ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼
17 ਜਿਨ੍ਹਾਂ ਸੱਤਾਂ ਦੂਤਾਂ ਕੋਲ ਸੱਤ ਕਟੋਰੇ ਸਨ,+ ਉਨ੍ਹਾਂ ਵਿੱਚੋਂ ਇਕ ਦੂਤ ਨੇ ਆ ਕੇ ਮੈਨੂੰ ਕਿਹਾ: “ਆਜਾ, ਮੈਂ ਤੈਨੂੰ ਦਿਖਾਵਾਂ ਕਿ ਉਸ ਵੱਡੀ ਵੇਸਵਾ ਦਾ ਨਿਆਂ ਕਰ ਕੇ ਉਸ ਨੂੰ ਸਜ਼ਾ ਕਿਵੇਂ ਦਿੱਤੀ ਜਾਵੇਗੀ ਜਿਹੜੀ ਬਹੁਤ ਸਾਰੇ ਪਾਣੀਆਂ ਉੱਤੇ ਬੈਠੀ ਹੋਈ ਹੈ+ 2 ਅਤੇ ਜਿਸ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ* ਕੀਤੀ ਹੈ+ ਅਤੇ ਧਰਤੀ ਦੇ ਵਾਸੀ ਉਸ ਦੀ ਹਰਾਮਕਾਰੀ* ਦਾ ਦਾਖਰਸ ਪੀ ਕੇ ਸ਼ਰਾਬੀ ਹੋਏ ਪਏ ਹਨ।”+
3 ਫਿਰ ਉਹ ਦੂਤ ਮੈਨੂੰ ਪਵਿੱਤਰ ਸ਼ਕਤੀ ਰਾਹੀਂ ਇਕ ਉਜਾੜ ਥਾਂ ਵਿਚ ਲੈ ਗਿਆ। ਉੱਥੇ ਮੈਂ ਇਕ ਤੀਵੀਂ ਦੇਖੀ ਜਿਹੜੀ ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ ਉੱਤੇ ਬੈਠੀ ਹੋਈ ਸੀ। ਉਸ ਦਰਿੰਦੇ ਦਾ ਸਾਰਾ ਸਰੀਰ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ। 4 ਉਸ ਤੀਵੀਂ ਨੇ ਬੈਂਗਣੀ ਅਤੇ ਗੂੜ੍ਹੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ+ ਅਤੇ ਉਸ ਨੇ ਆਪਣੇ ਆਪ ਨੂੰ ਸੋਨੇ, ਜਵਾਹਰਾਂ ਅਤੇ ਮੋਤੀਆਂ ਨਾਲ ਸ਼ਿੰਗਾਰਿਆ ਹੋਇਆ ਸੀ।+ ਉਸ ਦੇ ਹੱਥ ਵਿਚ ਇਕ ਸੋਨੇ ਦਾ ਪਿਆਲਾ ਸੀ ਜਿਹੜਾ ਘਿਣਾਉਣੀਆਂ ਚੀਜ਼ਾਂ ਅਤੇ ਉਸ ਦੀ ਹਰਾਮਕਾਰੀ* ਦੀਆਂ ਅਸ਼ੁੱਧ ਚੀਜ਼ਾਂ ਨਾਲ ਭਰਿਆ ਹੋਇਆ ਸੀ। 5 ਉਸ ਦੇ ਮੱਥੇ ਉੱਤੇ ਇਕ ਭੇਤ-ਭਰਿਆ ਨਾਂ ਲਿਖਿਆ ਹੋਇਆ ਸੀ: “ਮਹਾਂ ਬਾਬਲ, ਵੇਸਵਾਵਾਂ ਅਤੇ ਧਰਤੀ ਉਤਲੀਆਂ ਘਿਣਾਉਣੀਆਂ ਚੀਜ਼ਾਂ ਦੀ ਮਾਂ।”+ 6 ਮੈਂ ਦੇਖਿਆ ਕਿ ਉਹ ਤੀਵੀਂ ਪਵਿੱਤਰ ਸੇਵਕਾਂ ਦਾ ਖ਼ੂਨ ਪੀ ਕੇ ਅਤੇ ਯਿਸੂ ਦੇ ਗਵਾਹਾਂ ਦਾ ਖ਼ੂਨ ਪੀ ਕੇ ਸ਼ਰਾਬੀ ਹੋਈ ਪਈ ਸੀ।+
ਮੈਂ ਉਸ ਤੀਵੀਂ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ। 7 ਇਸ ਲਈ ਦੂਤ ਨੇ ਮੈਨੂੰ ਪੁੱਛਿਆ: “ਤੂੰ ਹੈਰਾਨ ਕਿਉਂ ਹੋਇਆ? ਮੈਂ ਤੈਨੂੰ ਉਸ ਤੀਵੀਂ ਦਾ ਅਤੇ ਉਸ ਵਹਿਸ਼ੀ ਦਰਿੰਦੇ ਦਾ ਭੇਤ ਦੱਸਾਂਗਾ+ ਜਿਸ ਦੇ ਸੱਤ ਸਿਰ ਤੇ ਦਸ ਸਿੰਗ ਹਨ ਅਤੇ ਜਿਸ ਉੱਤੇ ਉਹ ਤੀਵੀਂ ਸਵਾਰ ਹੈ:+ 8 ਜੋ ਵਹਿਸ਼ੀ ਦਰਿੰਦਾ ਤੂੰ ਦੇਖਿਆ, ਉਹ ਪਹਿਲਾਂ ਸੀ, ਹੁਣ ਨਹੀਂ ਹੈ, ਪਰ ਅਥਾਹ ਕੁੰਡ ਵਿੱਚੋਂ ਨਿਕਲਣ ਵਾਲਾ ਹੈ।+ ਫਿਰ ਉਸ ਨੂੰ ਨਾਸ਼ ਕਰ ਦਿੱਤਾ ਜਾਵੇਗਾ। ਧਰਤੀ ਦੇ ਵਾਸੀ, ਜਿਨ੍ਹਾਂ ਦੇ ਨਾਂ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਜੀਵਨ ਦੀ ਕਿਤਾਬ ਵਿਚ ਨਹੀਂ ਲਿਖੇ ਹੋਏ ਹਨ,+ ਉਹ ਇਹ ਜਾਣ ਕੇ ਹੈਰਾਨ ਹੋਣਗੇ ਕਿ ਉਹ ਵਹਿਸ਼ੀ ਦਰਿੰਦਾ ਪਹਿਲਾਂ ਸੀ, ਹੁਣ ਨਹੀਂ ਹੈ, ਪਰ ਵਾਪਸ ਆਵੇਗਾ।
9 “ਇਸ ਗੱਲ ਨੂੰ ਸਮਝਣ ਲਈ ਬੁੱਧ ਦੀ ਲੋੜ ਹੈ: ਸੱਤ ਸਿਰ+ ਸੱਤ ਪਹਾੜ ਹਨ ਜਿਨ੍ਹਾਂ ਉੱਪਰ ਉਹ ਤੀਵੀਂ ਬੈਠੀ ਹੋਈ ਹੈ। 10 ਇਨ੍ਹਾਂ ਦਾ ਮਤਲਬ ਹੈ ਸੱਤ ਰਾਜੇ: ਪੰਜ ਖ਼ਤਮ ਹੋ ਚੁੱਕੇ ਹਨ, ਇਕ ਹੈ ਅਤੇ ਇਕ ਅਜੇ ਨਹੀਂ ਆਇਆ, ਪਰ ਜਦੋਂ ਉਹ ਆਵੇਗਾ, ਤਾਂ ਉਹ ਥੋੜ੍ਹਾ ਸਮਾਂ ਰਹੇਗਾ। 11 ਉਹ ਵਹਿਸ਼ੀ ਦਰਿੰਦਾ, ਜਿਹੜਾ ਸੀ, ਪਰ ਹੁਣ ਨਹੀਂ ਹੈ,+ ਉਹ ਅੱਠਵਾਂ ਰਾਜਾ ਹੈ, ਪਰ ਉਨ੍ਹਾਂ ਸੱਤਾਂ ਰਾਜਿਆਂ ਵਿੱਚੋਂ ਨਿਕਲਿਆ ਹੈ ਅਤੇ ਉਸ ਨੂੰ ਨਾਸ਼ ਕਰ ਦਿੱਤਾ ਜਾਵੇਗਾ।
12 “ਤੂੰ ਜਿਹੜੇ ਦਸ ਸਿੰਗ ਦੇਖੇ ਸਨ, ਉਹ ਦਸ ਰਾਜੇ ਹਨ ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ ਹੈ, ਪਰ ਉਨ੍ਹਾਂ ਨੂੰ ਵਹਿਸ਼ੀ ਦਰਿੰਦੇ ਦੇ ਨਾਲ ਇਕ ਘੰਟੇ ਲਈ ਰਾਜਿਆਂ ਵਜੋਂ ਰਾਜ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ। 13 ਉਨ੍ਹਾਂ ਦੀ ਸੋਚ ਇੱਕੋ ਹੈ, ਇਸ ਲਈ ਉਹ ਆਪਣੀ ਤਾਕਤ ਅਤੇ ਅਧਿਕਾਰ ਵਹਿਸ਼ੀ ਦਰਿੰਦੇ ਨੂੰ ਦਿੰਦੇ ਹਨ। 14 ਉਹ ਲੇਲੇ ਨਾਲ ਯੁੱਧ ਕਰਨਗੇ,+ ਪਰ ਲੇਲਾ ਉਨ੍ਹਾਂ ਉੱਤੇ ਜਿੱਤ ਹਾਸਲ ਕਰੇਗਾ ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ।+ ਜਿਹੜੇ ਵਫ਼ਾਦਾਰ ਸੇਵਕ ਲੇਲੇ ਦੇ ਨਾਲ ਹਨ ਤੇ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸੱਦਿਆ ਅਤੇ ਚੁਣਿਆ ਹੈ,+ ਉਹ ਵੀ ਉਨ੍ਹਾਂ ਉੱਤੇ ਜਿੱਤ ਹਾਸਲ ਕਰਨਗੇ।”+
15 ਉਸ ਦੂਤ ਨੇ ਮੈਨੂੰ ਕਿਹਾ: “ਜਿਹੜੇ ਪਾਣੀ ਤੂੰ ਦੇਖੇ ਸਨ ਅਤੇ ਜਿਨ੍ਹਾਂ ਉੱਤੇ ਉਹ ਵੇਸਵਾ ਬੈਠੀ ਹੋਈ ਹੈ, ਉਨ੍ਹਾਂ ਦਾ ਮਤਲਬ ਹੈ ਦੇਸ਼-ਦੇਸ਼ ਦੇ ਲੋਕ, ਭੀੜਾਂ, ਕੌਮਾਂ ਅਤੇ ਭਾਸ਼ਾਵਾਂ* ਦੇ ਲੋਕ।+ 16 ਤੂੰ ਜਿਹੜੇ ਦਸ ਸਿੰਗ+ ਅਤੇ ਵਹਿਸ਼ੀ ਦਰਿੰਦਾ ਦੇਖਿਆ ਸੀ,+ ਉਹ ਉਸ ਵੇਸਵਾ ਨਾਲ ਨਫ਼ਰਤ ਕਰਨਗੇ+ ਅਤੇ ਉਸ ਨੂੰ ਬਰਬਾਦ ਅਤੇ ਨੰਗਾ ਕਰ ਦੇਣਗੇ ਅਤੇ ਉਸ ਦਾ ਮਾਸ ਖਾ ਜਾਣਗੇ ਅਤੇ ਉਸ ਨੂੰ ਪੂਰੀ ਤਰ੍ਹਾਂ ਅੱਗ ਵਿਚ ਸਾੜ ਸੁੱਟਣਗੇ।+ 17 ਕਿਉਂਕਿ ਪਰਮੇਸ਼ੁਰ ਆਪਣੇ ਇਸ ਇਰਾਦੇ ਨੂੰ ਪੂਰਾ ਕਰਨ ਦਾ ਵਿਚਾਰ ਉਨ੍ਹਾਂ ਦੇ ਦਿਲਾਂ ਵਿਚ ਪਾਵੇਗਾ+ ਯਾਨੀ ਕਿ ਉਹ ਸਾਰੇ ਆਪਣੇ ਸਾਂਝੇ ਇਰਾਦੇ ਨੂੰ ਪੂਰਾ ਕਰਨ ਲਈ ਉਸ ਵਹਿਸ਼ੀ ਦਰਿੰਦੇ ਨੂੰ ਉਦੋਂ ਤਕ ਆਪਣਾ ਅਧਿਕਾਰ ਦੇਣਗੇ+ ਜਦੋਂ ਤਕ ਪਰਮੇਸ਼ੁਰ ਦੀਆਂ ਕਹੀਆਂ ਗੱਲਾਂ ਪੂਰੀਆਂ ਨਹੀਂ ਹੋ ਜਾਂਦੀਆਂ। 18 ਉਹ ਤੀਵੀਂ+ ਜੋ ਤੂੰ ਦੇਖੀ, ਉਹ ਵੱਡਾ ਸ਼ਹਿਰ ਹੈ ਜਿਸ ਦਾ ਧਰਤੀ ਦੇ ਰਾਜਿਆਂ ਉੱਤੇ ਰਾਜ ਹੈ।”