਰਮੇਸ਼ੁਰ ਨੇ ਉਨ੍ਹਾਂ ਝੂਠੇ ਨਬੀਆਂ ਦੀ ਨਿੰਦਿਆ ਕੀਤੀ ਜਿਨ੍ਹਾਂ ਨੇ ਲੋਕਾਂ ਨੂੰ ਉਸ ਦਾ ਨਾਂ ਭੁਲਾਉਣ ਦੀ ਕੋਸ਼ਿਸ਼ ਕੀਤੀ ਸੀ।—ਯਿਰਮਿਯਾਹ 23:27.
ਗ਼ਲਤਫ਼ਹਿਮੀ: ਯਹੂਦੀਆਂ ਦੀ ਰੀਤ ਮੁਤਾਬਕ ਪਰਮੇਸ਼ੁਰ ਦਾ ਨਾਂ ਬਾਈਬਲ ਵਿੱਚੋਂ ਕੱਢਿਆ ਜਾਣਾ ਚਾਹੀਦਾ ਹੈ।
ਸੱਚਾਈ: ਇਹ ਸੱਚ ਹੈ ਕਿ ਕੁਝ ਯਹੂਦੀ ਗ੍ਰੰਥੀ ਪਰਮੇਸ਼ੁਰ ਦਾ ਨਾਂ ਨਹੀਂ ਲੈਂਦੇ ਸਨ। ਪਰ ਉਨ੍ਹਾਂ ਨੇ ਬਾਈਬਲ ਦੀਆਂ ਨਕਲਾਂ ਵਿੱਚੋਂ ਇਹ ਨਾਂ ਨਹੀਂ ਕੱਢਿਆ ਸੀ। ਚਾਹੇ ਜੋ ਮਰਜ਼ੀ ਹੋ ਜਾਵੇ, ਪਰ ਪਰਮੇਸ਼ੁਰ ਨਹੀਂ ਚਾਹੁੰਦਾ ਕਿ ਅਸੀਂ ਇਨਸਾਨੀ ਰੀਤੀ-ਰਿਵਾਜਾਂ ਕਰਕੇ ਉਸ ਦਾ ਹੁਕਮ ਮੰਨਣਾ ਛੱਡ ਦੇਈਏ।—ਮੱਤੀ 15:1-3.
ਗ਼ਲਤਫ਼ਹਿਮੀ: ਸਾਨੂੰ ਪਰਮੇਸ਼ੁਰ ਦੇ ਨਾਂ ਦਾ ਇਬਰਾਨੀ ਵਿਚ ਸਹੀ ਉਚਾਰਣ ਨਹੀਂ ਪਤਾ। ਇਸ ਲਈ ਬਾਈਬਲ ਵਿਚ ਇਹ ਨਾਂ ਨਹੀਂ ਵਰਤਿਆ ਜਾਣਾ ਚਾਹੀਦਾ।
ਸੱਚਾਈ: ਇਸ ਗ਼ਲਤਫ਼ਹਿਮੀ ਤੋਂ ਲੱਗ ਸਕਦਾ ਹੈ ਪਰਮੇਸ਼ੁਰ ਚਾਹੁੰਦਾ ਹੈ ਕਿ ਅਲੱਗ-ਅਲੱਗ ਭਾਸ਼ਾ ਬੋਲਣ ਵਾਲੇ ਲੋਕ ਵੀ ਉਸ ਦਾ ਨਾਂ ਇੱਕੋ ਤਰੀਕੇ ਨਾਲ ਉਚਾਰਣ। ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਅਲੱਗ-ਅਲੱਗ ਭਾਸ਼ਾ ਬੋਲਣ ਵਾਲੇ ਪਰਮੇਸ਼ੁਰ ਦੇ ਸੇਵਕ ਕਿਸੇ ਦਾ ਨਾਂ ਉਸੇ ਤਰ੍ਹਾਂ ਲੈਂਦੇ ਸਨ ਜਿਸ ਤਰ੍ਹਾਂ ਉਨ੍ਹਾਂ ਦੀ ਭਾਸ਼ਾ ਵਿਚ ਲਿਆ ਜਾਂਦਾ ਸੀ।
ਜ਼ਰਾ ਇਜ਼ਰਾਈਲ ਦੇ ਨਿਆਈ ਯਹੋਸ਼ੁਆ ਦੀ ਮਿਸਾਲ ਲਓ। ਪਹਿਲੀ ਸਦੀ ਵਿਚ ਇਬਰਾਨੀ ਬੋਲਣ ਵਾਲੇ ਮਸੀਹੀ ਸ਼ਾਇਦ ਉਸ ਦਾ ਨਾਂ ਯੇਹੋਸ਼ੁਆ ਲੈਂਦੇ ਸਨ, ਪਰ ਯੂਨਾਨੀ ਬੋਲਣ ਵਾਲੇ ਸ਼ਾਇਦ ਈਸੂਸ ਕਹਿੰਦੇ ਸਨ। ਬਾਈਬਲ ਵਿਚ ਯਹੋਸ਼ੁਆ ਦੇ ਇਬਰਾਨੀ ਨਾਂ ਦਾ ਯੂਨਾਨੀ ਵਿਚ ਅਨੁਵਾਦ ਕੀਤਾ ਗਿਆ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਮਸੀਹੀ ਕਿਸੇ ਦਾ ਨਾਂ ਉਸੇ ਤਰ੍ਹਾਂ ਲੈਂਦੇ ਸਨ ਜਿਸ ਤਰ੍ਹਾਂ ਉਨ੍ਹਾਂ ਦੀ ਭਾਸ਼ਾ ਵਿਚ ਲਿਆ ਜਾਂਦਾ ਸੀ।—ਰਸੂਲਾਂ ਦੇ ਕੰਮ 7:45; ਇਬਰਾਨੀਆਂ 4:8.
ਪਰਮੇਸ਼ੁਰ ਦੇ ਨਾਂ ਦਾ ਅਨੁਵਾਦ ਕਰਨ ਲਈ ਵੀ ਇੱਦਾਂ ਕੀਤਾ ਜਾ ਸਕਦਾ ਹੈ। ਸੋ ਪਰਮੇਸ਼ੁਰ ਦੇ ਨਾਂ ਦਾ ਸਹੀ ਉਚਾਰਣ ਜਾਣਨ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਕਿ ਬਾਈਬਲ ਵਿਚ ਇਸ ਨਾਂ ਨੂੰ ਵਰਤਿਆ ਜਾਵੇ।
a ਟਿੰਡੇਲ ਨੇ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਦਾ ਅੰਗ੍ਰੇਜ਼ੀ ਵਿਚ ਅਨੁਵਾਦ ਕਰਨ ਵੇਲੇ ਪਰਮੇਸ਼ੁਰ ਦਾ ਨਾਂ “ਯੇਉਵਾ” ਵਰਤਿਆ ਸੀ। ਸਮੇਂ ਦੇ ਬੀਤਣ ਨਾਲ ਅੰਗ੍ਰੇਜ਼ੀ ਭਾਸ਼ਾ ਬਦਲ ਗਈ ਅਤੇ ਪਰਮੇਸ਼ੁਰ ਦੇ ਨਾਂ ਦੇ ਸ਼ਬਦ-ਜੋੜ ਵੀ ਬਦਲ ਦਿੱਤੇ ਗਏ। ਮਿਸਾਲ ਲਈ, 1612 ਵਿਚ ਹੈਨਰੀ ਏਂਜ਼ਵਰਥ ਨੇ ਜ਼ਬੂਰਾਂ ਦੀ ਕਿਤਾਬ ਦਾ ਅਨੁਵਾਦ ਕਰਦੇ ਵੇਲੇ “ਯੇਹੋਵਾਹ” ਵਰਤਿਆ ਸੀ। ਫਿਰ ਸੰਨ 1639 ਵਿਚ ਜਦ ਉਸ ਨੇ ਆਪਣੇ ਅਨੁਵਾਦ ਵਿਚ ਸੁਧਾਰ ਕੀਤਾ, ਤਾਂ ਉਸ ਨੇ ਪਰਮੇਸ਼ੁਰ ਦਾ ਨਾਂ “ਜਹੋਵਾਹ” ਵਰਤਿਆ ਗਿਆ ਸੀ। ਸੰਨ 1901 ਵਿਚ ਅਮੈਰੀਕਨ ਸਟੈਂਡਡ ਵਰਯਨ ਬਾਈਬਲ ਤਿਆਰ ਕਰਨ ਵਾਲੇ ਅਨੁਵਾਦਕਾਂ ਨੇ ਉਨ੍ਹਾਂ ਥਾਵਾਂ ʼਤੇ “ਜਹੋਵਾਹ” ਇਸਤੇਮਾਲ ਕੀਤਾ ਜਿਨ੍ਹਾਂ ਥਾਵਾਂ ʼਤੇ ਇਹ ਇਬਰਾਨੀ ਲਿਖਤਾਂ ਵਿਚ ਆਇਆ ਸੀ।
b ਦ ਨਿਊ ਕੈਥੋਲਿਕ ਐਨਸਾਈਕਲੋਪੀਡੀਆ ਦੇ ਦੂਜੇ ਐਡੀਸ਼ਨ, ਭਾਗ 14, ਸਫ਼ੇ 883-884 ਵਿਚ ਲਿਖਿਆ ਹੈ: “ਗ਼ੁਲਾਮੀ ਤੋਂ ਛੁੱਟਣ ਤੋਂ ਥੋੜ੍ਹੇ ਸਮੇਂ ਬਾਅਦ ਤੋਂ ਯਾਹਵੇਹ ਨਾਂ ਨੂੰ ਖ਼ਾਸ ਅਹਿਮੀਅਤ ਦਿੱਤੀ ਜਾਣ ਲੱਗੀ ਅਤੇ ਇਹ ਨਾਂ ਅਦੋਨਾਈ ਜਾਂ ਏਲੋਹਿਮ ਸ਼ਬਦ ਦੀ ਥਾਂ ਵੀ ਵਰਤਿਆ ਜਾਣ ਲੱਗਾ।”
c ਹੋਰ ਜਾਣਕਾਰੀ ਲਈ, ਨਵੀਂ ਦੁਨੀਆਂ ਅਨੁਵਾਦ ਦੇ ਵਧੇਰੇ ਜਾਣਕਾਰੀ 1.4 ਵਿਚ “ਇਬਰਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ” ਦੇਖੋ।
d ਥੀਓਲੌਜੀਕਲ ਲੈਕਸੀਕਨ ਆਫ਼ ਦ ਓਲਡ ਟੈਸਟਾਮੈਂਟ (ਅੰਗ੍ਰੇਜ਼ੀ) ਭਾਗ 2, ਸਫ਼ਾ 523-524 ਦੇਖੋ।