ਉਪਦੇਸ਼ਕ ਦੀ ਕਿਤਾਬ
5 ਤੂੰ ਜਦੋਂ ਵੀ ਸੱਚੇ ਪਰਮੇਸ਼ੁਰ ਦੇ ਘਰ ਜਾਵੇਂ, ਤਾਂ ਧਿਆਨ ਨਾਲ ਕਦਮ ਰੱਖ।+ ਤੂੰ ਉੱਥੇ ਮੂਰਖਾਂ ਵਾਂਗ ਬਲ਼ੀ ਚੜ੍ਹਾਉਣ ਲਈ ਨਹੀਂ,+ ਸਗੋਂ ਸੁਣਨ ਲਈ ਜਾਹ+ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਉਹ ਜੋ ਕਰ ਰਹੇ ਹਨ, ਬੁਰਾ ਕਰ ਰਹੇ ਹਨ।
2 ਤੂੰ ਬੋਲਣ ਵਿਚ ਕਾਹਲੀ ਨਾ ਕਰ ਅਤੇ ਨਾ ਹੀ ਸੱਚੇ ਪਰਮੇਸ਼ੁਰ ਸਾਮ੍ਹਣੇ ਜੋ ਵੀ ਮਨ ਵਿਚ ਆਇਆ ਬੋਲ+ ਕਿਉਂਕਿ ਸੱਚਾ ਪਰਮੇਸ਼ੁਰ ਸਵਰਗ ਵਿਚ ਹੈ, ਪਰ ਤੂੰ ਧਰਤੀ ʼਤੇ ਹੈਂ। ਇਸ ਲਈ ਤੂੰ ਜ਼ਰੂਰਤ ਤੋਂ ਜ਼ਿਆਦਾ ਨਾ ਬੋਲ।+ 3 ਮਨ ਵਿਚ ਬਹੁਤੀਆਂ ਗੱਲਾਂ* ਹੋਣ ਕਰਕੇ ਸੁਪਨੇ ਆਉਂਦੇ ਹਨ,+ ਮੂਰਖ ਦੀਆਂ ਬਹੁਤੀਆਂ ਗੱਲਾਂ ਤੋਂ ਉਸ ਦੀ ਮੂਰਖਤਾ ਜ਼ਾਹਰ ਹੁੰਦੀ ਹੈ।+ 4 ਜਦੋਂ ਤੂੰ ਪਰਮੇਸ਼ੁਰ ਅੱਗੇ ਕੋਈ ਸੁੱਖਣਾ ਸੁੱਖੇਂ, ਤਾਂ ਉਸ ਨੂੰ ਪੂਰਾ ਕਰਨ ਵਿਚ ਦੇਰ ਨਾ ਲਾਈਂ+ ਕਿਉਂਕਿ ਉਹ ਮੂਰਖਾਂ ਤੋਂ ਖ਼ੁਸ਼ ਨਹੀਂ ਹੁੰਦਾ।+ ਤੂੰ ਜੋ ਵੀ ਸੁੱਖਣਾ ਸੁੱਖਦਾ ਹੈਂ, ਉਸ ਨੂੰ ਪੂਰਾ ਕਰ।+ 5 ਸੁੱਖਣਾ ਸੁੱਖ ਕੇ ਪੂਰੀ ਨਾ ਕਰਨ ਨਾਲੋਂ ਚੰਗਾ ਹੈ ਕਿ ਤੂੰ ਸੁੱਖਣਾ ਸੁੱਖੇਂ ਹੀ ਨਾ।+ 6 ਤੂੰ ਆਪਣੀ ਜ਼ਬਾਨ ਨਾਲ ਪਾਪ ਨਾ ਕਰ+ ਅਤੇ ਦੂਤ* ਸਾਮ੍ਹਣੇ ਇਹ ਨਾ ਕਹਿ ਕਿ ਮੇਰੇ ਤੋਂ ਗ਼ਲਤੀ ਹੋ ਗਈ।+ ਨਹੀਂ ਤਾਂ ਤੇਰੀਆਂ ਗੱਲਾਂ ਕਰਕੇ ਸੱਚੇ ਪਰਮੇਸ਼ੁਰ ਦਾ ਗੁੱਸਾ ਭੜਕੇਗਾ ਅਤੇ ਉਹ ਤੇਰੇ ਹੱਥਾਂ ਦੇ ਕੰਮਾਂ ਨੂੰ ਤਬਾਹ ਕਰ ਦੇਵੇਗਾ।+ 7 ਠੀਕ ਜਿਵੇਂ ਮਨ ਵਿਚ ਬਹੁਤੀਆਂ ਗੱਲਾਂ ਹੋਣ ਕਰਕੇ ਸੁਪਨੇ ਆਉਂਦੇ ਹਨ,+ ਉਸੇ ਤਰ੍ਹਾਂ ਬਹੁਤੀਆਂ ਗੱਲਾਂ ਵੀ ਵਿਅਰਥ ਸਾਬਤ ਹੁੰਦੀਆਂ ਹਨ। ਪਰ ਤੂੰ ਸੱਚੇ ਪਰਮੇਸ਼ੁਰ ਦਾ ਡਰ ਮੰਨ।+
8 ਜੇ ਤੂੰ ਆਪਣੇ ਜ਼ਿਲ੍ਹੇ ਵਿਚ ਕਿਸੇ ਉੱਚ ਅਧਿਕਾਰੀ ਨੂੰ ਗ਼ਰੀਬਾਂ ਉੱਤੇ ਅਤਿਆਚਾਰ ਕਰਦਾ ਅਤੇ ਨਿਆਂ ਤੇ ਸੱਚਾਈ ਨੂੰ ਆਪਣੇ ਪੈਰਾਂ ਹੇਠ ਮਿੱਧਦਾ ਦੇਖਦਾ ਹੈਂ, ਤਾਂ ਇਸ ਗੱਲ ਕਰਕੇ ਹੈਰਾਨ ਨਾ ਹੋ।+ ਉਸ ਉੱਚ ਅਧਿਕਾਰੀ ਦੇ ਉੱਪਰ ਵੀ ਕੋਈ ਹੈ ਜੋ ਉਸ ਉੱਤੇ ਨਜ਼ਰ ਰੱਖਦਾ ਹੈ। ਉਨ੍ਹਾਂ ਅਧਿਕਾਰੀਆਂ ਉੱਪਰ ਵੀ ਹੋਰ ਉੱਚ ਅਧਿਕਾਰੀ ਹਨ।
9 ਨਾਲੇ ਜ਼ਮੀਨ ਦੀ ਪੈਦਾਵਾਰ ਉਨ੍ਹਾਂ ਸਾਰਿਆਂ ਵਿਚ ਵੰਡੀ ਜਾਂਦੀ ਹੈ; ਇੱਥੋਂ ਤਕ ਕਿ ਰਾਜਾ ਵੀ ਖੇਤ ਦੀ ਪੈਦਾਵਾਰ ਤੋਂ ਹੀ ਖਾਂਦਾ ਹੈ।+
10 ਚਾਂਦੀ ਨੂੰ ਪਿਆਰ ਕਰਨ ਵਾਲਾ ਚਾਂਦੀ ਨਾਲ ਕਦੀ ਵੀ ਨਹੀਂ ਰੱਜੇਗਾ ਤੇ ਨਾ ਹੀ ਧਨ-ਦੌਲਤ ਨੂੰ ਪਿਆਰ ਕਰਨ ਵਾਲਾ ਆਪਣੀ ਕਮਾਈ ਨਾਲ ਕਦੀ ਰੱਜੇਗਾ।+ ਇਹ ਵੀ ਵਿਅਰਥ ਹੈ।+
11 ਜਦੋਂ ਚੰਗੀਆਂ ਚੀਜ਼ਾਂ ਵਿਚ ਵਾਧਾ ਹੁੰਦਾ ਹੈ, ਤਾਂ ਖਾਣ ਵਾਲੇ ਵੀ ਵਧ ਜਾਂਦੇ ਹਨ।+ ਮਾਲਕ ਨੂੰ ਇਨ੍ਹਾਂ ਚੀਜ਼ਾਂ ਦਾ ਕੀ ਫ਼ਾਇਦਾ ਹੁੰਦਾ? ਉਹ ਤਾਂ ਬੱਸ ਆਪਣੀਆਂ ਚੀਜ਼ਾਂ ਨੂੰ ਦੇਖ ਹੀ ਸਕਦਾ।+
12 ਨੌਕਰ ਨੂੰ ਮਿੱਠੀ ਨੀਂਦ ਆਉਂਦੀ ਹੈ, ਭਾਵੇਂ ਉਹ ਥੋੜ੍ਹਾ ਖਾਵੇ ਜਾਂ ਬਹੁਤਾ। ਪਰ ਅਮੀਰ ਆਦਮੀ ਦੀ ਦੌਲਤ ਉਸ ਨੂੰ ਸੌਣ ਨਹੀਂ ਦਿੰਦੀ।
13 ਮੈਂ ਧਰਤੀ ਉੱਤੇ ਇਕ ਹੋਰ ਡਾਢੇ ਅਫ਼ਸੋਸ ਦੀ ਗੱਲ ਦੇਖੀ ਹੈ: ਇਕੱਠੀ ਕੀਤੀ ਧਨ-ਦੌਲਤ ਆਪਣੇ ਹੀ ਮਾਲਕ ਦੀ ਬਰਬਾਦੀ ਦਾ ਕਾਰਨ ਬਣਦੀ ਹੈ। 14 ਵਪਾਰ* ਵਿਚ ਲਾਇਆ ਉਸ ਦਾ ਸਾਰਾ ਪੈਸਾ ਡੁੱਬ ਜਾਂਦਾ ਹੈ ਅਤੇ ਜਦੋਂ ਉਸ ਦੇ ਪੁੱਤਰ ਪੈਦਾ ਹੁੰਦਾ ਹੈ, ਤਾਂ ਆਪਣੇ ਪੁੱਤਰ ਨੂੰ ਦੇਣ ਲਈ ਉਸ ਦੇ ਪੱਲੇ ਕੁਝ ਵੀ ਨਹੀਂ ਹੁੰਦਾ।+
15 ਇਕ ਇਨਸਾਨ ਆਪਣੀ ਮਾਂ ਦੀ ਕੁੱਖੋਂ ਨੰਗਾ ਪੈਦਾ ਹੁੰਦਾ ਹੈ ਅਤੇ ਦੁਨੀਆਂ ਤੋਂ ਨੰਗਾ ਹੀ ਚਲਾ ਜਾਂਦਾ ਹੈ।+ ਉਹ ਮਿਹਨਤ ਕਰ ਕੇ ਜੋ ਵੀ ਇਕੱਠਾ ਕਰਦਾ ਹੈ, ਆਪਣੇ ਨਾਲ ਨਹੀਂ ਲਿਜਾ ਸਕਦਾ।+
16 ਇਹ ਵੀ ਡਾਢੇ ਅਫ਼ਸੋਸ ਦੀ ਗੱਲ ਹੈ: ਜਿਵੇਂ ਉਹ ਆਇਆ ਸੀ, ਉਵੇਂ ਉਹ ਚਲਾ ਜਾਵੇਗਾ। ਤਾਂ ਫਿਰ, ਉਸ ਨੂੰ ਇੰਨੀ ਮਿਹਨਤ ਕਰਨ ਅਤੇ ਹਵਾ ਪਿੱਛੇ ਭੱਜਣ ਦਾ ਕੀ ਫ਼ਾਇਦਾ?+ 17 ਨਾਲੇ ਉਹ ਹਰ ਰੋਜ਼ ਹਨੇਰੇ ਵਿਚ ਰੋਟੀ ਖਾਂਦਾ ਹੈ ਅਤੇ ਉਸ ਦੀ ਜ਼ਿੰਦਗੀ ਵਿਚ ਪਰੇਸ਼ਾਨੀ, ਬੀਮਾਰੀ ਤੇ ਗੁੱਸੇ ਤੋਂ ਇਲਾਵਾ ਕੁਝ ਨਹੀਂ ਹੁੰਦਾ।+
18 ਮੈਂ ਦੇਖਿਆ ਹੈ ਕਿ ਇਨਸਾਨ ਲਈ ਇਹੀ ਚੰਗਾ ਤੇ ਸਹੀ ਹੈ ਕਿ ਉਹ ਧਰਤੀ ਉੱਤੇ ਸੱਚੇ ਪਰਮੇਸ਼ੁਰ ਵੱਲੋਂ ਮਿਲੀ ਛੋਟੀ ਜਿਹੀ ਜ਼ਿੰਦਗੀ ਵਿਚ ਖਾਵੇ-ਪੀਵੇ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ।*+ ਇਹ ਉਸ ਦੀ ਮਿਹਨਤ ਦਾ ਫਲ* ਹੈ।+ 19 ਨਾਲੇ ਸੱਚਾ ਪਰਮੇਸ਼ੁਰ ਇਨਸਾਨ ਨੂੰ ਧਨ-ਦੌਲਤ+ ਦੇਣ ਦੇ ਨਾਲ-ਨਾਲ ਇਨ੍ਹਾਂ ਦਾ ਮਜ਼ਾ ਲੈਣ ਦੀ ਕਾਬਲੀਅਤ ਵੀ ਦਿੰਦਾ ਹੈ, ਇਸ ਲਈ ਉਸ ਨੂੰ ਇਨ੍ਹਾਂ ਦਾ ਮਜ਼ਾ ਲੈਣਾ ਚਾਹੀਦਾ ਹੈ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰਨੀ ਚਾਹੀਦੀ ਹੈ। ਇਹ ਪਰਮੇਸ਼ੁਰ ਦੀ ਦੇਣ ਹੈ।+ 20 ਉਸ ਨੂੰ ਪਤਾ ਹੀ ਨਹੀਂ ਲੱਗੇਗਾ* ਕਿ ਉਸ ਦੀ ਜ਼ਿੰਦਗੀ ਕਦੋਂ ਬੀਤ ਗਈ ਕਿਉਂਕਿ ਸੱਚਾ ਪਰਮੇਸ਼ੁਰ ਉਸ ਦਾ ਦਿਲ ਖ਼ੁਸ਼ੀ ਨਾਲ ਭਰੀ ਰੱਖੇਗਾ।+