ਦੂਜਾ ਸਮੂਏਲ
12 ਇਸ ਲਈ ਯਹੋਵਾਹ ਨੇ ਨਾਥਾਨ+ ਨੂੰ ਦਾਊਦ ਕੋਲ ਭੇਜਿਆ। ਉਹ ਉਸ ਕੋਲ ਆਇਆ+ ਤੇ ਕਹਿਣ ਲੱਗਾ: “ਇਕ ਸ਼ਹਿਰ ਵਿਚ ਦੋ ਆਦਮੀ ਸਨ, ਇਕ ਅਮੀਰ ਸੀ ਤੇ ਇਕ ਗ਼ਰੀਬ। 2 ਅਮੀਰ ਆਦਮੀ ਕੋਲ ਬਹੁਤ ਸਾਰੀਆਂ ਭੇਡਾਂ ਅਤੇ ਹੋਰ ਕਈ ਪਸ਼ੂ ਸਨ;+ 3 ਪਰ ਗ਼ਰੀਬ ਆਦਮੀ ਕੋਲ ਇਕ ਛੋਟੀ ਜਿਹੀ ਲੇਲੀ ਤੋਂ ਸਿਵਾਇ ਹੋਰ ਕੁਝ ਨਹੀਂ ਸੀ। ਇਹ ਲੇਲੀ ਉਸ ਨੇ ਖ਼ਰੀਦੀ ਸੀ।+ ਉਹ ਉਸ ਦੀ ਦੇਖ-ਭਾਲ ਕਰਦਾ ਸੀ ਅਤੇ ਉਹ ਉਸ ਨਾਲ ਅਤੇ ਉਸ ਦੇ ਪੁੱਤਰਾਂ ਨਾਲ ਵੱਡੀ ਹੁੰਦੀ ਗਈ। ਉਸ ਆਦਮੀ ਕੋਲ ਜੋ ਥੋੜ੍ਹਾ-ਬਹੁਤਾ ਖਾਣਾ ਹੁੰਦਾ ਸੀ, ਉਹ ਉਸੇ ਵਿੱਚੋਂ ਖਾਂਦੀ ਸੀ ਅਤੇ ਉਸ ਦੇ ਪਿਆਲੇ ਵਿੱਚੋਂ ਪੀਂਦੀ ਸੀ ਅਤੇ ਉਸ ਦੀਆਂ ਬਾਹਾਂ ਵਿਚ ਸੌਂਦੀ ਸੀ। ਉਹ ਉਸ ਲਈ ਧੀ ਵਾਂਗ ਸੀ। 4 ਫਿਰ ਇਕ ਦਿਨ ਇਕ ਮਹਿਮਾਨ ਉਸ ਅਮੀਰ ਆਦਮੀ ਕੋਲ ਆਇਆ, ਪਰ ਉਸ ਨੇ ਉਸ ਮੁਸਾਫ਼ਰ ਵਾਸਤੇ ਖਾਣਾ ਤਿਆਰ ਕਰਨ ਲਈ ਆਪਣੀ ਕੋਈ ਭੇਡ ਜਾਂ ਪਸ਼ੂ ਨਹੀਂ ਲਿਆ, ਸਗੋਂ ਉਸ ਨੇ ਉਸ ਗ਼ਰੀਬ ਆਦਮੀ ਦੀ ਲੇਲੀ ਲਈ ਅਤੇ ਉਸ ਮਹਿਮਾਨ ਲਈ ਪਕਾਈ।”+
5 ਇਹ ਸੁਣ ਕੇ ਦਾਊਦ ਨੂੰ ਉਸ ਆਦਮੀ ʼਤੇ ਬਹੁਤ ਗੁੱਸਾ ਆਇਆ ਅਤੇ ਉਸ ਨੇ ਨਾਥਾਨ ਨੂੰ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ,+ ਜਿਸ ਆਦਮੀ ਨੇ ਇਹ ਕੀਤਾ ਹੈ, ਉਹ ਮੌਤ ਦੀ ਸਜ਼ਾ ਦੇ ਲਾਇਕ ਹੈ! 6 ਉਹ ਲੇਲੀ ਦੀ ਚਾਰ ਗੁਣਾ ਕੀਮਤ ਚੁਕਾਵੇ+ ਕਿਉਂਕਿ ਉਸ ਨੇ ਇਹ ਭੈੜਾ ਕੰਮ ਕੀਤਾ ਅਤੇ ਜ਼ਰਾ ਵੀ ਤਰਸ ਨਾ ਖਾਧਾ।”
7 ਫਿਰ ਨਾਥਾਨ ਨੇ ਦਾਊਦ ਨੂੰ ਕਿਹਾ: “ਉਹ ਆਦਮੀ ਤੂੰ ਹੀ ਹੈਂ! ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਮੈਂ ਹੀ ਤੈਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕੀਤਾ ਸੀ+ ਅਤੇ ਮੈਂ ਹੀ ਤੈਨੂੰ ਸ਼ਾਊਲ ਦੇ ਹੱਥੋਂ ਬਚਾਇਆ ਸੀ।+ 8 ਮੈਂ ਤੇਰੇ ਮਾਲਕ ਦਾ ਸਭ ਕੁਝ ਤੈਨੂੰ ਦੇਣ+ ਅਤੇ ਤੇਰੇ ਮਾਲਕ ਦੀਆਂ ਪਤਨੀਆਂ+ ਨੂੰ ਤੇਰੀਆਂ ਬਾਹਾਂ ਵਿਚ ਦੇਣ ਲਈ ਤਿਆਰ ਸੀ ਅਤੇ ਮੈਂ ਇਜ਼ਰਾਈਲ ਅਤੇ ਯਹੂਦਾਹ ਦਾ ਘਰਾਣਾ ਤੈਨੂੰ ਦਿੱਤਾ।+ ਜੇ ਇਹ ਵੀ ਕਾਫ਼ੀ ਨਹੀਂ ਸੀ, ਤਾਂ ਮੈਂ ਤੇਰੀ ਖ਼ਾਤਰ ਹੋਰ ਵੀ ਬਹੁਤ ਕੁਝ ਕਰਨ ਲਈ ਤਿਆਰ ਸੀ।+ 9 ਤਾਂ ਫਿਰ, ਤੂੰ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਕੰਮ ਕਰ ਕੇ ਉਸ ਦੇ ਬਚਨ ਨੂੰ ਤੁੱਛ ਕਿਉਂ ਸਮਝਿਆ? ਤੂੰ ਹਿੱਤੀ ਊਰੀਯਾਹ ਨੂੰ ਤਲਵਾਰ ਨਾਲ ਵੱਢ ਸੁੱਟਿਆ!+ ਤੂੰ ਅੰਮੋਨੀਆਂ ਦੀ ਤਲਵਾਰ ਨਾਲ ਉਸ ਨੂੰ ਕਤਲ ਕਰਾਉਣ ਤੋਂ ਬਾਅਦ+ ਉਸ ਦੀ ਪਤਨੀ ਨੂੰ ਆਪਣੀ ਪਤਨੀ ਬਣਾ ਲਿਆ।+ 10 ਹੁਣ ਤੇਰੇ ਆਪਣੇ ਘਰ ਤੋਂ ਕਦੇ ਤਲਵਾਰ ਨਹੀਂ ਹਟੇਗੀ+ ਕਿਉਂਕਿ ਤੂੰ ਹਿੱਤੀ ਊਰੀਯਾਹ ਦੀ ਪਤਨੀ ਨੂੰ ਆਪਣੀ ਪਤਨੀ ਬਣਾਇਆ ਤੇ ਇਸ ਤਰ੍ਹਾਂ ਕਰ ਕੇ ਮੈਨੂੰ ਤੁੱਛ ਸਮਝਿਆ।’ 11 ਯਹੋਵਾਹ ਇਹ ਕਹਿੰਦਾ ਹੈ: ‘ਮੈਂ ਤੇਰੇ ਹੀ ਘਰੋਂ ਤੇਰੇ ʼਤੇ ਬਿਪਤਾ ਲਿਆਵਾਂਗਾ;+ ਅਤੇ ਮੈਂ ਤੇਰੀਆਂ ਨਜ਼ਰਾਂ ਸਾਮ੍ਹਣੇ ਤੇਰੀਆਂ ਪਤਨੀਆਂ ਨੂੰ ਲੈ ਕੇ ਕਿਸੇ ਦੂਜੇ ਆਦਮੀ* ਨੂੰ ਦੇ ਦਿਆਂਗਾ+ ਅਤੇ ਉਹ ਦਿਨ-ਦਿਹਾੜੇ ਤੇਰੀਆਂ ਪਤਨੀਆਂ ਨਾਲ ਸੰਬੰਧ ਬਣਾਵੇਗਾ।+ 12 ਤੂੰ ਇਹ ਕੰਮ ਚੋਰੀ-ਛਿਪੇ ਕੀਤਾ,+ ਪਰ ਮੈਂ ਸਾਰੇ ਇਜ਼ਰਾਈਲ ਦੇ ਸਾਮ੍ਹਣੇ ਅਤੇ ਦਿਨ-ਦਿਹਾੜੇ* ਇਹ ਕਰਾਂਗਾ।’”
13 ਫਿਰ ਦਾਊਦ ਨੇ ਨਾਥਾਨ ਨੂੰ ਕਿਹਾ: “ਮੈਂ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ।”+ ਨਾਥਾਨ ਨੇ ਦਾਊਦ ਨੂੰ ਕਿਹਾ: “ਯਹੋਵਾਹ ਨੇ ਤੇਰਾ ਪਾਪ ਮਾਫ਼ ਕਰ ਦਿੱਤਾ ਹੈ।+ ਤੂੰ ਨਹੀਂ ਮਰੇਂਗਾ।+ 14 ਪਰ ਤੇਰਾ ਉਹ ਪੁੱਤਰ ਜ਼ਰੂਰ ਮਰ ਜਾਵੇਗਾ ਜੋ ਹੁਣੇ-ਹੁਣੇ ਪੈਦਾ ਹੋਇਆ ਹੈ ਕਿਉਂਕਿ ਇਸ ਮਾਮਲੇ ਵਿਚ ਤੂੰ ਯਹੋਵਾਹ ਦਾ ਘੋਰ ਅਪਮਾਨ ਕੀਤਾ ਹੈ।”
15 ਫਿਰ ਨਾਥਾਨ ਆਪਣੇ ਘਰ ਚਲਾ ਗਿਆ।
ਅਤੇ ਊਰੀਯਾਹ ਦੀ ਪਤਨੀ ਤੋਂ ਪੈਦਾ ਹੋਏ ਦਾਊਦ ਦੇ ਬੱਚੇ ʼਤੇ ਯਹੋਵਾਹ ਦੀ ਮਾਰ ਪਈ ਜਿਸ ਕਰਕੇ ਉਹ ਬੀਮਾਰ ਹੋ ਗਿਆ। 16 ਦਾਊਦ ਨੇ ਮੁੰਡੇ ਖ਼ਾਤਰ ਸੱਚੇ ਪਰਮੇਸ਼ੁਰ ਅੱਗੇ ਤਰਲੇ ਕੀਤੇ। ਦਾਊਦ ਨੇ ਵਰਤ ਰੱਖਿਆ ਅਤੇ ਉਹ ਰਾਤ ਨੂੰ ਅੰਦਰ ਜਾ ਕੇ ਜ਼ਮੀਨ ʼਤੇ ਪਿਆ ਰਹਿੰਦਾ ਸੀ।+ 17 ਇਸ ਲਈ ਉਸ ਦੇ ਘਰਾਣੇ ਦੇ ਬਜ਼ੁਰਗ ਉਸ ਕੋਲ ਆਏ ਅਤੇ ਉਸ ਨੂੰ ਜ਼ਮੀਨ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨਿਆ ਅਤੇ ਨਾ ਹੀ ਉਹ ਉਨ੍ਹਾਂ ਨਾਲ ਕੁਝ ਖਾਂਦਾ ਸੀ। 18 ਸੱਤਵੇਂ ਦਿਨ ਬੱਚਾ ਮਰ ਗਿਆ, ਪਰ ਦਾਊਦ ਦੇ ਸੇਵਕ ਉਸ ਨੂੰ ਬੱਚੇ ਦੀ ਮੌਤ ਬਾਰੇ ਦੱਸਣ ਤੋਂ ਡਰਦੇ ਸਨ। ਉਨ੍ਹਾਂ ਨੇ ਕਿਹਾ: “ਜਦੋਂ ਅਸੀਂ ਬੱਚੇ ਦੇ ਜੀਉਂਦੇ-ਜੀ ਉਸ ਨਾਲ ਗੱਲ ਕੀਤੀ ਸੀ, ਤਾਂ ਉਸ ਨੇ ਸਾਡੀ ਗੱਲ ਨਹੀਂ ਸੁਣੀ। ਤਾਂ ਫਿਰ, ਹੁਣ ਅਸੀਂ ਉਸ ਨੂੰ ਕਿਵੇਂ ਦੱਸੀਏ ਕਿ ਬੱਚਾ ਮਰ ਗਿਆ ਹੈ? ਕਿਤੇ ਉਹ ਕੁਝ ਕਰ ਨਾ ਬੈਠੇ।”
19 ਜਦੋਂ ਦਾਊਦ ਨੇ ਆਪਣੇ ਸੇਵਕਾਂ ਨੂੰ ਆਪਸ ਵਿਚ ਘੁਸਰ-ਮੁਸਰ ਕਰਦੇ ਦੇਖਿਆ, ਤਾਂ ਉਹ ਸਮਝ ਗਿਆ ਕਿ ਬੱਚਾ ਮਰ ਗਿਆ ਸੀ। ਦਾਊਦ ਨੇ ਆਪਣੇ ਸੇਵਕਾਂ ਨੂੰ ਪੁੱਛਿਆ: “ਕੀ ਬੱਚਾ ਮਰ ਗਿਆ ਹੈ?” ਉਨ੍ਹਾਂ ਨੇ ਜਵਾਬ ਦਿੱਤਾ: “ਹਾਂ, ਉਹ ਮਰ ਗਿਆ ਹੈ।” 20 ਫਿਰ ਦਾਊਦ ਜ਼ਮੀਨ ਤੋਂ ਉੱਠਿਆ। ਉਸ ਨੇ ਨਹਾ ਕੇ ਆਪਣੇ ਸਰੀਰ ʼਤੇ ਤੇਲ ਮਲ਼ਿਆ,+ ਆਪਣੇ ਕੱਪੜੇ ਬਦਲੇ ਅਤੇ ਯਹੋਵਾਹ ਦੇ ਭਵਨ+ ਜਾ ਕੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਆਪਣੇ ਘਰ* ਗਿਆ ਤੇ ਆਪਣੇ ਲਈ ਖਾਣਾ ਮੰਗਵਾਇਆ ਅਤੇ ਉਸ ਨੇ ਖਾਧਾ। 21 ਉਸ ਦੇ ਸੇਵਕਾਂ ਨੇ ਉਸ ਨੂੰ ਪੁੱਛਿਆ: “ਤੂੰ ਇਸ ਤਰ੍ਹਾਂ ਕਿਉਂ ਕੀਤਾ? ਜਦੋਂ ਬੱਚਾ ਜੀਉਂਦਾ ਸੀ, ਤਾਂ ਤੂੰ ਵਰਤ ਰੱਖਿਆ ਅਤੇ ਰੋਂਦਾ ਰਿਹਾ; ਪਰ ਬੱਚੇ ਦੇ ਮਰਦੇ ਸਾਰ ਤੂੰ ਉੱਠਿਆ ਅਤੇ ਖਾਣਾ ਖਾਧਾ।” 22 ਉਸ ਨੇ ਜਵਾਬ ਦਿੱਤਾ: “ਜਦੋਂ ਬੱਚਾ ਜੀਉਂਦਾ ਸੀ, ਤਾਂ ਮੈਂ ਵਰਤ ਰੱਖਿਆ+ ਅਤੇ ਰੋਂਦਾ ਰਿਹਾ ਕਿਉਂਕਿ ਮੈਂ ਮਨ ਵਿਚ ਸੋਚਿਆ, ‘ਕੀ ਪਤਾ ਯਹੋਵਾਹ ਮੇਰੇ ʼਤੇ ਮਿਹਰ ਕਰੇ ਅਤੇ ਬੱਚੇ ਨੂੰ ਜੀਉਂਦਾ ਰੱਖੇ?’+ 23 ਹੁਣ ਜਦ ਉਹ ਮਰ ਗਿਆ ਹੈ, ਤਾਂ ਮੈਂ ਵਰਤ ਕਿਉਂ ਰੱਖਾਂ? ਕੀ ਮੈਂ ਉਸ ਨੂੰ ਵਾਪਸ ਲਿਆ ਸਕਦਾ ਹਾਂ?+ ਉਹ ਮੇਰੇ ਕੋਲ ਵਾਪਸ ਨਹੀਂ ਆਵੇਗਾ,+ ਸਗੋਂ ਮੈਂ ਉਸ ਕੋਲ ਜਾਵਾਂਗਾ।”+
24 ਫਿਰ ਦਾਊਦ ਨੇ ਆਪਣੀ ਪਤਨੀ ਬਥ-ਸ਼ਬਾ+ ਨੂੰ ਦਿਲਾਸਾ ਦਿੱਤਾ। ਇਸ ਤੋਂ ਬਾਅਦ ਉਹ ਉਸ ਕੋਲ ਗਿਆ ਅਤੇ ਉਸ ਨਾਲ ਸੰਬੰਧ ਬਣਾਏ। ਸਮਾਂ ਆਉਣ ਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਸੁਲੇਮਾਨ* ਰੱਖਿਆ ਗਿਆ।+ ਯਹੋਵਾਹ ਉਸ ਨੂੰ ਬਹੁਤ ਪਿਆਰ ਕਰਦਾ ਸੀ+ 25 ਅਤੇ ਉਸ ਨੇ ਨਾਥਾਨ ਨਬੀ ਰਾਹੀਂ ਸੰਦੇਸ਼ ਭੇਜਿਆ+ ਕਿ ਯਹੋਵਾਹ ਦੀ ਖ਼ਾਤਰ ਉਸ ਦਾ ਨਾਂ ਯਦੀਦਯਾਹ* ਰੱਖਿਆ ਜਾਵੇ।
26 ਯੋਆਬ ਅੰਮੋਨੀਆਂ+ ਦੇ ਰੱਬਾਹ+ ਵਿਰੁੱਧ ਲੜਦਾ ਰਿਹਾ ਅਤੇ ਉਸ ਨੇ ਸ਼ਾਹੀ ਸ਼ਹਿਰ* ʼਤੇ ਕਬਜ਼ਾ ਕਰ ਲਿਆ।+ 27 ਇਸ ਲਈ ਯੋਆਬ ਨੇ ਸੰਦੇਸ਼ ਦੇਣ ਵਾਲਿਆਂ ਨੂੰ ਦਾਊਦ ਕੋਲ ਇਹ ਕਹਿਣ ਲਈ ਭੇਜਿਆ: “ਮੈਂ ਰੱਬਾਹ ਨਾਲ ਲੜਾਈ ਕੀਤੀ ਹੈ+ ਅਤੇ ਮੈਂ ਪਾਣੀਆਂ ਦੇ ਸ਼ਹਿਰ* ਉੱਤੇ ਕਬਜ਼ਾ ਕਰ ਲਿਆ ਹੈ। 28 ਹੁਣ ਬਾਕੀ ਫ਼ੌਜੀਆਂ ਨੂੰ ਇਕੱਠਾ ਕਰ ਅਤੇ ਸ਼ਹਿਰ ਦੇ ਖ਼ਿਲਾਫ਼ ਡੇਰਾ ਲਾ ਕੇ ਉਸ ʼਤੇ ਕਬਜ਼ਾ ਕਰ ਲੈ। ਮੈਂ ਨਹੀਂ ਚਾਹੁੰਦਾ ਕਿ ਮੈਂ ਸ਼ਹਿਰ ʼਤੇ ਜਿੱਤ ਹਾਸਲ ਕਰਾਂ ਤੇ ਇਸ ਦਾ ਸਿਹਰਾ ਮੈਨੂੰ ਦਿੱਤਾ ਜਾਵੇ।”*
29 ਇਸ ਲਈ ਦਾਊਦ ਨੇ ਸਾਰੇ ਫ਼ੌਜੀਆਂ ਨੂੰ ਇਕੱਠਾ ਕੀਤਾ ਅਤੇ ਰੱਬਾਹ ਜਾ ਕੇ ਲੜਾਈ ਕੀਤੀ ਅਤੇ ਉਸ ਨੂੰ ਜਿੱਤ ਲਿਆ। 30 ਫਿਰ ਉਸ ਨੇ ਮਲਕਾਮ ਦੇ ਸਿਰ ਤੋਂ ਮੁਕਟ ਲਾਹ ਲਿਆ। ਇਸ ਦਾ ਭਾਰ ਸੋਨੇ ਦਾ ਇਕ ਕਿੱਕਾਰ* ਸੀ ਅਤੇ ਇਸ ਉੱਤੇ ਕੀਮਤੀ ਪੱਥਰ ਜੜੇ ਹੋਏ ਸਨ ਅਤੇ ਇਸ ਨੂੰ ਦਾਊਦ ਦੇ ਸਿਰ ʼਤੇ ਰੱਖਿਆ ਗਿਆ। ਉਸ ਨੇ ਸ਼ਹਿਰ ਵਿੱਚੋਂ ਬਹੁਤ ਸਾਰਾ ਲੁੱਟ ਦਾ ਮਾਲ ਵੀ ਲਿਆਂਦਾ।+ 31 ਉਹ ਸ਼ਹਿਰ ਵਿੱਚੋਂ ਲੋਕਾਂ ਨੂੰ ਲਿਆਇਆ ਅਤੇ ਉਨ੍ਹਾਂ ਨੂੰ ਪੱਥਰ ਕੱਟਣ ਦਾ ਕੰਮ ਕਰਨ, ਲੋਹੇ ਦੇ ਤੇਜ਼ ਔਜ਼ਾਰਾਂ ਅਤੇ ਲੋਹੇ ਦੇ ਕੁਹਾੜਿਆਂ ਨਾਲ ਕੰਮ ਕਰਨ ਅਤੇ ਇੱਟਾਂ ਬਣਾਉਣ ਲਾਇਆ। ਉਸ ਨੇ ਅੰਮੋਨੀਆਂ ਦੇ ਸਾਰੇ ਸ਼ਹਿਰਾਂ ਨਾਲ ਇਸੇ ਤਰ੍ਹਾਂ ਕੀਤਾ। ਅਖ਼ੀਰ ਦਾਊਦ ਅਤੇ ਸਾਰੇ ਫ਼ੌਜੀ ਯਰੂਸ਼ਲਮ ਵਾਪਸ ਆ ਗਏ।