ਕੂਚ
27 “ਤੂੰ ਕਿੱਕਰ ਦੀ ਲੱਕੜ ਦੀ ਵੇਦੀ ਬਣਾਈਂ;+ ਇਹ ਪੰਜ ਹੱਥ* ਲੰਬੀ ਅਤੇ ਪੰਜ ਹੱਥ ਚੌੜੀ ਹੋਵੇ। ਇਹ ਚੌਰਸ ਹੋਵੇ ਅਤੇ ਇਹ ਤਿੰਨ ਹੱਥ ਉੱਚੀ ਹੋਵੇ।+ 2 ਤੂੰ ਇਸ ਦੇ ਚਾਰਾਂ ਕੋਨਿਆਂ ʼਤੇ ਸਿੰਗ+ ਬਣਾਈਂ। ਇਹ ਸਿੰਗ ਵੇਦੀ ਦੇ ਕੋਨਿਆਂ ਨੂੰ ਘੜ ਕੇ ਬਣਾਏ ਜਾਣ। ਤੂੰ ਵੇਦੀ ਨੂੰ ਤਾਂਬੇ ਨਾਲ ਮੜ੍ਹੀਂ।+ 3 ਤੂੰ ਵੇਦੀ ਤੋਂ ਸੁਆਹ* ਚੁੱਕਣ ਲਈ ਬਾਲਟੀਆਂ ਬਣਾਈਂ। ਨਾਲੇ ਬੇਲਚੇ, ਕਟੋਰੇ, ਕਾਂਟੇ ਅਤੇ ਅੱਗ ਚੁੱਕਣ ਵਾਲੇ ਕੜਛੇ ਵੀ ਬਣਾਈਂ। ਤੂੰ ਇਹ ਸਾਰੇ ਭਾਂਡੇ ਤਾਂਬੇ ਦੇ ਬਣਾਈਂ।+ 4 ਤੂੰ ਵੇਦੀ ਲਈ ਤਾਂਬੇ ਦੀ ਜਾਲ਼ੀ ਵੀ ਬਣਾਈਂ ਅਤੇ ਜਾਲ਼ੀ ਦੇ ਚਾਰੇ ਕੋਨਿਆਂ ਉੱਤੇ ਤਾਂਬੇ ਦੇ ਚਾਰ ਛੱਲੇ ਲਾਈਂ। 5 ਤੂੰ ਵੇਦੀ ਦੇ ਉੱਪਰਲੇ ਸਿਰੇ ਤੋਂ ਥੱਲੇ ਨੂੰ ਤਕਰੀਬਨ ਅੱਧ ਵਿਚ ਇਹ ਜਾਲ਼ੀ ਲਾਈਂ। 6 ਤੂੰ ਵੇਦੀ ਲਈ ਕਿੱਕਰ ਦੀ ਲੱਕੜ ਦੇ ਡੰਡੇ ਬਣਾ ਕੇ ਇਨ੍ਹਾਂ ਨੂੰ ਤਾਂਬੇ ਨਾਲ ਮੜ੍ਹੀਂ। 7 ਇਹ ਡੰਡੇ ਛੱਲਿਆਂ ਵਿਚ ਪਾਈਂ ਤਾਂਕਿ ਇਨ੍ਹਾਂ ਨਾਲ ਵੇਦੀ ਨੂੰ ਦੋਵੇਂ ਪਾਸਿਆਂ ਤੋਂ ਚੁੱਕਿਆ ਜਾ ਸਕੇ।+ 8 ਤੂੰ ਫੱਟਿਆਂ ਦੀ ਵੇਦੀ ਬਣਾਈਂ ਜੋ ਇਕ ਬਕਸੇ ਵਰਗੀ ਹੋਵੇ ਅਤੇ ਇਸ ਦਾ ਨਾ ਢੱਕਣ ਤੇ ਨਾ ਹੀ ਥੱਲਾ ਹੋਵੇ। ਤੂੰ ਵੇਦੀ ਉਸੇ ਤਰ੍ਹਾਂ ਦੀ ਬਣਾਈਂ ਜਿਸ ਤਰ੍ਹਾਂ ਦੀ ਤੈਨੂੰ ਪਹਾੜ ʼਤੇ ਦਿਖਾਈ ਗਈ ਸੀ।+
9 “ਤੂੰ ਡੇਰੇ ਲਈ ਵਿਹੜਾ ਵੀ ਬਣਾਈਂ।+ ਵਿਹੜੇ ਦੇ ਦੱਖਣ ਵਾਲੇ ਪਾਸੇ ਦੀ ਵਾੜ 100 ਹੱਥ ਲੰਬੀ ਹੋਵੇ ਅਤੇ ਇਸ ਲਈ ਕੱਤੇ ਹੋਏ ਵਧੀਆ ਮਲਮਲ ਦੇ ਪਰਦੇ ਬਣਾਈਂ।+ 10 ਵਾੜ ਲਈ ਤਾਂਬੇ ਦੇ 20 ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ 20 ਚੌਂਕੀਆਂ ਬਣਾਈਂ। ਥੰਮ੍ਹਾਂ ਲਈ ਚਾਂਦੀ ਦੀਆਂ ਕੁੰਡੀਆਂ ਅਤੇ ਛੱਲੇ ਬਣਾਈਂ। 11 ਵਿਹੜੇ ਦੇ ਉੱਤਰ ਵਾਲੇ ਪਾਸੇ ਦੀ ਵਾੜ ਵੀ 100 ਹੱਥ ਲੰਬੀ ਹੋਵੇ ਅਤੇ ਇਸ ਲਈ ਵੀ ਪਰਦੇ, 20 ਥੰਮ੍ਹ ਅਤੇ ਤਾਂਬੇ ਦੀਆਂ ਸੁਰਾਖ਼ਾਂ ਵਾਲੀਆਂ 20 ਚੌਂਕੀਆਂ ਅਤੇ ਥੰਮ੍ਹਾਂ ਲਈ ਚਾਂਦੀ ਦੀਆਂ ਕੁੰਡੀਆਂ ਅਤੇ ਛੱਲੇ ਬਣਾਈਂ। 12 ਵਿਹੜੇ ਦੇ ਪੱਛਮ ਵਾਲੇ ਪਾਸੇ ਦੀ ਵਾੜ 50 ਹੱਥ ਲੰਬੀ ਹੋਵੇ ਅਤੇ ਇਸ ਦੇ ਲਈ ਪਰਦੇ, ਦਸ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਦਸ ਚੌਂਕੀਆਂ ਬਣਾਈਂ। 13 ਵਿਹੜੇ ਦੇ ਪੂਰਬ ਵਾਲੇ ਪਾਸੇ ਯਾਨੀ ਸੂਰਜ ਦੇ ਚੜ੍ਹਦੇ ਪਾਸੇ ਵੱਲ ਵਾੜ 50 ਹੱਥ ਲੰਬੀ ਹੋਵੇ। 14 ਵਿਹੜੇ ਦੇ ਦਰਵਾਜ਼ੇ ਦੇ ਸੱਜੇ ਪਾਸੇ ਦੀ ਵਾੜ 15 ਹੱਥ ਲੰਬੀ ਹੋਵੇ ਅਤੇ ਇਸ ਲਈ ਤਿੰਨ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਤਿੰਨ ਚੌਂਕੀਆਂ ਹੋਣ।+ 15 ਅਤੇ ਖੱਬੇ ਪਾਸੇ ਦੀ ਵਾੜ ਵੀ 15 ਹੱਥ ਲੰਬੀ ਹੋਵੇ ਅਤੇ ਇਸ ਲਈ ਤਿੰਨ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਤਿੰਨ ਚੌਂਕੀਆਂ ਹੋਣ।
16 “ਵਿਹੜੇ ਦੇ ਦਰਵਾਜ਼ੇ ਲਈ ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦਾ 20 ਹੱਥ ਲੰਬਾ ਪਰਦਾ ਬੁਣਿਆ ਜਾਵੇ+ ਅਤੇ ਇਸ ਲਈ ਚਾਰ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਚਾਰ ਚੌਂਕੀਆਂ ਵੀ ਬਣਾਈਆਂ ਜਾਣ।+ 17 ਵਿਹੜੇ ਦੇ ਸਾਰੇ ਥੰਮ੍ਹਾਂ ʼਤੇ ਚਾਂਦੀ ਦੇ ਛੱਲੇ ਅਤੇ ਕੁੰਡੀਆਂ ਲਾਈਆਂ ਜਾਣ, ਪਰ ਸੁਰਾਖ਼ਾਂ ਵਾਲੀਆਂ ਚੌਂਕੀਆਂ ਤਾਂਬੇ ਦੀਆਂ ਹੋਣ।+ 18 ਵਿਹੜੇ ਦੀ ਲੰਬਾਈ 100 ਹੱਥ,+ ਚੁੜਾਈ 50 ਹੱਥ ਅਤੇ ਇਸ ਦੀ ਵਾੜ ਦੀ ਉਚਾਈ 5 ਹੱਥ ਹੋਵੇ। ਇਹ ਕੱਤੇ ਹੋਏ ਵਧੀਆ ਮਲਮਲ ਦੀ ਬਣਾਈ ਜਾਵੇ ਅਤੇ ਇਸ ਲਈ ਤਾਂਬੇ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ ਬਣਾਈਆਂ ਜਾਣ। 19 ਡੇਰੇ ਵਿਚ ਸੇਵਾ ਲਈ ਵਰਤੇ ਜਾਣ ਵਾਲੇ ਸਾਰੇ ਭਾਂਡੇ ਅਤੇ ਹੋਰ ਚੀਜ਼ਾਂ, ਨਾਲੇ ਤੰਬੂ ਅਤੇ ਵਿਹੜੇ ਦੀਆਂ ਸਾਰੀਆਂ ਕਿੱਲੀਆਂ ਤਾਂਬੇ ਦੀਆਂ ਬਣਾਈਆਂ ਜਾਣ।+
20 “ਤੂੰ ਇਜ਼ਰਾਈਲੀਆਂ ਨੂੰ ਹੁਕਮ ਦੇ ਕਿ ਉਹ ਤੈਨੂੰ ਦੀਵਿਆਂ ਵਾਸਤੇ ਜ਼ੈਤੂਨ ਦਾ ਸ਼ੁੱਧ ਤੇਲ ਦੇਣ ਤਾਂਕਿ ਦੀਵੇ ਲਗਾਤਾਰ ਬਲ਼ਦੇ ਰਹਿਣ।+ 21 ਹਾਰੂਨ ਅਤੇ ਉਸ ਦੇ ਪੁੱਤਰ ਪ੍ਰਬੰਧ ਕਰਨ ਕਿ ਮੰਡਲੀ ਦੇ ਤੰਬੂ ਵਿਚ ਗਵਾਹੀ ਦੇ ਸੰਦੂਕ ਦੇ ਲਾਗੇ ਟੰਗੇ ਪਰਦੇ ਦੇ ਬਾਹਰ+ ਯਹੋਵਾਹ ਸਾਮ੍ਹਣੇ ਸ਼ਾਮ ਤੋਂ ਲੈ ਕੇ ਸਵੇਰ ਤਕ ਦੀਵੇ ਜਗਦੇ ਰਹਿਣ।+ ਇਜ਼ਰਾਈਲੀਆਂ ਨੇ ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ ਹੈ।+