ਕੀ ਤੁਹਾਡੇ ਕੋਲ ਮਸੀਹ ਦਾ ਮਨ ਹੈ?
‘ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ ਤੁਹਾਨੂੰ ਇਹ ਬਖ਼ਸ਼ੇ ਜੋ ਤੁਸੀਂ ਮਸੀਹ ਯਿਸੂ ਵਰਗੇ ਹੋਵੋ।’—ਰੋਮੀਆਂ 15:5.
1. ਈਸਾਈ-ਜਗਤ ਦੀਆਂ ਕਈਆਂ ਤਸਵੀਰਾਂ ਵਿਚ ਯਿਸੂ ਨੂੰ ਕਿਸ ਤਰ੍ਹਾਂ ਦਿਖਾਇਆ ਜਾਂਦਾ ਹੈ, ਅਤੇ ਇਹ ਠੀਕ ਕਿਉਂ ਨਹੀਂ?
ਦਾਅਵਾ ਕੀਤਾ ਗਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਇਕ ਰੋਮੀ ਅਫ਼ਸਰ ਨੇ ਇਕ ਦਸਤਾਵੇਜ਼ ਵਿਚ ਯਿਸੂ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਸੀ: “ਉਸ ਨੂੰ ਕਦੀ ਵੀ ਹੱਸਦੇ ਹੋਏ ਨਹੀਂ ਦੇਖਿਆ ਗਿਆ।” ਕਿਹਾ ਜਾਂਦਾ ਹੈ ਕਿ ਇਸ ਦਸਤਾਵੇਜ਼ ਬਾਰੇ ਸਿਰਫ਼ 11ਵੀਂ ਸਦੀ ਵਿਚ ਪਤਾ ਲੱਗਾ ਸੀ, ਅਤੇ ਇਸ ਨੇ ਕਈ ਚਿੱਤਰਕਾਰਾਂ ਉੱਤੇ ਪ੍ਰਭਾਵ ਪਾਇਆ ਸੀ।a ਕਈਆਂ ਤਸਵੀਰਾਂ ਵਿਚ ਯਿਸੂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਜਿੱਦਾਂ ਕਿ ਉਹ ਬਹੁਤ ਹੀ ਉਦਾਸ ਵਿਅਕਤੀ ਸੀ ਜੋ ਘੱਟ ਹੀ ਮੁਸਕਰਾਉਂਦਾ ਸੀ। ਲੇਕਿਨ ਯਿਸੂ ਬਾਰੇ ਇਸ ਤਰ੍ਹਾਂ ਸੋਚਣਾ ਠੀਕ ਨਹੀਂ ਹੈ, ਕਿਉਂਕਿ ਇੰਜੀਲਾਂ ਵਿਚ ਉਸ ਨੂੰ ਇਕ ਨਿੱਘੇ
ਸੁਭਾਅ ਵਾਲੇ ਅਤੇ ਗਹਿਰੀਆਂ ਭਾਵਨਾਵਾਂ ਵਾਲੇ ਹਮਦਰਦ ਮਨੁੱਖ ਵਜੋਂ ਪੇਸ਼ ਕੀਤਾ ਗਿਆ ਹੈ।
2. ਅਸੀਂ ‘ਮਸੀਹ ਯਿਸੂ ਵਰਗੇ’ ਕਿਸ ਤਰ੍ਹਾਂ ਹੋ ਸਕਦੇ ਹਾਂ, ਅਤੇ ਇਹ ਸਾਨੂੰ ਕੀ ਕਰਨ ਲਈ ਤਿਆਰ ਕਰੇਗਾ?
2 ਇਹ ਗੱਲ ਸਪੱਸ਼ਟ ਹੈ ਕਿ ਯਿਸੂ ਨੂੰ ਸੱਚ-ਮੁੱਚ ਜਾਣਨ ਲਈ ਸਾਨੂੰ ਆਪਣਿਆਂ ਮਨਾਂ ਅਤੇ ਦਿਲਾਂ ਨੂੰ ਉਸ ਦੇ ਸਹੀ ਗਿਆਨ ਨਾਲ ਭਰਨਾ ਚਾਹੀਦਾ ਹੈ। ਸਾਨੂੰ ਜਾਣਨਾ ਚਾਹੀਦਾ ਹੈ ਕਿ ਜਦੋਂ ਯਿਸੂ ਧਰਤੀ ਤੇ ਸੀ, ਉਹ ਸੱਚ-ਮੁੱਚ ਕਿਸ ਤਰ੍ਹਾਂ ਦਾ ਵਿਅਕਤੀ ਸੀ। ਤਾਂ ਫਿਰ ਆਓ ਆਪਾਂ ‘ਮਸੀਹ ਦੇ ਮਨ,’ ਯਾਨੀ ਉਸ ਦੀਆਂ ਭਾਵਨਾਵਾਂ, ਉਸ ਦੀ ਸਿਆਣਪ, ਉਸ ਦੇ ਖ਼ਿਆਲ ਅਤੇ ਉਸ ਦੇ ਤਰਕ ਬਾਰੇ ਪਤਾ ਕਰਨ ਲਈ ਇੰਜੀਲਾਂ ਦੇ ਬਿਰਤਾਂਤਾਂ ਦੀ ਜਾਂਚ ਕਰੀਏ। (1 ਕੁਰਿੰਥੀਆਂ 2:16, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜਿਉਂ-ਜਿਉਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਆਓ ਆਪਾਂ ਗੌਰ ਕਰੀਏ ਕਿ ਅਸੀਂ ‘ਮਸੀਹ ਯਿਸੂ ਵਰਗੇ’ ਕਿਸ ਤਰ੍ਹਾਂ ਹੋ ਸਕਦੇ ਹਾਂ। (ਰੋਮੀਆਂ 15:5) ਇਹ ਸਾਨੂੰ ਆਪਣੀਆਂ ਜ਼ਿੰਦਗੀਆਂ ਵਿਚ ਅਤੇ ਦੂਸਰਿਆਂ ਨਾਲ ਆਪਣੇ ਵਰਤਾਓ ਵਿਚ ਯਿਸੂ ਦੇ ਨਮੂਨੇ ਉੱਤੇ ਚੱਲਣ ਲਈ ਚੰਗੀ ਤਰ੍ਹਾਂ ਤਿਆਰ ਕਰੇਗਾ।—ਯੂਹੰਨਾ 13:15.
ਉਸ ਨਾਲ ਗੱਲਬਾਤ ਕਰਨੀ ਸੌਖੀ ਸੀ
3, 4. (ੳ) ਮਰਕੁਸ 10:13-16 ਵਿਚ ਦਰਜ ਕੀਤੇ ਗਏ ਬਿਰਤਾਂਤ ਤੋਂ ਪਹਿਲਾਂ ਕੀ ਹੋਇਆ ਸੀ? (ਅ) ਯਿਸੂ ਨੇ ਕੀ ਕੀਤਾ ਸੀ ਜਦੋਂ ਉਸ ਦੇ ਚੇਲਿਆਂ ਨੇ ਬੱਚਿਆਂ ਨੂੰ ਉਸ ਕੋਲ ਆਉਣ ਤੋਂ ਰੋਕਿਆ ਸੀ?
3 ਲੋਕ ਯਿਸੂ ਵੱਲ ਖਿੱਚੇ ਜਾਂਦੇ ਸਨ। ਕਈਆਂ ਮੌਕਿਆਂ ਤੇ, ਵੱਖੋ-ਵੱਖਰੀਆਂ ਉਮਰਾਂ ਅਤੇ ਪਿਛੋਕੜਾਂ ਦੇ ਲੋਕ ਝਿਜਕਣ ਤੋਂ ਬਿਨਾਂ ਉਸ ਕੋਲ ਗਏ ਸਨ। ਮਰਕੁਸ 10:13-16 ਵਿਚ ਦਰਜ ਕੀਤੀ ਗਈ ਘਟਨਾ ਵੱਲ ਧਿਆਨ ਦਿਓ। ਇਹ ਘਟਨਾ ਉਸ ਦੀ ਸੇਵਕਾਈ ਦੇ ਅੰਤ ਦੇ ਨਜ਼ਦੀਕ ਵਾਪਰੀ ਸੀ। ਉਹ ਆਪਣੀ ਦੁਖਦਾਈ ਮੌਤ ਦਾ ਸਾਮ੍ਹਣਾ ਕਰਨ ਲਈ ਆਖ਼ਰੀ ਵਾਰ ਯਰੂਸ਼ਲਮ ਵੱਲ ਜਾ ਰਿਹਾ ਸੀ।—ਮਰਕੁਸ 10:32-34.
4 ਉਸ ਸਮੇਂ ਤੇ ਕੀ ਹੋਇਆ ਸੀ? ਲੋਕ ਆਪਣੇ ਬੱਚੇ ਯਿਸੂ ਕੋਲ ਲਿਆ ਰਹੇ ਸਨ ਤਾਂਕਿ ਉਹ ਉਨ੍ਹਾਂ ਨੂੰ ਅਸੀਸ ਦੇ ਸਕੇ।b ਲੇਕਿਨ, ਚੇਲਿਆਂ ਨੇ ਬੱਚਿਆਂ ਨੂੰ ਯਿਸੂ ਕੋਲ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਸ਼ਾਇਦ ਚੇਲਿਆਂ ਨੇ ਇਹ ਸੋਚਿਆ ਕਿ ਇਸ ਔਖੇ ਸਮੇਂ ਦੌਰਾਨ ਯਿਸੂ ਨਹੀਂ ਸੀ ਚਾਹੁੰਦਾ ਕਿ ਬੱਚੇ ਉਸ ਨੂੰ ਤੰਗ ਕਰਨ। ਪਰ ਉਹ ਗ਼ਲਤ ਸਨ। ਚੇਲਿਆਂ ਨੂੰ ਇਸ ਤਰ੍ਹਾਂ ਕਰਦੇ ਦੇਖ ਕੇ ਯਿਸੂ ਖ਼ੁਸ਼ ਨਹੀਂ ਹੋਇਆ। ਯਿਸੂ ਨੇ ਬੱਚਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ ਕਿ “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ।” (ਮਰਕੁਸ 10:14) ਫਿਰ ਅੱਗੇ ਦੱਸਿਆ ਜਾਂਦਾ ਹੈ ਕਿ ਉਸ ਨੇ ਅਜਿਹਾ ਕੰਮ ਕੀਤਾ ਜਿਸ ਤੋਂ ਜ਼ਾਹਰ ਹੋਇਆ ਕਿ ਉਹ ਸੱਚ-ਮੁੱਚ ਕੋਮਲ ਅਤੇ ਪ੍ਰੇਮਪੂਰਣ ਸੀ: “ਉਸ ਨੇ [ਬੱਚਿਆਂ] ਨੂੰ ਕੁੱਛੜ ਚੁੱਕਿਆ ਅਰ . . . ਉਨ੍ਹਾਂ ਨੂੰ ਅਸੀਸ ਦਿੱਤੀ।” (ਮਰਕੁਸ 10:16) ਸਪੱਸ਼ਟ ਹੈ ਕਿ ਬੱਚੇ ਯਿਸੂ ਦੀਆਂ ਬਾਹਾਂ ਵਿਚ ਘਬਰਾਉਂਦੇ ਨਹੀਂ ਸਗੋਂ ਖ਼ੁਸ਼ ਸਨ।
5. ਮਰਕੁਸ 10:13-16 ਦਾ ਬਿਰਤਾਂਤ ਸਾਨੂੰ ਯਿਸੂ ਦੇ ਸੁਭਾਅ ਬਾਰੇ ਕੀ ਦੱਸਦਾ ਹੈ?
5 ਇਹ ਛੋਟਾ ਬਿਰਤਾਂਤ ਸਾਨੂੰ ਯਿਸੂ ਦੇ ਸੁਭਾਅ ਬਾਰੇ ਬਹੁਤ ਕੁਝ ਦੱਸਦਾ ਹੈ। ਧਿਆਨ ਦਿਓ ਕਿ ਲੋਕ ਉਸ ਨੂੰ ਖ਼ੁਸ਼ੀ-ਖ਼ੁਸ਼ੀ ਮਿਲਣ ਆਉਂਦੇ ਸਨ। ਭਾਵੇਂ ਕਿ ਪਹਿਲਾਂ ਉਸ ਦੀ ਸਵਰਗ ਵਿਚ ਇਕ ਬਹੁਤ ਹੀ ਉੱਚੀ ਪਦਵੀ ਸੀ, ਉਸ ਨੇ ਕਦੀ ਵੀ ਅਪੂਰਣ ਮਨੁੱਖਾਂ ਉੱਤੇ ਰੋਹਬ ਨਹੀਂ ਜਮਾਇਆ, ਨਾ ਹੀ ਉਨ੍ਹਾਂ ਨੂੰ ਨੀਵਾਂ ਸਮਝਿਆ ਸੀ। (ਯੂਹੰਨਾ 17:5) ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਬੱਚੇ ਉਸ ਕੋਲ ਜਾਂਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਰੁੱਖੇ ਜਾਂ ਉਦਾਸ ਮਨੁੱਖ ਕੋਲ ਨਹੀਂ ਜਾਣਾ ਸੀ, ਜੋ ਕਦੀ ਹੱਸਦਾ ਵੀ ਨਹੀਂ ਸੀ! ਸਾਰੀਆਂ ਉਮਰਾਂ ਦੇ ਲੋਕ ਯਿਸੂ ਕੋਲ ਆਉਂਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਉਹ ਪ੍ਰੇਮ ਅਤੇ ਪਰਵਾਹ ਕਰਨ ਵਾਲਾ ਸੀ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਹ ਉਨ੍ਹਾਂ ਨੂੰ ਵਾਪਸ ਨਹੀਂ ਮੋੜੇਗਾ।
6. ਬਜ਼ੁਰਗਾਂ ਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਦੂਸਰੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕਣ?
6 ਇਸ ਬਿਰਤਾਂਤ ਉੱਤੇ ਵਿਚਾਰ ਕਰਦੇ ਹੋਏ, ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੇਰਾ ਸੁਭਾਅ ਮਸੀਹ ਵਰਗਾ ਹੈ? ਕੀ ਮੇਰੇ ਨਾਲ ਗੱਲਬਾਤ ਕਰਨੀ ਸੌਖੀ ਹੈ?’ ਇਨ੍ਹਾਂ ਭੈੜਿਆਂ ਸਮਿਆਂ ਵਿਚ ਪਰਮੇਸ਼ੁਰ ਦੀਆਂ ਭੇਡਾਂ ਨੂੰ ਅਜਿਹੇ ਚਰਵਾਹਿਆਂ ਦੀ ਜ਼ਰੂਰਤ ਹੈ ਜਿਨ੍ਹਾਂ ਨਾਲ ਗੱਲਬਾਤ ਕਰਨੀ ਸੌਖੀ ਹੋਵੇ, ਅਤੇ ਜਿਨ੍ਹਾਂ ਕੋਲ ਜਾਣਾ “ਪੌਣ ਤੋਂ ਲੁੱਕਣ” ਦੇ ਬਰਾਬਰ ਹੋਵੇ। (ਯਸਾਯਾਹ 32:1, 2; 2 ਤਿਮੋਥਿਉਸ 3:1) ਬਜ਼ੁਰਗੋ, ਜੇ ਤੁਸੀਂ ਆਪਣੇ ਭਰਾਵਾਂ ਵਿਚ ਸੱਚੀ ਦਿਲਚਸਪੀ ਰੱਖੋ ਅਤੇ ਉਨ੍ਹਾਂ ਦੀ ਹਰ ਤਰੀਕੇ ਵਿਚ ਮਦਦ ਕਰਨੀ ਚਾਹੋ ਤਾਂ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ। ਉਨ੍ਹਾਂ ਨੂੰ ਇਹ ਤੁਹਾਡੇ ਚਿਹਰੇ ਤੋਂ, ਤੁਹਾਡੀ ਆਵਾਜ਼ ਤੋਂ, ਅਤੇ ਤੁਹਾਡੇ ਪ੍ਰੇਮਪੂਰਣ ਅੰਦਾਜ਼ ਤੋਂ ਦਿਖਾਈ ਦੇਵੇਗਾ। ਅਜਿਹੀ ਪ੍ਰੇਮਪੂਰਣ ਪਰਵਾਹ ਭਰੋਸੇ ਵਾਲਾ ਮਾਹੌਲ ਪੈਦਾ ਕਰ ਸਕਦੀ ਹੈ, ਜਿਸ ਵਿਚ ਸਾਰਿਆਂ ਲਈ ਤੁਹਾਡੇ ਨਾਲ ਗੱਲ ਕਰਨੀ ਸੌਖੀ ਹੋਵੇਗੀ। ਇਕ ਮਸੀਹੀ ਭੈਣ ਦੱਸਦੀ ਹੈ ਕਿ ਉਸ ਨੇ ਦਿਲ ਖੋਲ੍ਹ ਕੇ ਇਕ ਬਜ਼ੁਰਗ ਨਾਲ ਗੱਲ ਕਿਉਂ ਕੀਤੀ ਸੀ। ਉਸ ਨੇ ਕਿਹਾ: “ਉਸ ਨੇ ਮੇਰੇ ਨਾਲ ਪਿਆਰ ਨਾਲ ਗੱਲ ਕੀਤੀ। ਜੇ ਉਸ ਨੇ ਇਸ ਤਰ੍ਹਾਂ ਨਾ ਕੀਤਾ ਹੁੰਦਾ ਤਾਂ ਹੋ ਸਕਦਾ ਹੈ ਕਿ ਮੈਂ ਕਦੀ ਵੀ ਕੁਝ ਨਾ ਕਹਿੰਦੀ। ਉਸ ਨਾਲ ਗੱਲ ਕਰਦੇ ਹੋਏ ਮੈਨੂੰ ਡਰ ਨਹੀਂ ਲੱਗਦਾ ਸੀ।”
ਦੂਸਰਿਆਂ ਦੇ ਜਜ਼ਬਾਤਾਂ ਦਾ ਖ਼ਿਆਲ ਰੱਖਿਆ
7. (ੳ) ਯਿਸੂ ਦੂਸਰਿਆਂ ਦਿਆਂ ਜਜ਼ਬਾਤਾਂ ਦਾ ਖ਼ਿਆਲ ਕਿਸ ਤਰ੍ਹਾਂ ਰੱਖਦਾ? (ਅ) ਯਿਸੂ ਨੇ ਇਕ ਅੰਨ੍ਹੇ ਆਦਮੀ ਦੀ ਨਿਗਾਹ ਹੌਲੀ-ਹੌਲੀ ਕਿਉਂ ਠੀਕ ਕੀਤੀ ਸੀ?
7 ਯਿਸੂ ਦੂਸਰਿਆਂ ਦੇ ਜਜ਼ਬਾਤਾਂ ਦਾ ਖ਼ਿਆਲ ਰੱਖਦਾ ਸੀ। ਦੁਖੀ ਲੋਕਾਂ ਨੂੰ ਸਿਰਫ਼ ਦੇਖਣ ਨਾਲ ਉਸ ਦੇ ਦਿਲ ਉੱਤੇ ਇੰਨਾ ਗਹਿਰਾ ਅਸਰ ਪੈਂਦਾ ਸੀ ਕਿ ਉਹ ਉਨ੍ਹਾਂ ਦੇ ਦੁੱਖ ਦੂਰ ਕਰਨੇ ਚਾਹੁੰਦਾ ਸੀ। (ਮੱਤੀ 14:14) ਉਹ ਦੂਸਰਿਆਂ ਦੀਆਂ ਮਜਬੂਰੀਆਂ ਅਤੇ ਜ਼ਰੂਰਤਾਂ ਨੂੰ ਵੀ ਧਿਆਨ ਵਿਚ ਰੱਖਦਾ ਸੀ। (ਯੂਹੰਨਾ 16:12) ਇਕ ਵਾਰ, ਲੋਕਾਂ ਨੇ ਯਿਸੂ ਕੋਲ ਇਕ ਅੰਨ੍ਹਾ ਆਦਮੀ ਲਿਆਂਦਾ ਅਤੇ ਉਸ ਦੀ ਮਿੰਨਤ ਕੀਤੀ ਕਿ ਉਹ ਉਸ ਨੂੰ ਚੰਗਾ ਕਰੇ। ਯਿਸੂ ਨੇ ਉਸ ਆਦਮੀ ਦੀ ਨਿਗਾਹ ਹੌਲੀ-ਹੌਲੀ ਠੀਕ ਕੀਤੀ। ਪਹਿਲਾਂ-ਪਹਿਲ ਉਸ ਨੂੰ ਸਿਰਫ਼ ਧੁੰਦਲਾ-ਧੁੰਦਲਾ ਦਿੱਸਦਾ ਸੀ। ਉਸ ਨੂੰ ਮਨੁੱਖ ‘ਤੁਰਦੇ ਫਿਰਦੇ ਰੁੱਖਾਂ ਵਾਂਙੁ ਦਿੱਸਦੇ ਸਨ।’ ਫਿਰ ਯਿਸੂ ਨੇ ਉਸ ਦੀ ਨਿਗਾਹ ਬਿਲਕੁਲ ਠੀਕ ਕਰ ਦਿੱਤੀ ਤਾਂਕਿ ਉਹ ਸਾਫ਼-ਸਾਫ਼ ਦੇਖ ਸਕਿਆ। ਉਸ ਨੇ ਆਦਮੀ ਨੂੰ ਹੌਲੀ-ਹੌਲੀ ਕਿਉਂ ਠੀਕ ਕੀਤਾ ਸੀ? ਸ਼ਾਇਦ ਇਸ ਲਈ ਕਿ ਹਨੇਰੇ ਵਿਚ ਹੋਣ ਦੇ ਆਦੀ ਆਦਮੀ ਨੂੰ ਬਹੁਤੀਆਂ ਚਮਕਦੀਆਂ ਚੀਜ਼ਾਂ ਦੇਖ ਕੇ ਅਚਾਨਕ ਸਦਮਾ ਨਾ ਲੱਗੇ।—ਮਰਕੁਸ 8:22-26.
8, 9. (ੳ) ਦਿਕਾਪੁਲਿਸ ਦੇ ਇਲਾਕੇ ਵਿਚ ਯਿਸੂ ਅਤੇ ਉਸ ਦੇ ਚੇਲਿਆਂ ਦੇ ਜਾਣ ਤੋਂ ਕੁਝ ਦੇਰ ਬਾਅਦ ਕੀ ਹੋਇਆ ਸੀ? (ਅ) ਇਹ ਦੱਸੋ ਕਿ ਯਿਸੂ ਨੇ ਬੋਲ਼ੇ ਆਦਮੀ ਨੂੰ ਕਿਸ ਤਰ੍ਹਾਂ ਠੀਕ ਕੀਤਾ ਸੀ।
8 ਇਕ ਹੋਰ ਘਟਨਾ ਵੱਲ ਧਿਆਨ ਦਿਓ ਜੋ ਸੰਨ 32 ਦੇ ਪਸਾਹ ਤੋਂ ਬਾਅਦ ਵਾਪਰੀ ਸੀ। ਯਿਸੂ ਅਤੇ ਉਸ ਦੇ ਚੇਲੇ ਗਲੀਲ ਦੀ ਝੀਲ ਦੇ ਪੂਰਬ ਵੱਲ, ਦਿਕਾਪੁਲਿਸ ਦੇ ਇਲਾਕੇ ਵਿਚ ਸਨ। ਉੱਥੇ ਵੱਡੀਆਂ ਭੀੜਾਂ ਨੇ ਯਿਸੂ ਨੂੰ ਘੇਰ ਲਿਆ ਅਤੇ ਉਨ੍ਹਾਂ ਨੇ ਉਸ ਕੋਲ ਹਰ ਕਿਸਮ ਦੇ ਬੀਮਾਰ ਲੋਕ ਲਿਆਂਦੇ ਅਤੇ ਯਿਸੂ ਨੇ ਉਨ੍ਹਾਂ ਨੂੰ ਚੰਗਾ ਕੀਤਾ। (ਮੱਤੀ 15:29, 30) ਦਿਲਚਸਪੀ ਦੀ ਗੱਲ ਹੈ ਕਿ ਯਿਸੂ ਨੇ ਇਕ ਆਦਮੀ ਵੱਲ ਖ਼ਾਸ ਧਿਆਨ ਦਿੱਤਾ। ਸਿਰਫ਼ ਮਰਕੁਸ ਦੀ ਇੰਜੀਲ ਇਸ ਘਟਨਾ ਤੇ ਵਾਪਰੀਆਂ ਗੱਲਾਂ ਬਾਰੇ ਦੱਸਦੀ ਹੈ।—ਮਰਕੁਸ 7:31-35.
9 ਆਦਮੀ ਬੋਲ਼ਾ ਸੀ ਅਤੇ ਉਸ ਲਈ ਗੱਲ ਕਰਨੀ ਵੀ ਬਹੁਤ ਔਖੀ ਸੀ। ਯਿਸੂ ਨੂੰ ਸ਼ਾਇਦ ਇਸ ਆਦਮੀ ਦੀ ਪਰੇਸ਼ਾਨੀ ਜਾਂ ਘਬਰਾਹਟ ਦਾ ਅਹਿਸਾਸ ਸੀ। ਇਸ ਲਈ, ਯਿਸੂ ਨੇ ਕੁਝ ਅਜੀਬ ਕੀਤਾ। ਉਹ ਆਦਮੀ ਨੂੰ ਭੀੜ ਤੋਂ ਅਲੱਗ ਕਰ ਕੇ ਕਿਸੇ ਸ਼ਾਂਤ ਜਗ੍ਹਾ ਨੂੰ ਲੈ ਗਿਆ। ਫਿਰ ਯਿਸੂ ਨੇ ਇਸ਼ਾਰਿਆਂ ਰਾਹੀਂ ਆਦਮੀ ਨੂੰ ਸਮਝਾਇਆ ਕਿ ਉਹ ਕੀ ਕਰਨ ਵਾਲਾ ਸੀ। ਉਸ ਨੇ “ਆਪਣੀਆਂ ਉਂਗਲੀਆਂ ਉਹ ਦੇ ਕੰਨਾਂ ਵਿੱਚ ਦਿੱਤੀਆਂ ਅਤੇ ਥੁੱਕ ਕੇ ਉਹ ਦੀ ਜੀਭ ਛੋਹੀ।” (ਮਰਕੁਸ 7:33) ਫਿਰ, ਯਿਸੂ ਨੇ ਅਕਾਸ਼ ਵੱਲ ਦੇਖਿਆ ਅਤੇ ਹਾਉਕਾ ਭਰ ਕੇ ਪ੍ਰਾਰਥਨਾ ਕੀਤੀ। ਯਿਸੂ ਨੇ ਇਨ੍ਹਾਂ ਇਸ਼ਾਰਿਆਂ ਨਾਲ ਉਸ ਆਦਮੀ ਨੂੰ ਦੱਸਿਆ ਕਿ ‘ਜੋ ਮੈਂ ਹੁਣ ਤੇਰੇ ਲਈ ਕਰਨ ਵਾਲਾ ਹਾਂ ਉਹ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਹੈ।’ ਆਖ਼ਰਕਾਰ, ਯਿਸੂ ਨੇ ਕਿਹਾ: “ਖੁੱਲ੍ਹ ਜਾਹ।” (ਮਰਕੁਸ 7:34) ਇਸ ਤੋਂ ਬਾਅਦ ਆਦਮੀ ਸੁਣਨ ਅਤੇ ਚੰਗੀ ਤਰ੍ਹਾਂ ਬੋਲਣ ਵੀ ਲੱਗ ਪਿਆ।
10, 11. ਅਸੀਂ ਕਲੀਸਿਯਾ ਦੇ ਭੈਣਾਂ-ਭਰਾਵਾਂ ਅਤੇ ਆਪਣੇ ਪਰਿਵਾਰ ਦੇ ਜੀਆਂ ਦੇ ਜਜ਼ਬਾਤਾਂ ਨੂੰ ਕਿਸ ਤਰ੍ਹਾਂ ਧਿਆਨ ਵਿਚ ਰੱਖ ਸਕਦੇ ਹਾਂ?
10 ਯਿਸੂ ਨੇ ਦੂਸਰਿਆਂ ਲੋਕਾਂ ਦਾ ਕਿੰਨਾ ਖ਼ਿਆਲ ਰੱਖਿਆ! ਉਹ ਹਮੇਸ਼ਾ ਹਮਦਰਦੀ ਦਿਖਾਉਂਦਾ ਸੀ। ਕੁਝ ਕਰਨ ਤੋਂ ਪਹਿਲਾਂ ਉਹ ਦੂਸਰਿਆਂ ਦਿਆਂ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਦਾ ਸੀ। ਮਸੀਹੀਆਂ ਵਜੋਂ, ਸਾਡੇ ਲਈ ਚੰਗਾ ਹੋਵੇਗਾ ਜੇ ਅਸੀਂ ਇਸ ਸੰਬੰਧ ਵਿਚ ਯਿਸੂ ਦੀ ਮਿਸਾਲ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ। ਬਾਈਬਲ ਸਲਾਹ ਦਿੰਦੀ ਹੈ ਕਿ “ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ।” (1 ਪਤਰਸ 3:8) ਇਸ ਲਈ ਸਾਨੂੰ ਦੂਸਰਿਆਂ ਦਿਆਂ ਜਜ਼ਬਾਤਾਂ ਨੂੰ ਧਿਆਨ ਵਿਚ ਰੱਖ ਕੇ ਬੋਲਣਾ-ਚੱਲਣਾ ਚਾਹੀਦਾ ਹੈ।
11 ਕਲੀਸਿਯਾ ਵਿਚ, ਅਸੀਂ ਦੂਸਰਿਆਂ ਦੀ ਇੱਜ਼ਤ ਕਰਨ ਦੁਆਰਾ ਅਤੇ ਉਨ੍ਹਾਂ ਦੇ ਨਾਲ ਉਸ ਤਰ੍ਹਾਂ ਦਾ ਸਲੂਕ ਕਰਨ ਦੁਆਰਾ ਜੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਕੀਤਾ ਜਾਵੇ, ਉਨ੍ਹਾਂ ਦਿਆਂ ਜਜ਼ਬਾਤਾਂ ਨੂੰ ਧਿਆਨ ਵਿਚ ਰੱਖ ਸਕਦੇ ਹਾਂ। (ਮੱਤੀ 7:12) ਇਸ ਵਿਚ ਕਹੀਆਂ ਗੱਲਾਂ ਦੇ ਨਾਲ-ਨਾਲ ਕਹਿਣ ਦੇ ਤਰੀਕੇ ਉੱਤੇ ਵੀ ਧਿਆਨ ਰੱਖਣਾ ਸ਼ਾਮਲ ਹੈ। (ਕੁਲੁੱਸੀਆਂ 4:6) ਯਾਦ ਰੱਖੋ ਕਿ ‘ਬੇਸੋਚੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।’ (ਕਹਾਉਤਾਂ 12:18) ਪਰਿਵਾਰ ਵਿਚ ਵੀ, ਇਕ ਪਤੀ-ਪਤਨੀ ਜੋ ਇਕ ਦੂਸਰੇ ਨਾਲ ਸੱਚਾ ਪਿਆਰ ਕਰਦੇ ਹਨ, ਇਕ ਦੂਸਰੇ ਦਿਆਂ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਦੇ ਹਨ। (ਅਫ਼ਸੀਆਂ 5:33) ਉਹ ਰੁੱਖੇ ਸ਼ਬਦ ਨਹੀਂ ਵਰਤਦੇ, ਲਗਾਤਾਰ ਨੁਕਤਾਚੀਨੀ ਅਤੇ ਚੁਭਵੀਆਂ ਗੱਲਾਂ ਨਹੀਂ ਕਰਦੇ, ਜਿਨ੍ਹਾਂ ਕਾਰਨ ਜਜ਼ਬਾਤਾਂ ਨੂੰ ਅਜਿਹੀ ਠੇਸ ਪਹੁੰਚ ਸਕਦੀ ਹੈ ਜੋ ਜਲਦੀ ਮਿਟਦੀ ਨਹੀਂ। ਬੱਚਿਆਂ ਦੇ ਵੀ ਜਜ਼ਬਾਤ ਹਨ ਅਤੇ ਪ੍ਰੇਮਪੂਰਣ ਮਾਪਿਆਂ ਨੂੰ ਇਨ੍ਹਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਜਦੋਂ ਤਾੜਨਾ ਦੀ ਜ਼ਰੂਰਤ ਪੈਂਦੀ ਹੈ ਤਾਂ ਅਜਿਹੇ ਮਾਪੇ ਆਪਣੇ ਬੱਚਿਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਅਤੇ ਸ਼ਰਮਿੰਦਾ ਕਰਨ ਤੋਂ ਬਗੈਰ ਤਾੜਨਾ ਦਿੰਦੇ ਹਨ।c (ਕੁਲੁੱਸੀਆਂ 3:21) ਜਦੋਂ ਅਸੀਂ ਇਸ ਤਰ੍ਹਾਂ ਦੂਸਰਿਆਂ ਦਿਆਂ ਜਜ਼ਬਾਤਾਂ ਦਾ ਖ਼ਿਆਲ ਰੱਖਦੇ ਹਾਂ ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਮਸੀਹ ਵਰਗੇ ਹਾਂ।
ਦੂਸਰਿਆਂ ਉੱਤੇ ਭਰੋਸਾ ਕਰਨ ਲਈ ਤਿਆਰ ਸੀ
12. ਯਿਸੂ ਦਾ ਆਪਣਿਆਂ ਚੇਲਿਆਂ ਬਾਰੇ ਕੀ ਖ਼ਿਆਲ ਸੀ?
12 ਯਿਸੂ ਲੋਕਾਂ ਦਿਆਂ ਦਿਲਾਂ ਦੀ ਜਾਂਚ ਕਰ ਸਕਦਾ ਸੀ। ਉਹ ਆਪਣਿਆਂ ਚੇਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਸ ਨੂੰ ਪਤਾ ਸੀ ਕਿ ਉਹ ਅਪੂਰਣ ਸਨ। (ਯੂਹੰਨਾ 2:24, 25) ਫਿਰ ਵੀ, ਉਸ ਨੇ ਸਿਰਫ਼ ਉਨ੍ਹਾਂ ਦੀਆਂ ਅਪੂਰਣਤਾਵਾਂ ਹੀ ਨਹੀਂ ਦੇਖੀਆਂ ਪਰ ਉਨ੍ਹਾਂ ਦੇ ਚੰਗੇ ਗੁਣ ਵੀ ਦੇਖੇ ਸਨ। ਉਹ ਜਾਣਦਾ ਸੀ ਕਿ ਇਹ ਆਦਮੀ ਭਵਿੱਖ ਵਿਚ ਹੋਰ ਚੰਗੇ ਕੰਮ ਕਰ ਸਕਣਗੇ ਕਿਉਂਕਿ ਉਹ ਯਹੋਵਾਹ ਵੱਲੋਂ ਖਿੱਚੇ ਗਏ ਸਨ। (ਯੂਹੰਨਾ 6:44) ਯਿਸੂ ਦਾ ਚੰਗਾ ਰਵੱਈਆ ਉਸ ਦੇ ਵਰਤਾਉ ਤੋਂ ਜ਼ਾਹਰ ਸੀ। ਇਕ ਗੱਲ ਜ਼ਰੂਰ ਹੈ ਕਿ ਉਹ ਉਨ੍ਹਾਂ ਉੱਤੇ ਭਰੋਸਾ ਰੱਖਣ ਲਈ ਤਿਆਰ ਸੀ।
13. ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਹ ਆਪਣਿਆਂ ਚੇਲਿਆਂ ਉੱਤੇ ਭਰੋਸਾ ਰੱਖਦਾ ਸੀ?
13 ਯਿਸੂ ਨੇ ਆਪਣਾ ਭਰੋਸਾ ਕਿਸ ਤਰ੍ਹਾਂ ਦਿਖਾਇਆ? ਧਰਤੀ ਛੱਡ ਕੇ ਸਵਰਗ ਨੂੰ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਮਸਹ ਕੀਤੇ ਹੋਏ ਚੇਲਿਆਂ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਂਪੀ ਸੀ। ਉਸ ਨੇ ਸੰਸਾਰ ਭਰ ਵਿਚ ਆਪਣੇ ਰਾਜ ਦਿਆਂ ਕੰਮਾਂ ਨੂੰ ਉਨ੍ਹਾਂ ਦੇ ਹੱਥਾਂ ਵਿਚ ਛੱਡ ਦਿੱਤਾ ਸੀ। (ਮੱਤੀ 25:14, 15; ਲੂਕਾ 12:42-44) ਆਪਣੀ ਸੇਵਕਾਈ ਦੌਰਾਨ ਉਸ ਨੇ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਦਿਖਾਇਆ ਕਿ ਉਹ ਉਨ੍ਹਾਂ ਉੱਤੇ ਭਰੋਸਾ ਰੱਖਦਾ ਸੀ। ਜਦੋਂ ਉਸ ਨੇ ਭੀੜਾਂ ਵਾਸਤੇ ਚਮਤਕਾਰੀ ਢੰਗ ਨਾਲ ਰੋਟੀ ਪੇਸ਼ ਕੀਤੀ ਤਾਂ ਉਸ ਨੂੰ ਵੰਡਣ ਦੀ ਜ਼ਿੰਮੇਵਾਰੀ ਉਸ ਨੇ ਆਪਣੇ ਚੇਲਿਆਂ ਨੂੰ ਸੌਂਪੀ ਸੀ।—ਮੱਤੀ 14:15-21; 15:32-37.
14. ਮਰਕੁਸ 4:35-41 ਵਿਚ ਦਰਜ ਬਿਰਤਾਂਤ ਦੀਆਂ ਮੁੱਖ ਗੱਲਾਂ ਦੱਸੋ।
14 ਮਰਕੁਸ 4:35-41 ਵਿਚ ਦਰਜ ਕੀਤੇ ਗਏ ਬਿਰਤਾਂਤ ਵੱਲ ਵੀ ਧਿਆਨ ਦਿਓ। ਇਸ ਮੌਕੇ ਤੇ ਯਿਸੂ ਅਤੇ ਉਸ ਦੇ ਚੇਲੇ ਬੇੜੀ ਵਿਚ ਬੈਠ ਕੇ ਗਲੀਲ ਦੀ ਝੀਲ ਤੇ ਪੂਰਬ ਵੱਲ ਗਏ। ਸਫ਼ਰ ਸ਼ੁਰੂ ਕਰਨ ਤੋਂ ਥੋੜ੍ਹੀ ਦੇਰ ਬਾਅਦ, ਯਿਸੂ ਬੇੜੀ ਦੇ ਪਿੱਛਲੇ ਹਿੱਸੇ ਵਿਚ ਜਾ ਕੇ ਲੰਮਾ ਪੈ ਗਿਆ। ਲੇਕਿਨ, ਜਲਦੀ ਹੀ ‘ਵੱਡੀ ਅਨ੍ਹੇਰੀ ਵਗਣ’ ਲੱਗ ਪਈ। ਗਲੀਲ ਦੀ ਝੀਲ ਤੇ ਅਜਿਹੇ ਤੂਫ਼ਾਨ ਆਮ ਸਨ, ਕਿਉਂਕਿ ਇਹ ਜਗ੍ਹਾ ਸਮੁੰਦਰੀ ਤਲ ਤੋਂ ਲਗਭਗ 200 ਮੀਟਰ ਨੀਵੀਂ ਸੀ। ਉੱਥੇ ਦੀ ਹਵਾ ਆਲੇ-ਦੁਆਲੇ ਨਾਲੋਂ ਜ਼ਿਆਦਾ ਗਰਮ ਹੋਣ ਕਰਕੇ ਤੂਫ਼ਾਨ ਪੈਦਾ ਕਰ ਦਿੰਦੀ ਸੀ। ਇਸ ਦੇ ਨਾਲ-ਨਾਲ, ਉੱਤਰ ਵੱਲੋਂ ਹਰਮੋਨ ਪਹਾੜ ਤੋਂ ਯਰਦਨ ਘਾਟੀ ਵਿਚ ਦੀ ਤੇਜ਼ ਹਵਾਵਾਂ ਵਗਦੀਆਂ ਸਨ। ਸ਼ਾਂਤੀ ਦਾ ਇਕ ਪਲ ਝੱਟ ਇਕ ਜ਼ੋਰਦਾਰ ਤੂਫ਼ਾਨ ਵਿਚ ਬਦਲ ਸਕਦਾ ਸੀ। ਜ਼ਰਾ ਇਸ ਬਾਰੇ ਸੋਚੋ: ਯਿਸੂ ਇਨ੍ਹਾਂ ਆਮ ਤੂਫ਼ਾਨਾਂ ਬਾਰੇ ਜਾਣਦਾ ਸੀ ਕਿਉਂਕਿ ਉਹ ਗਲੀਲ ਵਿਚ ਵੱਡਾ ਹੋਇਆ ਸੀ। ਲੇਕਿਨ, ਫਿਰ ਵੀ ਉਹ ਅਰਾਮ ਨਾਲ ਸੁੱਤਾ ਰਿਹਾ, ਉਹ ਆਪਣਿਆਂ ਚੇਲਿਆਂ ਦੀਆਂ ਯੋਗਤਾਵਾਂ ਵਿਚ ਭਰੋਸਾ ਰੱਖਦਾ ਸੀ, ਜਿਨ੍ਹਾਂ ਵਿੱਚੋਂ ਕੁਝ ਮਛੇਰੇ ਸਨ।—ਮੱਤੀ 4:18, 19.
15. ਯਿਸੂ ਨੇ ਆਪਣਿਆਂ ਚੇਲਿਆਂ ਉੱਤੇ ਭਰੋਸਾ ਰੱਖਿਆ ਸੀ, ਅਸੀਂ ਉਸ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?
15 ਯਿਸੂ ਆਪਣਿਆਂ ਚੇਲਿਆਂ ਉੱਤੇ ਭਰੋਸਾ ਰੱਖਣ ਲਈ ਤਿਆਰ ਸੀ। ਕੀ ਅਸੀਂ ਉਸ ਦੀ ਰੀਸ ਕਰ ਸਕਦੇ ਹਾਂ? ਕੁਝ ਲੋਕਾਂ ਲਈ ਦੂਸਰਿਆਂ ਨੂੰ ਜ਼ਿੰਮੇਵਾਰੀਆਂ ਸੌਂਪਣੀਆਂ ਔਖੀਆਂ ਹਨ। ਉਹ ਹਮੇਸ਼ਾ ਸਭ ਕੁਝ ਆਪ ਕਰਨਾ ਚਾਹੁੰਦੇ ਹਨ। ਉਹ ਸ਼ਾਇਦ ਸੋਚਣ, ‘ਜੇਕਰ ਮੈਂ ਚਾਹੁੰਦਾ ਹਾਂ ਕਿ ਕੋਈ ਕੰਮ ਚੰਗੀ ਤਰ੍ਹਾਂ ਕੀਤਾ ਜਾਵੇ ਤਾਂ ਬਿਹਤਰ ਹੈ ਕਿ ਉਸ ਨੂੰ ਮੈਂ ਖ਼ੁਦ ਕਰਾਂ!’ ਪਰ ਜੇ ਸਾਨੂੰ ਸਭ ਕੁਝ ਆਪ ਕਰਨਾ ਪਵੇ ਤਾਂ ਹੋ ਸਕਦਾ ਹੈ ਕਿ ਅਸੀਂ ਬਹੁਤ ਥੱਕ ਜਾਵਾਂਗੇ ਅਤੇ ਸਾਨੂੰ ਆਪਣੇ ਪਰਿਵਾਰ ਤੋਂ ਦੂਰ ਬੇਲੋੜਾ ਸਮਾਂ ਗੁਜ਼ਾਰਨਾ ਪਵੇ। ਇਸ ਤੋਂ ਇਲਾਵਾ, ਜੇ ਅਸੀਂ ਦੂਸਰਿਆਂ ਨੂੰ ਕੰਮ ਅਤੇ ਜ਼ਿੰਮੇਵਾਰੀਆਂ ਨਾ ਸੌਂਪੀਏ ਤਾਂ ਅਸੀਂ ਉਨ੍ਹਾਂ ਨੂੰ ਲੋੜੀਂਦੇ ਤਜਰਬੇ ਅਤੇ ਲੋੜੀਂਦੀ ਸਿਖਲਾਈ ਹਾਸਲ ਕਰਨ ਦਾ ਮੌਕਾ ਨਹੀਂ ਦੇ ਰਹੇ ਹਾਂ। ਇਹ ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਦੂਸਰਿਆਂ ਨੂੰ ਕੰਮ ਸੌਂਪਣ ਦੁਆਰਾ ਉਨ੍ਹਾਂ ਉੱਤੇ ਭਰੋਸਾ ਰੱਖਣਾ ਸਿੱਖੀਏ। ਸਾਡੇ ਲਈ ਚੰਗਾ ਹੋਵੇਗਾ ਜੇ ਅਸੀਂ ਸੱਚੇ ਦਿਲੋਂ ਆਪਣੇ ਆਪ ਤੋਂ ਪੁੱਛੀਏ, ‘ਕੀ ਇਸ ਮਾਮਲੇ ਵਿਚ ਮੈਂ ਯਿਸੂ ਦੀ ਰੀਸ ਕਰ ਰਿਹਾ ਹਾਂ? ਕੀ ਮੈਂ ਖ਼ੁਸ਼ੀ ਨਾਲ ਦੂਸਰਿਆਂ ਨੂੰ ਕੰਮ ਸੌਂਪ ਕੇ ਭਰੋਸਾ ਰੱਖਦਾ ਹਾਂ ਕਿ ਉਹ ਚੰਗੀ ਤਰ੍ਹਾਂ ਉਹ ਕੰਮ ਪੂਰਾ ਕਰਨਗੇ?’
ਉਸ ਨੇ ਆਪਣਿਆਂ ਚੇਲਿਆਂ ਵਿਚ ਵਿਸ਼ਵਾਸ ਕੀਤਾ
16, 17. ਭਾਵੇਂ ਕਿ ਯਿਸੂ ਜਾਣਦਾ ਸੀ ਕਿ ਉਸ ਦੇ ਰਸੂਲ ਉਸ ਨੂੰ ਛੱਡ ਦੇਣਗੇ, ਉਸ ਨੇ ਧਰਤੀ ਉੱਤੇ ਆਪਣੀ ਆਖ਼ਰੀ ਰਾਤ ਤੇ ਉਨ੍ਹਾਂ ਨੂੰ ਕਿਹੜੀ ਤਸੱਲੀ ਦਿੱਤੀ ਸੀ?
16 ਯਿਸੂ ਨੇ ਇਕ ਹੋਰ ਮਹੱਤਵਪੂਰਣ ਤਰੀਕੇ ਵਿਚ ਆਪਣਿਆਂ ਚੇਲਿਆਂ ਪ੍ਰਤੀ ਇਕ ਚੰਗਾ ਰਵੱਈਆ ਦਿਖਾਇਆ ਸੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਉਨ੍ਹਾਂ ਵਿਚ ਵਿਸ਼ਵਾਸ ਕਰਦਾ ਸੀ। ਇਹ ਉਨ੍ਹਾਂ ਸ਼ਬਦਾਂ ਤੋਂ ਸਪੱਸ਼ਟ ਹੁੰਦਾ ਹੈ ਜੋ ਉਸ ਨੇ ਧਰਤੀ ਉੱਤੇ ਆਪਣੀ ਆਖ਼ਰੀ ਰਾਤ ਤੇ ਆਪਣੇ ਰਸੂਲਾਂ ਨੂੰ ਕਹੇ ਸਨ। ਧਿਆਨ ਦਿਓ ਕਿ ਉਸ ਰਾਤ ਕੀ ਹੋਇਆ ਸੀ।
17 ਉਸ ਸ਼ਾਮ ਯਿਸੂ ਨੇ ਬਹੁਤ ਕੁਝ ਕੀਤਾ ਸੀ। ਉਸ ਨੇ ਆਪਣਿਆਂ ਰਸੂਲਾਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਨਿਮਰਤਾ ਦਾ ਇਕ ਸਬਕ ਸਿਖਾਇਆ ਸੀ। ਬਾਅਦ ਵਿਚ, ਉਸ ਨੇ ਸ਼ਾਮ ਦਾ ਭੋਜਨ ਸ਼ੁਰੂ ਕੀਤਾ ਜਿਸ ਨੇ ਉਸ ਦੀ ਮੌਤ ਦਾ ਸਮਾਰਕ ਬਣਨਾ ਸੀ। ਇਸ ਤੋਂ ਬਾਅਦ, ਰਸੂਲਾਂ ਨੇ ਫਿਰ ਤੋਂ ਇਕ ਵੱਡੀ ਬਹਿਸ ਸ਼ੁਰੂ ਕੀਤੀ ਕਿ ਉਨ੍ਹਾਂ ਵਿੱਚੋਂ ਕਿਹੜਾ ਸਭ ਤੋਂ ਵੱਡਾ ਹੈ। ਯਿਸੂ ਨੇ ਉਨ੍ਹਾਂ ਨੂੰ ਝਿੜਕਿਆ ਨਹੀਂ ਪਰ ਧੀਰਜ ਨਾਲ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਅੱਗੇ ਕੀ ਹੋਣ ਵਾਲਾ ਸੀ: “ਅੱਜ ਰਾਤ ਤੁਸੀਂ ਸੱਭੇ ਮੇਰੇ ਕਾਰਨ ਠੋਕਰ ਖਾਵੋਗੇ ਕਿਉਂਕਿ ਇਹ ਲਿਖਿਆ ਹੈ ਜੋ ਮੈਂ ਅਯਾਲੀ ਨੂੰ ਮਾਰਾਂਗਾ ਅਤੇ ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ।” (ਮੱਤੀ 26:31; ਜ਼ਕਰਯਾਹ 13:7) ਉਹ ਜਾਣਦਾ ਸੀ ਕਿ ਉਸ ਦੇ ਸਭ ਤੋਂ ਨਜ਼ਦੀਕ ਸਾਥੀ ਉਸ ਦੀ ਔਖੀ ਘੜੀ ਵਿਚ ਉਸ ਨੂੰ ਛੱਡ ਦੇਣਗੇ। ਲੇਕਿਨ, ਫਿਰ ਵੀ ਉਸ ਨੇ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਨੂੰ ਕਿਹਾ: “ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਥੋਂ ਅੱਗੇ ਗਲੀਲ ਨੂੰ ਜਾਵਾਂਗਾ।” (ਮੱਤੀ 26:32) ਜੀ ਹਾਂ, ਉਸ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ ਕਿ ਭਾਵੇਂ ਉਹ ਉਸ ਨੂੰ ਛੱਡ ਦੇਣਗੇ ਉਹ ਉਨ੍ਹਾਂ ਨੂੰ ਨਹੀਂ ਛੱਡੇਗਾ। ਜਦੋਂ ਇਹ ਔਖੀ ਘੜੀ ਲੰਘ ਜਾਵੇਗੀ ਤਾਂ ਉਹ ਉਨ੍ਹਾਂ ਨੂੰ ਫਿਰ ਮਿਲੇਗਾ।
18. ਗਲੀਲ ਵਿਚ, ਯਿਸੂ ਨੇ ਆਪਣਿਆਂ ਰਸੂਲਾਂ ਨੂੰ ਕਿਹੜਾ ਵੱਡਾ ਹੁਕਮ ਦਿੱਤਾ, ਅਤੇ ਉਨ੍ਹਾਂ ਨੇ ਇਸ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਸੀ?
18 ਯਿਸੂ ਨੇ ਆਪਣਾ ਵਾਅਦਾ ਨਿਭਾਇਆ। ਜੀ ਉੱਠਣ ਤੋਂ ਬਾਅਦ ਉਹ ਗਲੀਲ ਵਿਚ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਮਿਲਿਆ, ਜੋ ਹੋਰਨਾਂ ਲੋਕਾਂ ਨਾਲ ਇਕੱਠੇ ਹੋਏ ਸਨ। (ਮੱਤੀ 28:16, 17; 1 ਕੁਰਿੰਥੀਆਂ 15:6) ਉੱਥੇ ਯਿਸੂ ਨੇ ਉਨ੍ਹਾਂ ਨੂੰ ਇਕ ਵੱਡਾ ਹੁਕਮ ਦਿੱਤਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਰਸੂਲਾਂ ਦੇ ਕਰਤੱਬ ਤੋਂ ਸਾਨੂੰ ਸਪੱਸ਼ਟ ਸਬੂਤ ਮਿਲਦਾ ਹੈ ਕਿ ਉਨ੍ਹਾਂ ਨੇ ਇਹ ਹੁਕਮ ਪੂਰਾ ਕੀਤਾ ਸੀ। ਉਨ੍ਹਾਂ ਨੇ ਪਹਿਲੀ ਸਦੀ ਵਿਚ ਵਫ਼ਾਦਾਰੀ ਨਾਲ ਖ਼ੁਸ਼ ਖ਼ਬਰੀ ਦੇ ਪ੍ਰਚਾਰ ਨੂੰ ਅੱਗੇ ਵਧਾਇਆ ਸੀ।—ਰਸੂਲਾਂ ਦੇ ਕਰਤੱਬ 2:41, 42; 4:33; 5:27-32.
19. ਜੀ ਉਠਾਏ ਜਾਣ ਤੋਂ ਬਾਅਦ ਯਿਸੂ ਦੇ ਕੰਮ ਸਾਨੂੰ ਉਸ ਬਾਰੇ ਕੀ ਸਿਖਾਉਂਦੇ ਹਨ?
19 ਇਹ ਬਿਰਤਾਂਤ ਸਾਨੂੰ ਯਿਸੂ ਬਾਰੇ ਕੀ ਸਿਖਾਉਂਦਾ ਹੈ? ਯਿਸੂ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਪਰ ਫਿਰ ਵੀ ਉਸ ਨੇ ਉਨ੍ਹਾਂ ਨਾਲ ‘ਅੰਤ ਤੋੜੀ ਪਿਆਰ ਕੀਤਾ।’ (ਯੂਹੰਨਾ 13:1) ਉਨ੍ਹਾਂ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਉਸ ਨੇ ਉਨ੍ਹਾਂ ਨੂੰ ਦਿਖਾਇਆ ਕਿ ਉਹ ਉਨ੍ਹਾਂ ਵਿਚ ਵਿਸ਼ਵਾਸ ਕਰਦਾ ਸੀ। ਧਿਆਨ ਦਿਓ ਕਿ ਯਿਸੂ ਦਾ ਭਰੋਸਾ ਗ਼ਲਤ ਸਾਬਤ ਨਹੀਂ ਹੋਇਆ। ਯਿਸੂ ਦੇ ਭਰੋਸੇ ਅਤੇ ਵਿਸ਼ਵਾਸ ਨੇ ਉਨ੍ਹਾਂ ਨੂੰ ਮਜ਼ਬੂਤ ਕਰਦੇ ਹੋਏ ਉਸ ਦੇ ਦਿੱਤੇ ਗਏ ਹੁਕਮ ਨੂੰ ਪੂਰਾ ਕਰਨ ਦਾ ਹੌਸਲਾ ਦਿੱਤਾ।
20, 21. ਅਸੀਂ ਆਪਣੇ ਸੰਗੀ ਭੈਣਾਂ-ਭਰਾਵਾਂ ਬਾਰੇ ਕਿਸ ਤਰ੍ਹਾਂ ਚੰਗਾ ਸੋਚ ਸਕਦੇ ਹਾਂ?
20 ਅਸੀਂ ਇਸ ਵਿਚ ਯਿਸੂ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ? ਸੰਗੀ ਭੈਣਾਂ-ਭਰਾਵਾਂ ਬਾਰੇ ਹਮੇਸ਼ਾ ਚੰਗਾ ਸੋਚੋ। ਜੇਕਰ ਤੁਸੀਂ ਉਨ੍ਹਾਂ ਬਾਰੇ ਬੁਰਾ ਸੋਚੋਗੇ ਤਾਂ ਇਹ ਤੁਹਾਡੇ ਸ਼ਬਦਾਂ ਅਤੇ ਕੰਮਾਂ ਰਾਹੀਂ ਪ੍ਰਗਟ ਹੋਵੇਗਾ। (ਲੂਕਾ 6:45) ਲੇਕਿਨ, ਬਾਈਬਲ ਸਾਨੂੰ ਦੱਸਦੀ ਹੈ ਕਿ ਪ੍ਰੇਮ “ਸਭਨਾਂ ਗੱਲਾਂ ਦੀ ਪਰਤੀਤ ਕਰਦਾ” ਹੈ। (1 ਕੁਰਿੰਥੀਆਂ 13:7) ਪ੍ਰੇਮ ਬੁਰਾ ਨਹੀਂ ਬਲਕਿ ਭਲਾ ਕਰਦਾ ਹੈ। ਠੋਕਰ ਮਾਰਨ ਦੀ ਬਜਾਇ ਇਹ ਉਤਸ਼ਾਹ ਦਿੰਦਾ ਹੈ। ਲੋਕਾਂ ਉੱਤੇ ਧਮਕੀਆਂ ਦਾ ਇੰਨਾ ਅਸਰ ਨਹੀਂ ਪੈਂਦਾ ਜਿੰਨਾ ਕਿ ਪ੍ਰੇਮ ਅਤੇ ਉਤਸ਼ਾਹ ਦਾ ਪੈਂਦਾ ਹੈ। ਦੂਸਰਿਆਂ ਉੱਤੇ ਭਰੋਸਾ ਰੱਖਣ ਰਾਹੀਂ ਅਸੀਂ ਉਨ੍ਹਾਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ ਅਤੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹਾਂ। (1 ਥੱਸਲੁਨੀਕੀਆਂ 5:11) ਜੇਕਰ, ਮਸੀਹ ਵਾਂਗ ਅਸੀਂ ਵੀ ਆਪਣੇ ਭੈਣਾਂ-ਭਰਾਵਾਂ ਬਾਰੇ ਚੰਗਾ ਸੋਚਾਂਗੇ ਤਾਂ ਅਸੀਂ ਉਨ੍ਹਾਂ ਨਾਲ ਅਜਿਹਾ ਵਰਤਾਉ ਕਰਾਂਗੇ ਜੋ ਉਨ੍ਹਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਉਨ੍ਹਾਂ ਨੂੰ ਵਧੀਆ ਇਨਸਾਨ ਬਣਨ ਵਿਚ ਮਦਦ ਦੇਵੇਗਾ।
21 ਯਿਸੂ ਵਰਗੇ ਬਣਨ ਲਈ ਉਸ ਦਿਆਂ ਕੰਮਾਂ ਦੀ ਰੀਸ ਕਰਨ ਤੋਂ ਕੁਝ ਜ਼ਿਆਦਾ ਕਰਨ ਦੀ ਲੋੜ ਹੈ। ਜਿਵੇਂ ਪਹਿਲੇ ਲੇਖ ਵਿਚ ਦੱਸਿਆ ਗਿਆ ਸੀ, ਜੇ ਅਸੀਂ ਸੱਚ-ਮੁੱਚ ਯਿਸੂ ਵਰਗੇ ਬਣਨਾ ਚਾਹੁੰਦੇ ਹਾਂ, ਤਾਂ ਪਹਿਲਾਂ ਸਾਨੂੰ ਇਹ ਪਤਾ ਕਰਨਾ ਚਾਹੀਦਾ ਹੈ ਕਿ ਉਹ ਦੇ ਸੋਚ-ਵਿਚਾਰ ਕਿਸ ਤਰ੍ਹਾਂ ਦੇ ਸਨ। ਇੰਜੀਲਾਂ ਦੇ ਲਿਖਾਰੀ ਸਾਨੂੰ ਉਸ ਦੇ ਸੁਭਾਅ ਦੇ ਇਕ ਹੋਰ ਪਹਿਲੂ ਬਾਰੇ ਦੱਸਦੇ ਹਨ। ਉਹ ਉਸ ਦੇ ਨਿਯੁਕਤ ਕੰਮ ਬਾਰੇ ਉਸ ਦੇ ਵਿਚਾਰ ਅਤੇ ਜਜ਼ਬਾਤ ਵੀ ਪ੍ਰਗਟ ਕਰਦੇ ਹਨ। ਇਸ ਵਿਸ਼ੇ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।
[ਫੁਟਨੋਟ]
a ਇਸ ਨਕਲੀ ਦਸਤਾਵੇਜ਼ ਵਿਚ, ਲੇਖਕ ਨੇ ਯਿਸੂ ਦੀ ਸ਼ਕਲ ਬਾਰੇ ਦੱਸਿਆ, ਉਸ ਦੇ ਵਾਲਾਂ, ਦਾੜ੍ਹੀ ਅਤੇ ਅੱਖਾਂ ਦਾ ਰੰਗ ਵੀ ਦੱਸਿਆ। ਬਾਈਬਲ ਦੇ ਅਨੁਵਾਦਕ ਏਡਗਰ ਜੇ. ਗੁਡਸਪੀਡ ਨੇ ਸਮਝਾਇਆ ਕਿ ਇਸ ਨਕਲੀ ਦਸਤਾਵੇਜ਼ “ਦਾ ਮਕਸਦ ਇਹ ਸੀ ਕਿ ਉਹ ਯਿਸੂ ਦੀ ਨਿੱਜੀ ਦਿੱਖ ਬਾਰੇ ਚਿੱਤਰਕਾਰਾਂ ਦੀਆਂ ਕਿਤਾਬਾਂ ਵਿਚ ਮਿਲਦੀਆਂ ਤਸਵੀਰਾਂ ਨੂੰ ਸੱਚ ਸਾਬਤ ਕਰੇ।”
b ਜ਼ਾਹਰ ਹੈ ਕਿ ਬੱਚੇ ਵੱਖੋ-ਵੱਖਰੀਆਂ ਉਮਰਾਂ ਦੇ ਸਨ। ਇੱਥੇ ਜੋ ਸ਼ਬਦ ‘ਛੋਟੇ ਬਾਲਕਾਂ’ ਲਈ ਵਰਤਿਆ ਗਿਆ ਹੈ ਇਹ ਉਹੀ ਸ਼ਬਦ ਹੈ ਜੋ ਜੈਰੁਸ ਦੀ ਬਾਰਾਂ ਸਾਲਾਂ ਦੀ ਧੀ ਲਈ ਵਰਤਿਆ ਗਿਆ ਸੀ। (ਮਰਕੁਸ 5:39, 42; 10:13) ਲੇਕਿਨ, ਲੂਕਾ ਨੇ ਇਸ ਘਟਨਾ ਬਾਰੇ ਗੱਲ ਕਰਦੇ ਹੋਏ ਉਹ ਸ਼ਬਦ ਇਸਤੇਮਾਲ ਕੀਤਾ ਸੀ ਜੋ ਿਨੱਕਿਆਂ ਨਿਆਣਿਆਂ ਲਈ ਵੀ ਵਰਤਿਆ ਜਾਂਦਾ ਹੈ।—ਲੂਕਾ 1:41; 2:12; 18:15.
c ਪਹਿਰਾਬੁਰਜ 1 ਅਪ੍ਰੈਲ 1998, (ਅੰਗ੍ਰੇਜ਼ੀ) ਦੇ ਅੰਕ ਵਿਚ “ਕੀ ਤੁਸੀਂ ਆਪਣੇ ਬੱਚਿਆਂ ਦਾ ਮਾਣ ਰੱਖਦੇ ਹੋ?” ਲੇਖ ਦੇਖੋ।
ਕੀ ਤੁਸੀਂ ਸਮਝਾ ਸਕਦੇ ਹੋ?
• ਜਦੋਂ ਚੇਲਿਆਂ ਨੇ ਬੱਚਿਆਂ ਨੂੰ ਯਿਸੂ ਕੋਲ ਆਉਣ ਤੋਂ ਰੋਕਿਆ, ਤਾਂ ਉਸ ਨੇ ਕੀ ਕੀਤਾ ਸੀ?
• ਯਿਸੂ ਨੇ ਦੂਸਰਿਆਂ ਦਿਆਂ ਜਜ਼ਬਾਤਾਂ ਦਾ ਖ਼ਿਆਲ ਕਿਸ ਤਰ੍ਹਾਂ ਰੱਖਿਆ ਸੀ?
• ਯਿਸੂ ਆਪਣਿਆਂ ਚੇਲਿਆਂ ਉੱਤੇ ਭਰੋਸਾ ਰੱਖਣ ਲਈ ਤਿਆਰ ਸੀ, ਅਸੀਂ ਉਸ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?
• ਯਿਸੂ ਨੇ ਆਪਣਿਆਂ ਰਸੂਲਾਂ ਵਿਚ ਵਿਸ਼ਵਾਸ ਕੀਤਾ ਸੀ, ਅਸੀਂ ਉਸ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?
[ਸਫ਼ੇ 16 ਉੱਤੇ ਤਸਵੀਰ]
ਬੱਚੇ ਯਿਸੂ ਕੋਲੋਂ ਘਬਰਾਉਣ ਦੀ ਬਜਾਇ ਉਸ ਕੋਲ ਆ ਕੇ ਖ਼ੁਸ਼ ਸਨ
[ਸਫ਼ੇ 17 ਉੱਤੇ ਤਸਵੀਰ]
ਯਿਸੂ ਨੇ ਦੂਸਰਿਆਂ ਉੱਤੇ ਤਰਸ ਕੀਤਾ
[ਸਫ਼ੇ 18 ਉੱਤੇ ਤਸਵੀਰ]
ਜਿਨ੍ਹਾਂ ਬਜ਼ੁਰਗਾਂ ਨਾਲ ਖੁੱਲ੍ਹ ਕੇ ਗੱਲ ਕੀਤੀ ਜਾ ਸਕਦੀ ਹੈ ਉਹ ਇਕ ਬਰਕਤ ਹਨ