ਆਮੋਸ
7 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਦਰਸ਼ਣ ਵਿਚ ਇਹ ਸਭ ਕੁਝ ਦਿਖਾਇਆ: ਦੇਖ! ਜਦੋਂ ਸਿਆਲ਼* ਦੀ ਫ਼ਸਲ ਉੱਗਣੀ ਸ਼ੁਰੂ ਹੀ ਹੋਈ ਸੀ, ਤਾਂ ਉਸ ਨੇ ਟਿੱਡੀਆਂ ਦੇ ਦਲ ਨੂੰ ਇਕੱਠਾ ਕੀਤਾ। ਇਹ ਫ਼ਸਲ ਉਦੋਂ ਬੀਜੀ ਗਈ ਸੀ ਜਦੋਂ ਰਾਜੇ ਨੂੰ ਦੇਣ ਲਈ ਘਾਹ ਕੱਟਿਆ ਜਾ ਚੁੱਕਾ ਸੀ। 2 ਜਦੋਂ ਟਿੱਡੀਆਂ ਦਾ ਦਲ ਦੇਸ਼ ਦੇ ਸਾਰੇ ਪੇੜ-ਪੌਦੇ ਖਾ ਗਿਆ, ਤਾਂ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਕਿਰਪਾ ਕਰ ਕੇ ਆਪਣੇ ਲੋਕਾਂ ਨੂੰ ਮਾਫ਼ ਕਰ ਦੇ!+ ਯਾਕੂਬ ਜੀਉਂਦਾ ਕਿਵੇਂ ਰਹੇਗਾ?* ਕਿਉਂਕਿ ਉਹ ਤਾਂ ਕਮਜ਼ੋਰ ਹੈ!”+
3 ਇਸ ਲਈ ਯਹੋਵਾਹ ਨੇ ਦੁਬਾਰਾ ਇਸ ਗੱਲ ʼਤੇ ਸੋਚ-ਵਿਚਾਰ* ਕੀਤਾ।+ ਯਹੋਵਾਹ ਨੇ ਕਿਹਾ, “ਠੀਕ ਹੈ, ਇਸ ਤਰ੍ਹਾਂ ਨਹੀਂ ਹੋਵੇਗਾ।”
4 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਦਰਸ਼ਣ ਵਿਚ ਇਹ ਸਭ ਕੁਝ ਦਿਖਾਇਆ: ਮੈਂ ਦੇਖਿਆ ਕਿ ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਅੱਗ ਨਾਲ ਸਜ਼ਾ ਦੇਣ ਦਾ ਹੁਕਮ ਦਿੱਤਾ। ਅੱਗ ਨੇ ਡੂੰਘੇ ਪਾਣੀਆਂ ਨੂੰ ਸੁਕਾ ਦਿੱਤਾ ਅਤੇ ਜ਼ਮੀਨ ਦੇ ਇਕ ਹਿੱਸੇ ਨੂੰ ਸਾੜ ਦਿੱਤਾ। 5 ਫਿਰ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਕਿਰਪਾ ਕਰ ਕੇ ਇਸ ਤਰ੍ਹਾਂ ਨਾ ਕਰ।+ ਯਾਕੂਬ ਜੀਉਂਦਾ ਕਿਵੇਂ ਰਹੇਗਾ?* ਕਿਉਂਕਿ ਉਹ ਤਾਂ ਕਮਜ਼ੋਰ ਹੈ!”+
6 ਇਸ ਲਈ ਯਹੋਵਾਹ ਨੇ ਦੁਬਾਰਾ ਇਸ ਗੱਲ ʼਤੇ ਸੋਚ-ਵਿਚਾਰ* ਕੀਤਾ।+ ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਕਿਹਾ, “ਠੀਕ ਹੈ, ਇਸ ਤਰ੍ਹਾਂ ਵੀ ਨਹੀਂ ਹੋਵੇਗਾ।”
7 ਉਸ ਨੇ ਮੈਨੂੰ ਦਰਸ਼ਣ ਵਿਚ ਇਹ ਸਭ ਕੁਝ ਦਿਖਾਇਆ: ਮੈਂ ਦੇਖਿਆ ਕਿ ਯਹੋਵਾਹ ਇਕ ਕੰਧ ʼਤੇ ਖੜ੍ਹਾ ਸੀ ਜੋ ਸਾਹਲ* ਨਾਲ ਬਣਾਈ ਗਈ ਸੀ ਅਤੇ ਉਸ ਦੇ ਹੱਥ ਵਿਚ ਇਕ ਸਾਹਲ ਸੀ। 8 ਫਿਰ ਯਹੋਵਾਹ ਨੇ ਮੈਨੂੰ ਪੁੱਛਿਆ: “ਆਮੋਸ, ਤੂੰ ਕੀ ਦੇਖਦਾ ਹੈਂ?” ਮੈਂ ਕਿਹਾ: “ਇਕ ਸਾਹਲ।” ਫਿਰ ਯਹੋਵਾਹ ਨੇ ਕਿਹਾ: “ਮੈਂ ਇਕ ਸਾਹਲ ਨਾਲ ਆਪਣੀ ਪਰਜਾ ਇਜ਼ਰਾਈਲ ਨੂੰ ਮਿਣ ਰਿਹਾ ਹਾਂ। ਮੈਂ ਉਨ੍ਹਾਂ ਨੂੰ ਹੋਰ ਮਾਫ਼ ਨਹੀਂ ਕਰਾਂਗਾ।+ 9 ਇਸਹਾਕ ਦੀਆਂ ਉੱਚੀਆਂ ਥਾਵਾਂ+ ਨੂੰ ਉਜਾੜ ਦਿੱਤਾ ਜਾਵੇਗਾ ਅਤੇ ਇਜ਼ਰਾਈਲ ਦੇ ਪਵਿੱਤਰ ਸਥਾਨਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ;+ ਮੈਂ ਯਾਰਾਬੁਆਮ ਦੇ ਘਰਾਣੇ ਵਿਰੁੱਧ ਤਲਵਾਰ ਲੈ ਕੇ ਆਵਾਂਗਾ।”+
10 ਬੈਤੇਲ+ ਦੇ ਪੁਜਾਰੀ ਅਮਸਯਾਹ ਨੇ ਇਜ਼ਰਾਈਲ ਦੇ ਰਾਜੇ ਯਾਰਾਬੁਆਮ+ ਨੂੰ ਇਹ ਸੰਦੇਸ਼ ਭੇਜਿਆ: “ਆਮੋਸ ਇਜ਼ਰਾਈਲ ਵਿਚ ਬੈਠਾ ਤੇਰੇ ਹੀ ਵਿਰੁੱਧ ਸਾਜ਼ਸ਼ ਘੜ ਰਿਹਾ ਹੈ।+ ਇਹ ਦੇਸ਼ ਉਸ ਦੀਆਂ ਗੱਲਾਂ ਹੋਰ ਬਰਦਾਸ਼ਤ ਨਹੀਂ ਕਰ ਸਕਦਾ।+ 11 ਆਮੋਸ ਇਹ ਕਹਿੰਦਾ ਹੈ, ‘ਯਾਰਾਬੁਆਮ ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਇਜ਼ਰਾਈਲ ਨੂੰ ਜ਼ਰੂਰ ਬੰਦੀ ਬਣਾ ਕੇ ਆਪਣੇ ਦੇਸ਼ ਤੋਂ ਲਿਜਾਇਆ ਜਾਵੇਗਾ।’”+
12 ਅਮਸਯਾਹ ਨੇ ਆਮੋਸ ਨੂੰ ਕਿਹਾ: “ਓਏ ਦਰਸ਼ਣ ਦੇਖਣ ਵਾਲਿਆ, ਜਾਹ, ਯਹੂਦਾਹ ਨੂੰ ਭੱਜ ਜਾਹ! ਉੱਥੇ ਰੋਟੀ ਕਮਾ* ਅਤੇ ਭਵਿੱਖਬਾਣੀਆਂ ਕਰ।+ 13 ਬੈਤੇਲ ਵਿਚ ਫਿਰ ਕਦੇ ਭਵਿੱਖਬਾਣੀ ਨਾ ਕਰੀਂ+ ਕਿਉਂਕਿ ਇੱਥੇ ਰਾਜੇ ਦਾ ਪਵਿੱਤਰ ਸਥਾਨ+ ਅਤੇ ਰਾਜ ਦਾ ਮੰਦਰ ਹੈ।”
14 ਫਿਰ ਆਮੋਸ ਨੇ ਅਮਸਯਾਹ ਨੂੰ ਕਿਹਾ: “ਮੈਂ ਨਾ ਤਾਂ ਨਬੀ ਸੀ ਤੇ ਨਾ ਹੀ ਨਬੀ ਦਾ ਪੁੱਤਰ; ਸਗੋਂ ਚਰਵਾਹਾ ਸੀ+ ਅਤੇ ਅੰਜੀਰ ਦੇ ਰੁੱਖਾਂ ਦੀ ਦੇਖ-ਭਾਲ ਕਰਦਾ ਸੀ।* 15 ਪਰ ਯਹੋਵਾਹ ਨੇ ਮੈਨੂੰ ਇੱਜੜ ਦੀ ਦੇਖ-ਭਾਲ ਕਰਨ ਤੋਂ ਹਟਾਇਆ ਅਤੇ ਯਹੋਵਾਹ ਨੇ ਮੈਨੂੰ ਕਿਹਾ, ‘ਮੇਰੀ ਪਰਜਾ ਇਜ਼ਰਾਈਲ ਕੋਲ ਜਾ ਕੇ ਭਵਿੱਖਬਾਣੀ ਕਰ।’+ 16 ਇਸ ਲਈ ਹੁਣ ਯਹੋਵਾਹ ਦਾ ਸੰਦੇਸ਼ ਸੁਣ: ‘ਤੂੰ ਕਹਿ ਰਿਹਾ ਹੈਂ, “ਇਜ਼ਰਾਈਲ ਦੇ ਵਿਰੁੱਧ ਭਵਿੱਖਬਾਣੀ ਨਾ ਕਰ+ ਅਤੇ ਨਾ ਇਸਹਾਕ ਦੇ ਘਰਾਣੇ ਵਿਰੁੱਧ ਪ੍ਰਚਾਰ ਕਰ।”+ 17 ਇਸ ਕਰਕੇ ਯਹੋਵਾਹ ਇਹ ਕਹਿੰਦਾ ਹੈ: “ਤੇਰੀ ਪਤਨੀ ਇਸ ਸ਼ਹਿਰ ਵਿਚ ਵੇਸਵਾ ਬਣੇਗੀ ਅਤੇ ਤੇਰੇ ਧੀਆਂ-ਪੁੱਤਰ ਤਲਵਾਰ ਨਾਲ ਮਾਰੇ ਜਾਣਗੇ। ਤੇਰੀ ਜ਼ਮੀਨ ਨੂੰ ਰੱਸੀ ਨਾਲ ਮਿਣ ਕੇ ਵੰਡਿਆ ਜਾਵੇਗਾ ਤੇ ਤੂੰ ਪਰਦੇਸ ਵਿਚ ਮਰੇਂਗਾ; ਇਜ਼ਰਾਈਲ ਨੂੰ ਜ਼ਰੂਰ ਬੰਦੀ ਬਣਾ ਕੇ ਆਪਣੇ ਦੇਸ਼ ਤੋਂ ਲਿਜਾਇਆ ਜਾਵੇਗਾ।”’”+