ਲੂਕਾ ਮੁਤਾਬਕ ਖ਼ੁਸ਼ ਖ਼ਬਰੀ
23 ਇਸ ਲਈ ਉਹ ਸਾਰੇ ਜਣੇ ਉੱਠੇ ਅਤੇ ਯਿਸੂ ਨੂੰ ਪਿਲਾਤੁਸ ਕੋਲ ਲੈ ਗਏ।+ 2 ਫਿਰ ਉਨ੍ਹਾਂ ਨੇ ਉਸ ਉੱਤੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ:+ “ਇਹ ਬੰਦਾ ਸਾਡੀ ਕੌਮ ਨੂੰ ਬਗਾਵਤ ਕਰਨ ਲਈ ਭੜਕਾਉਂਦਾ ਹੈ, ਰਾਜੇ* ਨੂੰ ਟੈਕਸ ਦੇਣ ਤੋਂ ਲੋਕਾਂ ਨੂੰ ਰੋਕਦਾ ਹੈ+ ਅਤੇ ਆਪਣੇ ਆਪ ਨੂੰ ਮਸੀਹ ਤੇ ਰਾਜਾ ਕਹਿੰਦਾ ਹੈ।+ ਅਸੀਂ ਆਪ ਇਸ ਨੂੰ ਇਸ ਤਰ੍ਹਾਂ ਕਰਦਿਆਂ ਫੜਿਆ ਹੈ।” 3 ਹੁਣ ਪਿਲਾਤੁਸ ਨੇ ਉਸ ਨੂੰ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਉਸ ਨੇ ਜਵਾਬ ਦਿੱਤਾ: “ਤੂੰ ਆਪੇ ਕਹਿ ਰਿਹਾ ਹੈਂ।”+ 4 ਫਿਰ ਪਿਲਾਤੁਸ ਨੇ ਮੁੱਖ ਪੁਜਾਰੀਆਂ ਅਤੇ ਲੋਕਾਂ ਦੀ ਭੀੜ ਨੂੰ ਕਿਹਾ: “ਮੈਂ ਦੇਖ ਲਿਆ ਹੈ ਕਿ ਇਸ ਆਦਮੀ ਨੇ ਕੋਈ ਗੁਨਾਹ ਨਹੀਂ ਕੀਤਾ।”+ 5 ਪਰ ਉਨ੍ਹਾਂ ਨੇ ਜ਼ੋਰ ਪਾ ਕੇ ਕਿਹਾ: “ਇਹ ਬੰਦਾ ਸਾਰੇ ਯਹੂਦਿਯਾ ਵਿਚ ਲੋਕਾਂ ਨੂੰ ਸਿਖਾ-ਸਿਖਾ ਕੇ ਭੜਕਾਉਂਦਾ ਹੈ। ਇਸ ਨੇ ਗਲੀਲ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਹੁਣ ਇੱਥੇ ਆ ਗਿਆ ਹੈ।” 6 ਇਹ ਸੁਣ ਕੇ ਪਿਲਾਤੁਸ ਨੇ ਪੁੱਛਿਆ ਕਿ ਕੀ ਇਹ ਆਦਮੀ ਗਲੀਲੀ ਹੈ ਜਾਂ ਨਹੀਂ। 7 ਫਿਰ ਇਹ ਪਤਾ ਕਰਨ ਤੋਂ ਬਾਅਦ ਕਿ ਉਹ ਹੇਰੋਦੇਸ ਦੇ ਇਲਾਕੇ ਤੋਂ ਸੀ,+ ਪਿਲਾਤੁਸ ਨੇ ਉਸ ਨੂੰ ਹੇਰੋਦੇਸ ਕੋਲ ਘੱਲ ਦਿੱਤਾ ਜਿਹੜਾ ਉਨ੍ਹੀਂ ਦਿਨੀਂ ਯਰੂਸ਼ਲਮ ਵਿਚ ਸੀ।
8 ਜਦ ਹੇਰੋਦੇਸ ਨੇ ਯਿਸੂ ਨੂੰ ਦੇਖਿਆ, ਤਾਂ ਉਹ ਬੜਾ ਖ਼ੁਸ਼ ਹੋਇਆ। ਹੇਰੋਦੇਸ ਕਾਫ਼ੀ ਸਮੇਂ ਤੋਂ ਯਿਸੂ ਨੂੰ ਦੇਖਣਾ ਚਾਹੁੰਦਾ ਸੀ ਕਿਉਂਕਿ ਉਸ ਨੇ ਉਸ ਬਾਰੇ ਬਹੁਤ ਕੁਝ ਸੁਣਿਆ ਹੋਇਆ ਸੀ+ ਅਤੇ ਉਸ ਨੂੰ ਆਸ ਸੀ ਕਿ ਯਿਸੂ ਉਸ ਨੂੰ ਕੋਈ ਚਮਤਕਾਰ ਕਰ ਕੇ ਦਿਖਾਵੇਗਾ। 9 ਇਸ ਲਈ ਹੇਰੋਦੇਸ ਕਾਫ਼ੀ ਸਮੇਂ ਤਕ ਉਸ ਤੋਂ ਪੁੱਛ-ਗਿੱਛ ਕਰਦਾ ਰਿਹਾ; ਪਰ ਉਸ ਨੇ ਕੋਈ ਜਵਾਬ ਨਾ ਦਿੱਤਾ।+ 10 ਨਾਲੇ ਮੁੱਖ ਪੁਜਾਰੀ ਅਤੇ ਗ੍ਰੰਥੀ ਵਾਰ-ਵਾਰ ਖੜ੍ਹੇ ਹੋ ਕੇ ਗੁੱਸੇ ਵਿਚ ਉਸ ਉੱਤੇ ਦੋਸ਼ ਲਾ ਰਹੇ ਸਨ। 11 ਫਿਰ ਹੇਰੋਦੇਸ ਆਪਣੇ ਸਿਪਾਹੀਆਂ ਨਾਲ ਰਲ਼ ਕੇ ਉਸ ਦੀ ਬੇਇੱਜ਼ਤੀ ਕਰਨ ਲੱਗਾ+ ਅਤੇ ਉਸ ਨੇ ਉਸ ਦੇ ਸ਼ਾਨਦਾਰ ਕੱਪੜਾ ਪਾ ਕੇ ਉਸ ਦਾ ਮਜ਼ਾਕ ਉਡਾਇਆ+ ਅਤੇ ਉਸ ਨੂੰ ਵਾਪਸ ਪਿਲਾਤੁਸ ਕੋਲ ਘੱਲ ਦਿੱਤਾ। 12 ਹੇਰੋਦੇਸ ਅਤੇ ਪਿਲਾਤੁਸ ਵਿਚ ਪਹਿਲਾਂ ਦੁਸ਼ਮਣੀ ਹੁੰਦੀ ਸੀ, ਪਰ ਉਸ ਦਿਨ ਤੋਂ ਉਹ ਦੋਵੇਂ ਦੋਸਤ ਬਣ ਗਏ।
13 ਫਿਰ ਪਿਲਾਤੁਸ ਨੇ ਮੁੱਖ ਪੁਜਾਰੀਆਂ, ਆਗੂਆਂ ਅਤੇ ਲੋਕਾਂ ਨੂੰ ਸੱਦ ਕੇ 14 ਕਿਹਾ: “ਤੁਸੀਂ ਇਸ ਆਦਮੀ ਨੂੰ ਮੇਰੇ ਕੋਲ ਲੈ ਕੇ ਆਏ ਹੋ ਅਤੇ ਇਸ ਉੱਤੇ ਦੋਸ਼ ਲਾਇਆ ਹੈ ਕਿ ਇਹ ਲੋਕਾਂ ਨੂੰ ਬਗਾਵਤ ਕਰਨ ਲਈ ਭੜਕਾ ਰਿਹਾ ਹੈ। ਹੁਣ ਦੇਖੋ! ਮੈਂ ਤੁਹਾਡੇ ਸਾਮ੍ਹਣੇ ਇਸ ਤੋਂ ਪੁੱਛ-ਗਿੱਛ ਕੀਤੀ ਹੈ ਅਤੇ ਤੁਹਾਡੇ ਵੱਲੋਂ ਲਾਏ ਸਾਰੇ ਦੋਸ਼ ਬੇਬੁਨਿਆਦ ਸਾਬਤ ਹੋਏ ਹਨ।+ 15 ਅਸਲ ਵਿਚ ਹੇਰੋਦੇਸ ਨੂੰ ਵੀ ਇਸ ਵਿਚ ਕੋਈ ਦੋਸ਼ ਨਜ਼ਰ ਨਹੀਂ ਆਇਆ, ਇਸੇ ਕਰਕੇ ਉਸ ਨੇ ਇਸ ਨੂੰ ਵਾਪਸ ਸਾਡੇ ਕੋਲ ਘੱਲ ਦਿੱਤਾ ਅਤੇ ਦੇਖੋ! ਇਸ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ ਹੈ। 16 ਇਸ ਲਈ ਮੈਂ ਇਸ ਦੇ ਕੋਰੜੇ ਮਾਰ ਕੇ+ ਇਸ ਨੂੰ ਛੱਡ ਦਿਆਂਗਾ।” 17 *— 18 ਪਰ ਸਾਰੀ ਭੀੜ ਉੱਚੀ-ਉੱਚੀ ਕਹਿਣ ਲੱਗ ਪਈ: “ਇਸ ਆਦਮੀ ਨੂੰ ਖ਼ਤਮ ਕਰ ਦਿਓ* ਅਤੇ ਬਰਬਾਸ ਨੂੰ ਸਾਡੇ ਲਈ ਰਿਹਾ ਕਰ ਦਿਓ!”+ 19 (ਬਰਬਾਸ ਨੂੰ ਸ਼ਹਿਰ ਵਿਚ ਸਰਕਾਰ ਦੇ ਖ਼ਿਲਾਫ਼ ਬਗਾਵਤ ਕਰਨ ਅਤੇ ਕਤਲ ਕਰਨ ਦੇ ਦੋਸ਼ ਵਿਚ ਜੇਲ੍ਹ ਵਿਚ ਸੁੱਟਿਆ ਗਿਆ ਸੀ।) 20 ਪਿਲਾਤੁਸ ਨੇ ਫਿਰ ਉਨ੍ਹਾਂ ਨਾਲ ਗੱਲ ਕੀਤੀ ਕਿਉਂਕਿ ਉਹ ਯਿਸੂ ਨੂੰ ਛੱਡਣਾ ਚਾਹੁੰਦਾ ਸੀ।+ 21 ਪਰ ਉਹ ਚੀਕ-ਚੀਕ ਕੇ ਕਹਿਣ ਲੱਗੇ: “ਉਸ ਨੂੰ ਸੂਲ਼ੀ ʼਤੇ ਟੰਗ ਦਿਓ! ਉਸ ਨੂੰ ਸੂਲ਼ੀ ʼਤੇ ਟੰਗ ਦਿਓ!”+ 22 ਪਿਲਾਤੁਸ ਨੇ ਤੀਸਰੀ ਵਾਰ ਉਨ੍ਹਾਂ ਨੂੰ ਪੁੱਛਿਆ: “ਪਰ ਕਿਉਂ? ਉਸ ਨੇ ਕੀ ਬੁਰਾ ਕੰਮ ਕੀਤਾ ਹੈ? ਇਸ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ। ਇਸ ਲਈ ਮੈਂ ਇਸ ਦੇ ਕੋਰੜੇ ਮਾਰ ਕੇ ਇਸ ਨੂੰ ਛੱਡ ਦਿਆਂਗਾ।” 23 ਇਹ ਸੁਣ ਕੇ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗੇ ਅਤੇ ਉਨ੍ਹਾਂ ਨੇ ਉਸ ਨੂੰ ਸੂਲ਼ੀ ʼਤੇ ਟੰਗਣ ਦੀ ਮੰਗ ਕੀਤੀ। ਉਨ੍ਹਾਂ ਨੇ ਇੰਨਾ ਰੌਲ਼ਾ ਪਾਇਆ ਕਿ ਪਿਲਾਤੁਸ ਨੂੰ ਉਨ੍ਹਾਂ ਦੀ ਗੱਲ ਮੰਨਣੀ ਹੀ ਪਈ।+ 24 ਇਸ ਲਈ ਪਿਲਾਤੁਸ ਨੇ ਉਨ੍ਹਾਂ ਦੀ ਮੰਗ ਮੁਤਾਬਕ ਸਜ਼ਾ ਸੁਣਾ ਦਿੱਤੀ। 25 ਉਸ ਨੇ ਬਰਬਾਸ ਨੂੰ ਛੱਡ ਦਿੱਤਾ ਜਿਸ ਨੂੰ ਸਰਕਾਰ ਦੇ ਖ਼ਿਲਾਫ਼ ਬਗਾਵਤ ਕਰਨ ਅਤੇ ਕਤਲ ਕਰਨ ਦੇ ਦੋਸ਼ ਵਿਚ ਜੇਲ੍ਹ ਵਿਚ ਸੁੱਟਿਆ ਗਿਆ ਸੀ ਅਤੇ ਜਿਸ ਦੀ ਰਿਹਾਈ ਦੀ ਉਹ ਮੰਗ ਕਰ ਰਹੇ ਸਨ, ਪਰ ਉਸ ਨੇ ਉਨ੍ਹਾਂ ਦੀ ਮਰਜ਼ੀ ਅਨੁਸਾਰ ਯਿਸੂ ਨੂੰ ਮੌਤ ਦੀ ਸਜ਼ਾ ਦੇ ਦਿੱਤੀ।
26 ਹੁਣ ਜਦੋਂ ਉਹ ਯਿਸੂ ਨੂੰ ਲਿਜਾ ਰਹੇ ਸਨ, ਤਾਂ ਕੁਰੇਨੇ ਦਾ ਰਹਿਣ ਵਾਲਾ ਸ਼ਮਊਨ ਖੇਤਾਂ ਵਿੱਚੋਂ ਆ ਰਿਹਾ ਸੀ। ਉਨ੍ਹਾਂ ਨੇ ਉਸ ਨੂੰ ਫੜ ਕੇ ਉਸ ਦੇ ਮੋਢਿਆਂ ਉੱਤੇ ਤਸੀਹੇ ਦੀ ਸੂਲ਼ੀ* ਰੱਖ ਦਿੱਤੀ ਅਤੇ ਯਿਸੂ ਦੇ ਪਿੱਛੇ-ਪਿੱਛੇ ਤੋਰ ਦਿੱਤਾ।+ 27 ਯਿਸੂ ਦੇ ਮਗਰ-ਮਗਰ ਲੋਕਾਂ ਦੀ ਵੱਡੀ ਭੀੜ ਵੀ ਜਾ ਰਹੀ ਸੀ ਜਿਨ੍ਹਾਂ ਵਿਚ ਤੀਵੀਆਂ ਵੀ ਸਨ। ਗਮ ਦੀਆਂ ਮਾਰੀਆਂ ਇਹ ਤੀਵੀਆਂ ਉਸ ਲਈ ਰੋ-ਰੋ ਕੇ ਆਪਣੀ ਛਾਤੀ ਪਿੱਟ ਰਹੀਆਂ ਸਨ। 28 ਯਿਸੂ ਨੇ ਮੁੜ ਕੇ ਉਨ੍ਹਾਂ ਤੀਵੀਆਂ ਨੂੰ ਕਿਹਾ: “ਯਰੂਸ਼ਲਮ ਦੀਓ ਧੀਓ, ਮੇਰੇ ਲਈ ਰੋਣਾ ਛੱਡ ਦਿਓ, ਸਗੋਂ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਰੋਵੋ;+ 29 ਕਿਉਂਕਿ ਦੇਖੋ! ਉਹ ਦਿਨ ਆ ਰਹੇ ਹਨ ਜਦੋਂ ਲੋਕ ਕਹਿਣਗੇ, ‘ਖ਼ੁਸ਼ ਹਨ ਬਾਂਝ ਤੀਵੀਆਂ ਅਤੇ ਉਹ ਤੀਵੀਆਂ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਨਹੀਂ ਦਿੱਤਾ ਅਤੇ ਦੁੱਧ ਨਹੀਂ ਚੁੰਘਾਇਆ!’+ 30 ਫਿਰ ਉਹ ਪਹਾੜਾਂ ਨੂੰ ਕਹਿਣਗੇ, ‘ਸਾਡੇ ਉੱਤੇ ਡਿਗ ਕੇ ਸਾਨੂੰ ਲੁਕਾ ਲਓ!’ ਅਤੇ ਪਹਾੜੀਆਂ ਨੂੰ ਕਹਿਣਗੇ, ‘ਸਾਨੂੰ ਢਕ ਲਓ!’+ 31 ਜੇ ਦਰਖ਼ਤ ਦੇ ਹਰੇ ਹੁੰਦਿਆਂ ਉਨ੍ਹਾਂ ਨੇ ਇਹ ਕੰਮ ਕੀਤੇ ਹਨ, ਤਾਂ ਉਦੋਂ ਕੀ ਹੋਵੇਗਾ ਜਦੋਂ ਦਰਖ਼ਤ ਸੁੱਕ ਜਾਵੇਗਾ?”
32 ਦੋ ਅਪਰਾਧੀਆਂ ਨੂੰ ਵੀ ਯਿਸੂ ਦੇ ਨਾਲ ਸੂਲ਼ੀ ʼਤੇ ਟੰਗਣ ਲਈ ਲਿਜਾਇਆ ਜਾ ਰਿਹਾ ਸੀ।+ 33 ਜਦੋਂ ਉਹ ਖੋਪੜੀ ਨਾਂ ਦੀ ਜਗ੍ਹਾ ਪਹੁੰਚੇ,+ ਤਾਂ ਉਨ੍ਹਾਂ ਨੇ ਉਸ ਨੂੰ ਅਪਰਾਧੀਆਂ ਦੇ ਨਾਲ ਸੂਲ਼ੀ ʼਤੇ ਟੰਗ ਦਿੱਤਾ, ਇਕ ਅਪਰਾਧੀ ਉਸ ਦੇ ਸੱਜੇ ਪਾਸੇ ਸੀ ਅਤੇ ਦੂਜਾ ਖੱਬੇ ਪਾਸੇ।+ 34 ਪਰ ਯਿਸੂ ਕਹਿ ਰਿਹਾ ਸੀ: “ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ ਦੇ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।” ਇਸ ਤੋਂ ਇਲਾਵਾ, ਉਨ੍ਹਾਂ ਨੇ ਉਸ ਦੇ ਕੱਪੜੇ ਆਪਸ ਵਿਚ ਵੰਡਣ ਲਈ ਗੁਣੇ ਪਾਏ।+ 35 ਲੋਕ ਖੜ੍ਹੇ ਇਹ ਸਭ ਕੁਝ ਦੇਖਦੇ ਰਹੇ। ਪਰ ਧਾਰਮਿਕ ਆਗੂ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿ ਰਹੇ ਸਨ: “ਹੋਰਨਾਂ ਨੂੰ ਤਾਂ ਇਸ ਨੇ ਬਚਾਇਆ, ਪਰ ਜੇ ਇਹ ਪਰਮੇਸ਼ੁਰ ਵੱਲੋਂ ਭੇਜਿਆ ਹੋਇਆ ਮਸੀਹ ਅਤੇ ਉਸ ਦਾ ਚੁਣਿਆ ਹੋਇਆ ਹੈ, ਤਾਂ ਹੁਣ ਆਪਣੇ ਆਪ ਨੂੰ ਵੀ ਬਚਾਵੇ।”+ 36 ਫ਼ੌਜੀਆਂ ਨੇ ਵੀ ਉਸ ਦਾ ਮਜ਼ਾਕ ਉਡਾਇਆ ਅਤੇ ਉਸ ਕੋਲ ਆ ਕੇ ਉਸ ਨੂੰ ਪੀਣ ਲਈ ਸਿਰਕਾ ਪੇਸ਼ ਕੀਤਾ+ 37 ਅਤੇ ਕਿਹਾ: “ਜੇ ਤੂੰ ਯਹੂਦੀਆਂ ਦਾ ਰਾਜਾ ਹੈਂ, ਤਾਂ ਬਚਾ ਆਪਣੇ ਆਪ ਨੂੰ।” 38 ਉਸ ਦੇ ਸਿਰ ਦੇ ਉੱਪਰ ਸੂਲ਼ੀ ʼਤੇ ਲਾਈ ਫੱਟੀ ਉੱਤੇ ਇਹ ਲਿਖਿਆ ਸੀ: “ਇਹ ਯਹੂਦੀਆਂ ਦਾ ਰਾਜਾ ਹੈ।”+
39 ਫਿਰ ਉਸ ਨਾਲ ਟੰਗੇ ਅਪਰਾਧੀਆਂ ਵਿੱਚੋਂ ਇਕ ਉਸ ਦੀ ਬੇਇੱਜ਼ਤੀ ਕਰਦੇ ਹੋਏ ਕਹਿਣ ਲੱਗਾ:+ “ਭਲਾ ਤੂੰ ਮਸੀਹ ਨਹੀਂ ਹੈਂ? ਤਾਂ ਫਿਰ ਬਚਾ ਆਪਣੇ ਆਪ ਨੂੰ, ਨਾਲੇ ਸਾਨੂੰ ਵੀ ਬਚਾ!” 40 ਦੂਜੇ ਅਪਰਾਧੀ ਨੇ ਉਸ ਨੂੰ ਝਿੜਕਦੇ ਹੋਏ ਕਿਹਾ: “ਤੈਨੂੰ ਜ਼ਰਾ ਵੀ ਰੱਬ ਦਾ ਡਰ ਨਹੀਂ? ਤੈਨੂੰ ਵੀ ਤਾਂ ਉਹੀ ਸਜ਼ਾ ਮਿਲੀ ਹੈ ਜੋ ਇਸ ਨੂੰ ਮਿਲੀ ਹੈ। 41 ਸਾਨੂੰ ਮਿਲੀ ਸਜ਼ਾ ਜਾਇਜ਼ ਹੈ ਕਿਉਂਕਿ ਅਸੀਂ ਆਪਣੀ ਕੀਤੀ ਦਾ ਫਲ ਭੁਗਤ ਰਹੇ ਹਾਂ; ਪਰ ਇਸ ਨੇ ਤਾਂ ਕੋਈ ਜੁਰਮ ਨਹੀਂ ਕੀਤਾ।” 42 ਫਿਰ ਉਸ ਨੇ ਕਿਹਾ: “ਹੇ ਯਿਸੂ, ਜਦੋਂ ਤੂੰ ਰਾਜਾ ਬਣੇਂਗਾ,*+ ਤਾਂ ਮੈਨੂੰ ਯਾਦ ਰੱਖੀਂ।” 43 ਯਿਸੂ ਨੇ ਉਸ ਨੂੰ ਕਿਹਾ: “ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ, ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼* ਵਿਚ ਹੋਵੇਂਗਾ।”+
44 ਉਸ ਵੇਲੇ ਦੁਪਹਿਰ ਦੇ 12 ਕੁ ਵੱਜੇ* ਸਨ ਅਤੇ ਉਸ ਸਮੇਂ ਤੋਂ 3 ਕੁ ਵਜੇ* ਤਕ ਸਾਰੀ ਧਰਤੀ ʼਤੇ ਹਨੇਰਾ ਛਾਇਆ ਰਿਹਾ+ 45 ਕਿਉਂਕਿ ਸੂਰਜ ਦੀ ਰੌਸ਼ਨੀ ਨਹੀਂ ਰਹੀ; ਫਿਰ ਮੰਦਰ ਦਾ ਪਰਦਾ*+ ਉੱਪਰੋਂ ਲੈ ਕੇ ਹੇਠਾਂ ਤਕ ਵਿਚਕਾਰੋਂ ਪਾਟ ਗਿਆ।+ 46 ਯਿਸੂ ਨੇ ਉੱਚੀ ਆਵਾਜ਼ ਵਿਚ ਪੁਕਾਰ ਕੇ ਕਿਹਾ: “ਹੇ ਪਿਤਾ, ਮੈਂ ਆਪਣੀ ਜਾਨ ਤੇਰੇ ਹੱਥਾਂ ਵਿਚ ਸੌਂਪਦਾ ਹਾਂ।”+ ਇਹ ਕਹਿ ਕੇ ਉਸ ਨੇ ਦਮ ਤੋੜ ਦਿੱਤਾ।*+ 47 ਉਸ ਵੇਲੇ ਜੋ ਵੀ ਹੋਇਆ ਸੀ, ਉਸ ਨੂੰ ਦੇਖ ਕੇ ਫ਼ੌਜੀ ਅਫ਼ਸਰ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਕਹਿਣ ਲੱਗਾ: “ਇਹ ਸੱਚ-ਮੁੱਚ ਧਰਮੀ ਬੰਦਾ ਸੀ।”+ 48 ਉੱਥੇ ਖੜ੍ਹੀ ਭੀੜ ਨੇ ਜਦੋਂ ਇਹ ਸਭ ਕੁਝ ਦੇਖਿਆ, ਤਾਂ ਉਹ ਛਾਤੀ ਪਿੱਟਦੀ ਹੋਈ ਆਪਣੇ ਘਰਾਂ ਨੂੰ ਮੁੜ ਆਈ। 49 ਇਸ ਤੋਂ ਇਲਾਵਾ, ਉਸ ਨੂੰ ਜਾਣਨ ਵਾਲੇ ਲੋਕ ਦੂਰ ਖੜ੍ਹੇ ਸਨ। ਨਾਲੇ ਜਿਹੜੀਆਂ ਤੀਵੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਉਹ ਵੀ ਉੱਥੇ ਖੜ੍ਹੀਆਂ ਇਹ ਸਾਰਾ ਕੁਝ ਦੇਖ ਰਹੀਆਂ ਸਨ।+
50 ਦੇਖੋ! ਉੱਥੇ ਯੂਸੁਫ਼ ਨਾਂ ਦਾ ਇਕ ਆਦਮੀ ਸੀ ਜਿਹੜਾ ਮਹਾਸਭਾ ਦਾ ਮੈਂਬਰ ਸੀ ਅਤੇ ਚੰਗਾ ਤੇ ਨੇਕ ਇਨਸਾਨ ਸੀ।+ 51 (ਉਸ ਨੇ ਮਹਾਸਭਾ ਦੁਆਰਾ ਘੜੀ ਸਾਜ਼ਸ਼ ਅਤੇ ਕਾਰਵਾਈ ਵਿਚ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਸੀ।) ਉਹ ਯਹੂਦਿਯਾ ਦੇ ਲੋਕਾਂ ਦੇ ਸ਼ਹਿਰ ਅਰਿਮਥੀਆ ਦਾ ਰਹਿਣ ਵਾਲਾ ਸੀ ਅਤੇ ਪਰਮੇਸ਼ੁਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ। 52 ਉਹ ਪਿਲਾਤੁਸ ਕੋਲ ਗਿਆ ਅਤੇ ਉਸ ਤੋਂ ਯਿਸੂ ਦੀ ਲਾਸ਼ ਮੰਗੀ। 53 ਉਸ ਨੇ ਲਾਸ਼ ਸੂਲ਼ੀ ਉੱਤੋਂ ਲਾਹ ਕੇ+ ਉਸ ਨੂੰ ਇਕ ਵਧੀਆ ਕੱਪੜੇ ਵਿਚ ਲਪੇਟਿਆ ਅਤੇ ਚਟਾਨ ਵਿਚ ਤਰਾਸ਼ ਕੇ ਬਣਾਈ ਗਈ ਕਬਰ ਵਿਚ ਰੱਖਿਆ+ ਜਿਸ ਵਿਚ ਪਹਿਲਾਂ ਕਿਸੇ ਦੀ ਵੀ ਲਾਸ਼ ਨਹੀਂ ਰੱਖੀ ਗਈ ਸੀ। 54 ਹੁਣ ਇਹ ਤਿਆਰੀ ਦਾ ਦਿਨ ਸੀ+ ਅਤੇ ਸਬਤ ਦਾ ਦਿਨ+ ਸ਼ੁਰੂ ਹੋਣ ਵਾਲਾ ਸੀ। 55 ਪਰ ਉਹ ਤੀਵੀਆਂ, ਜਿਹੜੀਆਂ ਗਲੀਲ ਤੋਂ ਯਿਸੂ ਨਾਲ ਆਈਆਂ ਸਨ, ਕਬਰ ਨੂੰ ਦੇਖਣ ਗਈਆਂ ਅਤੇ ਉੱਥੇ ਜਾ ਕੇ ਉਨ੍ਹਾਂ ਨੇ ਦੇਖਿਆ ਕਿ ਉਸ ਦੀ ਲਾਸ਼ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਸੀ।+ 56 ਫਿਰ ਉਹ ਮਸਾਲੇ* ਅਤੇ ਖ਼ੁਸ਼ਬੂਦਾਰ ਤੇਲ ਤਿਆਰ ਕਰਨ ਚੱਲੀਆਂ ਗਈਆਂ। ਪਰ ਮੂਸਾ ਦੇ ਕਾਨੂੰਨ ਵਿਚ ਦਿੱਤੇ ਹੁਕਮ ਮੁਤਾਬਕ ਉਨ੍ਹਾਂ ਨੇ ਸਬਤ ਦੇ ਦਿਨ ਆਰਾਮ ਕੀਤਾ।+