ਕੁਰਿੰਥੀਆਂ ਨੂੰ ਪਹਿਲੀ ਚਿੱਠੀ
16 ਹੁਣ ਪਵਿੱਤਰ ਸੇਵਕਾਂ ਲਈ ਦਾਨ ਇਕੱਠਾ ਕਰਨ+ ਬਾਰੇ ਜਿਹੜੀਆਂ ਹਿਦਾਇਤਾਂ ਮੈਂ ਗਲਾਤੀਆ ਦੀਆਂ ਮੰਡਲੀਆਂ ਨੂੰ ਦਿੱਤੀਆਂ ਸਨ, ਤੁਸੀਂ ਵੀ ਉਨ੍ਹਾਂ ਹਿਦਾਇਤਾਂ ਅਨੁਸਾਰ ਚੱਲੋ। 2 ਹਰ ਹਫ਼ਤੇ ਦੇ ਪਹਿਲੇ ਦਿਨ* ਤੁਹਾਡੇ ਵਿੱਚੋਂ ਹਰੇਕ ਜਣਾ ਆਪਣੀ ਕਮਾਈ ਅਨੁਸਾਰ ਕੁਝ ਪੈਸੇ ਵੱਖਰੇ ਰੱਖ ਲਵੇ ਤਾਂਕਿ ਜਦ ਮੈਂ ਆਵਾਂ, ਤਾਂ ਉਦੋਂ ਤੁਹਾਨੂੰ ਦਾਨ ਇਕੱਠਾ ਕਰਨ ਦੀ ਲੋੜ ਨਾ ਪਵੇ। 3 ਤੁਸੀਂ ਚਿੱਠੀਆਂ ਵਿਚ ਜਿਨ੍ਹਾਂ ਭਰਾਵਾਂ ਬਾਰੇ ਲਿਖੋਗੇ ਕਿ ਉਹ ਭਰੋਸੇਯੋਗ ਹਨ, ਮੈਂ ਉੱਥੇ ਆ ਕੇ ਉਨ੍ਹਾਂ ਭਰਾਵਾਂ ਦੇ ਹੱਥ ਤੁਹਾਡਾ ਪਿਆਰ ਨਾਲ ਦਿੱਤਾ ਦਾਨ ਯਰੂਸ਼ਲਮ ਨੂੰ ਘੱਲ ਦਿਆਂਗਾ।+ 4 ਪਰ ਜੇ ਇਹ ਠੀਕ ਲੱਗਾ ਕਿ ਮੈਂ ਵੀ ਉੱਥੇ ਜਾਵਾਂ, ਤਾਂ ਮੈਂ ਵੀ ਉਨ੍ਹਾਂ ਨਾਲ ਚਲਾ ਜਾਵਾਂਗਾ।
5 ਪਰ ਮੈਂ ਮਕਦੂਨੀਆ ਦਾ ਚੱਕਰ ਲਾ ਕੇ ਤੁਹਾਡੇ ਕੋਲ ਆਵਾਂਗਾ ਕਿਉਂਕਿ ਮੈਂ ਮਕਦੂਨੀਆ ਜ਼ਰੂਰ ਜਾਣਾ ਹੈ।+ 6 ਮੈਂ ਸ਼ਾਇਦ ਕੁਝ ਸਮਾਂ ਤੁਹਾਡੇ ਨਾਲ ਰਹਾਂ ਜਾਂ ਸ਼ਾਇਦ ਸਿਆਲ ਵੀ ਤੁਹਾਡੇ ਨਾਲ ਹੀ ਕੱਟਾਂ, ਫਿਰ ਤੁਸੀਂ ਮੈਨੂੰ ਵਿਦਾ ਕਰਨ ਲਈ ਮੇਰੇ ਨਾਲ ਕੁਝ ਦੂਰ ਤਕ ਆ ਜਾਇਓ। 7 ਮੈਂ ਇਸ ਵੇਲੇ ਤੁਹਾਨੂੰ ਸਿਰਫ਼ ਜਾਂਦੇ-ਜਾਂਦੇ ਹੀ ਮਿਲਣਾ ਨਹੀਂ ਚਾਹੁੰਦਾ, ਸਗੋਂ ਮੈਨੂੰ ਉਮੀਦ ਹੈ ਕਿ ਜੇ ਯਹੋਵਾਹ* ਨੇ ਚਾਹਿਆ, ਤਾਂ ਮੈਂ ਤੁਹਾਡੇ ਨਾਲ ਕੁਝ ਸਮਾਂ ਰਹਾਂਗਾ।+ 8 ਪਰ ਮੈਂ ਪੰਤੇਕੁਸਤ ਦੇ ਤਿਉਹਾਰ ਤਕ ਇੱਥੇ ਅਫ਼ਸੁਸ+ ਵਿਚ ਹੀ ਰਹਾਂਗਾ 9 ਕਿਉਂਕਿ ਮੈਨੂੰ ਸੇਵਾ ਕਰਨ ਦਾ ਵੱਡਾ ਮੌਕਾ ਮਿਲਿਆ ਹੈ,*+ ਪਰ ਇਸ ਕੰਮ ਦੇ ਵਿਰੋਧੀ ਬਹੁਤ ਹਨ।
10 ਪਰ ਜੇ ਤਿਮੋਥਿਉਸ+ ਉੱਥੇ ਆਇਆ, ਤਾਂ ਇਸ ਗੱਲ ਦਾ ਖ਼ਿਆਲ ਰੱਖਿਓ ਕਿ ਤੁਹਾਡੇ ਨਾਲ ਹੁੰਦਿਆਂ ਉਸ ਨੂੰ ਕਿਸੇ ਗੱਲ ਦਾ ਡਰ ਨਾ ਹੋਵੇ ਕਿਉਂਕਿ ਉਹ ਵੀ ਮੇਰੇ ਵਾਂਗ ਯਹੋਵਾਹ* ਦਾ ਕੰਮ ਕਰ ਰਿਹਾ ਹੈ।+ 11 ਇਸ ਲਈ ਕੋਈ ਵੀ ਉਸ ਨੂੰ ਐਵੇਂ ਨਾ ਸਮਝੇ। ਜਦੋਂ ਉਹ ਮੇਰੇ ਕੋਲ ਆਵੇ, ਤਾਂ ਤੁਸੀਂ ਉਸ ਨਾਲ ਕੁਝ ਦੂਰ ਤਕ ਆ ਜਾਇਓ ਅਤੇ ਉਸ ਨੂੰ ਸਹੀ-ਸਲਾਮਤ ਵਿਦਾ ਕਰਿਓ ਕਿਉਂਕਿ ਮੈਂ ਭਰਾਵਾਂ ਨਾਲ ਉਸ ਦੀ ਉਡੀਕ ਕਰ ਰਿਹਾ ਹਾਂ।
12 ਮੈਂ ਸਾਡੇ ਭਰਾ ਅਪੁੱਲੋਸ+ ਨੂੰ ਬਹੁਤ ਤਾਕੀਦ ਕੀਤੀ ਸੀ ਕਿ ਉਹ ਭਰਾਵਾਂ ਨਾਲ ਤੁਹਾਡੇ ਕੋਲ ਆਵੇ, ਪਰ ਇਸ ਵੇਲੇ ਉਸ ਦਾ ਤੁਹਾਡੇ ਕੋਲ ਆਉਣ ਦਾ ਇਰਾਦਾ ਨਹੀਂ ਸੀ। ਉਹ ਮੌਕਾ ਮਿਲਣ ʼਤੇ ਜ਼ਰੂਰ ਆਵੇਗਾ।
13 ਖ਼ਬਰਦਾਰ ਰਹੋ,+ ਨਿਹਚਾ ਵਿਚ ਪੱਕੇ ਰਹੋ,+ ਦਲੇਰ*+ ਅਤੇ ਤਕੜੇ ਬਣੋ।+ 14 ਤੁਸੀਂ ਸਾਰੇ ਕੰਮ ਪਿਆਰ ਨਾਲ ਕਰੋ।+
15 ਤੁਸੀਂ ਜਾਣਦੇ ਹੋ ਕਿ ਸਤਫ਼ਨਾਸ ਦਾ ਪਰਿਵਾਰ ਅਖਾਯਾ ਦਾ ਪਹਿਲਾ ਫਲ ਹੈ ਅਤੇ ਇਸ ਪਰਿਵਾਰ ਨੇ ਪੂਰੀ ਲਗਨ ਨਾਲ ਪਵਿੱਤਰ ਸੇਵਕਾਂ ਦੀ ਸੇਵਾ ਕੀਤੀ ਹੈ। ਇਸ ਲਈ ਭਰਾਵੋ, ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ 16 ਤੁਸੀਂ ਅਜਿਹੇ ਲੋਕਾਂ ਦੇ ਅਧੀਨ ਰਹੋ ਅਤੇ ਉਨ੍ਹਾਂ ਦੇ ਵੀ ਅਧੀਨ ਰਹੋ ਜਿਹੜੇ ਸਾਨੂੰ ਸਹਿਯੋਗ ਦਿੰਦੇ ਹਨ ਅਤੇ ਸਖ਼ਤ ਮਿਹਨਤ ਕਰਦੇ ਹਨ।+ 17 ਮੈਂ ਇਸ ਗੱਲੋਂ ਖ਼ੁਸ਼ ਹਾਂ ਕਿ ਸਤਫ਼ਨਾਸ,+ ਫਰਤੂਨਾਤੁਸ ਤੇ ਅਖਾਇਕੁਸ ਮੇਰੇ ਨਾਲ ਹਨ ਕਿਉਂਕਿ ਉਨ੍ਹਾਂ ਨੇ ਤੁਹਾਡੀ ਕਮੀ ਪੂਰੀ ਕੀਤੀ ਅਤੇ ਤੁਹਾਡੇ ਬਦਲੇ ਉਨ੍ਹਾਂ ਨੇ ਮੇਰੀ ਸੇਵਾ ਕੀਤੀ। 18 ਉਨ੍ਹਾਂ ਨੇ ਮੇਰੇ ਅਤੇ ਤੁਹਾਡੇ ਜੀਅ* ਨੂੰ ਤਰੋ-ਤਾਜ਼ਾ ਕੀਤਾ ਹੈ। ਇਸ ਲਈ ਅਜਿਹੇ ਭਰਾਵਾਂ ਦੀ ਕਦਰ ਕਰੋ।
19 ਏਸ਼ੀਆ ਦੀਆਂ ਮੰਡਲੀਆਂ ਵੱਲੋਂ ਤੁਹਾਨੂੰ ਨਮਸਕਾਰ। ਅਕੂਲਾ ਤੇ ਪਰਿਸਕਾ* ਅਤੇ ਉਨ੍ਹਾਂ ਦੇ ਘਰ ਇਕੱਠੀ ਹੁੰਦੀ ਮੰਡਲੀ+ ਵੱਲੋਂ ਤੁਹਾਨੂੰ ਬਹੁਤ-ਬਹੁਤ ਮਸੀਹੀ ਪਿਆਰ। 20 ਸਾਰੇ ਭਰਾਵਾਂ ਵੱਲੋਂ ਤੁਹਾਨੂੰ ਨਮਸਕਾਰ। ਪਿਆਰ ਨਾਲ ਚੁੰਮ ਕੇ ਇਕ-ਦੂਜੇ ਦਾ ਸੁਆਗਤ ਕਰੋ।
21 ਮੈਂ ਪੌਲੁਸ ਆਪਣੇ ਹੱਥੀਂ ਤੁਹਾਨੂੰ ਨਮਸਕਾਰ ਲਿਖ ਰਿਹਾ ਹਾਂ।
22 ਜਿਹੜਾ ਇਨਸਾਨ ਪ੍ਰਭੂ ਨਾਲ ਪਿਆਰ ਨਹੀਂ ਕਰਦਾ, ਉਸ ਨੂੰ ਸਰਾਪ ਲੱਗੇ। ਹੇ ਸਾਡੇ ਪ੍ਰਭੂ, ਆ! 23 ਪ੍ਰਭੂ ਯਿਸੂ ਦੀ ਅਪਾਰ ਕਿਰਪਾ ਤੁਹਾਡੇ ʼਤੇ ਹੋਵੇ। 24 ਤੁਹਾਨੂੰ ਮਸੀਹ ਯਿਸੂ ਦੇ ਸਾਰੇ ਚੇਲਿਆਂ ਨੂੰ ਮੇਰਾ ਪਿਆਰ।