ਯਿਰਮਿਯਾਹ
34 ਜਦੋਂ ਬਾਬਲ ਦਾ ਰਾਜਾ ਨਬੂਕਦਨੱਸਰ* ਅਤੇ ਉਸ ਦੀ ਸਾਰੀ ਫ਼ੌਜ ਅਤੇ ਉਸ ਦੀ ਹਕੂਮਤ ਅਧੀਨ ਧਰਤੀ ਦੇ ਸਾਰੇ ਰਾਜ ਅਤੇ ਦੇਸ਼ ਯਰੂਸ਼ਲਮ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਨਾਲ ਲੜ ਰਹੇ ਸਨ, ਤਾਂ ਉਦੋਂ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ:+
2 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਜਾਹ ਅਤੇ ਯਹੂਦਾਹ ਦੇ ਰਾਜੇ ਸਿਦਕੀਯਾਹ+ ਨਾਲ ਗੱਲ ਕਰ ਅਤੇ ਉਸ ਨੂੰ ਦੱਸ: “ਯਹੋਵਾਹ ਕਹਿੰਦਾ ਹੈ, ‘ਮੈਂ ਇਹ ਸ਼ਹਿਰ ਬਾਬਲ ਦੇ ਰਾਜੇ ਦੇ ਹੱਥ ਵਿਚ ਦੇਣ ਜਾ ਰਿਹਾ ਹਾਂ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟੇਗਾ।+ 3 ਤੂੰ ਉਸ ਦੇ ਹੱਥੋਂ ਨਹੀਂ ਬਚੇਂਗਾ। ਤੈਨੂੰ ਫੜ ਕੇ ਜ਼ਰੂਰ ਉਸ ਦੇ ਹੱਥ ਵਿਚ ਦਿੱਤਾ ਜਾਵੇਗਾ।+ ਤੈਨੂੰ ਬਾਬਲ ਦੇ ਰਾਜੇ ਦੇ ਸਾਮ੍ਹਣੇ ਪੇਸ਼ ਹੋ ਕੇ ਉਸ ਨਾਲ ਗੱਲ ਕਰਨੀ ਪਵੇਗੀ ਅਤੇ ਤੈਨੂੰ ਬਾਬਲ ਲਿਜਾਇਆ ਜਾਵੇਗਾ।’+ 4 ਪਰ ਹੇ ਯਹੂਦਾਹ ਦੇ ਰਾਜੇ ਸਿਦਕੀਯਾਹ, ਯਹੋਵਾਹ ਦਾ ਸੰਦੇਸ਼ ਸੁਣ, ‘ਯਹੋਵਾਹ ਤੇਰੇ ਬਾਰੇ ਕਹਿੰਦਾ ਹੈ: “ਤੂੰ ਤਲਵਾਰ ਨਾਲ ਨਹੀਂ ਮਰੇਂਗਾ, 5 ਸਗੋਂ ਤੂੰ ਸ਼ਾਂਤੀ ਨਾਲ ਮਰੇਂਗਾ।+ ਤੇਰੀ ਮੌਤ ਵੇਲੇ ਖ਼ੁਸ਼ਬੂਦਾਰ ਮਸਾਲੇ ਸਾੜੇ ਜਾਣਗੇ, ਜਿਵੇਂ ਤੇਰੇ ਤੋਂ ਪਹਿਲਾਂ ਰਾਜ ਕਰਨ ਵਾਲੇ ਤੇਰੇ ਪਿਉ-ਦਾਦਿਆਂ ਦੀ ਮੌਤ ਦੇ ਵੇਲੇ ਸਾੜੇ ਗਏ ਸਨ। ਉਹ ਸੋਗ ਮਨਾਉਂਦੇ ਹੋਏ ਕਹਿਣਗੇ, ‘ਹਾਇ! ਸਾਡੇ ਮਾਲਕ!’ ਇਹ ਜ਼ਰੂਰ ਹੋਵੇਗਾ ਕਿਉਂਕਿ ‘ਮੈਂ ਇਹ ਗੱਲ ਕਹੀ ਹੈ,’ ਯਹੋਵਾਹ ਕਹਿੰਦਾ ਹੈ।”’”’”
6 ਯਿਰਮਿਯਾਹ ਨਬੀ ਨੇ ਯਰੂਸ਼ਲਮ ਵਿਚ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਇਹ ਗੱਲਾਂ ਉਦੋਂ ਕਹੀਆਂ ਸਨ 7 ਜਦੋਂ ਬਾਬਲ ਦੇ ਰਾਜੇ ਦੀਆਂ ਫ਼ੌਜਾਂ ਨੇ ਯਰੂਸ਼ਲਮ ਉੱਤੇ ਅਤੇ ਯਹੂਦਾਹ ਦੇ ਬਚੇ ਹੋਏ ਸ਼ਹਿਰਾਂ+ ਲਾਕੀਸ਼+ ਅਤੇ ਅਜ਼ੇਕਾਹ+ ਉੱਤੇ ਹਮਲਾ ਕੀਤਾ ਹੋਇਆ ਸੀ। ਯਹੂਦਾਹ ਦੇ ਸਿਰਫ਼ ਇਨ੍ਹਾਂ ਕਿਲੇਬੰਦ ਸ਼ਹਿਰਾਂ ʼਤੇ ਅਜੇ ਕਬਜ਼ਾ ਨਹੀਂ ਕੀਤਾ ਗਿਆ ਸੀ।
8 ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਣ ਤੋਂ ਪਹਿਲਾਂ ਰਾਜਾ ਸਿਦਕੀਯਾਹ ਨੇ ਯਰੂਸ਼ਲਮ ਦੇ ਸਾਰੇ ਲੋਕਾਂ ਨਾਲ ਇਕਰਾਰ ਕਰ ਕੇ ਉਨ੍ਹਾਂ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ।+ 9 ਹਰ ਕਿਸੇ ਨੇ ਆਪਣੇ ਇਬਰਾਨੀ ਗ਼ੁਲਾਮਾਂ ਨੂੰ, ਚਾਹੇ ਉਹ ਆਦਮੀ ਹੋਵੇ ਜਾਂ ਔਰਤ, ਆਜ਼ਾਦ ਕਰਨਾ ਸੀ ਤਾਂਕਿ ਕੋਈ ਵੀ ਕਿਸੇ ਯਹੂਦੀ ਨੂੰ ਗ਼ੁਲਾਮ ਬਣਾ ਕੇ ਨਾ ਰੱਖੇ। 10 ਇਸ ਲਈ ਸਾਰੇ ਹਾਕਮਾਂ ਅਤੇ ਲੋਕਾਂ ਨੇ ਇਹ ਗੱਲ ਮੰਨੀ। ਉਨ੍ਹਾਂ ਨੇ ਇਕਰਾਰ ਕੀਤਾ ਕਿ ਹਰੇਕ ਜਣਾ ਆਪਣੇ ਗ਼ੁਲਾਮਾਂ ਨੂੰ, ਚਾਹੇ ਉਹ ਆਦਮੀ ਹੋਵੇ ਜਾਂ ਔਰਤ, ਆਜ਼ਾਦ ਕਰ ਦੇਵੇ ਅਤੇ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਨਾ ਰੱਖੇ। ਉਨ੍ਹਾਂ ਨੇ ਇਹ ਗੱਲ ਮੰਨੀ ਅਤੇ ਗ਼ੁਲਾਮਾਂ ਨੂੰ ਛੱਡ ਦਿੱਤਾ। 11 ਪਰ ਬਾਅਦ ਵਿਚ ਉਹ ਆਪਣੇ ਆਜ਼ਾਦ ਕੀਤੇ ਗ਼ੁਲਾਮਾਂ ਨੂੰ, ਚਾਹੇ ਉਹ ਆਦਮੀ ਹੋਵੇ ਜਾਂ ਔਰਤ, ਵਾਪਸ ਲੈ ਆਏ ਅਤੇ ਉਨ੍ਹਾਂ ਤੋਂ ਦੁਬਾਰਾ ਜ਼ਬਰਦਸਤੀ ਗ਼ੁਲਾਮੀ ਕਰਾਈ। 12 ਇਸ ਲਈ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਯਹੋਵਾਹ ਨੇ ਕਿਹਾ:
13 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ, ‘ਜਿਸ ਦਿਨ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ, ਉਸ ਦਿਨ ਮੈਂ ਉਨ੍ਹਾਂ ਨਾਲ ਇਕਰਾਰ ਕਰਦੇ ਹੋਏ ਕਿਹਾ ਸੀ:+ 14 “ਜਦੋਂ ਤੇਰਾ ਕੋਈ ਇਬਰਾਨੀ ਭਰਾ ਤੇਰੇ ਕੋਲ ਆਪਣੇ ਆਪ ਨੂੰ ਵੇਚ ਦਿੰਦਾ ਹੈ ਅਤੇ ਉਹ ਛੇ ਸਾਲ ਤੇਰੀ ਸੇਵਾ ਕਰਦਾ ਹੈ, ਤਾਂ ਤੂੰ ਉਸ ਨੂੰ ਸੱਤਵੇਂ ਸਾਲ* ਆਜ਼ਾਦ ਕਰ ਦੇਈਂ; ਤੂੰ ਉਸ ਨੂੰ ਜ਼ਰੂਰ ਆਜ਼ਾਦ ਕਰ ਦੇਈਂ।”+ ਪਰ ਤੁਹਾਡੇ ਪਿਉ-ਦਾਦਿਆਂ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਨਾ ਹੀ ਮੇਰੀ ਗੱਲ ਵੱਲ ਕੰਨ ਲਾਇਆ। 15 ਕੁਝ ਸਮਾਂ ਪਹਿਲਾਂ* ਤੁਸੀਂ ਆਪਣੇ ਆਪ ਨੂੰ ਬਦਲਿਆ ਅਤੇ ਆਪਣੇ ਗੁਆਂਢੀਆਂ ਨੂੰ ਆਜ਼ਾਦ ਕਰਨ ਦਾ ਐਲਾਨ ਕੀਤਾ ਜੋ ਮੇਰੀਆਂ ਨਜ਼ਰਾਂ ਵਿਚ ਸਹੀ ਸੀ। ਅਤੇ ਤੁਸੀਂ ਮੇਰੇ ਸਾਮ੍ਹਣੇ ਉਸ ਘਰ ਵਿਚ ਇਕਰਾਰ ਕੀਤਾ ਜਿਸ ਨਾਲ ਮੇਰਾ ਨਾਂ ਜੁੜਿਆ ਹੋਇਆ ਹੈ। 16 ਪਰ ਫਿਰ ਤੁਸੀਂ ਬਦਲ ਗਏ ਅਤੇ ਜਿਨ੍ਹਾਂ ਆਦਮੀਆਂ ਤੇ ਔਰਤਾਂ ਦੀ ਇੱਛਾ ਪੂਰੀ ਕਰਦੇ ਹੋਏ ਤੁਸੀਂ ਉਨ੍ਹਾਂ ਨੂੰ ਗ਼ੁਲਾਮੀ ਤੋਂ ਆਜ਼ਾਦ ਕੀਤਾ ਸੀ, ਉਨ੍ਹਾਂ ਨੂੰ ਵਾਪਸ ਲੈ ਆਏ ਅਤੇ ਉਨ੍ਹਾਂ ਤੋਂ ਦੁਬਾਰਾ ਜ਼ਬਰਦਸਤੀ ਗ਼ੁਲਾਮੀ ਕਰਾਈ। ਇਸ ਤਰ੍ਹਾਂ ਕਰ ਕੇ ਤੁਸੀਂ ਮੇਰੇ ਨਾਂ ਨੂੰ ਪਲੀਤ ਕੀਤਾ।’+
17 “ਇਸ ਲਈ ਯਹੋਵਾਹ ਕਹਿੰਦਾ ਹੈ: ‘ਤੁਸੀਂ ਮੇਰੀ ਗੱਲ ਨਹੀਂ ਸੁਣੀ ਕਿ ਹਰੇਕ ਜਣਾ ਆਪਣੇ ਭਰਾ ਅਤੇ ਗੁਆਂਢੀ ਨੂੰ ਆਜ਼ਾਦ ਕਰ ਦੇਵੇ।+ ਇਸ ਲਈ ਹੁਣ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ ਜਦੋਂ ਤਲਵਾਰ, ਮਹਾਂਮਾਰੀ* ਅਤੇ ਕਾਲ਼ ਨਾਲ ਤੁਹਾਡੀ ਮੌਤ ਹੋਵੇਗੀ।+ ਮੈਂ ਤੁਹਾਡਾ ਇੰਨਾ ਬੁਰਾ ਹਸ਼ਰ ਕਰਾਂਗਾ ਕਿ ਧਰਤੀ ਦੇ ਸਾਰੇ ਰਾਜ ਖ਼ੌਫ਼ ਖਾਣਗੇ,’+ ਯਹੋਵਾਹ ਕਹਿੰਦਾ ਹੈ। 18 ‘ਮੈਂ ਉਨ੍ਹਾਂ ਆਦਮੀਆਂ ਨਾਲ ਇਸ ਤਰ੍ਹਾਂ ਕਰਾਂਗਾ ਜਿਨ੍ਹਾਂ ਨੇ ਇਕਰਾਰ ਦੀਆਂ ਗੱਲਾਂ ਦੀ ਪਾਲਣਾ ਨਾ ਕਰ ਕੇ ਮੇਰੇ ਇਕਰਾਰ ਦੀ ਉਲੰਘਣਾ ਕੀਤੀ। ਉਨ੍ਹਾਂ ਨੇ ਮੇਰੇ ਸਾਮ੍ਹਣੇ ਇਹ ਇਕਰਾਰ ਕਰਨ ਵੇਲੇ ਵੱਛੇ ਦੇ ਦੋ ਟੁਕੜੇ ਕੀਤੇ ਸਨ ਅਤੇ ਉਨ੍ਹਾਂ ਦੇ ਵਿੱਚੋਂ ਦੀ ਲੰਘੇ ਸਨ।*+ 19 ਹਾਂ, ਮੈਂ ਯਹੂਦਾਹ ਦੇ ਹਾਕਮਾਂ, ਯਰੂਸ਼ਲਮ ਦੇ ਹਾਕਮਾਂ, ਦਰਬਾਰੀਆਂ, ਪੁਜਾਰੀਆਂ ਅਤੇ ਦੇਸ਼ ਦੇ ਸਾਰੇ ਲੋਕਾਂ ਨਾਲ ਇਸ ਤਰ੍ਹਾਂ ਕਰਾਂਗਾ ਜਿਹੜੇ ਵੱਛੇ ਦੇ ਦੋ ਟੁਕੜਿਆਂ ਵਿੱਚੋਂ ਦੀ ਲੰਘੇ ਸਨ: 20 ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ ਜੋ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਹਨ। ਉਨ੍ਹਾਂ ਦੀਆਂ ਲਾਸ਼ਾਂ ਨੂੰ ਆਕਾਸ਼ ਦੇ ਪੰਛੀ ਅਤੇ ਧਰਤੀ ਦੇ ਜਾਨਵਰ ਖਾਣਗੇ।+ 21 ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਉਸ ਦੇ ਹਾਕਮਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ ਜੋ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਹਨ ਅਤੇ ਬਾਬਲ ਦੇ ਰਾਜੇ ਦੀਆਂ ਫ਼ੌਜਾਂ ਦੇ ਹੱਥਾਂ ਵਿਚ ਦੇ ਦਿਆਂਗਾ+ ਜੋ ਤੁਹਾਡੇ ਨਾਲ ਲੜਨਾ ਛੱਡ ਕੇ ਵਾਪਸ ਜਾ ਰਹੇ ਹਨ।’+
22 “‘ਪਰ ਮੈਂ ਉਨ੍ਹਾਂ ਨੂੰ ਹੁਕਮ ਦਿਆਂਗਾ,’ ਯਹੋਵਾਹ ਕਹਿੰਦਾ ਹੈ, ‘ਅਤੇ ਮੈਂ ਉਨ੍ਹਾਂ ਨੂੰ ਇਸ ਸ਼ਹਿਰ ਦੇ ਖ਼ਿਲਾਫ਼ ਵਾਪਸ ਲੈ ਆਵਾਂਗਾ ਅਤੇ ਉਹ ਹਮਲਾ ਕਰ ਕੇ ਇਸ ʼਤੇ ਕਬਜ਼ਾ ਕਰ ਲੈਣਗੇ ਅਤੇ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ।+ ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵੀਰਾਨ ਕਰ ਦਿਆਂਗਾ ਅਤੇ ਇੱਥੇ ਕੋਈ ਨਹੀਂ ਵੱਸੇਗਾ।’”+