ਅੱਯੂਬ
40 ਯਹੋਵਾਹ ਨੇ ਅੱਯੂਬ ਨੂੰ ਅੱਗੇ ਕਿਹਾ:
2 “ਕੀ ਨੁਕਤਾਚੀਨੀ ਕਰਨ ਵਾਲੇ ਨੂੰ ਸਰਬਸ਼ਕਤੀਮਾਨ ਨਾਲ ਬਹਿਸ ਕਰਨੀ ਚਾਹੀਦੀ?+
ਜਿਹੜਾ ਪਰਮੇਸ਼ੁਰ ਨੂੰ ਸੁਧਾਰਨਾ ਚਾਹੁੰਦਾ ਹੈ, ਉਹ ਜਵਾਬ ਦੇਵੇ।”+
3 ਅੱਯੂਬ ਨੇ ਯਹੋਵਾਹ ਨੂੰ ਜਵਾਬ ਦਿੱਤਾ:
4 “ਦੇਖ! ਮੈਂ ਨਿਕੰਮਾ ਹਾਂ।+
ਮੈਂ ਤੈਨੂੰ ਕੀ ਜਵਾਬ ਦਿਆਂ?
ਮੈਂ ਆਪਣਾ ਹੱਥ ਆਪਣੇ ਮੂੰਹ ʼਤੇ ਰੱਖਦਾ ਹਾਂ।+
5 ਮੈਂ ਇਕ ਵਾਰ ਬੋਲਿਆ, ਦੂਜੀ ਵਾਰ ਬੋਲਿਆ,
ਪਰ ਦੁਬਾਰਾ ਜਵਾਬ ਨਹੀਂ ਦਿਆਂਗਾ, ਮੈਂ ਹੋਰ ਕੁਝ ਨਹੀਂ ਕਹਾਂਗਾ।”
6 ਫਿਰ ਯਹੋਵਾਹ ਨੇ ਤੂਫ਼ਾਨ ਵਿੱਚੋਂ ਦੀ ਅੱਯੂਬ ਨੂੰ ਜਵਾਬ ਦਿੱਤਾ:+
7 “ਜ਼ਰਾ ਮਰਦ ਵਾਂਗ ਆਪਣਾ ਲੱਕ ਬੰਨ੍ਹ;
ਮੈਂ ਤੈਥੋਂ ਸਵਾਲ ਪੁੱਛਦਾ ਹਾਂ ਤੇ ਤੂੰ ਮੈਨੂੰ ਦੱਸ।+
8 ਕੀ ਤੂੰ ਮੇਰੇ ਇਨਸਾਫ਼ ʼਤੇ ਉਂਗਲ ਚੁੱਕੇਂਗਾ?*
ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਕੀ ਤੂੰ ਮੇਰੇ ʼਤੇ ਦੋਸ਼ ਲਾਵੇਂਗਾ?+
9 ਕੀ ਤੇਰੀ ਬਾਂਹ ਵਿਚ ਸੱਚੇ ਪਰਮੇਸ਼ੁਰ ਦੀ ਬਾਂਹ ਜਿੰਨਾ ਜ਼ੋਰ ਹੈ?+
ਕੀ ਤੇਰੀ ਆਵਾਜ਼ ਉਸ ਦੀ ਆਵਾਜ਼ ਵਾਂਗ ਗਰਜ ਸਕਦੀ ਹੈ?+
10 ਕਿਰਪਾ ਕਰ ਕੇ ਆਪਣੇ ਆਪ ਨੂੰ ਮਹਿਮਾ ਤੇ ਪ੍ਰਤਾਪ ਨਾਲ ਸ਼ਿੰਗਾਰ;
ਮਾਣ ਅਤੇ ਤੇਜ ਦਾ ਲਿਬਾਸ ਪਾ।
11 ਆਪਣੇ ਗੁੱਸੇ ਦਾ ਕਹਿਰ ਵਰ੍ਹਾ;
ਹਰੇਕ ਘਮੰਡੀ ਨੂੰ ਦੇਖ ਅਤੇ ਉਸ ਨੂੰ ਨੀਵਾਂ ਕਰ।
12 ਹਰ ਹੰਕਾਰੀ ਵੱਲ ਤੱਕ ਅਤੇ ਉਸ ਨੂੰ ਨਿਮਰ ਕਰ,
ਨਜ਼ਰ ਆਉਂਦਿਆਂ ਹੀ ਦੁਸ਼ਟਾਂ ਨੂੰ ਉੱਥੇ ਹੀ ਮਿੱਧ ਸੁੱਟ।
13 ਉਨ੍ਹਾਂ ਸਾਰਿਆਂ ਨੂੰ ਮਿੱਟੀ ਵਿਚ ਗੱਡ ਦੇ;
ਗੁਪਤ ਥਾਂ ਅੰਦਰ ਉਨ੍ਹਾਂ ਨੂੰ* ਬੰਨ੍ਹ ਦੇ,
14 ਫਿਰ ਮੈਂ ਵੀ ਤੈਨੂੰ ਮੰਨ ਲਵਾਂਗਾ*
ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸਕਦਾ ਹੈ।
15 ਜ਼ਰਾ ਬੇਹੀਮਥ* ਨੂੰ ਦੇਖ, ਜਿਸ ਨੂੰ ਮੈਂ ਉਵੇਂ ਹੀ ਬਣਾਇਆ ਜਿਵੇਂ ਤੈਨੂੰ ਬਣਾਇਆ।
ਉਹ ਬਲਦ ਵਾਂਗ ਘਾਹ ਖਾਂਦਾ ਹੈ।
16 ਦੇਖ, ਉਸ ਦੇ ਲੱਕ ਵਿਚ ਕਿੰਨੀ ਤਾਕਤ ਹੈ
ਅਤੇ ਉਸ ਦੇ ਢਿੱਡ ਦੀਆਂ ਮਾਸ-ਪੇਸ਼ੀਆਂ ਵਿਚ ਕਿੰਨਾ ਬਲ ਹੈ!
17 ਉਹ ਆਪਣੀ ਪੂਛ ਦਿਆਰ ਵਾਂਗ ਅਕੜਾ ਲੈਂਦਾ ਹੈ;
ਉਸ ਦੇ ਪੱਟਾਂ ਦੀਆਂ ਨਸਾਂ ਗੁੰਦੀਆਂ ਹੋਈਆਂ ਹਨ।
18 ਉਸ ਦੀਆਂ ਹੱਡੀਆਂ ਤਾਂਬੇ ਦੀਆਂ ਨਲੀਆਂ ਵਰਗੀਆਂ ਹਨ;
ਉਸ ਦੇ ਅੰਗ ਕੁੱਟ-ਕੁੱਟ ਕੇ ਬਣਾਏ ਲੋਹੇ ਦੇ ਡੰਡਿਆਂ ਵਰਗੇ ਹਨ।
19 ਪਰਮੇਸ਼ੁਰ ਦੇ ਕੰਮਾਂ ਵਿੱਚੋਂ ਇਸ ਕਿਸਮ ਦਾ ਉਹ ਪਹਿਲਾ ਜਾਨਵਰ ਹੈ;*
ਸਿਰਫ਼ ਉਸ ਦਾ ਸਿਰਜਣਹਾਰ ਹੀ ਉਸ ਕੋਲ ਤਲਵਾਰ ਲੈ ਕੇ ਜਾ ਸਕਦਾ ਹੈ।
20 ਪਹਾੜ ਉਸ ਲਈ ਖਾਣਾ ਉਗਾਉਂਦੇ ਹਨ
ਜਿੱਥੇ ਸਾਰੇ ਜੰਗਲੀ ਜਾਨਵਰ ਖੇਡਦੇ ਹਨ।
21 ਉਹ ਕੰਡਿਆਲ਼ੀਆਂ ਝਾੜੀਆਂ ਹੇਠਾਂ ਲੇਟਦਾ ਹੈ,
ਦਲਦਲ ਦੇ ਕਾਨਿਆਂ ਦੀ ਪਨਾਹ ਵਿਚ ਲੰਮਾ ਪੈਂਦਾ ਹੈ।
22 ਕੰਡਿਆਲ਼ੀਆਂ ਝਾੜੀਆਂ ਉਸ ਉੱਤੇ ਛਾਂ ਕਰਦੀਆਂ ਹਨ
ਅਤੇ ਘਾਟੀ ਦੇ ਬੇਦ* ਦੇ ਦਰਖ਼ਤ ਉਸ ਨੂੰ ਘੇਰੀ ਰੱਖਦੇ ਹਨ।
23 ਚਾਹੇ ਨਦੀ ਵਿਚ ਤੂਫ਼ਾਨ ਆ ਜਾਵੇ, ਉਹ ਘਬਰਾਉਂਦਾ ਨਹੀਂ।
ਭਾਵੇਂ ਯਰਦਨ+ ਦਰਿਆ ਇਸ ਦੇ ਮੂੰਹ ਤਕ ਚੜ੍ਹ ਆਵੇ, ਉਹ ਬੇਫ਼ਿਕਰ ਰਹਿੰਦਾ ਹੈ।
24 ਕੀ ਉਸ ਦੇ ਦੇਖਦਿਆਂ ਕੋਈ ਉਸ ਨੂੰ ਫੜ ਸਕਦਾ ਹੈ
ਜਾਂ ਉਸ ਦੇ ਨੱਕ ਵਿਚ ਨਕੇਲ* ਪਾ ਸਕਦਾ ਹੈ?