ਪਹਿਲਾ ਸਮੂਏਲ
19 ਬਾਅਦ ਵਿਚ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਆਪਣੇ ਸਾਰੇ ਸੇਵਕਾਂ ਨਾਲ ਦਾਊਦ ਨੂੰ ਜਾਨੋਂ ਮਾਰਨ ਦੀ ਗੱਲ ਕੀਤੀ।+ 2 ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਦਾਊਦ ਨਾਲ ਬਹੁਤ ਲਗਾਅ ਸੀ,+ ਇਸ ਲਈ ਯੋਨਾਥਾਨ ਨੇ ਦਾਊਦ ਨੂੰ ਦੱਸਿਆ: “ਮੇਰਾ ਪਿਤਾ ਸ਼ਾਊਲ ਤੈਨੂੰ ਜਾਨੋਂ ਮਾਰਨਾ ਚਾਹੁੰਦਾ ਹੈ। ਕੱਲ੍ਹ ਸਵੇਰੇ ਚੁਕੰਨਾ ਰਹੀਂ ਤੇ ਕਿਤੇ ਜਾ ਕੇ ਲੁਕ ਜਾਈਂ ਤੇ ਉੱਥੇ ਹੀ ਰਹੀਂ। 3 ਮੈਂ ਆਪਣੇ ਪਿਤਾ ਨਾਲ ਉਸ ਮੈਦਾਨ ਵਿਚ ਜਾਵਾਂਗਾ ਜਿੱਥੇ ਤੂੰ ਹੋਵੇਂਗਾ। ਮੈਂ ਉਸ ਨਾਲ ਤੇਰੇ ਬਾਰੇ ਗੱਲ ਕਰਾਂਗਾ ਤੇ ਜੇ ਮੈਨੂੰ ਕੁਝ ਪਤਾ ਲੱਗਾ, ਤਾਂ ਮੈਂ ਤੈਨੂੰ ਜ਼ਰੂਰ ਦੱਸਾਂਗਾ।”+
4 ਇਸ ਲਈ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਅੱਗੇ ਦਾਊਦ ਦੀ ਤਾਰੀਫ਼ ਕੀਤੀ।+ ਉਸ ਨੇ ਉਸ ਨੂੰ ਕਿਹਾ: “ਰਾਜਾ ਆਪਣੇ ਸੇਵਕ ਦਾਊਦ ਖ਼ਿਲਾਫ਼ ਪਾਪ ਨਾ ਕਰੇ ਕਿਉਂਕਿ ਉਸ ਨੇ ਤੇਰੇ ਖ਼ਿਲਾਫ਼ ਕੋਈ ਪਾਪ ਨਹੀਂ ਕੀਤਾ, ਸਗੋਂ ਉਸ ਨੇ ਹਮੇਸ਼ਾ ਤੇਰੇ ਫ਼ਾਇਦੇ ਲਈ ਹੀ ਕੰਮ ਕੀਤਾ ਹੈ। 5 ਉਸ ਨੇ ਫਲਿਸਤੀ ਨੂੰ ਮਾਰਨ ਲਈ ਆਪਣੀ ਜਾਨ ਖ਼ਤਰੇ ਵਿਚ ਪਾਈ*+ ਜਿਸ ਕਰਕੇ ਯਹੋਵਾਹ ਨੇ ਸਾਰੇ ਇਜ਼ਰਾਈਲ ਨੂੰ ਵੱਡੀ ਜਿੱਤ ਦਿਵਾਈ।* ਤੂੰ ਇਹ ਆਪਣੀ ਅੱਖੀਂ ਦੇਖਿਆ ਸੀ ਤੇ ਬਹੁਤ ਖ਼ੁਸ਼ ਹੋਇਆ ਸੀ। ਤਾਂ ਫਿਰ, ਤੂੰ ਕਿਉਂ ਬਿਨਾਂ ਵਜ੍ਹਾ ਦਾਊਦ ਨੂੰ ਜਾਨੋਂ ਮਾਰਨਾ ਚਾਹੁੰਦਾ ਹੈਂ ਤੇ ਕਿਉਂ ਉਸ ਬੇਕਸੂਰ ਦਾ ਖ਼ੂਨ ਵਹਾ ਕੇ ਪਾਪ ਕਰਨਾ ਚਾਹੁੰਦਾ ਹੈਂ?”+ 6 ਸ਼ਾਊਲ ਨੇ ਯੋਨਾਥਾਨ ਦੀ ਗੱਲ ਸੁਣੀ ਤੇ ਸ਼ਾਊਲ ਨੇ ਸਹੁੰ ਖਾਧੀ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਉਸ ਨੂੰ ਮਾਰਿਆ ਨਹੀਂ ਜਾਵੇਗਾ।” 7 ਇਸ ਤੋਂ ਬਾਅਦ ਯੋਨਾਥਾਨ ਨੇ ਦਾਊਦ ਨੂੰ ਬੁਲਾ ਕੇ ਇਹ ਸਾਰੀਆਂ ਗੱਲਾਂ ਦੱਸੀਆਂ। ਫਿਰ ਯੋਨਾਥਾਨ ਦਾਊਦ ਨੂੰ ਸ਼ਾਊਲ ਕੋਲ ਲਿਆਇਆ ਤੇ ਉਹ ਪਹਿਲਾਂ ਵਾਂਗ ਉਸ ਦੀ ਸੇਵਾ ਕਰਦਾ ਰਿਹਾ।+
8 ਕੁਝ ਸਮੇਂ ਬਾਅਦ ਦੁਬਾਰਾ ਲੜਾਈ ਲੱਗ ਗਈ ਅਤੇ ਦਾਊਦ ਫਲਿਸਤੀਆਂ ਨਾਲ ਲੜਨ ਗਿਆ ਤੇ ਉਸ ਨੇ ਬਹੁਤ ਸਾਰਿਆਂ ਨੂੰ ਵੱਢ ਸੁੱਟਿਆ ਤੇ ਉਹ ਉਸ ਅੱਗੋਂ ਭੱਜ ਗਏ।
9 ਫਿਰ ਇਵੇਂ ਹੋਇਆ ਕਿ ਸ਼ਾਊਲ ਹੱਥ ਵਿਚ ਬਰਛਾ ਫੜੀ ਆਪਣੇ ਘਰ ਬੈਠਾ ਹੋਇਆ ਸੀ+ ਅਤੇ ਯਹੋਵਾਹ ਨੇ ਸ਼ਾਊਲ ਦੀ ਬੁਰੀ ਸੋਚ ਨੂੰ ਉਸ ਉੱਤੇ ਹਾਵੀ ਹੋਣ ਦਿੱਤਾ। ਉਦੋਂ ਦਾਊਦ ਰਬਾਬ ਉੱਤੇ ਸੰਗੀਤ ਵਜਾ ਰਿਹਾ ਸੀ।+ 10 ਸ਼ਾਊਲ ਨੇ ਬਰਛੇ ਨਾਲ ਦਾਊਦ ਨੂੰ ਕੰਧ ਨਾਲ ਵਿੰਨ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਕ ਪਾਸੇ ਨੂੰ ਹੋ ਗਿਆ ਤੇ ਬਰਛਾ ਕੰਧ ਵਿਚ ਖੁੱਭ ਗਿਆ। ਉਸ ਰਾਤ ਦਾਊਦ ਨੇ ਭੱਜ ਕੇ ਆਪਣੀ ਜਾਨ ਬਚਾਈ। 11 ਬਾਅਦ ਵਿਚ ਸ਼ਾਊਲ ਨੇ ਸੰਦੇਸ਼ ਦੇਣ ਵਾਲਿਆਂ ਨੂੰ ਦਾਊਦ ਦੇ ਘਰ ਘੱਲਿਆ ਤਾਂਕਿ ਉਹ ਉਸ ʼਤੇ ਨਜ਼ਰ ਰੱਖਣ ਅਤੇ ਸਵੇਰੇ ਉਸ ਨੂੰ ਮਾਰ ਦੇਣ,+ ਪਰ ਦਾਊਦ ਦੀ ਪਤਨੀ ਮੀਕਲ ਨੇ ਉਸ ਨੂੰ ਦੱਸਿਆ: “ਜੇ ਤੂੰ ਅੱਜ ਰਾਤ ਨਾ ਭੱਜਿਆ, ਤਾਂ ਕੱਲ੍ਹ ਨੂੰ ਤੂੰ ਜੀਉਂਦਾ ਨਹੀਂ ਬਚਣਾ।” 12 ਮੀਕਲ ਨੇ ਤੁਰੰਤ ਦਾਊਦ ਨੂੰ ਖਿੜਕੀ ਰਾਹੀਂ ਹੇਠਾਂ ਉਤਾਰ ਦਿੱਤਾ ਤਾਂਕਿ ਉਹ ਭੱਜ ਕੇ ਬਚ ਜਾਵੇ। 13 ਫਿਰ ਮੀਕਲ ਨੇ ਬੁੱਤ* ਲਿਆ ਤੇ ਉਸ ਨੂੰ ਪਲੰਘ ʼਤੇ ਲੰਮਾ ਪਾ ਦਿੱਤਾ ਅਤੇ ਉਸ ਨੇ ਬੱਕਰੀ ਦੇ ਵਾਲ਼ਾਂ ਦੀ ਬਣੀ ਜਾਲ਼ੀ ਉਸ ਦੇ ਸਰ੍ਹਾਣੇ ਰੱਖ ਦਿੱਤੀ ਤੇ ਉਸ ਨੂੰ ਕੱਪੜੇ ਨਾਲ ਢਕ ਦਿੱਤਾ।
14 ਫਿਰ ਸ਼ਾਊਲ ਨੇ ਦਾਊਦ ਨੂੰ ਫੜਨ ਲਈ ਬੰਦਿਆਂ ਨੂੰ ਘੱਲਿਆ, ਪਰ ਮੀਕਲ ਨੇ ਕਿਹਾ: “ਉਹ ਬੀਮਾਰ ਹੈ।” 15 ਇਸ ਲਈ ਸ਼ਾਊਲ ਨੇ ਬੰਦਿਆਂ ਨੂੰ ਘੱਲਿਆ ਕਿ ਉਹ ਦਾਊਦ ਨੂੰ ਜਾ ਕੇ ਦੇਖਣ ਤੇ ਉਨ੍ਹਾਂ ਨੂੰ ਇਹ ਵੀ ਕਿਹਾ: “ਉਸ ਨੂੰ ਪਲੰਘ ਸਣੇ ਮੇਰੇ ਕੋਲ ਲੈ ਆਓ ਤਾਂਕਿ ਉਸ ਨੂੰ ਜਾਨੋਂ ਮਾਰਿਆ ਜਾਵੇ।”+ 16 ਜਦ ਬੰਦੇ ਅੰਦਰ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਪਲੰਘ ਉੱਤੇ ਬੁੱਤ ਪਿਆ ਸੀ ਤੇ ਉਸ ਦੇ ਸਰ੍ਹਾਣੇ ਬੱਕਰੀ ਦੇ ਵਾਲ਼ਾਂ ਦੀ ਬਣੀ ਜਾਲ਼ੀ ਪਈ ਸੀ। 17 ਸ਼ਾਊਲ ਨੇ ਮੀਕਲ ਨੂੰ ਕਿਹਾ: “ਤੂੰ ਮੇਰੇ ਨਾਲ ਇਹ ਚਲਾਕੀ ਕਿਉਂ ਖੇਡੀ ਤੇ ਮੇਰੇ ਦੁਸ਼ਮਣ+ ਨੂੰ ਕਿਉਂ ਭੇਜ ਦਿੱਤਾ ਕਿ ਉਹ ਬਚ ਜਾਵੇ?” ਮੀਕਲ ਨੇ ਸ਼ਾਊਲ ਨੂੰ ਜਵਾਬ ਦਿੱਤਾ: “ਉਸ ਨੇ ਮੈਨੂੰ ਕਿਹਾ ਸੀ, ‘ਮੈਨੂੰ ਭੇਜ ਦੇ, ਨਹੀਂ ਤਾਂ ਮੈਂ ਤੈਨੂੰ ਮਾਰ ਦੇਣਾ!’”
18 ਦਾਊਦ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਉਹ ਰਾਮਾਹ+ ਵਿਚ ਸਮੂਏਲ ਕੋਲ ਆਇਆ। ਉਸ ਨੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਸ਼ਾਊਲ ਨੇ ਉਸ ਨਾਲ ਕੀਤਾ ਸੀ। ਫਿਰ ਉਹ ਤੇ ਸਮੂਏਲ ਉੱਥੋਂ ਚਲੇ ਗਏ ਤੇ ਨਾਯੋਥ ਵਿਚ ਠਹਿਰੇ।+ 19 ਕੁਝ ਸਮੇਂ ਬਾਅਦ ਸ਼ਾਊਲ ਨੂੰ ਖ਼ਬਰ ਮਿਲੀ: “ਦੇਖ! ਦਾਊਦ ਰਾਮਾਹ ਦੇ ਨਾਯੋਥ ਵਿਚ ਹੈ।” 20 ਸ਼ਾਊਲ ਨੇ ਫਟਾਫਟ ਦਾਊਦ ਨੂੰ ਫੜਨ ਲਈ ਬੰਦੇ ਭੇਜੇ। ਜਦ ਉਨ੍ਹਾਂ ਨੇ ਦੇਖਿਆ ਕਿ ਨਬੀਆਂ ਵਿੱਚੋਂ ਬੁੱਢੇ ਨਬੀ ਭਵਿੱਖਬਾਣੀ ਕਰ ਰਹੇ ਸਨ ਅਤੇ ਕੋਲ ਖੜ੍ਹਾ ਸਮੂਏਲ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ, ਤਾਂ ਪਰਮੇਸ਼ੁਰ ਦੀ ਸ਼ਕਤੀ ਸ਼ਾਊਲ ਦੇ ਬੰਦਿਆਂ ਉੱਤੇ ਆਈ ਤੇ ਉਹ ਵੀ ਨਬੀਆਂ ਵਾਂਗ ਕਰਨ ਲੱਗ ਪਏ।
21 ਜਦ ਉਨ੍ਹਾਂ ਨੇ ਸ਼ਾਊਲ ਨੂੰ ਇਸ ਬਾਰੇ ਦੱਸਿਆ, ਤਾਂ ਉਸ ਨੇ ਤੁਰੰਤ ਹੋਰ ਬੰਦਿਆਂ ਨੂੰ ਭੇਜਿਆ ਤੇ ਉਹ ਵੀ ਨਬੀਆਂ ਵਾਂਗ ਵਰਤਾਅ ਕਰਨ ਲੱਗ ਪਏ। ਇਸ ਲਈ ਸ਼ਾਊਲ ਨੇ ਬੰਦਿਆਂ ਦੀ ਤੀਜੀ ਟੋਲੀ ਭੇਜੀ ਤੇ ਉਹ ਵੀ ਨਬੀਆਂ ਵਾਂਗ ਵਰਤਾਅ ਕਰਨ ਲੱਗ ਪਏ। 22 ਅਖ਼ੀਰ ਉਹ ਆਪ ਵੀ ਰਾਮਾਹ ਚਲਾ ਗਿਆ। ਜਦ ਉਹ ਸੇਕੂ ਵਿਚ ਵੱਡੇ ਖੂਹ ਕੋਲ ਪਹੁੰਚਿਆ, ਤਾਂ ਉਸ ਨੇ ਪੁੱਛਿਆ: “ਸਮੂਏਲ ਅਤੇ ਦਾਊਦ ਕਿੱਥੇ ਹਨ?” ਉਨ੍ਹਾਂ ਨੇ ਜਵਾਬ ਦਿੱਤਾ: “ਰਾਮਾਹ ਦੇ ਨਾਯੋਥ ਵਿਚ।”+ 23 ਜਦ ਸ਼ਾਊਲ ਉੱਥੋਂ ਰਾਮਾਹ ਦੇ ਨਾਯੋਥ ਵੱਲ ਜਾ ਰਿਹਾ ਸੀ, ਤਾਂ ਰਾਹ ਵਿਚ ਪਰਮੇਸ਼ੁਰ ਦੀ ਸ਼ਕਤੀ ਉਸ ਉੱਤੇ ਵੀ ਆਈ ਤੇ ਉਹ ਰਾਮਾਹ ਦੇ ਨਾਯੋਥ ਵਿਚ ਪਹੁੰਚਣ ਤਕ ਤੁਰਦਾ-ਤੁਰਦਾ ਸਾਰੇ ਰਾਹ ਵਿਚ ਨਬੀਆਂ ਵਾਂਗ ਵਰਤਾਅ ਕਰਦਾ ਗਿਆ। 24 ਉਸ ਨੇ ਵੀ ਆਪਣੇ ਕੱਪੜੇ ਲਾਹ ਦਿੱਤੇ ਤੇ ਉਹ ਵੀ ਸਮੂਏਲ ਅੱਗੇ ਨਬੀਆਂ ਵਾਂਗ ਵਰਤਾਅ ਕਰਨ ਲੱਗਾ ਅਤੇ ਉਹ ਉੱਥੇ ਸਾਰਾ ਦਿਨ ਤੇ ਸਾਰੀ ਰਾਤ ਬਿਨਾਂ ਕੱਪੜਿਆਂ ਦੇ* ਪਿਆ ਰਿਹਾ। ਇਸੇ ਲਈ ਉਹ ਕਹਿੰਦੇ ਹਨ: “ਕੀ ਸ਼ਾਊਲ ਵੀ ਨਬੀ ਬਣ ਗਿਆ ਹੈ?”+