ਕੂਚ
28 “ਤੂੰ ਇਜ਼ਰਾਈਲੀਆਂ ਵਿੱਚੋਂ ਆਪਣੇ ਭਰਾ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ, ਹਾਂ, ਹਾਰੂਨ+ ਅਤੇ ਉਸ ਦੇ ਪੁੱਤਰਾਂ+ ਨਾਦਾਬ, ਅਬੀਹੂ,+ ਅਲਆਜ਼ਾਰ ਅਤੇ ਈਥਾਮਾਰ+ ਨੂੰ ਬੁਲਾ ਤਾਂਕਿ ਉਹ ਮੇਰੇ ਪੁਜਾਰੀਆਂ ਵਜੋਂ ਸੇਵਾ ਕਰਨ।+ 2 ਤੂੰ ਆਪਣੇ ਭਰਾ ਹਾਰੂਨ ਦੀ ਮਹਿਮਾ ਅਤੇ ਸ਼ਾਨ ਲਈ ਪਵਿੱਤਰ ਲਿਬਾਸ ਬਣਾਈਂ।+ 3 ਤੂੰ ਉਨ੍ਹਾਂ ਸਾਰੇ ਕਾਰੀਗਰਾਂ* ਨਾਲ ਗੱਲ ਕਰੀਂ ਜਿਨ੍ਹਾਂ ਨੂੰ ਮੈਂ ਬੁੱਧ ਬਖ਼ਸ਼ੀ ਹੈ+ ਅਤੇ ਉਹ ਹਾਰੂਨ ਲਈ ਲਿਬਾਸ ਬਣਾਉਣਗੇ। ਇਹ ਲਿਬਾਸ ਇਸ ਗੱਲ ਦਾ ਸਬੂਤ ਹੋਵੇਗਾ ਕਿ ਉਸ ਨੂੰ ਪਵਿੱਤਰ ਕੀਤਾ ਗਿਆ ਹੈ ਅਤੇ ਉਹ ਮੇਰੇ ਪੁਜਾਰੀ ਵਜੋਂ ਸੇਵਾ ਕਰੇਗਾ।
4 “ਕਾਰੀਗਰ ਇਹ ਸਾਰੇ ਕੱਪੜੇ ਬਣਾਉਣ: ਇਕ ਸੀਨਾਬੰਦ,+ ਇਕ ਏਫ਼ੋਦ,+ ਇਕ ਬਿਨਾਂ ਬਾਹਾਂ ਵਾਲਾ ਕੁੜਤਾ,+ ਇਕ ਡੱਬੀਆਂ ਵਾਲਾ ਚੋਗਾ, ਇਕ ਪਗੜੀ+ ਅਤੇ ਲੱਕ ਲਈ ਪਟਕਾ;+ ਉਹ ਤੇਰੇ ਭਰਾ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਪਵਿੱਤਰ ਲਿਬਾਸ ਬਣਾਉਣਗੇ ਤਾਂਕਿ ਉਹ ਮੇਰੇ ਪੁਜਾਰੀਆਂ ਵਜੋਂ ਸੇਵਾ ਕਰਨ। 5 ਕਾਰੀਗਰ ਇਹ ਸਾਰੀਆਂ ਚੀਜ਼ਾਂ ਬਣਾਉਣ ਲਈ ਸੋਨੇ ਦੀਆਂ ਤਾਰਾਂ, ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤਿਆ ਹੋਇਆ ਵਧੀਆ ਮਲਮਲ ਇਸਤੇਮਾਲ ਕਰਨ।
6 “ਉਹ ਏਫ਼ੋਦ ਬਣਾਉਣ ਲਈ ਸੋਨੇ ਦੀਆਂ ਤਾਰਾਂ, ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਕੱਤਿਆ ਹੋਇਆ ਵਧੀਆ ਮਲਮਲ ਇਸਤੇਮਾਲ ਕਰਨ ਅਤੇ ਇਸ ਉੱਤੇ ਕਢਾਈ ਕੀਤੀ ਜਾਵੇ।+ 7 ਇਸ ਦੇ ਅਗਲੇ ਅਤੇ ਪਿਛਲੇ ਹਿੱਸੇ ਨੂੰ ਮੋਢਿਆਂ ਦੀਆਂ ਕਾਤਰਾਂ ਨਾਲ ਜੋੜਿਆ ਜਾਵੇ। 8 ਏਫ਼ੋਦ ਨੂੰ ਬੰਨ੍ਹਣ ਲਈ ਇਸ ਉੱਤੇ ਵੱਧਰੀਆਂ+ ਲਾਈਆਂ ਜਾਣ। ਇਹ ਵੀ ਸੋਨੇ ਦੀਆਂ ਤਾਰਾਂ, ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦੀਆਂ ਬੁਣੀਆਂ ਜਾਣ।
9 “ਤੂੰ ਦੋ ਸੁਲੇਮਾਨੀ ਪੱਥਰ+ ਲੈ ਕੇ ਉਨ੍ਹਾਂ ਉੱਤੇ ਇਜ਼ਰਾਈਲ ਦੇ ਪੁੱਤਰਾਂ ਦੇ ਨਾਂ ਉੱਕਰੀਂ।+ 10 ਉਨ੍ਹਾਂ ਦੀ ਉਮਰ ਅਨੁਸਾਰ ਛੇ ਨਾਂ ਇਕ ਪੱਥਰ ਉੱਤੇ ਅਤੇ ਬਾਕੀ ਛੇ ਨਾਂ ਦੂਸਰੇ ਪੱਥਰ ਉੱਤੇ ਉੱਕਰੇ ਜਾਣ। 11 ਪੱਥਰ ਉੱਤੇ ਨਕਾਸ਼ੀ ਕਰਨ ਵਾਲਾ ਕਾਰੀਗਰ ਦੋ ਸੁਲੇਮਾਨੀ ਪੱਥਰਾਂ ਉੱਤੇ ਇਜ਼ਰਾਈਲ ਦੇ ਪੁੱਤਰਾਂ ਦੇ ਨਾਂ ਉੱਕਰੇ, ਜਿਵੇਂ ਉਹ ਇਕ ਮੁਹਰ ਉੱਤੇ ਉਕਰਾਈ ਕਰਦਾ ਹੈ।+ ਫਿਰ ਤੂੰ ਉਨ੍ਹਾਂ ਨੂੰ ਸੋਨੇ ਦੇ ਖ਼ਾਨਿਆਂ ਵਿਚ ਜੜੀਂ। 12 ਤੂੰ ਇਹ ਦੋਵੇਂ ਪੱਥਰ ਏਫ਼ੋਦ ਦੇ ਮੋਢਿਆਂ ਉੱਤੇ ਲਾ ਦੇਈਂ ਅਤੇ ਇਹ ਪੱਥਰ ਇਜ਼ਰਾਈਲ ਦੇ ਪੁੱਤਰਾਂ ਲਈ ਯਾਦਗਾਰ ਵਜੋਂ ਹੋਣਗੇ।+ ਹਾਰੂਨ ਆਪਣੇ ਦੋਵੇਂ ਮੋਢਿਆਂ ਉੱਤੇ ਉਨ੍ਹਾਂ ਦੇ ਨਾਂ ਯਹੋਵਾਹ ਸਾਮ੍ਹਣੇ ਇਕ ਯਾਦਗਾਰ ਵਜੋਂ ਲੈ ਕੇ ਜਾਵੇ। 13 ਤੂੰ ਸੋਨੇ ਦੇ ਖ਼ਾਨੇ ਬਣਾਈਂ। 14 ਅਤੇ ਖਾਲਸ ਸੋਨੇ ਦੀਆਂ ਤਾਰਾਂ ਵੱਟ ਕੇ ਦੋ ਡੋਰੀਆਂ ਬਣਾਈਂ+ ਅਤੇ ਉਨ੍ਹਾਂ ਨੂੰ ਖ਼ਾਨਿਆਂ ਨਾਲ ਜੋੜ ਦੇਈਂ।+
15 “ਤੂੰ ਕਢਾਈ ਕੱਢਣ ਵਾਲੇ ਕਾਰੀਗਰ ਤੋਂ ਨਿਆਂ ਦਾ ਸੀਨਾਬੰਦ+ ਬਣਵਾਈਂ। ਇਸ ਨੂੰ ਏਫ਼ੋਦ ਵਾਂਗ ਸੋਨੇ ਦੀਆਂ ਤਾਰਾਂ, ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦਾ ਬਣਾਇਆ ਜਾਵੇ।+ 16 ਜਦੋਂ ਇਸ ਨੂੰ ਦੋਹਰਾ ਕੀਤਾ ਜਾਵੇ, ਤਾਂ ਇਹ ਚੌਰਸ ਹੋਵੇ ਅਤੇ ਇਹ ਇਕ ਗਿੱਠ* ਲੰਬਾ ਅਤੇ ਇਕ ਗਿੱਠ ਚੌੜਾ ਹੋਵੇ। 17 ਤੂੰ ਇਸ ਉੱਤੇ ਚਾਰ ਕਤਾਰਾਂ ਵਿਚ ਪੱਥਰ ਜੜੀਂ। ਪਹਿਲੀ ਕਤਾਰ ਵਿਚ ਲਾਲ ਪੱਥਰ, ਪੁਖਰਾਜ ਅਤੇ ਪੰਨਾ, 18 ਦੂਸਰੀ ਕਤਾਰ ਵਿਚ ਫਿਰੋਜ਼ਾ, ਨੀਲਮ ਅਤੇ ਯਸ਼ਬ, 19 ਤੀਸਰੀ ਕਤਾਰ ਵਿਚ ‘ਲੀਸ਼ਮ’ ਪੱਥਰ,* ਅਕੀਕ, ਲਾਜਵਰਦ ਅਤੇ 20 ਚੌਥੀ ਕਤਾਰ ਵਿਚ ਸਬਜ਼ਾ, ਸੁਲੇਮਾਨੀ ਅਤੇ ਹਰਾ ਪੱਥਰ* ਜੜੇ ਜਾਣ। ਉਨ੍ਹਾਂ ਨੂੰ ਸੋਨੇ ਦੇ ਖ਼ਾਨਿਆਂ ਵਿਚ ਜੜਿਆ ਜਾਵੇ। 21 ਇਹ 12 ਪੱਥਰ ਇਜ਼ਰਾਈਲ ਦੇ 12 ਪੁੱਤਰਾਂ ਦੇ ਨਾਵਾਂ ਮੁਤਾਬਕ ਲਾਏ ਜਾਣ ਅਤੇ 12 ਗੋਤਾਂ ਮੁਤਾਬਕ ਹਰ ਪੱਥਰ ਉੱਤੇ ਇਕ ਗੋਤ ਦਾ ਨਾਂ ਉੱਕਰਿਆ ਜਾਵੇ, ਜਿਵੇਂ ਇਕ ਮੁਹਰ ਉੱਤੇ ਉਕਰਾਈ ਕੀਤੀ ਜਾਂਦੀ ਹੈ।
22 “ਤੂੰ ਖਾਲਸ ਸੋਨੇ ਦੀਆਂ ਤਾਰਾਂ ਵੱਟ ਕੇ ਡੋਰੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੀਨੇਬੰਦ ਉੱਤੇ ਲਾ ਦੇਈਂ।+ 23 ਤੂੰ ਸੀਨੇਬੰਦ ਲਈ ਸੋਨੇ ਦੇ ਦੋ ਛੱਲੇ ਬਣਾਈਂ ਅਤੇ ਉਨ੍ਹਾਂ ਛੱਲਿਆਂ ਨੂੰ ਸੀਨੇਬੰਦ ਦੇ ਦੋਵੇਂ ਸਿਰਿਆਂ ʼਤੇ ਲਾ ਦੇਈਂ। 24 ਤੂੰ ਸੀਨੇਬੰਦ ਦੇ ਸਿਰਿਆਂ ʼਤੇ ਲੱਗੇ ਛੱਲਿਆਂ ਵਿਚ ਸੋਨੇ ਦੀਆਂ ਦੋਵੇਂ ਡੋਰੀਆਂ ਪਾਈਂ। 25 ਤੂੰ ਦੋਵੇਂ ਡੋਰੀਆਂ ਦੇ ਦੂਸਰੇ ਸਿਰੇ ਦੋ ਖ਼ਾਨਿਆਂ ਵਿੱਚੋਂ ਦੀ ਲੰਘਾਈਂ ਅਤੇ ਉਨ੍ਹਾਂ ਖ਼ਾਨਿਆਂ ਨੂੰ ਏਫ਼ੋਦ ਦੇ ਮੋਢਿਆਂ ਉੱਤੇ ਸਾਮ੍ਹਣੇ ਪਾਸੇ ਲਾਈਂ। 26 ਤੂੰ ਸੋਨੇ ਦੇ ਦੋ ਛੱਲੇ ਬਣਾਈਂ ਅਤੇ ਉਨ੍ਹਾਂ ਨੂੰ ਸੀਨੇਬੰਦ ਦੇ ਹੇਠਲੇ ਦੋਵੇਂ ਸਿਰਿਆਂ ʼਤੇ ਅੰਦਰਲੇ ਪਾਸੇ ਲਾਈਂ ਜੋ ਏਫ਼ੋਦ ਵੱਲ ਹੈ।+ 27 ਤੂੰ ਸੋਨੇ ਦੇ ਦੋ ਹੋਰ ਛੱਲੇ ਬਣਾਈਂ ਅਤੇ ਉਨ੍ਹਾਂ ਨੂੰ ਉੱਥੇ ਲਾਈਂ ਜਿੱਥੇ ਏਫ਼ੋਦ ʼਤੇ ਬੁਣੀਆਂ ਹੋਈਆਂ ਵੱਧਰੀਆਂ ਲੱਗੀਆਂ ਹਨ ਯਾਨੀ ਏਫ਼ੋਦ ਦੇ ਸਾਮ੍ਹਣੇ ਵਾਲੇ ਪਾਸੇ, ਮੋਢਿਆਂ ਤੋਂ ਹੇਠਾਂ ਅਤੇ ਵੱਧਰੀਆਂ ਤੋਂ ਉੱਪਰ।+ 28 ਸੀਨੇਬੰਦ ਦੇ ਹੇਠਲੇ ਸਿਰੇ ʼਤੇ ਲੱਗੇ ਛੱਲਿਆਂ ਵਿਚ ਨੀਲੀ ਡੋਰੀ ਪਾ ਕੇ ਇਨ੍ਹਾਂ ਨੂੰ ਏਫ਼ੋਦ ʼਤੇ ਲੱਗੇ ਛੱਲਿਆਂ ਨਾਲ ਬੰਨ੍ਹਿਆ ਜਾਵੇ। ਇਸ ਨਾਲ ਸੀਨਾਬੰਦ ਵੱਧਰੀਆਂ ਤੋਂ ਉੱਪਰ ਏਫ਼ੋਦ ਉੱਤੇ ਟਿਕਿਆ ਰਹੇਗਾ।
29 “ਹਾਰੂਨ ਜਦੋਂ ਵੀ ਪਵਿੱਤਰ ਸਥਾਨ ਵਿਚ ਆਵੇ, ਤਾਂ ਉਹ ਹਮੇਸ਼ਾ ਯਹੋਵਾਹ ਸਾਮ੍ਹਣੇ ਇਕ ਯਾਦਗਾਰ ਵਜੋਂ ਆਪਣੇ ਦਿਲ ਉੱਤੇ ਨਿਆਂ ਦਾ ਸੀਨਾਬੰਦ ਪਾ ਕੇ ਆਵੇ ਜਿਸ ਉੱਤੇ ਇਜ਼ਰਾਈਲ ਦੇ ਪੁੱਤਰਾਂ ਦੇ ਨਾਂ ਉੱਕਰੇ ਗਏ ਹਨ। 30 ਤੂੰ ਨਿਆਂ ਦੇ ਸੀਨੇਬੰਦ ਵਿਚ ਊਰੀਮ ਅਤੇ ਤੁੰਮੀਮ*+ ਪਾਈਂ। ਜਦੋਂ ਵੀ ਹਾਰੂਨ ਯਹੋਵਾਹ ਸਾਮ੍ਹਣੇ ਆਵੇ, ਤਾਂ ਊਰੀਮ ਅਤੇ ਤੁੰਮੀਮ ਉਸ ਦੇ ਦਿਲ ਉੱਤੇ ਹੋਣ ਕਿਉਂਕਿ ਇਨ੍ਹਾਂ ਰਾਹੀਂ ਇਜ਼ਰਾਈਲੀਆਂ ਦਾ ਨਿਆਂ ਕੀਤਾ ਜਾਵੇਗਾ। ਉਹ ਹਮੇਸ਼ਾ ਯਹੋਵਾਹ ਸਾਮ੍ਹਣੇ ਇਨ੍ਹਾਂ ਨੂੰ ਆਪਣੇ ਦਿਲ ਉੱਤੇ ਰੱਖੇ।
31 “ਤੂੰ ਏਫ਼ੋਦ ਦੇ ਹੇਠਾਂ ਪਾਉਣ ਲਈ ਇਕ ਬਿਨਾਂ ਬਾਹਾਂ ਵਾਲਾ ਕੁੜਤਾ ਬਣਾਈਂ। ਇਹ ਕੁੜਤਾ ਸਿਰਫ਼ ਨੀਲੇ ਧਾਗੇ ਦਾ ਬਣਾਇਆ ਜਾਵੇ।+ 32 ਕੁੜਤੇ ਦਾ ਗਲ਼ਾ ਰੱਖਿਆ ਜਾਵੇ ਅਤੇ ਜੁਲਾਹਾ ਕੁੜਤੇ ਦੇ ਗਲ਼ੇ ਦੇ ਆਲੇ-ਦੁਆਲੇ ਕਿਨਾਰੀ ਬੁਣੇ। ਇਹ ਕਿਨਾਰੀ ਫ਼ੌਜੀ ਦੀ ਸੰਜੋਅ ਦੇ ਗਲ਼ੇ ਵਰਗੀ ਹੋਵੇ ਤਾਂਕਿ ਇਹ ਫਟੇ ਨਾ। 33 ਤੂੰ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦੇ ਅਨਾਰ ਬਣਾਈਂ ਅਤੇ ਉਨ੍ਹਾਂ ਨੂੰ ਕੁੜਤੇ ਦੇ ਘੇਰੇ ਉੱਤੇ ਲਾਈਂ। ਸੋਨੇ ਦੀਆਂ ਘੰਟੀਆਂ ਬਣਾ ਕੇ ਉਨ੍ਹਾਂ ਨੂੰ ਅਨਾਰਾਂ ਦੇ ਵਿਚਕਾਰ ਲਾਈਂ। 34 ਤੂੰ ਕੁੜਤੇ ਦੇ ਘੇਰੇ ਉੱਤੇ ਸੋਨੇ ਦੀ ਇਕ ਘੰਟੀ ਤੇ ਫਿਰ ਇਕ ਅਨਾਰ ਲਾਈਂ ਅਤੇ ਫਿਰ ਸੋਨੇ ਦੀ ਇਕ ਘੰਟੀ ਤੇ ਅਨਾਰ ਲਾਈਂ। ਤੂੰ ਪੂਰੇ ਘੇਰੇ ਉੱਤੇ ਇਨ੍ਹਾਂ ਨੂੰ ਇਸੇ ਤਰ੍ਹਾਂ ਲਾਈਂ। 35 ਜਦੋਂ ਹਾਰੂਨ ਪਵਿੱਤਰ ਸਥਾਨ ਵਿਚ ਯਹੋਵਾਹ ਸਾਮ੍ਹਣੇ ਅੰਦਰ ਆਵੇਗਾ ਅਤੇ ਬਾਹਰ ਜਾਵੇਗਾ, ਤਾਂ ਘੰਟੀਆਂ ਦੀ ਆਵਾਜ਼ ਸੁਣਾਈ ਦੇਵੇਗੀ। ਉਹ ਸੇਵਾ ਕਰਨ ਵੇਲੇ ਇਹ ਕੁੜਤਾ ਪਾਵੇ ਤਾਂਕਿ ਉਹ ਮਰ ਨਾ ਜਾਵੇ।+
36 “ਤੂੰ ਖਾਲਸ ਸੋਨੇ ਦੀ ਇਕ ਚਮਕਦੀ ਪੱਤਰੀ ਬਣਾਈਂ ਅਤੇ ਉਸ ਉੱਤੇ ਇਹ ਸ਼ਬਦ ਉੱਕਰੀਂ: ‘ਪਵਿੱਤਰਤਾ ਯਹੋਵਾਹ ਦੀ ਹੈ।’ ਇਹ ਸ਼ਬਦ ਇਸ ਤਰ੍ਹਾਂ ਉੱਕਰੇ ਜਾਣ ਜਿਵੇਂ ਇਕ ਮੁਹਰ ਉੱਤੇ ਉੱਕਰੇ ਜਾਂਦੇ ਹਨ।+ 37 ਤੂੰ ਇਸ ਨੂੰ ਪਗੜੀ ਉੱਤੇ ਨੀਲੀ ਡੋਰੀ ਨਾਲ ਬੰਨ੍ਹੀਂ;+ ਇਹ ਹਮੇਸ਼ਾ ਪਗੜੀ ਦੇ ਅਗਲੇ ਪਾਸੇ ਬੰਨ੍ਹੀ ਜਾਵੇ। 38 ਇਹ ਹਮੇਸ਼ਾ ਹਾਰੂਨ ਦੇ ਮੱਥੇ ਉੱਤੇ ਹੋਵੇ। ਜਦੋਂ ਕੋਈ ਉਨ੍ਹਾਂ ਪਵਿੱਤਰ ਚੀਜ਼ਾਂ ਦੇ ਖ਼ਿਲਾਫ਼ ਪਾਪ ਕਰੇ ਜਿਨ੍ਹਾਂ ਨੂੰ ਇਜ਼ਰਾਈਲੀ ਪਵਿੱਤਰ ਭੇਟ ਦੇ ਤੌਰ ਤੇ ਚੜ੍ਹਾਉਂਦੇ ਹਨ, ਤਾਂ ਹਾਰੂਨ ਇਸ ਲਈ ਜ਼ਿੰਮੇਵਾਰ ਹੋਵੇਗਾ।+ ਇਹ ਪੱਤਰੀ ਹਮੇਸ਼ਾ ਹਾਰੂਨ ਦੇ ਮੱਥੇ ਉੱਤੇ ਹੋਣੀ ਚਾਹੀਦੀ ਤਾਂਕਿ ਉਨ੍ਹਾਂ ਨੂੰ ਯਹੋਵਾਹ ਦੀ ਮਨਜ਼ੂਰੀ ਮਿਲੇ।
39 “ਤੂੰ ਵਧੀਆ ਮਲਮਲ ਤੋਂ ਡੱਬੀਆਂ ਵਾਲਾ ਚੋਗਾ ਬੁਣੀਂ, ਵਧੀਆ ਮਲਮਲ ਦੀ ਪਗੜੀ ਬਣਾਈਂ ਅਤੇ ਲੱਕ ਲਈ ਪਟਕਾ ਬੁਣੀਂ।+
40 “ਤੂੰ ਹਾਰੂਨ ਦੇ ਪੁੱਤਰਾਂ ਦੀ ਮਹਿਮਾ ਅਤੇ ਸ਼ਾਨ ਲਈ+ ਚੋਗੇ, ਲੱਕ ਲਈ ਪਟਕੇ ਅਤੇ ਪਗੜੀਆਂ ਬਣਾਈਂ।+ 41 ਤੂੰ ਆਪਣੇ ਭਰਾ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਇਹ ਕੱਪੜੇ ਪਾਈਂ ਅਤੇ ਉਨ੍ਹਾਂ ਦੇ ਸਿਰਾਂ ʼਤੇ ਤੇਲ ਪਾ ਕੇ+ ਉਨ੍ਹਾਂ ਨੂੰ ਪਵਿੱਤਰ ਕਰੀਂ ਅਤੇ ਮੇਰੇ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਨਿਯੁਕਤ ਕਰੀਂ।*+ 42 ਤੂੰ ਉਨ੍ਹਾਂ ਲਈ ਮਲਮਲ ਦੇ ਕਛਹਿਰੇ ਵੀ ਬਣਾਈਂ ਜਿਨ੍ਹਾਂ ਨਾਲ ਉਹ ਆਪਣਾ ਨੰਗੇਜ਼ ਢਕਣ।+ ਇਹ ਲੱਕ ਤੋਂ ਲੈ ਕੇ ਪੱਟਾਂ ਤਕ ਹੋਣ। 43 ਜਦੋਂ ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਵਿਚ ਆਉਣ ਜਾਂ ਜਦੋਂ ਉਹ ਪਵਿੱਤਰ ਸਥਾਨ ਵਿਚ ਵੇਦੀ ਕੋਲ ਸੇਵਾ ਕਰਨ, ਤਾਂ ਉਨ੍ਹਾਂ ਨੇ ਕਛਹਿਰੇ ਪਾਏ ਹੋਣ ਤਾਂਕਿ ਉਹ ਦੋਸ਼ੀ ਨਾ ਠਹਿਰਨ ਅਤੇ ਮਰ ਨਾ ਜਾਣ। ਉਸ ਨੇ ਅਤੇ ਉਸ ਤੋਂ ਬਾਅਦ ਉਸ ਦੀ ਸੰਤਾਨ* ਨੇ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ ਹੈ।