ਮਰਕੁਸ ਮੁਤਾਬਕ ਖ਼ੁਸ਼ ਖ਼ਬਰੀ
7 ਫਿਰ ਯਰੂਸ਼ਲਮ ਤੋਂ ਆਏ ਫ਼ਰੀਸੀ ਅਤੇ ਕੁਝ ਗ੍ਰੰਥੀ ਯਿਸੂ ਕੋਲ ਇਕੱਠੇ ਹੋਏ।+ 2 ਉਨ੍ਹਾਂ ਨੇ ਉਸ ਦੇ ਕੁਝ ਚੇਲਿਆਂ ਨੂੰ ਗੰਦੇ ਜਾਂ ਅਣਧੋਤੇ ਹੱਥਾਂ* ਨਾਲ ਖਾਣਾ ਖਾਂਦੇ ਦੇਖਿਆ। 3 (ਕਿਉਂਕਿ ਫ਼ਰੀਸੀ ਅਤੇ ਬਾਕੀ ਸਾਰੇ ਯਹੂਦੀ ਆਪਣੇ ਦਾਦਿਆਂ-ਪੜਦਾਦਿਆਂ ਦੀ ਰੀਤ ਅਨੁਸਾਰ ਉੱਨਾ ਚਿਰ ਖਾਣਾ ਨਹੀਂ ਖਾਂਦੇ ਸਨ ਜਿੰਨਾ ਚਿਰ ਉਹ ਕੂਹਣੀਆਂ ਤਕ ਹੱਥ ਨਾ ਧੋ ਲੈਣ 4 ਅਤੇ ਬਾਜ਼ਾਰੋਂ ਆਉਣ ਤੋਂ ਬਾਅਦ ਉਹ ਉਦੋਂ ਤਕ ਖਾਣਾ ਨਹੀਂ ਖਾਂਦੇ ਸਨ ਜਦ ਤਕ ਉਹ ਖ਼ੁਦ ਨੂੰ ਸ਼ੁੱਧ ਨਾ ਕਰ ਲੈਣ। ਉਹ ਇੱਦਾਂ ਦੀਆਂ ਹੋਰ ਵੀ ਕਈ ਰੀਤਾਂ ʼਤੇ ਚੱਲਣ ਵਿਚ ਬੜੇ ਕੱਟੜ ਸਨ ਜਿਵੇਂ ਕਿ ਕੱਪਾਂ, ਗੜਵਿਆਂ ਅਤੇ ਤਾਂਬੇ ਦੇ ਭਾਂਡਿਆਂ ਨੂੰ ਪਾਣੀ ਵਿਚ ਡੁਬੋ ਕੇ ਧੋਣਾ।)+ 5 ਇਸ ਲਈ ਫ਼ਰੀਸੀਆਂ ਤੇ ਗ੍ਰੰਥੀਆਂ ਨੇ ਉਸ ਨੂੰ ਪੁੱਛਿਆ: “ਤੇਰੇ ਚੇਲੇ ਦਾਦਿਆਂ-ਪੜਦਾਦਿਆਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ, ਉਹ ਗੰਦੇ ਹੱਥਾਂ ਨਾਲ ਕਿਉਂ ਖਾਣਾ ਖਾਂਦੇ ਹਨ?”+ 6 ਉਸ ਨੇ ਉਨ੍ਹਾਂ ਨੂੰ ਕਿਹਾ: “ਪਖੰਡੀਓ, ਯਸਾਯਾਹ ਨਬੀ ਨੇ ਤੁਹਾਡੇ ਬਾਰੇ ਠੀਕ ਹੀ ਭਵਿੱਖਬਾਣੀ ਕੀਤੀ ਸੀ, ਜਿਵੇਂ ਲਿਖਿਆ ਹੈ: ‘ਇਹ ਲੋਕ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ।+ 7 ਇਹ ਬੇਕਾਰ ਵਿਚ ਹੀ ਮੇਰੀ ਭਗਤੀ ਕਰਦੇ ਹਨ ਕਿਉਂਕਿ ਇਹ ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।’+ 8 ਤੁਸੀਂ ਪਰਮੇਸ਼ੁਰ ਦੇ ਹੁਕਮਾਂ ʼਤੇ ਚੱਲਣ ਦੀ ਬਜਾਇ ਇਨਸਾਨਾਂ ਦੀ ਬਣਾਈ ਇਸ ਰੀਤ ʼਤੇ ਚੱਲਦੇ ਹੋ।”+
9 ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੀਆਂ ਰੀਤਾਂ ਨੂੰ ਕਾਇਮ ਰੱਖਣ ਲਈ ਬੜੀ ਚਲਾਕੀ ਨਾਲ ਪਰਮੇਸ਼ੁਰ ਦੇ ਹੁਕਮਾਂ ਨੂੰ ਟਾਲ਼ ਦਿੰਦੇ ਹੋ।+ 10 ਮਿਸਾਲ ਲਈ, ਮੂਸਾ ਨੇ ਕਿਹਾ ਸੀ: ‘ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ’+ ਅਤੇ ‘ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ,* ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।’+ 11 ਪਰ ਤੁਸੀਂ ਕਹਿੰਦੇ ਹੋ, ‘ਜੇ ਕੋਈ ਇਨਸਾਨ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਕਹੇ: “ਮੇਰੀਆਂ ਜਿਨ੍ਹਾਂ ਚੀਜ਼ਾਂ ਤੋਂ ਤੁਹਾਨੂੰ ਕੋਈ ਫ਼ਾਇਦਾ ਹੋ ਸਕਦਾ ਸੀ, ਉਹ ਕੁਰਬਾਨ ਹੋ ਚੁੱਕੀਆਂ ਹਨ (ਯਾਨੀ ਪਰਮੇਸ਼ੁਰ ਦੇ ਨਾਂ ਲੱਗ ਚੁੱਕੀਆਂ ਹਨ),”’ 12 ਇਸ ਤਰ੍ਹਾਂ ਤੁਸੀਂ ਉਸ ਨੂੰ ਆਪਣੇ ਮਾਤਾ-ਪਿਤਾ ਲਈ ਕੁਝ ਵੀ ਨਹੀਂ ਕਰਨ ਦਿੰਦੇ।+ 13 ਇਸ ਤਰ੍ਹਾਂ ਤੁਸੀਂ ਆਪਣੀਆਂ ਫੈਲਾਈਆਂ ਰੀਤਾਂ ਨਾਲ ਪਰਮੇਸ਼ੁਰ ਦੇ ਬਚਨ ਨੂੰ ਫ਼ਜ਼ੂਲ ਦੀ ਚੀਜ਼ ਬਣਾਉਂਦੇ ਹੋ।+ ਤੁਸੀਂ ਇਹੋ ਜਿਹੇ ਹੋਰ ਵੀ ਕਈ ਕੰਮ ਕਰਦੇ ਹੋ।”+ 14 ਯਿਸੂ ਨੇ ਭੀੜ ਨੂੰ ਦੁਬਾਰਾ ਆਪਣੇ ਕੋਲ ਬੁਲਾ ਕੇ ਕਿਹਾ: “ਤੁਸੀਂ ਸਾਰੇ ਮੇਰੀਆਂ ਗੱਲਾਂ ਸੁਣੋ ਅਤੇ ਇਨ੍ਹਾਂ ਦਾ ਮਤਲਬ ਸਮਝੋ।+ 15 ਇਨਸਾਨ ਜੋ ਕੁਝ ਖਾਂਦਾ ਹੈ, ਉਸ ਨਾਲ ਉਹ ਭ੍ਰਿਸ਼ਟ ਨਹੀਂ ਹੁੰਦਾ, ਸਗੋਂ ਉਸ ਦੇ ਮੂੰਹੋਂ ਜੋ ਨਿਕਲਦਾ ਹੈ, ਉਸ ਨਾਲ ਉਹ ਭ੍ਰਿਸ਼ਟ ਹੁੰਦਾ ਹੈ।”+ 16 *—
17 ਹੁਣ ਜਦ ਉਹ ਭੀੜ ਨੂੰ ਛੱਡ ਕੇ ਇਕ ਘਰ ਵਿਚ ਗਿਆ, ਤਾਂ ਉਸ ਦੇ ਚੇਲਿਆਂ ਨੇ ਉਸ ਨੂੰ ਇਸ ਮਿਸਾਲ ਦਾ ਮਤਲਬ ਪੁੱਛਿਆ।+ 18 ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਵੀ ਉਨ੍ਹਾਂ ਵਾਂਗ ਨਾਸਮਝ ਹੋ? ਕੀ ਤੁਸੀਂ ਨਹੀਂ ਜਾਣਦੇ ਕਿ ਇਨਸਾਨ ਜੋ ਕੁਝ ਖਾਂਦਾ ਹੈ, ਉਸ ਨਾਲ ਉਹ ਭ੍ਰਿਸ਼ਟ ਨਹੀਂ ਹੁੰਦਾ 19 ਕਿਉਂਕਿ ਖਾਣਾ ਦਿਲ ਵਿਚ ਨਹੀਂ, ਸਗੋਂ ਢਿੱਡ ਵਿਚ ਜਾਂਦਾ ਹੈ ਤੇ ਫਿਰ ਸਰੀਰ ਵਿੱਚੋਂ ਨਿਕਲ ਜਾਂਦਾ ਹੈ।” ਇਹ ਕਹਿ ਕੇ ਉਸ ਨੇ ਸਭ ਖਾਣ ਵਾਲੀਆਂ ਚੀਜ਼ਾਂ ਨੂੰ ਸ਼ੁੱਧ ਕਿਹਾ। 20 ਅੱਗੇ ਉਸ ਨੇ ਕਿਹਾ: “ਜੋ ਇਨਸਾਨ ਦੇ ਅੰਦਰੋਂ ਨਿਕਲਦਾ ਹੈ, ਉਸ ਨਾਲ ਉਹ ਭ੍ਰਿਸ਼ਟ ਹੁੰਦਾ ਹੈ+ 21 ਕਿਉਂਕਿ ਇਨਸਾਨ ਦੇ ਅੰਦਰੋਂ ਯਾਨੀ ਦਿਲ ਵਿੱਚੋਂ+ ਭੈੜੀ ਸੋਚ ਨਿਕਲਦੀ ਹੈ ਜਿਸ ਦਾ ਨਤੀਜਾ ਇਹ ਹੁੰਦਾ ਹੈ: ਹਰਾਮਕਾਰੀਆਂ,* ਚੋਰੀਆਂ, ਕਤਲ, 22 ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਣੇ, ਲੋਭ ਅਤੇ ਦੁਸ਼ਟ ਕੰਮ ਕਰਨੇ, ਮੱਕਾਰੀਆਂ, ਬੇਸ਼ਰਮੀ ਭਰੇ ਕੰਮ,* ਈਰਖਾ ਭਰੀਆਂ ਨਜ਼ਰਾਂ ਨਾਲ ਦੇਖਣਾ, ਦੂਜਿਆਂ ਦੀ ਨਿੰਦਿਆ ਕਰਨੀ, ਹੰਕਾਰ ਤੇ ਮੂਰਖਪੁਣਾ। 23 ਇਹ ਸਭ ਦੁਸ਼ਟ ਗੱਲਾਂ ਇਨਸਾਨ ਦੇ ਅੰਦਰੋਂ ਨਿਕਲਦੀਆਂ ਹਨ ਅਤੇ ਉਸ ਨੂੰ ਭ੍ਰਿਸ਼ਟ ਕਰਦੀਆਂ ਹਨ।”
24 ਉੱਥੋਂ ਉਹ ਸੋਰ ਤੇ ਸੀਦੋਨ ਦੇ ਇਲਾਕਿਆਂ ਵਿਚ ਚਲਾ ਗਿਆ।+ ਉੱਥੇ ਉਹ ਇਕ ਘਰ ਵਿਚ ਗਿਆ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਉਸ ਦੇ ਆਉਣ ਦੀ ਖ਼ਬਰ ਹੋਵੇ। ਪਰ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਬਚਿਆ ਨਾ ਰਿਹਾ। 25 ਇਕ ਤੀਵੀਂ ਨੇ ਉਸ ਬਾਰੇ ਸੁਣਿਆ ਅਤੇ ਉਹ ਤੁਰੰਤ ਉਸ ਕੋਲ ਆ ਕੇ ਉਸ ਦੇ ਪੈਰੀਂ ਪੈ ਗਈ। ਉਸ ਤੀਵੀਂ ਦੀ ਧੀ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ।+ 26 ਇਹ ਯੂਨਾਨੀ ਤੀਵੀਂ ਸੀਰੀਆ ਵਿਚ ਫੈਨੀਕੇ ਦੇ ਇਲਾਕੇ ਦੀ ਰਹਿਣ ਵਾਲੀ ਸੀ। ਉਹ ਯਿਸੂ ਨੂੰ ਵਾਰ-ਵਾਰ ਫ਼ਰਿਆਦ ਕਰਦੀ ਰਹੀ ਕਿ ਉਹ ਉਸ ਦੀ ਧੀ ਦਾ ਦੁਸ਼ਟ ਦੂਤ ਤੋਂ ਖਹਿੜਾ ਛੁਡਾਏ। 27 ਪਰ ਯਿਸੂ ਨੇ ਉਸ ਨੂੰ ਕਿਹਾ: “ਪਹਿਲਾਂ ਨਿਆਣੇ ਰੱਜ ਕੇ ਖਾ ਲੈਣ ਕਿਉਂਕਿ ਨਿਆਣਿਆਂ ਤੋਂ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।”+ 28 ਤੀਵੀਂ ਨੇ ਉਸ ਨੂੰ ਕਿਹਾ: “ਤੂੰ ਠੀਕ ਕਹਿੰਦਾ ਹੈਂ ਪ੍ਰਭੂ, ਮੇਜ਼ ਹੇਠਾਂ ਕਤੂਰੇ ਨਿਆਣਿਆਂ ਦੀ ਰੋਟੀ ਦਾ ਡਿਗਿਆ ਚੂਰਾ-ਭੂਰਾ ਹੀ ਖਾਂਦੇ ਹਨ।” 29 ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਕਿਉਂਕਿ ਤੂੰ ਇਹ ਗੱਲ ਕਹੀ ਹੈ, ਇਸ ਕਰਕੇ ਜਾਹ; ਤੇਰੀ ਧੀ ਵਿੱਚੋਂ ਦੁਸ਼ਟ ਦੂਤ ਨਿਕਲ ਗਿਆ ਹੈ।”+ 30 ਉਹ ਆਪਣੇ ਘਰ ਚਲੀ ਗਈ ਅਤੇ ਦੇਖਿਆ ਕਿ ਉਸ ਦੀ ਧੀ ਮੰਜੇ ਉੱਤੇ ਲੰਮੀ ਪਈ ਹੋਈ ਸੀ ਅਤੇ ਦੁਸ਼ਟ ਦੂਤ ਉਸ ਵਿੱਚੋਂ ਨਿਕਲ ਚੁੱਕਾ ਸੀ।+
31 ਉਹ ਸੋਰ ਦੇ ਇਲਾਕਿਆਂ ਤੋਂ ਵਾਪਸ ਆਉਂਦੇ ਸਮੇਂ ਸੀਦੋਨ ਅਤੇ ਦਿਕਾਪੁਲਿਸ* ਵਿੱਚੋਂ ਦੀ ਹੁੰਦਾ ਹੋਇਆ ਗਲੀਲ ਦੀ ਝੀਲ ਕੋਲ ਆਇਆ।+ 32 ਇੱਥੇ ਲੋਕ ਉਸ ਕੋਲ ਇਕ ਬੋਲ਼ੇ ਆਦਮੀ ਨੂੰ ਲਿਆਏ ਜਿਸ ਦੀ ਜ਼ਬਾਨ ਵਿਚ ਵੀ ਨੁਕਸ ਸੀ।+ ਉਨ੍ਹਾਂ ਨੇ ਯਿਸੂ ਨੂੰ ਉਸ ਉੱਤੇ ਹੱਥ ਰੱਖਣ ਦੀ ਬੇਨਤੀ ਕੀਤੀ। 33 ਉਹ ਉਸ ਨੂੰ ਭੀੜ ਤੋਂ ਦੂਰ ਲੈ ਗਿਆ ਅਤੇ ਉਸ ਦੇ ਕੰਨਾਂ ਵਿਚ ਆਪਣੀਆਂ ਉਂਗਲਾਂ ਪਾ ਕੇ ਥੁੱਕਿਆ ਅਤੇ ਉਸ ਦੀ ਜੀਭ ਨੂੰ ਛੂਹਿਆ।+ 34 ਫਿਰ ਯਿਸੂ ਨੇ ਆਕਾਸ਼ ਵੱਲ ਦੇਖ ਕੇ ਲੰਬਾ ਹਉਕਾ ਭਰਿਆ ਅਤੇ ਕਿਹਾ: “ਐਫਥਾ,” ਜਿਸ ਦਾ ਮਤਲਬ ਹੈ “ਖੁੱਲ੍ਹ ਜਾਹ।” 35 ਉਸ ਆਦਮੀ ਦੀ ਸੁਣਨ ਦੀ ਸ਼ਕਤੀ ਵਾਪਸ ਆ ਗਈ+ ਅਤੇ ਉਸ ਦੀ ਜ਼ਬਾਨ ਵੀ ਠੀਕ ਹੋ ਗਈ ਅਤੇ ਉਹ ਚੰਗੀ ਤਰ੍ਹਾਂ ਬੋਲਣ ਲੱਗ ਪਿਆ। 36 ਯਿਸੂ ਨੇ ਉਨ੍ਹਾਂ ਨੂੰ ਬੜੀ ਸਖ਼ਤੀ ਨਾਲ ਵਰਜਿਆ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸਣ,+ ਪਰ ਉਹ ਜਿੰਨਾ ਉਨ੍ਹਾਂ ਨੂੰ ਦੱਸਣ ਤੋਂ ਰੋਕਦਾ ਸੀ, ਉਹ ਉੱਨਾ ਹੀ ਜ਼ਿਆਦਾ ਲੋਕਾਂ ਨੂੰ ਦੱਸਦੇ ਸਨ।+ 37 ਅਸਲ ਵਿਚ, ਉਹ ਬਹੁਤ ਹੈਰਾਨ ਹੁੰਦੇ ਸਨ+ ਤੇ ਕਹਿੰਦੇ ਸਨ: “ਉਸ ਦੇ ਸਾਰੇ ਕੰਮ ਬਹੁਤ ਵਧੀਆ ਹਨ। ਉਹ ਤਾਂ ਬੋਲ਼ਿਆਂ ਦੇ ਕੰਨ ਖੋਲ੍ਹਦਾ ਹੈ ਅਤੇ ਗੁੰਗਿਆਂ ਨੂੰ ਜ਼ਬਾਨ ਦਿੰਦਾ ਹੈ।”+