ਬਿਵਸਥਾ ਸਾਰ
26 “ਤੇਰਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੈਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ, ਜਦੋਂ ਤੂੰ ਉਸ ਵਿਚ ਜਾਵੇਂਗਾ ਅਤੇ ਉਸ ʼਤੇ ਕਬਜ਼ਾ ਕਰ ਕੇ ਰਹਿਣ ਲੱਗ ਪਵੇਂਗਾ 2 ਅਤੇ ਉਸ ਦੇਸ਼ ਵਿਚ ਆਪਣੀ ਜ਼ਮੀਨ ਦੀ ਪੈਦਾਵਾਰ* ਇਕੱਠੀ ਕਰੇਂਗਾ ਜੋ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਦੇਣ ਜਾ ਰਿਹਾ ਹੈ, ਤਾਂ ਤੂੰ ਸਾਰੀ ਪੈਦਾਵਾਰ ਦੇ ਪਹਿਲੇ ਫਲਾਂ ਵਿੱਚੋਂ ਕੁਝ ਲੈ ਕੇ ਇਕ ਟੋਕਰੀ ਵਿਚ ਪਾਈਂ ਅਤੇ ਉਸ ਜਗ੍ਹਾ ਲਿਜਾਈਂ ਜੋ ਜਗ੍ਹਾ ਤੇਰਾ ਪਰਮੇਸ਼ੁਰ ਯਹੋਵਾਹ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ।+ 3 ਤੂੰ ਉਸ ਵੇਲੇ ਸੇਵਾ ਕਰ ਰਹੇ ਪੁਜਾਰੀ ਕੋਲ ਜਾਈਂ ਅਤੇ ਉਸ ਨੂੰ ਕਹੀਂ, ‘ਅੱਜ ਮੈਂ ਤੇਰੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਐਲਾਨ ਕਰ ਰਿਹਾ ਹਾਂ ਕਿ ਮੈਂ ਇਸ ਦੇਸ਼ ਵਿਚ ਪਹੁੰਚ ਗਿਆ ਹਾਂ ਜੋ ਦੇਸ਼ ਸਾਨੂੰ ਦੇਣ ਦੀ ਯਹੋਵਾਹ ਨੇ ਸਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।’+
4 “ਫਿਰ ਪੁਜਾਰੀ ਤੇਰੇ ਹੱਥੋਂ ਟੋਕਰੀ ਲੈ ਕੇ ਤੇਰੇ ਪਰਮੇਸ਼ੁਰ ਯਹੋਵਾਹ ਦੀ ਵੇਦੀ ਦੇ ਸਾਮ੍ਹਣੇ ਰੱਖੇਗਾ। 5 ਫਿਰ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਇਹ ਐਲਾਨ ਕਰੀਂ, ‘ਮੇਰਾ ਪਿਤਾ ਅਰਾਮੀ+ ਸੀ ਅਤੇ ਉਹ ਜਗ੍ਹਾ-ਜਗ੍ਹਾ ਪਰਦੇਸੀਆਂ ਵਾਂਗ ਰਿਹਾ। ਫਿਰ ਉਹ ਆਪਣੇ ਘਰਾਣੇ ਸਮੇਤ ਮਿਸਰ ਗਿਆ+ ਅਤੇ ਉੱਥੇ ਉਸ ਨੇ ਪਰਦੇਸੀਆਂ ਵਾਂਗ ਜ਼ਿੰਦਗੀ ਗੁਜ਼ਾਰੀ। ਭਾਵੇਂ ਉਸ ਵੇਲੇ ਉਸ ਦਾ ਘਰਾਣਾ ਛੋਟਾ ਸੀ,+ ਪਰ ਬਾਅਦ ਵਿਚ ਉੱਥੇ ਉਸ ਤੋਂ ਇਕ ਵੱਡੀ ਤੇ ਸ਼ਕਤੀਸ਼ਾਲੀ ਕੌਮ ਬਣੀ ਜਿਸ ਦੀ ਗਿਣਤੀ ਬਹੁਤ ਜ਼ਿਆਦਾ ਸੀ।+ 6 ਮਿਸਰੀਆਂ ਨੇ ਸਾਡੇ ਨਾਲ ਬੁਰਾ ਸਲੂਕ ਕੀਤਾ ਅਤੇ ਸਾਡੇ ʼਤੇ ਜ਼ੁਲਮ ਢਾਹੇ ਅਤੇ ਸਾਡੇ ਤੋਂ ਬੇਰਹਿਮੀ ਨਾਲ ਗ਼ੁਲਾਮੀ ਕਰਵਾਈ।+ 7 ਇਸ ਲਈ ਅਸੀਂ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਅੱਗੇ ਦੁਹਾਈ ਦੇਣ ਲੱਗੇ ਅਤੇ ਯਹੋਵਾਹ ਨੇ ਸਾਡੀ ਪੁਕਾਰ ਸੁਣੀ ਅਤੇ ਉਸ ਨੇ ਸਾਡੇ ਕਸ਼ਟਾਂ, ਸਾਡੀਆਂ ਮੁਸੀਬਤਾਂ ਅਤੇ ਸਾਡੇ ʼਤੇ ਹੁੰਦੇ ਜ਼ੁਲਮਾਂ ਨੂੰ ਦੇਖਿਆ।+ 8 ਅਖ਼ੀਰ ਯਹੋਵਾਹ ਨੇ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ*+ ਨਾਲ ਕਰਾਮਾਤਾਂ, ਚਮਤਕਾਰ ਅਤੇ ਦਿਲ ਦਹਿਲਾਉਣ ਵਾਲੇ ਕੰਮ ਕਰ ਕੇ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਂਦਾ।+ 9 ਫਿਰ ਉਹ ਸਾਨੂੰ ਇਸ ਜਗ੍ਹਾ ਲੈ ਆਇਆ ਅਤੇ ਇਹ ਦੇਸ਼ ਸਾਨੂੰ ਦਿੱਤਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ 10 ਹੁਣ ਮੈਂ ਆਪਣੀ ਜ਼ਮੀਨ ਦੀ ਪੈਦਾਵਾਰ ਦੇ ਪਹਿਲੇ ਫਲ ਲਿਆਇਆ ਹਾਂ ਜੋ ਯਹੋਵਾਹ ਨੇ ਮੈਨੂੰ ਦਿੱਤੀ ਹੈ।’+
“ਤੂੰ ਇਹ ਪਹਿਲੇ ਫਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਰੱਖੀਂ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਮੱਥਾ ਟੇਕੀਂ। 11 ਫਿਰ ਤੂੰ ਉਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਕਾਰਨ ਖ਼ੁਸ਼ੀ ਮਨਾਈਂ ਜੋ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਅਤੇ ਤੇਰੇ ਘਰਾਣੇ ਨੂੰ ਦਿੱਤੀਆਂ ਹਨ। ਤੇਰੇ ਨਾਲ ਲੇਵੀ ਅਤੇ ਪਰਦੇਸੀ ਵੀ ਖ਼ੁਸ਼ੀਆਂ ਮਨਾਉਣ ਜੋ ਤੁਹਾਡੇ ਵਿਚ ਰਹਿੰਦੇ ਹਨ।+
12 “ਜਦੋਂ ਤੂੰ ਤੀਜੇ ਸਾਲ ਜੋ ਕਿ ਦਸਵਾਂ ਹਿੱਸਾ ਦੇਣ ਦਾ ਸਾਲ ਹੈ, ਆਪਣੀ ਪੈਦਾਵਾਰ ਦਾ ਪੂਰਾ ਦਸਵਾਂ ਹਿੱਸਾ ਅਲੱਗ ਕਰੇਂ,+ ਤਾਂ ਤੂੰ ਇਹ ਹਿੱਸਾ ਲੇਵੀਆਂ, ਪਰਦੇਸੀਆਂ, ਯਤੀਮਾਂ* ਤੇ ਵਿਧਵਾਵਾਂ ਨੂੰ ਦੇਈਂ ਤਾਂਕਿ ਉਹ ਤੇਰੇ ਸ਼ਹਿਰਾਂ* ਵਿਚ ਰੱਜ ਕੇ ਖਾਣ।+ 13 ਫਿਰ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਇਹ ਕਹੀਂ, ‘ਮੈਂ ਆਪਣੇ ਘਰੋਂ ਇਹ ਪਵਿੱਤਰ ਹਿੱਸਾ ਲੈ ਕੇ ਲੇਵੀਆਂ, ਪਰਦੇਸੀਆਂ, ਯਤੀਮਾਂ ਤੇ ਵਿਧਵਾਵਾਂ ਨੂੰ ਦੇ ਦਿੱਤਾ ਹੈ,+ ਠੀਕ ਜਿਵੇਂ ਤੂੰ ਮੈਨੂੰ ਹੁਕਮ ਦਿੱਤਾ ਹੈ। ਮੈਂ ਤੇਰੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ ਅਤੇ ਨਾ ਹੀ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। 14 ਮੈਂ ਸੋਗ ਮਨਾਉਂਦੇ ਵੇਲੇ ਇਸ ਹਿੱਸੇ ਵਿੱਚੋਂ ਨਹੀਂ ਖਾਧਾ ਅਤੇ ਨਾ ਹੀ ਮੈਂ ਅਸ਼ੁੱਧ ਹਾਲਤ ਵਿਚ ਇਸ ਹਿੱਸੇ ਨੂੰ ਹੱਥ ਲਾਇਆ ਹੈ ਅਤੇ ਨਾ ਹੀ ਕਿਸੇ ਮਰੇ ਹੋਏ ਲਈ ਵਰਤਿਆ ਹੈ। ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੈਂ ਤੇਰੀ ਗੱਲ ਸੁਣੀ ਹੈ ਅਤੇ ਤੂੰ ਮੈਨੂੰ ਜੋ ਹੁਕਮ ਦਿੱਤੇ ਹਨ, ਮੈਂ ਉਨ੍ਹਾਂ ਦੀ ਪਾਲਣਾ ਕੀਤੀ ਹੈ। 15 ਹੁਣ ਆਪਣੇ ਪਵਿੱਤਰ ਨਿਵਾਸ-ਸਥਾਨ ਯਾਨੀ ਸਵਰਗ ਤੋਂ ਦੇਖ ਅਤੇ ਸਾਡੇ ਪਿਉ-ਦਾਦਿਆਂ ਨਾਲ ਖਾਧੀ ਸਹੁੰ ਮੁਤਾਬਕ ਆਪਣੀ ਪਰਜਾ ਇਜ਼ਰਾਈਲ ਅਤੇ ਉਸ ਦੇਸ਼ ਨੂੰ ਬਰਕਤ ਦੇ ਜੋ ਤੂੰ ਸਾਨੂੰ ਦਿੱਤਾ ਹੈ+ ਅਤੇ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।’+
16 “ਅੱਜ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਇਨ੍ਹਾਂ ਸਾਰੇ ਨਿਯਮਾਂ ਅਤੇ ਕਾਨੂੰਨਾਂ ਨੂੰ ਮੰਨਣ ਦਾ ਹੁਕਮ ਦੇ ਰਿਹਾ ਹੈ। ਤੁਸੀਂ ਜ਼ਰੂਰ ਇਨ੍ਹਾਂ ਦੀ ਪਾਲਣਾ ਕਰਿਓ ਅਤੇ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਇਨ੍ਹਾਂ ਮੁਤਾਬਕ ਚੱਲਿਓ।+ 17 ਅੱਜ ਤੁਸੀਂ ਯਹੋਵਾਹ ਦਾ ਇਹ ਐਲਾਨ ਸੁਣਿਆ ਹੈ ਕਿ ਉਹ ਤੁਹਾਡਾ ਪਰਮੇਸ਼ੁਰ ਹੋਵੇਗਾ ਅਤੇ ਤੁਸੀਂ ਉਸ ਦੇ ਰਾਹਾਂ ʼਤੇ ਚੱਲਿਓ ਅਤੇ ਉਸ ਦੇ ਨਿਯਮਾਂ,+ ਹੁਕਮਾਂ+ ਅਤੇ ਕਾਨੂੰਨਾਂ+ ਦੀ ਪਾਲਣਾ ਕਰਿਓ ਅਤੇ ਉਸ ਦੀ ਗੱਲ ਸੁਣਿਓ। 18 ਅਤੇ ਅੱਜ ਤੁਸੀਂ ਯਹੋਵਾਹ ਸਾਮ੍ਹਣੇ ਐਲਾਨ ਕੀਤਾ ਹੈ ਕਿ ਤੁਸੀਂ ਉਸ ਦੇ ਵਾਅਦੇ ਮੁਤਾਬਕ ਉਸ ਦੇ ਲੋਕ, ਹਾਂ, ਖ਼ਾਸ ਲੋਕ* ਬਣੋਗੇ+ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ 19 ਅਤੇ ਜਦੋਂ ਤੁਸੀਂ ਖ਼ੁਦ ਨੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਵਿੱਤਰ ਲੋਕ ਸਾਬਤ ਕਰੋਗੇ, ਤਾਂ ਉਹ ਆਪਣੇ ਵਾਅਦੇ ਮੁਤਾਬਕ ਤੁਹਾਨੂੰ ਬਾਕੀ ਸਾਰੀਆਂ ਕੌਮਾਂ ਨਾਲੋਂ ਉੱਚਾ ਕਰੇਗਾ ਜਿਨ੍ਹਾਂ ਨੂੰ ਉਸ ਨੇ ਬਣਾਇਆ ਹੈ ਅਤੇ ਉਹ ਤੁਹਾਨੂੰ ਸ਼ਾਨੋ-ਸ਼ੌਕਤ, ਵਡਿਆਈ ਅਤੇ ਇੱਜ਼ਤ-ਮਾਣ ਬਖ਼ਸ਼ੇਗਾ।”+