ਗਿਣਤੀ
18 ਫਿਰ ਯਹੋਵਾਹ ਨੇ ਹਾਰੂਨ ਨੂੰ ਕਿਹਾ: “ਪਵਿੱਤਰ ਸਥਾਨ ਸੰਬੰਧੀ ਤੋੜੇ ਗਏ ਕਿਸੇ ਵੀ ਨਿਯਮ ਲਈ ਤੂੰ, ਤੇਰੇ ਪੁੱਤਰ ਅਤੇ ਤੇਰਾ ਘਰਾਣਾ ਜਵਾਬਦੇਹ ਹੋਵੇਗਾ।+ ਨਾਲੇ ਜੇ ਤੁਹਾਡੇ ਪੁਜਾਰੀਆਂ ਦੇ ਅਹੁਦੇ ਸੰਬੰਧੀ ਕੋਈ ਨਿਯਮ ਤੋੜਿਆ ਜਾਂਦਾ ਹੈ, ਤਾਂ ਉਸ ਲਈ ਵੀ ਤੂੰ ਅਤੇ ਤੇਰੇ ਪੁੱਤਰ ਜਵਾਬਦੇਹ ਹੋਣਗੇ।+ 2 ਤੂੰ ਆਪਣੇ ਲੇਵੀ ਭਰਾਵਾਂ ਨੂੰ ਨਾਲ ਲੈ ਜਿਹੜੇ ਤੇਰੇ ਪਿਉ-ਦਾਦਿਆਂ ਦੇ ਗੋਤ ਵਿੱਚੋਂ ਹਨ ਤਾਂਕਿ ਉਹ ਗਵਾਹੀ ਦੇ ਤੰਬੂ ਸਾਮ੍ਹਣੇ+ ਤੇਰੀ ਮਦਦ ਕਰਨ ਅਤੇ ਤੇਰੀ ਅਤੇ ਤੇਰੇ ਪੁੱਤਰਾਂ ਦੀ ਸੇਵਾ ਕਰਨ।+ 3 ਤੂੰ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀਆਂ ਸੌਂਪੇਂਗਾ, ਉਨ੍ਹਾਂ ਨੂੰ ਉਹ ਪੂਰਾ ਕਰਨਗੇ ਅਤੇ ਉਹ ਤੰਬੂ ਵਿਚ ਸੇਵਾ ਦੇ ਸਾਰੇ ਕੰਮ ਕਰਨਗੇ।+ ਪਰ ਉਹ ਪਵਿੱਤਰ ਸਥਾਨ ਅਤੇ ਵੇਦੀ ਉੱਤੇ ਵਰਤੇ ਜਾਣ ਵਾਲੇ ਸਾਮਾਨ ਦੇ ਨੇੜੇ ਨਾ ਆਉਣ ਤਾਂਕਿ ਉਨ੍ਹਾਂ ਨੂੰ ਅਤੇ ਤੈਨੂੰ ਆਪਣੀ ਜਾਨ ਨਾ ਗੁਆਉਣੀ ਪਵੇ।+ 4 ਉਹ ਤੇਰੀ ਮਦਦ ਕਰਨਗੇ ਅਤੇ ਮੰਡਲੀ ਦੇ ਤੰਬੂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਅਤੇ ਤੰਬੂ ਨਾਲ ਜੁੜੇ ਸਾਰੇ ਸੇਵਾ ਦੇ ਕੰਮ ਕਰਨਗੇ। ਕੋਈ ਵੀ ਇਨਸਾਨ ਜਿਸ ਨੂੰ ਅਧਿਕਾਰ ਨਹੀਂ ਹੈ,* ਤੇਰੇ ਨੇੜੇ ਨਾ ਆਵੇ।+ 5 ਤੁਸੀਂ ਪਵਿੱਤਰ ਸਥਾਨ ਅਤੇ ਵੇਦੀ ਨਾਲ ਸੰਬੰਧਿਤ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ+ ਤਾਂਕਿ ਇਜ਼ਰਾਈਲ ਦੇ ਲੋਕਾਂ ਉੱਤੇ ਦੁਬਾਰਾ ਮੇਰਾ ਗੁੱਸਾ ਨਾ ਭੜਕੇ।+ 6 ਮੈਂ ਇਜ਼ਰਾਈਲੀਆਂ ਵਿੱਚੋਂ ਤੁਹਾਡੇ ਲੇਵੀ ਭਰਾਵਾਂ ਨੂੰ ਲਿਆ ਹੈ ਜਿਨ੍ਹਾਂ ਨੂੰ ਮੈਂ ਤੁਹਾਨੂੰ ਤੋਹਫ਼ੇ ਵਜੋਂ ਦਿੱਤਾ ਹੈ।+ ਉਹ ਯਹੋਵਾਹ ਨੂੰ ਦਿੱਤੇ ਗਏ ਹਨ ਤਾਂਕਿ ਉਹ ਮੰਡਲੀ ਦੇ ਤੰਬੂ ਵਿਚ ਸੇਵਾ ਦੇ ਕੰਮ ਕਰਨ।+ 7 ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਵੇਦੀ ਦੀ ਅਤੇ ਪਰਦੇ ਦੇ ਪਿੱਛੇ ਪਈਆਂ ਚੀਜ਼ਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।+ ਤੁਸੀਂ ਇਹ ਸੇਵਾ ਕਰਨੀ ਹੈ।+ ਮੈਂ ਤੁਹਾਨੂੰ ਪੁਜਾਰੀਆਂ ਦਾ ਅਹੁਦਾ ਤੋਹਫ਼ੇ ਵਜੋਂ ਦਿੱਤਾ ਹੈ। ਜੇ ਕੋਈ ਡੇਰੇ ਦੇ ਨੇੜੇ ਆਉਂਦਾ ਹੈ ਜਿਸ ਨੂੰ ਅਧਿਕਾਰ ਨਹੀਂ ਹੈ,* ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।”+
8 ਯਹੋਵਾਹ ਨੇ ਹਾਰੂਨ ਨੂੰ ਅੱਗੇ ਕਿਹਾ: “ਮੈਂ ਖ਼ੁਦ ਤੈਨੂੰ ਉਸ ਸਾਰੇ ਦਾਨ ਦੀ ਜ਼ਿੰਮੇਵਾਰੀ ਸੌਂਪਦਾ ਹਾਂ ਜੋ ਮੈਨੂੰ ਦਿੱਤਾ ਜਾਂਦਾ ਹੈ।+ ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਸਾਰੀਆਂ ਪਵਿੱਤਰ ਚੀਜ਼ਾਂ ਵਿੱਚੋਂ ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਹਮੇਸ਼ਾ ਲਈ ਹਿੱਸਾ ਦਿੰਦਾ ਹਾਂ।+ 9 ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਅੱਤ ਪਵਿੱਤਰ ਚੜ੍ਹਾਵਿਆਂ ਵਿੱਚੋਂ ਤੈਨੂੰ ਹਿੱਸਾ ਮਿਲੇਗਾ। ਲੋਕ ਜੋ ਵੀ ਚੜ੍ਹਾਵਾ ਚੜ੍ਹਾਉਂਦੇ ਹਨ ਜਿਸ ਵਿਚ ਅਨਾਜ ਦਾ ਚੜ੍ਹਾਵਾ,+ ਪਾਪ-ਬਲ਼ੀ+ ਤੇ ਦੋਸ਼-ਬਲ਼ੀ+ ਸ਼ਾਮਲ ਹੈ, ਉਹ ਤੇਰੇ ਲਈ ਅਤੇ ਤੇਰੇ ਪੁੱਤਰਾਂ ਲਈ ਅੱਤ ਪਵਿੱਤਰ ਹਨ। 10 ਤੂੰ ਇਸ ਨੂੰ ਅੱਤ ਪਵਿੱਤਰ ਜਗ੍ਹਾ ʼਤੇ ਖਾਹ।+ ਹਰ ਆਦਮੀ ਇਸ ਨੂੰ ਖਾ ਸਕਦਾ ਹੈ। ਇਹ ਤੇਰੀਆਂ ਨਜ਼ਰਾਂ ਵਿਚ ਪਵਿੱਤਰ ਹੋਵੇ।+ 11 ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਚੀਜ਼ਾਂ+ ਅਤੇ ਹਿਲਾਉਣ ਦੀਆਂ ਭੇਟਾਂ+ ਵੀ ਤੇਰੀਆਂ ਹੋਣਗੀਆਂ। ਮੈਂ ਇਹ ਸਭ ਕੁਝ ਤੈਨੂੰ ਅਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤਾ ਹੈ।+ ਤੇਰੇ ਘਰ ਵਿਚ ਹਰ ਸ਼ੁੱਧ ਇਨਸਾਨ ਇਸ ਨੂੰ ਖਾ ਸਕਦਾ ਹੈ।+
12 “ਉਹ ਯਹੋਵਾਹ ਨੂੰ ਜੋ ਆਪਣਾ ਪਹਿਲਾ ਫਲ+ ਯਾਨੀ ਸਭ ਤੋਂ ਵਧੀਆ ਤੇਲ, ਸਭ ਤੋਂ ਵਧੀਆ ਦਾਖਰਸ ਅਤੇ ਅਨਾਜ ਦਿੰਦੇ ਹਨ, ਉਹ ਮੈਂ ਤੈਨੂੰ ਦਿੰਦਾ ਹਾਂ।+ 13 ਉਹ ਆਪਣੀ ਜ਼ਮੀਨ ਦੀ ਹਰ ਪੈਦਾਵਾਰ ਦਾ ਜੋ ਪੱਕਿਆ ਹੋਇਆ ਪਹਿਲਾ ਫਲ ਯਹੋਵਾਹ ਲਈ ਲਿਆਉਣ, ਉਹ ਤੇਰਾ ਹੋਵੇਗਾ।+ ਤੇਰੇ ਘਰ ਵਿਚ ਹਰ ਸ਼ੁੱਧ ਇਨਸਾਨ ਇਸ ਨੂੰ ਖਾ ਸਕਦਾ ਹੈ।
14 “ਇਜ਼ਰਾਈਲ ਵਿਚ ਅਰਪਿਤ ਕੀਤੀ ਗਈ ਹਰ ਚੀਜ਼* ਤੇਰੀ ਹੋਵੇਗੀ।”+
15 “ਉਹ ਯਹੋਵਾਹ ਸਾਮ੍ਹਣੇ ਜਿਹੜਾ ਵੀ ਜੇਠਾ+ ਲਿਆਉਣ, ਚਾਹੇ ਉਹ ਇਨਸਾਨ ਦਾ ਹੋਵੇ ਜਾਂ ਜਾਨਵਰ ਦਾ, ਉਹ ਤੇਰਾ ਹੋਵੇਗਾ। ਪਰ ਤੂੰ ਇਨਸਾਨ ਦੇ ਜੇਠਿਆਂ ਨੂੰ ਛੁਡਾਉਣ ਦੀ ਇਜਾਜ਼ਤ ਜ਼ਰੂਰ ਦੇਈਂ+ ਅਤੇ ਅਸ਼ੁੱਧ ਜਾਨਵਰਾਂ ਦੇ ਜੇਠਿਆਂ ਨੂੰ ਵੀ ਛੁਡਾਉਣ ਦੀ ਇਜਾਜ਼ਤ ਦੇਈਂ।+ 16 ਜਦੋਂ ਜੇਠਾ ਇਕ ਮਹੀਨੇ ਦਾ ਜਾਂ ਇਸ ਤੋਂ ਜ਼ਿਆਦਾ ਸਮੇਂ ਦਾ ਹੋਵੇ, ਤਾਂ ਰਿਹਾਈ ਦੀ ਤੈਅ ਕੀਤੀ ਗਈ ਕੀਮਤ ਪੰਜ ਸ਼ੇਕੇਲ* ਚਾਂਦੀ ਦੇ ਕੇ ਇਸ ਨੂੰ ਛੁਡਾਇਆ ਜਾ ਸਕਦਾ ਹੈ।+ ਇਹ ਸ਼ੇਕੇਲ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਹੋਵੇ। ਇਕ ਸ਼ੇਕੇਲ 20 ਗੀਰਾਹ* ਹੁੰਦਾ ਹੈ। 17 ਤੂੰ ਬਲਦ, ਭੇਡ ਤੇ ਬੱਕਰੀ ਦੇ ਜੇਠੇ ਨੂੰ ਨਾ ਛੁਡਾਈਂ+ ਕਿਉਂਕਿ ਇਹ ਪਵਿੱਤਰ ਹਨ। ਤੂੰ ਇਨ੍ਹਾਂ ਦਾ ਖ਼ੂਨ ਵੇਦੀ ਉੱਤੇ ਛਿੜਕੀਂ+ ਅਤੇ ਚਰਬੀ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈਂ ਤਾਂਕਿ ਇਸ ਦਾ ਧੂੰਆਂ ਉੱਠੇ ਅਤੇ ਇਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+ 18 ਹਿਲਾਉਣ ਦੀ ਭੇਟ ਵਜੋਂ ਚੜ੍ਹਾਏ ਸੀਨੇ ਅਤੇ ਪਵਿੱਤਰ ਹਿੱਸੇ ਵਜੋਂ ਚੜ੍ਹਾਈ ਸੱਜੀ ਲੱਤ ਵਾਂਗ ਇਨ੍ਹਾਂ ਦਾ ਮਾਸ ਵੀ ਤੇਰਾ ਹੋਵੇਗਾ।+ 19 ਇਜ਼ਰਾਈਲੀਆਂ ਵੱਲੋਂ ਯਹੋਵਾਹ ਨੂੰ ਦਾਨ ਕੀਤੀਆਂ ਪਵਿੱਤਰ ਚੀਜ਼ਾਂ+ ਮੈਂ ਤੈਨੂੰ ਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤੀਆਂ ਹਨ।+ ਇਹ ਹਮੇਸ਼ਾ ਰਹਿਣ ਵਾਲਾ ਲੂਣ ਦਾ ਇਕਰਾਰ* ਹੈ ਜੋ ਯਹੋਵਾਹ ਤੇਰੇ ਨਾਲ ਤੇ ਤੇਰੀ ਸੰਤਾਨ ਨਾਲ ਕਰਦਾ ਹੈ।”
20 ਯਹੋਵਾਹ ਨੇ ਹਾਰੂਨ ਨੂੰ ਅੱਗੇ ਕਿਹਾ: “ਇਜ਼ਰਾਈਲੀਆਂ ਦੇ ਦੇਸ਼ ਵਿਚ ਤੈਨੂੰ ਵਿਰਾਸਤ ਵਿਚ ਕੁਝ ਨਹੀਂ ਮਿਲੇਗਾ ਅਤੇ ਨਾ ਹੀ ਜ਼ਮੀਨ ਵਿੱਚੋਂ ਕੋਈ ਹਿੱਸਾ ਮਿਲੇਗਾ।+ ਇਜ਼ਰਾਈਲੀਆਂ ਵਿਚ ਮੈਂ ਹੀ ਤੇਰਾ ਹਿੱਸਾ ਅਤੇ ਤੇਰੀ ਵਿਰਾਸਤ ਹਾਂ।+
21 “ਮੈਂ ਲੇਵੀ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਦੇ ਬਦਲੇ ਇਜ਼ਰਾਈਲ ਵਿਚ ਪੈਦਾ ਹੋਣ ਵਾਲੀ ਹਰ ਚੀਜ਼ ਦਾ ਦਸਵਾਂ ਹਿੱਸਾ+ ਵਿਰਾਸਤ ਵਿਚ ਦਿੰਦਾ ਹਾਂ। 22 ਇਜ਼ਰਾਈਲੀ ਅੱਗੇ ਤੋਂ ਮੰਡਲੀ ਦੇ ਤੰਬੂ ਕੋਲ ਨਾ ਆਉਣ, ਨਹੀਂ ਤਾਂ ਉਹ ਪਾਪ ਦੇ ਦੋਸ਼ੀ ਠਹਿਰਨਗੇ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੇਗੀ। 23 ਸਿਰਫ਼ ਲੇਵੀ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਅਤੇ ਜਦੋਂ ਲੋਕ ਪਵਿੱਤਰ ਸਥਾਨ ਸੰਬੰਧੀ ਕੋਈ ਨਿਯਮ ਤੋੜਨਗੇ, ਤਾਂ ਲੇਵੀ ਜਵਾਬਦੇਹ ਹੋਣਗੇ।+ ਲੇਵੀ ਇਜ਼ਰਾਈਲੀਆਂ ਵਿਚ ਕੁਝ ਵੀ ਵਿਰਾਸਤ ਵਿਚ ਨਹੀਂ ਲੈਣਗੇ। ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਸਦਾ ਪਾਲਣਾ ਕਰਨੀ।+ 24 ਇਜ਼ਰਾਈਲੀ ਹਰ ਚੀਜ਼ ਦਾ ਜੋ ਦਸਵਾਂ ਹਿੱਸਾ ਯਹੋਵਾਹ ਨੂੰ ਦਾਨ ਕਰਦੇ ਹਨ, ਉਹ ਮੈਂ ਵਿਰਾਸਤ ਵਿਚ ਲੇਵੀਆਂ ਨੂੰ ਦਿੱਤਾ ਹੈ। ਇਸ ਲਈ ਮੈਂ ਉਨ੍ਹਾਂ ਨੂੰ ਕਿਹਾ, ‘ਉਹ ਇਜ਼ਰਾਈਲੀਆਂ ਵਿਚ ਕੁਝ ਵੀ ਵਿਰਾਸਤ ਵਿਚ ਨਾ ਲੈਣ।’”+
25 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 26 “ਤੂੰ ਲੇਵੀਆਂ ਨੂੰ ਕਹਿ, ‘ਇਜ਼ਰਾਈਲੀ ਆਪਣੀਆਂ ਚੀਜ਼ਾਂ ਦਾ ਜੋ ਦਸਵਾਂ ਹਿੱਸਾ ਦਿੰਦੇ ਹਨ, ਉਹ ਮੈਂ ਤੁਹਾਨੂੰ ਵਿਰਾਸਤ ਵਿਚ ਦਿੰਦਾ ਹਾਂ।+ ਤੁਸੀਂ ਉਸ ਦਸਵੇਂ ਹਿੱਸੇ ਦਾ ਦਸਵਾਂ ਹਿੱਸਾ ਯਹੋਵਾਹ ਨੂੰ ਦਾਨ ਕਰੋ।+ 27 ਤੁਹਾਡੇ ਵੱਲੋਂ ਦਿੱਤਾ ਗਿਆ ਦਸਵਾਂ ਹਿੱਸਾ ਤੁਹਾਡੇ ਦਾਨ ਵਜੋਂ ਕਬੂਲ ਕੀਤਾ ਜਾਵੇਗਾ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਤੁਸੀਂ ਆਪਣੇ ਪਿੜ ਦੇ ਅਨਾਜ+ ਜਾਂ ਅੰਗੂਰਾਂ ਦੇ ਰਸ ਨਾਲ ਭਰੇ ਚੁਬੱਚੇ ਜਾਂ ਤੇਲ ਦੇ ਕੋਹਲੂ ਵਿੱਚੋਂ ਦਿੱਤਾ ਹੈ। 28 ਇਸ ਤਰ੍ਹਾਂ ਤੁਹਾਨੂੰ ਇਜ਼ਰਾਈਲੀਆਂ ਵੱਲੋਂ ਦਿੱਤੇ ਹਰ ਦਸਵੇਂ ਹਿੱਸੇ ਵਿੱਚੋਂ ਯਹੋਵਾਹ ਨੂੰ ਦਾਨ ਕਰਨ ਦਾ ਮੌਕਾ ਮਿਲੇਗਾ। ਯਹੋਵਾਹ ਲਈ ਦਿੱਤਾ ਗਿਆ ਇਹ ਦਾਨ ਪੁਜਾਰੀ ਹਾਰੂਨ ਨੂੰ ਦਿੱਤਾ ਜਾਵੇ। 29 ਤੁਹਾਨੂੰ ਜੋ ਸਭ ਤੋਂ ਵਧੀਆ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚੋਂ ਤੁਸੀਂ ਹਰ ਤਰ੍ਹਾਂ ਦੀ ਚੀਜ਼ ਯਹੋਵਾਹ ਨੂੰ ਦਾਨ ਕਰੋ+ ਕਿਉਂਕਿ ਇਹ ਪਵਿੱਤਰ ਹਨ।’
30 “ਤੂੰ ਉਨ੍ਹਾਂ ਨੂੰ ਕਹਿ, ‘ਜਦੋਂ ਤੁਸੀਂ ਇਨ੍ਹਾਂ ਚੀਜ਼ਾਂ ਵਿੱਚੋਂ ਸਭ ਤੋਂ ਵਧੀਆ ਚੀਜ਼ਾਂ ਦਾਨ ਕਰਦੇ ਹੋ, ਤਾਂ ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਤੁਸੀਂ ਆਪਣੇ ਪਿੜ ਦੇ ਅਨਾਜ ਜਾਂ ਅੰਗੂਰਾਂ ਦੇ ਰਸ ਨਾਲ ਭਰੇ ਚੁਬੱਚੇ ਜਾਂ ਤੇਲ ਦੇ ਕੋਹਲੂ ਵਿੱਚੋਂ ਦਿੱਤਾ ਹੈ। 31 ਤੁਸੀਂ ਅਤੇ ਤੁਹਾਡੇ ਘਰਾਣੇ ਕਿਸੇ ਵੀ ਜਗ੍ਹਾ ʼਤੇ ਇਸ ਨੂੰ ਖਾ ਸਕਦੇ ਹੋ ਕਿਉਂਕਿ ਇਹ ਮੰਡਲੀ ਦੇ ਤੰਬੂ ਵਿਚ ਤੁਹਾਡੀ ਸੇਵਾ ਦੇ ਬਦਲੇ ਤੁਹਾਡੀ ਮਜ਼ਦੂਰੀ ਹੈ।+ 32 ਜਦ ਤਕ ਤੁਸੀਂ ਇਨ੍ਹਾਂ ਵਿੱਚੋਂ ਸਭ ਤੋਂ ਵਧੀਆ ਚੀਜ਼ਾਂ ਦਾਨ ਦਿੰਦੇ ਰਹੋਗੇ, ਤੁਸੀਂ ਪਾਪ ਦੇ ਦੋਸ਼ੀ ਨਹੀਂ ਠਹਿਰੋਗੇ। ਤੁਸੀਂ ਇਜ਼ਰਾਈਲੀਆਂ ਵੱਲੋਂ ਦਿੱਤੀਆਂ ਚੀਜ਼ਾਂ ਨੂੰ ਭ੍ਰਿਸ਼ਟ ਨਾ ਕਰੋ, ਨਹੀਂ ਤਾਂ ਤੁਹਾਨੂੰ ਮੌਤ ਦੀ ਸਜ਼ਾ ਮਿਲੇਗੀ।’”+