ਬਿਵਸਥਾ ਸਾਰ
23 “ਅਜਿਹਾ ਕੋਈ ਵੀ ਆਦਮੀ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦਾ ਜਿਸ ਦੇ ਅੰਡਕੋਸ਼ ਕੁਚਲੇ ਗਏ ਹੋਣ ਜਾਂ ਜਿਸ ਦਾ ਗੁਪਤ ਅੰਗ ਕੱਟਿਆ ਹੋਵੇ।+
2 “ਕੋਈ ਵੀ ਨਾਜਾਇਜ਼ ਪੁੱਤਰ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦਾ।+ ਦਸਵੀਂ ਪੀੜ੍ਹੀ ਤਕ ਉਸ ਦੀ ਕੋਈ ਵੀ ਔਲਾਦ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦੀ।
3 “ਕੋਈ ਵੀ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦਾ।+ ਦਸਵੀਂ ਪੀੜ੍ਹੀ ਤਕ ਉਨ੍ਹਾਂ ਦੀ ਕੋਈ ਵੀ ਔਲਾਦ ਕਦੇ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦੀ 4 ਕਿਉਂਕਿ ਜਦੋਂ ਤੁਸੀਂ ਮਿਸਰ ਵਿੱਚੋਂ ਨਿਕਲ ਕੇ ਆ ਰਹੇ ਸੀ, ਤਾਂ ਉਨ੍ਹਾਂ ਨੇ ਤੁਹਾਨੂੰ ਰੋਟੀ-ਪਾਣੀ ਨਹੀਂ ਦਿੱਤਾ,+ ਸਗੋਂ ਉਨ੍ਹਾਂ ਨੇ ਮੈਸੋਪੋਟਾਮੀਆ ਦੇ ਪਥੋਰ ਤੋਂ ਬਿਓਰ ਦੇ ਪੁੱਤਰ ਬਿਲਾਮ ਨੂੰ ਤੁਹਾਨੂੰ ਸਰਾਪ ਦੇਣ ਲਈ ਸੱਦਿਆ ਸੀ ਅਤੇ ਉਸ ਨੂੰ ਇਸ ਕੰਮ ਲਈ ਪੈਸਾ ਦਿੱਤਾ ਸੀ।+ 5 ਪਰ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਬਿਲਾਮ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।+ ਇਸ ਦੀ ਬਜਾਇ, ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਸ ਦੇ ਸਰਾਪ ਨੂੰ ਤੁਹਾਡੇ ਲਈ ਬਰਕਤ ਵਿਚ ਬਦਲ ਦਿੱਤਾ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ।+ 6 ਤੁਸੀਂ ਜ਼ਿੰਦਗੀ ਭਰ ਅੰਮੋਨੀਆਂ ਜਾਂ ਮੋਆਬੀਆਂ ਦੇ ਭਲੇ ਜਾਂ ਖ਼ੁਸ਼ਹਾਲੀ ਲਈ ਕੁਝ ਨਾ ਕਰਿਓ।+
7 “ਤੁਸੀਂ ਅਦੋਮੀਆਂ ਨਾਲ ਨਫ਼ਰਤ ਨਾ ਕਰਿਓ ਕਿਉਂਕਿ ਉਹ ਤੁਹਾਡੇ ਭਰਾ ਹਨ।+
“ਤੁਸੀਂ ਮਿਸਰੀਆਂ ਨਾਲ ਨਫ਼ਰਤ ਨਾ ਕਰਿਓ ਕਿਉਂਕਿ ਤੁਸੀਂ ਉਨ੍ਹਾਂ ਦੇ ਦੇਸ਼ ਵਿਚ ਪਰਦੇਸੀ ਸੀ।+ 8 ਉਨ੍ਹਾਂ ਦੀ ਤੀਜੀ ਪੀੜ੍ਹੀ ਯਹੋਵਾਹ ਦੀ ਮੰਡਲੀ ਵਿਚ ਆ ਸਕਦੀ ਹੈ।
9 “ਜਦੋਂ ਤੁਸੀਂ ਆਪਣੇ ਦੁਸ਼ਮਣਾਂ ਦੇ ਖ਼ਿਲਾਫ਼ ਕਿਤੇ ਛਾਉਣੀ ਲਾਉਂਦੇ ਹੋ, ਤਾਂ ਤੁਸੀਂ ਹਰ ਉਸ ਚੀਜ਼ ਤੋਂ ਦੂਰ ਰਹੋ ਜੋ ਤੁਹਾਨੂੰ ਭ੍ਰਿਸ਼ਟ ਕਰ ਸਕਦੀ ਹੈ।+ 10 ਜੇ ਕੋਈ ਆਦਮੀ ਰਾਤ ਨੂੰ ਵੀਰਜ ਨਿਕਲਣ ਕਰਕੇ ਅਸ਼ੁੱਧ ਹੋ ਜਾਂਦਾ ਹੈ,+ ਤਾਂ ਉਹ ਛਾਉਣੀ ਤੋਂ ਬਾਹਰ ਚਲਾ ਜਾਵੇ ਅਤੇ ਦੁਬਾਰਾ ਛਾਉਣੀ ਵਿਚ ਵਾਪਸ ਨਾ ਆਵੇ। 11 ਉਹ ਸ਼ਾਮ ਪੈਣ ਤੇ ਨਹਾਵੇ ਅਤੇ ਫਿਰ ਉਹ ਸੂਰਜ ਢਲ਼ਣ ਤੋਂ ਬਾਅਦ ਛਾਉਣੀ ਵਿਚ ਆ ਸਕਦਾ ਹੈ।+ 12 ਛਾਉਣੀ ਤੋਂ ਬਾਹਰ ਇਕ ਵੱਖਰੀ ਜਗ੍ਹਾ ਰੱਖੀ ਜਾਵੇ ਜੋ ਪਖਾਨੇ ਲਈ ਵਰਤੀ ਜਾਵੇ। 13 ਆਪਣੇ ਔਜ਼ਾਰਾਂ ਵਿਚ ਇਕ ਰੰਬੀ ਵੀ ਰੱਖੋ। ਜਦੋਂ ਤੁਸੀਂ ਬਾਹਰ ਜੰਗਲ-ਪਾਣੀ ਲਈ ਜਾਵੋ, ਤਾਂ ਰੰਬੀ ਨਾਲ ਟੋਆ ਪੁੱਟੋ ਅਤੇ ਮਲ ਤਿਆਗਣ ਤੋਂ ਬਾਅਦ ਉਸ ਨੂੰ ਮਿੱਟੀ ਨਾਲ ਢਕ ਦਿਓ। 14 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੁਸ਼ਮਣਾਂ ਤੋਂ ਛੁਡਾਉਣ ਅਤੇ ਉਨ੍ਹਾਂ ਨੂੰ ਤੁਹਾਡੇ ਹੱਥ ਵਿਚ ਕਰ ਦੇਣ ਲਈ ਤੁਹਾਡੀ ਛਾਉਣੀ ਵਿਚ ਤੁਰਦਾ-ਫਿਰਦਾ ਹੈ।+ ਤੁਹਾਡੀ ਛਾਉਣੀ ਪਵਿੱਤਰ ਰਹੇ+ ਤਾਂਕਿ ਉਹ ਤੁਹਾਡੇ ਵਿਚ ਕੋਈ ਘਿਣਾਉਣੀ ਚੀਜ਼ ਦੇਖ ਕੇ ਤੁਹਾਡਾ ਸਾਥ ਨਾ ਛੱਡ ਦੇਵੇ।
15 “ਜੇ ਕੋਈ ਗ਼ੁਲਾਮ ਆਪਣੇ ਮਾਲਕ ਕੋਲੋਂ ਨੱਠ ਕੇ ਤੁਹਾਡੇ ਕੋਲ ਆਉਂਦਾ ਹੈ, ਤਾਂ ਤੁਸੀਂ ਗ਼ੁਲਾਮ ਨੂੰ ਉਸ ਦੇ ਮਾਲਕ ਦੇ ਹਵਾਲੇ ਨਾ ਕਰਿਓ। 16 ਉਹ ਤੁਹਾਡੇ ਕਿਸੇ ਵੀ ਸ਼ਹਿਰ ਵਿਚ ਜਿੱਥੇ ਚਾਹੇ, ਰਹਿ ਸਕਦਾ ਹੈ। ਤੁਸੀਂ ਉਸ ਨਾਲ ਬੁਰਾ ਸਲੂਕ ਨਾ ਕਰਿਓ।+
17 “ਕੋਈ ਇਜ਼ਰਾਈਲੀ ਕੁੜੀ ਮੰਦਰਾਂ ਵਿਚ ਵੇਸਵਾਗਿਰੀ ਨਾ ਕਰੇ+ ਅਤੇ ਨਾ ਹੀ ਕੋਈ ਇਜ਼ਰਾਈਲੀ ਮੁੰਡਾ ਮੰਦਰਾਂ ਵਿਚ ਵੇਸਵਾਗਿਰੀ ਕਰੇ।*+ 18 ਵੇਸਵਾਗਿਰੀ ਕਰਨ ਵਾਲੀ ਕੋਈ ਵੀ ਤੀਵੀਂ ਜਾਂ ਆਦਮੀ* ਆਪਣੀ ਸੁੱਖਣਾ ਪੂਰੀ ਕਰਨ ਲਈ ਆਪਣੀ ਕਮਾਈ ਤੁਹਾਡੇ ਪਰਮੇਸ਼ੁਰ ਯਹੋਵਾਹ ਦੇ ਘਰ ਨਾ ਲਿਆਵੇ ਕਿਉਂਕਿ ਉਹ ਦੋਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੇ ਹਨ।
19 “ਤੁਸੀਂ ਆਪਣੇ ਭਰਾ ਨੂੰ ਕੋਈ ਵੀ ਚੀਜ਼ ਵਿਆਜ ʼਤੇ ਨਾ ਦਿਓ:+ ਨਾ ਪੈਸੇ, ਨਾ ਖਾਣ-ਪੀਣ ਦੀਆਂ ਚੀਜ਼ਾਂ ਅਤੇ ਨਾ ਹੀ ਕੋਈ ਹੋਰ ਚੀਜ਼ ਜਿਸ ʼਤੇ ਵਿਆਜ ਲਿਆ ਜਾ ਸਕਦਾ ਹੈ। 20 ਤੁਸੀਂ ਪਰਦੇਸੀ ਤੋਂ ਵਿਆਜ ਲੈ ਸਕਦੇ ਹੋ,+ ਪਰ ਤੁਸੀਂ ਆਪਣੇ ਭਰਾ ਤੋਂ ਵਿਆਜ ਨਾ ਮੰਗਿਓ+ ਤਾਂਕਿ ਜਿਸ ਦੇਸ਼ ʼਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ, ਉੱਥੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਹਰ ਕੰਮ ਉੱਤੇ ਬਰਕਤ ਪਾਵੇ।+
21 “ਜਦ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦੇ ਹੋ,+ ਤਾਂ ਉਸ ਨੂੰ ਪੂਰਾ ਕਰਨ ਵਿਚ ਦੇਰ ਨਾ ਕਰਿਓ।+ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਤੋਂ ਮੰਗ ਕਰੇਗਾ ਕਿ ਤੁਸੀਂ ਆਪਣੀ ਸੁੱਖਣਾ ਪੂਰੀ ਕਰੋ, ਨਹੀਂ ਤਾਂ ਤੁਸੀਂ ਪਾਪੀ ਠਹਿਰੋਗੇ।+ 22 ਪਰ ਜੇ ਤੁਸੀਂ ਸੁੱਖਣਾ ਨਹੀਂ ਸੁੱਖਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਹੀਂ ਠਹਿਰੋਗੇ।+ 23 ਜਦੋਂ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਕੋਈ ਇੱਛਾ-ਬਲ਼ੀ ਚੜ੍ਹਾਉਣ ਦੀ ਸੁੱਖਣਾ ਸੁੱਖਦੇ ਹੋ, ਤਾਂ ਤੁਸੀਂ ਆਪਣੀ ਜ਼ਬਾਨ ਦੇ ਪੱਕੇ ਰਹੋ+ ਅਤੇ ਆਪਣੇ ਮੂੰਹੋਂ ਨਿਕਲੀ ਗੱਲ ਪੂਰੀ ਕਰੋ।
24 “ਜਦ ਤੁਸੀਂ ਆਪਣੇ ਗੁਆਂਢੀ ਦੇ ਅੰਗੂਰਾਂ ਦੇ ਬਾਗ਼ ਵਿਚ ਜਾਂਦੇ ਹੋ, ਤਾਂ ਤੁਸੀਂ ਰੱਜ ਕੇ ਅੰਗੂਰ ਖਾ ਸਕਦੇ ਹੋ, ਪਰ ਤੁਸੀਂ ਅੰਗੂਰਾਂ ਨੂੰ ਆਪਣੇ ਝੋਲ਼ੇ ਵਿਚ ਨਹੀਂ ਲਿਜਾ ਸਕਦੇ।+
25 “ਜਦ ਤੁਸੀਂ ਆਪਣੇ ਗੁਆਂਢੀ ਦੇ ਖੇਤ ਵਿਚ ਜਾਂਦੇ ਹੋ, ਤਾਂ ਤੁਸੀਂ ਉਸ ਦੀ ਖੜ੍ਹੀ ਫ਼ਸਲ ਦੇ ਪੱਕੇ ਹੋਏ ਸਿੱਟੇ ਆਪਣੇ ਹੱਥਾਂ ਨਾਲ ਤੋੜ ਸਕਦੇ ਹੋ, ਪਰ ਤੁਸੀਂ ਉਸ ਦੀ ਫ਼ਸਲ ਨੂੰ ਦਾਤੀ ਨਾਲ ਨਹੀਂ ਵੱਢ ਸਕਦੇ।+