ਲੇਵੀਆਂ
22 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਹਿ ਕਿ ਉਹ ਇਜ਼ਰਾਈਲੀਆਂ ਦੇ ਪਵਿੱਤਰ ਚੜ੍ਹਾਵਿਆਂ ਦੇ ਸੰਬੰਧ ਵਿਚ ਸਾਵਧਾਨੀ ਵਰਤਣ* ਅਤੇ ਉਹ ਜਿਹੜੇ ਚੜ੍ਹਾਵੇ ਮੇਰੇ ਲਈ ਪਵਿੱਤਰ ਠਹਿਰਾਉਂਦੇ ਹਨ,+ ਉਨ੍ਹਾਂ ਦੇ ਸੰਬੰਧ ਵਿਚ ਮੇਰੇ ਪਵਿੱਤਰ ਨਾਂ ਨੂੰ ਪਲੀਤ ਨਾ ਕਰਨ।+ ਮੈਂ ਯਹੋਵਾਹ ਹਾਂ। 3 ਉਨ੍ਹਾਂ ਨੂੰ ਕਹਿ, ‘ਜੇ ਤੁਹਾਡੀਆਂ ਪੀੜ੍ਹੀਆਂ ਦੌਰਾਨ ਤੁਹਾਡੀ ਔਲਾਦ ਵਿੱਚੋਂ ਕੋਈ ਵੀ ਆਦਮੀ ਅਸ਼ੁੱਧ ਹਾਲਤ ਵਿਚ ਹੁੰਦਿਆਂ ਪਵਿੱਤਰ ਚੜ੍ਹਾਵਿਆਂ ਦੇ ਨੇੜੇ ਆਉਂਦਾ ਹੈ ਜੋ ਇਜ਼ਰਾਈਲੀ ਯਹੋਵਾਹ ਲਈ ਪਵਿੱਤਰ ਠਹਿਰਾਉਂਦੇ ਹਨ, ਤਾਂ ਉਸ ਆਦਮੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+ ਮੈਂ ਯਹੋਵਾਹ ਹਾਂ। 4 ਹਾਰੂਨ ਦੀ ਔਲਾਦ ਵਿੱਚੋਂ ਅਜਿਹਾ ਕੋਈ ਵੀ ਆਦਮੀ ਦੁਬਾਰਾ ਸ਼ੁੱਧ ਹੋਣ ਤਕ ਪਵਿੱਤਰ ਚੜ੍ਹਾਵੇ ਨਹੀਂ ਖਾ ਸਕਦਾ+ ਜਿਸ ਨੂੰ ਕੋੜ੍ਹ ਹੈ+ ਜਾਂ ਜਿਸ ਦੇ ਗੁਪਤ ਅੰਗ ਵਿੱਚੋਂ ਤਰਲ ਪਦਾਰਥ ਵਗਦਾ ਹੈ+ ਜਾਂ ਜਿਹੜਾ ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋਏ ਇਨਸਾਨ ਨੂੰ ਛੂੰਹਦਾ ਹੈ+ ਜਾਂ ਜਿਸ ਦਾ ਵੀਰਜ ਨਿਕਲਿਆ ਹੈ+ 5 ਜਾਂ ਜਿਹੜਾ ਝੁੰਡਾਂ ਵਿਚ ਰਹਿਣ ਵਾਲੇ ਕਿਸੇ ਅਸ਼ੁੱਧ ਜੀਵ ਨੂੰ ਛੂੰਹਦਾ ਹੈ+ ਜਾਂ ਜਿਹੜਾ ਕਿਸੇ ਵੀ ਕਾਰਨ ਕਰਕੇ ਅਸ਼ੁੱਧ ਹੋਏ ਆਦਮੀ ਨੂੰ ਛੂੰਹਦਾ ਹੈ।+ 6 ਜਿਹੜਾ ਆਦਮੀ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਛੂੰਹਦਾ ਹੈ, ਉਹ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ ਅਤੇ ਪਵਿੱਤਰ ਚੜ੍ਹਾਵਿਆਂ ਵਿੱਚੋਂ ਕੁਝ ਵੀ ਨਹੀਂ ਖਾ ਸਕਦਾ।+ 7 ਸੂਰਜ ਡੁੱਬਣ ਤੋਂ ਬਾਅਦ ਉਹ ਸ਼ੁੱਧ ਹੋ ਜਾਵੇਗਾ ਅਤੇ ਫਿਰ ਉਹ ਪਵਿੱਤਰ ਚੜ੍ਹਾਵਿਆਂ ਵਿੱਚੋਂ ਖਾ ਸਕਦਾ ਹੈ ਕਿਉਂਕਿ ਇਹੀ ਉਸ ਦਾ ਭੋਜਨ ਹੈ।+ 8 ਨਾਲੇ ਉਹ ਅਜਿਹੇ ਕਿਸੇ ਵੀ ਜਾਨਵਰ ਦਾ ਮਾਸ ਖਾ ਕੇ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ ਜੋ ਮਰਿਆ ਪਿਆ ਹੋਵੇ ਜਾਂ ਜਿਸ ਨੂੰ ਜੰਗਲੀ ਜਾਨਵਰਾਂ ਨੇ ਮਾਰਿਆ ਹੋਵੇ।+ ਮੈਂ ਯਹੋਵਾਹ ਹਾਂ।
9 “‘ਉਹ ਮੇਰੇ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰਨ ਤਾਂਕਿ ਉਹ ਇਸ ਕਰਕੇ ਪਾਪ ਦੇ ਦੋਸ਼ੀ ਨਾ ਬਣਨ ਅਤੇ ਆਪਣੀ ਜਾਨ ਤੋਂ ਹੱਥ ਨਾ ਧੋ ਬੈਠਣ ਕਿਉਂਕਿ ਉਨ੍ਹਾਂ ਨੇ ਪਵਿੱਤਰ ਚੜ੍ਹਾਵਿਆਂ ਨੂੰ ਪਲੀਤ ਕੀਤਾ ਹੈ। ਮੈਂ ਯਹੋਵਾਹ ਹਾਂ ਅਤੇ ਮੈਂ ਉਨ੍ਹਾਂ ਨੂੰ ਪਵਿੱਤਰ ਕਰ ਰਿਹਾ ਹਾਂ।
10 “‘ਜਿਸ ਨੂੰ ਅਧਿਕਾਰ ਨਹੀਂ ਹੈ,* ਉਹ ਪਵਿੱਤਰ ਚੜ੍ਹਾਵਿਆਂ ਵਿੱਚੋਂ ਨਹੀਂ ਖਾ ਸਕਦਾ।+ ਕਿਸੇ ਪੁਜਾਰੀ ਦਾ ਕੋਈ ਪਰਦੇਸੀ ਮਹਿਮਾਨ ਜਾਂ ਮਜ਼ਦੂਰ ਪਵਿੱਤਰ ਚੜ੍ਹਾਵਿਆਂ ਵਿੱਚੋਂ ਨਹੀਂ ਖਾ ਸਕਦਾ। 11 ਪਰ ਜੇ ਪੁਜਾਰੀ ਆਪਣੇ ਪੈਸੇ ਨਾਲ ਕੋਈ ਗ਼ੁਲਾਮ ਖ਼ਰੀਦਦਾ ਹੈ, ਤਾਂ ਉਹ ਗ਼ੁਲਾਮ ਪਵਿੱਤਰ ਚੜ੍ਹਾਵਿਆਂ ਵਿੱਚੋਂ ਖਾ ਸਕਦਾ ਹੈ। ਉਸ ਦੇ ਘਰ ਵਿਚ ਪੈਦਾ ਹੋਇਆ ਗ਼ੁਲਾਮ ਵੀ ਉਸ ਦੇ ਭੋਜਨ ਵਿੱਚੋਂ ਖਾ ਸਕਦਾ ਹੈ।+ 12 ਜੇ ਕਿਸੇ ਪੁਜਾਰੀ ਦੀ ਧੀ ਅਜਿਹੇ ਆਦਮੀ* ਨਾਲ ਵਿਆਹ ਕਰਾਉਂਦੀ ਹੈ ਜੋ ਪੁਜਾਰੀ ਨਹੀਂ ਹੈ, ਤਾਂ ਉਹ ਦਾਨ ਕੀਤੇ ਗਏ ਪਵਿੱਤਰ ਚੜ੍ਹਾਵਿਆਂ ਵਿੱਚੋਂ ਨਹੀਂ ਖਾ ਸਕਦੀ। 13 ਪਰ ਜੇ ਪੁਜਾਰੀ ਦੀ ਧੀ ਵਿਧਵਾ ਹੋ ਜਾਂਦੀ ਹੈ ਜਾਂ ਉਸ ਦਾ ਪਤੀ ਉਸ ਨੂੰ ਤਲਾਕ ਦੇ ਦਿੰਦਾ ਹੈ ਅਤੇ ਉਸ ਦੇ ਕੋਈ ਬੱਚਾ ਨਹੀਂ ਹੈ ਅਤੇ ਉਹ ਆਪਣੇ ਪਿਤਾ ਦੇ ਘਰ ਰਹਿਣ ਆ ਜਾਂਦੀ ਹੈ ਜਿਵੇਂ ਉਹ ਛੋਟੀ ਉਮਰੇ ਰਹਿੰਦੀ ਸੀ, ਤਾਂ ਉਹ ਆਪਣੇ ਪਿਤਾ ਦੇ ਭੋਜਨ ਵਿੱਚੋਂ ਖਾ ਸਕਦੀ ਹੈ।+ ਪਰ ਜਿਸ ਨੂੰ ਅਧਿਕਾਰ ਨਹੀਂ ਹੈ,* ਉਹ ਇਹ ਨਹੀਂ ਖਾ ਸਕਦਾ।
14 “‘ਜੇ ਕੋਈ ਆਦਮੀ ਗ਼ਲਤੀ ਨਾਲ ਪਵਿੱਤਰ ਚੜ੍ਹਾਵਾ ਖਾ ਲੈਂਦਾ ਹੈ, ਤਾਂ ਉਹ ਇਸ ਦਾ ਹਰਜਾਨਾ ਭਰੇ ਅਤੇ ਇਸ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਪੁਜਾਰੀ ਨੂੰ ਦੇਵੇ।+ 15 ਇਸ ਲਈ ਪੁਜਾਰੀ ਇਜ਼ਰਾਈਲੀਆਂ ਦੁਆਰਾ ਯਹੋਵਾਹ ਨੂੰ ਦਾਨ ਕੀਤੇ ਪਵਿੱਤਰ ਚੜ੍ਹਾਵਿਆਂ ਨੂੰ ਪਲੀਤ ਨਾ ਕਰਨ+ 16 ਅਤੇ ਲੋਕਾਂ ਨੂੰ ਪਵਿੱਤਰ ਚੜ੍ਹਾਵਿਆਂ ਵਿੱਚੋਂ ਖਾਣ ਦੀ ਇਜਾਜ਼ਤ ਦੇ ਕੇ ਉਨ੍ਹਾਂ ਨੂੰ ਪਾਪ ਦੇ ਦੋਸ਼ੀ ਨਾ ਬਣਾਉਣ ਜਿਸ ਕਰਕੇ ਉਨ੍ਹਾਂ ਨੂੰ ਸਜ਼ਾ ਮਿਲੇਗੀ; ਮੈਂ ਯਹੋਵਾਹ ਹਾਂ ਅਤੇ ਮੈਂ ਉਨ੍ਹਾਂ ਨੂੰ ਪਵਿੱਤਰ ਕਰ ਰਿਹਾ ਹਾਂ।’”
17 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 18 “ਹਾਰੂਨ, ਉਸ ਦੇ ਪੁੱਤਰਾਂ ਅਤੇ ਸਾਰੇ ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਕੋਈ ਇਜ਼ਰਾਈਲੀ ਜਾਂ ਇਜ਼ਰਾਈਲ ਵਿਚ ਰਹਿੰਦਾ ਪਰਦੇਸੀ ਇੱਛਾ-ਬਲ਼ੀ ਦੇ ਤੌਰ ਤੇ ਜਾਂ ਆਪਣੀਆਂ ਸੁੱਖਣਾਂ ਪੂਰੀਆਂ ਕਰਨ ਲਈ ਯਹੋਵਾਹ ਅੱਗੇ ਹੋਮ-ਬਲ਼ੀ ਚੜ੍ਹਾਉਂਦਾ ਹੈ,+ 19 ਤਾਂ ਉਹ ਬਲਦ ਜਾਂ ਇਕ ਭੇਡੂ ਜਾਂ ਬੱਕਰਾ ਚੜ੍ਹਾਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ+ ਤਾਂਕਿ ਉਸ ਦੀ ਬਲ਼ੀ ਕਬੂਲ ਕੀਤੀ ਜਾਵੇ। 20 ਤੁਸੀਂ ਕੋਈ ਨੁਕਸ ਵਾਲਾ ਜਾਨਵਰ ਨਾ ਚੜ੍ਹਾਓ+ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਨਹੀਂ ਮਿਲੇਗੀ।
21 “‘ਜੇ ਕੋਈ ਆਦਮੀ ਇੱਛਾ-ਬਲ਼ੀ ਦੇ ਤੌਰ ਤੇ ਜਾਂ ਆਪਣੀਆਂ ਸੁੱਖਣਾਂ ਪੂਰੀਆਂ ਕਰਨ ਲਈ ਯਹੋਵਾਹ ਅੱਗੇ ਸ਼ਾਂਤੀ-ਬਲ਼ੀ+ ਚੜ੍ਹਾਉਂਦਾ ਹੈ, ਤਾਂ ਉਹ ਬਿਨਾਂ ਨੁਕਸ ਵਾਲਾ ਬਲਦ ਜਾਂ ਇਕ ਭੇਡੂ ਜਾਂ ਬੱਕਰਾ ਚੜ੍ਹਾਵੇ ਤਾਂਕਿ ਉਸ ਦੀ ਬਲ਼ੀ ਕਬੂਲ ਕੀਤੀ ਜਾਵੇ। ਉਸ ਵਿਚ ਕੋਈ ਵੀ ਨੁਕਸ ਨਾ ਹੋਵੇ। 22 ਬਲ਼ੀ ਦਾ ਜਾਨਵਰ ਅੰਨ੍ਹਾ ਨਾ ਹੋਵੇ ਜਾਂ ਇਸ ਦੀ ਕੋਈ ਹੱਡੀ ਨਾ ਟੁੱਟੀ ਹੋਵੇ, ਨਾ ਹੀ ਇਸ ਦੇ ਕੋਈ ਚੀਰਾ, ਮਹੁਕਾ ਜਾਂ ਫੋੜਾ ਹੋਵੇ ਅਤੇ ਨਾ ਹੀ ਇਸ ਨੂੰ ਚੰਬਲ ਹੋਈ ਹੋਵੇ; ਤੁਸੀਂ ਅਜਿਹਾ ਕੋਈ ਵੀ ਜਾਨਵਰ ਯਹੋਵਾਹ ਅੱਗੇ ਪੇਸ਼ ਨਾ ਕਰੋ ਜਾਂ ਯਹੋਵਾਹ ਲਈ ਵੇਦੀ ਉੱਤੇ ਨਾ ਚੜ੍ਹਾਓ। 23 ਜੇ ਕਿਸੇ ਬਲਦ ਜਾਂ ਭੇਡ ਦਾ ਕੋਈ ਅੰਗ ਬਹੁਤ ਵੱਡਾ ਜਾਂ ਛੋਟਾ ਹੈ, ਤਾਂ ਤੁਸੀਂ ਉਸ ਨੂੰ ਇੱਛਾ-ਬਲ਼ੀ ਦੇ ਤੌਰ ਤੇ ਚੜ੍ਹਾ ਸਕਦੇ ਹੋ, ਪਰ ਜੇ ਤੁਸੀਂ ਅਜਿਹਾ ਜਾਨਵਰ ਆਪਣੀ ਕੋਈ ਸੁੱਖਣਾ ਪੂਰੀ ਕਰਨ ਲਈ ਚੜ੍ਹਾਉਂਦੇ ਹੋ, ਤਾਂ ਇਸ ਨੂੰ ਕਬੂਲ ਨਹੀਂ ਕੀਤਾ ਜਾਵੇਗਾ। 24 ਤੁਸੀਂ ਯਹੋਵਾਹ ਅੱਗੇ ਅਜਿਹਾ ਕੋਈ ਜਾਨਵਰ ਨਾ ਚੜ੍ਹਾਓ ਜਿਸ ਦੇ ਅੰਡਕੋਸ਼ ਨੁਕਸਾਨੇ ਹੋਣ ਜਾਂ ਕੁਚਲੇ ਹੋਣ ਜਾਂ ਕੱਢੇ ਗਏ ਹੋਣ ਜਾਂ ਵੱਢੇ ਗਏ ਹੋਣ। ਤੁਸੀਂ ਆਪਣੇ ਦੇਸ਼ ਵਿਚ ਅਜਿਹੇ ਕਿਸੇ ਜਾਨਵਰ ਦੀ ਬਲ਼ੀ ਨਾ ਦੇਣੀ। 25 ਤੁਸੀਂ ਕਿਸੇ ਪਰਦੇਸੀ ਦੇ ਹੱਥੋਂ ਅਜਿਹਾ ਜਾਨਵਰ ਲੈ ਕੇ ਆਪਣੇ ਪਰਮੇਸ਼ੁਰ ਲਈ ਭੋਜਨ ਦੇ ਤੌਰ ਤੇ ਨਾ ਚੜ੍ਹਾਓ ਕਿਉਂਕਿ ਉਸ ਜਾਨਵਰ ਦੇ ਸਰੀਰ ਵਿਚ ਖ਼ਰਾਬੀ ਅਤੇ ਨੁਕਸ ਹੈ। ਅਜਿਹੇ ਜਾਨਵਰ ਦੀ ਬਲ਼ੀ ਚੜ੍ਹਾਉਣ ʼਤੇ ਤੁਹਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਨਹੀਂ ਮਿਲੇਗੀ।’”
26 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 27 “ਜੇ ਕੋਈ ਵੱਛਾ ਜਾਂ ਲੇਲਾ ਜਾਂ ਮੇਮਣਾ ਜੰਮਦਾ ਹੈ, ਤਾਂ ਉਹ ਆਪਣੀ ਮਾਂ ਨਾਲ ਸੱਤ ਦਿਨ ਰਹੇ,+ ਪਰ ਅੱਠਵੇਂ ਦਿਨ ਤੋਂ ਉਸ ਨੂੰ ਯਹੋਵਾਹ ਅੱਗੇ ਅੱਗ ਵਿਚ ਚੜ੍ਹਾਈ ਜਾਂਦੀ ਭੇਟ ਵਜੋਂ ਚੜ੍ਹਾਇਆ ਜਾ ਸਕਦਾ ਹੈ ਅਤੇ ਉਸ ਨੂੰ ਕਬੂਲ ਕੀਤਾ ਜਾਵੇਗਾ। 28 ਪਰ ਤੁਸੀਂ ਗਾਂ ਨੂੰ ਉਸ ਦੇ ਵੱਛੇ ਨਾਲ ਜਾਂ ਭੇਡ ਨੂੰ ਉਸ ਦੇ ਲੇਲੇ ਨਾਲ ਇੱਕੋ ਦਿਨ ਨਾ ਵੱਢੋ।+
29 “ਜੇ ਤੁਸੀਂ ਯਹੋਵਾਹ ਨੂੰ ਧੰਨਵਾਦ ਦੀ ਬਲ਼ੀ ਚੜ੍ਹਾਉਂਦੇ ਹੋ,+ ਤਾਂ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਚੜ੍ਹਾਓ ਕਿ ਤੁਸੀਂ ਪਰਮੇਸ਼ੁਰ ਦੀ ਮਨਜ਼ੂਰੀ ਪਾ ਸਕੋ। 30 ਉਸੇ ਦਿਨ ਇਸ ਦਾ ਮਾਸ ਖਾਧਾ ਜਾਵੇ। ਉਸ ਨੂੰ ਅਗਲੇ ਦਿਨ ਸਵੇਰ ਤਕ ਨਾ ਰੱਖਿਆ ਜਾਵੇ।+ ਮੈਂ ਯਹੋਵਾਹ ਹਾਂ।
31 “ਤੁਸੀਂ ਮੇਰੇ ਹੁਕਮ ਮੰਨੋ ਅਤੇ ਉਨ੍ਹਾਂ ਦੀ ਪਾਲਣਾ ਕਰੋ।+ ਮੈਂ ਯਹੋਵਾਹ ਹਾਂ। 32 ਤੁਸੀਂ ਮੇਰੇ ਪਵਿੱਤਰ ਨਾਂ ਨੂੰ ਪਲੀਤ ਨਾ ਕਰੋ,+ ਸਗੋਂ ਇਜ਼ਰਾਈਲ ਵਿਚ ਮੈਨੂੰ ਪਵਿੱਤਰ ਮੰਨਿਆ ਜਾਵੇ।+ ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਕਰ ਰਿਹਾ ਹਾਂ+ 33 ਅਤੇ ਤੁਹਾਨੂੰ ਮਿਸਰ ਵਿੱਚੋਂ ਕੱਢ ਕੇ ਲਿਜਾ ਰਿਹਾ ਹਾਂ ਤਾਂਕਿ ਮੈਂ ਆਪਣੇ ਆਪ ਨੂੰ ਤੁਹਾਡਾ ਪਰਮੇਸ਼ੁਰ ਸਾਬਤ ਕਰਾਂ।+ ਮੈਂ ਯਹੋਵਾਹ ਹਾਂ।”