ਦੂਜਾ ਇਤਿਹਾਸ
17 ਉਸ ਦੀ ਜਗ੍ਹਾ ਉਸ ਦਾ ਪੁੱਤਰ ਯਹੋਸ਼ਾਫ਼ਾਟ+ ਰਾਜਾ ਬਣ ਗਿਆ ਅਤੇ ਉਸ ਨੇ ਇਜ਼ਰਾਈਲ ʼਤੇ ਆਪਣਾ ਰਾਜ ਹੋਰ ਮਜ਼ਬੂਤ ਕੀਤਾ। 2 ਉਸ ਨੇ ਯਹੂਦਾਹ ਦੇ ਸਾਰੇ ਕਿਲੇਬੰਦ ਸ਼ਹਿਰਾਂ ਵਿਚ ਫ਼ੌਜਾਂ ਤੈਨਾਤ ਕੀਤੀਆਂ ਅਤੇ ਯਹੂਦਾਹ ਵਿਚ ਤੇ ਇਫ਼ਰਾਈਮ ਦੇ ਸ਼ਹਿਰਾਂ ਵਿਚ ਜਿਨ੍ਹਾਂ ʼਤੇ ਉਸ ਦੇ ਪਿਤਾ ਆਸਾ ਨੇ ਕਬਜ਼ਾ ਕੀਤਾ ਸੀ, ਚੌਂਕੀਆਂ ਬਣਾਈਆਂ।+ 3 ਯਹੋਵਾਹ ਯਹੋਸ਼ਾਫ਼ਾਟ ਦੇ ਨਾਲ ਰਿਹਾ ਕਿਉਂਕਿ ਉਹ ਆਪਣੇ ਵੱਡ-ਵਡੇਰੇ ਦਾਊਦ ਦੇ ਰਾਹਾਂ ʼਤੇ ਚੱਲਿਆ+ ਅਤੇ ਉਸ ਨੇ ਬਆਲਾਂ ਦੀ ਭਾਲ ਨਹੀਂ ਕੀਤੀ। 4 ਉਸ ਨੇ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਭਾਲਿਆ+ ਅਤੇ ਉਸ ਦਾ ਹੁਕਮ ਮੰਨਿਆ* ਤੇ ਇਜ਼ਰਾਈਲ ਵਰਗੇ ਕੰਮ ਨਹੀਂ ਕੀਤੇ।+ 5 ਯਹੋਵਾਹ ਨੇ ਰਾਜ ਉੱਤੇ ਉਸ ਦੀ ਪਕੜ ਮਜ਼ਬੂਤ ਰੱਖੀ;+ ਅਤੇ ਸਾਰਾ ਯਹੂਦਾਹ ਯਹੋਸ਼ਾਫ਼ਾਟ ਨੂੰ ਤੋਹਫ਼ੇ ਦਿੰਦਾ ਰਿਹਾ ਅਤੇ ਉਸ ਨੂੰ ਬਹੁਤ ਸਾਰੀ ਧਨ-ਦੌਲਤ ਤੇ ਮਹਿਮਾ ਮਿਲੀ।+ 6 ਉਹ ਸ਼ੇਰਦਿਲ ਹੋ ਕੇ ਯਹੋਵਾਹ ਦੇ ਰਾਹਾਂ ʼਤੇ ਚੱਲਿਆ, ਇੱਥੋਂ ਤਕ ਕਿ ਉਸ ਨੇ ਯਹੂਦਾਹ ਵਿੱਚੋਂ ਉੱਚੀਆਂ ਥਾਵਾਂ ਤੇ ਪੂਜਾ-ਖੰਭਿਆਂ* ਨੂੰ ਵੀ ਹਟਾ ਦਿੱਤਾ।+
7 ਆਪਣੇ ਰਾਜ ਦੇ ਤੀਸਰੇ ਸਾਲ ਉਸ ਨੇ ਆਪਣੇ ਹਾਕਮਾਂ ਬੇਨ-ਹੈਲ, ਓਬਦਯਾਹ, ਜ਼ਕਰਯਾਹ, ਨਥਨੀਏਲ ਅਤੇ ਮੀਕਾਯਾਹ ਨੂੰ ਬੁਲਵਾਇਆ ਤਾਂਕਿ ਉਹ ਯਹੂਦਾਹ ਦੇ ਸ਼ਹਿਰਾਂ ਵਿਚ ਸਿੱਖਿਆ ਦੇਣ। 8 ਉਨ੍ਹਾਂ ਦੇ ਨਾਲ ਇਹ ਲੇਵੀ ਸਨ: ਸ਼ਮਾਯਾਹ, ਨਥਨਯਾਹ, ਜ਼ਬਦਯਾਹ, ਅਸਾਹੇਲ, ਸ਼ਮੀਰਾਮੋਥ, ਯਹੋਨਾਥਾਨ, ਅਦੋਨੀਯਾਹ, ਟੋਬੀਯਾਹ ਅਤੇ ਟੋਬ-ਅਦੋਨੀਯਾਹ, ਨਾਲੇ ਉਨ੍ਹਾਂ ਦੇ ਨਾਲ ਅਲੀਸ਼ਾਮਾ ਤੇ ਯਹੋਰਾਮ ਪੁਜਾਰੀ ਸਨ।+ 9 ਉਹ ਆਪਣੇ ਨਾਲ ਯਹੋਵਾਹ ਦੇ ਕਾਨੂੰਨ ਦੀ ਕਿਤਾਬ ਲੈ ਗਏ ਤੇ ਯਹੂਦਾਹ ਵਿਚ ਸਿੱਖਿਆ ਦੇਣੀ ਸ਼ੁਰੂ ਕੀਤੀ।+ ਲੋਕਾਂ ਨੂੰ ਸਿੱਖਿਆ ਦੇਣ ਲਈ ਉਹ ਯਹੂਦਾਹ ਦੇ ਸਾਰੇ ਸ਼ਹਿਰਾਂ ਵਿਚ ਗਏ।
10 ਯਹੂਦਾਹ ਦੇ ਆਲੇ-ਦੁਆਲੇ ਦੇ ਦੇਸ਼ਾਂ ਦੇ ਸਾਰੇ ਰਾਜਾਂ ਉੱਤੇ ਯਹੋਵਾਹ ਦਾ ਖ਼ੌਫ਼ ਛਾ ਗਿਆ ਅਤੇ ਉਨ੍ਹਾਂ ਨੇ ਯਹੋਸ਼ਾਫ਼ਾਟ ਖ਼ਿਲਾਫ਼ ਲੜਾਈ ਨਹੀਂ ਕੀਤੀ। 11 ਫਲਿਸਤੀ ਯਹੋਸ਼ਾਫ਼ਾਟ ਲਈ ਨਜ਼ਰਾਨੇ ਵਜੋਂ ਤੋਹਫ਼ੇ ਤੇ ਪੈਸੇ ਲਿਆਏ। ਅਰਬੀ ਉਸ ਲਈ ਆਪਣੇ ਇੱਜੜਾਂ ਵਿੱਚੋਂ 7,700 ਭੇਡੂ ਅਤੇ 7,700 ਬੱਕਰੇ ਲਿਆਏ।
12 ਯਹੋਸ਼ਾਫ਼ਾਟ ਸ਼ਕਤੀਸ਼ਾਲੀ ਹੁੰਦਾ ਗਿਆ+ ਅਤੇ ਉਹ ਯਹੂਦਾਹ ਵਿਚ ਕਿਲੇਬੰਦ ਥਾਵਾਂ ਤੇ ਗੋਦਾਮਾਂ ਵਾਲੇ ਸ਼ਹਿਰ ਬਣਾਉਂਦਾ ਰਿਹਾ।+ 13 ਉਸ ਨੇ ਯਹੂਦਾਹ ਦੇ ਸ਼ਹਿਰਾਂ ਵਿਚ ਵੱਡੇ-ਵੱਡੇ ਕੰਮ ਕੀਤੇ ਅਤੇ ਯਰੂਸ਼ਲਮ ਵਿਚ ਉਸ ਕੋਲ ਫ਼ੌਜੀ ਸਨ ਜੋ ਤਾਕਤਵਰ ਯੋਧੇ ਸਨ। 14 ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਟੋਲੀਆਂ ਵਿਚ ਵੰਡਿਆ ਗਿਆ: ਯਹੂਦਾਹ ਵਿੱਚੋਂ ਹਜ਼ਾਰਾਂ ਦੇ ਮੁਖੀ ਸਨ, ਅਦਨਾਹ ਮੁਖੀ ਅਤੇ ਉਸ ਦੇ ਨਾਲ 3,00,000 ਤਾਕਤਵਰ ਯੋਧੇ ਸਨ।+ 15 ਉਸ ਦੇ ਅਧੀਨ ਯਹੋਹਾਨਾਨ ਮੁਖੀ ਸੀ ਤੇ ਉਸ ਦੇ ਨਾਲ 2,80,000 ਜਣੇ ਸਨ। 16 ਨਾਲੇ ਉਸ ਦੇ ਅਧੀਨ ਜ਼ਿਕਰੀ ਦਾ ਪੁੱਤਰ ਅਮਸਯਾਹ ਸੀ ਜਿਸ ਨੇ ਯਹੋਵਾਹ ਦੀ ਸੇਵਾ ਲਈ ਆਪਣੇ ਆਪ ਨੂੰ ਪੇਸ਼ ਕੀਤਾ ਸੀ ਅਤੇ ਉਸ ਦੇ ਨਾਲ 2,00,000 ਤਾਕਤਵਰ ਯੋਧੇ ਸਨ। 17 ਅਤੇ ਬਿਨਯਾਮੀਨ+ ਵਿੱਚੋਂ ਅਲਯਾਦਾ ਸੀ ਜੋ ਇਕ ਤਾਕਤਵਰ ਯੋਧਾ ਸੀ ਅਤੇ ਉਸ ਦੇ ਨਾਲ ਤੀਰ-ਕਮਾਨ ਤੇ ਢਾਲ ਨਾਲ ਲੈਸ 2,00,000 ਆਦਮੀ ਸਨ।+ 18 ਉਸ ਦੇ ਅਧੀਨ ਯਹੋਜ਼ਾਬਾਦ ਸੀ ਤੇ ਉਸ ਦੇ ਨਾਲ ਹਥਿਆਰਾਂ ਨਾਲ ਲੈਸ 1,80,000 ਆਦਮੀ ਸਨ ਜੋ ਯੁੱਧ ਲਈ ਤਿਆਰ ਰਹਿੰਦੇ ਸਨ। 19 ਇਹ ਰਾਜੇ ਦੀ ਸੇਵਾ ਕਰਦੇ ਸਨ। ਇਹ ਉਨ੍ਹਾਂ ਤੋਂ ਇਲਾਵਾ ਸਨ ਜਿਨ੍ਹਾਂ ਨੂੰ ਰਾਜੇ ਨੇ ਸਾਰੇ ਯਹੂਦਾਹ ਦੇ ਕਿਲੇਬੰਦ ਸ਼ਹਿਰਾਂ ਵਿਚ ਠਹਿਰਾਇਆ ਸੀ।+