ਦਾਨੀਏਲ
3 ਰਾਜਾ ਨਬੂਕਦਨੱਸਰ ਨੇ ਸੋਨੇ ਦੀ ਇਕ ਮੂਰਤ ਬਣਵਾਈ ਜੋ 60 ਹੱਥ* ਉੱਚੀ ਅਤੇ 6 ਹੱਥ* ਚੌੜੀ ਸੀ। ਉਸ ਨੇ ਇਹ ਮੂਰਤ ਬਾਬਲ ਜ਼ਿਲ੍ਹੇ ਵਿਚ ਦੂਰਾ ਦੇ ਮੈਦਾਨੀ ਇਲਾਕੇ ਵਿਚ ਖੜ੍ਹੀ ਕਰਾਈ। 2 ਫਿਰ ਰਾਜਾ ਨਬੂਕਦਨੱਸਰ ਨੇ ਸੂਬੇਦਾਰਾਂ, ਨਿਗਰਾਨਾਂ, ਰਾਜਪਾਲਾਂ, ਸਲਾਹਕਾਰਾਂ, ਖ਼ਜ਼ਾਨਚੀਆਂ, ਨਿਆਂਕਾਰਾਂ, ਸਹਾਇਕ ਨਿਆਂਕਾਰਾਂ ਅਤੇ ਜ਼ਿਲ੍ਹਿਆਂ ਦੇ ਸਾਰੇ ਅਧਿਕਾਰੀਆਂ ਨੂੰ ਖ਼ਬਰ ਭੇਜੀ ਕਿ ਉਹ ਰਾਜਾ ਨਬੂਕਦਨੱਸਰ ਦੁਆਰਾ ਖੜ੍ਹੀ ਕਰਾਈ ਉਸ ਮੂਰਤ ਦੇ ਉਦਘਾਟਨ ʼਤੇ ਇਕੱਠੇ ਹੋਣ।
3 ਇਸ ਲਈ ਸੂਬੇਦਾਰ, ਨਿਗਰਾਨ, ਰਾਜਪਾਲ, ਸਲਾਹਕਾਰ, ਖ਼ਜ਼ਾਨਚੀ, ਨਿਆਂਕਾਰ, ਸਹਾਇਕ ਨਿਆਂਕਾਰ ਅਤੇ ਜ਼ਿਲ੍ਹਿਆਂ ਦੇ ਸਾਰੇ ਅਧਿਕਾਰੀ ਰਾਜਾ ਨਬੂਕਦਨੱਸਰ ਵੱਲੋਂ ਖੜ੍ਹੀ ਕਰਾਈ ਮੂਰਤ ਦੇ ਉਦਘਾਟਨ ʼਤੇ ਇਕੱਠੇ ਹੋਏ। ਉਹ ਉਸ ਮੂਰਤ ਦੇ ਸਾਮ੍ਹਣੇ ਖੜ੍ਹੇ ਹੋਏ ਜੋ ਰਾਜਾ ਨਬੂਕਦਨੱਸਰ ਨੇ ਸਥਾਪਿਤ ਕਰਾਈ ਸੀ। 4 ਤਦ ਹੋਕਾ ਦੇਣ ਵਾਲੇ ਆਦਮੀ ਨੇ ਉੱਚੀ ਆਵਾਜ਼ ਵਿਚ ਐਲਾਨ ਕੀਤਾ: “ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕੋ, ਤੁਹਾਨੂੰ ਹੁਕਮ ਦਿੱਤਾ ਜਾਂਦਾ ਹੈ ਕਿ 5 ਜਦ ਤੁਸੀਂ ਨਰਸਿੰਗੇ, ਬੰਸਰੀ, ਰਬਾਬ, ਤਾਰਾਂ ਵਾਲੇ ਹੋਰ ਸਾਜ਼ਾਂ, ਮਸ਼ਕਬੀਨ ਅਤੇ ਹੋਰ ਸਾਜ਼ਾਂ ਦੀ ਆਵਾਜ਼ ਸੁਣੋ, ਤਾਂ ਤੁਸੀਂ ਜ਼ਮੀਨ ʼਤੇ ਸਿਰ ਨਿਵਾ ਕੇ ਸੋਨੇ ਦੀ ਮੂਰਤ ਦੇ ਅੱਗੇ ਮੱਥਾ ਟੇਕੋ ਜੋ ਰਾਜਾ ਨਬੂਕਦਨੱਸਰ ਨੇ ਖੜ੍ਹੀ ਕਰਾਈ ਹੈ। 6 ਜਿਹੜਾ ਵੀ ਮੂਰਤ ਦੇ ਅੱਗੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਨਹੀਂ ਟੇਕੇਗਾ, ਉਸ ਨੂੰ ਫ਼ੌਰਨ ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਜਾਵੇਗਾ।”+ 7 ਇਸ ਲਈ ਜਦ ਸਾਰੇ ਲੋਕਾਂ ਨੇ ਨਰਸਿੰਗੇ, ਬੰਸਰੀ, ਰਬਾਬ, ਤਾਰਾਂ ਵਾਲੇ ਸਾਜ਼ਾਂ ਅਤੇ ਹੋਰ ਸਾਜ਼ਾਂ ਦੀ ਆਵਾਜ਼ ਸੁਣੀ, ਤਾਂ ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਸਾਰੇ ਲੋਕਾਂ ਨੇ ਸੋਨੇ ਦੀ ਮੂਰਤ ਅੱਗੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਟੇਕਿਆ ਜੋ ਰਾਜਾ ਨਬੂਕਦਨੱਸਰ ਨੇ ਖੜ੍ਹੀ ਕਰਾਈ ਸੀ।
8 ਉਸ ਸਮੇਂ ਕੁਝ ਕਸਦੀਆਂ ਨੇ ਰਾਜੇ ਦੇ ਕੋਲ ਆ ਕੇ ਯਹੂਦੀਆਂ ʼਤੇ ਇਲਜ਼ਾਮ ਲਾਇਆ।* 9 ਉਨ੍ਹਾਂ ਨੇ ਰਾਜਾ ਨਬੂਕਦਨੱਸਰ ਨੂੰ ਕਿਹਾ: “ਹੇ ਮਹਾਰਾਜ, ਤੂੰ ਯੁਗੋ-ਯੁਗ ਜੀਉਂਦਾ ਰਹੇਂ। 10 ਹੇ ਮਹਾਰਾਜ, ਤੂੰ ਹੁਕਮ ਦਿੱਤਾ ਸੀ ਕਿ ਹਰ ਇਨਸਾਨ ਨਰਸਿੰਗੇ, ਬੰਸਰੀ, ਰਬਾਬ, ਤਾਰਾਂ ਵਾਲੇ ਹੋਰ ਸਾਜ਼ਾਂ, ਮਸ਼ਕਬੀਨ ਅਤੇ ਹੋਰ ਸਾਜ਼ਾਂ ਦੀ ਆਵਾਜ਼ ਸੁਣ ਕੇ ਸੋਨੇ ਦੀ ਮੂਰਤ ਅੱਗੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਟੇਕੇ 11 ਅਤੇ ਜਿਹੜਾ ਵੀ ਮੂਰਤ ਦੇ ਅੱਗੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਨਹੀਂ ਟੇਕੇਗਾ, ਉਸ ਨੂੰ ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਜਾਵੇਗਾ।+ 12 ਪਰ ਸ਼ਦਰਕ, ਮੇਸ਼ਕ ਅਤੇ ਅਬਦਨਗੋ ਨਾਂ ਦੇ ਯਹੂਦੀਆਂ ਨੇ ਤੇਰੀ ਗੱਲ ਨਹੀਂ ਮੰਨੀ ਜਿਨ੍ਹਾਂ ਨੂੰ ਤੂੰ ਬਾਬਲ ਜ਼ਿਲ੍ਹੇ ਦਾ ਪ੍ਰਬੰਧ ਸੌਂਪਿਆ ਹੈ।+ ਉਹ ਤੇਰੇ ਦੇਵਤਿਆਂ ਦੀ ਭਗਤੀ ਨਹੀਂ ਕਰਦੇ ਅਤੇ ਉਨ੍ਹਾਂ ਨੇ ਤੇਰੇ ਵੱਲੋਂ ਖੜ੍ਹੀ ਕਰਾਈ ਸੋਨੇ ਦੀ ਮੂਰਤ ਅੱਗੇ ਮੱਥਾ ਟੇਕਣ ਤੋਂ ਇਨਕਾਰ ਕਰ ਦਿੱਤਾ ਹੈ।”
13 ਇਹ ਸੁਣ ਕੇ ਨਬੂਕਦਨੱਸਰ ਦਾ ਖ਼ੂਨ ਖੌਲ ਉੱਠਿਆ ਅਤੇ ਉਸ ਨੇ ਹੁਕਮ ਦਿੱਤਾ ਕਿ ਸ਼ਦਰਕ, ਮੇਸ਼ਕ ਅਤੇ ਅਬਦਨਗੋ ਨੂੰ ਉਸ ਦੇ ਸਾਮ੍ਹਣੇ ਪੇਸ਼ ਕੀਤਾ ਜਾਵੇ। ਫਿਰ ਉਨ੍ਹਾਂ ਆਦਮੀਆਂ ਨੂੰ ਰਾਜੇ ਦੇ ਸਾਮ੍ਹਣੇ ਲਿਆਂਦਾ ਗਿਆ। 14 ਨਬੂਕਦਨੱਸਰ ਨੇ ਉਨ੍ਹਾਂ ਨੂੰ ਕਿਹਾ: “ਸ਼ਦਰਕ, ਮੇਸ਼ਕ ਅਤੇ ਅਬਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਿਆਂ ਦੀ ਭਗਤੀ ਨਹੀਂ ਕਰਦੇ+ ਅਤੇ ਤੁਸੀਂ ਮੇਰੇ ਦੁਆਰਾ ਖੜ੍ਹੀ ਕਰਾਈ ਸੋਨੇ ਦੀ ਮੂਰਤ ਅੱਗੇ ਮੱਥਾ ਟੇਕਣ ਤੋਂ ਇਨਕਾਰ ਕੀਤਾ ਹੈ? 15 ਹੁਣ ਜੇ ਤੁਸੀਂ ਨਰਸਿੰਗੇ, ਬੰਸਰੀ, ਰਬਾਬ, ਤਾਰਾਂ ਵਾਲੇ ਹੋਰ ਸਾਜ਼ਾਂ, ਮਸ਼ਕਬੀਨ ਅਤੇ ਹੋਰ ਸਾਜ਼ਾਂ ਦੀ ਆਵਾਜ਼ ਸੁਣ ਕੇ ਮੂਰਤ ਦੇ ਸਾਮ੍ਹਣੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਟੇਕੋਗੇ, ਤਾਂ ਵਧੀਆ ਹੋਵੇਗਾ। ਪਰ ਜੇ ਤੁਸੀਂ ਮੱਥਾ ਨਹੀਂ ਟੇਕੋਗੇ, ਤਾਂ ਤੁਹਾਨੂੰ ਫ਼ੌਰਨ ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਜਾਵੇਗਾ। ਉਹ ਕਿਹੜਾ ਦੇਵਤਾ ਹੈ ਜੋ ਤੁਹਾਨੂੰ ਮੇਰੇ ਹੱਥੋਂ ਛੁਡਾ ਸਕਦਾ?”+
16 ਸ਼ਦਰਕ, ਮੇਸ਼ਕ ਅਤੇ ਅਬਦਨਗੋ ਨੇ ਰਾਜੇ ਨੂੰ ਜਵਾਬ ਦਿੱਤਾ: “ਹੇ ਨਬੂਕਦਨੱਸਰ, ਅਸੀਂ ਤੈਨੂੰ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। 17 ਜੇ ਸਾਨੂੰ ਬਲ਼ਦੀ ਹੋਈ ਭੱਠੀ ਵਿਚ ਸੁੱਟਿਆ ਗਿਆ, ਤਾਂ ਹੇ ਮਹਾਰਾਜ, ਜਿਸ ਪਰਮੇਸ਼ੁਰ ਦੀ ਅਸੀਂ ਸੇਵਾ ਕਰਦੇ ਹਾਂ, ਉਹ ਸਾਨੂੰ ਭੱਠੀ ਦੀ ਅੱਗ ਤੋਂ ਬਚਾਉਣ ਅਤੇ ਤੇਰੇ ਹੱਥੋਂ ਛੁਡਾਉਣ ਦੀ ਤਾਕਤ ਰੱਖਦਾ ਹੈ।+ 18 ਪਰ ਜੇ ਉਹ ਸਾਨੂੰ ਨਹੀਂ ਵੀ ਛੁਡਾਉਂਦਾ, ਤਾਂ ਵੀ ਹੇ ਮਹਾਰਾਜ, ਤੂੰ ਜਾਣ ਲੈ ਕਿ ਅਸੀਂ ਨਾ ਤਾਂ ਤੇਰੇ ਦੇਵਤਿਆਂ ਦੀ ਭਗਤੀ ਕਰਾਂਗੇ ਅਤੇ ਨਾ ਹੀ ਇਸ ਸੋਨੇ ਦੀ ਮੂਰਤ ਅੱਗੇ ਮੱਥਾ ਟੇਕਾਂਗੇ ਜੋ ਤੂੰ ਖੜ੍ਹੀ ਕਰਾਈ ਹੈ।”+
19 ਫਿਰ ਨਬੂਕਦਨੱਸਰ ਦਾ ਗੁੱਸਾ ਸ਼ਦਰਕ, ਮੇਸ਼ਕ ਅਤੇ ਅਬਦਨਗੋ ʼਤੇ ਇੰਨਾ ਭੜਕ ਉੱਠਿਆ ਕਿ ਉਸ ਦੇ ਚਿਹਰੇ ਦੇ ਹਾਵ-ਭਾਵ ਬਦਲ ਗਏ* ਅਤੇ ਉਸ ਨੇ ਹੁਕਮ ਦਿੱਤਾ ਕਿ ਭੱਠੀ ਦੀ ਅੱਗ ਹੋਰ ਸੱਤ ਗੁਣਾ ਤੇਜ਼ ਕਰ ਦਿੱਤੀ ਜਾਵੇ। 20 ਉਸ ਨੇ ਆਪਣੀ ਫ਼ੌਜ ਦੇ ਕੁਝ ਤਾਕਤਵਰ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਹ ਸ਼ਦਰਕ, ਮੇਸ਼ਕ ਅਤੇ ਅਬਦਨਗੋ ਨੂੰ ਬੰਨ੍ਹ ਕੇ ਬਲ਼ਦੀ ਹੋਈ ਭੱਠੀ ਵਿਚ ਸੁੱਟ ਦੇਣ।
21 ਇਸ ਲਈ ਇਨ੍ਹਾਂ ਤਿੰਨਾਂ ਨੂੰ ਇਨ੍ਹਾਂ ਦੇ ਚੋਗਿਆਂ, ਕੁੜਤਿਆਂ, ਟੋਪੀਆਂ ਅਤੇ ਹੋਰ ਕੱਪੜਿਆਂ ਸਮੇਤ ਬੰਨ੍ਹ ਕੇ ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਗਿਆ। 22 ਰਾਜੇ ਦਾ ਹੁਕਮ ਇੰਨਾ ਸਖ਼ਤ ਸੀ ਅਤੇ ਭੱਠੀ ਦੀ ਅੱਗ ਇੰਨੀ ਤੇਜ਼ ਸੀ ਕਿ ਸ਼ਦਰਕ, ਮੇਸ਼ਕ ਅਤੇ ਅਬਦਨਗੋ ਨੂੰ ਚੁੱਕ ਕੇ ਲਿਜਾਣ ਵਾਲੇ ਆਦਮੀ ਹੀ ਅੱਗ ਦੀ ਲਪੇਟ ਵਿਚ ਆ ਕੇ ਮਰ ਗਏ। 23 ਪਰ ਸ਼ਦਰਕ, ਮੇਸ਼ਕ ਅਤੇ ਅਬਦਨਗੋ ਤਿੰਨੇ ਬੱਝੇ ਹੋਏ ਬਲ਼ਦੀ ਹੋਈ ਭੱਠੀ ਵਿਚ ਡਿਗ ਗਏ।
24 ਫਿਰ ਰਾਜਾ ਨਬੂਕਦਨੱਸਰ ਬਹੁਤ ਜ਼ਿਆਦਾ ਡਰ ਗਿਆ। ਉਹ ਫਟਾਫਟ ਉੱਠਿਆ ਅਤੇ ਉਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਪੁੱਛਿਆ: “ਕੀ ਅਸੀਂ ਤਿੰਨ ਆਦਮੀਆਂ ਨੂੰ ਬੰਨ੍ਹ ਕੇ ਭੱਠੀ ਵਿਚ ਨਹੀਂ ਸੁੱਟਿਆ ਸੀ?” ਉਨ੍ਹਾਂ ਨੇ ਰਾਜੇ ਨੂੰ ਜਵਾਬ ਵਿਚ ਕਿਹਾ: “ਜੀ ਮਹਾਰਾਜ।” 25 ਰਾਜੇ ਨੇ ਕਿਹਾ: “ਦੇਖੋ! ਮੈਨੂੰ ਅੱਗ ਵਿਚ ਚਾਰ ਆਦਮੀ ਖੁੱਲ੍ਹੇ ਘੁੰਮਦੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਤੇ ਚੌਥਾ ਆਦਮੀ ਦੇਵਤੇ ਵਰਗਾ ਲੱਗ ਰਿਹਾ ਹੈ।”
26 ਫਿਰ ਰਾਜਾ ਨਬੂਕਦਨੱਸਰ ਨੇ ਬਲ਼ਦੀ ਹੋਈ ਭੱਠੀ ਦੇ ਦਰਵਾਜ਼ੇ ਕੋਲ ਜਾ ਕੇ ਉਨ੍ਹਾਂ ਨੂੰ ਆਵਾਜ਼ ਮਾਰੀ: “ਅੱਤ ਮਹਾਨ ਪਰਮੇਸ਼ੁਰ ਦੇ ਸੇਵਕੋ,+ ਸ਼ਦਰਕ, ਮੇਸ਼ਕ ਅਤੇ ਅਬਦਨਗੋ, ਬਾਹਰ ਆ ਜਾਓ! ਸ਼ਦਰਕ, ਮੇਸ਼ਕ ਅਤੇ ਅਬਦਨਗੋ ਅੱਗ ਵਿੱਚੋਂ ਬਾਹਰ ਨਿਕਲ ਆਏ। 27 ਉੱਥੇ ਹਾਜ਼ਰ ਸੂਬੇਦਾਰਾਂ, ਨਿਗਰਾਨਾਂ, ਰਾਜਪਾਲਾਂ ਅਤੇ ਰਾਜੇ ਦੇ ਉੱਚ ਅਧਿਕਾਰੀਆਂ+ ਨੇ ਦੇਖਿਆ ਕਿ ਉਨ੍ਹਾਂ ਆਦਮੀਆਂ ਦੇ ਸਰੀਰ ਜ਼ਰਾ ਵੀ ਝੁਲ਼ਸੇ ਨਹੀਂ ਸਨ,*+ ਇੱਥੋਂ ਤਕ ਕਿ ਉਨ੍ਹਾਂ ਦੇ ਸਿਰ ਦਾ ਇਕ ਵੀ ਵਾਲ਼ ਨਹੀਂ ਝੁਲ਼ਸਿਆ ਸੀ ਅਤੇ ਨਾ ਤਾਂ ਉਨ੍ਹਾਂ ਦੇ ਚੋਗੇ ਸੜੇ ਸਨ ਅਤੇ ਨਾ ਹੀ ਉਨ੍ਹਾਂ ਤੋਂ ਅੱਗ ਦੇ ਜਲ਼ਣ ਦੀ ਬੋ ਆ ਰਹੀ ਸੀ।
28 ਫਿਰ ਨਬੂਕਦਨੱਸਰ ਨੇ ਐਲਾਨ ਕੀਤਾ: “ਸ਼ਦਰਕ, ਮੇਸ਼ਕ ਅਤੇ ਅਬਦਨਗੋ ਦੇ ਪਰਮੇਸ਼ੁਰ ਦੀ ਮਹਿਮਾ ਹੋਵੇ+ ਜਿਸ ਨੇ ਆਪਣਾ ਦੂਤ ਭੇਜ ਕੇ ਆਪਣੇ ਸੇਵਕਾਂ ਨੂੰ ਬਚਾਇਆ। ਉਨ੍ਹਾਂ ਨੇ ਉਸ ʼਤੇ ਭਰੋਸਾ ਰੱਖਿਆ ਅਤੇ ਰਾਜੇ ਦਾ ਹੁਕਮ ਨਹੀਂ ਮੰਨਿਆ। ਉਹ ਆਪਣੇ ਪਰਮੇਸ਼ੁਰ ਤੋਂ ਸਿਵਾਇ ਕਿਸੇ ਹੋਰ ਦੇਵਤੇ ਦੀ ਭਗਤੀ ਕਰਨ ਜਾਂ ਉਸ ਨੂੰ ਮੱਥਾ ਟੇਕਣ ਦੀ ਬਜਾਇ ਮਰਨ ਲਈ ਤਿਆਰ ਸਨ।*+ 29 ਇਸ ਲਈ ਮੈਂ ਇਹ ਫ਼ਰਮਾਨ ਜਾਰੀ ਕਰਦਾ ਹਾਂ ਕਿ ਜੇ ਕਿਸੇ ਵੀ ਕੌਮ ਜਾਂ ਭਾਸ਼ਾ ਦੇ ਲੋਕਾਂ ਨੇ ਸ਼ਦਰਕ, ਮੇਸ਼ਕ ਅਤੇ ਅਬਦਨਗੋ ਦੇ ਪਰਮੇਸ਼ੁਰ ਦੇ ਖ਼ਿਲਾਫ਼ ਕੁਝ ਕਿਹਾ, ਤਾਂ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ ਜਾਣਗੇ ਅਤੇ ਉਨ੍ਹਾਂ ਦੇ ਘਰ ਲੋਕਾਂ ਲਈ ਪਖਾਨੇ* ਬਣਾ ਦਿੱਤੇ ਜਾਣਗੇ ਕਿਉਂਕਿ ਅਜਿਹਾ ਕੋਈ ਦੇਵਤਾ ਨਹੀਂ ਜੋ ਇਸ ਤਰ੍ਹਾਂ ਬਚਾਉਣ ਦੀ ਤਾਕਤ ਰੱਖਦਾ ਹੋਵੇ।”+
30 ਫਿਰ ਰਾਜੇ ਨੇ ਸ਼ਦਰਕ, ਮੇਸ਼ਕ ਅਤੇ ਅਬਦਨਗੋ ਨੂੰ ਬਾਬਲ ਜ਼ਿਲ੍ਹੇ ਵਿਚ ਹੋਰ ਵੀ ਉੱਚੇ ਅਹੁਦੇ ਦਿੱਤੇ।+