16 ਇਨਸਾਨ ਆਪਣੇ ਮਨ ਦੇ ਖ਼ਿਆਲ ਤਿਆਰ ਤਾਂ ਕਰਦਾ ਹੈ,
ਪਰ ਜੋ ਜਵਾਬ ਉਹ ਦਿੰਦਾ ਹੈ, ਉਹ ਯਹੋਵਾਹ ਵੱਲੋਂ ਹੁੰਦਾ ਹੈ।+
2 ਇਨਸਾਨ ਨੂੰ ਆਪਣੇ ਸਾਰੇ ਰਾਹ ਸਹੀ ਲੱਗਦੇ ਹਨ,+
ਪਰ ਯਹੋਵਾਹ ਇਰਾਦਿਆਂ ਨੂੰ ਜਾਂਚਦਾ ਹੈ।+
3 ਤੂੰ ਜੋ ਵੀ ਕਰਦਾ ਹੈਂ, ਉਹ ਯਹੋਵਾਹ ʼਤੇ ਛੱਡ ਦੇ+
ਅਤੇ ਤੇਰੀਆਂ ਯੋਜਨਾਵਾਂ ਸਫ਼ਲ ਹੋਣਗੀਆਂ।
4 ਯਹੋਵਾਹ ਹਰ ਕੰਮ ਇਸ ਤਰ੍ਹਾਂ ਕਰਦਾ ਹੈ ਕਿ ਉਸ ਦਾ ਮਕਸਦ ਪੂਰਾ ਹੋਵੇ,
ਇੱਥੋਂ ਤਕ ਕਿ ਦੁਸ਼ਟ ਨੂੰ ਵੀ ਉਸ ਨੇ ਬਿਪਤਾ ਦੇ ਦਿਨ ਲਈ ਰੱਖਿਆ ਹੈ।+
5 ਜਿਸ ਦੇ ਵੀ ਦਿਲ ਵਿਚ ਘਮੰਡ ਹੈ, ਉਸ ਤੋਂ ਯਹੋਵਾਹ ਨੂੰ ਘਿਣ ਹੈ।+
ਭਰੋਸਾ ਰੱਖੋ ਕਿ ਉਹ ਸਜ਼ਾ ਤੋਂ ਬਚੇਗਾ ਨਹੀਂ।
6 ਅਟੱਲ ਪਿਆਰ ਅਤੇ ਵਫ਼ਾਦਾਰੀ ਨਾਲ ਗੁਨਾਹ ਮਾਫ਼ ਹੁੰਦਾ ਹੈ+
ਅਤੇ ਯਹੋਵਾਹ ਦਾ ਡਰ ਰੱਖਣ ਨਾਲ ਇਨਸਾਨ ਬੁਰਾਈ ਤੋਂ ਮੂੰਹ ਮੋੜ ਲੈਂਦਾ ਹੈ।+
7 ਜਦੋਂ ਯਹੋਵਾਹ ਕਿਸੇ ਇਨਸਾਨ ਦੇ ਰਾਹਾਂ ਤੋਂ ਖ਼ੁਸ਼ ਹੁੰਦਾ ਹੈ,
ਤਾਂ ਉਹ ਉਸ ਦੇ ਦੁਸ਼ਮਣਾਂ ਨਾਲ ਵੀ ਸੁਲ੍ਹਾ ਕਰਾ ਦਿੰਦਾ ਹੈ।+
8 ਈਮਾਨਦਾਰੀ ਨਾਲ ਕਮਾਇਆ ਥੋੜ੍ਹਾ ਜਿਹਾ,
ਅਨਿਆਂ ਨਾਲ ਕਮਾਈ ਵੱਡੀ ਆਮਦਨ ਨਾਲੋਂ ਕਿਤੇ ਬਿਹਤਰ ਹੈ।+
9 ਇਨਸਾਨ ਆਪਣੇ ਮਨ ਵਿਚ ਆਪਣਾ ਰਾਹ ਘੜਦਾ ਹੈ,
ਪਰ ਯਹੋਵਾਹ ਹੀ ਉਸ ਦੇ ਕਦਮਾਂ ਨੂੰ ਸੇਧ ਦਿੰਦਾ ਹੈ।+
10 ਰਾਜੇ ਦੇ ਬੁੱਲ੍ਹਾਂ ʼਤੇ ਪਰਮੇਸ਼ੁਰ ਦਾ ਫ਼ੈਸਲਾ ਹੋਣਾ ਚਾਹੀਦਾ ਹੈ;+
ਨਿਆਂ ਕਰਦੇ ਵੇਲੇ ਉਹ ਕਦੇ ਦਗ਼ਾ ਨਾ ਕਰੇ।+
11 ਈਮਾਨਦਾਰੀ ਦੀ ਤੱਕੜੀ ਅਤੇ ਪਲੜੇ ਯਹੋਵਾਹ ਵੱਲੋਂ ਹਨ;
ਥੈਲੀ ਦੇ ਸਾਰੇ ਵੱਟੇ ਉਸੇ ਵੱਲੋਂ ਹਨ।+
12 ਬੁਰੇ ਕੰਮਾਂ ਤੋਂ ਰਾਜਿਆਂ ਨੂੰ ਘਿਣ ਹੈ+
ਕਿਉਂਕਿ ਸਹੀ ਕੰਮਾਂ ਕਰਕੇ ਸਿੰਘਾਸਣ ਮਜ਼ਬੂਤੀ ਨਾਲ ਕਾਇਮ ਰਹਿੰਦਾ ਹੈ।+
13 ਨੇਕੀ ਦੀਆਂ ਗੱਲਾਂ ਤੋਂ ਰਾਜੇ ਖ਼ੁਸ਼ ਹੁੰਦੇ ਹਨ।
ਉਹ ਈਮਾਨਦਾਰੀ ਨਾਲ ਬੋਲਣ ਵਾਲੇ ਨੂੰ ਪਿਆਰ ਕਰਦੇ ਹਨ।+
14 ਰਾਜੇ ਦਾ ਗੁੱਸਾ ਮੌਤ ਦਾ ਸੰਦੇਸ਼ ਦੇਣ ਵਾਲੇ ਵਰਗਾ ਹੈ,+
ਪਰ ਬੁੱਧੀਮਾਨ ਇਨਸਾਨ ਇਸ ਨੂੰ ਸ਼ਾਂਤ ਕਰ ਦਿੰਦਾ ਹੈ।+
15 ਰਾਜੇ ਦੇ ਚਿਹਰੇ ਦੀ ਚਮਕ ਵਿਚ ਜ਼ਿੰਦਗੀ ਹੈ;
ਉਸ ਦੀ ਮਿਹਰ ਬਸੰਤ ਵਿਚ ਬਰਸਾਤੀ ਬੱਦਲ ਵਾਂਗ ਹੈ।+
16 ਸੋਨੇ ਨਾਲੋਂ ਬੁੱਧ ਹਾਸਲ ਕਰਨੀ ਕਿਤੇ ਬਿਹਤਰ ਹੈ!+
ਅਤੇ ਚਾਂਦੀ ਨਾਲੋਂ ਸਮਝ ਹਾਸਲ ਕਰਨੀ ਚੰਗੀ ਹੈ।+
17 ਬੁਰਾਈ ਤੋਂ ਦੂਰ ਰਹਿਣਾ ਨੇਕ ਇਨਸਾਨ ਦਾ ਰਾਜਮਾਰਗ ਹੈ।
ਜਿਹੜਾ ਵੀ ਆਪਣੇ ਰਾਹ ਦੀ ਰਾਖੀ ਕਰਦਾ ਹੈ, ਉਹ ਆਪਣੀ ਜ਼ਿੰਦਗੀ ਦੀ ਹਿਫਾਜ਼ਤ ਕਰਦਾ ਹੈ।+
18 ਨਾਸ਼ ਤੋਂ ਪਹਿਲਾਂ ਹੰਕਾਰ ਹੁੰਦਾ ਹੈ
ਅਤੇ ਠੇਡਾ ਖਾਣ ਤੋਂ ਪਹਿਲਾਂ ਘਮੰਡੀ ਸੋਚ ਹੁੰਦੀ ਹੈ।+
19 ਹਲੀਮ ਲੋਕਾਂ ਵਿਚ ਨਿਮਰ ਬਣ ਕੇ ਰਹਿਣਾ,+
ਘਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਚੰਗਾ ਹੈ।
20 ਕਿਸੇ ਮਾਮਲੇ ਵਿਚ ਡੂੰਘੀ ਸਮਝ ਦਿਖਾਉਣ ਵਾਲਾ ਸਫ਼ਲ ਹੋਵੇਗਾ
ਅਤੇ ਖ਼ੁਸ਼ ਹੈ ਉਹ ਜਿਹੜਾ ਯਹੋਵਾਹ ʼਤੇ ਭਰੋਸਾ ਰੱਖਦਾ ਹੈ।
21 ਜੋ ਦਿਲੋਂ ਬੁੱਧੀਮਾਨ ਹੈ, ਉਹ ਸਮਝਦਾਰ ਕਹਾਵੇਗਾ+
ਅਤੇ ਮਿੱਠਾ ਬੋਲਣ ਨਾਲ ਇਨਸਾਨ ਦੂਜਿਆਂ ਨੂੰ ਕਾਇਲ ਕਰ ਲੈਂਦਾ ਹੈ।+
22 ਜਿਸ ਕੋਲ ਡੂੰਘੀ ਸਮਝ ਹੁੰਦੀ ਹੈ, ਉਸ ਲਈ ਇਹ ਜ਼ਿੰਦਗੀ ਦਾ ਚਸ਼ਮਾ ਹੈ,
ਪਰ ਮੂਰਖਾਂ ਨੂੰ ਆਪਣੀ ਹੀ ਮੂਰਖਤਾ ਕਰਕੇ ਸਜ਼ਾ ਮਿਲਦੀ ਹੈ।
23 ਬੁੱਧੀਮਾਨ ਦਾ ਮਨ ਉਸ ਦੇ ਮੂੰਹ ਨੂੰ ਡੂੰਘੀ ਸਮਝ ਦਿੰਦਾ ਹੈ+
ਅਤੇ ਉਸ ਦੇ ਬੋਲ ਦੂਜਿਆਂ ਨੂੰ ਕਾਇਲ ਕਰ ਲੈਂਦੇ ਹਨ।
24 ਮਨਭਾਉਂਦੀਆਂ ਗੱਲਾਂ ਸ਼ਹਿਦ ਦੇ ਛੱਤੇ ਵਰਗੀਆਂ ਹਨ
ਜਿਹੜੀਆਂ ਜੀਅ ਨੂੰ ਮਿੱਠੀਆਂ ਲੱਗਦੀਆਂ ਹਨ ਅਤੇ ਹੱਡੀਆਂ ਨੂੰ ਚੰਗਾ ਕਰਦੀਆਂ ਹਨ।+
25 ਇਕ ਅਜਿਹਾ ਰਾਹ ਹੈ ਜੋ ਆਦਮੀ ਨੂੰ ਸਹੀ ਲੱਗਦਾ ਹੈ,
ਪਰ ਅਖ਼ੀਰ ਵਿਚ ਇਹ ਮੌਤ ਵੱਲ ਲੈ ਜਾਂਦਾ ਹੈ।+
26 ਮਜ਼ਦੂਰ ਦੀ ਭੁੱਖ ਉਸ ਤੋਂ ਸਖ਼ਤ ਮਿਹਨਤ ਕਰਾਉਂਦੀ ਹੈ
ਕਿਉਂਕਿ ਉਸ ਦੀ ਭੁੱਖ ਉਸ ਨੂੰ ਮਜਬੂਰ ਕਰਦੀ ਹੈ।+
27 ਨਿਕੰਮਾ ਬੰਦਾ ਬੁਰਾਈ ਨੂੰ ਖੋਦਣ ਵਿਚ ਲੱਗਾ ਰਹਿੰਦਾ ਹੈ;+
ਉਸ ਦੀਆਂ ਗੱਲਾਂ ਲੂਹ ਦੇਣ ਵਾਲੀ ਅੱਗ ਵਰਗੀਆਂ ਹਨ।+
28 ਫ਼ਸਾਦੀ ਝਗੜੇ ਕਰਾਉਂਦਾ ਹੈ+
ਅਤੇ ਬਦਨਾਮ ਕਰਨ ਵਾਲਾ ਜਿਗਰੀ ਦੋਸਤਾਂ ਵਿਚ ਫੁੱਟ ਪਾ ਦਿੰਦਾ ਹੈ।+
29 ਜ਼ਾਲਮ ਆਦਮੀ ਆਪਣੇ ਗੁਆਂਢੀ ਨੂੰ ਫੁਸਲਾਉਂਦਾ ਹੈ
ਅਤੇ ਉਸ ਨੂੰ ਗ਼ਲਤ ਰਾਹ ਪਾ ਦਿੰਦਾ ਹੈ।
30 ਨੁਕਸਾਨ ਪਹੁੰਚਾਉਣ ਦੀ ਯੋਜਨਾ ਬਣਾਉਂਦੇ ਹੋਏ ਉਹ ਅੱਖ ਮਾਰਦਾ ਹੈ।
ਸਾਜ਼ਸ਼ ਨੂੰ ਨੇਪਰੇ ਚਾੜ੍ਹਦੇ ਹੋਏ ਉਹ ਆਪਣੇ ਬੁੱਲ੍ਹਾਂ ਨੂੰ ਘੁੱਟੀ ਰੱਖਦਾ ਹੈ।
31 ਨੇਕੀ ਦੇ ਰਾਹ ʼਤੇ ਚੱਲਣ ਵਾਲੇ ਲਈ+
ਧੌਲ਼ਾ ਸਿਰ ਸੁਹੱਪਣ ਦਾ ਮੁਕਟ ਹੈ।+
32 ਜਿਹੜਾ ਕ੍ਰੋਧ ਕਰਨ ਵਿਚ ਧੀਮਾ ਹੈ,+ ਉਹ ਸੂਰਬੀਰ ਨਾਲੋਂ
ਅਤੇ ਆਪਣੇ ਗੁੱਸੇ ʼਤੇ ਕਾਬੂ ਰੱਖਣ ਵਾਲਾ ਕਿਸੇ ਸ਼ਹਿਰ ਨੂੰ ਜਿੱਤਣ ਵਾਲੇ ਨਾਲੋਂ ਚੰਗਾ ਹੈ।+
33 ਬੁੱਕਲ ਵਿਚ ਗੁਣਾ ਪਾਇਆ ਜਾਂਦਾ ਹੈ,+
ਪਰ ਇਸ ਨਾਲ ਹੋਇਆ ਹਰ ਫ਼ੈਸਲਾ ਯਹੋਵਾਹ ਵੱਲੋਂ ਹੁੰਦਾ ਹੈ।+