ਮੱਤੀ ਮੁਤਾਬਕ ਖ਼ੁਸ਼ ਖ਼ਬਰੀ
7 “ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ,+ ਤਾਂ ਤੁਹਾਡੇ ਵਿਚ ਵੀ ਨੁਕਸ ਨਹੀਂ ਕੱਢੇ ਜਾਣਗੇ; 2 ਕਿਉਂਕਿ ਜਿਸ ਆਧਾਰ ʼਤੇ ਤੁਸੀਂ ਦੂਸਰਿਆਂ ʼਤੇ ਦੋਸ਼ ਲਾਉਂਦੇ ਹੋ, ਉਸੇ ਆਧਾਰ ʼਤੇ ਤੁਹਾਡੇ ʼਤੇ ਵੀ ਦੋਸ਼ ਲਾਇਆ ਜਾਵੇਗਾ;+ ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਾਪ ਕੇ ਦਿੰਦੇ ਹੋ, ਉਸੇ ਮਾਪ ਨਾਲ ਉਹ ਤੁਹਾਨੂੰ ਵੀ ਮਾਪ ਕੇ ਦੇਣਗੇ।+ 3 ਤਾਂ ਫਿਰ, ਤੂੰ ਆਪਣੇ ਭਰਾ ਦੀ ਅੱਖ ਵਿਚ ਪਏ ਕੱਖ ਨੂੰ ਕਿਉਂ ਦੇਖਦਾ ਹੈਂ, ਪਰ ਆਪਣੀ ਅੱਖ ਵਿਚਲੇ ਸ਼ਤੀਰ ਨੂੰ ਨਹੀਂ ਦੇਖਦਾ?+ 4 ਤੂੰ ਆਪਣੇ ਭਰਾ ਨੂੰ ਇਹ ਕਿਵੇਂ ਕਹਿ ਸਕਦਾ ਹੈਂ, ‘ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ,’ ਜਦ ਕਿ ਦੇਖ! ਤੇਰੀ ਆਪਣੀ ਅੱਖ ਵਿਚ ਸ਼ਤੀਰ ਹੈ? 5 ਪਖੰਡੀਆ, ਪਹਿਲਾਂ ਆਪਣੀ ਅੱਖ ਵਿਚ ਪਏ ਸ਼ਤੀਰ ਨੂੰ ਕੱਢ ਤੇ ਫਿਰ ਤੂੰ ਸਾਫ਼ ਦੇਖ ਸਕੇਂਗਾ ਕਿ ਆਪਣੇ ਭਰਾ ਦੀ ਅੱਖ ਵਿੱਚੋਂ ਕੱਖ ਕਿਵੇਂ ਕੱਢਣਾ ਹੈ।
6 “ਤੁਸੀਂ ਪਵਿੱਤਰ ਚੀਜ਼ਾਂ ਕੁੱਤਿਆਂ ਨੂੰ ਨਾ ਪਾਓ ਤੇ ਨਾ ਹੀ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ,+ ਕਿਤੇ ਇਵੇਂ ਨਾ ਹੋਵੇ ਕਿ ਉਹ ਇਨ੍ਹਾਂ ਨੂੰ ਆਪਣੇ ਪੈਰਾਂ ਹੇਠ ਰੋਲਣ ਅਤੇ ਮੁੜ ਕੇ ਤੁਹਾਨੂੰ ਹੀ ਪਾੜ ਸੁੱਟਣ।
7 “ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ;+ ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।+ 8 ਕਿਉਂਕਿ ਜੋ ਕੋਈ ਮੰਗਦਾ ਰਹਿੰਦਾ ਹੈ, ਉਸ ਨੂੰ ਮਿਲ ਜਾਂਦਾ ਹੈ+ ਅਤੇ ਜੋ ਕੋਈ ਲੱਭਦਾ ਰਹਿੰਦਾ ਹੈ, ਉਸ ਨੂੰ ਲੱਭ ਜਾਂਦਾ ਹੈ ਅਤੇ ਜੋ ਕੋਈ ਖੜਕਾਉਂਦਾ ਰਹਿੰਦਾ ਹੈ, ਉਸ ਲਈ ਖੋਲ੍ਹਿਆ ਜਾਵੇਗਾ। 9 ਤੁਹਾਡੇ ਵਿੱਚੋਂ ਕੌਣ ਆਪਣੇ ਪੁੱਤਰ ਨੂੰ ਰੋਟੀ ਮੰਗਣ ਤੇ ਪੱਥਰ ਦੇਵੇਗਾ? 10 ਜਾਂ ਮੱਛੀ ਮੰਗਣ ਤੇ ਉਸ ਨੂੰ ਸੱਪ ਦੇਵੇਗਾ? 11 ਇਸ ਲਈ, ਜੇ ਤੁਸੀਂ ਪਾਪੀ ਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ, ਤਾਂ ਇਸ ਗੱਲ ਦਾ ਪੂਰਾ ਭਰੋਸਾ ਰੱਖੋ ਕਿ ਤੁਹਾਡਾ ਪਿਤਾ, ਜੋ ਸਵਰਗ ਵਿਚ ਹੈ, ਉਨ੍ਹਾਂ ਨੂੰ ਚੰਗੀਆਂ ਚੀਜ਼ਾਂ ਜ਼ਰੂਰ ਦੇਵੇਗਾ+ ਜੋ ਉਸ ਤੋਂ ਮੰਗਦੇ ਹਨ!+
12 “ਇਸ ਲਈ, ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।+ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀ ਸਿੱਖਿਆ ਦਾ ਇਹੋ ਨਿਚੋੜ ਹੈ।+
13 “ਭੀੜੇ ਦਰਵਾਜ਼ੇ ਰਾਹੀਂ ਵੜੋ+ ਕਿਉਂਕਿ ਚੌੜਾ ਹੈ ਉਹ ਦਰਵਾਜ਼ਾ ਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ਼ ਵੱਲ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਇਸ ਰਾਹੀਂ ਜਾਂਦੇ ਹਨ; 14 ਪਰ ਭੀੜਾ ਦਰਵਾਜ਼ਾ ਅਤੇ ਤੰਗ ਰਾਹ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦਾ ਹੈ ਅਤੇ ਥੋੜ੍ਹੇ ਹੀ ਲੋਕ ਇਸ ਨੂੰ ਲੱਭਦੇ ਹਨ।+
15 “ਝੂਠੇ ਨਬੀਆਂ ਤੋਂ ਖ਼ਬਰਦਾਰ ਰਹੋ+ ਜੋ ਭੇਡਾਂ ਦੇ ਭੇਸ ਵਿਚ ਤੁਹਾਡੇ ਕੋਲ ਆਉਂਦੇ ਹਨ,+ ਪਰ ਅੰਦਰੋਂ ਭੁੱਖੇ ਬਘਿਆੜ ਹੁੰਦੇ ਹਨ।+ 16 ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਫਲਾਂ* ਤੋਂ ਪਛਾਣੋਗੇ। ਕੀ ਲੋਕ ਕਦੇ ਕੰਡਿਆਲ਼ੀਆਂ ਝਾੜੀਆਂ ਤੋਂ ਅੰਜੀਰਾਂ ਜਾਂ ਅੰਗੂਰ ਤੋੜਦੇ ਹਨ?+ 17 ਹਰ ਚੰਗਾ ਦਰਖ਼ਤ ਚੰਗਾ ਫਲ ਦਿੰਦਾ ਹੈ ਤੇ ਮਾੜਾ ਦਰਖ਼ਤ ਮਾੜਾ ਫਲ ਦਿੰਦਾ ਹੈ।+ 18 ਚੰਗਾ ਦਰਖ਼ਤ ਮਾੜਾ ਫਲ ਨਹੀਂ ਦੇ ਸਕਦਾ ਅਤੇ ਨਾ ਹੀ ਮਾੜਾ ਦਰਖ਼ਤ ਚੰਗਾ ਫਲ ਦੇ ਸਕਦਾ ਹੈ।+ 19 ਚੰਗਾ ਫਲ ਨਾ ਦੇਣ ਵਾਲੇ ਹਰ ਦਰਖ਼ਤ ਨੂੰ ਵੱਢ ਕੇ ਅੱਗ ਵਿਚ ਸੁੱਟ ਦਿੱਤਾ ਜਾਂਦਾ ਹੈ।+ 20 ਤੁਸੀਂ ਉਨ੍ਹਾਂ ਆਦਮੀਆਂ ਨੂੰ ਉਨ੍ਹਾਂ ਦੇ ਫਲਾਂ ਤੋਂ ਹੀ ਪਛਾਣੋਗੇ।+
21 “ਹਰ ਕੋਈ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿਚ ਨਹੀਂ ਜਾਵੇਗਾ, ਸਗੋਂ ਉਹੀ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ।+ 22 ਉਸ ਦਿਨ ਬਹੁਤ ਸਾਰੇ ਲੋਕ ਮੈਨੂੰ ਕਹਿਣਗੇ: ‘ਪ੍ਰਭੂ, ਪ੍ਰਭੂ,+ ਕੀ ਅਸੀਂ ਤੇਰਾ ਨਾਂ ਲੈ ਕੇ ਭਵਿੱਖਬਾਣੀਆਂ ਨਹੀਂ ਕੀਤੀਆਂ ਤੇ ਤੇਰਾ ਨਾਂ ਲੈ ਕੇ ਲੋਕਾਂ ਵਿੱਚੋਂ ਦੁਸ਼ਟ ਦੂਤਾਂ ਨੂੰ ਨਹੀਂ ਕੱਢਿਆ ਤੇ ਤੇਰਾ ਨਾਂ ਲੈ ਕੇ ਕਈ ਕਰਾਮਾਤਾਂ ਨਹੀਂ ਕੀਤੀਆਂ?’+ 23 ਉਦੋਂ ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਕਹਾਂਗਾ: ‘ਮੈਂ ਤੁਹਾਨੂੰ ਨਹੀਂ ਜਾਣਦਾ! ਓਏ ਬੁਰੇ ਕੰਮ ਕਰਨ ਵਾਲਿਓ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ!’+
24 “ਇਸ ਲਈ ਜਿਹੜਾ ਵੀ ਮੇਰੀਆਂ ਇਨ੍ਹਾਂ ਸਿੱਖਿਆਵਾਂ ਨੂੰ ਸੁਣਦਾ ਅਤੇ ਇਨ੍ਹਾਂ ʼਤੇ ਚੱਲਦਾ ਹੈ, ਉਹ ਉਸ ਸਮਝਦਾਰ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਚਟਾਨ ʼਤੇ ਬਣਾਇਆ।+ 25 ਅਤੇ ਮੀਂਹ ਪਿਆ, ਹੜ੍ਹ ਆਏ ਤੇ ਹਨੇਰੀਆਂ ਵਗੀਆਂ, ਪਰ ਇਨ੍ਹਾਂ ਦੇ ਜ਼ੋਰ ਨਾਲ ਘਰ ਨਾ ਡਿਗਿਆ ਕਿਉਂਕਿ ਇਸ ਦੀ ਨੀਂਹ ਚਟਾਨ ʼਤੇ ਰੱਖੀ ਗਈ ਸੀ। 26 ਨਾਲੇ ਹਰ ਕੋਈ ਜੋ ਮੇਰੀਆਂ ਇਨ੍ਹਾਂ ਸਿੱਖਿਆਵਾਂ ਨੂੰ ਸੁਣਦਾ ਹੈ, ਪਰ ਇਨ੍ਹਾਂ ʼਤੇ ਨਹੀਂ ਚੱਲਦਾ, ਉਹ ਉਸ ਮੂਰਖ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਰੇਤ ʼਤੇ ਬਣਾਇਆ।+ 27 ਅਤੇ ਮੀਂਹ ਪਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਇਨ੍ਹਾਂ ਦੀ ਜ਼ੋਰਦਾਰ ਮਾਰ ਘਰ ʼਤੇ ਪਈ+ ਜਿਸ ਨਾਲ ਇਹ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ।”
28 ਜਦ ਯਿਸੂ ਸਿੱਖਿਆ ਦੇ ਹਟਿਆ, ਤਾਂ ਲੋਕਾਂ ਦੀ ਭੀੜ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਈ+ 29 ਕਿਉਂਕਿ ਉਹ ਉਨ੍ਹਾਂ ਦੇ ਗ੍ਰੰਥੀਆਂ ਵਾਂਗ ਨਹੀਂ, ਸਗੋਂ ਪੂਰਾ ਅਧਿਕਾਰ ਰੱਖਣ ਵਾਲੇ ਵਾਂਗ ਉਨ੍ਹਾਂ ਨੂੰ ਸਿੱਖਿਆ ਦਿੰਦਾ ਸੀ।+