ਕੂਚ
18 ਮੂਸਾ ਦਾ ਸਹੁਰਾ ਯਿਥਰੋ ਮਿਦਿਆਨ ਦਾ ਪੁਜਾਰੀ ਸੀ।+ ਉਸ ਨੇ ਸੁਣਿਆ ਕਿ ਪਰਮੇਸ਼ੁਰ ਨੇ ਮੂਸਾ ਅਤੇ ਇਜ਼ਰਾਈਲੀ ਲੋਕਾਂ ਲਈ ਕੀ-ਕੀ ਕੀਤਾ ਸੀ ਅਤੇ ਯਹੋਵਾਹ ਕਿਵੇਂ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 2 ਮੂਸਾ ਦੇ ਸਹੁਰੇ ਯਿਥਰੋ ਨੇ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਆਪਣੇ ਘਰ ਰੱਖਿਆ ਸੀ ਜਿਸ ਨੂੰ ਮੂਸਾ ਨੇ ਉਸ ਕੋਲ ਵਾਪਸ ਘੱਲ ਦਿੱਤਾ ਸੀ। 3 ਨਾਲੇ ਉਸ ਦੇ ਦੋਵੇਂ ਪੁੱਤਰਾਂ+ ਨੂੰ ਵੀ ਭੇਜ ਦਿੱਤਾ ਸੀ। ਇਕ ਦਾ ਨਾਂ ਗੇਰਸ਼ੋਮ*+ ਸੀ ਕਿਉਂਕਿ ਮੂਸਾ ਨੇ ਕਿਹਾ, “ਮੈਂ ਇਕ ਪਰਾਏ ਦੇਸ਼ ਵਿਚ ਪਰਦੇਸੀ ਬਣ ਗਿਆ ਹਾਂ,” 4 ਅਤੇ ਦੂਜੇ ਦਾ ਨਾਂ ਅਲੀਅਜ਼ਰ* ਸੀ ਕਿਉਂਕਿ ਉਸ ਨੇ ਕਿਹਾ: “ਮੇਰੇ ਪਿਤਾ ਦਾ ਪਰਮੇਸ਼ੁਰ ਮੇਰਾ ਮਦਦਗਾਰ ਹੈ ਜਿਸ ਨੇ ਮੈਨੂੰ ਫ਼ਿਰਊਨ ਦੀ ਤਲਵਾਰ ਤੋਂ ਬਚਾਇਆ ਹੈ।”+
5 ਮੂਸਾ ਦਾ ਸਹੁਰਾ ਯਿਥਰੋ ਮੂਸਾ ਦੀ ਪਤਨੀ ਅਤੇ ਉਸ ਦੇ ਦੋਵੇਂ ਪੁੱਤਰਾਂ ਨੂੰ ਲੈ ਕੇ ਉਜਾੜ ਵਿਚ ਮੂਸਾ ਕੋਲ ਆਇਆ। ਉਸ ਨੇ ਸੱਚੇ ਪਰਮੇਸ਼ੁਰ ਦੇ ਪਹਾੜ ਲਾਗੇ ਡੇਰਾ ਲਾਇਆ ਹੋਇਆ ਸੀ।+ 6 ਯਿਥਰੋ ਨੇ ਮੂਸਾ ਨੂੰ ਸੁਨੇਹਾ ਭੇਜਿਆ: “ਮੈਂ ਤੇਰਾ ਸਹੁਰਾ ਯਿਥਰੋ,+ ਤੇਰੀ ਪਤਨੀ ਅਤੇ ਤੇਰੇ ਦੋਵੇਂ ਪੁੱਤਰ ਤੈਨੂੰ ਮਿਲਣ ਆ ਰਹੇ ਹਾਂ।” 7 ਮੂਸਾ ਫ਼ੌਰਨ ਆਪਣੇ ਸਹੁਰੇ ਨੂੰ ਮਿਲਣ ਲਈ ਗਿਆ ਅਤੇ ਉਸ ਨੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ ਅਤੇ ਉਸ ਨੂੰ ਚੁੰਮਿਆ। ਉਨ੍ਹਾਂ ਨੇ ਇਕ-ਦੂਜੇ ਦਾ ਹਾਲ-ਚਾਲ ਪੁੱਛਿਆ ਅਤੇ ਫਿਰ ਉਹ ਤੰਬੂ ਵਿਚ ਚਲੇ ਗਏ।
8 ਮੂਸਾ ਨੇ ਆਪਣੇ ਸਹੁਰੇ ਨੂੰ ਦੱਸਿਆ ਕਿ ਯਹੋਵਾਹ ਨੇ ਇਜ਼ਰਾਈਲੀਆਂ ਦੀ ਖ਼ਾਤਰ ਫ਼ਿਰਊਨ ਅਤੇ ਮਿਸਰ ਨਾਲ ਕੀ-ਕੀ ਕੀਤਾ+ ਅਤੇ ਰਾਹ ਵਿਚ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਮੁਸੀਬਤਾਂ ਸਹਿਣੀਆਂ ਪਈਆਂ+ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਮੁਸੀਬਤਾਂ ਵਿੱਚੋਂ ਕਿਵੇਂ ਕੱਢਿਆ। 9 ਜਦ ਯਿਥਰੋ ਨੇ ਉਨ੍ਹਾਂ ਸਾਰੇ ਚੰਗੇ ਕੰਮਾਂ ਬਾਰੇ ਸੁਣਿਆ ਜੋ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ* ਛੁਡਾਉਣ ਲਈ ਕੀਤੇ ਸਨ, ਤਾਂ ਉਹ ਬਹੁਤ ਖ਼ੁਸ਼ ਹੋਇਆ। 10 ਫਿਰ ਯਿਥਰੋ ਨੇ ਕਿਹਾ: “ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਤੁਹਾਨੂੰ ਮਿਸਰ ਅਤੇ ਫ਼ਿਰਊਨ ਦੇ ਹੱਥੋਂ ਛੁਡਾਇਆ ਅਤੇ ਜਿਸ ਨੇ ਲੋਕਾਂ ਨੂੰ ਮਿਸਰੀਆਂ ਦੇ ਕਬਜ਼ੇ ਤੋਂ ਛੁਡਾਇਆ। 11 ਹੁਣ ਮੈਂ ਜਾਣ ਗਿਆ ਹਾਂ ਕਿ ਯਹੋਵਾਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ+ ਕਿਉਂਕਿ ਉਸ ਨੇ ਆਪਣੀ ਪਰਜਾ ਨੂੰ ਘਮੰਡੀ ਅਤੇ ਜ਼ਾਲਮ ਮਿਸਰੀਆਂ ਤੋਂ ਬਚਾਇਆ।” 12 ਫਿਰ ਮੂਸਾ ਦਾ ਸਹੁਰਾ ਯਿਥਰੋ ਪਰਮੇਸ਼ੁਰ ਅੱਗੇ ਹੋਮ-ਬਲ਼ੀ ਅਤੇ ਹੋਰ ਬਲ਼ੀਆਂ ਚੜ੍ਹਾਉਣ ਲਈ ਜਾਨਵਰ ਲੈ ਕੇ ਆਇਆ ਅਤੇ ਹਾਰੂਨ ਤੇ ਇਜ਼ਰਾਈਲ ਦੇ ਸਾਰੇ ਬਜ਼ੁਰਗ ਸੱਚੇ ਪਰਮੇਸ਼ੁਰ ਦੇ ਸਾਮ੍ਹਣੇ ਮੂਸਾ ਦੇ ਸਹੁਰੇ ਨਾਲ ਖਾਣਾ ਖਾਣ ਆਏ।
13 ਅਗਲੇ ਦਿਨ ਮੂਸਾ ਹਰ ਰੋਜ਼ ਦੀ ਤਰ੍ਹਾਂ ਲੋਕਾਂ ਦੇ ਮਸਲਿਆਂ ਦਾ ਨਿਆਂ ਕਰਨ ਬੈਠਾ ਅਤੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤਕ ਮੂਸਾ ਦੇ ਸਾਮ੍ਹਣੇ ਖੜ੍ਹੇ ਰਹੇ। 14 ਜਦ ਮੂਸਾ ਦੇ ਸਹੁਰੇ ਨੇ ਦੇਖਿਆ ਕਿ ਉਹ ਲੋਕਾਂ ਲਈ ਕਿੰਨਾ ਕੁਝ ਕਰ ਰਿਹਾ ਸੀ, ਤਾਂ ਉਸ ਨੇ ਕਿਹਾ: “ਤੂੰ ਇਸ ਤਰ੍ਹਾਂ ਕਿਉਂ ਕਰ ਰਿਹਾ ਹੈਂ? ਲੋਕ ਸਵੇਰ ਤੋਂ ਲੈ ਕੇ ਸ਼ਾਮ ਤਕ ਤੇਰੇ ਸਾਮ੍ਹਣੇ ਖੜ੍ਹੇ ਰਹਿੰਦੇ ਹਨ। ਤੂੰ ਇਕੱਲਾ ਇਹ ਕੰਮ ਕਿਉਂ ਕਰਦਾ ਹੈਂ?” 15 ਮੂਸਾ ਨੇ ਆਪਣੇ ਸਹੁਰੇ ਨੂੰ ਕਿਹਾ: “ਲੋਕੀਂ ਮੇਰੇ ਕੋਲੋਂ ਪਰਮੇਸ਼ੁਰ ਦੀ ਮਰਜ਼ੀ ਪੁੱਛਣ ਆਉਂਦੇ ਹਨ। 16 ਜਦ ਕੋਈ ਮਸਲਾ ਖੜ੍ਹਾ ਹੁੰਦਾ ਹੈ, ਤਾਂ ਉਹ ਇਸ ਨੂੰ ਮੇਰੇ ਕੋਲ ਲਿਆਉਂਦੇ ਹਨ ਅਤੇ ਮੈਨੂੰ ਦੋਵਾਂ ਧਿਰਾਂ ਦਾ ਨਿਆਂ ਕਰਨਾ ਪੈਂਦਾ ਹੈ। ਫਿਰ ਮੈਂ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਦੇ ਫ਼ੈਸਲੇ ਸੁਣਾਉਂਦਾ ਹਾਂ ਅਤੇ ਕਾਨੂੰਨ ਦੱਸਦਾ ਹਾਂ।”+
17 ਮੂਸਾ ਦੇ ਸਹੁਰੇ ਨੇ ਉਸ ਨੂੰ ਕਿਹਾ: “ਤੇਰੇ ਕੰਮ ਕਰਨ ਦਾ ਤਰੀਕਾ ਸਹੀ ਨਹੀਂ ਹੈ। 18 ਇਸ ਤਰ੍ਹਾਂ ਤੂੰ ਅਤੇ ਇਹ ਲੋਕ ਜ਼ਰੂਰ ਥੱਕ ਜਾਣਗੇ ਕਿਉਂਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਤੂੰ ਇਕੱਲਾ ਇਸ ਨੂੰ ਸਾਂਭ ਨਹੀਂ ਸਕਦਾ। 19 ਹੁਣ ਮੇਰੀ ਗੱਲ ਸੁਣ। ਮੈਂ ਤੈਨੂੰ ਸਲਾਹ ਦਿਆਂਗਾ ਅਤੇ ਪਰਮੇਸ਼ੁਰ ਤੇਰੇ ਨਾਲ ਹੋਵੇਗਾ।+ ਤੂੰ ਲੋਕਾਂ ਦੀ ਖ਼ਾਤਰ ਸੱਚੇ ਪਰਮੇਸ਼ੁਰ ਨਾਲ ਗੱਲ ਕਰੀਂ+ ਅਤੇ ਤੂੰ ਮਸਲਿਆਂ ਨੂੰ ਸੱਚੇ ਪਰਮੇਸ਼ੁਰ ਕੋਲ ਲਿਆਈਂ।+ 20 ਤੂੰ ਉਨ੍ਹਾਂ ਨੂੰ ਨਿਯਮਾਂ ਅਤੇ ਕਾਨੂੰਨਾਂ ਬਾਰੇ ਸਿਖਾਈਂ+ ਅਤੇ ਉਨ੍ਹਾਂ ਨੂੰ ਦੱਸੀਂ ਕਿ ਉਨ੍ਹਾਂ ਨੇ ਕਿਹੜੇ ਰਾਹ ਜਾਣਾ ਹੈ ਅਤੇ ਕਿਹੜੇ ਕੰਮ ਕਰਨੇ ਹਨ। 21 ਪਰ ਤੂੰ ਲੋਕਾਂ ਵਿੱਚੋਂ ਕਾਬਲ ਆਦਮੀਆਂ ਨੂੰ ਚੁਣ+ ਜੋ ਪਰਮੇਸ਼ੁਰ ਦਾ ਡਰ ਮੰਨਣ ਵਾਲੇ, ਭਰੋਸੇਮੰਦ ਅਤੇ ਬੇਈਮਾਨੀ ਦੀ ਕਮਾਈ ਤੋਂ ਨਫ਼ਰਤ ਕਰਨ ਵਾਲੇ ਹੋਣ।+ ਤੂੰ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਉੱਤੇ, ਸੌ-ਸੌ ਉੱਤੇ, ਪੰਜਾਹ-ਪੰਜਾਹ ਉੱਤੇ ਅਤੇ ਦਸ-ਦਸ ਉੱਤੇ ਮੁਖੀਆਂ ਵਜੋਂ ਠਹਿਰਾ।+ 22 ਜਦੋਂ ਮਸਲੇ ਖੜ੍ਹੇ ਹੋਣਗੇ, ਤਾਂ ਇਹ ਮੁਖੀ ਲੋਕਾਂ ਦਾ ਨਿਆਂ ਕਰਨ ਅਤੇ ਉਹ ਹਰ ਔਖੇ ਮਸਲੇ ਨੂੰ ਤੇਰੇ ਕੋਲ ਲਿਆਉਣ।+ ਪਰ ਛੋਟੇ-ਮੋਟੇ ਮਸਲੇ ਆਪ ਹੀ ਨਬੇੜ ਲੈਣ। ਇਸ ਤਰ੍ਹਾਂ ਕੰਮ ਵੰਡਣ ਨਾਲ ਤੇਰਾ ਬੋਝ ਹਲਕਾ ਹੋ ਜਾਵੇਗਾ।+ 23 ਜੇ ਤੂੰ ਇੱਦਾਂ ਕਰੇਂ ਅਤੇ ਪਰਮੇਸ਼ੁਰ ਵੀ ਤੈਨੂੰ ਇਸ ਤਰ੍ਹਾਂ ਕਰਨ ਦਾ ਹੁਕਮ ਦੇਵੇ, ਤਾਂ ਤੂੰ ਇਸ ਕੰਮ ਦਾ ਬੋਝ ਚੁੱਕ ਸਕੇਂਗਾ ਅਤੇ ਹਰ ਕੋਈ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਜਾਵੇਗਾ।”
24 ਮੂਸਾ ਨੇ ਤੁਰੰਤ ਆਪਣੇ ਸਹੁਰੇ ਦੀ ਗੱਲ ਸੁਣੀ ਅਤੇ ਉਸ ਦੇ ਕਹੇ ਅਨੁਸਾਰ ਕੀਤਾ। 25 ਮੂਸਾ ਨੇ ਸਾਰੇ ਇਜ਼ਰਾਈਲ ਵਿੱਚੋਂ ਕਾਬਲ ਆਦਮੀ ਚੁਣੇ ਅਤੇ ਉਨ੍ਹਾਂ ਨੂੰ ਲੋਕਾਂ ਉੱਤੇ ਪ੍ਰਧਾਨ ਨਿਯੁਕਤ ਕੀਤਾ। ਉਸ ਨੇ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਉੱਤੇ, ਸੌ-ਸੌ ਉੱਤੇ, ਪੰਜਾਹ-ਪੰਜਾਹ ਉੱਤੇ ਅਤੇ ਦਸ-ਦਸ ਉੱਤੇ ਮੁਖੀਆਂ ਵਜੋਂ ਠਹਿਰਾ ਦਿੱਤਾ। 26 ਇਹ ਮੁਖੀ ਲੋਕਾਂ ਦੇ ਮਸਲਿਆਂ ਨੂੰ ਸੁਲਝਾਉਂਦੇ ਸਨ। ਉਹ ਔਖੇ ਮਸਲੇ ਮੂਸਾ ਕੋਲ ਲਿਆਉਂਦੇ ਸਨ,+ ਪਰ ਛੋਟੇ-ਮੋਟੇ ਮਸਲਿਆਂ ਨੂੰ ਆਪ ਹੀ ਨਬੇੜ ਲੈਂਦੇ ਸਨ। 27 ਇਸ ਤੋਂ ਬਾਅਦ ਮੂਸਾ ਨੇ ਆਪਣੇ ਸਹੁਰੇ ਨੂੰ ਵਿਦਾ ਕੀਤਾ+ ਅਤੇ ਉਹ ਆਪਣੇ ਦੇਸ਼ ਵਾਪਸ ਚਲਾ ਗਿਆ।