ਕੂਚ
21 “ਤੂੰ ਇਹ ਕਾਨੂੰਨ ਲੋਕਾਂ ਨੂੰ ਦੱਸੀਂ:+
2 “ਜੇ ਤੂੰ ਕਿਸੇ ਇਬਰਾਨੀ ਗ਼ੁਲਾਮ ਨੂੰ ਖ਼ਰੀਦਦਾ ਹੈਂ,+ ਤਾਂ ਉਹ ਛੇ ਸਾਲਾਂ ਤਕ ਤੇਰੀ ਗ਼ੁਲਾਮੀ ਕਰੇ। ਪਰ ਸੱਤਵੇਂ ਸਾਲ ਬਿਨਾਂ ਕੋਈ ਕੀਮਤ ਲਏ ਉਸ ਨੂੰ ਆਜ਼ਾਦ ਕਰ ਦਿੱਤਾ ਜਾਵੇ।+ 3 ਜੇ ਉਹ ਇਕੱਲਾ ਹੈ, ਤਾਂ ਉਸ ਇਕੱਲੇ ਨੂੰ ਹੀ ਆਜ਼ਾਦ ਕੀਤਾ ਜਾਵੇ। ਪਰ ਜੇ ਉਹ ਵਿਆਹਿਆ ਹੈ, ਤਾਂ ਫਿਰ ਉਸ ਦੀ ਪਤਨੀ ਵੀ ਉਸ ਦੇ ਨਾਲ ਚਲੀ ਜਾਵੇ। 4 ਜੇ ਮਾਲਕ ਗ਼ੁਲਾਮ ਦਾ ਵਿਆਹ ਕਰਾ ਦਿੰਦਾ ਹੈ ਅਤੇ ਉਸ ਦੀ ਪਤਨੀ ਧੀਆਂ-ਪੁੱਤਰਾਂ ਨੂੰ ਜਨਮ ਦਿੰਦੀ ਹੈ, ਤਾਂ ਉਸ ਦੀ ਪਤਨੀ ਅਤੇ ਉਸ ਦੇ ਬੱਚੇ ਮਾਲਕ ਦੇ ਹੋ ਜਾਣਗੇ ਅਤੇ ਉਸ ਗ਼ੁਲਾਮ ਨੂੰ ਇਕੱਲੇ ਨੂੰ ਹੀ ਆਜ਼ਾਦ ਕੀਤਾ ਜਾਵੇਗਾ।+ 5 ਪਰ ਜੇ ਗ਼ੁਲਾਮ ਜ਼ਿੱਦ ਕਰੇ ਅਤੇ ਕਹੇ, ‘ਮੈਂ ਆਜ਼ਾਦ ਨਹੀਂ ਹੋਣਾ ਚਾਹੁੰਦਾ ਕਿਉਂਕਿ ਮੈਂ ਆਪਣੇ ਮਾਲਕ, ਆਪਣੀ ਪਤਨੀ ਅਤੇ ਆਪਣੇ ਪੁੱਤਰਾਂ ਨੂੰ ਪਿਆਰ ਕਰਦਾ ਹਾਂ,’+ 6 ਤਾਂ ਉਸ ਦਾ ਮਾਲਕ ਉਸ ਨੂੰ ਸੱਚੇ ਪਰਮੇਸ਼ੁਰ ਸਾਮ੍ਹਣੇ ਲਿਆਵੇ। ਫਿਰ ਉਸ ਗ਼ੁਲਾਮ ਦਾ ਕੰਨ ਦਰਵਾਜ਼ੇ ਜਾਂ ਚੁਗਾਠ ਨਾਲ ਲਾ ਕੇ ਸੂਏ ਨਾਲ ਵਿੰਨ੍ਹ ਦੇਵੇ ਅਤੇ ਉਹ ਸਾਰੀ ਜ਼ਿੰਦਗੀ ਆਪਣੇ ਮਾਲਕ ਦਾ ਗ਼ੁਲਾਮ ਬਣ ਕੇ ਰਹੇਗਾ।
7 “ਜੇ ਇਕ ਆਦਮੀ ਆਪਣੀ ਧੀ ਨੂੰ ਗ਼ੁਲਾਮ ਵਜੋਂ ਵੇਚ ਦਿੰਦਾ ਹੈ, ਤਾਂ ਉਸ ਨੂੰ ਉਸ ਤਰ੍ਹਾਂ ਆਜ਼ਾਦ ਨਹੀਂ ਕੀਤਾ ਜਾਵੇਗਾ ਜਿਵੇਂ ਗ਼ੁਲਾਮ ਆਦਮੀਆਂ ਨੂੰ ਆਜ਼ਾਦ ਕੀਤਾ ਜਾਂਦਾ ਹੈ। 8 ਜੇ ਉਸ ਦਾ ਮਾਲਕ ਉਸ ਤੋਂ ਖ਼ੁਸ਼ ਨਹੀਂ ਹੈ ਅਤੇ ਉਸ ਨੂੰ ਪਤਨੀ* ਦਾ ਦਰਜਾ ਨਹੀਂ ਦਿੰਦਾ ਅਤੇ ਉਸ ਨੂੰ ਕਿਸੇ ਕੋਲ ਵੇਚਦਾ ਹੈ, ਤਾਂ ਦਾਸੀ ਨਾਲ ਧੋਖਾ ਕਰਨ ਕਰਕੇ ਮਾਲਕ ਨੂੰ ਇਹ ਹੱਕ ਨਹੀਂ ਕਿ ਉਹ ਉਸ ਨੂੰ ਕਿਸੇ ਪਰਦੇਸੀ ਕੋਲ ਵੇਚੇ। 9 ਜੇਕਰ ਉਸ ਦਾ ਮਾਲਕ ਉਸ ਨੂੰ ਆਪਣੇ ਪੁੱਤਰ ਦੀ ਪਤਨੀ ਬਣਾਉਂਦਾ ਹੈ, ਤਾਂ ਮਾਲਕ ਉਸ ਦਾਸੀ ਨੂੰ ਉਹ ਸਾਰੇ ਹੱਕ ਦੇਵੇ ਜੋ ਇਕ ਧੀ ਦੇ ਬਣਦੇ ਹਨ। 10 ਜੇ ਉਹ ਦੂਜਾ ਵਿਆਹ ਕਰਾਉਂਦਾ ਹੈ, ਤਾਂ ਉਹ ਆਪਣੀ ਪਹਿਲੀ ਪਤਨੀ ਦੀਆਂ ਰੋਟੀ ਅਤੇ ਕੱਪੜੇ ਦੀਆਂ ਲੋੜਾਂ ਪੂਰੀਆਂ ਕਰੇ ਅਤੇ ਪਤਨੀ ਹੋਣ ਦਾ ਉਸ ਦਾ ਹੱਕ+ ਨਾ ਮਾਰੇ।* 11 ਜੇ ਉਹ ਉਸ ਦੀਆਂ ਇਹ ਤਿੰਨੇ ਲੋੜਾਂ ਪੂਰੀਆਂ ਨਹੀਂ ਕਰਦਾ, ਤਾਂ ਫਿਰ ਉਹ ਬਿਨਾਂ ਕੋਈ ਪੈਸਾ ਦਿੱਤੇ ਆਜ਼ਾਦ ਹੋ ਸਕਦੀ ਹੈ।
12 “ਜੇ ਕੋਈ ਆਦਮੀ ਕਿਸੇ ਨੂੰ ਮਾਰੇ ਜਿਸ ਕਰਕੇ ਉਸ ਦੀ ਜਾਨ ਚਲੀ ਜਾਵੇ, ਤਾਂ ਉਸ ਆਦਮੀ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇ।+ 13 ਪਰ ਜੇ ਉਸ ਕੋਲੋਂ ਅਣਜਾਣੇ ਵਿਚ ਇਸ ਤਰ੍ਹਾਂ ਹੋ ਜਾਂਦਾ ਹੈ ਅਤੇ ਸੱਚਾ ਪਰਮੇਸ਼ੁਰ ਇਸ ਨੂੰ ਹੋਣ ਦਿੰਦਾ ਹੈ, ਤਾਂ ਮੈਂ ਤੁਹਾਡੇ ਲਈ ਅਜਿਹੀ ਜਗ੍ਹਾ ਠਹਿਰਾਵਾਂਗਾ ਜਿੱਥੇ ਉਹ ਭੱਜ ਕੇ ਜਾ ਸਕਦਾ ਹੈ।+ 14 ਜੇ ਇਕ ਆਦਮੀ ਆਪਣੇ ਗੁਆਂਢੀ ʼਤੇ ਗੁੱਸੇ ਵਿਚ ਭੜਕਦਾ ਹੈ ਅਤੇ ਜਾਣ-ਬੁੱਝ ਕੇ ਉਸ ਦੀ ਹੱਤਿਆ ਕਰ ਦਿੰਦਾ ਹੈ,+ ਤਾਂ ਉਸ ਆਦਮੀ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇ, ਭਾਵੇਂ ਉਹ ਆਦਮੀ ਆ ਕੇ ਮੇਰੀ ਵੇਦੀ ਕੋਲ ਪਨਾਹ ਲੈਂਦਾ ਹੈ।+ 15 ਜੇ ਕੋਈ ਆਪਣੇ ਮਾਤਾ-ਪਿਤਾ ʼਤੇ ਹੱਥ ਚੁੱਕਦਾ ਹੈ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।+
16 “ਜੇ ਕੋਈ ਆਦਮੀ ਕਿਸੇ ਨੂੰ ਅਗਵਾ ਕਰ ਕੇ+ ਵੇਚ ਦਿੰਦਾ ਹੈ ਜਾਂ ਫੜੇ ਜਾਣ ਵੇਲੇ ਉਹ ਉਸ ਦੇ ਕਬਜ਼ੇ ਵਿਚ ਹੁੰਦਾ ਹੈ,+ ਤਾਂ ਉਸ ਆਦਮੀ ਨੂੰ ਜਾਨੋਂ ਮਾਰ ਦਿੱਤਾ ਜਾਵੇ।+
17 “ਜਿਹੜਾ ਕੋਈ ਆਪਣੇ ਮਾਤਾ-ਪਿਤਾ ਨੂੰ ਬੁਰਾ-ਭਲਾ ਕਹਿੰਦਾ* ਹੈ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।+
18 “ਜੇ ਦੋ ਆਦਮੀ ਆਪਸ ਵਿਚ ਹੱਥੋਪਾਈ ਹੁੰਦੇ ਹਨ ਅਤੇ ਇਕ ਜਣਾ ਆਪਣੇ ਗੁਆਂਢੀ ਨੂੰ ਪੱਥਰ ਜਾਂ ਮੁੱਕਾ* ਮਾਰਦਾ ਹੈ ਅਤੇ ਉਸ ਦਾ ਗੁਆਂਢੀ ਜ਼ਖ਼ਮੀ ਹੋਣ ਕਰਕੇ ਮੰਜੇ ʼਤੇ ਪੈ ਜਾਂਦਾ ਹੈ, ਪਰ ਉਸ ਦੀ ਜਾਨ ਨਹੀਂ ਜਾਂਦੀ, ਤਾਂ ਅਜਿਹੇ ਮਾਮਲੇ ਨੂੰ ਇਸ ਤਰ੍ਹਾਂ ਸੁਲਝਾਇਆ ਜਾਵੇ: 19 ਜੇ ਜ਼ਖ਼ਮੀ ਆਦਮੀ ਮੰਜੇ ਤੋਂ ਉੱਠ ਕੇ ਡੰਡੇ ਦੇ ਸਹਾਰੇ ਘਰੋਂ ਬਾਹਰ ਤੁਰਨ-ਫਿਰਨ ਲੱਗ ਪੈਂਦਾ ਹੈ, ਤਾਂ ਜਿਸ ਨੇ ਉਸ ਨੂੰ ਮਾਰਿਆ ਸੀ, ਉਸ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਜਿੰਨਾ ਚਿਰ ਜ਼ਖ਼ਮੀ ਆਦਮੀ ਪੂਰੀ ਤਰ੍ਹਾਂ ਠੀਕ ਹੋ ਕੇ ਕੰਮ ʼਤੇ ਨਹੀਂ ਜਾਂਦਾ, ਉੱਨਾ ਚਿਰ ਉਹ ਜ਼ਖ਼ਮੀ ਆਦਮੀ ਦੇ ਨੁਕਸਾਨ ਦਾ ਹਰਜਾਨਾ ਭਰੇ।
20 “ਜੇ ਕੋਈ ਆਪਣੇ ਗ਼ੁਲਾਮ ਆਦਮੀ ਜਾਂ ਔਰਤ ਨੂੰ ਡੰਡੇ ਨਾਲ ਮਾਰਦਾ ਹੈ ਅਤੇ ਉਹ ਉਸ ਦੇ ਹੱਥੋਂ ਮਰ ਜਾਂਦਾ ਹੈ, ਤਾਂ ਮਾਲਕ ਤੋਂ ਉਸ ਦੀ ਜਾਨ ਦਾ ਬਦਲਾ ਲਿਆ ਜਾਵੇ।+ 21 ਪਰ ਜੇ ਉਹ ਇਕ ਜਾਂ ਦੋ ਦਿਨ ਜੀਉਂਦਾ ਰਹਿੰਦਾ ਹੈ, ਤਾਂ ਮਾਲਕ ਤੋਂ ਬਦਲਾ ਨਾ ਲਿਆ ਜਾਵੇ ਕਿਉਂਕਿ ਉਹ ਉਸ ਦੀ ਜਾਇਦਾਦ ਹੈ।
22 “ਜੇ ਆਦਮੀ ਆਪਸ ਵਿਚ ਹੱਥੋਪਾਈ ਹੁੰਦੇ ਹਨ ਅਤੇ ਉਨ੍ਹਾਂ ਕਰਕੇ ਕੋਈ ਗਰਭਵਤੀ ਔਰਤ ਜ਼ਖ਼ਮੀ ਹੋ ਜਾਂਦੀ ਹੈ ਅਤੇ ਸਮੇਂ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੰਦੀ ਹੈ,*+ ਪਰ ਮਾਂ ਅਤੇ ਬੱਚੇ ਵਿੱਚੋਂ ਕਿਸੇ ਦੀ ਜਾਨ ਨਹੀਂ ਜਾਂਦੀ,* ਤਾਂ ਗੁਨਾਹਗਾਰ ਨੂੰ ਉੱਨਾ ਹਰਜਾਨਾ ਭਰਨਾ ਪਵੇਗਾ ਜਿੰਨਾ ਔਰਤ ਦਾ ਪਤੀ ਮੰਗ ਕਰਦਾ ਹੈ। ਉਸ ਨੂੰ ਇਹ ਹਰਜਾਨਾ ਨਿਆਂਕਾਰਾਂ ਦੇ ਫ਼ੈਸਲੇ ਮੁਤਾਬਕ ਭਰਨਾ ਪਵੇਗਾ।+ 23 ਪਰ ਜੇ ਮਾਂ ਜਾਂ ਬੱਚੇ ਦੀ ਮੌਤ ਹੋ ਜਾਂਦੀ ਹੈ, ਤਾਂ ਜਾਨ ਦੇ ਬਦਲੇ ਜਾਨ ਲਈ ਜਾਵੇ+ 24 ਅਤੇ ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ,+ 25 ਸਾੜਨ ਦੇ ਬਦਲੇ ਸਾੜਨ, ਜ਼ਖ਼ਮ ਦੇ ਬਦਲੇ ਜ਼ਖ਼ਮ, ਵਾਰ ਦੇ ਬਦਲੇ ਵਾਰ।
26 “ਜੇ ਕੋਈ ਆਦਮੀ ਆਪਣੇ ਗ਼ੁਲਾਮ ਆਦਮੀ ਜਾਂ ਔਰਤ ਦੀ ਅੱਖ ʼਤੇ ਮਾਰਦਾ ਹੈ ਅਤੇ ਉਹ ਕਾਣਾ ਹੋ ਜਾਂਦਾ ਹੈ, ਤਾਂ ਉਸ ਨੂੰ ਆਜ਼ਾਦ ਕੀਤਾ ਜਾਵੇ। ਇਹ ਉਸ ਦੀ ਅੱਖ ਦੇ ਹੋਏ ਨੁਕਸਾਨ ਦਾ ਹਰਜਾਨਾ ਹੋਵੇਗਾ।+ 27 ਜੇ ਉਹ ਆਪਣੇ ਗ਼ੁਲਾਮ ਆਦਮੀ ਜਾਂ ਔਰਤ ਦਾ ਦੰਦ ਭੰਨ ਸੁੱਟਦਾ ਹੈ, ਤਾਂ ਉਸ ਨੂੰ ਆਜ਼ਾਦ ਕੀਤਾ ਜਾਵੇ। ਇਹ ਉਸ ਦੇ ਦੰਦ ਦੇ ਹੋਏ ਨੁਕਸਾਨ ਦਾ ਹਰਜਾਨਾ ਹੋਵੇਗਾ।
28 “ਜੇ ਬਲਦ ਕਿਸੇ ਆਦਮੀ ਜਾਂ ਔਰਤ ਨੂੰ ਸਿੰਗ ਮਾਰੇ ਅਤੇ ਉਹ ਮਰ ਜਾਵੇ, ਤਾਂ ਉਸ ਬਲਦ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ+ ਅਤੇ ਉਸ ਦਾ ਮੀਟ ਨਾ ਖਾਧਾ ਜਾਵੇ। ਪਰ ਉਸ ਦੇ ਮਾਲਕ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। 29 ਪਰ ਜੇ ਬਲਦ ਨੂੰ ਸਿੰਗ ਮਾਰਨ ਦੀ ਆਦਤ ਹੈ ਅਤੇ ਉਸ ਦੇ ਮਾਲਕ ਨੂੰ ਇਸ ਬਾਰੇ ਪਹਿਲਾਂ ਤੋਂ ਖ਼ਬਰਦਾਰ ਕੀਤਾ ਗਿਆ ਸੀ, ਫਿਰ ਵੀ ਉਸ ਨੇ ਬਲਦ ਨੂੰ ਬੰਨ੍ਹ ਕੇ ਨਹੀਂ ਰੱਖਿਆ ਅਤੇ ਉਸ ਨੇ ਕਿਸੇ ਆਦਮੀ ਜਾਂ ਤੀਵੀਂ ਨੂੰ ਜਾਨੋਂ ਮਾਰ ਦਿੱਤਾ ਹੈ, ਤਾਂ ਉਸ ਬਲਦ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ ਅਤੇ ਉਸ ਦੇ ਮਾਲਕ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇ। 30 ਜੇ ਮਾਲਕ ਤੋਂ ਜਾਨ ਦੀ ਰਿਹਾਈ ਦੀ ਕੀਮਤ ਮੰਗੀ ਜਾਂਦੀ ਹੈ, ਤਾਂ ਉਸ ਨੂੰ ਆਪਣੀ ਜਾਨ ਬਚਾਉਣ ਲਈ ਤੈਅ ਕੀਤੀ ਕੀਮਤ ਅਦਾ ਕਰਨੀ ਪਵੇਗੀ। 31 ਜੇ ਬਲਦ ਕਿਸੇ ਦੀ ਧੀ ਜਾਂ ਪੁੱਤਰ ਨੂੰ ਸਿੰਗ ਮਾਰ ਕੇ ਜ਼ਖ਼ਮੀ ਕਰ ਦੇਵੇ, ਤਾਂ ਇਸੇ ਕਾਨੂੰਨ ਮੁਤਾਬਕ ਬਲਦ ਦੇ ਮਾਲਕ ਦਾ ਫ਼ੈਸਲਾ ਕੀਤਾ ਜਾਵੇ। 32 ਜੇ ਬਲਦ ਕਿਸੇ ਦੇ ਗ਼ੁਲਾਮ ਆਦਮੀ ਜਾਂ ਔਰਤ ਨੂੰ ਸਿੰਗ ਮਾਰ ਕੇ ਜ਼ਖ਼ਮੀ ਕਰ ਦੇਵੇ, ਤਾਂ ਬਲਦ ਦਾ ਮਾਲਕ ਉਸ ਗ਼ੁਲਾਮ ਦੇ ਮਾਲਕ ਨੂੰ 30 ਸ਼ੇਕੇਲ* ਦੇਵੇ ਅਤੇ ਬਲਦ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ।
33 “ਜੇ ਕੋਈ ਆਦਮੀ ਟੋਏ ਦਾ ਮੂੰਹ ਖੁੱਲ੍ਹਾ ਛੱਡ ਦਿੰਦਾ ਹੈ ਜਾਂ ਫਿਰ ਟੋਆ ਪੁੱਟ ਕੇ ਉਸ ਦਾ ਮੂੰਹ ਢਕਦਾ ਨਹੀਂ ਅਤੇ ਉਸ ਟੋਏ ਵਿਚ ਬਲਦ ਜਾਂ ਗਧਾ ਡਿਗ ਪਵੇ, 34 ਤਾਂ ਜਿਸ ਨੇ ਟੋਆ ਪੁੱਟਿਆ ਸੀ, ਉਹ ਨੁਕਸਾਨ ਦਾ ਹਰਜਾਨਾ ਭਰੇ।+ ਉਹ ਬਲਦ ਜਾਂ ਗਧੇ ਦੇ ਮਾਲਕ ਨੂੰ ਕੀਮਤ ਅਦਾ ਕਰੇ ਅਤੇ ਫਿਰ ਮਰਿਆ ਹੋਇਆ ਜਾਨਵਰ ਉਸ ਦਾ ਹੋ ਜਾਵੇਗਾ। 35 ਜੇ ਇਕ ਆਦਮੀ ਦਾ ਬਲਦ ਕਿਸੇ ਦੂਜੇ ਦੇ ਬਲਦ ਨੂੰ ਸਿੰਗ ਮਾਰ ਕੇ ਜਾਨੋਂ ਮਾਰ ਦਿੰਦਾ ਹੈ, ਤਾਂ ਫਿਰ ਉਹ ਜੀਉਂਦੇ ਬਲਦ ਨੂੰ ਵੇਚ ਦੇਣ ਅਤੇ ਉਸ ਦੀ ਕੀਮਤ ਆਪਸ ਵਿਚ ਵੰਡ ਲੈਣ; ਨਾਲੇ ਉਹ ਮਰਿਆ ਜਾਨਵਰ ਵੀ ਆਪਸ ਵਿਚ ਵੰਡ ਲੈਣ। 36 ਜੇ ਸਾਰਿਆਂ ਨੂੰ ਪਤਾ ਸੀ ਕਿ ਬਲਦ ਨੂੰ ਸਿੰਗ ਮਾਰਨ ਦੀ ਆਦਤ ਸੀ, ਪਰ ਬਲਦ ਦੇ ਮਾਲਕ ਨੇ ਉਸ ਨੂੰ ਬੰਨ੍ਹ ਕੇ ਨਹੀਂ ਰੱਖਿਆ, ਤਾਂ ਉਹ ਬਲਦ ਦੇ ਵੱਟੇ ਬਲਦ ਦੇ ਕੇ ਨੁਕਸਾਨ ਦਾ ਹਰਜਾਨਾ ਭਰੇ ਅਤੇ ਮਰਿਆ ਹੋਇਆ ਬਲਦ ਉਸ ਦਾ ਹੋ ਜਾਵੇਗਾ।